25.5 C
Jalandhar
Monday, April 6, 2026
spot_img
Home Blog Page 218

ਮਾਪਿਆ ਦਾ ਸਤਿਕਾਰ

0

ਮਾਪਿਆ ਦਾ ਸਤਿਕਾਰ

ਪਾਠ, ਪੂਜਾ, ਨੇਕੀ, ਸੇਵਾ, ਨਾਮ, ਸਿਮਰਨ, ਅਨੇਕ ਪਦਾਰਥਾਂ ਦਾ ਭਾਵੇਂ ਦਾਨ ਕਰ ਲਓ।

ਜਾਓ ਮੰਦਿਰ, ਮਸੀਤ ਜਾਂ ਗੁਰਦੁਆਰੇ, ਸਾਰੇ ਤੀਰਥਾਂ ਦਾ ਭਾਵੇਂ ਇਸ਼ਨਾਨ ਕਰ ਲਓ।

ਭਾਵੇਂ ਵਾਹਿਗੁਰੂ, ਅੱਲ੍ਹਾ ਜਾਂ ਰਾਮ ਸਿਮਰੋ, ਜਿੰਨਾ ਮਰਜ਼ੀ ਕਿਸੇ ਦਾ ਧਿਆਨ ਧਰ ਲਓ।

ਪੜ੍ਹੋ ਬਾਣੀ, ਰਮਾਇਣ ਜਾਂ ਕੁਰਾਨ, ਗੀਤਾ, ਪੜ੍ਹ-ਪੜ੍ਹ ਕੇ ਇਕੱਠਾ ਗਿਆਨ ਕਰ ਲਓ।

‘ਸਨੇਹੀ’ ਭੰਗ ਦੇ ਭਾਣੇ ਸਭ ਕੁਝ ਜਾਣੈ, ਜੇਕਰ ਮਨ ਵਿੱਚ ਭਰਿਆ ਹੰਕਾਰ ਹੋਵੇ।

ਓਸ ਘਰ ਦਾ ਹੋਵੇ ਰੱਬ ਰਾਖਾ, ਜਿੱਥੇ ਮਾਪਿਆਂ ਦਾ ਨਾ ਕੋਈ ਸਤਿਕਾਰ ਹੋਵੇ।

ਬਲਵੰਤ ਸਿੰਘ ‘ਸਨੇਹੀ’ (ਜਲੰਧਰ)-92561-04826

ਦਲਾਲਾਂ ਦਾ ਰੱਬ… ?

0

ਦਲਾਲਾਂ ਦਾ ਰੱਬ… ?

-: ਗੁਰਦੇਵ ਸਿੰਘ ਸੱਧੇਵਾਲੀਆ

ਸ਼ਕਤੀਆਂ ਕੰਮ ਕਰਦੀਆਂ ਹਨ। ਕਰ ਰਹੀਆਂ ਹਨ। ਇਨ੍ਹਾਂ ਤੋਂ ਲਾਭ ਲੈਣ ਲਈ ਹੁਣ ਤੁਸੀਂ ਦੋ ਮਿੰਟ ਲਈ ਅੱਖਾਂ ਬੰਦ ਕਰੋ ਅਤੇ ਜੋ ਜੋ ਕਾਮਨਾ ਹੋਵੇ ਉਸ ਦਾ ਧਿਆਨ ਧਰੋ।….. ਚਲੋ ਹੁਣ ਅੱਖਾਂ ਖ੍ਹੋਲ ਲਵੋ ਤੇ ਨਾਲ ਹੀ ਆਪਣੇ-ਆਪਣੇ ਪਰਸ ਅਤੇ ਬਟੂਏ ਵੀ ਖ੍ਹੋਲ ਲਵੋ।

ਸ਼ੋਅ ਚਲ ਰਿਹਾ ਸੀ ‘ਨਿਰਮਲ ਬਾਬਾ ਦੀ ਤੀਜੀ ਅੱਖ’। ਲੁਕਾਈ ਨੇ ਆਪਣੇ ਪਰਸ-ਬਟੂਏ ਇੰਝ ਖ੍ਹੋਲੇ ਹੋਏ ਸਨ ਜਿਵੇਂ ਦਿਵਾਲੀ ਸਮੇਂ ਦਰਵਾਜ਼ੇ, ਕਿ ਮਤੇ ਲੱਛਮੀ ਕਿਸੇ ਹੋਰ ਦੇ ਨਾ ਜਾ ਵੜੇ। ਹੈਰਾਨੀ ਦੀ ਗੱਲ ਸੀ ਕਿ ਇਕ ਨੌਜਵਾਨ ਲੜਕੀ ਕੋਲੇ ਪਰਸ ਆਦਿ ਨਹੀਂ ਸੀ, ਪਰ ਉਸ ਨੇ ਆਪਣੀ ਜ਼ੀਨ ਦੀ ਪਾਈ ਹੋਈ ਪੈਂਟ ਦੀ ਜ੍ਹੇਬ ਨੂੰ ਚੌੜਿਆਂ ਕੀਤਾ ਹੋਇਆ ਸੀ ਕਿ ‘ਨਿਰਮਲ ਬਾਬੇ’ ਦੀ ਛੱਡੀ ਹੋਈ ਸ਼ਕਤੀ ਕਿਤੇ ਮੇਰੀ ਜ੍ਹੇਬ ਵਿਚ ਵੜਨੋ ਨਾ ਰਹਿ ਜਾਏ। ਉਸ ਦੀ ਹਾਲਤ ਬੜੀ ਹਾਸੋਹੀਣੀ ਜਾਪ ਰਹੀ ਸੀ। ਉਹ ਕੁਰਸੀ ਤੋਂ ਟੇਢੀ ਹੋ ਕੇ ਆਪਣੀ ਤੰਗ ਪੈਂਟ ਦੀ ਜ੍ਹੇਬ ਨੂੰ ਖੁਲ੍ਹਿਆਂ ਰੱਖਣ ਦੀ ਕੋਸ਼ਿਸ਼ ਕਰਦੀ ਇੰਝ ਲੱਗ ਰਹੀ ਸੀ ਜਿਵੇਂ ਉਠਣ ਦੇ ਡਰੋਂ ਊਠ ਦਾ ਇਕ ਗੋਡਾ ਬੰਨ ਦਿੱਤਾ ਹੋਵੇ ਪਰ ਉਹ ਉੱਠਣ ਲਈ ਰਾਟ ਪਾ ਰਿਹਾ ਹੋਵੇ।

ਭੇਡ ਕਿਉਂ ਭੇਡ ਹੈ ? ਉਹ ਆਪਣੀ ਦੇਹ ਕਰਕੇ ਲਾਈ ਲੱਗ ਨਹੀਂ, ਸੁਭਾਅ ਕਰਕੇ ਹੈ। ਬਗਿਆੜ ਵੀ ਤਾਂ ਭੇਡ ਕੁ ਜਿੰਨਾ ਹੀ ਹੁੰਦਾ ਹੈ, ਛੋਟਾ ਭਾਵੇਂ ਹੋਵੇ। ਪਰ ਉਸ ਵਿਚ ਤੇ ਭੇਡ ਵਿਚ ਕੀ ਫ਼ਰਕ ਹੈ। ਮੈਂਹਾ (ਭੈਂਸਾ), ਸ਼ੇਰ ਨਾਲੋਂ ਕਿਤੇ ਵੱਡਾ ਹੁੰਦਾ ਹੈ ਪਰ ਵੱਗਾਂ ਦੇ ਵੱਗ ਸ਼ੇਰ ਮੂਹਰੇ ਦੌੜਦੇ ਹਨ, ਕਿਉਂ ? ਕਿਉਂਕਿ ਉਹ ਜ਼ੋਰ ਕਰਕੇ ਨਹੀਂ ਬਲਕਿ ਮਾਨਸਿਕਤਾ ਕਰਕੇ ਕਮਜ਼ੋਰ ਹਨ। ‘ਨਿਰਮਲ ਬਾਬਾ’ ਜਾਂ ਹੋਰ ਕੋਈ ਵੀ ‘ਸਾਧ’ ਇਸ ਕਰਕੇ ਮਹਾਨ ਨਹੀਂ ਹਨ ਕਿ ਉਨ੍ਹਾਂ ਵਿਚ ਦੂਜਿਆਂ ਨਾਲੋਂ ਕੋਈ ਅਲਹਿਦਾ, ਗੱਲ ਹੈ ਬਲਕਿ ਲੁਕਾਈ ਦੀ ਮਾਨਸਿਕਤਾ ਹੀ ਇੰਨੀ ਕਮਜ਼ੋਰ ਹੈ ਕਿ ਜਿਹੜਾ ਮਰਜੀ ਇਸ ਨੂੰ ਭੇਡ ਵਾਂਗ ਹੱਕ ਲੈਂਦਾ ਹੈ।

ਮੂਰਖਾਂ ਦੀ ਇਕ ਆਪਣੀ ਦੁਨੀਆਂ ਹੁੰਦੀ ਹੈ। ਆਪਣੀ ਹੀ ਵਸਾਈ ਹੋਈ ਉਸ ਦੁਨੀਆਂ ਵਿਚ ਉਹ ਕਿਸੇ ਨੂੰ ਘੁੱਸਪੈਠ ਨਹੀਂ ਕਰਨ ਦਿੰਦੇ। ਜਿਹੜਾ ਕੋਈ ਥੋੜੀ ਜਿਹੀ ‘ਗੁਸਤਾਖੀ’ ਕਰੇ ਤਾਂ ਉਹ ਉਸ ਨੂੰ ਨਾਸਤਿਕ ਕਹਿ ਕੇ ਆਪਣੀ ਦੁਨੀਆਂ ਵਿਚੋਂ ਧੱਕੇ ਮਾਰ ਮਾਰ ਬਾਹਰ ਸੁੱਟ ਦਿੰਦੇ ਹਨ। ਹਿੰਦੂ ਧਰਮ ਦੀਆਂ ਸਾਰੀਆਂ ‘ਬਰਕਤਾਂ’ ਸਿੱਖ ਧਰਮ ਵਿੱਚ ਆ ਗਈਆਂ ਹਨ। ਇਸ ਨੂੰ ਲਿਆਉਣ ਵਾਲੇ ਰੱਬ ਦੇ ਦਲਾਲ, ਇਸ ਧਰਮ ਵਿੱਚ ਵੀ ਧਾੜਾਂ ਦੀਆਂ ਧਾੜਾਂ ਪੈਦਾ ਹੋ ਗਏ ਹਨ ਜਿਹਨਾਂ ਦੇ ਗੁਰੂ ਨਾਨਕ ਪਾਤਸ਼ਾਹ ਨੇ ਹੱਥ ਵੱਡ ਦਿੱਤੇ ਸਨ।

ਦਲਾਲ ਨੇ ਉਹ ਚੀਜ਼ ਮਾਰਕਿਟ ਵਿਚ ਸੁੱਟਣੀ ਹੁੰਦੀ ਹੈ, ਜਿਹੜੀ ਸਸਤੀ ਹੋਵੇ। ਤੇ ਜਿਹੜਾ ਰੱਬ ਨੂੰ ਇਹ ਦਲਾਲ ਪੇਸ਼ ਕਰ ਰਹੇ ਨੇ ਲੁਕਾਈ ਅੱਗੇ, ਉਹ ਇੰਨਾ ਸਸਤਾ ਕਿ ਲੋਕ ਉਸ ਨਾਲ ਗੀਟਿਆਂ ਵਾਂਗ ਖੇਡ ਰਹੇ ਹਨ। ਇਹ ਖੇਡਣਾ ਹੀ ਤਾਂ ਹੈ ਕਿ ਤੂੰ ਮੇਰੀ ਆਹ ਸ਼ਰਤ ਪੂਰੀ ਕਰ, ਮੈਂ ਤੇਰਾ ਪਾਠ ਕਰਾ ਦੇਵਾਂਗਾ। ਤੂੰ ਮੈਨੂੰ ਮੁੰਡਾ ਦੇਹ, ਮੈਂ ਤੇਰਾ ਲੰਗਰ ਕਰ ਦੇਵਾਂਗਾ, ਤੂੰ ਮੇਰੀ ਫੈਕਟਰੀ ਚਲਾ ਦੇਹ, ਮੈਂ ਤੇਰੀ ਥਾਂ ਚਾਰ ਇੱਟਾਂ ਲਵਾ ਦੇਵਾਂਗਾ। ਖੇਡਣ ਦੀ ਤਾਂ ਉਸ ਵੇਲੇ ਹੱਦ ਹੋ ਜਾਂਦੀ ਜਦ ਬਿਊਟੀ-ਪਾਰਲਰ ਖ੍ਹੋਲਣ ਵਾਲੇ ਵੀ ਅਖੰਡ-ਪਾਠ ਰੱਖੀ ਬੈਠੇ ਹੁੰਦੇ ਹਨ। ਲਾਈ ਹੋਈ ਸ਼ਰਾਬ ਦੀ ਭੱਠੀ ਨਾ ਫੜੀ ਜਾਵੇ, ਦੀ ਸੁਖਣਾ ਲਾਹੁਣ ਲਈ ‘ਬਾਬੇ-ਰੋਡੇ’ ਦੀ ਸਮਾਧ ’ਤੇ ਪਾਠ ਕਰਾ ਕੇ ਆਉਂਦੇ ਭਾਊ… ? ਹੁਣ ਤੁਸੀਂ ਦੱਸੋ ਕਿ ਦਲਾਲ ਬਿਊਟੀ-ਪਾਰਲਰ ਜਾਂ ਸ਼ਰਾਬ ਦੀ ਭੱਠੀ ਦੀ ਅਰਦਾਸ ਕੀ ਕਰਦਾ ਹੋਵੇਗਾ ?

ਦਲਾਲਾਂ ਰੱਬ ਸੇਲ ਤੇ ਲਾ ਦਿੱਤਾ ਅਤੇ ਕੇਲਿਆਂ ਵਾਂਗ ਇਸ ਨੂੰ ਵੇਚਦੇ ਫਿਰ ਰਹੇ ਹਨ। ਘਰ ਘਰ ਵਿੱਕ ਰਿਹੈ ਰੱਬ। ਪੂਰੇ ਪੈਕਜ਼ ਸਮੇਤ। ਕੋਈ ਸਿਮਰਨਾ ਦੇ ਨਾਵਾਂ ਤੇ ਇਸ ਨੂੰ ਵੇਚ ਰਿਹੈ, ਕੋਈ ਪਾਠਾਂ ਦੇ ਨਾਂ ਤੇ, ਕੋਈ ਅਉਖਧ ਦੇ ਨਾਂ ਤੇ, ਕੋਈ ਚੋਲੇ ਪਾ ਕੇ ਸੰਤ ਬਣ ਕੇ ਵੇਚ ਰਿਹੈ ਤੇ ਕੋਈ ਭਾਈ ਸਾਹਬ ਬਣ ਕੇ ਹੀ ਰੱਬ ਨੂੰ ਵੇਚੀ ਤੁਰਿਆ ਜਾ ਰਿਹੈ। ਡੇਰਿਆਂ ਵਿਚ ਰੱਬ ਵਿੱਕ ਰਿਹੈ, ਭੋਰਿਆਂ ਵਿਚ ਰੱਬ ਵਿੱਕ ਰਿਹੈ, ਗੁਰਦੁਆਰਿਆਂ ਵਿਚ ਰੱਬ ਵਿੱਕ ਰਿਹੈ, ਕਈ ਘਰਾਂ ਵਿਚ ਹੀ ਵੇਚੀ ਜਾ ਰਹੇ ਹਨ ਰੱਬ ਨੂੰ। ਦੋ-ਦੋ ਬੰਦਿਆਂ ਅਤੇ ਬੀਬੀਆਂ ਜੱਥੇ ਬਣਾ ਏ, 2-4 ਰੁਮਾਲੇ, ਚੰਦੋਆ, ਚੌਰ ਅਤੇ ਵਾਜਾ ਢੋਲਕੀ। ਉਹ ਪੱਟਾਂ ਤੇ ਧਰਦੇ ਰੱਬ ਨੂੰ ਤੇ ਵੇਚਣ ਤੁਰ ਜਾਂਦੇ ਹਨ। ‘ਵੀਕਐਂਡ’ ਹਰਾ ਕਰ ਲੈਂਦੇ ਹਨ ਇਹ ਉਨ੍ਹਾਂ ਦੀ ‘ਪਾਰਟ-ਟਾਇਮ ਜੌਬ’ ਹੈ, ਰੱਬ ਨੂੰ ਵੇਚਣ ਦੀ। ਦਲਾਲਾਂ ਨੂੰ ਪੱਤੈ ਲੋਕਾਂ ਦੀਆਂ ਲੱਤਾਂ ਵਿਚ ਜਾਨ ਨਹੀਂ। ਇਨ੍ਹਾਂ ਨੂੰ ਇੰਝ ਕੁ ਦਾ ਸਸਤਾ ਜਿਹਾ ਰੱਬ ਹੀ ਚਾਹੀਦਾ। ਗੁਰੂ ਨਾਨਕ ਵਾਲਾ ਰੱਬ ਕਿਵੇਂ ਹਜਮ ਹੋਜੂ ਲੁਕਾਈ ਨੂੰ। ਓਸ ਰੱਬ ਦੀ ਗੱਲ ਹੀ ਨਹੀਂ ਦੱਸਦਾ ਦਲਾਲ।

ਗੁਰੂ ਸਾਹਿਬਾਨਾਂ 239 ਸਾਲ ਵਿਚ ਕੀ ਕੀਤਾ ? ਉਨ੍ਹਾਂ ਦਲਾਲਾਂ ਨੂੰ ਵਿਚੋਂ ਦਫਾ ਕਰਕੇ ਸਿੱਖ ਦਾ ਸਿੱਧਾ ਸਬੰਧ ਸਬਦ ਨਾਲ ਜੋੜ ਕੇ ਇਸ ਨੂੰ ਖਾਲਸੇ ਦਾ ਰੂਪ ਦੇ ਦਿੱਤਾ ਤਾਂ ਕਿ ਇਹ ਕਿਸੇ ਦਲਾਲ ਨੂੰ ਵਿਚ ਨਾ ਪਾਵੇ। ਪਰ ਕਿੰਨੀ ਹਾਸੋ-ਹੀਣੀ ਗੱਲ ਕਿ ਗਲ ਕ੍ਰਿਪਾਨ ਪਾ ਕੇ ਖੰਡੇ ਦੀ ਪਹੁਲ ਲੈ ਕੇ ‘ਖਾਲਸਾ ਜੀ’ ਗਲ ਵਿਚ ਪਾ ਕੇ ਢੋਲਕੀਆਂ ਦੇਹ ਤੇਰੇ ਦੀ, ਗਾਈ ਜਾ ਰਿਹਾ ਹੈ, ਅਖੇ ‘ਜੇ ਸੰਤ ਨਾ ਹੁੰਦੇ ਜਗਤ ਵਿਚ ਤਾਂ ਜਲ ਮਰਦਾ ਸੰਸਾਰ’। ਇਸ ਭਲੇ ਮਾਣਸ ਨੇ ਦਲਾਲਾਂ ਨੂੰ ਹੀ ਸੰਤ ਸਮਝ ਲਿਆ। ਦਲਾਲਾਂ ਆਪਣੇ ਵਰਗਾ ਭੁੱਖੜ ਜਿਹਾ ਰੱਬ ਪੇਸ਼ ਕੀਤਾ ਜਿਹੜਾ ਤੁੜਕਿਆਂ ਰੈਤਿਆਂ ਤੇ ਰੀਝਦਾ ਹੈ ਅਤੇ ਬ੍ਰਾਹਮਣ ਦੇ ਰੱਬ ਵਾਂਗ ਮੂਰਤੀਆਂ ਵਿਚੋਂ ਪੈਦਾ ਹੁੰਦਾ ਹੈ ਅਤੇ ਮੂਰਤੀਆਂ ਵਿਚੋਂ ਹੀ ‘ਭੋਗ’ ਲਾਉਣ ਆਉਂਦਾ ਹੈ… ? ਦਲਾਲਾਂ ਦਾ ਰੱਬ ਰਿਸ਼ਵਤਾਂ ਲੈਂਦਾ ਹੈ ਜਿਹੜੀਆਂ ਸੁੱਖਣਾ-ਸੁੱਖ ਕੇ ਪੂਰੀਆਂ ਕੀਤੀਆਂ ਜਾਦੀਆਂ ਹਨ। ਦਲਾਲਾਂ ਦਾ ਰੱਬ ਕੇਵਲ ਮੁੰਡੇ ਦਿੰਦਾ ਹੈ, ਕੁੜੀ ਨਹੀਂ। ਦਲਾਲਾਂ ਦਾ ਰੱਬ ਦਲਾਲਾਂ ਰਾਹੀਂ ਹੀ ਮਿਲਦਾ ਹੈ, ਸਿੱਧੇ ਮੂੰਹ ਉਹ ਕਿਸੇ ਨਾਲ ਗੱਲ ਨਹੀਂ ਕਰਦਾ। ਦਲਾਲਾਂ ਦਾ ਰੱਬ ਹਰੇਕ ਵਿਚ ਨਹੀਂ ਵੱਸਦਾ। ਉਹ ਚੂਹੜੇ-ਚਮਾਰ ਦੇ ਤਾਂ ਨੇੜੇ ਨਹੀਂ ਲੰਘਦਾ। ਗਰੀਬ ਨੂੰ ਦੇਖਣਾ ਨਹੀਂ ਚਾਹੁੰਦਾ ਦਲਾਲ ਦਾ ਰੱਬ। ਅਮੀਰ ਦੇ ਸਾਰੇ ਕਾਰਜ ਰੱਬ ਰਾਸ ਕਰਦੈ। ਅਮੀਰ ਦੀ ਦੋ ਨੰਬਰ ਦੀ ਕਮਾਈ ਵੀ ਪ੍ਰਵਾਨ ਕਰਦੈ ਦਲਾਲ ਦਾ ਰੱਬ। ਨਹੀਂ ਕਰਦਾ ?

ਦਲਾਲ ਨੇ ਰੱਬ ਦੀ ਜੋ ਤਸਵੀਰ ਪੇਸ਼ ਕੀਤੀ ਇੰਨੀ ਹਾਸੋਹੀਣੀ ਕਿ ਸਮਝਦਾਰ ਬੰਦਾ ਕਹਿੰਦਾ ਦਫਾ ਕਰੋ ਅਜਿਹੇ ਰੱਬ ਤੋਂ ਵੜੇਵੇਂ ਲੈਣੇ ਨੇ। ਪਰ ਗੁਰੂ ਨਾਨਕ ਦਾ ਰੱਬ ਇੰਝ ਦਾ ਨਹੀਂ ਕਿ ਇਸ ਤੋਂ ਬੇਮੁੱਖ ਹੋਣ ਬਾਰੇ ਸੋਚਿਆ ਜਾ ਸਕੇ, ਪਰ ਉਹ ਲੱਭਦਾ ਕਿੱਥੇ ਹੈ ? ਸ੍ਰੀ ਗੁਰੂ ਗਰੰਥ ਸਾਹਿਬ ਵਿਚੋਂ, ਪਰ ਕਿਸੇ ਦਲਾਲ ਤੋਂ ਬਿਨਾ।

ਕੀ ਨਰਿੰਦਰ ਮੋਦੀ ਦੁਆਰਾ ਭਾਰਤੀ ਕਰੰਸੀ ਨੂੰ ਬਦਲਣਾ ਭ੍ਰਿਸ਼ਟਾਚਾਰ ਨੂੰ ਰੋਕਣਾ ਹੈ ?

0

ਕੀ ਨਰਿੰਦਰ ਮੋਦੀ ਦੁਆਰਾ ਭਾਰਤੀ ਕਰੰਸੀ ਨੂੰ ਬਦਲਣਾ ਭ੍ਰਿਸ਼ਟਾਚਾਰ ਨੂੰ ਰੋਕਣਾ ਹੈ ?

ਗਿਆਨੀ ਅਵਤਾਰ ਸਿੰਘ

ਅੱਜ ਭਾਰਤ ’ਚ ਹਰ ਤਰਫ਼ ਇਹੀ ਚਰਚਾ ਚੱਲ ਰਹੀ ਹੈ ਕਿ ਨਰਿੰਦਰ ਮੋਦੀ ਦੁਆਰਾ ਪੁਰਾਣੇ 500 ਤੇ 1000 ਦੇ ਨੋਟਾਂ ਨੂੰ ਬੰਦ ਕਰਨ ਵਾਲ਼ਾ ਸਾਹਸੀ ਕਦਮ ਸਹੀ ਹੈ ਜਾਂ ਗ਼ਲਤ। ਇਸ ਵਿਸ਼ੇ ਦੀ ਵਿਚਾਰ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਭਾਰਤ ’ਚ 30 ਤੋਂ 40 ਪ੍ਰਤਿਸ਼ਤ (ਭਾਵ 13-14 ਲੱਖ ਕਰੋੜ) ਪਿਆ ਗੁਪਤ ਧਨ, ਕਿਸੇ ਵੀ ਤਰ੍ਹਾਂ ਭਾਰਤ ਦੇ ਵਿਕਾਸ ’ਚ ਆਪਣਾ ਯੋਗਦਾਨ ਨਹੀਂ ਪਾ ਰਿਹਾ ਹੈ, ਜਿੱਥੇ ਅਣਗਿਣਤ ਲੋਕ ਭੁੱਖੇ ਪੇਟ ਸੌਂਦੇ ਹਨ ਜਾਂ ਬਿਨਾਂ ਇਲਾਜ ਦਮ ਤੋੜ ਜਾਂਦੇ ਹਨ, ਪਰ ਇਸ ਸਾਰੇ ਧਨ ਨੂੰ ਕੇਵਲ ਕਾਲਾ ਧਨ ਕਹਿਣਾ ਵੀ ਉਚਿਤ ਨਹੀਂ ਕਿਉਂਕਿ ਜਿਸ ਤਰ੍ਹਾਂ ਦੇਸ਼-ਧ੍ਰੋਹੀ ਤੇ ਕ੍ਰਾਂਤੀਕਾਰੀ ਦੀ ਪਰਿਭਾਸ਼ਾ ’ਚ ਕਦੇ ਇੱਕ ਰਾਏ ਨਹੀਂ ਬਣ ਸਕੀ ਉਸੇ ਤਰ੍ਹਾਂ ਕਾਲੇ ਧਨ ਦੀ ਵੀ ਕੋਈ ਪਰਿਭਾਸ਼ਾ ਨਿਰਧਾਰਿਤ ਨਹੀਂ ਕੀਤੀ ਜਾ ਸਕਦੀ। ਕਾਲਾ ਧਨ, ਕਾਲਾ ਧਨ ਦਾ ਰਾਗ ਅਲਾਪਣਾ; ਕੇਵਲ ਰਾਜਨੀਤਿਕ ਸਟੰਟ ਹੈ, ਜੋ ਮਹਿੰਗਾਈ ਦੀ ਮਾਰੀ ਜਨਤਾ ਦੇ ਮੂੰਹ ’ਚ ਪਾਣੀ ਲੈ ਆਉਂਦਾ ਹੈ। ਮਿਤੀ 8-11-2016 ਨੂੰ ਮੋਦੀ ਦੁਆਰਾ ਉੱਠਾਇਆ ਗਿਆ ਕਦਮ, ਜਿਸ ਦੇ ਪਿਛੋਕੜ ’ਚ ਕਾਲੇ ਧਨ ਦੀ ਭੂਮਿਕਾ ਬਣਾਈ ਗਈ; ਦਰਅਸਲ, ਭਾਰਤੀ ਜਨਤਾ ਨੂੰ ਵੱਧ ਤੋਂ ਵੱਧ ਟੈਕਸ ਦੇ ਦਾਇਰੇ ’ਚ ਲਿਆਉਣਾ ਹੈ, ਜੋ ਉਨ੍ਹਾਂ ਦੀ ਤਮਾਮ ਜਾਇਜ਼-ਨਜਾਇਜ਼ ਸੰਪਤੀ ਨੂੰ ਕੇਵਲ ਬੈਂਕਾਂ ’ਚ ਜਮ੍ਹਾ ਕਰਨ ਉਪਰੰਤ ਪੂਰਾ ਹੋਏਗਾ। ਇਹ ਅਲੱਗ ਹੈ ਕਿ ਹਾਲੇ ਵੀ ਭਾਰਤ ਦੀ ਜਨਤਾ ਕਾਲੇ ਧਨ ਦੀ ਨਿਕਾਸੀ ਦੇ ਨਾਂ ’ਤੇ ਉੱਠਾਏ ਗਏ ਇਸ ਗ਼ਲਤ ਕਦਮ ਨੂੰ ਦਰੁਸਤ ਸਮਝ ਕੇ ਕਤਾਰ ’ਚ ਖੜ੍ਹੀ ਆਪਣੇ ਆਪ ਨੂੰ ਸੱਚੇ ਦੇਸ਼ ਭਗਤ ਹੋਣ ਦਾ ਭਰਮ ਪਾਲ਼ੀ ਖੜ੍ਹੀ ਹੈ।

ਪਿਛਲੇ ਦੋ ਸਾਲਾਂ ਤੋਂ ਭਾਰਤ ’ਚ ਮੋਦੀ ਸਰਕਾਰ (ਭਾਜਪਾ); 1984 ਤੋਂ ਬਾਅਦ ਪਹਿਲੀ ਵਾਰ ਪੂਰਨ ਬਹੁਮਤ ਨਾਲ਼ ਸੱਤਾ ’ਤੇ ਕਾਬਜ਼ ਹੋਈ, ਜਿਸ ਨੇ ਕੁਝ ਸਾਹਸੀ ਤੇ ਸ਼ਲਾਘਾਯੋਗ ਕਦਮ ਵੀ ਉੱਠਾਏ ਹਨ; ਜਿਵੇਂ ਕਿ ਪੂਰਬ ’ਚ ਬਰਮਾ ਤੇ ਉੱਤਰ-ਪੱਛਮ ’ਚ ਪਾਕਿਸਤਾਨ ਨਾਲ਼ ਲਗਦੀ ਸੀਮਾ ਨੂੰ ਭਾਰਤੀ ਫੌਜ ਦੁਆਰਾ ਪਾਰ ਕਰਨਾ, ਜੀ. ਐੱਸ. ਟੀ (ਗੁੱਡਸ ਐਂਡ ਟੈਕਸ ਸਰਵਿਸਿਸ) ਬਿੱਲ ਪਾਸ ਕਰਵਾਉਣਾ, 500 ਤੇ 1000 ਦੇ ਪੁਰਾਣੇ ਨੋਟ ਬਦਲ ਕੇ ਮਾਰਕਿਟ ’ਚ ਨਵੀਂ ਕਰੰਸੀ ਲਾਗੂ ਕਰਨਾ, ਆਦਿ। ਇਨ੍ਹਾਂ ਫ਼ੈਸਲਿਆਂ ’ਚ ਸਭ ਤੋਂ ਵੱਡਾ ਤੇ ਤਾਜ਼ਾ ਫ਼ੈਸਲਾ ਪੁਰਾਣੇ ਨੋਟ ਬਦਲਣਾ ਹੈ, ਤਾਂ ਜੋ ਗੁਪਤ ਧਨ ਦੇ ਬਦਲੇ ਨਵੀਂ ਕਰੰਸੀ ਛਾਪ ਕੇ ਸਰਕਾਰੀ ਖ਼ਜ਼ਾਨੇ ਦੀ ਭਰਪਾਈ ਕੀਤੀ ਜਾ ਸਕੇ।

ਮੋਦੀ ਦੁਆਰਾ ਉੱਠਾਏ ਗਏ ਉਕਤ ਤਮਾਮ ਕਦਮਾਂ ਨੂੰ ਅਗਰ ਗਹੁ ਨਾਲ਼ ਵਿਚਾਰਿਆ ਜਾਏ ਤਾਂ ਤਿੰਨ ਪ੍ਰਮੁੱਖ ਗੱਲਾਂ ਸਪਸ਼ਟ ਹੁੰਦੀਆਂ ਹਨ ਕਿ ਮੋਦੀ:

(1). ਭਾਰਤ ਨੂੰ ਆਰਥਿਕ ਸ਼ਕਤੀ ਬਣਾਉਣਾ ਚਾਹੁੰਦੇ ਹਨ, ਜਿਸ ਨੂੰ ‘ਮੇਕ ਇੰਨ ਇੰਡੀਆ’ ਨਾਂ ਦਿੱਤਾ ਗਿਆ।

(2). ਦੇਸ਼ੀ ਤੇ ਵਿਦੇਸ਼ੀ ਕੰਪਨੀਆਂ ਨੂੰ ਭਾਰਤ ’ਚ ਨਿਵੇਸ਼ ਕਰਨ ਲਈ ਭਾਰੀ ਰਿਆਇਤਾਂ ਦੇਣ ਦੇ ਹੱਕ ’ਚ ਹਨ।

(3). ਆਮ ਜਨਤਾ ਦੀਆਂ ਸੁਵਿਧਾਵਾਂ ’ਚ ਭਾਰੀ ਕਟੌਤੀ ਕਰਨਾ ਚਾਹੁੰਦੇ ਹਨ; ਜਿਵੇਂ ਕਿ 2013-14 ਦੇ ਸਿੱਖਿਆ ਤੇ ਮੈਡੀਕਲ ਬਜਟ ਦੇ ਮੁਕਾਬਲੇ 2015-16 ’ਚ 20 % ਕਟੌਤੀ ਕਰਨਾ, (ਮਹਿੰਗਾਈ ਦਰ ਦੇ ਮੁਕਾਬਲੇ) ਵੇਤਨ ਕਮਿਸ਼ਨ (2016) ਰਾਹੀਂ ਛੋਟੇ ਸਰਕਾਰੀ ਕਰਮਚਾਰੀਆਂ ਦੀ ਤਨਖ਼ਾਹ ਨਾਮ-ਮਾਤਰ ਵਧਾਉਣੀ, ਆਦਿ।

ਉਕਤ ਵਿਚਾਰ ਉਪਰੰਤ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਕਾੱਲੇਜੀਅਮ ਨੇ ਫਰਬਰੀ 2016 ਤੋਂ ਨਿਆਇ-ਪ੍ਰਣਾਲ਼ੀ ਨੂੰ ਦਰੁਸਤ ਕਰਨ ਬਾਬਤ ਮੋਦੀ ਸਰਕਾਰ ਪਾਸ 77 ਜੱਜਾਂ ਦੇ ਨਾਵਾਂ ਦੀ ਲਿਸਟ ਭੇਜੀ ਸੀ, ਜਿਸ ਵਿੱਚੋਂ ਕੇਵਲ 18 ਮਨਜ਼ੂਰ ਕੀਤੇ ਗਏ ਤੇ ਬਾਕੀ ਲਿਸਟ ਸੁਧਾਈ ਲਈ ਵਾਪਸ ਨਹੀਂ ਭੇਜੀ ਗਈ ਤਾਂ ਜੋ ਸਰਕਾਰ ਪਾਸ ਦੁਬਾਰਾ ਹੋਰ ਸਿਫ਼ਾਰਸ਼ ਨਾ ਕੀਤੀ ਜਾ ਸਕੇ। ਮੋਦੀ ਸਰਕਾਰ ਦੇ ਇਸ ਢਿੱਲੜ ਰਵੱਈਏ ’ਤੇ ਭਾਰਤ ਦੇ ਚੀਫ਼ ਜਸਟਿਸ ਟੀ. ਐੱਸ. ਠਾਕੁਰ (ਤੀਰਥ ਸਿੰਘ ਠਾਕੁਰ) ਕਈ ਵਾਰ ਭਾਵਕ ਬਿਆਨ ਦੇ ਚੁੱਕੇ ਹਨ, ਪਰ ਮੋਦੀ ਸਰਕਾਰ ਟੱਸ ਤੋਂ ਮੱਸ ਨਹੀਂ ਹੋਈ, ਉਲ਼ਟਾ ਉਨ੍ਹਾਂ ਦੇ ਫੋਨ ਰਿਕਾਰਡ ਕਰਵਾਉਣ ਦੀ ਖ਼ਬਰਾਂ ਵੀ ਸਾਮ੍ਹਣੇ ਆਈਆਂ।

ਆਮ ਆਦਮੀ ਤੋਂ ਟੈਕਸ ਰਾਹੀਂ ਪੈਸਾ ਇਕੱਤਰ ਕਰਕੇ ਜਿਸ ਮਕਸਦ ਨਾਲ਼ ਵੱਡੀਆਂ ਕੰਪਨੀਆਂ ਨੂੰ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ ਉਸ ਦਾ ਆਮ ਆਦਮੀ ਨੂੰ ਕਿੰਨਾ ਕੁ ਲਾਭ ਹੋ ਰਿਹਾ ਹੈ, ਇਹ ਵੀ ਵਿਚਾਰਨਯੋਗ ਹੈ। ਪਿਛਲੇ 13 ਸਾਲਾਂ ’ਚ 142 ਲੱਖ ਕਰੋੜ ਦੇ ਸੇਠਾਂ ਨੇ ਭਾਰਤ ਦੀਆਂ 9 ਸੂਬਾ ਸਰਕਾਰਾਂ ਨਾਲ਼ ਇਕਰਾਰ ਕੀਤੇ ਪਰ ਨਿਵੇਸ਼ ਤੇ ਨੌਕਰੀ ਮਾਤਰ 10% ਦਿੱਤੀ ਗਈ। ਵਿਸ਼ਵ ਬੈਂਕ ਮੁਤਾਬਕ 2015 ’ਚ ਇਹ ਨਿਵੇਸ਼ ਸਭ ਤੋਂ ਘੱਟ ਰਿਹਾ। ਇਹ ਹੈ ਮੋਦੀ ਸਰਕਾਰ ਦੀ ਉਪਲਬਧੀ ! 

ਕੁਲ ਮਿਲ਼ਾ ਕੇ ਪਿਛਲੇ ਦੋ ਸਾਲਾਂ ਦੌਰਾਨ ਭਾਰਤ ’ਚ ਅਮੀਰੀ ਤੇ ਗ਼ਰੀਬੀ ਦੀ ਖਾਈ ਬਹੁਤ ਵਧੀ ਹੈ, ਜੋ ਨਿਰੰਤਰ ਹੋਰ ਵਧ ਰਹੀ ਹੈ। ਨਾਸਮਝ ਜਨਤਾ ਦੇਸ਼ ਭਗਤੀ ਦੇ ਨਾਂ ’ਤੇ (ਕਾਲੇ ਧਨ ਵਾਲ਼ੇ ਸ਼ੋਸ਼ੇ ਅਧੀਨ) ਆਪਣੇ ਅਧਿਕਾਰਾਂ ਨੂੰ ਸੀਮਤ ਜਾਂ ਨਸ਼ਟ ਕਰਵਾ ਰਹੀ ਹੈ।

ਕਾਲਾ ਧਨ ਕੀ ਹੈ ?– 8 ਨਵੰਬਰ 2016 ਨੂੰ ਦਿੱਤੇ ਗਏ ਕਰੰਸੀ ਬੰਦ ਵਾਲ਼ੇ ਬਿਆਨ ਤੋਂ ਪਹਿਲਾਂ ਮੈਂ ਇੱਕ ਡਾਕਟਰ (ENT) ਪਾਸ ਦਵਾ ਲੈਣ ਗਿਆ, ਜਿਸ ਦੀ ਕੇਵਲ ਫ਼ੀਸ ਹੀ 300 ਰੁਪਏ ਸੀ ਤੇ ਦਵਾ ਵੀ ਉਸੇ ਦੇ ਸਟੋਰ ’ਚੋਂ ਮਿਲਦੀ ਸੀ ਕਿਉਂਕਿ ਉਨ੍ਹਾਂ ਦੁਆਰਾ ਲਿਖੀ ਗਈ ਦਵਾ ਬਾਹਰੋਂ ਨਹੀਂ ਮਿਲਦੀ। ਇੱਥੇ ਪਹੁੰਚਣ ਵਾਲ਼ਾ ਹਰ ਮਰੀਜ਼ ਘੱਟੋ-ਘੱਟ 800 ਰੁਪਏ ਲੈ ਕੇ ਆਉਂਦਾ ਹੈ, ਜਿਸ ਵਿੱਚੋਂ ਡਾਕਟਰ ਦੀ ਕਮਾਈ 500 ਰੁਪਏ ਅਵੱਸ਼ ਹੈ। ਇੱਕ ਪਰਚੀ ਕੱਟਣ ਵਾਲ਼ੀ ਲੜਕੀ ਤੇ ਸਟੋਰ ’ਚ ਦਵਾ ਦੇਣ ਵਾਲ਼ਾ ਇੱਕ ਲੜਕਾ (ਦੋਵੇਂ) 5-5 ਹਜ਼ਾਰ ਰੁਪਏ ’ਤੇ ਰੱਖੇ ਹੋਏ ਹਨ। ਖ਼ੂਨ ਟੈਸਟ ਸਮੇਤ ਕੁਝ ਹੋਰ ਸਰੀਰਕ ਟੈਸਟਾਂ ਦੀ ਸੁਵਿਧਾ, ਡਾਕਟਰ ਦੁਆਰਾ ਕੀਤਾ ਜਾਂਦਾ ਉਪਰੇਸ਼ਨ ਤੇ ਸੰਕਟ ਕਾਲ (Emergency) ਫ਼ੀਸ 400 ਰੁਪਏ ਅਲੱਗ ਹੈ। ਡਾਕਟਰ ਦੀ ਯੋਗਤਾ ਹੀ ਕਹੀਏ ਕਿ ਫਿਰ ਵੀ ਇੱਥੋਂ ਇਲਾਜ ਕਰਵਾ ਕੇ ਮਰੀਜ਼ ਖ਼ੁਸ਼ ਹਨ। ਰੁਜ਼ਾਨਾ ਆਉਣ ਵਾਲ਼ੇ ਮਰੀਜ਼ਾਂ ਦੀ ਨਫ਼ਰੀ 70 ਤੋਂ 110 ਤੱਕ ਦੱਸੀ ਗਈ। ਇਸ ਗਣਿਤ ਅਨੁਸਾਰ ਡਾਕਟਰ ਦੀ ਪ੍ਰਤਿ ਦਿਨ ਕਮਾਈ (ਕੇਵਲ ਮਰੀਜ਼ ਚੈੱਕਅਪ ਤੇ ਦਵਾ ਦਾ ਮੁਨਾਫ਼ਾ) 35 ਹਜ਼ਾਰ ਤੋਂ 55 ਹਜ਼ਾਰ ਰੁਪਏ ਹੈ। ਮਹੀਨੇ ਦਾ 15 ਲੱਖ ਤੋਂ ਵੱਧ ਤੇ ਸਲਾਨਾ 2 ਕਰੋੜ ਦੀ ਆਮਦਨ, ਜਦਕਿ ਮਾਤਰ 2 ਲੱਖ 50 ਹਜ਼ਾਰ ਦੀ ਸਾਲਾਨਾ ਟੈਕਸ ਛੋਟ ਦਿੱਤੀ ਗਈ ਹੈ, ਬਾਕੀ ਤਮਾਮ ਰਕਮ ਭਾਰਤੀ ਨਿਯਮਾਂ ਮੁਤਾਬਕ ਕਾਲਾ ਧਨ ਹੈ, ਅਗਰ ਉਸ ਦਾ 30% (ਭਾਵ 58 ਲੱਖ 25 ਹਜ਼ਾਰ ਸਾਲਾਨਾ) ਟੈਕਸ ਨਾ ਭਰਿਆ ਗਿਆ ਹੋਵੇ।

ਇਸ ਡਾਕਟਰ ਵੱਲੋਂ ਛਪਾਈ ਗਈ ਆਪਣੀ ਪਰਚੀ ’ਤੇ ਕੋਈ ਸੰਖਿਆ ਮਰੀਜ਼ ਨੰਬਰ ਦਰਜ ਨਹੀਂ ਤੇ ਸਟੋਰ ਵਿੱਚੋਂ ਮਿਲਣ ਵਾਲ਼ੀ ਦਵਾ ਦਾ ਬਿੱਲ ਵੀ ਨਹੀਂ ਦਿੱਤਾ ਜਾਂਦਾ। ਸੇਲ ਟੈਕਸ ਨੰਬਰ (Tin) ਦਾ ਰਿਕਾਰਡ ਨਾ ਹੋਣ ਕਾਰਨ ਟੈਕਸ ਵਿਭਾਗ ਦਰੁਸਤ ਹਿਸਾਬ ਕਿਤਾਬ ਨਹੀਂ ਲੈ ਸਕਦਾ। ਇਸ ਚੋਰ ਮੋਰੀ ਨੂੰ ਬੰਦ ਕਰਨਾ ਕੋਈ ਮੁਸ਼ਕਲ ਨਹੀਂ ਹੈ। ਆਮ ਜਨਤਾ ਦੀ ਲੁੱਟ ਨਾਲ਼ ਜੁੜਿਆ ਮਸਲਾ ਹੋਣ ਕਾਰਨ ਇਹ ਕੰਮ ਪਹਿਲ ਦੇ ਅਧਾਰ ’ਤੇ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ, ਪਰ ਅਜਿਹਾ ਹੁੰਦਾ ਨਹੀਂ ਕਿਉਂਕਿ ਇੱਥੋਂ ਪਾਰਟੀ ਫੰਡ ਲਈ ਕੁਝ ਚੰਦਾ ਜਾਂਦਾ ਹੈ ਭਾਵ ਪਹਿਰੇਦਾਰ ਕੁੱਤੀ, ਚੋਰ ਨਾਲ਼ ਮਿਲੀ ਹੋਈ ਹੈ। ਮੋਦੀ ਦੁਆਰਾ ਉੱਠਾਏ ਗਏ 8 ਨਵੰਬਰ ਦੇ ਸਾਹਸੀ ਕਦਮ ਉਪਰੰਤ ਮੈਂ ਦੁਬਾਰਾ ਫਿਰ ਦਵਾ ਲੈਣ ਗਿਆ ਤੇ ਮੈਥੋਂ ਉਹੀ ਫ਼ੀਸ ਤੇ ਦਵਾ ਦੀ ਰਕਮ ਨਵੀਂ ਕਰੰਸੀ ’ਚ ਲਈ ਗਈ। ਵਿਚਾਰਨਯੋਗ ਹੈ ਕਿ ਬਦਲਿਆ ਕੀ ? ਜੋ ਲੋਕ, 8 ਨਵੰਬਰ ਦੇ ਫ਼ੈਸਲੇ ਉਪਰੰਤ ਇਹ ਸੋਚੀ ਬੈਠੇ ਹਨ ਕਿ ਹੁਣ 2 ਰੁਪਏ ਕਿਲੋ ਆਟਾ ਤੇ 3 ਰੁਪਏ ਕਿਲੋ ਚਾਵਲ ਮਿਲਣ ਲੱਗ ਜਾਏਗਾ, ਸ਼ਾਇਦ ਉਨ੍ਹਾਂ ਨੂੰ ਭਾਰਤੀ ਇਨਸਾਨ ਕਹਿਣਾ, ਆਪਣੇ ਆਪ ਨਾਲ਼ ਧੋਖਾ ਹੋਏਗਾ।

ਉਕਤ ਉਦਾਹਰਨ ਗੰਧਲੇ ਸਮੁੰਦਰ ’ਚ ਕੇਵਲ ਬੂੰਦ ਮਾਤਰ ਹੈ। ਡਾਕਟਰ (ਸਰਕਾਰੀ ਤੇ ਗ਼ੈਰ ਸਰਕਾਰੀ), ਦਵਾ ਕੰਪਨੀਆਂ ਤੇ ਸਰਕਾਰਾਂ ਆਪਸ ’ਚ ਮਿਲੀਆਂ ਹੋਈਆਂ ਹਨ। ਦਵਾ ਦਾ ਇੱਕ ਸਾੱਲ੍ਟ (salt) ਹਰ ਸ਼ਹਿਰ ’ਚ ਹਜ਼ਾਰਾਂ ਨਾਵਾਂ ਨਾਲ਼ ਵਿਕਦਾ ਹੈ, ਜਿਸ ’ਤੇ 200 % ਤੋਂ 500 ਪ੍ਰਤਿਸ਼ਤ ਤੱਕ ਵਾਧੂ ਕੀਮਤ ਲਿਖੀ ਹੋਈ ਹੈ, ਇਹੀ ਕਾਰਨ ਹੈ ਕਿ ਹਰ ਹਸਪਤਾਲ ’ਚ 4-5 ਮਰੀਜ਼ਾਂ ਤੋਂ ਬਾਅਦ ਦਵਾ ਕੰਪਨੀ ਦਾ ਇੱਕ ਅਰੋਗ ਵਿਅਕਤੀ ਵੀ ਡਾਕਟਰ ਪਾਸ ਆਪਣੀ ਹਾਜ਼ਰੀ ਲਗਵਾਉਂਦਾ ਹੈ।

ਯੋਗ ਗੁਰੂ ਸੁਆਮੀ ਰਾਮਦੇਵ ਨੂੰ ਉਤਰਾਖੰਡ ਦੀ ਭਾਜਪਾ ਸਰਕਾਰ ਨੇ 1000 ਏਕੜ ਜ਼ਮੀਨ 99 ਸਾਲਾਂ ਲਈ ਮਾਤਰ ਇੱਕ ਰੁਪਏ ’ਚ ਦੇ ਦਿੱਤੀ, ਜਿੱਥੋਂ ਜੜ੍ਹੀ-ਬੁਟੀ ਉਗਾ ਕੇ ਮੇਕ ਇਨ ਇਡੀਆ ਦੇ ਨਾਂ ’ਤੇ (ਕਾਲੇ ਧਨ ਦਾ ਮੁੱਦਾ ਛੱਡ) ਆਪਣੇ ਪ੍ਰੋਜੈਕਟ ਵੇਚਣ ਲੱਗ ਗਿਆ ਤੇ ਭਾਰਤ ਦੇ ਸਭ ਤੋਂ ਉੱਪਰ 100 ਅਮੀਰਾਂ ਦੀ ਗਿਣਤੀ ’ਚ 48ਵੇਂ ਨੰਬਰ (ਭਾਵ 16. 750 ਕਰੋੜ) ’ਤੇ ਆਪਣਾ ਨਾਂ ਦਰਜ ਕਰਵਾਉਣ ’ਚ ਸਫਲ ਹੋ ਗਿਆ। ਵਿਕਾਉ ਵੋਟਰਾਂ ਲਈ ਵੀ ਕੁਝ ਸੁਵਿਧਾਵਾਂ ਬਣਾਈਆਂ ਗਈਆਂ ਹਨ; ਜਿਵੇਂ ਚੁਣਾਵ ਸਮੇਂ ਨਕਦੀ, ਨਸ਼ਾ, ਮੁਫ਼ਤ ਚਾਰਪਾਈ, ਮੁਫ਼ਤ ਸਾਈਕਲ, ਮੁਫ਼ਤ ਲੈਪਟੋਪ, ਆਦਿ ਵੰਡਣੇ। ਕੀ ਇਹ ਸਭ ਕੇਵਲ ਉਸੇ ਕਾਲੇ ਚੰਦੇ ਨਾਲ਼ ਪੂਰਾ ਹੋ ਸਕਦਾ ਹੈ, ਜੋ ਪਾਰਟੀ ਫੰਡ ਲਈ 20 ਹਜ਼ਾਰ ਤੱਕ ਦਾਨ ਦੇਣ ਨੂੰ ਬਿਨਾਂ ਰਿਕਾਰਡ ਰੱਖਿਆ ਜਾਂਦਾ ਹੋਵੇ। ਖ਼ਬਰਾਂ ਮੁਤਾਬਕ ਸੁਖਬੀਰ ਬਾਦਲ ਨੇ ਸ਼ਹਿਰ ਦੇ ਵਿਕਾਸ ਦਾ ਪੈਸਾ (200 ਕਰੋੜ) ਕੇਵਲ ਆਪਣੇ ਇਲਾਕੇ ’ਚ ਲਗਾ ਦਿੱਤਾ, ਤਾਂ ਜੋ ਅਗਾਂਹ ਦਿੱਕਤ ਨਾ ਹੋਵੇ।

ਪੰਜਾਬ ਦੇ ਹਰ ਸ਼ਹਿਰ ’ਚ ਤੀਸਰੇ ਘਰ ਚੋਰੀ ਹੋਈ ਹੈ। ਮੇਰੇ ਘਰ ਵੀ 10 ਦਸੰਬਰ 2015 ਨੂੰ ਤਦ ਚੋਰੀ ਹੋਈ ਜਦ ਮੈਨੂੰ ਪਰਿਵਾਰ ਸਮੇਤ ਕੇਵਲ ਇੱਕ ਦਿਨ ਲਈ ਬਾਹਰ ਜਾਣਾ ਪਿਆ। ਜਦ ਵਾਪਸ ਆ ਕੇ ਵੇਖਿਆ ਤੇ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਬੜੀ ਮੁਸ਼ਕਲ ਨਾਲ਼ 16 ਦਸੰਬਰ 2016 ਨੂੰ ਐੱਫ. ਆਈ. ਆਰ. (ਨੰਬਰ 0294/2015) ਦਰਜ ਕਰਵਾਉਣ ’ਚ ਸਫਲ ਹੋਇਆ, ਪਰ ਪੁਲਿਸ ਦੀ ਚਲਾਕੀ ਵੇਖੋ, ਇਸੇ (FIR) ’ਚ ਇੱਕ ਹੋਰ ਚੋਰੀ, ਜੋ ਮੇਰੇ ਹੀ ਮੁਹੱਲੇ ’ਚ ਕੁਝ ਦਿਨ ਪਹਿਲਾਂ ਹੋਈ ਸੀ, ਸ਼ਾਮਲ ਕਰ ਦਿੱਤੀ ਗਈ ਤਾਂ ਜੋ ਸੂਬੇ ਦਾ ਅਪਰਾਧਕ ਰਿਕਾਰਡ ਸੀਮਤ ਰਹੇ। ਬਦਕਿਸਮਤੀ ਕਹੀਏ ਕਿ ਫਿਰ ਵੀ ਦੋਵੇਂ ਘਟਨਾਵਾਂ ’ਚ ਇਨਸਾਫ਼ ਕਿਸੇ ਨੂੰ ਨਹੀਂ ਮਿਲਿਆ। ਵਾਰ-ਵਾਰ ਥਾਣੇ ’ਚ ਸੰਪਰਕ ਕਰਨ ਉਪਰੰਤ ਅੱਜ ਵੀ ਪੁਲਿਸ ਆਖਦੀ ਹੈ ਕਿ ਕੋਈ ਸ਼ੱਕੀ ਬੰਦਾ ਘੁੰਮਦਾ ਮਿਲੇ ਤਾਂ ਜ਼ਰੂਰ ਦੱਸਣਾ। 

ਆਮ ਆਦਮੀ; ਆਪਣੀ ਸਰਕਾਰ ਨੂੰ ਟੈਕਸ ਕਿਉਂ ਦੇਵੇ ? ਬੱਚਿਆਂ ਨੂੰ ਸਿੱਖਿਆ ਦਿਲਵਾਉਣੀ ਹੋਵੇ, ਰੁਜ਼ਗਾਰ ਜਾਂ ਇਨਸਾਫ਼ ਲੈਣਾ ਹੋਵੇ, ਇਲਾਜ ਕਰਵਾਉਣਾ ਹੋਵੇ, ਆਪਣੀ ਸੁਰੱਖਿਆ ਕਰਨੀ ਹੋਵੇ ਭਾਵ ਹਰ ਸੁਵਿਧਾ ਲਈ ਮੈਨੂੰ ਕਾਲਾ ਧਨ ਕਮਾਉਣ ਵਾਲ਼ਿਆਂ ਪਾਸ ਜਾਣਾ ਹੀ ਪੈਂਦਾ ਹੈ, ਜੋ ਲੀਡਰਾਂ ਨੂੰ ਪਾਰਟੀ ਫੰਡ ਦੇ ਨਾਂ ’ਤੇ ਚੰਦਾ ਦਿੰਦੇ ਹਨ ਜਾਂ ਰਾਜਨੇਤਾਵਾਂ ਦਾ ਉਨ੍ਹਾਂ ’ਚ ਹਿੱਸਾ ਪਾਇਆ ਹੁੰਦਾ ਹੈ। ਫਿਰ ਸਰਕਾਰ ਨੂੰ ਟੈਕਸ ਕਾਹਦਾ ? ਅਗਰ ਮੈਂ ਆਪਣੀ ਮਿਹਨਤ ਦੀ ਕਮਾਈ ’ਚੋਂ; ਢਾਈ ਲੱਖ ਤੋਂ 5 ਲੱਖ ਤੱਕ 10%, 5 ਲੱਖ ਤੋਂ 10 ਲੱਖ ਤੱਕ 20% ਅਤੇ 10 ਲੱਖ ਤੋਂ ਉੱਪਰ 30% ਟੈਕਸ ਸਰਕਾਰ ਨੂੰ ਦੇਣਾ ਵੀ ਹੈ ਤਾਂ ਵੀ ਮੈਨੂੰ ਕਿਸੇ ਦਲਾਲ ਦੀ ਮਦਦ ਚਾਹੀਏ ਭਾਵ ਮੇਰੇ ਤੇ ਸਰਕਾਰ ਵਿਚਕਾਰ ਵੀ ਕਾਲਾ ਧਨ ਕਮਾਉਣ ਵਾਲ਼ਾ ਇੱਕ ਹੋਰ ਚੋਰ ਚਾਹੀਏ ਕਿਉਂਕਿ ਭਾਰਤ ’ਚ ਟੈਕਸ ਇਕੱਤਰ ਕਰਨ ਲਈ ਵੀ ਕੋਈ ਸਰਲਤਾ ਨਹੀਂ। ਨਾਗਰਿਕ ਦੀ ਸੁਵਿਧਾ ’ਚ ਹੋਣ ਵਾਲ਼ੀ ਦੇਰੀ ਹੀ ਕਾਲਾ ਧਨ ਕਮਾਉਣ ਵਾਲ਼ੀ ਸੋਚ ਨੂੰ ਪ੍ਰਫੁਲਿਤ ਕਰਦੀ ਹੈ। ਅਗਰ ਸਰਕਾਰਾਂ ਰੁਜ਼ਗਾਰ ਮੁਹੱਈਆ ਨਹੀਂ ਕਰਵਾ ਸਕਦੀਆਂ ਘੱਟੋ-ਘੱਟ ਸੁਵਿਧਾ ’ਚ ਹੋ ਰਹੀ ਦੇਰੀ ਜਾਂ ਨਸ਼ਿਆਂ ਦੇ ਵਪਾਰ ਨੂੰ ਤਾਂ ਰੋਕ ਸਕਦੀਆਂ ਹਨ। 

ਭਾਰਤੀ ਲੋਕ ਬੜੇ ਦਾਨੀ ਹਨ, ਜੋ ਆਮ ਜਨਤਾ ਲਈ ਰੋਡ ਕਿਨਾਰੇ ਹੀ ਲੰਗਰ ਲਗਾ ਲੈਂਦੇ ਹਨ ਤੇ ਧਾਰਮਿਕ ਅਦਾਰਿਆਂ ’ਚ ਅਰਬਾਂ-ਖਰਬਾਂ ਰੁਪਇਆ ਦਾਨ, ਇਹ ਸੋਚ ਕੇ ਦਿੱਤਾ ਜਾਂਦਾ ਹੈ ਕਿ ਇਹ ਪੈਸਾ ਸਮਾਜਿਕ ਹਿੱਤਾਂ ਲਈ ਜਾਏਗਾ (ਬੇਸ਼ੱਕ ਉੱਥੇ ਵੀ ਅਜਿਹਾ ਨਹੀਂ ਹੁੰਦਾ)। ਹਰ ਵਿਅਕਤੀ ਟੈਕਸ ਦੇ ਕੇ ਤਾਂ ਹੀ ਖ਼ੁਸ਼ੀ ਮਹਿਸੂਸ ਕਰੇਗਾ ਜੇਕਰ ਸਰਕਾਰ ਉਸ ਨੂੰ ਵਿਸ਼ਵਾਸ ਦਿਲਵਾਏ ਕਿ ਤੁਹਾਡੇ ਦੁਆਰਾ ਦਿੱਤੇ ਗਏ ਟੈਕਸ ਦੀ ਅਸੀਂ ਪੂਰੀ ਹਿਫ਼ਾਜ਼ਤ ਕਰਕੇ ਸਮਾਜਕ ਸੇਵਾ ਕਰਾਂਗੇ। ਭ੍ਰਿਸ਼ਟ ਲੀਡਰ, ਜੋ ਜਨਤਾ ਦੇ ਟੈਕਸ ’ਤੇ ਆਪਣਾ ਨਾਂ ਲਿਖਵਾਉਣਾ ਨਹੀਂ ਭੁੱਲਦੇ, ਉਨ੍ਹਾਂ ਪਾਸੋਂ ਆਮ ਲੋਕ ਟੈਕਸ ਚੋਰੀ ਕਰਨ ਨੂੰ ਹੀ ਉਚਿਤ ਸਮਝਦੇ ਹਨ। ਜ਼ਬਰਦਸਤੀ ਲਿਆ ਗਿਆ ਟੈਕਸ ਕਿਸੇ ਵੀ ਦੇਸ਼ ਨੂੰ ਖ਼ੁਸ਼ਹਾਲ ਨਹੀਂ ਬਣਾ ਸਕਦਾ। ਮੋਦੀ ਦੇ ਸਾਹਸੀ ਹੋਣ ਦੇ ਨਾਲ਼-ਨਾਲ਼ ਉਸ ਦੀ ਇਹ ਵੀ ਕਮਜ਼ੋਰੀ ਹੈ ਕਿ ਉਨ੍ਹਾਂ ਦੇ ਦਰੁਸਤ ਭਾਸ਼ਣ ’ਚੋਂ ਵੀ ਈਰਖਾ ਤੇ ਹੰਕਾਰ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਜਦ ਭਾਰਤ ਦੀ ਜਨਤਾ ਹੀ ਆਪਣੇ ਪ੍ਰਧਾਨ ਮੰਤਰੀ ਦੀ ਬੋਲੀ ’ਚੋਂ ਮਿਠਾਸ ਲਈ ਤਰਸਦੀ ਹੋਵੇ ਤਾਂ ਪਕਿਸਤਾਨੀ ਜਨਤਾ ਦੇ ਰੂ-ਬਰੂ ਹੋ ਕੇ ਇਹ ਕਹਿਣਾ ਕਿ ਸਾਨੂੰ ਗ਼ਰੀਬੀ, ਬੇਰੁਜ਼ਗਾਰੀ ਆਦਿ ਸਮੱਸਿਆ ਨਾਲ਼ ਮਿਲ ਕੇ ਲੜਨਾ ਚਾਹੀਦਾ ਹੈ, ਬੇਜੋੜ ਦਲੀਲ ਜਾਪਦੀ ਹੈ ਜਦਕਿ ਇਹੀ ਭਾਸ਼ਣ ਅਗਰ ਸਹਿਨਸ਼ੀਲਤਾ ਨਾਲ਼ ਦਿੱਤਾ ਜਾਂਦਾ ਤਾਂ ਆਮ ਪਾਕਿਸਤਾਨੀ ਨਾਗਰਿਕ ਨੂੰ ਜ਼ਰੂਰ ਪ੍ਰਭਾਵਤ ਕਰਦਾ ਕਿਉਂਕਿ ਸਾਡੀ ਤੇ ਉਨ੍ਹਾਂ ਦੀ ਸਮੱਸਿਆ ਇਕ ਸਮਾਨ ਹੈ।

ਮੋਦੀ ਦੇ ਸਲਾਹਕਾਰਾਂ ਨੇ ਉਨ੍ਹਾਂ ਨੂੰ ਇਸ ਭਰਮ ’ਚ ਰੱਖਿਆ ਹੋਇਆ ਹੈ ਕਿ ਸ਼ਾਇਦ 95% ਜਨਤਾ, 5% ਕਾਲਾ ਧਨ ਕਮਾਉਣ ਵਾਲ਼ਿਆਂ ਨੂੰ ਸਜ਼ਾ ਦਿਲਵਾਉਣ ਲਈ ਉਨ੍ਹਾਂ ਦੇ ਨਾਲ਼ ਖੜ੍ਹੀ ਰਹੇਗੀ, ਪਰ ਇਹ ਪਰਦਾ ਜਲਦੀ ਹੀ ਉਤਰਨ ਵਾਲ਼ਾ ਹੈ ਕਿਉਂਕਿ ਨਾ ਤਾਂ ਕਿਸੇ ਨੂੰ ਸਜ਼ਾ ਹੋਣੀ ਹੈ ਤੇ ਨਾ ਹੀ ਕਿਸੇ ਦੇ ਅਕਾਊਂਟ ’ਚ 15 ਲੱਖ ਪੈਣੇ ਹਨ। ਮੋਦੀ ਸਰਕਾਰ ਅਗਲੇ ਸਾਲ (2017-18) ਦਾ ਬਜਟ ਵੀ ਸਮੇਂ ਤੋਂ ਪਹਿਲਾਂ (1 ਫਰਬਰੀ 2017) ਨੂੰ ਹੀ ਇਸ ਸੋਚ ਨਾਲ਼ ਪੇਸ਼ ਕਰਨ ਜਾ ਰਹੀ ਹੈ ਕਿ ਸ਼ਾਇਦ ਜਨਤਾ ਦੇ ਦਰਦ ’ਤੇ ਕੁਝ ਮੱਲ੍ਹਮ ਲਗਾ ਕੇ ਵਿਧਾਨ ਸਭਾ ਚੁਣਾਵ ’ਚ ਫ਼ਾਇਦਾ ਲੈ ਲਿਆ ਜਾਏ, ਪਰ ਸਚਾਈ ਇਹ ਹੈ ਕਿ 60% ਦਰਮਿਆਨੇ ਭਾਰਤੀਆਂ ਦੀ ਜ਼ਿੰਦਗੀਭਰ ਦੀ ਕਮਾਈ ਨੂੰ ਟੈਕਸ ਅਧੀਨ ਲਿਆਉਣ ਨਾਲ਼ ਲੋਕ ਅੰਦਰੋਂ ਮੋਦੀ ਸਰਕਾਰ ਨੂੰ ਨਫ਼ਰਤ ਕਰਨ ਲੱਗ ਪਏ ਹਨ, ਜੋ ਕਈ ਸਾਲ ਨਹੀਂ ਭੁੱਲ ਸਕਦੇ ਕਿਉਂਕਿ ਇਹ ਮਾਰ ਬੁਧੀਜੀਵੀ ਵਰਗ ’ਤੇ ਪਈ ਹੈ, ਜੋ ਜ਼ਿਆਦਾਤਰ ਵਿਕਾਉ ਨਹੀਂ।

ਵਿਰੋਧੀ ਰਾਜਨੀਤਿਕ ਦਲਾਂ ਦਾ ਆਰੋਪ ਹੈ ਕਿ ਮੋਦੀ ਨੇ ਆਪਣਾ ਪਾਰਟੀ ਫੰਡ, ਆਰ. ਐੱਸ. ਐੱਸ. ਦਾ ਧਨ ਤੇ ਹਮਖ਼ਿਆਲੀ ਦਾਨੀ ਸੇਠਾਂ ਦੀ ਕਰੰਸੀ ਸਮੇਂ ਤੋਂ ਪਹਿਲਾਂ ਜਾਣਕਾਰੀ ਦੇ ਕੇ ਸਫ਼ੈਦ ਕਰਾ ਦਿੱਤੀ ਤੇ ਸਾਨੂੰ ਚੰਦਾ ਦੇਣ ਵਾਲ਼ਿਆਂ ਸਮੇਤ ਮਾਰ ਦਿੱਤਾ। ਅਸ਼ਾਂਤ ਜਨਤਾ ਦੀ ਹਮਾਇਤ ਨਾਲ਼ ਉਨ੍ਹਾਂ ਨੂੰ ਵੀ ਕੁਝ ਕੁ ਰਿਆਇਤਾਂ ਚਾਹੀਦੀਆਂ ਹਨ; ਜਿਵੇਂ ਕਿ ਘੱਟੋ ਘੱਟ ਫਰਬਰੀ (2017) ਦੇ ਚੁਣਾਵ ਤੱਕ ਪੁਰਾਣੇ ਨੋਟ ਚੱਲਦੇ ਰੱਖਣਾ, ਆਦਿ। ਅਕਤੂਬਰ 2016 ਮਹੀਨੇ ’ਚ ਬੈਂਕਾਂ ’ਚ ਜਮ੍ਹਾ ਰਾਸ਼ੀ 1% (ਪਹਿਲੇ ਹਫ਼ਤੇ) ਤੋਂ ਅਚਾਨਕ ਵਧ ਕੇ 4.7% (ਤੀਸਰੇ ਹਫ਼ਤੇ) ਹੋਣਾ, ਸਰਕਾਰ ਦੀ ਇਮਾਨਦਾਰੀ ’ਤੇ ਵੀ ਕਈ ਸਵਾਲ ਖੜ੍ਹੇ ਕਰਦੀ ਹੈ। 

ਭਾਰਤੀ ਸੰਵਿਧਾਨ ਮੁਤਾਬਕ ਢਾਈ ਲੱਖ ਦੀ ਸਾਲਾਨਾ ਟੈਕਸ ਛੋਟ ਵਾਲ਼ੀ ਰਕਮ ਹਰ ਦਿਨ 685 ਰੁਪਏ ਇਕੱਤਰ ਕਰਨ ਨਾਲ਼ ਪੂਰੀ ਹੋ ਜਾਂਦੀ ਹੈ। ਮਹਿੰਗੀ ਪੜ੍ਹਾਈ, ਮਹਿੰਗੇ ਇਲਾਜ ਸਮੇਤ ਹੋਰ ਪਰਿਵਾਰਕ ਖ਼ਰਚੇ ਪੂਰੇ ਕਰਨ ਲਈ ਸਬਜ਼ੀ ਵਾਲ਼ੇ, ਡ੍ਰਾਈਵਰ, ਬੈਂਡ ਵਾਜੇ ਵਾਲ਼ੇ ਇਤਿਆਦਿਕ ਨੂੰ ਵੀ ਇਸ ਤੋਂ ਵੱਧ ਕਮਾਈ ਕਰਨੀ ਪੈਂਦੀ ਹੈ, ਇਨ੍ਹਾਂ ਸਭ ਪਾਸ ਵੀ ਕਾਲਾ ਧਨ ਮੰਨਣਾ ਪਏਗਾ ਕਿਉਂਕਿ ਇਹ ਸਭ ਟੈਕਸ ਭਰਨ ਦੀ ਸਥਿਤੀ ’ਚ ਨਹੀਂ ਹੁੰਦੇ। ਨਸ਼ੱਈ (ਅਮਲੀ) ਬੱਚਿਆਂ ਅਤੇ ਨਸ਼ੱਈ ਪਤੀਆਂ ਤੋਂ ਬਚਾ ਕੇ ਅਗਰ ਕਿਸੇ ਔਰਤ ਨੇ ਢਾਈ ਲੱਖ ਤੋਂ ਵੱਧ ਰਕਮ ਇਸ ਉਮੀਦ ਨਾਲ਼ ਛੁਪਾ ਕੇ ਰੱਖੀ ਹੈ ਕਿ ਮੈ ਆਪਣੀ ਲੜਕੀ ਦਾ ਵਿਆਹ ਕਰਾਂਗੀ ਤਾਂ ਉਹ ਵੀ ਕਾਲਾ ਧਨ ਹੈ, ਜਿਸ ਵਿੱਚੋਂ ਢਾਈ ਲੱਖ ਨੂੰ ਸਫ਼ੈਦ ਕਰਨ ਲਈ ਵੀ, ਉਨ੍ਹਾਂ (ਨਸ਼ੱਈਆਂ) ਪਾਸ ਜਾਣਾ ਪਏਗਾ ਜਿਨ੍ਹਾਂ ਦੇ ਡਰ ਕਾਰਨ ਰਕਮ ਛੁਪਾਈ ਗਈ ਸੀ। 

ਹਰ ਸੁਵਿਧਾ ’ਚ ਹੋਈ ਦੇਰੀ ਕਾਰਨ ਆਮ ਬੰਦਾ ਆਪਣੀ ਜੇਬ ’ਚੋਂ ਨਿਕਲੇ ਗ਼ੈਰ ਕਾਨੂੰਨੀ ਪੈਸੇ (ਰਿਸ਼ਵਤ) ਨੂੰ ਹੀ ਕਾਲਾ ਧਨ ਮੰਨਦਾ ਹੈ, ਨਾ ਕਿ ਵਿਦੇਸ਼ਾਂ ’ਚ ਜਮ੍ਹਾ ਕੀਤੀ ਗਈ ਕਿਸੇ ਰਕਮ ਨੂੰ। ਮੋਦੀ ਨੇ ਕਾਲੇ ਧਨ ਦੇ ਨਾਂ ’ਤੇ ਹਰ ਉਸ ਭਾਰਤੀ ਨੂੰ ਬਿਪਤਾ ਪਾਈ, ਜੋ ਪਹਿਲਾਂ ਹੀ ਗ਼ਰੀਬੀ, ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਦੀ ਮਾਰ ਤੋਂ ਪੀੜਤ ਹੈ। ਆਪਣੀ ਮਿਹਨਤ ਦੀ ਕਮਾਈ ਨੂੰ ਘਰੇਲੂ ਖ਼ਰਚੇ ਲਈ ਕਢਵਾਉਣ ਵਾਸਤੇ ਲਾਇਨਾਂ ’ਚ ਖੜ੍ਹੇ 52 ਬੰਦੇ, ਪਿਛਲੇ 10 ਦਿਨਾਂ ’ਚ ਹੀ ਦਮ ਤੋੜ ਗਏ। ਅਜਿਹੀਆਂ ਖ਼ਬਰਾਂ ਨੂੰ ਵਿਖਾਉਣ ਵਾਲ਼ੇ ਐੱਨ. ਡੀ. ਟੀ. ਵੀ. (ਹਿੰਦੀ ਨਿਊਜ ਚੈਨਲ) ਦੇ ਸੰਪਾਦਕ ਰਵੀਸ਼ ਕੁਮਾਰ ਨੂੰ ਧਮਕੀਆਂ ਦਿੱਤੀਆਂ ਗਈਆਂ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਤੀਰਥ ਸਿੰਘ ਠਾਕੁਰ ਚਿੰਤਾ ਜਤਾ ਚੁੱਕੇ ਹਨ ਕਿ ਜਨਤਾ ਦੀਆਂ ਤਕਲੀਫ਼ਾਂ ਨੂੰ ਵੇਖਦਿਆਂ ਦੰਗੇ ਹੋਣ ਦੀ ਸੁਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਅਜਿਹੇ ਹਾਲਾਤ ਬਣਨ ਦਾ ਮੂਲ ਕਾਰਨ ਇਹ ਹੈ ਕਿ 86% ਭਾਰਤੀ ਕਰੰਸ ਰੱਦ ਹੋਣ ਕਾਰਨ ਮਾਤਰ 14 ਪ੍ਰਤਿਸ਼ਤ ਕਰੰਸੀ ਨਾਲ਼ ਹੀ ਦੇਸ਼ ਚੱਲ ਰਿਹਾ ਹੈ। ਦੂਸਰੇ ਪਾਸੇ 15 ਦਿਨਾਂ ਬਾਅਦ ਵੀ ਨਵੇਂ ਛਪੇ 500 ਦੇ ਨੋਟਾਂ ਦੇ ਦਰਸ਼ਨ ਨਹੀਂ ਹੋਏ। ਕੇਵਲ 2000 ਰੁਪਏ ਦੇ ਨਵੇਂ ਨੋਟਾਂ ਨਾਲ਼ ਹੀ ਬੈਂਕਾਂ ’ਚ ਜਮ੍ਹਾ ਹੋਏ ਹਜ਼ਾਰਾਂ ਕਰੋੜ (ਸਫ਼ੈਦ ਧਨ) ਦੀ ਭਰਪਾਈ ਕੀਤੀ ਜਾ ਰਹੀ ਹੈ, ਜਿਸ ਨੂੰ ਮਾਰਕਿਟ ’ਚ ਚਲਾਉਣ ਲਈ ਖੁਲ੍ਹੇ ਪੈਸੇ ਨਹੀਂ ਭਾਵ 2000 ਦਾ ਨੋਟ ਪਾਸ ਹੋਣ ਉਪਰੰਤ ਵੀ ਆਮ ਆਦਮੀ ਦੁਖੀ ਹੈ। ਮੋਦੀ ਸਰਕਾਰ ਦਾ ਇਹ ਸਾਹਸੀ ਕਦਮ, ਬਿਨਾਂ ਕਿਸੇ ਤਿਆਰੀ ਤੋਂ ਉੱਠਾਇਆ ਗਿਆ ਹੈ, ਜਿਸ ਦਾ ਖ਼ਮਿਆਜ਼ਾ (ਨੁਕਸਾਨ) ਆਮ ਜਨਤਾ ਭੁਗਤ ਰਹੀ ਹੈ। ਇਹ ਕਦਮ ਤਾਂ ਹੀ ਸ਼ਲਾਘਾਯੋਗ ਹੁੰਦਾ ਅਗਰ ਭਾਰਤ ਦੀ ਦਾਨੀ ਮਾਨਸਿਕਤਾ ਨੂੰ ਵੀ ਕੁਝ ਸਮਝਿਆ ਜਾਂਦਾ; ਜਿਵੇਂ ਕਿ

 (1). ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਬਸਰ ਕਰਨ ਵਾਲ਼ੇ ਤਮਾਮ ਭਾਰਤੀਆਂ ਦੇ ਅਕਾਊਂਟ ’ਚ 5-5 ਲੱਖ ਦੀ ਰਕਮ ਪਾਉਣ ਦੀ ਸੁਵਿਧਾ (ਟੈਕਸ ਫ੍ਰੀ) ਇਸ ਸ਼ਰਤ ਨਾਲ਼ ਦਿੱਤੀ ਜਾਂਦੀ ਕਿ ਇਸ ਦੀ ਨਿਕਾਸੀ ਲਈ ਬੱਚੇ ਦੀ ਪੜ੍ਹਾਈ, ਬੱਚੇ ਦੀ ਸ਼ਾਦੀ, ਅਚਾਨਕ ਦੁਰਘਟਨਾ ਆਦਿ ਦਾ ਸਬੂਤ ਦੇਣਾ ਜ਼ਰੂਰੀ ਹੋਏਗਾ। ਤਦ ਤੱਕ ਇਸ ਰਕਮ ਉੱਤੇ ਉਚਿਤ ਵਿਆਜ ਹਰ ਮਹੀਨੇ ਮਿਲੇਗਾ। ਕਾਲੇ ਧਨ ਵਾਲ਼ੇ ਵੀ ਇਹ ਸੇਵਾ ਬੜੀ ਖ਼ੁਸ਼ੀ ਨਾਲ਼ ਨਿਭਾਉਂਦੇ ਕਿਉਂਕਿ ਹੁਣ ਵੀ ਕੁਝ ਕਾਲਾ ਧਨ ਚੇਰੀਟੇਬਲ ਸੰਸਥਾਵਾਂ ’ਚ ਜਾਣ ਦੀ ਸੁਭਾਵਨਾ ਹੈ। ਅਜਿਹਾ ਭਾਜਪਾ ਦਾ ਚੁਣਾਵੀ ਇਕਰਾਰ ਵੀ ਸੀ।

(2). ਜਿਨ੍ਹਾਂ ਔਰਤਾਂ ਜਾਂ ਬਜ਼ੁਰਗਾਂ ਨੇ ਮਜਬੂਰੀ ’ਚ ਰਕਮ ਇਕੱਠੀ ਕੀਤੀ ਹੈ ਉਨ੍ਹਾਂ ਦੇ ਮੁਹੱਲੇ ’ਚ ਜਾ ਕੇ ਪੂਰੀ ਰਕਮ ਬਦਲ ਦਿੱਤੀ ਜਾਂਦੀ ਤੇ ਅਗਾਂਹ ਲਈ ਉਨ੍ਹਾਂ ਦਾ ਪੈਸਾ ਬੈਂਕ ’ਚ ਜਮ੍ਹਾ ਕਰਵਾਉਣਾ ਤੇ ਉਚਿਤ ਵਿਆਜ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦਾ।

(3). ਜੋ ਵਿਅਕਤੀ ਸਾਲਾਨਾ ਢਾਈ ਲੱਖ ਤੋਂ ਘੱਟ ਆਮਦਨ ਵਾਲ਼ੇ ਹਨ, ਉਨ੍ਹਾਂ ਨੂੰ ਆਪਣਾ ਤਮਾਮ ਇਕੱਠਾ ਕੀਤਾ ਪੈਸਾ ਇੱਕ ਵਾਰ ਟੈਕਸ ਰਹਿਤ ਬੈਂਕ ’ਚ ਜਮ੍ਹਾ ਕਰਵਾਉਣ ਦੀ ਸੁਵਿਧਾ ਹੋਣੀ ਚਾਹੀਦੀ ਸੀ। ਇਸ ਸੁਵਿਧਾ ’ਚ ਪਾਰਦਰਸ਼ਤਾ ਲਈ 20 ਹਜ਼ਾਰ (ਪ੍ਰਤਿ ਮਾਹ) ਤੋਂ ਵੱਧ ਨਿਕਾਸੀ ’ਤੇ ਕਾਰਨ ਦੱਸਣਾ ਜ਼ਰੂਰੀ ਹੁੰਦਾ, ਆਦਿ।

ਉਕਤ ਸੁਝਾਵ ਦਾ ਮਤਲਬ ਲਗਭਗ ਉਸ 40 ਪ੍ਰਤਿਸ਼ਤ (13-14 ਲੱਖ ਕਰੋੜ) ਰਕਮ ਨੂੰ ਵੱਧ ਤੋਂ ਵੱਧ ਬਚਾਉਣਾ ਹੈ ਜੋ ਕਾਲੇ ਧਨ ਨਾਲ਼ ਜਾਣੀ ਜਾਂਦੀ ਹੈ। ਅਗਰ ਇਹ ਰਕਮ ਮਰਦੀ ਮਰਦੀ ਵੀ ਕਿਸੇ ਦੀ ਗ਼ਰੀਬੀ ਦੂਰ ਕਰ ਜਾਵੇ ਤਾਂ ਇਸ ਵਿੱਚ ਦੇਸ਼ ਦਾ ਹੀ ਭਲਾ ਹੈ, ਨਹੀਂ ਤਾਂ ਜੋ ਸਥਿਤੀ ਹੁਣ ਬਣੀ ਹੈ ਉਸ ਮੁਤਾਬਕ ਅਗਲੇ 2 ਸਾਲਾਂ ਤੱਕ ਬਹੁਤੇ ਭਾਰਤੀਆਂ ਦੀ ਆਰਥਿਕ ਹਾਲਤ ਹੋਰ ਖ਼ਰਾਬ ਹੋਏਗੀ। ਇੱਕ ਵਪਾਰੀ, ਬੇਸੱਕ ਉਸ ਪਾਸ ਕਾਲਾ ਧਨ ਵੀ ਸੀ, 10-12 ਮਜ਼ਦੂਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਂਦਾ ਸੀ, ਜੋ ਸਭ ਬੇਰੁਜ਼ਗਾਰ ਹੋ ਗਏ ਤੇ ਸਰਕਾਰ ਪਾਸ ਵੀ ਅਜਿਹੀ ਕੋਈ ਯੋਜਨਾ ਨਹੀਂ ਕਿ ਉਨ੍ਹਾਂ ਦੀ ਤੁਰੰਤ ਆਰਥਿਕ ਮਦਦ ਕਰ ਸਕੇ।

ਦਰਅਸਲ, ਭਾਰਤ ’ਚ ਕੋਈ ਅਜਿਹਾ ਰਾਜਨੇਤਾ ਵਿਖਾਈ ਨਹੀਂ ਦਿੰਦਾ ਜੋ ਆਮ ਜਨਤਾ ਨਾਲ਼ ਖੜ੍ਹਾ ਹੋਵੇ। ਭਾਰਤੀ ਲੋਕਤੰਤਰ ’ਚ ਵੱਡਾ ਰਾਜਨੀਤਕ ਮੁੱਦਾ ਇਹ ਵੀ ਹੈ ਕਿ ਮੋਦੀ ਦਾ ਬਦਲ ਕੇਜਰਵਾਲ ਹੋਏਗਾ ਜਾਂ ਰਾਹੁਲ। ਮੋਦੀ ਜੀ ਚਾਹੁੰਦੇ ਹਨ ਕਿ ਰਾਹੁਲ ਹੀ ਰਹਿਣ ਕਿਉਂਕਿ ਉਨ੍ਹਾਂ ਤੋਂ ਬਹੁਤਾ ਖ਼ਤਰਾ ਨਹੀਂ, ਇਸ ਲਈ ਕੇਜਰੀਵਾਲ ਵਾਲ਼ੇ ਮੁੱਦੇ ਖੋਹਣ ਦੀ ਹੋੜ ਵੀ ਲੱਗੀ ਹੋਈ ਹੈ, ਜਿਸ ਬਾਰੇ ਪਹਿਲਾਂ ਕੋਈ ਠੋਸ ਯੋਜਨਾ ਨਹੀਂ ਬਣਾਈ ਗਈ। ਅਗਰ ਮੋਦੀ ਭ੍ਰਿਸ਼ਟਾਚਾਰ ਪ੍ਰਤੀ ਸਹਿਨਸ਼ੀਲ ਹੁੰਦੇ ਤਾਂ ਉਨ੍ਹਾਂ 600 ਭਾਰਤੀਆਂ ਦੇ ਨਾਂ ਉਜਾਗਰ ਕਰਦੇ, ਜਿਨ੍ਹਾਂ ਦਾ ਕਾਲਾ ਧਨ ਵਿਦੇਸ਼ੀ ਬੈਂਕਾਂ ’ਚ ਪਿਆ, ਚੁਣਾਵੀ ਭਾਸ਼ਣਾਂ ’ਚ ਬੋਲਿਆ ਗਿਆ ਸੀ ਤੇ ਹੁਣ ਉਹੀ ਨਾਮ ਭਾਰਤ ਸਰਕਾਰ ਪਾਸ ਵੀ ਆ ਚੁੱਕੇ ਹਨ, ਪਾਰਟੀ ਫੰਡ ਲਈ ਦਿੱਤੇ ਜਾ ਰਹੇ 20 ਹਜ਼ਾਰ ਰੁਪਏ ਨੂੰ ਲਿਖਤੀ ਰਿਕਾਰਡ ’ਚ ਲੈ ਕੇ ਆਉਂਦੇ, ਤਮਾਮ ਰਾਜਨੀਤਿਕ ਪਾਰਟੀਆਂ ਨੂੰ ਆਰ. ਟੀ. ਆਈ. ਦੇ ਦਾਇਰੇ ’ਚ ਲਿਆਉਂਦੇ, ਵੀ. ਆਈ. ਪੀ. ਕਲਚਰ ਨੂੰ ਖ਼ਤਮ ਕਰਦੇ, ਜਿਨ੍ਹਾਂ ਦੀ ਸੁਰੱਖਿਆ ’ਚ ਲੱਗੀ ਪੁਲਿਸ ਆਮ ਨਾਗਰਿਕਾਂ ਦੀ ਹਿਫ਼ਾਜ਼ਤ ਕਰਦੀ, ਕੇਜਰੀਵਾਲ ਦੇ ਭ੍ਰਿਸ਼ਟਾਚਾਰ ਵਿਰੋਧੀ ਬਿੱਲ ਨੂੰ ਪਾਸ ਕਰਵਾਉਣ ਲਈ ਰਾਸ਼ਟਰਪਤੀ ਪਾਸ ਭੇਜ ਕੇ ਵਿਰੋਧੀ ਧਿਰਾਂ ਨਾਲ਼ ਨੇੜਤਾ ਕਾਇਮ ਕਰਦੇ ਆਦਿ, ਪਰ ਅਜਿਹਾ ਜਾਪਦਾ ਹੈ ਕਿ ਫ਼ਿਲਹਾਲ ਤਾਂ ਮੋਦੀ ਦੇ ਕੇਵਲ ਦੋ ਮਕਸਦ ਹੀ ਸਰਬੋਤਮ ਦੇਸ਼ ਭਗਤੀ ਹਨ:

(1). ਗੁਪਤ ਕਰੰਸੀ ਨੂੰ ਦੁਬਾਰਾ ਛਾਪ ਕੇ ਸਰਕਾਰੀ ਖ਼ਜ਼ਾਨਾ ਭਰਨਾ।

(2). ਹਰ ਭਾਰਤੀ ਨੂੰ ਟੈਕਸ ਅਧੀਨ ਲਿਆਉਣਾ।

ਕਿਸੇ ਵੀ ਦੇਸ਼ ਦਾ ਵਿਅਕਤੀ ਕਾਲੇ ਧਨ ਦੀ ਨਿਕਾਸੀ ਦਾ ਵਿਰੋਧ ਨਹੀਂ ਕਰ ਸਕਦਾ, ਪਰ ਇਸ ਭਾਵਨਾ ਦਾ ਦੁਰਪ੍ਰਯੋਗ ਕਰਕੇ ਆਮ ਜਨਤਾ ਦੀ ਜੇਬ ਵੱਲ ਹੀ ਸਾਰਾ ਧਿਆਨ ਦੇਣਾ ਤੇ ਉਸ ਦੀਆਂ ਬੁਨਿਆਦੀ ਮੰਗਾਂ (ਗ਼ਰੀਬੀ, ਬੇਰੁਜ਼ਗਾਰੀ, ਮਹਿੰਗਾਈ, ਪੜ੍ਹਾਈ, ਇਲਾਜ, ਇਨਸਾਫ਼, ਭ੍ਰਿਸ਼ਟਾਚਰ, ਆਦਿ) ਨੂੰ ਬਣਦਾ ਮਹੱਤਵ ਵੀ ਨਾ ਦੇਣਾ, ਲਾਚਾਰ ਜਨਤਾ ਨਾਲ਼ ਬੇਇਨਸਾਫ਼ੀ ਹੈ, ਕਿਉਂਕਿ ਅੱਜ ਸਾਰਾ ਭਾਰਤ ਰੁਕ ਗਿਆ ਹੈ। ਭੁੱਖੇ ਪੇਟ ਸੌਂਣ ਵਾਲ਼ੇ ਤੇ ਬਿਨਾਂ ਇਲਾਜ ਦਮ ਤੌੜਨ ਵਾਲ਼ੇ ਵਧ ਗਏ ਹਨ। ਪੜੋਸੀ ਨੂੰ ਦੁੱਖੀ ਵੇਖ ਕੇ ਖ਼ੁਸ਼ ਹੋਣ ਵਾਲ਼ੀ ਮਾਨਸਿਕਤਾ ਮੋਦੀ ਦੀ ਹਮਾਇਤ ’ਚ ਖੜ੍ਹੀ ਵਿਖਾਈ ਦੇ ਰਹੀ ਹੈ। ਵਿਕਾਊ ਮੀਡੀਆ, ਇੰਨੇ ਕਰੋੜ ਬੈਂਕਾਂ ’ਚ ਜਮ੍ਹਾ ਹੋ ਗਿਆ, ਦਾ ਸਮਾਚਾਰ ਵਿਖਾ ਰਿਹਾ ਹੈ; ਜਿਵੇਂ ਕਿ ਸਾਰਾ ਹੀ ਕਾਲਾ ਧਨ ਹੋਵੇ। ਭਾਰਤ ਦੀ ਜਨਤਾ ਨੂੰ ਆਪਣੀ ਸਰਕਾਰ ਪਾਸੋਂ ਜ਼ਰੂਰ ਪੁੱਛਣਾ ਚਾਹੀਦਾ ਹੈ ਕਿ ਕਿੰਨਾ ਕਾਲਾ ਧਨ ਪਕੜਿਆ ਗਿਆ, ਜਿਸ ਲਈ ਇਹ ਸਭ ਕੁਝ ਕਰਨਾ ਪਿਆ ?

ਪੰਜਾਬ ਦੀ ਸੱਤਾ ਅਦਲਾ-ਬਦਲੀ ’ਚ ਮਾਹਰ ਦੋ ਪ੍ਰਮੁੱਖ ਪਾਰਟੀਆਂ (ਕਾਂਗਰਸ ਤੇ ਅਕਾਲੀ ਦਲ ਬਾਦਲ) ਪਾਣੀ ਵੰਡ ਦੇ ਸੰਵੇਦਨਸ਼ੀਲ ਮੁੱਦੇ ’ਤੇ ਕਿਵੇਂ ਆਪਣੀ ਬੇਵਕੂਫ਼ੀ ’ਤੇ ਪਰਦਾ ਪਾ ਰਹੀਆਂ ਹਨ ?

0

ਪੰਜਾਬ ਦੀ ਸੱਤਾ ਅਦਲਾ-ਬਦਲੀ ’ਚ ਮਾਹਰ ਦੋ ਪ੍ਰਮੁੱਖ ਪਾਰਟੀਆਂ (ਕਾਂਗਰਸ ਤੇ ਅਕਾਲੀ ਦਲ ਬਾਦਲ) ਪਾਣੀ ਵੰਡ ਦੇ ਸੰਵੇਦਨਸ਼ੀਲ ਮੁੱਦੇ ’ਤੇ ਕਿਵੇਂ ਆਪਣੀ ਬੇਵਕੂਫ਼ੀ ’ਤੇ ਪਰਦਾ ਪਾ ਰਹੀਆਂ ਹਨ ?

(ੳ). ਸੁਖਵੀਰ ਬਾਦਲ ਨਾਲ਼ ਹੋਈ ਗੱਲਬਾਤ ਦਾ ਸਾਰ-ਅੰਸ਼:

ਸਵਾਲ (1). ਤੁਹਾਡੇ ਹਮਾਇਤੀ ਦੇਵੀ ਲਾਲ ਤੋਂ ਪ੍ਰਕਾਸ ਬਾਦਲ ਨੇ 2 ਕਰੋੜ ਦਾ ਚੈੱਕ ਨਹਿਰ ਬਣਾਉਣ ਲਈ ਲਿਆ, ਫਿਰ ਦੋਸ਼ੀ ਕਾਂਗਰਸ ਕਿਵੇਂ ?

ਜਵਾਬ: ਇਹ ਸਭ ਕੇਂਦਰ ਦੇ ਦਬਾਅ ’ਚ ਹੋਇਆ।

ਸਵਾਲ (2). ਹਰਿਆਣਾ ਸਰਕਾਰ ਦੁਆਰਾ ਨਿਯੁਕਤ ਕੀਤੇ ਗਏ 40 ਵਕੀਲਾਂ ਦੇ ਪੈਨਲ ਦੇ ਮੁਕਾਬਲੇ ਤੁਸੀਂ ਕੋਰਟ ’ਚ ਕੇਵਲ ਇੱਕ ਯੂਨੀਅਰ ਵਕੀਲ ਨਾਲ ਹੀ ਕੇਸ ਲੜਦੇ ਰਹੇ, ਕਿਉਂ ?

ਜਵਾਬ: ਅਦਾਲਤ ’ਚ ਜ਼ਿਰਹ ਅਸੀਂ ਪੂਰੀ ਤਾਕਤ ਨਾਲ਼ ਕੀਤੀ, ਪਰ ਫ਼ੈਸਲਾ ਤਾਂ ਜੱਜ ਨੇ ਦੇਣਾ ਸੀ।

ਸਵਾਲ (3). ਵੱਡੇ ਬਾਦਲ ਕਹਿ ਰਹੇ ਹਨ ਕਿ ਮੋਗਾ ਰੈਲੀ ’ਚ ਪਰਿਵਾਰ ਦਾ ਇੱਕ ਮੈਬਰ ਭੇਜੋ ਤਾਂ ਜੋ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਚਨੌਤੀ ਦਿੱਤੀ ਜਾਏ, ਕੀ ਇਹ ਉਚਿਤ ਤਰੀਕਾ ਹੈ ?

ਜਵਾਬ: ਇਹ ਲੜਾਈ ਪੰਜਾਬੀਆਂ ਲਈ ਹੈ। ਸਿਆਸਤ ਤਾਂ ਕਾਂਗਰਸ ਕਰ ਰਹੀ ਹੈ। 

ਸਵਾਲ (4). ਤੁਸੀਂ ਰਾਸ਼ਟਰਪਤੀ ਨੂੰ ਕਿਉਂ ਨਹੀਂ ਮਿਲ ਰਹੇ ?

ਜਵਾਬ: ਅਸੀਂ ਉਚਿਤ ਕਾਰਵਾਈ ਕੀਤੀ ਪਰ ਮੌਕਾ ਨਹੀਂ ਮਿਲਿਆ।

(ਅ). ਕੈਪਟਨ ਨਾਲ਼ ਹੋਈ ਗੱਲਬਾਤ ਦਾ ਸਾਰ-ਅੰਸ਼:

ਸਵਾਲ (1). ਆਪ 17 ਤਾਰੀਕ ਨੂੰ ਰਾਸ਼ਟਰਪਤੀ ਪਾਸ ਮਿਲਣ ਜਾ ਰਹੇ ਹੋ, ਪਰ ਮੁੱਖ ਮੰਤਰੀ ਨੂੰ ਮੌਕਾ ਨਹੀਂ ਮਿਲਿਆ, ਕੀ ਕਾਰਨ ?

ਜਵਾਬ: ਉਨ੍ਹਾਂ ਨੇ ਕੋਈ ਪੱਤਰ ਰਾਸ਼ਟਰਪਤੀ ਪਾਸ ਨਹੀਂ ਭੇਜਿਆ।

ਸਵਾਲ (2). 1981 ’ਚ ਇੰਦਰ ਗਾਂਧੀ ਦੁਆਰਾ ਕਪੂਰੀ ਨਹਿਰ ਦਾ ਟੱਕ ਲਾਉਣ ਸਮੇਂ ਤੁਸੀਂ ਖ਼ੁਸ਼ ਸੀ ਪਰ ਹੁਣ ਨਰਾਜ਼ ?

ਜਵਾਬ: ਜ਼ਮੀਨ ਤਾਂ ਬਾਦਲ ਨੇ ਦਿੱਤੀ ਹੈ।

ਸਵਾਲ (3). ਆਪ ਨੇ ਸੰਸਦੀ ਸੀਟ ਛੱਡ ਦਿੱਤੀ ਪਰ ਬਾਕੀ ਪੰਜਾਬ ਦੇ ਸੰਸਦਾਂ ਨੇ ਕਿਉਂ ਨਹੀਂ ਛੱਡੀ ?

ਜਵਾਬ: ਮੈਂ ਉਨ੍ਹਾਂ ਨੂੰ ਕੁਛ ਨਹੀਂ ਕਹਿ ਸਕਦਾ।

ਸਵਾਲ (4). ਅਗਰ ਤੁਹਾਡੀ ਸਰਕਾਰ ਆਈ ਤਾਂ ਕੀ ਕਰੋਗੇ ? ਜਦ ਤੁਹਾਡਾ ਪਹਿਲਾ ਬਣਾਇਆ ਕਾਨੂੰਨ ਹੀ ਰੱਦ ਹੋ ਗਿਆ ?

ਜਵਾਬ: ਪੰਜਾਬ ਸਰਕਾਰ ਨੇ ਅਗਾਂਹ ਕੁਝ ਨਹੀਂ ਕੀਤਾ।

ਪੰਜਾਬ ਜਿਊਂਦਾ ਗੁਰਾਂ ਦੇ ਨਾਮ ਤੇ

0

ਪੰਜਾਬ ਜਿਊਂਦਾ ਗੁਰਾਂ ਦੇ ਨਾਮ ਤੇ 

ਸੁਖਜੀਤ ਸਿੰਘ ਕਪੂਰਥਲਾ (ਕਪੂਰਥਲਾ)- 098720-76876

ਸੁਖਜੀਤ ਸਿੰਘ

ਪੰਜ ਦਰਿਆਵਾਂ ਦੇ ਪਾਣੀਆਂ ਦੀ ਧਰਤੀ ਪੰਜਾਬ ਦੇ ਚੱਪੇ-ਚੱਪੇ ਨੂੰ ਗੁਰੂ ਸਾਹਿਬਾਨ ਦੇ ਚਰਨਾ ਦੀ ਛੋਹ ਪ੍ਰਾਪਤ ਹੈ। ਇੱਥੇ ਗੁਰੂ ਸਾਹਿਬਾਨਾਂ ਨੇ ਧਰਮ ਨੂੰ ਪ੍ਰੈਕਟੀਕਲ ਰੂਪ ਵਿੱਚ ਜਿਊ ਕੇ ਮਨੁੱਖਤਾ ਦੇ ਸਾਹਮਣੇ ਨਿਵੇਕਲਾ ਅਤੇ ਵਿਲੱਖਣ ਸਿਧਾਂਤ ਪੇਸ਼ ਕੀਤਾ। ਪੰਜਾਬ ਦੀ ਧਰਤੀ, ਪੰਜਾਬ ਦੇ ਸਭਿਆਚਾਰ ਵਿੱਚੋਂ ਦਸ ਗੁਰੂ ਸਾਹਿਬਾਨ ਨੂੰ ਕਿਸੇ ਰੂਪ ਵਿੱਚ ਕਦੀ ਵੀ ਮਨਫੀ ਨਹੀ ਕੀਤਾ ਜਾ ਸਕਦਾ ਹੈ। ਇਸੇ ਲਈ ਤਾਂ ਪੰਜਾਬੀ ਦਾ ਅਲਬੇਲਾ ਕਵੀ ਪ੍ਰੋਫੈਸਰ ਪੂਰਨ ਸਿੰਘ ਆਪਣੀ ਕਲਮ ਤੋ ਲਿਖਦਾ ਹੈ- ‘ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਊਂਦਾ ਗੁਰਾਂ ਦੇ ਨਾਮ ਤੇ।’

ਇਸੇ ਪੰਜਾਬ ਦੀ ਧਰਤੀ ਉਪਰ ਬਾਬੇ ਨਾਨਕ ਨੇ ‘ਨਾ ਕੋ ਹਿੰਦੂ ਨਾ ਮੁਸਲਮਾਨ’ ਦੇ ਨਾਹਰੇ ਨਾਲ ਸਮੁੱਚੀ ਮਨੁੱਖਤਾ ਦੇ ਉਧਾਰ ਲਈ ‘ਚੜਿਆ ਸੋਧਣ ਧਰਤ ਲੋਕਾਈ’ ਵਾਲੇ ਉਦਾਸੀਆ ਦੇ ਮਿਸ਼ਨ ਦੀ ਆਰੰਭਤਾ ਕੀਤੀ। ਇਥੇ ਹੀ ਸਾਂਝੀਵਾਲਤਾ ਦੇ ਪ੍ਰਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ, ਸ੍ਰੀ ਹਰਿਮੰਦਰ ਸਾਹਿਬ,ਅੰਮ੍ਰਿਤਸਰ ਦੀ ਨੀਂਹ ਸਾਂਈ ਮੀਆ ਮੀਰ ਜੀ ਦੇ ਹੱਥੋ ਰਖਵਾ ਕੇ, ਚਾਰੇ ਦਿਸ਼ਾਵਾ ਵਿੱਚ ਚਾਰ ਦਰਵਾਜੇ ਰੱਖ ਕੇ ਮਨੁੱਖਤਾ ਦੀ ਇਕਸਾਰਤਾ ਦਾ ਪ੍ਰਤੱਖ ਸਬੂਤ ਪੇਸ਼ ਕੀਤਾ ਗਿਆ। ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਉਪਰ 1699 ਦੀ ਵਿਸਾਖੀ ਵਾਲੇ ਦਿਨ ਆਦਰਸ਼ਕ ਖਾਲਸਾ ਪੰਥ ਦੀ ਸਾਜਨਾ ਕਰਕੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ-ਪਾਤ, ਇਲਾਕਿਆ ਦੀਆ ਹੱਦਬੰਦੀਆ ਨੂੰ ਖਤਮ ਕਰਕੇ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਅਮਲੀ ਜਾਮਾ ਪਹਿਨਾ ਕੇ ਦਿਖਾ ਦਿਤਾ। ਇਸੇ ਪੰਜਾਬ ਦੀ ਧਰਤੀ ਉਪਰ ਦੁਨੀਆ ਦੇ ਇਤਿਹਾਸ ਦੀ ਬੇਜੋੜ ਅਤੇ ਅਸਾਂਵੀ ਜੰਗ ‘ਚਮਕੌਰ ਸਾਹਿਬ’ ਦੇ ਇਤਿਹਾਸਕ ਅਸਥਾਨ ਤੇ ਲੜੀ ਗਈ। ਜਾਲਮਾ ਦੇ ਜੁਲਮ ਸਾਹਮਣੇ ਬਾਲ ਉਮਰ ਦੀ ਪ੍ਰਵਾਹ ਨਾ ਕਰਦੇ ਹੋਏ ਜਿਊਂਦੇ ਜੀਅ ਨੀਹਾਂ ਵਿੱਚ ਆਪਾ ਚਿਣਵਾ ਕੇ ਕਲਗੀਧਰ ਪਾਤਸ਼ਾਹ ਦੇ ਛੋਟੇ ਸਾਹਿਬਜਾਦਿਆਂ ਵਲੋਂ ‘ਨਿਕੀਆ ਜਿੰਦਾ ਵੱਡਾ ਸਾਕਾ’ ਦਾ ਇਤਿਹਾਸ ਸਿਰਜ ਕੇ ਵਿਖਾ ਦਿੱਤਾ। ਗੁਰੂ ਸਾਹਿਬ ਵਲੋ ਬਾਣੀ ਅਤੇ ਬਾਣੇ ਦੀਆ ਬਖਸ਼ਿਸ਼ਾ ਨਾਲ ਨਿਵਾਜੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਖਾਲਸੇ ਨੇ ਬਹੁਤ ਵੱਡੀ ਤੇ ਤਾਕਤਵਰ ਮੁਗਲ ਸਲਤਨਤ ਨਾਲ ਲੋਹਾ ਲੈ ਕੇ ਸਰਹੰਦ ਦੀ ਇਟ ਨਾਲ ਇਟ ਖੜਕਾ ਦਿੱਤੀ। ‘ਕੋਊ ਕਿਸੀ ਕੋ ਰਾਜ ਨ ਦੇ ਹੈ, ਜੋ ਲੇ ਹੈ ਨਿਜ ਬਲ ਸੇ ਲੇ ਹੈ’ਦੇ ਸਿਧਾਂਤ ਤੇ ਚਲਦਿਆ ਹੋਇਆ ਪਹਿਲਾ ਖਾਲਸਾ ਰਾਜ ਕਾਇਮ ਕਰਕੇ ਵਿਖਾ ਦਿੱਤਾ। 

‘ਪੰਜਾਬ ਜਿਊਂਦਾ ਗੁਰਾਂ ਦੇ ਨਾਮ ਤੇ’ ਨੂੰ ਸਾਰਥਕ ਕਰਦੇ ਹੋਏ ਗੁਰੂ ਸਾਹਿਬਾਨ ਤੋ ਬਾਦ ਵੀ ਮਹਾਰਾਜਾ ਰਣਜੀਤ ਸਿੰਘ, ਅਕਾਲੀ ਫੂਲਾ ਸਿੰਘ, ਸ. ਹਰੀ ਸਿੰਘ ਨਲੂਆ, ਸ. ਸ਼ਾਮ ਸਿੰਘ ਅਟਾਰੀ ਆਦਿ ਵਲੋ ਗੁਰੂ ਸਾਹਿਬਾਨ ਦੇ ਪਾਏ ਪੂਰਨਿਆ ਤੇ ਚਲ ਕੇ ‘‘ਬੇਗਮਪੁਰਾ ਸਹਰ ਕੋ ਨਾਉ॥ ਦੂਖੁ ਅੰਦੋਹੁ ਨਹੀ ਤਿਹਿ ਠਾਉ॥’’ (੩੪੫) ਵਾਲਾ ਸੁਚੱਜਾ ਸਮਾਜ ਸਿਰਜ ਕੇ ਮਨੁੱਖਤਾ ਦੇ ਭਲੇ ਵਾਲੇ ਰਾਜ ਦਾ ਮਾਡਲ ਪੇਸ਼ ਕੀਤਾ ਗਿਆ। ‘‘ਸਰਬ ਧਰਮ ਮਹਿ ਸ੍ਰੇਸਟ ਧਰਮ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥’’ (੨੬੬) ਵਾਲੇ ਗੁਰੂ ਫੁਰਮਾਣਾ ਦੀ ਰੋਸ਼ਨੀ ਵਿੱਚ ਚਲਦਿਆਂ ਗੁਰੂ ਨਾਨਕ ਸਾਹਿਬ ਵਲੋਂ ਦਿੱਤੇ ਗਏ ਮੁੱਢਲੇ ਸਿਧਾਂਤ ‘ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ’ ਵਾਲਾ ਰੋਲ ਮਾਡਲ ਪੰਜਾਬ ਦੀ ਧਰਤੀ ਤੇ ਪ੍ਰੈਕਟੀਕਲ ਰੂਪ ਵਿੱਚ ਕਮਾ ਕੇ ਵਿਖਾਇਆ ਗਿਆ।

ਗੁਰੂ ਸਾਹਿਬਾਨ ਵਲੋਂ ਦਰਸਾਈ ਜੀਵਨ ਜਾਚ ‘‘ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨਿ॥’’ (੧੪੨੭) ’ਤੇ ਚਲਦਿਆਂ ਹੋਇਆਂ ਪੰਜਾਬੀ ਅਣਖੀਲੇ ਸੁਭਾਉ ਦੇ ਮਾਲਕ ਬਣ ਗਏ, ਇਸ ਦੀ ਤਰਜਮਾਨੀ ਕਰਦੇ ਹੋਏ ਪੰਜਾਬੀ ਦਾ ਅਲਬੇਲਾ ਕਵੀ ਪ੍ਰੋ. ਪੂਰਨ ਸਿੰਘ ਹੋਰ ਲਿਖ ਜਾਂਦਾ ਹੈ- ‘ਇਹ ਬੇਪਰਵਾਹ ਪੰਜਾਬ ਦੇ, ਮੌਤ ਨੂੰ ਮਖੌਲਾ ਕਰਨ, ਮਰਨ ਤੋਂ ਨਹੀ ਡਰਦੇ। ਪਿਆਰ ਨਾਲ ਇਹ ਕਰਨ ਗੁਲਾਮੀ, ਪਰ ਟੈਂ ਨਾ ਮੰਨਣ ਕਿਸੇ ਦੀ। ਖਲੋ ਜਾਣ ਮੋਢੇ ਤੇ ਡਾਂਗਾ ਉਲਾਰ ਕੇ।’ ਪਰ ਜਦੋਂ ਅਸੀ ਪੰਜਾਬੀਆਂ ਦੇ ਪੁਰਾਤਨ ਇਤਿਹਾਸਕ ਵਿਰਸੇ ਨੂੰ ਮੌਜੂਦਾ ਹਾਲਾਤ ਦੀ ਤੁਲਨਾ ਵਿੱਚ ਝਾਤੀ ਮਾਰ ਕੇ ਵੇਖਦੇ ਹਾਂ ਤਾਂ ਬੜੀ ਸਪਸ਼ਟ ਤਸਵੀਰ ਉਭਰ ਕੇ ਸਾਹਮਣੇ ਆਉਦੀ ਹੈ ਕਿ ਪੰਜਾਬੀਆਂ ਨੂੰ ਕੋਈ ਵੀ ਗੈਰ ਜਬਰਦਸਤੀ ਗੁਲਾਮ ਨਹੀ ਬਣਾ ਸਕਿਆ, ਪਰ ਅੱਜ ਅਸੀ ਆਪਣੇ ਬਣਾਏ ਮੱਕੜੀ ਦੇ ਜਾਲੇ ਵਾਂਗ ਆਪਣੇ ਹੱਥੀ ਸਹੇੜੀਆਂ ਬੁਰਾਈਆਂ ਦੇ ਪੂਰੀ ਤਰ੍ਹਾਂ ਗੁਲਾਮ ਬਣ ਚੁੱਕੇ ਹਾਂ। ‘ਪੰਜਾਬ ਜਿਊਂਦਾ ਗੁਰਾਂ ਦੇ ਨਾਮ ਤੇ’ ਵਾਲੇ ਸ਼ਾਨਾਮੱਤੇ ਵਿਰਸੇ ਦਾ ਪੱਲਾ ਛੱਡ ਕੇ ਸਾਡੇ ਪੱਲੇ ਖੁਨਾਮੀ ਅਤੇ ਖੁਆਰੀ ਹੀ ਪੈ ਰਹੀ ਹੈ। ਇਸ ਦਾ ਕਾਰਨ ਸਾਡੇ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਹੋਈ ਚਿਤਾਵਨੀ ਨੂੰ ਭੁੱਲ ਜਾਣਾ ਹੀ ਹੈ।

ਜਬ ਲਗ ਖਾਲਸਾ ਰਹੈ ਨਿਆਰਾ॥ ਤਬ ਲਗ ਤੇਜ ਦੀਉ ਮੈ ਸਾਰਾ॥

ਜਬ ਇਹ ਗਹੈ ਬਿਪਰਨ ਕੀ ਰੀਤ॥ ਮੈ ਨ ਕਰਉ ਇਨ ਕੀ ਪ੍ਰਤੀਤ॥

ਅਸੀ ਕਿੱਥੋਂ ਤੁਰੇ ਸੀ, ਕਿੱਥੇ ਪਹੁੰਚ ਗਏ ? ਗੁਰੂ ਸਿਧਾਂਤਾਂ ਦਾ ਪੱਲਾ ਛੱਡਣ ਕਰਕੇ ਅੱਜ ਸਾਡੀ ਹਾਲਤ ‘‘ਅੰਮ੍ਰਿਤ ਕਉਰਾ ਬਿਖਿਆ ਮੀਠੀ’’ (892) ਵਾਲੀ ਹੋ ਗਈ। ਅੱਜ ਦੇ ਬਹੁਗਿਣਤੀ ਮਨੁੱਖ ਆਪਣੇ ਮਿੱਤਰ, ਰਿਸ਼ਤੇਦਾਰ, ਪਤਨੀ, ਭਰਾਵਾਂ ਆਦਿ ਦੀ ਨਜਾਇਜ ਗੱਲ ਮੰਨ ਕੇ ਸ਼ਰਾਬ ਵੀ ਪੀ ਲੈਂਦੇ ਹਨ, ਪ੍ਰੰਤੂ ਗੁਰੂ ਦੀ ਜਾਇਜ ਗੱਲ ਮੰਨ ਕੇ ਅੰਮ੍ਰਿਤ ਛੱਕਣ ਲਈ ਤਿਆਰ ਨਹੀਂ ਹੋ ਰਹੇ।

ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਅਤੇ ਸਿੱਖ ਸ਼ਹੀਦਾਂ ਦੇ ਖੂਨ ਨਾਲ ਰੰਗੀ ਪੰਜਾਬ ਦੀ ਪਵਿੱਤਰ ਧਰਤੀ ਜਿੱਥੇ ਅੰਮ੍ਰਿਤ ਦੀ ਦਾਤ ਵੰਡੀ ਗਈ, ਅੱਜ ਪੰਜ ਦਰਿਆਵਾਂ ਵਾਲੇ ਪੰਜਾਬ ਵਿੱਚ ਸ਼ਰਾਬ ਰੂਪੀ ਛੇਵਾਂ ਦਰਿਆ ਵਗ ਰਿਹਾ ਹੈ। ਇਸ ਗਿਰਾਵਟ ਲਈ ਜਿੰਮੇਵਾਰ ਕੌਣ ? ਵਲ ਇਸ਼ਾਰਾ ਕਰਦਾ ਹੋਇਆ ਇਕ ਕਵੀ ਬਾਬਾ ਨਾਨਕ ਨੂੰ ਸੰਬੋਧਨ ਕਰਕੇ ਲਿਖਦਾ ਹੈ-

ਐ ਬਾਬਾ! ਪੰਜਾਬ ਤੇਰੇ ਨੂੰ ਗਈ ਸਿਆਸਤ ਖਾ। ਏਥੇ ਵਗਦਾ ਏ ਬਸ, ਨਸ਼ਿਆ ਦਾ ਇਕੋ ਹੀ ਦਰਿਆ।

ਅੱਜ ਸਾਡੇ ਵਲੋਂ ਧਰਮ ਦੇ ਨਾਮ ’ਤੇ ਕੀਤੇ ਜਾ ਰਹੇ ਬਹੁਗਿਣਤੀ ਸਮਾਜਕ ਸਮਾਗਮ ਆਰੰਭ ਤਾਂ ਗੁਰਬਾਣੀ ਦੇ ਪਾਠ, ਕੀਰਤਨ ਨਾਲ ਹੁੰਦੇ ਹਨ ਪ੍ਰੰਤੂ ਸਮਾਪਤੀ ਸ਼ਰਾਬ ਦੇ ਪਿਆਲੇ ਤੇ ਜਾ ਕੇ ਹੁੰਦੀ ਹੈ। ਕੋਈ ਸਮਾਂ ਸੀ ਜਦੋ ਸ਼ਰਾਬ ਪੀਣ ਵਾਲੇ ਥੋੜੇ ਸਨ ਅਤੇ ਉਹ ਵੀ ਲੁਕ ਛਿਪ ਕੇ ਪਰਦੇ ਅੰਦਰ ਪੀਂਦੇ ਸਨ, ਪਰ ਅੱਜ ਵਿਆਹਾਂ ਸ਼ਾਦੀਆਂ/ਸਮਾਜਿਕ ਸਮਾਗਮਾਂ ਸਮੇਂ ਵਧੀਆ ਤੋਂ ਵਧੀਆ ਬ੍ਰਾਂਡ ਦੀ ਸ਼ਰਾਬ ਪੀਣਾ-ਪਿਲਾਉਣਾ ਇਕ ਸਟੇਟਸ ਸਿੰਬਲ ਵਜੋ ਸਾਹਮਣੇ ਆ ਰਿਹਾ ਹੈ। ਅੰਮ੍ਰਿਤ ਦੇ ਵਪਾਰੀਆਂ ਵਲੋਂ ਸ਼ਰਾਬ ਨਾਲ ਸਾਂਝ ਪਾਉਣ ਵਾਲੇ ਪੰਜਾਬੀਆ ਬਾਰੇ ‘ਪੰਜਾਬ ਜਿਊਂਦਾ ਗੁਰਾਂ ਦੇ ਨਾਮ ਤੇ’ ਕਹਿਣਾ ਕਿਸੇ ਵੀ ਤਰ੍ਹਾਂ ਸਾਰਥਕ ਨਹੀਂ ਹੈ। ਅੱਜ ਤਾਂ ਸਭਿਆਚਾਰ ਦੇ ਨਾਮ ਤੇ ‘ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ’ ਚਲ ਰਹੇ ਗੀਤ ਗੁਰੂ ਸਾਹਿਬਾਨ ਵਲੋਂ ਉਸਾਰੇ ਸਮਾਜ ਵਿਰੁੱਧ ਸਿੱਧੇ ਰੂਪ ਵਿੱਚ ਬਗਾਵਤ ਦਾ ਝੰਡਾ ਬੁਲੰਦ ਕਰ ਰਹੇ ਹਨ। ਅੱਜ ਅੰਮ੍ਰਿਤ ਦੇ ਵਪਾਰੀ ਸਿੱਖ ਵੀ ਛੂਛੇ ਮਦਿ ਦੇ ਗੁਲਾਮ ਬਨਣ ਵਿੱਚ ਦੂਜਿਆਂ ਤੋਂ ਪਿਛੇ ਨਹੀਂ ਰਹੇ।

ਗੁਰੂ ਸਾਹਿਬ ਵਲੋਂ ਗੁਰਬਾਣੀ ਰਾਹੀਂ ਦਿੱਤੀ ਗਈ ਸਮਾਜਿਕ-ਪਰਿਵਾਰਕ ਜੀਵਨ ਜਾਚ ‘‘ਜੀਵਤ ਪਿਤਰ ਨ ਮਾਨੈ ਕੋਊ’’ (332) ਅਤੇ ‘‘ਕਾਹੇ ਪੂਤ ਝਗਰਤ ਹਉ ਸੰਗਿ ਬਾਪ॥’’ (1200) ਵਾਲੀ ਚਿਤਾਵਨੀ ਨੂੰ ਅਸੀ ਮੂਲੋਂ ਹੀ ਵਿਸਾਰਦੇ ਜਾ ਰਹੇ ਹਾਂ। ਪੰਜਾਬ ਦੀ ਧਰਤੀ ’ਤੇ ਜਿਵੇਂ ਜਿਵੇਂ ਪੈਸੇ ਅਤੇ ਸੁਖ ਸਹੂਲਤਾਂ ਦੀ ਬਹੁਤਾਤ ਹੋਈ, ਉਸੇ ਉਸੇ ਤਰ੍ਹਾਂ ਪੰਜਾਬ ਦੀ ਧਰਤੀ ਤੇ ਬਿਰਧ ਆਸ਼ਰਮ ਖੁੱਲ ਜਾਣੇ ਅਤੇ ਚੱਲ ਜਾਣੇ ਗੁਰਬਾਣੀ ਹੁਕਮਾਂ ਦੀ ਪਾਲਣਾ ਪ੍ਰਤੀ ਸਾਡੀ ਅਗਿਆਨਤਾ ਦਾ ਪ੍ਰਤੱਖ ਸਬੂਤ ਹੈ। 

ਸਾਡੇ ਪੰਜਾਬੀ ਸਭਿਆਚਾਰ ਵਿੱਚ ਵਿਆਹਾਂ ਖੁਸ਼ੀਆਂ ਦੇ ਸਮੇ ਸਿਠਣੀਆ, ਸੁਹਾਗ, ਘੋੜੀਆ, ਗਿੱਧੇ, ਭੰਗੜੇ, ਬੋਲੀਆ ਆਦਿ ਦੀ ਪ੍ਰਧਾਨਤਾ ਹੁੰਦੀ ਸੀ, ਪਰ ਅਜੋਕੇ ਸਮੇ ਬਹੁਗਿਣਤੀ ਗਾਇਕ ਦਾਅਵੇਦਾਰੀਆ ਤਾਂ ਪੰਜਾਬੀ ਸਭਿਆਚਾਰ ਦੀ ਸੇਵਾ ਦੀਆ ਕਰਦੇ ਹਨ। ਪਰ ਉਹ ਕੈਸਾ ਸਭਿਆਚਾਰ ਪੇਸ਼ ਕਰ ਰਹੇ ਹਨ, ਸਾਡੇ ਸਾਰਿਆਂ ਦੇ ਸਾਹਮਣੇ ਹੀ ਹੈ। ਅਸੀ ਉਸ ਪੁਰਾਤਨ ਇਤਿਹਾਸਕ ਵਿਰਸੇ ਦੀ ਛਾਂ ਵਿੱਚ ਪਲ ਕੇ ਵੱਡੇ ਹੋਏ ਹਾਂ ਜਿੱਥੇ ‘‘ਪਰ ਬੇਟੀ ਕੋ ਬੇਟੀ ਜਾਨੈ ਪਰ ਇਸਤਰੀ ਕੋ ਮਾਤ ਬਖਾਨੈ’’ ਦਾ ਉਪਦੇਸ਼ ਦਿੱਤਾ ਗਿਆ, ਜਿੱਥੇ ਦੂਸਰਿਆਂ ਦੀਆਂ ਬਹੂ ਬੇਟੀਆਂ ਆਪਣੀਆਂ ਜਾਨਾਂ ’ਤੇ ਹੂਲ ਕੇ ਖਾਲਸੇ ਵਲੋਂ ਜਰਵਾਣਿਆ ਤੋ ਛੁਡਵਾ ਕੇ ਇਜ਼ਤਾਂ ਸਮੇਤ ਘਰੋਂ ਘਰੀਂ ਸੁਰੱਖਿਅਤ ਪਹੁੰਚਾਈਆਂ ਗਈਆਂ। ਪਰ ਅੱਜ ਦਾ ਪੰਜਾਬੀ ਗਾਇਕ ਗਾ ਰਿਹਾ ਹੈ- ‘ਔਹ ਵੇਖੋ ਸੜਕਾ ਤੇ ਅੱਗ ਤੁਰੀ ਜਾਂਦੀ ਏ’

ਗਾਉਣ ਵਾਲੇ ਨੂੰ ਸ਼ਾਇਦ ਇਹ ਵੀ ਭੁੱਲ ਗਿਆ ਹੈ ਕਿ ਸੜਕ ਤੇ ਤੁਰੀ ਜਾਂਦੀ ਇਸ ਅੱਗ ਵਿੱਚ ਉਸ ਦੀ ਆਪਣੀ ਧੀ ਭੈਣ ਵੀ ਹੋ ਸਕਦੀ ਹੈ। ਪੰਜਾਬੀ ਸਭਿਆਚਾਰ ਦੇ ਨਾਮ ਤੇ ਸੇਵਾ ਕਰ ਰਹੇ ਅਜੋਕੇ ਗਾਇਕਾ ਦੇ ਅਜਿਹੇ ਬੇਹੂਦਾ-ਬੇਤੁਕੇ ਬੋਲ ਸਮਾਜ ਨੂੰ ਕੀ ਸਿਖਿਆ ਦੇ ਰਹੇ ਹਨ-

ਕੀ ਹੋਇਆ ਜੇ ਨੱਚਦੀ ਦੀ ਬਾਂਹ ਫੜ ਲਈ, ਡਾਕਾ ਤੇ ਨਹੀ ਮਾਰਿਆ।

ਐਸਾ ਗਾਉਣ ਵਾਲੇ ਭਲੇਮਾਣਸ ਨੂੰ ਜਰਾ ਸਖਤਾਈ ਨਾਲ ਪੁੱਛਣ ਦੀ ਲੋੜ ਹੈ ਕਿ ‘ਪੰਜਾਬ ਜਿਊਂਦਾ ਗੁਰਾਂ ਦੇ ਨਾਮ ਤੇ’ ਦੀ ਧਰਤੀ ਉਪਰ ਕਿਸੇ ਬਿਗਾਨੀ ਧੀ ਭੈਣ ਦੀ ਸ਼ਰੇਆਮ ਬਾਂਹ ਫੜ ਲੈਣ ਨੂੰ ਡਾਕਾ ਹੀ ਆਖਿਆ ਜਾਵੇਗਾ, ਹੋਰ ਕੀ ਆਖੀਏ  ? ਅਜ ਦੇ ਪੈਲੇਸ ਸਭਿਆਚਾਰ ਨੇ ਸਾਡੇ ਵਿਆਹਾ ਸਮੇ ਸਾਡੀ ਆਪਸੀ ਭਾਈਚਾਰਕ ਸਾਂਝ ਦਾ ਦੀਵਾਲਾ ਕੱਢ ਕੇ ਰੱਖ ਦਿੱਤਾ ਹੈ। ਪੈਲੇਸ ਵਿੱਚ ਡੀ. ਜੇ. ਤੇ ਚਲ ਰਹੇ ਗੀਤ

ਤੂੰ ਨਹੀ ਬੋਲਦੀ ਰਕਾਨੇ ਤੂੰ ਨਹੀ ਬੋਲਦੀ, ਤੇਰੇ ਚੋਂ ਤੇਰਾ ਯਾਰ ਬੋਲਦਾ, ਦੇ ਬੋਲਾ ਉਪਰ ਸ਼ਰਮ ਹਯਾ ਦੀਆ ਸਾਰੀਆ ਹੱਦਾ ਉਲੰਘ ਕੇ, ਗੀਤ ਦੀ ਸ਼ਬਦਾਵਲੀ ਵਲੋ ਬੇਧਿਆਨੇ ਹੋ ਕੇ ਆਪਣੀਆ ਹੀ ਧੀਆ ਭੈਣਾ ਦੇ ਨਾਲ ਸ਼ਰੇਆਮ ਨੱਚ ਨੱਚ ਕੇ ਨੋਟਾਂ ਦੀ ਵਰਖਾ ਕਰ ਕਰ ਕੇ ਪਤਾ ਨਹੀ ਕਿਹੜੇ ਪੰਜਾਬੀ ਸਭਿਆਚਾਰ ਦਾ ਵਿਖਾਵਾ ਅਸੀ ਕਰ ਰਹੇ ਹਾਂ ? ‘ਲਕ ਟਵੰਟੀ ਏਟ ਕੁੜੀ ਦਾ, ਫੋਰਟੀ ਸੈਵਨ ਵੇਟ ਕੁੜੀ ਦਾ’ ਅਜ ਦੇ ਗੀਤ ਸਾਨੂੰ ਕੀ ਸਿਖਾ ਰਹੇ ਹਨ ? ਭਾਈ ਘਨਈਆ ਜੀ, ਭਗਤ ਪੂਰਨ ਸਿੰਘ ਦੇ ਵਾਰਸਾਂ ਨੂੰ ਅਜੋਕੇ ਗਾਇਕ ‘ਕੋਈ ਬੰਦਾ ਬੁੰਦਾ ਮਾਰਣਾ ਤਾਂ ਦੱਸ’ ਗਾ ਕੇ ਕੀ ਦੱਸਣਾ ਚਾਹੁੰਦੇ ਹਨ ? ਕੋਈ ਸਮਾਂ ਸੀ, ਸਾਡੀਆ ਬੱਚੀਆਂ ਸਹੇਲੀਆਂ ਨਾਲ ਹੱਥਾ ਦੀ ਕਰਿੰਗੜੀ ਪਾ ਕੇ ਖੁਸ਼ੀ ਵਿੱਚ ਖੀਵੀਆ ਹੋ ਕੇ ਨੱਚਦੀਆ, ਘੁੰਮਦੀਆ, ਗਾਉਂਦੀਆ ਸਨ-

ਕਿਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ। ਦੁਪੱਟਾ ਮੇਰੇ ਭਾਈ ਦਾ ਫਿਟੇ ਮੂੰਹ ਜਵਾਈ ਦਾ।

ਪਰ ਅਜ ਉਹ ਸਭ ਕੁਝ, ਪੱਗ, ਦੁਪੱਟਾ ਕਿਥੇ ਚਲਾ ਗਿਆ ? ਲਗਦਾ ਹੈ ਜੇ ਅਜ ਸਾਡੀਆ ਬੱਚੀਆ ਨੇ ਕਿਕਲੀ ਪਾ ਕੇ ਗਾਉਣਾ ਹੋਵੇ ਤਾਂ ਬੋਲ ਬਦਲ ਕੇ ਇਸ ਤਰਾ੍ਹ ਗਾਉਣਾ ਪਵੇਗਾ-

ਕਿਕਲੀ ਕਲੀਰ ਦੀ, ਬੋਦੀ ਮੇਰੇ ਵੀਰ ਦੀ। ਉਸਤਰਾ ਨਾਈ ਦਾ, ਕੀ ਬਣੂ ਲੋਕਾਈ ਦਾ।

ਕਦੇ ਇਸ ਪੰਜਾਬ ਦੀ ਧਰਤੀ ਤੇ ‘‘ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ, ਵੈਰੀਆ ਨੇ ਲੁਟ ਲਿਆ ਅਜ ਤੇਰਾ ਮਾਲ ਓਏ’’ ਦਾ ਵਾਸਤਾ ਪਾ ਕੇ ਗੁਲਾਮੀ ਤੋ ਅਜਾਦੀ ਵਲ ਜਾਣ ਦਾ ਹਲੂਣਾ ਦਿੱਤਾ ਸੀ, ਪਰ ਅਜ ਅਸੀ ਫੈਸ਼ਨਾ ਦੀ ਗੁਲਾਮੀ ਵਿੱਚ ਪੈ ਕੇ ਸਿੱਖਾ ਦੀ ਸਰਦਾਰੀ ਦੀ ਪ੍ਰਤੀਕ ਦਸਤਾਰ ਨੂੰ ਗਵਾ ਕੇ ਪਗੜੀ ਨੂੰ ਦਾਗ ਲੱਗਣ ਅਤੇ ਕਲੀਨ ਸ਼ੇਵ ਹੋ ਕੇ ਮੁੱਛ ਨੂੰ ਨੀਵਾਂ ਨਾ ਹੋਣ ਦੇਣ ਵਾਲੀ ਪੰਜਾਬੀ ਅਣਖ ਦਾ ਪੂਰੀ ਤਰ੍ਹਾਂ ਯੱਭ ਹੀ ਮੁਕਾ ਦਿੱਤਾ ਹੈ।

ਇਸ ਸਭ ਕੁਝ ਲਈ ਦੋਸ਼ ਕਿਸ ਨੂੰ ਦੇਈਏ, ਗੁਰੂ ਸਾਹਿਬ ਨੇ ਤਾਂ ਪਹਿਲਾ ਹੀ ਸਪਸ਼ਟ ਕੀਤਾ ਹੋਇਆ ਹੈ-

ਦਦੈ ਦੋਸੁ ਨ ਦੇਊ ਕਿਸੇ ਦੋਸੁ ਕਰੰਮਾ ਆਪਣਿਆ॥ ਜੋ ਮੈ ਕੀਆ ਸੋ ਮੈ ਪਾਇਆ, ਦੋਸੁ ਨ ਦੀਜੈ ਅਵਰ ਜਨਾ॥ (ਆਸਾ ਮਹਲਾ ੧-੪੩੩)

ਆਉ ਅਜੇ ਵੀ ਡੁੱਲੇ ਬੇਰਾ ਦਾ ਕੁੱਝ ਨਹੀ ਵਿਗੜਿਆ। ਸਵੇਰ ਦਾ ਭੁਲਿਆ ਜੇ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁਲਿਆ ਨਹੀ ਕਹਿੰਦੇ। ਗੁਰੂ ਸਾਹਿਬਾਨ ਦੇ ਦਰਸਾਏ ‘ਆਗੈ ਸਮਝ ਚਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ’ ਵਾਲੇ ਮਾਰਗ ਦੇ ਪਾਂਧੀ ਬਣ ਕੇ ਅਸੀ ਰਲ ਮਿਲ ਕੇ ਫਿਰ ‘ਪੰਜਾਬ ਜਿਊਂਦਾ ਗੁਰਾਂ ਦੇ ਨਾਮ ਤੇ’ ਵਾਲਾ ਪੰਜਾਬ ਪੁਨਰ-ਸੁਰਜੀਤ ਕਰ ਲਈਏ। ਜੇਕਰ ਅਸੀ ਅਜੇ ਵੀ ਨਾ ਸੰਭਲੇ ਤਾਂ ਪਹਿਲਾ ਹੀ ਬਹੁਤ ਦੇਰ ਹੋ ਚੁੱਕੀ ਹੈ, ਹੋਰ ਦੇਰ ਕਰਨ ਤੇ ਸਾਨੂੰ ਆਪਣੇ ਹਸ਼ਰ ਸਬੰਧੀ ਚੇਤਾਵਨੀ ਯਾਦ ਰੱਖਣੀ ਚਾਹੀਦੀ ਹੈ।

ਸੰਭਲ ਜਾਉ ਐ ਪੰਜਾਬ ਵਾਲੋ, ਮੁਸੀਬਤ ਆਨੇ ਵਾਲੀ ਹੈ।

ਤੁਮਹਾਰੀ ਬਰਬਾਦੀਓ ਕੀ ਦਾਸਤਾਨ ਭੀ ਨ ਹੋਗੀ, ਦਾਸਤਾਨੋ ਮੇਂ।

ਅਬਦੁਲ ਸਿਤਾਰ ਈਦੀ

0

ਅਬਦੁਲ ਸਿਤਾਰ ਈਦੀ – ਸੇਵਾ ਦਾ ਮੁਜਸਮਾ

ਰਣਜੀਤ ਸਿੰਘ, ਸਟੇਟ ਤੇ ਨੈਸ਼ਨਲ ਅਵਾਰਡੀ, ਹੈਡਮਾਸਟਰ (ਸੇਵਾ ਮੁਕਤ), 

105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ)- ੯੯੧੫੫-੧੫੪੩੬

‘ਮਨੁੱਖਤਾ ਤੋਂ ਉਪਰ ਹੋਰ ਕੋਈ ਧਰਮ ਨਹੀਂ।’ ਇਹ ਸ਼ਬਦ ਅਬਦੁਲ ਸਿਤਾਰ ਈਦੀ ਦੇ ਹਨ ਜਿਸ ਨੇ ਆਪਣਾ ਸਾਰਾ ਜੀਵਨ ਭਗਤ ਪੂਰਨ ਸਿੰਘ ਜੀ ਦੀ ਤਰ੍ਹਾਂ ਮਨੁੱਖਤਾ ਦੀ ਸੇਵਾ ਲਈ ਅਰਪਣ ਕੀਤਾ। ਈਦੀ ਦੇ ਪੂਰਵਜ਼ ਸਿੰਧੀ ਹਿੰਦੂ ਸਨ ਜੋ ਤਿੰਨ ਸਦੀਆਂ ਪਹਿਲਾਂ ਮੁਸਲਮਾਨ ਹੋ ਗਏ। ਇਹਨਾਂ ਨੂੰ ਮੋਮਿਨ ਕਿਹਾ ਜਾਂਦਾ ਸੀ ਜੋ ਬਾਅਦ ਵਿੱਚ ਮੈਮਨ ਕਰਕੇ ਪ੍ਰਚੱਲਤ ਹੋ ਗਏ। ਈਦੀ ਪਰਿਵਾਰ ਭਾਰਤੀ ਗੁਜਰਾਤ ਦੇ ਕਾਠੀਆਵਾੜ ਇਲਾਕੇ ਵਿੱਚ ਵਸ ਕੇ ਵਪਾਰ ਕਰਨ ਲੱਗ ਪਿਆ। ਦੇਸ਼ ਦੀ ਵੰਡ ਵੇਲੇ ਮੁਹੰਮਦ ਅਲੀ ਜਿਨਾਹ ਦੇ ਵਾਸਤਾ ਪਾਉਣ ਤੇ ਮੈਮਨ ਹਿਜਰਤ ਕਰਕੇ ਪਾਕਿਸਤਾਨ ਆ ਗਏ। ਬਹੁਤੇ ਲੋਕ ਉਜੜੀਆਂ ਹਿੰਦੂ ਜਾਇਦਾਦਾਂ ਤੇ ਕਾਬਜ ਹੋ ਗਏ ਪਰ ਈਦੀ ਦਾ ਪਿਤਾ ਅਬਦੁਲ ਸ਼ਕੂਰ ਜੋ ਬਹੁਤ ਇਮਾਨਦਾਰ ਸੀ, ਉਹ ਇਸ ਦੇ ਖਿਲਾਫ ਸੀ। ਉਸ ਨੇ ਇੱਕ ਕਮਰਾ ਕਿਰਾਏ ਤੇ ਲੈ ਕੇ ਪਰਿਵਾਰ ਨੂੰ ਉਥੇ ਟਿਕਾਇਆ। ਇਸ ਤਰ੍ਹਾਂ ਈਦੀ ਨੂੰ ਈਮਾਨਦਾਰੀ ਆਪਣੇ ਪਿਤਾ ਤੋਂ ਵਿਰਸੇ ਵਿੱਚ ਮਿਲੀ।

ਗਰੀਬਾਂ, ਬੇਆਸਰਿਆਂ ਤੇ ਲੋੜਵੰਦਾਂ ਲਈ ਪਿਆਰ ਤੇ ਹਮਦਰਦੀ ਦੀ ਭਾਵਨਾ ਈਦੀ ਨੂੰ ਬਚਪਨ ਵਿੱਚ ਹੀ ਆਪਣੀ ਮਾਤਾ ਗੁਰਬਾ ਤੋਂ ਮਿਲੀ। ਛੋਟੇ ਹੁੰਦਿਆਂ ਸਕੂਲ ਜਾਣ ਸਮੇਂ ਈਦੀ ਦੀ ਮਾਂ ਉਸ ਨੂੰ ਦੋ ਪੈਸੇ ਦਿੰਦੀ ਤੇ ਕਹਿੰਦੀ ਕਿ ਇੱਕ ਪੈਸਾ ਤੂੰ ਆਪ ਖਰਚ ਲਵੀਂ ਤੇ ਦੂਜਾ ਕਿਸੇ ਲੋੜਵੰਦ ਨੂੰ ਦੇ ਦੇਵੀਂ। ਜਦੋਂ ਮਮਤਾ ਵਿੱਚ ਆ ਕੇ ਮਾਂ ਈਦੀ ਨੂੰ ਬਹੁਤ ਪਿਆਰ ਕਰਦੀ ਤਾਂ ਕਹਿੰਦੀ ਕਿ ਜਿੰਨਾ ਪਿਆਰ ਮੈਂ ਤੈਨੂੰ ਕਰਦੀ ਹਾਂ, ਇੰਨਾ ਹੀ ਪਿਆਰ ਤੂੰ ਖਲਕਤ ਨਾਲ ਕਰੀਂ।

ਸਕੂਲ ਜਾਂਦਿਆਂ ਇੱਕ ਦਿਨ ਈਦੀ ਨੇ ਦੇਖਿਆ ਕਿ ਮੁੰਡਿਆਂ ਦੀ ਇੱਕ ਟੋਲੀ ਇੱਕ ਪਾਗਲ ਵਿਅਕਤੀ ਨੂੰ ਘੇਰ ਕੇ ਉਸ ਨਾਲ ਛੇੜ-ਛਾੜ ਕਰ ਰਹੀ ਹੈ। ਖਿੱਲਰੇ ਵਾਲਾਂ ਵਿੱਚ ਉਹ ਪਾਗਲ ਵਿਅਕਤੀ ਲਾਚਾਰ ਹੋਇਆ ਸਭ ਕੁੱਝ ਸਹਿ ਰਿਹਾ ਸੀ। ਈਦੀ ਨੇ ਉਹਨਾਂ ਮੁੰਡਿਆਂ ਨੂੰ ਝਾੜਿਆ ਤੇ ਕਿਹਾ ਕਿ ਜੇ ਤੁਸੀਂ ਇਸ ਦੀ ਮੱਦਦ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਰਹਿਮ ਤਾਂ ਕਰੋ। ਮੁੰਡਿਆਂ ਨੇ ਫੜ ਕੇ ਈਦੀ ਨੂੰ ਕੁੱਟ ਸੁੱਟਿਆ। ਘਰ ਆਇਆ ਤਾਂ ਮਾਂ ਨੇ ਮੱਲ੍ਹਮ ਪੱਟੀ ਕੀਤੀ ਤੇ ਕਿਹਾ ਕਿ ਰੱਬ ਤੇਰਾ ਭਲਾ ਕਰੇਗਾ। ਚੰਗੇ ਕੰਮਾਂ ਲਈ ਕੁੱਟ ਵੀ ਖਾਣੀ ਪਵੇ ਤਾਂ ਪਿੱਛੇ ਨਾਂ ਹਟੀਂ।

ਈਦੀ ਪੜ੍ਹਾਈ ਵਿੱਚ ਚੰਗਾ ਨਹੀਂ ਸੀ। ਪੰਜ ਜਮਾਤਾਂ ਪਾਸ ਕਰਕੇ ਉਸ ਨੇ ਪੜ੍ਹਾਈ ਛੱਡ ਦਿੱਤੀ ਅਤੇ ਕੱਪੜੇ ਦੇ ਵਪਾਰੀ ਕੋਲ ਪੰਜ ਰੁਪਏ ਮਹੀਨਾ ਨੌਕਰੀ ’ਤੇ ਲੱਗ ਗਿਆ। ਉਥੇ ਹੋਰ ਵੀ ਲੜਕੇ ਕੰਮ ਕਰਦੇ ਸਨ। ਈਦੀ ਨੇ ਦੋ ਲੜਕਿਆਂ ਵਿਰੁੱਧ ਪੈਸੇ ਚੋਰੀ ਕਰਨ ਬਾਰੇ ਮਾਲਕ ਨੂੰ ਦੱਸ ਦਿੱਤਾ। ਜਦੋਂ ਇੱਕ ਲੜਕੇ ਨੇ ਇਹ ਕਿਹਾ ਕਿ ਈਦੀ ਵੀ ਸਾਡੇ ਨਾਲ ਸੀ ਤਾਂ ਮਾਲਕ ਗਰਜਿਆ ਕਿ ਹਾਜੀ ਸ਼ਕੂਰ ਦਾ ਪੁੱਤਰ ਚੋਰੀ ਨਹੀਂ ਕਰ ਸਕਦਾ।

ਈਦੀ ਦੇ ਪਿਤਾ ਕੋਲ ਪੈਸੇ ਦੀ ਕਮੀ ਨਹੀਂ ਸੀ। ਉਹ ਉਸ ਨੂੰ ਚੰਗਾ ਕਾਰੋਬਾਰ ਖੋਲ੍ਹ ਕੇ ਦੇ ਸਕਦਾ ਸੀ ਪਰ ਫਿਰ ਵੀ ਉਸ ਨੇ ਪੁੱਤਰ ਨੂੰ ਇੱਕ ਛੋਟਾ ਜਿਹਾ ਪਾਨ ਦਾ ਖੋਖਾ ਖੋਲ੍ਹ ਦਿੱਤਾ। ਉਸ ਦਾ ਵਿਚਾਰ ਸੀ ਕਿ ਕਾਮਯਾਬੀ ਲਈ ਹੇਠਾਂ ਤੋਂ ਉਠਣਾ ਜਰੂਰੀ ਹੈ। ਇਸ ਤਰ੍ਹਾਂ ਈਦੀ ਨੂੰ ਆਦਮੀ ਦੀ ਫਿਤਰਤ ਤੇ ਪੈਸੇ ਦੀ ਕੀਮਤ ਦਾ ਪਤਾ ਲੱਗ ਜਾਵੇਗਾ। ਹੇਠਾਂ ਤੋਂ ਉਪਰ ਜਾਵੇਗਾ ਤਾਂ ਕਦੀ ਡਿੱਗੇਗਾ ਨਹੀਂ। ਇਸੇ ਛੋਟੀ ਜਿਹੀ ਪਾਨ ਦੀ ਦੁਕਾਨ ਤੋਂ ਹੀ ਈਦੀ ਨੇ ਈਮਾਨਦਾਰੀ ਨਾਲ ਕਾਫੀ ਪੈਸੇ ਬਚਾ ਲਏ।

ਮੈਮਨ ਜੋ ਬਹੁਤ ਅਮੀਰ ਸਨ, ਉਹਨਾਂ ਨੇ 1948 ਵਿੱਚ ਦਾਨ ਰਾਸ਼ੀ ਨਾਲ ਚੱਲਣ ਵਾਲੀ ਇੱਕ ਡਿਸਪੈਂਸਰੀ ਖੋਲ੍ਹੀ ਤੇ ਕੰਮ ਕਰਨ ਲਈ ਵਲੰਟੀਅਰ ਮੰਗੇ। ਈਦੀ ਨੇ ਵੀ ਆਪਣਾ ਨਾਂ ਲਿਖਵਾ ਦਿੱਤਾ ਜੋ ਸਭ ਤੋਂ ਛੋਟੀ ਉਮਰ ਦਾ ਸੀ। ਈਦੀ ਨੇ ਉਥੇ ਵੀ ਵੇਖਿਆ ਕਿ ਬੀਮਾਰਾਂ ਨਾਲ ਵੀ ਵਿਤਕਰਾ ਹੋ ਰਿਹਾ ਹੈ। ਮੈਮਨਾਂ ਨੂੰ ਦਵਾਈ ਦਿੱਤੀ ਜਾ ਰਹੀ ਸੀ ਜੇ ਬੱਚ ਜਾਂਦੀ ਤਾਂ ਗਰੀਬਾਂ ਨੂੰ ਮਿਲਦੀ। ਐਕਸਰੇ ਵਾਲੇ ਮੁੰਡੇ ਸ਼ਰੇਆਮ ਰਿਸ਼ਵਤ ਲੈਂਦੇ। ਪ੍ਰਬੰਧਕੀ ਬੋਰਡ ਦੀ ਮੀਟਿੰਗ ਵਿੱਚ ਈਦੀ ਨੇ ਸਾਰੀਆਂ ਚੋਰ ਮਾਰੀਆਂ ਤੇ ਕਮਜੋਰੀਆਂ ਦਾ ਪਰਦਾ ਫਾਸ਼ ਕੀਤਾ। ਈਦੀ ਨੂੰ ਉਥੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ। ਪਿਤਾ ਨੇ ਸ਼ਾਬਾਸ਼ ਦਿੱਤੀ ਤੇ ਕਿਹਾ ਤੂੰ ਸਖਤ ਮਿਹਨਤ ਤੇ ਇਮਾਨਦਾਰੀ ਨਾਲ ਉਹਨਾਂ ਨੂੰ ਪਛਾੜ ਦੇਵੇਂਗਾ। ਤੂੰ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਤੇ ਆਪਣਾ ਰਾਹ ਨਾ ਛੱਡੀਂ।

1951 ਵਿੱਚ ਈਦੀ ਨੇ ਆਪਣੀ ਬੱਚਤ ਕੀਤੀ 2300 ਰੁਪਏ ਦੀ ਰਾਸ਼ੀ ਨਾਲ ਮੀਠਾਦਾਰ ਵਿੱਚ ਆਪਣੀ ਡਿਸਪੈਂਸਰੀ ਖੋਲ੍ਹ ਲਈ ਤੇ ਇੱਕ ਡਾਕਟਰ ਰੱਖ ਲਿਆ। ਕੰਪਨੀ ਤੋਂ ਸਿੱਧੀਆਂ ਦਵਾਈਆਂ ਸਸਤੇ ਰੇਟ ਤੇ ਮੰਗਵਾਉਣ ਲੱਗ ਪਿਆ। ਦਿਨ ਰਾਤ ਮਰੀਜਾਂ ਦੀ ਦੇਖਭਾਲ ਤੇ ਫਸਟ ਏਡ ਆਪ ਕਰਦਾ। ਰਾਤ ਨੂੰ ਦੁਕਾਨ ਦੇ ਬਾਹਰ ਪੱਥਰ ਦੇ ਬਣੇ ਬੈਂਚ ਤੇ ਹੀ ਸੌਂ ਜਾਂਦਾ। ਇਲਾਜ ਦੀ ਫੀਸ ਭਾਵੇਂ ਬਹੁਤ ਹੀ ਘੱਟ ਸੀ ਫਿਰ ਵੀ ਬੱਚਤ ਹੋ ਜਾਂਦੀ।

1951 ਵਿੱਚ ਹਾਂਗਕਾਂਗ ਵਿੱਚ ਫਲੂ ਦੀ ਬਿਮਾਰੀ ਫੈਲ ਗਈ। ਵੱਡੀ ਗਿਣਤੀ ਵਿੱਚ ਲੋਕ ਮਰਨੇ ਸ਼ੁਰੂ ਹੋ ਗਏ। ਈਦੀ ਨੇ ਉਥੇ ਪਹੁੰਚ ਕੇ ਸ਼ਹਿਰ ਦੇ ਚਾਰੇ ਪਾਸੇ ਮਰੀਜ਼ਾਂ ਦੇ ਇਲਾਜ ਲਈ ਟੈਂਟ ਲਾ ਦਿੱਤੇ ਅਤੇ ਇੱਕ ਦਾਨ ਬਕਸਾ ਰੱਖ ਕੇ ਲਿਖ ਦਿੱਤਾ – ਜੇ ਕੁੱਝ ਹੈ ਤਾਂ ਪਾ ਦਿਉ। ਈਦੀ ਦਾ ਸਭ ਕੁੱਝ ਤੁਹਾਡੇ ਲਈ ਹੈ। ਇੱਕ ਮੈਮਨ ਵਪਾਰੀ ਈਦੀ ਦੇ ਕੰਮ ਨੂੰ ਕੁੱਝ ਦਿਨ ਬਰੀਕੀ ਨਾਲ ਵੇਖਦਾ ਰਿਹਾ ਤੇ ਫਿਰ ਵੀਹ ਹਜਾਰ ਰੁਪਏ ਦਾਨ ਦੇ ਦਿੱਤੇ। ਈਦੀ ਨੇ ਉਸੇ ਦਿਨ 7000 ਰੁਪਏ ਦੀ ਪੁਰਾਣੀ ਵੈਨ ਖਰੀਦ ਕੇ ਪੇਂਟ ਕਰਵਾ ਲਈ ਤੇ ਉਪਰ ਲਿਖ ਦਿੱਤਾ ‘ਗਰੀਬ ਦੀ ਮੋਟਰ।’

ਬੱਚਤ ਕੀਤੀ ਰਾਸ਼ੀ ਵਿੱਚੋਂ ਬਾਕੀ ਮੁਲਕਾਂ ਦੇ ਕੰਮ ਕਰਨ ਦੇ ਤਰੀਕੇ ਵੇਖਣ ਲਈ 1956 ਵਿੱਚ ਈਦੀ ਬੱਸ ਰਾਹੀਂ ਈਰਾਨ, ਤੁਰਕੀ, ਯੂਨਾਨ ਤੇ ਬਲਗਾਰੀਆ ਵਿੱਚੋਂ ਲੰਘਦਾ ਹੋਇਆ ਯੋਗੋਸਲਾਵੀਆ ਤੱਕ ਅਤੇ ਫਿਰ ਫਰਾਂਸ ਤੇ ਤੁਰਕੀ ਗਿਆ। ਇਮੀਗਰੇਸ਼ਨ ਵਾਲੇ ਅਫਸਰ ਵੀ ਗਰੀਬ ਯਾਤਰੀ ਸਮਝ ਕੇ ਦਾਨ ਦੇ ਦੇਂਦੇ। ਉਸ ਨੇ ਵੇਖਿਆ ਕਿ ਪਾਕਿਸਤਾਨ ਦੇ ਮੁਕਾਬਲੇ ਇਹ ਲੋਕ ਕਿੰਨੀ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ। ਈਦੀ ਦੀ ਗੈਰ ਹਾਜਰੀ ਵਿੱਚ ਉਸ ਦੇ ਵਿਰੁੱਧ ਕੂੜ ਪ੍ਰਚਾਰ ਕੀਤਾ ਗਿਆ ਕਿ ਉਹ ਦਾਨ ਦੀ ਰਾਸ਼ੀ ਲੈ ਕੇ ਵਿਦੇਸ਼ ਭੱਜ ਗਿਆ ਹੈ। ਵਾਪਿਸ ਆ ਕੇ ਈਦੀ ਨੂੰ ਜਦੋਂ ਇਸ ਕੂੜ ਪ੍ਰਚਾਰ ਦਾ ਪਤਾ ਲੱਗਾ ਤਾਂ ਉਸ ਨੇ ਇਸ਼ਤਿਹਾਰ ਦੇ ਦਿੱਤਾ ਕਿ ਜਿਸ ਨੂੰ ਦਾਨ ਦੇਣ ਦਾ ਪਛਤਾਵਾ ਹੈ ਉਹ ਰਸੀਦ ਵਿਖਾ ਕੇ ਪੈਸੇ ਵਾਪਸ ਲੈ ਸਕਦਾ ਹੈ ਅਤੇ ਹਿਸਾਬ ਵੇਖ ਸਕਦਾ ਹੈ ਪਰ ਜਿਸ ਨੇ ਦਾਨ ਦਿੱਤਾ ਹੀ ਨਹੀਂ ਉਸ ਨੂੰ ਹਿਸਾਬ ਨਹੀਂ ਦੇਵਾਂਗਾ ਤੇ ਨਾਂ ਹੀ ਉਸ ਦੀ ਪ੍ਰਵਾਹ ਕਰਾਂਗਾ।

1958 ਵਿੱਚ ਪਿਤਾ ਨੇ ਦੋਹਾਂ ਪੁੱਤਰਾਂ ਵਿੱਚ ਆਪਣੀ ਜਾਇਦਾਦ ਵੰਡ ਦਿੱਤੀ। ਈਦੀ ਲੱਖ ਪਤੀ ਹੋ ਗਿਆ। ਇਸ ਰਾਸ਼ੀ ਨਾਲ ਈਦੀ ਨੇ ਹੋਰ ਡਿਸਪੈਂਸਰੀਆਂ ਖੋਲ੍ਹ ਦਿੱਤੀਆਂ ਅਤੇ ਐਂਬੂਲੈਂਸਾਂ ਪਾ ਲਈਆਂ। ਈਦੀ ਦੇ ਵਿਰੁੱਧ ਸਭ ਤੋਂ ਵੱਧ ਮੰਦਾ ਬੋਲਣ ਵਾਲੇ ਸੇਠ ਦਾ ਮੁੰਡਾ ਛੱਤ ਤੋਂ ਡਿੱਗ ਪਿਆ। ਕਿਤੇ ਐਂਬੂਲੈਂਸ ਨਾਂ ਮਿਲੀ। ਈਦੀ ਨੂੰ ਪਤਾ ਲੱਗਾ ਤਾਂ ਆਪਣੀ ਵੈਨ ਲੈ ਕੇ ਪਹੁੰਚ ਗਿਆ ਬੱਚੇ ਨੂੰ ਛਾਤੀ ਨਾਲ ਲਾਇਆ ਤੇ ਲੈ ਕੇ ਹਸਪਤਾਲ ਪਹੁੰਚ ਗਿਆ। ਬੱਚਾ ਤਾਂ ਭਾਵੇਂ ਨਾ ਬਚ ਸਕਿਆ ਪਰ ਸੇਠ ਦੀ ਪਤਨੀ ਨੇ ਹਰ ਮਹੀਨੇ ਜ਼ਕਾਤ ਦੀ ਰਾਸ਼ੀ ਈਦੀ ਨੂੰ ਭੇਜਣੀ ਸ਼ੁਰੂ ਕਰ ਦਿੱਤੀ।

1962 ਵਿੱਚ ਈਦੀ ਨੇ ਭਿ੍ਰਸ਼ਟਾਚਾਰ ਸਮਾਜ ਦੇ ਵਿਰੁੱਧ ਜੰਗ ਲੜਨ ਲਈ ਪਾਰਲੀਮੈਂਟ ਮੈਂਬਰ ਦੇ ਕਾਗਜ਼ ਭਰਨ ਦਾ ਐਲਾਨ ਕਰ ਦਿੱਤਾ। ਵੱਡੇ ਵੱਡੇ ਸੇਠਾਂ ਵੱਲੋਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਕਈਆਂ ਨੇ ਬਹੁਤ ਸੰਗੀਨ ਦੋਸ਼ ਲਾਏ, ਇੱਥੋਂ ਤੱਕ ਕਿ ਉਸ ਦੇ ਚਰਿੱਤਰ ਉਤੇ ਚਿੱਕੜ ਉਛਾਲਿਆ ਗਿਆ। ਈਦੀ ਇਹ ਸਭ ਕੁੱਝ ਵੇਖ ਕੇ ਸੁੰਨ ਹੋ ਗਿਆ ਪਰ ਇਹ ਜਾਨਣ ਲਈ ਕਿ ਮੈਨੂੰ ਕੋਈ ਪਸੰਦ ਵੀ ਕਰਦਾ ਹੈ ਕਿ ਨਹੀਂ ਉਸ ਨੇ ਕਾਗਜ਼ ਭਰ ਦਿੱਤੇ। ਬਿਨਾਂ ਪੈਸਾ ਖਰਚ ਕੀਤੇ ਪ੍ਰਚਾਰ ਕੀਤਾ ਅਤੇ 30 ਸਾਲਾਂ ਦਾ ਇਹ ਨੌਜਵਾਨ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਗਿਆ।

ਪਾਰਲੀਮੈਂਟ ਦੇ ਸ਼ੈਸ਼ਨ ਸਮੇਂ ਜਿੱਥੇ ਬਾਕੀ ਮੈਂਬਰ ਤੇ ਮੰਤਰੀ ਲਛੇਦਾਰ ਭਾਸ਼ਨ ਕਰਕੇ ਗ੍ਰਾਂਟਾਂ ਮੰਗ ਰਹੇ ਸਨ ਉਥੇ ਈਦੀ ਨੇ ਭਾਸ਼ਨ ਵਿੱਚ ਕਿਹਾ ਕਿ ਸਰਕਾਰ ਲੋਕਾਂ ਤੋਂ ਬਹੁਤ ਦੂਰ ਹੈ। ਉਸ ਨੇ ਦੱਸਿਆ ਕਿ ਉਹ ਕਿੱਥੇ ਕਿੱਥੇ ਮੱਦਦ ਕਰ ਸਕਦਾ ਹੈ ਤੇ ਇਸ ਕੰਮ ਲਈ ਸਰਕਾਰ ਤੋਂ ਗ੍ਰਾਂਟ ਨਹੀਂ ਲਵੇਗਾ ਸਗੋਂ ਸਰਕਾਰ ਆਪ ਪੈਸਾ ਖਰਚ ਕਰੇ। ਪਾਰਲੀਮੈਂਟ ਸੁੰਨ ਹੋ ਗਈ। ਅੰਤਰਾਸ਼ਟਰੀ ਪ੍ਰੈਸ ਨੇ ਮੋਟੀ ਖਬਰ ਲਾਈ ਤੇ ਕਿਹਾ ‘ਮੰਗਤਿਆਂ ਦੇ ਇਜਲਾਸ ਵਿੱਚ ਕੇਵਲ ਇੱਕ ਹੀ ਦਾਤਾ ਹੈ – ਈਦੀ।’

1965 ਵਿੱਚ ਭਾਰਤ ਪਾਕਿ ਜੰਗ ਲੱਗ ਗਈ। ਰੋਜ਼ ਬੰਬਾਰੀ ਹੁੰਦੀ ਰਹੀ। ਹਰ ਪਾਸੇ ਚੀਕਾਂ ਤੇ ਕੁਰਲਾਹਟਾਂ। ਸੈਂਕੜੇ ਦੀ ਗਿਣਤੀ ਵਿੱਚ ਵਲੰਟੀਅਰ ਈਦੀ ਫਾਊਂਡੇਸ਼ਨ ਵਿੱਚ ਭਰਤੀ ਹੋਣ ਲੱਗੇ। ਈਦੀ ਨੇ ਸਭ ਨੂੰ ਸੇਵਾ ਦੀ ਸਿਆਸਤ ਕਰਨ ਲਈ ਕਿਹਾ। ਅਗਲੇ ਸਾਲ 19 ਸਾਲਾ ਵਿਧਵਾ ਬਿਲਕੀਸ ਨਾਲ ਈਦੀ ਦਾ ਵਿਆਹ ਹੋਣਾ ਤਹਿ ਹੋਇਆ। ਉਸ ਦੀ ਮਾਸੀ ਉਸ ਨੂੰ ਈਦੀ ਦੇ ਨਰਸਿੰਗ ਹੋਮ ਵਿੱਚ ਲੈ ਕੇ ਆਈ ਸੀ। ਮੈਮਨਾਂ ਨੇ ਇਸ ਉਤੇ ਵੀ ਰੌਲਾ ਪਾਇਆ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਬਿਲਕੀਸ ਨੂੰ ਸਨੇਹਾ ਦਿੱਤਾ ਕਿ ਤੂੰ ਜੇ ਇਹ ਬਿਆਨ ਦੇਵੇਂ ਕਿ ਈਦੀ ਨੇ ਤੈਨੂੰ ਬਲੈਕ ਮੇਲ ਕੀਤਾ ਹੈ ਤਾਂ ਤੈਨੂੰ 25000 ਰੁਪਏ ਦਿੱਤੇ ਜਾਣਗੇ ਪਰ ਉਹ ਆਪਣੇ ਫੈਸਲੇ ਤੇ ਡਟੀ ਰਹੀ। ਬਿਨਾਂ ਕਿਸੇ ਵਿਖਾਵੇ ਦੀਆਂ ਰੀਤਾਂ ਰਸਮਾਂ ਤੋਂ ਸਾਦੇ ਢੰਗ ਨਾਲ ਵਿਆਹ ਹੋ ਗਿਆ। ਈਦੀ ਦੀ ਸ਼ੌਹਰਤ ਹੋਰ ਵੀ ਵਧ ਗਈ।

ਚੁਰਸਤੇ ਵਿੱਚ ਠੂਠਾ ਰੱਖ ਕੇ ਜਿੱਥੇ ਵੀ ਈਦੀ ਬੈਠ ਜਾਂਦਾ ਦਾਨੀਆਂ ਦੀ ਭੀੜ ਲੱਗ ਜਾਂਦੀ। ਟ੍ਰੈਫਿਕ ਜਾਮ ਹੋ ਜਾਂਦਾ। ਕਈ ਵਾਰ ਬਿਲੀਕਸ ਆਪਣੇ ਪਤੀ ਦੇ ਕੰਮਾਂ ਤੋਂ ਖਿਝ ਜਾਂਦੀ ਤਾਂ ਉਹ ਕਹਿੰਦਾ ਕਿ ਮੇਰੇ ਕੋਲ ਰੱਬ ਅਤੇ ਤੇਰੇ ਤੋਂ ਸਿਵਾ ਹੋਰ ਹੈ ਕੀ। ਈਦੀ ਨੂੰ ਪਤਾ ਲੱਗਦਾ ਕਿ ਫਲਾਣੀ ਥਾਂ ਡਾਕੂਆਂ ਤੇ ਪੁਲਿਸ ਵਿਚਕਾਰ ਗੋਲਾਬਾਰੀ ਹੋ ਰਹੀ ਹੈ ਤਾਂ ਉਹ ਆਪਣੇ ਵੈਨ ਲੈ ਕੇ ਪਹੁੰਚ ਜਾਂਦਾ ਤੇ ਐਲਾਨ ਕਰਦਾ ਕਿ ਈਦੀ ਲਾਸ਼ਾਂ ਤੇ ਜਖਮੀਆਂ ਨੂੰ ਲੈਣ ਆ ਰਿਹਾ ਹੈ ਗੋਲੀ ਬੰਦ ਕਰੋ। ਉਸੇ ਵੇਲੇ ਗੋਲੀਬਾਰੀ ਬੰਦ ਹੋ ਜਾਂਦੀ।

ਇੱਕ ਮਿਹਨਤੀ ਵਿਦਿਆਰਥੀ ਕੈਂਸਰ ਦੀ ਪਹਿਲੀ ਸਟੇਜ ’ਤੇ ਸੀ। ਉਸ ਨੇ ਈਦੀ ਨੂੰ ਮੱਦਦ ਕਰਨ ਲਈ ਕਿਹਾ। ਈਦੀ ਠੂਠਾ ਫੜ ਕੇ ਕਰਾਚੀ ਚੌਂਕ ਵਿੱਚ ਖੜ੍ਹਾ ਹੋ ਗਿਆ। ਜਿੱਥੇ ਹੋਰ ਮੰਗਤੇ ਗੱਡੀਆਂ ਦੇ ਅੱਗੇ ਪਿੱਛੇ ਭੱਜੇ ਫਿਰਦੇ ਸਨ, ਉਥੇ ਈਦੀ ਇੱਕ ਥਾਂ ਹੀ ਖੜ੍ਹਾ ਰਿਹਾ ਤੇ ਤਿੰਨ ਦਿਨਾਂ ਵਿੱਚ ਢਾਈ ਲੱਖ ਰੁਪਏ ਇਕੱਠੇ ਹੋ ਗਏ।

1971 ਵਿੱਚ ਭਾਰਤ ਪਾਕਿ ਜੰਗ ਛਿੜਿਆ ਤਾਂ ਬੰਗਲਾ ਦੇਸ਼ ਹੋਂਦ ਵਿੱਚ ਆਇਆ। ਜੰਗ ਦੇ ਦੌਰਾਨ ਛੇ ਮੰਜਲਾਂ ਬਿਸਮਿਲਾ ਇਮਾਰਤ 13 ਫੁੱਟ ਉਚੇ ਥੇਹ ਵਿੱਚ ਬਦਲ ਗਈ। ਈਦੀ ਨੇ ਕਰੇਨਾਂ ਵਾਲਿਆਂ ਨੂੰ ਨਿਰਦੇਸ਼ ਦਿੱਤਾ। ਲਾਸ਼ਾਂ ਲਈ ਵੱਖਰੇ ਤੇ ਜ਼ਖਮੀਆਂ ਲਈ ਵੱਖਰੇ ਤੰਬੂ ਲਾਏ। ਦਿਨ ਰਾਤ ਮੱਦਦ ਕਰਨ ਲੱਗਾ। ਭੁੱਟੋ ਵੀ ਮੌਕੇ ਤੇ ਆਇਆ ਤੇ ਉਸ ਨੇ ਵੀ ਰਾਹਤ ਭੇਜੀ।

1977 ਜ਼ਿਆ ਉਲ ਹਕ ਦੀ ਸਰਕਾਰ ਬਣ ਗਈ। ਈਦੀ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਇੱਕ ਮਾਣ ਪੱਤਰ ਤੇ ਪੰਜ ਲੱਖ ਰੁਪਏ ਦਾ ਚੈਕ ਭੇਜਿਆ। ਈਦੀ ਨੇ ਮਾਣ ਪੱਤਰ ਲਈ ਸ਼ੁਕਰੀਆ ਕੀਤਾ ਤੇ ਚੈਕ ਵਾਪਿਸ ਭੇਜ ਦਿੱਤਾ ਤੇ ਕਿਹਾ ਕਿ ਮੈਂ ਸਰਕਾਰ ਤੋਂ ਪੈਸੇ ਨਹੀਂ ਲੈਂਦਾ।

1985 ਵਿੱਚ ਪਾਕਿਸਤਾਨ ਸਰਕਾਰ ਨੇ ਈਦੀ ਦੀਆਂ ਸੇਵਾਵਾਂ ਬਦਲੇ ਨਿਸ਼ਾਨੇ ਇਮਤਿਆਜ਼ ਸਨਮਾਨ ਦਿੱਤਾ। 1986 ਵਿੱਚ ਫਿਲਪੀਨ ਸਰਕਾਰ ਨੇ ਮੈਗਾਸਾਸੇ ਅਵਾਰਡ ਨਾਲ ਈਦੀ ਨੂੰ ਸਨਮਾਨਿਤ ਕੀਤਾ। ਰਾਸ਼ਟਰਪਤੀ ਨੇ ਸਨਮਾਨ ਚਿੰਨ, ਸੋਨੇ ਦਾ ਤਗਮਾ ਅਤੇ ਵੀਹ ਹਜਾਰ ਡਾਲਰ ਦੇ ਚੈਕ ਭੇਂਟ ਕੀਤੇ। ਅਵਾਰਡ ਲੈ ਕੇ ਮੀਆਂ ਬੀਵੀ ਨੇ ਅੱਲ੍ਹਾ ਤਾਲਾ ਦਾ ਸ਼ੁਕਰ ਕੀਤਾ ਅੱਖਾਂ ਵਿੱਚ ਹੰਝੂ ਚੱਲ ਪਏ। ਪ੍ਰਧਾਨ ਮੰਤਰੀ ਕੈਰੀ ਅਕਾਇਨੋ ਨੇ ਰਾਤ ਦੇ ਭੋਜਨ ਦਾ ਸੱਦਾ ਦਿੱਤਾ। ਵਾਪਸੀ ਤੇ ਥਾਈਲੈਂਡ ਦੇ ਬਾਦਸ਼ਾਹ ਨੇ ਦਾਅਵਤ ਦਿੱਤੀ ਉਸ ਪਿੱਛੋਂ ਉਹ ਬੰਗਲਾ ਦੇਸ਼ ਵਿੱਚ ਈਦੀ ਫਾਊਂਡੇਸ਼ਨ ਦੀ ਬ੍ਰਾਂਚ ਦਾ ਮੁਆਇਨਾ ਕਰਨ ਚੱਲ ਪਏ। ਅਰਮੀਨੀਆ ਵਿੱਚ ਆਏ ਭੁਚਾਲ ਸਮੇਂ ਈਦੀ ਵੱਲੋਂ ਨਿਭਾਈ ਗਈ ਭੂਮਿਕਾ ਕਾਰਨ ਸੋਵੀਅਤ ਰੂਸ ਨੇ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ। 

ਈਦੀ ਨੇ ਹਰ 25 ਕਿੱਲੋ ਮੀਟਰ ਦੇ ਦਾਇਰੇ ਅੰਦਰ ਭਲਾਈ ਸੈਂਟਰ ਖੋਲਣ ਦਾ ਫੈਸਲਾ ਕੀਤਾ। ਇਸ ਮਨੋਰਥ ਲਈ ਉਸ ਨੇ ਸਾਰੇ ਦੇਸ਼ ਦਾ ਦੌਰਾ ਕੀਤਾ। ਝੁੱਗੀਆਂ ਝੌਂਪੜੀਆਂ ਵਿੱਚ ਵਸਦੇ ਲੋਕ ਟੁੱਟ ਚੁੱਕੇ ਸਨ। ਨੰਗੇ ਬੱਚੇ ਪਾਗਲਾਂ ਵਾਂਗ ਈਦੀ ਵੱਲ ਦੌੜਦੇ। ਈਦੀ ਸਭ ਨੂੰ ਗਲ ਨਾਲ ਲਾਉਂਦਾ ਪਿੰਡਾ ਸਾਫ ਕਰਦਾ ਤੇ ਪਰਤ ਕੇ ਕਹਿੰਦਾ ਕਿ ਮੈਂ ਹਜ ਕਰ ਕੇ ਆਇਆ ਹਾਂ। ਕੁੱਝ ਸਮੇਂ ਵਿੱਚ 250 ਸੈਂਟਰ ਸਥਾਪਤ ਹੋ ਗਏ ਜੋ ਨੈਟਵਰਕ ਨਾਲ ਜੁੜੇ ਹੋਏ ਸਨ। ਕੋਰੀਅਰ ਕੰਪਨੀਆਂ ਨੇ ਆਪਣੀਆਂ ਸੇਵਾਵਾਂ ਮੁਫਤ ਦੇ ਦਿੱਤੀਆਂ। ਪਾਕਿ ਇੰਟਰਨੈਸ਼ਨਲ ਏਅਰ ਲਾਈਨਜ਼ ਹਰ ਮਹੀਨੇ ਢਾਈ ਕਵਿੰਟਲ ਡਾਕ ਮੁਫਤ ਵੰਡਣ ਦੀਆਂ ਸੇਵਾਵਾਂ ਦਿੱਤੀਆਂ।

ਹੈਦਰਾਬਾਦ ਵਿੱਚ ਦਿਮਾਗੀ ਬੁਖਾਰ ਦੀ ਬਿਮਾਰੀ ਫੈਲ ਗਈ। ਲੋਕਾਂ ਦਾ ਈਦੀ ਦੇ ਕੇਂਦਰਾਂ ਵਿੱਚ ਹੜ੍ਹ ਆ ਗਿਆ। ਫਰਾਂਸ ਤੋਂ ਐਮਰਜੈਂਸੀ ਫਲਾਈਟ ਰਾਹੀਂ 30 ਲੱਖ ਟੀਕੇ ਮੰਗਵਾਏ ਗਏ ਅਤੇ ਪਾਕਿਸਤਾਨ ਫਲਾਈਟ ਰਾਹੀਂ ਸੈਂਟਰਾਂ ਵਿੱਚ ਸਪਲਾਈ ਕੀਤੇ ਗਏ। ਸਰਕਾਰ ਨੇ ਸ਼ਾਬਾਸ਼ ਦੇਣ ਤੋਂ ਬਿਨਾਂ ਕੁੱਝ ਨਹੀਂ ਕੀਤਾ। ਭਾਵੇਂ ਇਸ ਬੁਖਾਰ ਨਾਲ ਢਾਈ ਸੌ ਮੌਤਾਂ ਹੋ ਗਈਆਂ ਪਰ ਲੱਖਾਂ ਲੋਕਾਂ ਨੂੰ ਬਚਾ ਲਿਆ ਗਿਆ।

9 ਜੁਲਾਈ 1992 ਨੂੰ ਰਾਵਲਪਿੰਡੀ ਜਾ ਰਹੀ ਮੁਸਾਫਰ ਰੇਲ ਗੱਡੀ ਘੋਟਕੀ ਸਟੇਸ਼ਨ ਵਿਸਫੋਟ ਨਾਲ ਭਰੀ ਮਾਲ ਗੱਡੀ ਨਾਲ ਟਕਰਾ ਗਈ। ਸੈਂਕੜੇ ਲੋਕ ਮਾਰੇ ਗਏ ਤੇ ਕਈ ਸੈਂਕੜੇ ਜਖਮੀ ਹੋ ਗਏ। ਇਹਨਾਂ ਲੋਕਾਂ ਦੀ ਮੱਦਦ ਲਈ ਈਦੀ ਨੂੰ ਲੈਣ ਲਈ ਹੈਲੀਕਪਟਰ ਆ ਗਿਆ। ਈਦੀ ਨੇ ਚੱਲਣ ਤੋਂ ਪਹਿਲਾਂ ਸਟਾਫ ਸਮੇਤ ਡਾਕਟਰ, ਨਰਸਾਂ, ਦਵਾਈਆਂ, ਐਂਬੂਲੈਂਸਾਂ, ਕਫਨ ਤੇ ਗੱਡੀਆਂ ਦਾ ਕਾਫਲਾ ਤੋਰ ਦਿੱਤਾ। ਈਦੀ ਹੈਲੀਕਪਟਰ ਤੇ ਸਵਾਰ ਹੋਇਆ ਦੋ ਘੰਟਿਆਂ ਦੀ ਉਡਾਨ ਤੋਂ ਬਾਅਦ ਪਾਇਲਟ ਨੇ ਈਦੀ ਨੂੰ ਦੱਸਿਆ ਕਿ ਤੁਹਾਡਾ ਦੋਹਤਾ ਮੌਲਾਨਾ ਜੋ ਹਸਪਤਾਲ ਵਿੱਚ ਦਾਖਲ ਸੀ ਅੱਲ੍ਹਾ ਨੂੰ ਪਿਆਰਾ ਹੋ ਗਿਆ ਹੈ। ਈਦੀ ਕੰਬ ਗਿਆ। ਪਾਇਲਟ ਨੇ ਪੁੱਛਿਆ ਵਾਪਿਸ ਚੱਲੀਏ। ਈਦੀ ਨੇ ਕਿਹਾ – ਨਹੀਂ ਪਹਿਲਾਂ ਹੀ ਲੇਟ ਹਾਂ। ਮੇਰੀ ਬੀਵੀ ਨੂੰ ਕਹਿ ਦਿਓ ਕਿ ਉਹ ਅੰਤਮ ਰਸਮਾਂ ਨਿਭਾ ਲਵੇ ਮੈਨੂੰ ਨਾ ਉਡੀਕੇ।

ਈਦੀ ਰੇਲਵੇ ਸਟੇਸ਼ਨ ਤੇ ਪਹੁੰਚਿਆ ਤਾਂ ਦੇਖਿਆ ਕਿ ਲੱਤਾਂ, ਬਾਹਾਂ, ਸਿਰ, ਧੜ ਇੱਧਰ ਉਧਰ ਖਿੱਲਰੇ ਪਏ ਸਨ। ਚਾਰੇ ਪਾਸੇ ਤਾਜੇ ਲਹੂ ਦੀ ਦੁਰਗੰਧ ਸੀ। ਲਾਊਡਸਪੀਕਰ ਖੂਨ ਦਾਨ ਵਾਸਤੇ ਅਪੀਲ ਕਰ ਰਹੇ ਸਨ। ਹਸਪਤਾਲ ਭਰ ਚੁੱਕੇ ਸਨ। ਈਦੀ ਫਾਊਂਡੇਸ਼ਨ ਦੀਆਂ 75 ਐਂਬੂਲੈਂਸਾਂ ਜਖਮੀਆਂ ਤੇ ਮੁਰਦਿਆਂ ਨੂੰ ਲੈ ਕੇ ਵੱਖ ਵੱਖ ਦਿਸ਼ਾਵਾਂ ਵੱਲ ਦੌੜ ਰਹੀਆਂ ਸਨ। ਈਦੀ ਦਾ ਕੰਮ ਦਿਨ ਛਿਪਣ ਨਾਲ ਖਤਮ ਹੋਇਆ। ਹੱਥਾਂ ਪੈਰਾਂ ਤੇ ਜੰਮਿਆ ਲਹੂ ਸੁੱਕ ਗਿਆ ਜੋ ਮਸਾਂ ਉਤਾਰਿਆ। ਲਹੂ ਲੁਹਾਨ ਕੱਪੜੇ ਬਦਲੇ ਤੇ ਵਾਪਸ ਪਹੁੰਚ ਕੇ ਦੋਹਤੇ ਦਾ ਦੁੱਖ ਪਰਿਵਾਰ ਨਾਲ ਸਾਂਝਾ ਕੀਤਾ।

ਈਦੀ ਜੀ ਦੇ ਪਰਿਵਾਰ ਵਿੱਚ ਪਾਗਲ, ਅਪੰਗ ਅਤੇ ਯਤੀਮ ਬੱਚੇ ਸਨ ਜਿਹਨਾਂ ਦਾ ਪਾਲਣ ਪੋਸ਼ਣ ਈਦੀ ਫਾਊਂਡੇਸ਼ਨ ਵੱਲੋਂ ਕੀਤਾ ਜਾਂਦਾ ਹੈ। ਸਾਰੇ ਪਾਕਿਸਤਾਨ ਵਿੱਚ ਐਂਬੂਲੈਂਸ ਸੇਵਾ ਦਾ ਪ੍ਰਬੰਧ ਵੀ ਇਸ ਸੰਸਥਾ ਵੱਲੋਂ ਕੀਤਾ ਜਾਂਦਾ ਹੈ। ਇਸ ਵਕਤ ਇਹਨਾਂ ਕੋਲ 1800 ਐਂਬੂਲੈਂਸਾਂ ਦੋ ਹਵਾਈ ਜਹਾਜ, ਇੱਕ ਹੈਲੀਕਪਟਰ ਤੇ 28 ਬਚਾਓ ਕਿਸ਼ਤੀਆਂ ਹਨ। ਹੁਣ ਤੱਕ ਈਦੀ ਫਾਊਂਡੇਸ਼ਨ ਵੱਲੋਂ 30 ਲੱਖ ਬੇਸਹਾਰਾ ਬੱਚਿਆਂ ਨੂੰ ਮੁੜ ਵਸਾਇਆ ਗਿਆ ਹੈ। ਅੱਸੀ ਹਜਾਰ ਮਨੋ-ਰੋਗੀਆਂ ਤੇ ਨਸ਼ੇੜੀਆਂ ਦਾ ਇਲਾਜ ਕਰਕੇ ਘਰ ਭੇਜਿਆ ਗਿਆ ਹੈ। ਦਸ ਲੱਖ ਬੱਚੇ ਈਦੀ ਦੇ ਮੈਟਰਨਟੀ ਸੈਂਟਰ ਵਿੱਚ ਸਿੱਖਿਅਤ ਦਾਈਆਂ ਦੁਆਰਾ ਪੈਦਾ ਹੋਏ ਹਨ। ਵੀਹ ਹਜਾਰ ਉਹ ਬੱਚੇ ਬਚਾਏ ਗਏ ਜਿਹਨਾਂ ਨੂੰ ਲੋਕ ਸੁੱਟ ਜਾਂਦੇ ਸਨ। ਚਾਲੀ ਹਜਾਰ ਕੁੜੀਆਂ ਦਾਈਆਂ ਦੀ ਟ੍ਰੇਨਿੰਗ ਲੈ ਕੇ ਪਿੰਡਾਂ ਵਿੱਚ ਰੋਜੀ ਰੋਟੀ ਕਮਾ ਰਹੀਆਂ ਹਨ। ਦੋ ਲੱਖ ਲਾਵਾਰਸ ਲਾਸ਼ਾਂ ਵੀ ਈਦੀ ਫਾਊਂਡੇਸ਼ਨ ਵੱਲੋਂ ਦਫਨ ਕੀਤੀਆਂ ਗਈਆਂ ਹਨ। ਅਮਰੀਕਾਂ ਨੇ 911 ਐਮਰਜੈਂਸੀ ਲਾਈਨਾਂ ਵਾਲੀ ਟੈਲੀਫੋਨ ਐਕਸਚੇਂਜ ਦੇ ਦਿੱਤੀ।

ਟੈਲੀਵੀਜ਼ਨ ਵੱਲੋਂ ਈਦੀ ਤੇ ਉਸ ਦੀ ਬੀਵੀ ਨੂੰ ਸੱਦਾ ਆਇਆ। ਹਾਲ ਖਚਾ ਖਚ ਭਰਿਆ ਹੋਇਆ ਸੀ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਨਾਲ ਸਵਾਗਤ ਕੀਤਾ ਅਤੇ ਉਨਾਂ ਚਿਰ ਤਾੜੀਆਂ ਵੱਜਦੀਆਂ ਰਹੀਆਂ ਜਿੰਨਾਂ ਚਿਰ ਦੋਵੇਂ ਜਾਣੇ ਉਚੇ ਡਾਇਸ ਤੇ ਜਾ ਕੇ ਨਾ ਬੈਠ ਗਏ। ਸਟੇਜ ਸਕੱਤਰ ਨੇ ਬਿਲਕੀਸ ਨੂੰ ਈਦੀ ਦੇ ਜੀਵਨ ਤੇ ਰੋਸ਼ਨੀ ਪਾਉਣ ਲਈ ਕਿਹਾ ਉਸ ਦਾ ਜਵਾਬ ਸੀ ਉਹ ਪਹਿਲਾਂ ਹੀ ਰੋਸ਼ਨ, ਉਸ ਉਤੇ ਹੋਰ ਰੋਸ਼ਨੀ ਕੀ ਪਾਵਾਂ। ਸਕੱਤਰ ਨੇ ਕਿਹਾ ਕਿ ਆਪਣੇ ਵਿਆਹੁਤਾ ਜੀਵਨ ਬਾਰੇ ਦੱਸੋ। ਬਿਲਕੀਸ ਕਹਿਣ ਲੱਗੀ ਵਿਆਹੁਤਾ ਜੀਵਨ ਜੂਏ ਵਾਂਗ ਹੁੰਦਾ ਹੈ। ਕੋਈ ਜਿੱਤ ਜਾਂਦਾ ਹੈ ਤੇ ਕੋਈ ਹਾਰ ਜਾਂਦਾ ਹੈ ਪ੍ਰੰਤੂ ਅਸੀਂ ਦੋਵੇਂ ਜਿੱਤ ਗਏ ਹਾਂ। ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਅਬਦੁਲ ਸਿਤਾਰ ਈਦੀ ਅਤੇ ਉਹਨਾਂ ਦੀ ਬੀਵੀ ਬਿਲਕੀਸ, ਭਾਈ ਘਨਈਆ ਜੀ ਤੇ ਭਗਤ ਪੂਰਨ ਸਿੰਘ ਵਾਂਗ ਸੇਵਾ ਦੇ ਚਿਰਾਗ ਹਨ। ਉਹ ਨਿਰਭੈ ਯੋਧੇ ਹਨ। ਚੋਰ ਤੇ ਡਾਕੂ ਵੀ ਉਹਨਾਂ ਨੂੰ ਨਮਸਕਾਰ ਕਰਦੇ ਹਨ। ਉਹਨਾਂ ਉਤੇ ਪ੍ਰਮਾਤਮਾ ਦੀ ਮਿਹਰ ਹੈ, ਇਸੇ ਲਈ ਉਹ ਸਾਰੀ ਖਲਕਤ ਦੇ ਖਿਦਮਤਦਾਰ ਹਨ।

ਧੰਨਵਾਦ ਸਹਿਤ- (ਹਰਪਾਲ ਸਿੰਘ ਪਨੂੰ ਦੀ ਪੁਸਤਕ-ਸੇਵਾ ਦਾ ਚਿਰਾਗ)

ਕੱਤਕ ਦੀ ਪੂਰਨਮਾਸ਼ੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਜਾਂ ਉਨ੍ਹਾਂ ਦੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਦਾ ?

0

ਕੱਤਕ ਦੀ ਪੂਰਨਮਾਸ਼ੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਜਾਂ ਉਨ੍ਹਾਂ ਦੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਦਾ ?

ਜਗਤਾਰ ਸਿੰਘ ਜਾਚਕ, ਨਿਊਯਾਰਕ (ਫੋਨ: 516-761-1853)

ਜ਼ਾਹਰ ਪੀਰ, ਜਗਤ ਗੁਰ ਬਾਬਾ, ਹਜ਼ੂਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਹਾੜੇ ਬਾਰੇ ਤਾਂ ਇਤਿਹਾਸਕਾਰ ਸਿੱਖ ਵਿਦਵਾਨਾਂ ਵਿੱਚ ਹੁਣ ਕੋਈ ਦੋ ਰਾਵਾਂ ਨਹੀ ਹਨ ਕਿ ਉਨ੍ਹਾਂ ਦਾ ਜਨਮ ਵੈਸਾਖ ਸੁਦੀ ਤਿੰਨ ਸੰਮਤ 1526 (ਅਪ੍ਰੈਲ ਸੰਨ 1469) ਦਾ ਹੈ, ਕੱਤਕ ਦੀ ਪੂਰਨਮਾਸ਼ੀ ਦਾ ਨਹੀਂ। ਇਸ ਬਾਰੇ ਕੋਈ ਵਿਸ਼ੇਸ਼ ਵਿਸਥਾਰ ਦੇਣ ਦੀ ਲੋੜ ਨਹੀਂ ਜਾਪਦੀ। ਕਿਉਂਕਿ, ਵਖ-ਵਖ ਸਿੱਖ ਜਥੇਬੰਦੀਆਂ ਦੇ ਪ੍ਰਤੀਨਿਧਾਂ ਤੇ ਵਿਦਵਾਨਾਂ ਦੀਆਂ ਵਿਸ਼ੇਸ਼ ਬੈਠਕਾਂ ਦੁਆਰਾ ਲੰਬੀ-ਚੌੜੀ ਵਿਚਾਰ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵਲੋਂ ਪ੍ਰਕਾਸ਼ਤ ‘ਨਾਨਕ ਸ਼ਾਹੀ ਕੈਲੰਡਰ’ ਵਿੱਚ ਵੀ ਇਸ ਹਕੀਕਤ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਹਾਂ ! ਇਹ ਇੱਕ ਵੱਖਰੀ ਗੱਲ ਹੈ ਕਿ ਆਗਮਨ ਪੁਰਬ ਦਾ ਦਿਹਾੜਾ ਪਹਿਲੀ ਵੈਸਾਖ ਨਿਯਤ ਕਰਕੇ ਵੀ ਅਜੇ ਰਾਜਨੀਤਕ ਅਤੇ ਸੰਪਰਦਾਈ ਪ੍ਰਭਾਵ ਹੇਠ ਇਤਿਹਾਸਕ ਸਚਾਈ ਦੇ ਉੱਲਟ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਮਨਾਇਆ ਜਾ ਰਿਹਾ ਹੈ।
ਇਤਿਹਾਸ ਗਵਾਹ ਹੈ ਕਿ ਅਠਾਰਵੀਂ ਸਦੀ ਦੇ ਅੰਤਲੇ ਦਹਾਕੇ ਸੰਨ 1790 ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅਤੇ ਲਗਭਗ ਵੀਹਵੀਂ ਸਦੀ ਦੇ ਆਰੰਭਕ ਦਹਾਕੇ ਤੱਕ ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਆਗਮਨ ਪੁਰਬ ਵੈਸਾਖ ਵਿੱਚ ਹੀ ਮਨਾਇਆ ਜਾਂਦਾ ਸੀ। ਕਿਉਂਕਿ, ਮਿਸਟਰ ਮੈਕਾਲਫ ਮੁਤਾਬਕ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇਥੋਂ ਦੇ ਪ੍ਰਮੁਖ ਗਿਆਨੀ ਸੰਤ ਸਿੰਘ ਜੀ ਨੇ ਕੱਤਕ ਦੀ ਪੂਰਨਮਾਸ਼ੀ ਨੂੰ ਪੁਰਬ ਮਨਾਉਣ ਦੀ ਰੀਤ ਸ਼ੁਰੂ ਕੀਤੀ ਅਤੇ ਆਪਣੇ ਰਾਜਸੀ ਪ੍ਰਭਾਵ ਦੀ ਵਰਤੋਂ ਕਰਕੇ ਹੋਰਨਾਂ ਗੁਰ ਅਸਥਾਨਾਂ ਵਿੱਚ ਵੀ ਐਸਾ ਰਿਵਾਜ ਪਾ ਦਿੱਤਾ। ਪਰ, ਅਜਿਹਾ ਹੋਣ ਦੇ ਬਾਵਜੂਦ ਵੀ ਸੌ ਸਾਲ ਤੋਂ ਵਧੇਰੇ ਸਮੇਂ ਤੱਕ ਸਤਿਗੁਰੂ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਇਹ ਰੀਤ ਚਾਲੂ ਨਾ ਕੀਤੀ ਜਾ ਸਕੀ। ਭਾਵੇਂ ਕਿ ‘ਗੁਰ ਬਿਲਾਸ ਪਾਤਸ਼ਾਹੀ 6ਵੀਂ ਮੁਤਾਬਕ ਬਿਪਰਵਾਦੀ ਪ੍ਰਭਾਵ ਹੇਠ ਉਦਾਸੀਆਂ ਦੁਆਰਾ ਓਥੇ ਨਿਰਜਲ ਇਕਾਦਸ਼ੀ ਦਾ ਮੇਲਾ ਤੇ ਇਸ਼ਨਾਨ ਸ਼ੁਰੂ ਕੀਤਾ ਜਾ ਚੁੱਕਾ ਸੀ। ਕਿਉਂਕਿ, ਪਹਿਲੇ ਸਿੱਖ ਹਿਸਟੋਰੀਅਨ ਸ੍ਰ: ਕਰਮ ਸਿੰਘ ਜੀ ਦੀ ਅੱਖੀਂ ਡਿੱਠੀ ਤੇ ਅੰਗੀਂ ਹੰਡਾਈ ਹੋਈ ਗਵਾਹੀ ਉਨ੍ਹਾਂ ਦੀ ਲਿਖਤ ਵਿੱਚ ਇਉਂ ਮਜੂਦ ਹੈ: “1925 ਦੀ ਗੱਲ ਹੈ ਕਿ ਸ੍ਰੀ ਨਨਕਾਣਾ ਸਾਹਿਬ ਕੱਤਕ ਪੂਰਨਮਾਸ਼ੀ ਨੂੰ ਗੁਰਪੁਰਬ ਮਨਾਉਣਾ ਆਰੰਭ ਹੋਇਆ, ਉਸ ਤੋਂ ਪਹਿਲਾਂ ਇਸ ਦਿਨ ਨੂੰ ਉਥੇ ਕੋਈ ਜਾਣਦਾ ਵੀ ਨਹੀਂ ਸੀ। ਸੱਠ ਕੁ ਵਰ੍ਹੇ ਏਸੇ ਤਰ੍ਹਾਂ ਹੋਰ ਲੰਘ ਗਏ ਤਾਂ ਲੋਕੀਂ ਆਖਣ ਲੱਗ ਪੈਣਗੇ ਜੋ ਇਹ ਗੁਰਪੁਰਬ ਮੁੱਢ ਤੋਂ ਹੀ ਕੱਤਕ ਦੀ ਪੂਰਨਮਾਸ਼ੀ ਨੂੰ ਨਨਕਾਣੇ ਸਾਹਿਬ ਮਨਾਇਆ ਜਾਂਦਾ ਰਿਹਾ ਹੈ, ਜਿਸ ਤਰ੍ਹਾਂ ਅੱਜ ਕੱਲ ਗਿਆਨੀ ਸੰਤ ਸਿੰਘ ਜੀ ਦੇ ਚਲਾਏ ਹੋਏ ਗੁਰਪੁਰਬ ਨੂੰ ਸਭ ਤੋਂ ਪੁਰਾਤਨ ਹੀ ਮੰਨ ਰਹੇ ਹਨ”। (ਪੁਸਤਕ ‘ਕੱਤਕ ਕਿ ਵਿਸਾਖ’ ਪੰਨਾ 137)
ਸ਼ਾਇਦ ਇਹੀ ਕਾਰਨ ਹੈ ਕਿ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੱਖ ਸੰਗਤਾਂ ਵਿੱਚਲੀ ਭਾਈਚਾਰਕ ਸਾਂਝ ਦੀ ਪ੍ਰਪੱਕਤਾ ਅਤੇ ਮਰਯਾਦਾ ਦੀ ਇੱਕਸੁਰਤਾ ਲਈ ਸਾਲਾਨਾ ਜੋੜ ਮੇਲਾ ਕਰਨ ਦਾ ਇਰਾਦਾ ਬਣਾਇਆ ਤਾਂ ਉਨ੍ਹਾਂ ਨੇ ਵੈਸਾਖੀ ਦਾ ਦਿਨ ਹੀ ਨੀਯਤ ਕੀਤਾ। ਜੇਕਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗਿਆਨ ਗੁਰੂ ਦੀ ਅਗਵਾਈ ਵਿੱਚ ਗੁਰਸਿੱਖੀ ਦੇ ਪ੍ਰਚਾਰ, ਕੌਮੀ ਪਹਿਚਾਣ ਤੇ ਸੁਰਖਿਆ ਦੇ ਦ੍ਰਿਸ਼ਟੀਕੋਨ ਤੋਂ ਖ਼ਾਲਸਾ ਜਥੇਬੰਦੀ ਕਾਇਮ ਕਰਨ ਦਾ ਇਰਾਦਾ ਬਣਾਇਆ ਤਾਂ ਉਨ੍ਹਾਂ ਨੇ ਵੀ ਸੰਨ 1699 ਨੂੰ ਵੈਸਾਖੀ ਦਾ ਦਿਹਾੜਾ ਹੀ ਚੁਣਿਆ। ਦਸਮ ਪਾਤਸ਼ਾਹ ਦੇ ਜੋਤੀ-ਜੋਤਿ ਸਮਾਉਣ ਉਪਰੰਤ ਵੀ ਖ਼ਾਲਸਾ ਪੰਥ ਆਪਣੇ ਵਿਸ਼ੇਸ਼ ਕੌਮੀ ਇਕੱਠ ਵੈਸਾਖੀ ਨੂੰ ਹੀ ਬੁਲਾਉਂਦਾ ਰਿਹਾ। ਕਿਉਂਕਿ, ਗੁਰੂ ਸਾਹਿਬਾਨ ਅਤੇ ਅਠਾਰਵੀਂ ਸਦੀ ਦੇ ਪੰਥਕ ਆਗੂ ਜਾਣਦੇ ਸਨ ਕਿ ਵੈਸਾਖੀ ਸਿੱਖੀ ਦੇ ਮੋਢੀ ਗੁਰੂ ਦਾ ਪ੍ਰਕਾਸ਼ ਦਿਹਾੜਾ ਹੈ, ਜਿਹੜੇ ਅਕਾਲ ਪੁਰਖ ਦੇ ਹੁਕਮ ਵਿੱਚ ਧੁਰ ਤੋਂ ਹੀ ਗੁਰੂ ਸਥਾਪਿਤ ਹੋਏ ਸਨ।
ਮਿਸਟਰ ਮੈਕਾਲਿਫ਼ ਤਾਂ ਦਸਦੇ ਹਨ ਕਿ ਕੱਤਕ ਪੂਰਨਮਾਸ਼ੀ ਨੂੰ ਰਾਮ ਤੀਰਥ (ਅੰਮ੍ਰਿਤਸਰ) ਦਾ ਮੇਲਾ ਹੋਣ ਕਰਕੇ ਸਾਰੇ ਸਿੱਖ ਓਧਰ ਚਲੇ ਜਾਂਦੇ ਸਨ। ਸੋ ਓਧਰੋਂ ਹਟਾਉਣ ਵਾਸਤੇ ਗਿਆਨੀ ਸੰਤ ਸਿੰਘ ਜੀ (ਜਿਨ੍ਹਾਂ ਨੇ ਖ਼ਾਲਸੇ ਦੀ ਪ੍ਰੇਰਨਾ ਨਾਲ ਸੰਨ 1790 ਨੂੰ ਸ੍ਰੀ ਦਰਬਾਰ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਨਿੱਤ ਦੀ ਕਥਾ ਆਰੰਭ ਕੀਤੀ, ਜਿਸ ਦਾ ਭੋਗ ਵੀ ਉਨ੍ਹਾਂ ਨੇ ਆਪ ਹੀ ਸ੍ਰੀ ਦਰਬਾਰ ਸਾਹਿਬ ਦੇ ਅੰਦਰ 1832 ਵਿੱਚ ਪਾਇਆ।) ਨੇ ਕੱਤਕ ਪੂਰਨਮਾਸ਼ੀ ਨੂੰ ਆਦਿ ਸਤਿਗੁਰੂ ਜੀ ਦੇ ਪਰਗਟ ਹੋਣ ਦਾ ਗੁਰ ਪੁਰਬ ਮਨਾਉਣਾ ਆਰੰਭ ਕਰ ਦਿੱਤਾ। ਪਰ, ਦਾਸ ਦਾ ਖ਼ਿਆਲ ਹੈ ਕਿ ਇਸ ਤਬਦੀਲੀ ਦਾ ਮੁੱਖ ਕਾਰਨ ਗਿਆਨੀ ਜੀ ਦੇ ਆਲੇ-ਦੁਆਲੇ ਉਦਾਸੀ ਬਾਵਿਆਂ ਦਾ ਘੇਰਾ ਸੀ, ਜਿਹੜੇ ਬਾਬਾ ਸ੍ਰੀ ਚੰਦ ਨੂੰ ਸਿੱਖਾਂ ਦਾ ਪੂਜ੍ਯ ਸਤਿਗੁਰੂ ਸਥਾਪਿਤ ਕਰਨ ਲਈ ਅਤਿ ਨਿੰਦਤ ਤੇ ਸਿਰਤੋੜ ਯਤਨ ਕਰ ਰਹੇ ਸਨ। ਕਿਉਂਕਿ, ਉਦਾਸੀ ਸਾਧੂਆਂ ਦੀਆਂ ਲਿਖਤਾਂ ਅਤੇ ਖ਼ਾਨਦਾਨੀ ਰਵਾਇਤਾਂ ਅਨੁਸਾਰ ਬਾਬਾ ਸ੍ਰੀ ਚੰਦ ਜੀ ਦਾ ਜਨਮ ਸੰਮਤ 1551 (ਸੰਨ 1494) ਦੇ ਕੱਤਕ ਦੀ ਪੂਰਨਮਾਸ਼ੀ ਦਾ ਹੀ ਮੰਨਿਆ ਜਾਂਦਾ ਹੈ। ਉਦਾਸੀ ਸਾਧੂਆਂ ਤੇ ਬੇਦੀ ਬਾਵਿਆਂ ਨੇ ਸੋਚਿਆ ਕਿ ਓਵੇਂ ਤਾਂ ਸਿੱਧੇ ਰੂਪ ਵਿੱਚ ਗੁਰਸਿੱਖਾਂ ਨੇ ਬਾਬਾ ਸ੍ਰੀ ਚੰਦ ਜੀ ਦੀ ਉਸਤਤਿ ਤੇ ਕਲਪਤ ਕਰਾਮਾਤੀ ਕਹਾਣੀਆਂ ਨਹੀ ਸੁਣਨੀਆਂ ਅਤੇ ਨਾ ਹੀ ਗੁਰਦੁਆਰਿਆਂ ਵਿੱਚ ਬਾਬਾ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਤਿਆਰ ਹੋ ਸਕਣਾ ਹੈ। ਇਸ ਲਈ ਬਾਬਾ ਸ੍ਰੀ ਚੰਦ ਜੀ ਦੇ ਉਪਾਸ਼ਕਾਂ ਨੂੰ ਸਭ ਤੋਂ ਵਧੀਆ ਜੁਗਤਿ ਇਹੀ ਜਾਪੀ ਕਿ ਗੁਰਦੁਆਰਿਆਂ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਪੁਰਬ ਵੈਸਾਖ ਸੁਦੀ ਤੀਜ ਦੀ ਥਾਂ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਉਣਾ ਪ੍ਰਚਲਿਤ ਕਰ ਦਿੱਤਾ ਜਾਵੇ। ਤਾਂ ਜੋ ਇਸ ਬਹਾਨੇ, ਜਿਥੇ, ਬਾਬਾ ਸ੍ਰੀ ਚੰਦ ਦਾ ਜਨਮ ਉਤਸ਼ਵ ਵੀ ਮਨਾਇਆ ਜਾਏਗਾ। ਉਥੇ, ਸਿੱਖ ਸੰਗਤਾਂ ਨੂੰ ਭਰਮਾਉਣ ਲਈ ਸਟੇਜ ਤੋਂ ਦੋ ਚਾਰ ਸਿਫਤਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਕਰਕੇ, ਬਾਕੀ ਸਮਾਂ ਬਾਬਾ ਸ੍ਰੀ ਚੰਦ ਦੀ ਉਸਤਤੀ ਤੇ ਕਲਪਤ ਕਥਾ ਕਹਾਣੀਆਂ ਵੀ ਸੁਣਾਈਆਂ ਜਾ ਸਕਣਗੀਆਂ। ਜਿਵੇਂ ਕਿ ਅੱਜ ਕੱਲ ਵੀ ਕੁੱਝ ਡੇਰੇਦਾਰ ਆਪਣੇ ਕਿਸੇ ਵੱਡੇ ਵਡੇਰੇ ਮਹੰਤ ਦੀ ਬਰਸੀ ਜਾਂ ਜਨਮ ਦਿਹਾੜੇ ਨੂੰ ਗੁਰਪੁਰਬੀ ਦਿਹਾੜੇ ਨਾਲ ਜੋੜ ਕੇ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਕਿਉਂਕਿ, ਸ਼ਰਧਾਲੂ ਸਿੱਖ ਸੰਗਤਾਂ ਗੁਰਪੁਰਬ ਜਾਣ ਕੇ ਇਕੱਤਰ ਹੋ ਜਾਂਦੀਆਂ ਹਨ, ਪਰ ਓਥੇ ਗੁਰਮਤਿ ਵਿਚਾਰਧਾਰਾ ਸਮਝਾਉਣ ਤੇ ਸਤਿਗੁਰੂ ਜੀ ਦੀ ਜੈ-ਜੈਕਾਰ ਕਰਨ ਦੀ ਥਾਂ ਡੇਰੇਦਾਰ ਮਹੰਤ ਨੂੰ ਧੰਨ ਧੰਨ ਕਹਿੰਦਿਆਂ, ਵਿਅਕਤੀਗਤ ਪੂਜਾ ਦੇ ਬਢਾਵੇ ਲਈ ਉਹ ਦੀਆਂ ਸਿਫ਼ਤਾਂ ਦੇ ਹੀ ਪੁਲ਼ ਬੰਨੇ ਜਾ ਰਹੇ ਹੁੰਦੇ ਹਨ। ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਇਸ ਪੱਖੋਂ ਵੀ ਸੁਚੇਤ ਹੋਣ ਦੀ ਲੋੜ ਹੈ।
ਪ੍ਰਸਿੱਧ ਖੋਜੀ ਵਿਦਵਾਨ ਪ੍ਰੋ: ਪਿਆਰਾ ਸਿੰਘ ਪਦਮ ਜੀ ‘ਸਿੱਖ ਸੰਪ੍ਰਦਾਵਲੀ’ ਪੁਸਤਕ ਵਿੱਚ ਬਾਬਾ ਸ੍ਰੀ ਚੰਦ ਜੀ ਦੇ ਜਨਮ ਅਤੇ ਉਦਾਸੀਆਂ ਦੀ ਉਪਰੋਕਤ ਨੀਤੀ ਨੂੰ ਲੁਕਵੇਂ ਜਿਹੇ ਢੰਗ ਨਾਲ ਇੱਕ ਵਿਸ਼ੇਸ਼ ਫੁੱਟ-ਨੋਟ ਦੁਆਰਾ ਇਉਂ ਪ੍ਰਗਟ ਕੀਤਾ ਹੈ: “ਆਪ ਦਾ ਜਨਮ ਗੁਰੂ ਨਾਨਕ ਸਾਹਿਬ ਜੀ ਦੇ ਘਰ ਮਾਤਾ ਸੁਲੱਖਣੀ ਦੀ ਕੁਖੋਂ 1551 ਬਿਕ੍ਰਮੀ ਨੂੰ ਕੱਤਕ ਦੀ ਪੂਰਨਮਾ ਨੂੰ ਸੁਲਤਾਨਪੁਰ ਹੋਇਆ। ਬੇਦੀ ਦਲਜੀਤ ਸਿੰਘ ਨੇ ਖ਼ਾਨਦਾਨੀ ਰਵਾਇਤ ਅਨੁਸਾਰ ਆਪਣੀ ਲਿਖਤ ‘ਸਾਖੀ ਸ੍ਰੀ ਚੋਲਾ ਸਾਹਿਬ’ ਵਿੱਚ ਜਨਮ ਕਤਕ ਦੀ ਪੂਰਨਮਾਸ਼ੀ ਨੂੰ ਹੋਇਆ ਦਸਿਆ ਹੈ ਤੇ ਇਹੋ ਸੁਖਬਾਸੀ ਰਾਮ ਨੇ ਆਪਣੇ ਗ੍ਰੰਥ ‘ਗੁਰੂ ਨਾਨਕ ਬੰਸ ਪ੍ਰਕਾਸ਼’ ਵਿੱਚ ਦਰਜ ਕੀਤਾ ਹੈ। ਭਾਵੇਂ ਕੁੱਝ ਲੇਖਕਾਂ ਭਾਦੋਂ ਸੁਦੀ 9 ਵੀ ਲਿਖਿਆ ਹੈ” (ਪੰਨਾ 19)
ਬਾਬਾ ਸ੍ਰੀ ਚੰਦ ਜੀ ਨੂੰ ਸਤਿਗੁਰੂ ਸਥਾਪਦਾ ਤੇ ਜਨਮ ਤਿਥੀ ਦਰਸਾਉਂਦਾ ‘ਗੁਰੂ ਨਾਨਕ ਬੰਸ ਪ੍ਰਕਾਸ਼’ ਦਾ ਦੋਹਰਾ ਅਤੇ ਉਦਾਸੀ-ਨੀਤੀ ਨੂੰ ਪ੍ਰਗਟਾਉਂਦਾ ਵਿਸ਼ੇਸ਼ ਨੋਟ ‘ਸਿੱਖ ਸੰਪ੍ਰਦਾਵਲੀ’ ਪੁਸਤਕ ਦੇ ਉਪਰੋਕਤ ਪੰਨੇ ਦੇ ਹੇਠਾਂ ਇਸ ਪ੍ਰਕਾਰ ਹੈ: ਸ਼ੁਭ ਨਖਤ੍ਰ ਬਰ ਲਗਨ, ਸ਼ੁਭ ਕਾਤਕ ਮਾਸ ਪੁਨੀਤ। ਸ੍ਰੀ ਚੰਦ ਸਤਿਗੁਰ ਪ੍ਰਗਟ, ਅਦਭੁਤ ਨਿਰਮਲ ਚੀਤ। ਨੋਟ: “ਉਦਾਸੀ ਸਾਧੂਆਂ ਸ਼ਾਯਦ ਇਸੇ ਕਰਕੇ ਕੱਤਕ ਪੂਰਨਮਾਸ਼ੀ ਪੁਰਬ ਮਨਾਉਣ ਦੀ ਰੀਤਿ ਪਾਈ। (ਕਿਉਂਕਿ) ਇਸ ਨਾਲ ਪਿਤਾ ਪੁੱਤ੍ਰ ਦੋਹਾਂ ਦੀ ਯਾਦ ਪੂਜੀ ਜਾਂਦੀ।” (ਪੰਨਾ 19)
ਸੋ ਉਦਾਸੀਆਂ ਨੇ ਆਪਣੇ ਇਸ ਮਨਸੂਬੇ ਦੀ ਪੂਰਤੀ ਲਈ ਪਹਿਲਾਂ ਤਾਂ ਪੰਥਕ ਹਿਤੂਆਂ ਦੇ ਰੂਪ ਵਿੱਚ ਗਿਆਨੀ ਸੰਤ ਸਿੰਘ ਜੀ ਨੂੰ ਰਾਮਤੀਰਥ ਵਲੋਂ ਸਿੱਖਾਂ ਨੂੰ ਹਟਾਉਣ ਵਰਗੀਆਂ ਹਿਤਕਾਰੀ ਤੇ ਵਪਾਰਕ ਸਲਾਹਾਂ ਦਿੰਦਿਆਂ ਉਨ੍ਹਾਂ ਦੀ ਦ੍ਰਿਸ਼ਟੀ ਵਿੱਚ ਆਪਣੇ ਆਪ ਨੂੰ ਪੰਥਕ-ਹਿਤੂ ਸਿੱਧ ਕੀਤਾ। ਅਤੇ ਫਿਰ ਗੁਰੂ-ਨਿੰਦਕ ਤੇ ਪੰਥ ਵਿਰੋਧੀ ਸੰਪਰਦਾ ‘ਨਿਰੰਜਣੀਏ’ ਵਲੋਂ ਗੁਰ ਇਤਿਹਾਸ ਨੂੰ ਦੂਸ਼ਤ ਕਰਨ ਦੇ ਇਰਾਦੇ ਨਾਲ ਲਿਖਵਾਈ ‘ਭਾਈ ਬਾਲੇ ਵਾਲੀ ਜਨਮ ਸਾਖੀ’ ਨੂੰ ਅਧਾਰ ਬਣਾ ਕੇ ਗਿਆਨੀ ਜੀ ਨੂੰ ਆਦਰ ਸਹਿਤ ਪ੍ਰੇਰਦਿਆਂ ਉਪਰੋਕਤ ਕਿਸਮ ਦੀ ਤਬਦੀਲੀ ਕਰਵਾਈ। ਕਿਉਂਕਿ, ਉਸ ਵੇਲੇ ਤੱਕ ਇੱਕੋ-ਇੱਕ ਇਹੀ ਜਨਮ ਸਾਖੀ ਸੀ, ਜਿਹੜੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਦਿਹਾੜਾ ਵੈਸਾਖ ਸੁਦੀ ਤੀਜ ਦੀ ਥਾਂ ਕੱਤਕ ਦੀ ਪੂਰਨਮਾਸ਼ੀ ਨੂੰ ਦਰਸਾਉਂਦੀ ਸੀ।
ਸ੍ਰ: ਕਰਮ ਸਿੰਘ ਹਿਸਟੋਰੀਅਨ ਦਾ ਮੱਤ ਹੈ ਕਿ ਜਨਮ ਸਾਖੀ ਵਿੱਚ ਅਜਿਹੀ ਤਬਦੀਲੀ ਕਰਨ ਵੇਲੇ ਲਿਖਾਰੀ ਦੇ ਚਿੱਤ ਵਿੱਚ ਬ੍ਰਾਹਮਣ ਦਾ ਫੈਲਾਇਆ, ਉਹ ਭਰਮ ਅਵੱਸ਼ ਹੀ ਮੌਜੂਦ ਸੀ ਕਿ ਕੱਤਕ ਤੇ ਭਾਦੋਂ ਵਿੱਚ ਜਨਮਿਆਂ ਬਾਲਕ ਅਸ਼ੁਭ ਅਥਵਾ ਕੁਲੱਖਣਾ ਹੁੰਦਾ ਹੈ। ਪਰ, ਜੇਕਰ ਉਸ ਨੂੰ ਇੱਕ ਵਾਰ ਘਰੋਂ ਕੱਢ ਕੇ ਬ੍ਰਾਹਮਣ ਨੂੰ ਸਉਂਪ ਦਿੱਤਾ ਜਾਵੇ ਤੇ ਫਿਰ ਉਸ ਪਾਸੋਂ ਮੁੱਲ ਦੇ ਕੇ ਖਰੀਦ ਲਿਆ ਜਾਵੇ ਤਾਂ ਬਾਲਕ ਦਾ ਅਸ਼ੁਭ ਪੁਣਾ ਦੂਰ ਹੋ ਜਾਂਦਾ ਹੈ। ਕਿਉਂਕਿ, ਲਿਖਾਰੀ ਦਾ ਮਨੋਰਥ ਗੁਰੂ ਜੀ ਨੂੰ ਹਰੇਕ ਪੱਖੋਂ ਨਿੰਦਣਾ ਤੇ ਉਨ੍ਹਾਂ ਦਾ ਪ੍ਰਭਾਵ ਘਟਾਉਣਾ ਸੀ। ਸਰਦਾਰ ਜੀ ‘ਕੱਤਕ ਕਿ ਵਿਸਾਖ’ ਨਾਮੀ ਪੁਸਤਕ ਵਿੱਚ ਲਿਖਦੇ ਹਨ: “ਪਾਠਕ ਜੀ !  ਮੈਂ ਭਾਈ ਗੁਰਮੁਖ ਸਿੰਘ ਜੀ ਸ੍ਵਰਗਵਾਸੀ ਨਾਲ ਇੱਕ ਸੁਰ ਹੋ ਦੁਹਾਈ ਦੇ ਕੇ ਆਖਦਾ ਹਾਂ ਕਿ ਇਹ ਸਾਖੀ ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਜਾਲੀ ਹੈ, ਝੂਠੀ ਹੈ, ਬਣਾਉਟੀ ਹੈ, ਨਿੰਦਿਆ ਨਾਲ ਭਰੀ ਪਈ ਹੈ, ਸੁਣਨ ਦੇ ਯੋਗ ਨਹੀਂ, ਦੇਖਣ ਦੇ ਕੰਮ ਨਹੀ, ਮੰਨਣ ਦੇ ਲਾਇਕ ਨਹੀਂ, ਏਸ ਨੂੰ ਬ੍ਹੰਨ ਕੇ ਅਜਿਹੇ ਥਾਂ ਪਚਾਉਣਾ ਚਾਹੀਏ, ਜਿਥੋਂ ਇਸ ਦਾ ਖੁਰਾ ਖੋਜ ਨਾ ਮਿਲੇ।” ਅਠਾਰਵੀਂ ਸਦੀ ਵਿੱਚ ਜਦੋਂ ਸਿੱਖ ਕੌਮ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਜੂਝ ਰਹੀ ਸੀ। ਸਮੇਂ ਦੀ ਹਕੂਮਤ ਵਲੋਂ ਸਾਬਤ ਸੂਰਤ ਗੁਰਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਸਨ ਤੇ ਇਸ ਪ੍ਰਕਾਰ ਉਨ੍ਹਾਂ ਨੂੰ ਚੁਣ ਚੁਣ ਕੇ ਸ਼ਹੀਦ ਕੀਤਾ ਜਾ ਰਿਹਾ ਸੀ। ਤਦੋਂ ਉਦਾਸੀਆਂ ਨੂੰ ਮੌਕਾ ਮਿਲਿਆ ਤੇ ਉਨ੍ਹਾਂ ਨੇ ਗੁਰ ਅਸਥਾਨਾਂ ਨੂੰ ਸੰਭਾਲ ਲਿਆ। ਬਿਪਰਵਾਦੀ ਸ਼ਕਤੀਆਂ ਦੀ ਸਹਿਜੋਗੀ ਸਾਜਿਸ਼ ਦਾ ਸ਼ਿਕਾਰ ਹੁੰਦਿਆਂ ਵਪਾਰਿਕ ਬਿਰਤੀ ਅਧੀਨ ਇਨ੍ਹਾਂ ਨੇ ਗੁਰਦੁਆਰਿਆਂ ਵਿੱਚ ਬਿਪਰਨ ਕੀ ਰੀਤ ਸ਼ੁਰੂ ਕਰ ਦਿੱਤੀ, ਜੋ ਸਹਿਜੇ ਸਹਿਜੇ ਵੀਹਵੀਂ ਸਦੀ ਤੱਕ ਗੁਰਮਤਿ ਸਿਧਾਂਤਾਂ ਦੀ ਸੂਝ ਤੋਂ ਕੋਰੇ ਤੇ ਸੁਆਰਥੀ ਸਿੱਖ ਆਗੂਆਂ ਦੀ ਬਦੌਲਤ ਗੁਰ ਮਰਯਾਦਾ ਦੇ ਰੂਪ ਵਿੱਚ ਪੱਕੀ ਹੋ ਗਈ। ਕਿਉਂਕਿ, ਖ਼ਾਲਸਾ ਪੰਥ ਤਾਂ ਉਸ ਵੇਲੇ ਜੰਗਲਾਂ ਤੇ ਪਹਾੜਾਂ ਵਿੱਚ ਰਹਿੰਦਾ ਹਕੂਮਤ ਨਾਲ ਟੱਕਰ ਲੈ ਰਿਹਾ ਸੀ ਅਤੇ ਘੋੜਿਆਂ ਦੀਆਂ ਕਾਠੀਆਂ ਉਨ੍ਹਾਂ ਦੇ ਘਰ ਬਣ ਚੁੱਕੇ ਸਨ। ਪਰ, ਸੰਨ 1790 ਵਿੱਚ ਉਦਾਸੀਆਂ ਦੀ ਸਾਜਿਸ਼ ਦਾ ਸ਼ਿਕਾਰ ਹੋ ਕੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮੁਖ ਗ੍ਰੰਥੀ ਗਿਆਨੀ ਸੰਤ ਸਿੰਘ ਜੀ ਹੁਰਾਂ ਵਲੋਂ ਜਦੋਂ ਉਥੇ ਕੱਤਕ ਦੀ ਪੂਰਨਮਾਸ਼ੀ ਨੂੰ ਗੁਰ ਪੁਰਬ ਮਨਾਉਣਾ ਸ਼ੁਰੂ ਕਰ ਦਿੱਤਾ ਤਾਂ ਬਿਪਰਵਾਦੀ ਲਿਖਾਰੀਆਂ ਨੇ ਪੂਰਨਮਾਸ਼ੀ ਦਾ ਹੋਰ ਵੀ ਜ਼ੋਰ ਨਾਲ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।
ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਮਸ਼ਹੂਰ ਕੀਤਾ, ਗਿਆਨੀ ਸੰਤ ਸਿੰਘ ਜੀ ਦੇ ਸ਼ਗਿਰਦ ਚੂੜਾਮਣਿ ਕਵੀ ਭਾਈ ਸੰਤੋਖ ਸਿੰਘ ਜੀ ਲਿਖਤ ‘ਨਾਨਕ ਪ੍ਰਕਾਸ਼’ ਨੇ, ਜਿਸ ਦੀ ਕਵਿਤਾ ਵਿੱਚ ਹੂ-ਬਹੂ ਜਨਮ ਸਾਖੀ ਨੂੰ ਹੀ ਰੂਪਾਂਤਰ ਕੀਤਾ ਗਿਆ ਸੀ। ਕਿਉਂਕਿ, ਜਦੋਂ ਇਹ ਕਥਾ ਗੁਰਦੁਆਰਿਆਂ ਵਿੱਚ ਸ਼ੁਰੂ ਹੋ ਗਈ ਤਾਂ ਜਨਮ ਸਾਖੀ ਦੇ ਵਾਰਤਕ ਸਰੂਪ ਦੀ ਮੰਗ ਵਧਣ ਕਰਕੇ ਵਖ-ਵਖ ਪ੍ਰਕਾਸ਼ਕਾਂ ਵਲੋਂ ਇਹ ਜਨਮ ਸਾਖੀ ਸਭ ਤੋਂ ਵਧੇਰੇ ਛਾਪੀ ਗਈ। ਗਿਆਨੀ ਗਿਆਨ ਸਿੰਘ ਜੀ ਦੀਆਂ ਲਿਖਤਾਂ ‘ਸ੍ਰੀ ਗੁਰੂ ਪੰਥ ਪ੍ਰਕਾਸ਼’ ਤੇ ‘ਤਵਾਰੀਖ਼ ਗੁਰੂ-ਖ਼ਾਲਸਾ ਨੇ ਵੀ ਕੱਤਕ ਪੂਰਨਮਾਸ਼ੀ ਨੂੰ ਹੀ ਉਭਾਰਿਆ। ਇਸ ਪ੍ਰਕਾਰ ਦੇ ਪ੍ਰਚਾਰ ਪ੍ਰਭਾਵ ਅਧੀਨ ਸਭ ਥਾਈਂ ਕੱਤਕ ਦੀ ਪੂਰਨਮਾਸ਼ੀ ਸ੍ਰੀ ਗੁਰ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਵਜੋਂ ਮਨਾਈ ਜਾਣ ਲੱਗੀ। ਪਰ ਗੁਰਦੁਆਰਾ ਸੁਧਾਰ ਲਹਿਰ ਸਦਕਾ ਗੁਰਧਾਮਾਂ ਦੀ ਸੇਵਾ-ਸੰਭਾਲ ਜਦੋਂ ਤੋਂ ਮੁੜ ਖ਼ਾਲਸਾ ਪੰਥ ਨੇ ਸੰਭਾਲੀ ਤਾਂ ਗੁਰ ਪੁਰਬ ਦਿਹਾੜਾ ਤਾਂ ਪ੍ਰਚਲਿਤ ਹੋਣ ਕਰਕੇ ਭਾਵੇਂ ਕੱਤਕ ਦੀ ਪੂਰਨਮਾਸ਼ੀ ਚਲਦਾ ਰਿਹਾ। ਪਰ, ਗੁਰਦੁਆਰਿਆਂ ਵਿੱਚ ਬਾਬਾ ਸ੍ਰੀ ਚੰਦ ਜੀ ਦੀ ਚਰਚਾ ਬਿਲਕੁਲ ਬੰਦ ਹੋ ਗਈ।
ਅਜਿਹਾ ਹੋਣ ਤੇ ਉਦਾਸੀ ਚਿੰਤਤ ਹੋਏ ਅਤੇ ਉਨ੍ਹਾਂ ਸੋਚਿਆ ਕਿ ਜੇਕਰ ਸਾਡੇ ਮੁਖੀ ਬਾਬਾ ਸ੍ਰੀ ਚੰਦ ਜੀ ਦੀ ਚਰਚਾ ਨਾ ਹੋਈ ਤਾਂ ਸਹਿਜੇ ਸਹਿਜੇ ਸਿੱਖ ਸੰਗਤਾਂ ਅੰਦਰੋਂ ਉਨ੍ਹਾਂ ਦੀ ਹੋਂਦ ਦਾ ਅਹਿਸਾਸ ਹੀ ਜਾਂਦਾ ਰਹੇਗਾ। ਇਸ ਲਈ ਬਾਬਾ ਜੀ ਦੀ ਹੋਂਦ ਦੀ ਸਲਾਮਤੀ ਹਿੱਤ ਉਨ੍ਹਾਂ ਨੇ ਮੁੜ ਭਾਦੋਂ ਸੁਦੀ 9 ਨੂੰ ਵਖਰੇ ਤੌਰ ਤੇ ਜਨਮ ਦਿਹਾੜਾ ਮਨਾਉਣਾ ਸ਼ੁਰੂ ਕਰ ਦਿੱਤਾ। ਹੁਣ ਤਾਂ ਪੰਜਾਬ ਸਰਕਾਰ ਪਾਸੋਂ ਇਸ ਦਿਹਾੜੇ ਦੀ ਛੁੱਟੀ ਵੀ ਪ੍ਰਵਾਨ ਕਰਵਾ ਲਈ ਹੈ, ਜਿਸ ਨਾਲ ਉਨ੍ਹਾਂ ਦਾ ਜਨਮ ਸਰਕਾਰੀ ਰਿਕਾਰਡ ਤੇ ਅੰਕਤ ਹੋ ਗਿਆ। ਕਿਉਂਕਿ, 20ਵੀਂ ਸਦੀ ਦੇ ਮੁਢਲੇ ਦੌਰ ਦੇ ਕੁੱਝ ਲੇਖਕਾਂ ਵਲੋਂ ਬਾਬਾ ਜੀ ਦਾ ਜਨਮ ਦਿਹਾੜਾ ਭਾਦੋਂ ਸੁਦੀ 9 ਤੇ ਸਾਵਣ ਦੀ ਪੰਜ ਵੀ ਲਿਖਿਆ ਹੋਇਆ ਸੀ। ਜਾਪਦਾ ਹੈ ਕਿ ਗੁਰਪ੍ਰਣਾਲੀਆਂ ਦੀਆਂ ਅਜਿਹੀਆਂ ਲਿਖਤਾਂ ਵਿੱਚ ਇਹ ਤਬਦੀਲੀ ਤਦੋਂ ਹੀ ਸ਼ੁਰੂ ਹੋਈ, ਜਦੋਂ ਉਦਾਸੀਆਂ ਨੇ ਆਪਣੀ ਅਸਫਲਤਾ ਨੂੰ ਧਿਆਨ ਵਿੱਚ ਰੱਖਦਿਆਂ ਬਾਬਾ ਜੀ ਦਾ ਜਨਮ ਦਿਹਾੜਾ ਵਖਰੇ ਤੌਰ ਤੇ ਮਨਾਉਣ ਸਬੰਧੀ ਵਿਚਾਰਾਂ ਸ਼ੁਰੂ ਕਰ ਦਿਤੀਆਂ ਹੋਣਗੀਆਂ।
ਸੋ, ਸਾਰੀ ਵਿਚਾਰ ਦਾ ਸਾਰੰਸ਼ ਇਹ ਹੈ ਕਿ ਵੀਹਵੀਂ ਸਦੀ ਦੇ ਮੁਢਲੇ ਦੌਰ ਦੀ ਪੰਥਕ ਚੇਤਨਾ ਵਿਚੋਂ ਉਪਜੀ ਗੁਰਦੁਆਰਾ ਸੁਧਾਰ ਲਹਿਰ ਤੇ ਸਿੰਘ ਸਭਾ ਲਹਿਰ ਦਾ ਸਿੱਟਾ ਹੈ ਕਿ ਉਦਾਸੀ ਸੰਪਰਦਾ ਬਾਬਾ ਸ੍ਰੀ ਚੰਦ ਨੂੰ ਸਿੱਖਾਂ ਦਾ ਗੁਰੂ ਸਥਾਪਿਤ ਕਰਨ ਵਿੱਚ ਸਫਲ ਨਹੀ ਹੋ ਸਕੀ। ਭਾਵੇਂ ਕਿ 18ਵੀਂ ਤੇ 19ਵੀਂ ਸਦੀ ਦੇ ਦੌਰ ਵਿਚਲੇ ਆਪਣੇ ਯਤਨਾ ਸਦਕਾ ਇਹ ਸੰਪਰਦਾ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਇਤਿਹਾਸਕ ਸਚਾਈ ਦੇ ਉੱਲਟ ਕੱਤਕ ਦੀ ਪੂਰਨਮਾਸੀ ਨੂੰ ਪ੍ਰਚਲਿਤ ਕਰਨ ਵਿੱਚ ਕਾਮਯਾਬ ਰਹੀ। ਪਰ, ਹੁਣ ਜਦੋਂ ਵਿਦਵਾਨਾਂ ਦੀ ਘਾਲਣਾ ਸਦਕਾ ਇਹ ਸਾਰਾ ਪੱਖ ਸਾਡੇ ਸਾਹਮਣੇ ਸੂਰਜ ਵੱਤ ਪ੍ਰਗਟ ਹੋ ਚੁੱਕਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਪੁਰਬ ਵੈਸਾਖ ਸੁਦੀ ਤੀਜ ਹੈ, ਕੱਤਕ ਦੀ ਪੂਰਨਮਾਸ਼ੀ ਨਹੀਂ। ਤਾਂ ਸਮੂਹ ਗੁਰਦੁਆਰਾ ਕਮੇਟੀਆਂ ਨੂੰ ਚਾਹੀਦਾ ਹੈ ਕਿ ਉਹ ਗੁਰ ਪੁਰਬ ਨੂੰ ‘ਨਾਨਕਸ਼ਾਹੀ ਕੈਲੰਡਰ’ ਅਨੁਸਾਰ ਮਨਾਉਣ ਅਤੇ ਸ਼੍ਰੋਮਣੀ ਕਮੇਟੀ ਨੂੰ ਚਿੱਠੀਆਂ ਲਿਖ ਕੇ ਮਜ਼ਬੂਰ ਕਰਨ ਕਿ ਉਹ ਵੀ ਪੰਥ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇਸ ਦਿਹਾੜੇ ਨੂੰ ਹੀ ਗੁਰ ਪੁਰਬ ਮਨਾਵੇ। ਕਿਉਂਕਿ, ਸ਼੍ਰੋਮਣੀ ਕਮੇਟੀ ਦਾ ਰਾਜਸੀਕਰਨ ਹੋਣ ਕਰਕੇ ਅਜੇ ਵੀ ਉਹ ਦੇਸ਼ ਵਿਦੇਸ਼ ਦੀਆਂ ਸਿੱਖ ਜਥੇਬੰਦੀਆਂ ਦੀ ਸਜਿਯੋਗੀ ਸਹਾਇਤਾ ਤੋਂ ਬਿਨ੍ਹਾਂ ਅਜਿਹੀ ਤਬਦੀਲੀ ਕਰਨ ਵਿੱਚ ਅਸਮਰਥ ਹੈ।
ਭੁੱਲ-ਚੁੱਕ ਮੁਆਫ਼।

ਗੁਰੂ ਨਾਨਕ ਸਹਿਬ ਦੇ ਜਨਮ ਦਿਨ ਤੇ ਵਿਸ਼ੇਸ

0

ਗੁਰੂ ਨਾਨਕ ਸਹਿਬ ਦੇ ਜਨਮ ਦਿਨ ਤੇ ਵਿਸ਼ੇਸ–

‘ਦਲਿਤ ਜਾਣ ਬੁੱਝ ਸਿੱਖੀ ਤੋਂ ਦੂਰ ਕੀਤੇ’

‘ਦਲਿਤ’ ਜਾਣ–ਬੁੱਝ ਸਿੱਖੀ ਤੋਂ ਦੂਰ ਕੀਤੇ, ਬਾਬਾ ! ਵੇਖ ਲੈ ਖੋਟੇ ਮਨ ਸਿੱਖ ਤੇਰਿਆਂ ਦੇ।

ਦਲਿਤ ਚਾਨਣ ਦਾ ਅਨੰਦ ਨਾ ਮਾਣ ਸਕਣ, ਭਟਕਦੇ ਰਹਿਣ ਇਹ ਵਿਚ ਹਨੇਰਿਆਂ ਦੇ।

ਇਹ ਅੱਕ ਹੋਰ ਦੀ ਬੇੜ੍ਹੀ ਸਵਾਰ ਹੋ ਗਏ, ਜਦ ਮਲਾਹ ਝਾਕੇ ਨਾ ਸਿੱਖੀ ਬੇੜਿਆਂ ਦੇ।

ਮੇਜਰ ਸਾਜਿਸ਼ ਤਹਿਤ ਨਿਮਾਣਿਆਂ ਨੂੰ, ਧੱਕਿਆ ਗਿਆ ਹੈ ਵੱਲ ਡੇਰਿਆਂ ਦੇ।

—————————–

ਮੇਜਰ ਸਿੰਘ ‘ਬੁਢਲਾਡਾ’– 94176 42327

ਨਕਲਾਂ ਦਾ ਸਾਥੀਓ ਸਹਾਰਾ ਲੈਣਾ ਛੱਡ ਦੋ।

0

ਨਕਲਾਂ ਦਾ ਸਾਥੀਓ ਸਹਾਰਾ ਲੈਣਾ ਛੱਡ ਦੋ।

ਮੇਜਰ ਸਿੰਘ ‘ਬੁਢਲਾਡਾ‘– 94176 42327

 ਜੂਝੇ ਬਿਨਾਂ ਜਿੱਤ ਦਾ ਖਿਆਲ ਦਿਲੋਂ ਕੱਢ ਦੋ।  ਨਕਲਾਂ ਦਾ ਸਾਥੀਓ ਸਹਾਰਾ ਲੈਣਾ ਛੱਡ ਦੋ।

ਰੱਬ ਨੇ ਸਰੀਰ ਤੇ ਦਿਮਾਗ ਦਿੱਤੇ ਹੋਏ ਆ। ਅੱਖਾਂ ਕੰਨ ਹੱਥ ਪੈਰ ਸਾਰੇ ਹੀ ਨਰੋਏ ਆ।

ਦਿਲਾਂ ਦੀਆਂ ਰੀਝਾਂ ਮਾਪੇ ਕਰਦੇ ਨੇ ਪੂਰੀਆਂ। ਭੁੱਖੇ ਰਹਿ ਕੇ ਖੁਦ ਓਹ ਖਵਾਉਂਦੇ ਥੋਨੂੰ ਚੂਰੀਆਂ।

ਸੋਹਣੇ ਸੋਹਣੇ ਕੱਪੜੇ ਤੁਹਾਡੇ ਗਲ਼ ਪਾਉਂਦੇ ਆ। ਜ਼ਿੰਦਗੀ ਬਣਾਉਣ ਲਈ ਸਕੂਲੇ ਵੀ ਘਲਾਉਂਦੇ ਆ।

ਤਾਰਦੇ ਨੇ ਫ਼ੀਸਾਂ, ਕਹਿੰਦੇ ਪੜ੍ਹ ਜਾਉ ਬੱਚਿਓ। ਆਪਣਿਆਂ ਪੈਰਾਂ ਉੱਤੇ ਖੜ੍ਹ ਜਾਉ ਬੱਚਿਓ।

ਤੁਸਾਂ ਨੂੰ ਸਕੂਲੇ ਅਧਿਆਪਕ ਪੜ੍ਹਾਉਂਦੇ ਨੇ। ਜ਼ਿੰਦਗੀ ਦੇ ਸਫਰ ਵਿੱਚ ਰਾਹ ਰੁਸ਼ਨਾਉਂਦੇ ਨੇ।

ਮੌਕਾ ਹੈ ਸੁਨਿਹਰੀ ਇਹਨੂੰ ਐਂਵੇਂ ਨਾ ਗਵਾ ਲਿਓ। ਸਿੱਖਿਆ ਸਿਆਣਿਆਂ ਦੀ ਦਿਲ਼ੋਂ ਨਾ ਭੁਲਾ ਲਿਓ।

ਮਿਹਨਤਾਂ ਦੇ ਨਾਲ ਝੰਡੇ ਸਫਲਤਾ ਦੇ ਗੱਡ ਦੋ। ਤੇ ਨਕਲਾਂ ਦਾ ਸਾਥੀਓ ਸਹਾਰਾ ਲੈਣਾ ਛੱਡ ਦੋ।

ਸਤਿਗੁਰੂ ਨਾਨਕ ਵੀ ਕਹਿੰਦੇ ਖਾਓ ਹੱਕ ਦੀ। ਗੁਰੂਆਂ ਦੀ ਬਾਣੀ ਸਾਨੂੰ ਪਾਪਾਂ ਵਲੋਂ ਡੱਕ ਦੀ।

ਨਕਲ ਵੀ ਪਾਪ ਹੁੰਦੀ ,ਨਕਲ ਨਾ ਮਾਰਿਓ। ਭਾਈ ਲਾਲੋ ਵਾਲੀ ਜਰਾ ਸਾਖੀ ਵੀ ਵਿਚਾਰਿਓ।

ਗੁਰੂਆਂ ਦੀ ਸਿੱਖਿਆ ਨੂੰ ਦਿਲ ਵਿੱਚ ਵਿਚਾਰ ਕੇ। ਡਟ ਜਾਉ ਦਿਲ ਵਿਚ ਹੌਂਸਲੇ ਨੂੰ ਧਾਰ ਕੇ।

ਹੀਨ ਭਾਵਨਾਂ ਦੀ ਤੁਸੀ ਤੋੜ ਦਿਓ ਜੰਜੀਰ ਨੂੰ। ਮਿਹਨਤਾਂ ਦਾ ਮੁੱਲ ਸਦਾ ਪੈਂਦਾ ਏ ਅਖ਼ੀਰ ਨੂੰ।

ਜਿਹੜਾ ਬੀਜ ਮਿੱਟੀ ਵਿਚ ਖੁਦ ਨੂੰ ਮਿਟਾਉਂਦਾ ਏ। ਓਹੀ ਇਕ ਦਿਨ ਰੁੱਖ ਬਣ ਕੇ ਵਿਖਾਉਂਦਾ ਏ।

ਗਰਮੀ ਸਿਆਲ ਬਰਸਾਤਾਂ ਨੂੰ ਸਹਾਰਦਾ। ਵੰਡਦਾ ਏ ਛਾਂਵਾਂ ਹਰ ਇਕ ਨੂੰ ਪਿਆਰਦਾ।

ਫਿਰ ਕਿਤੇ ਜਾ ਕੇ ਓਹਨੂੰ ਫਲ ਕੋਈ ਲੱਗਦਾ। ਸ਼ੌਟ ਕੱਟ ਰਸਤਾ ਤਾਂ ਹੁੰਦਾ ਚੋਰ ਠੱਗ ਦਾ।

ਸਰਬਤ ਖਾਲਸਾ (10 ਨਵੰਬਰ 2016) ਦਾ ਵਿਸ਼ਲੇਸ਼ਣ

0

ਸਰਬਤ ਖਾਲਸਾ (10 ਨਵੰਬਰ 2016) ਦਾ ਵਿਸ਼ਲੇਸ਼ਣ

ਕਿਰਪਾਲ ਸਿੰਘ (ਬਠਿੰਡਾ)-98554-80797

ਪਿਛਲੇ ਸਾਲ ਤਰਨ ਤਾਰਨ ਦੇ ਨਜ਼ਦੀਕ ਪਿੰਡ ਚੱਬਾ ਵਿਖੇ ਸਰਬਤ ਖਾਲਸਾ-2015 ਕਰਵਾਉਣ ਵਾਲੇ ਪ੍ਰਬੰਧਕਾਂ ਨੇ ਇਸ ਸਾਲ ਫਿਰ 10 ਨਵੰਬਰ 2016 ਨੂੰ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ ਸਰਬਤ ਖ਼ਾਲਸੇ ਦਾ ਇਕੱਠ ਬੁਲਾਉਣ ਦਾ ਐਲਾਨ ਕੀਤਾ ਹੋਇਆ ਹੈ। ਇਸ ਸਾਲ ਦਾ ਸਰਬਤ ਖਾਲਸਾ ਪਿਛਲੇ ਸਾਲ ਦੇ ਸਰਬਤ ਖਾਲਸਾ ਨਾਲੋਂ ਵੀ ਵੱਧ ਵਿਵਾਦਾਂ ਦੇ ਘੇਰੇ ਵਿੱਚ ਹੈ।ਇਸ ਕਾਰਨ ਬਹੁਤ ਸਾਰੇ ਪੰਥ ਦਾ ਦਰਦ ਰੱਖਣ ਵਾਲੇ ਵੀਰ ਅਕਸਰ ਹੀ ਫੋਨ ਕਰਕੇ ਪੁੱਛਦੇ ਰਹਿੰਦੇ ਹਨ ਕਿ ਇਸ ਸਾਲ ਦੇ ਸਰਬਤ ਖਾਲਸਾ ਦੀ ਹੋਣੀ ਕੀ ਹੋਵੇਗੀ  ? ਕੀ ਇਸ ਵਿੱਚੋਂ ਪੰਥ ਦੇ ਭਲੇ ਲਈ ਕੋਈ ਆਸ ਦੀ ਕਿਰਨ ਵਿਖਾਈ ਦੇਵੇਗੀ ਜਾਂ ਪਿਛਲੇ ਸਾਲ ਵਾਲਾ ਹੀ ਹਸ਼ਰ ਹੋਵੇਗਾ ? ਇਸ ਸਬੰਧੀ ਸੇਧ ਦਿੰਦਾ ਕੋਈ ਲੇਖ ਲਿਖਣ ਦੀ ਪ੍ਰੇਰਣਾ ਵੀ ਕਈ ਸੁਹਿਰਦ ਵੀਰਾਂ ਵੱਲੋਂ ਆਉਂਦੀ ਰਹਿੰਦੀ ਹੈ। ਪਰ ਕਾਫੀ ਸਮੇਂ ਤੋਂ ਕੁਝ ਲਿਖਣ ਨੂੰ ਮੇਰਾ ਦਿਲ ਇਸ ਕਾਰਨ ਨਹੀਂ ਸੀ ਕਰਦਾ ਕਿਉਂਕਿ ਆਮ ਤੌਰ ’ਤੇ ਇਕ ਲੇਖਕ ਦੀ ਲੇਖਣੀ ਵਿੱਚ ਪਿਛਲੇ ਤਜ਼ਰਬਿਆਂ ਦੇ ਅਧਾਰ ’ਤੇ ਬਣਾਈ ਰਾਇ ਹੀ ਹੋ ਸਕਦੀ ਹੈ ਪਰ ਕਈ ਵਾਰ ਅਕਾਲ ਪੁਰਖ ਦੀ ਐਸੀ ਕਲਾ ਵੀ ਵਰਤਦੀ ਹੈ ਜਿਸ ਸਦਕਾ ਪਿਛਲੇ ਨਤੀਜਿਆਂ ਤੋਂ ਕੁਝ ਵੱਖਰਾ ਵੀ ਵਾਪਰ ਸਕਦਾ ਹੈ। ਇਸ ਕਾਰਨ ਪਿਛਲੇ ਤਜ਼ਰਬਿਆਂ ਦੇ ਅਧਾਰ ’ਤੇ ਬਣਾਈ ਸੋਚ ਮੁਤਾਬਕ ਲਿਖਣਾ ਕਈ ਵਾਰ ਸਮੇਂ ਤੋਂ ਪਹਿਲਾਂ ਲਿਖੀ ਗੱਲ ਵੀ ਸਿੱਧ ਹੋ ਸਕਦੀ ਹੈ। ਦਿਲ ਵਿੱਚ ਸਿੱਖੀ ਜ਼ਜਬਾ ਤੇ ਦਰਦ ਰੱਖਣ ਵਾਲੇ ਮੇਰੇ ਇੱਕ ਪੁਰਾਣੇ ਦੋਸਤ ਜੋ ਅਕਸਰ ਹੀ ਪੰਥ ਦੀ ਹੋਣੀ ਸਬੰਧੀ ਚਿੰਤਨ ਅਤੇ ਚਿੰਤਾ ਦੋਵੇਂ ਹੀ ਕਰਦੇ ਰਹਿੰਦੇ ਹਨ ਅਤੇ ਸਰਬਤ ਖਾਲਸਾ ਦੇ ਸਮਰਥਕ ਵੀ ਹਨ; ਨੇ ਬੀਤੀ ਰਾਤ ਫਿਰ ਗੱਲ ਛੇੜਦਿਆਂ ਕਿਹਾ ਕਿ ਤੁਸੀਂ ਸਰਬਤ ਖਾਲਸਾ-2016 ਸਬੰਧੀ ਹਾਲੀ ਤੱਕ ਕੁਝ ਨਹੀਂ ਲਿਖਿਆ; ਤੁਹਾਨੂੰ ਜਰੂਰ ਕੁਝ ਨਾ ਕੁਝ ਲਿਖਣਾ ਚਾਹੀਦਾ ਹੈ। ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਮੈਨੂੰ ਇਸ ਸਰਬਤ ਖਾਲਸਾ ਵਿੱਚੋਂ ਕੁਝ ਪ੍ਰਾਪਤੀ ਹੁੰਦੀ ਨਜ਼ਰ ਨਹੀਂ ਆ ਰਹੀ। ਮੈਂ ਸਮਝਦਾ ਹਾਂ ਕਿ ਆਪਣੇ ਖਿਆਲਾਂ ਅਨੁਸਾਰ ਲਿਖਿਆ ਜਾਣਾ ਸ਼ਾਇਦ ਤੁਹਾਡੇ ਵਰਗੇ ਦੋਸਤਾਂ ਨੂੰ ਪਸੰਦ ਨਾ ਆਵੇ ਇਸ ਕਾਰਨ ਕੁਝ ਨਾ ਲਿਖਣਾ ਹੀ ਬਿਹਤਰ ਸਮਝ ਰਿਹਾ ਹਾਂ। ਉਸ ਦੋਸਤ ਨੇ ਪੁੱਛਿਆ ਕਿ ਕੁਝ ਪ੍ਰਾਪਤੀ ਨਾ ਹੋਣ ਸਬੰਧੀ ਤੁਹਾਡੀ ਬਣੀ ਧਾਰਣਾਂ ਪਿੱਛੇ ਕਾਰਨ ਕੀ ਹਨ ? ਅਤੇ ਤੁਹਾਡੇ ਖਿਆਲ ਅਨੁਸਾਰ ਸਰਬਤ ਖਾਲਸਾ ਦੀ ਸਫਲਤਾ ਲਈ ਕਿਹੜੇ ਜਰੂਰੀ ਨੁਕਤੇ ਹਨ ਜਿਨ੍ਹਾਂ ’ਤੇ ਵੀਚਾਰ ਕਰਨਾ ਜਰੂਰੀ ਹੈ ; ਇਨ੍ਹਾਂ ਨੁਕਤਿਆਂ ਨੂੰ ਵਿਰੋਧ ਦੇ ਰੂਪ ਵਿੱਚ ਨਹੀਂ ਬਲਕਿ ਸੁਝਾਉ ਦੇ ਰੂਪ ਵਿੱਚ ਹੀ ਕੁਝ ਲਿਖਣਾ ਚਾਹੀਦਾ ਹੈ। ਇਸ ਸੁਝਾਅ ਅਤੇ ਪਿਛਲੇ ਸਾਲ ਦੇ ਸਰਬਤ ਖਾਲਸਾ ਦੀਆਂ ਤਿਆਰੀਆਂ ਜਾਂ ਉਸ ਉਪਰੰਤ ਵਾਪਰੀਆਂ ਘਟਨਾਵਾਂ ਨੂੰ ਤਾਜਾ ਕਰਦਿਆਂ ਆਪਣੇ ਵੀਚਾਰਾਂ ਨੂੰ ਕੁਝ ਇਸ ਤਰ੍ਹਾਂ ਪਾਠਕਾਂ ਸਾਮ੍ਹਣੇ ਰੱਖਣ ਦਾ ਯਤਨ ਕਰ ਰਿਹਾ ਹਾਂ:- 

(1). ‘ਖਾਲਸਾ ਪੰਥ’ ਇਸ ਸਮੇਂ ਕੁਝ ਆਗੂਆਂ ਦੇ ਨਿੱਜ ਸੁਆਰਥਾਂ (ਰਾਜਨੀਤਕ ਅਤੇ ਧਾਰਮਿਕ ਵਖਰੇਵਿਆਂ) ਕਾਰਨ ਬੇਅੰਤ ਧੜਿਆਂ ਵਿੱਚ ਵੰਡਿਆ ਹੋਇਆ ਹੈ। ਜਦ ਤੱਕ ਇਹ ਸਾਰੇ ਧੜੇ (ਮੁਖੀਆਂ ਸਮੇਤ) ਆਪਣੇ ਤਮਾਮ ਨਿਜੀ ਸੁਆਰਥਾਂ ਦਾ ਤਿਆਗ ਕਰਕੇ ਪੰਥਕ ਹਿੱਤਾਂ ਨੂੰ ਮੁੱਖ ਰੱਖਦਿਆਂ ਕੁਝ ਕਰ ਗੁਜਰਨ ਦੇ ਇਰਾਦੇ ਨਾਲ ਏਕਤਾ ਨਹੀਂ ਕਰਦੇ ਉਤਨਾਂ ਚਿਰ ਨਾ ਤਾਂ ਕੋਈ ਐਸੀ ਇਕੱਤ੍ਰਤਾ ਹੋ ਸਕਦੀ ਹੈ ਜਿਸ ਨੂੰ ਸਰਬਤ ਖਾਲਸਾ ਦਾ ਨਾਮ ਦਿੱਤਾ ਜਾ ਸਕੇ ਅਤੇ ਨਾ ਹੀ ਇੱਕ ਜਾਂ ਦੋ ਧੜਿਆਂ ਦੇ ਮੁਖੀਆਂ ਵੱਲੋਂ ਇਕੱਤਰ ਕੀਤੀ ਗਈ ਵੱਡੀ ਤੋਂ ਵੱਡੀ ਭੀੜ ਨੂੰ ਸਰਬਤ ਖਾਲਸੇ ਦਾ ਨਾਮ ਦੇ ਕੇ ਉਸ ਵੱਲੋਂ ਪਾਸ ਕੀਤੇ ਮਤਿਆਂ ਦੀ ਕੋਈ ਅਹਿਮੀਅਤ ਰਹਿ ਜਾਂਦੀ ਕਿਉਂਕਿ ਇੱਕ ਧੜੇ ਦੀ ਭੀੜ ਦੁਆਰਾ ਮਤਿਆਂ ਦੇ ਰੂਪ ਵਿੱਚ ਪਾਸ ਕਰਵਾਈ ਆਪਣੀ ਨਿਜ ਭਾਵਨਾ ਨੂੰ ਜਦ ਤੱਕ ਸਮੂਹਿਕ ਪੰਥ ਪ੍ਰਵਾਨ ਨਾ ਕਰੇ ਤਾਂ ਇਸ ਦਾ ਲਾਭ ਘੱਟ ਤੇ ਨੁਕਸਾਨ ਵੱਧ ਹੁੰਦਾ ਹੈ। ਇਸ ਦੀ ਇਕ ਮਿਸਾਲ ਹੈ: 10 ਨਵੰਬਰ 2015 ਬੁਲਾਇਆ ਗਿਆ ‘ਸਰਬਤ ਖਾਲਸਾ’, ਜਿਸ ਵਿੱਚ ਪਾਸ ਕੀਤੇ ਗਏ ਮਤਿਆਂ ਦਾ ਹਸ਼ਰ ਸਾਡੇ ਸਾਹਮਣੇ ਹੈ। ਆਪਣੀਆਂ ਅਨੇਕਾਂ ਵੱਡੀਆਂ ਗਲਤੀਆਂ ਕਾਰਨ ਜਿਸ ਬਾਦਲ ਦਲ/ ਸਰਕਾਰ ਦੇ ਆਗੂ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨ ਤੋਂ ਅ-ਸਮਰਥ ਹੋ ਜਾਣ ਕਾਰਨ ਆਪਣੇ ਘਰਾਂ ਤੋਂ ਬਾਹਰ ਨਿਕਲਣ ਦੇ ਕਾਬਲ ਨਹੀਂ ਸਨ ਰਹੇ; ਉਨ੍ਹਾਂ ਨੂੰ ਸਰਬਤ ਖਾਲਸਾ ਦੇ ਦੱਸੇ ਜਾ ਰਹੇ 5 ਲੱਖ ਸਿੱਖਾਂ ਦੇ ਇਕੱਠ ਵੱਲੋਂ ਪਾਸ ਕੀਤੇ ਮਤਿਆਂ ਨੇ ਐਸਾ ਬਲ ਬਖ਼ਸ਼ਿਆ ਕਿ ਉਹ ਗੱਡੀਆਂ ’ਤੇ ‘Proud to be Akali; ਸਾਨੂੰ ਅਕਾਲੀ ਹੋਣ ਦਾ ਮਾਨ ਹੈ’ ਦੇ ਪੋਸਟਰ ਲਾ ਕੇ ਸ਼ਰੇਆਮ ਦਨਦਨਾ ਰਹੇ ਹਨ ਤੇ ਸਰਬਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਸਮੇਤ ਮੁੱਖ ਆਗੂਆਂ ’ਤੇ ਦੇਸ਼ ਧ੍ਰੋਹੀ ਦਾ ਕੇਸ ਦਰਜ ਕਰਕੇ ਜੇਲ੍ਹਾਂ ਵਿੱਚ ਸੁੱਟ ਦਿੱਤੇ। ਪੰਜ ਲੱਖ ਲੋਕਾਂ ਦੀ ਹਮਾਇਤ ਹਾਸਲ ਕਰਨ ਦਾ ਦਾਅਵਾ ਕਰਨ ਵਾਲੇ ਆਗੂ ਆਪਣੇ ਜਥੇਦਾਰਾਂ ਦੀ ਰਿਹਾਈ ਲਈ ਸਰਕਾਰ ਉੱਤੇ ਦਬਾਅ ਬਣਾਉਣ ਖਾਤਰ ਪੰਜ ਸੌ (500) ਦਾ ਇਕੱਠ ਵੀ ਨਹੀਂ ਕਰ ਸਕੇ। ਕਾਰਨ ਇੱਕੋ ਸੀ ਕਿ ਉਸ ਇਕੱਠ ਵਿੱਚ ਸਿਧਾਂਤਕ ਏਕਤਾ ਨਾ ਦੀ ਕੋਈ ਚੀਜ ਨਹੀਂ ਸੀ; ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀਆਂ ਤਾਜ਼ਾ ਵਾਪਰੀਆਂ ਘਟਨਾਵਾਂ ਦੇ ਰੋਸ ਵਜੋਂ ਸਿੱਖਾਂ ਵਿੱਚ ਉੱਠੇ ਉਭਾਰ ਦਾ ਸਿਆਸੀ ਲਾਹਾ ਲੈਣ ਦੇ ਮਕਸਦ ਨਾਲ ਕੁਝ ਧਿਰਾਂ ਉਸ ਇਕੱਠ ਵਿੱਚ ਵੱਡੇ ਪੱਧਰ ’ਤੇ ਸ਼ਾਮਲ ਹੋਈਆਂ ਸਨ ਪਰ ਇੱਕ ਦੂਸਰੇ ’ਤੇ ਵਿਸ਼ਵਾਸ਼ ਕਰਨ ਨੂੰ ਕੋਈ ਵੀ ਧਿਰ ਦਿਲੋਂ ਤਿਆਰ ਨਹੀਂ ਸੀ। 

ਸਰਬਤ ਖਾਲਸਾ ਦੇ ਮੁਖ ਪ੍ਰਬੰਧਕ ਹਨ: ਸ਼੍ਰੋ.ਅ.ਦ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਨਵੇਂ ਬਣੇ ਯੂਨਾਇਟਡ ਅਕਾਲੀ ਦਲ ਦੇ ਕਰਤਾ ਧਰਤਾ ਭਾਈ ਮੋਹਕਮ ਸਿੰਘ ਤੇ ਗੁਰਦੀਪ ਸਿੰਘ ਬਠਿੰਡਾ। ਸੰਨ 1991 ਤੋਂ ਲੈ ਕੇ ਅੱਜ ਤੱਕ ਸ: ਮਾਨ ਅਤੇ ਗੁਰਦੀਪ ਸਿੰਘ ਬਠਿੰਡਾ ਦੀ ਸ਼ਮੂਲੀਅਤ ਵਾਲੇ ਰੋਡੇ ਗਰੁੱਪ ਨੇ ਵਿਧਾਨ ਸਭਾ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਅਨੇਕਾਂ ਵਾਰ ਚੋਣ ਸਮਝੌਤੇ ਅਤੇ ਸਿਆਸੀ ਗੱਠਜੋੜ ਕੀਤੇ ਪਰ ਹਰ ਵਾਰ ਲਾਹਾ ਲੈਣ ਤੋਂ ਪਹਿਲਾਂ ਹੀ ਸਖ਼ਸ਼ੀਅਤਾਂ ਦੇ ਟਕਰਾ ਅਤੇ ਇੱਕ ਦੂਸਰੇ ’ਤੇ ਬੇਵਿਸ਼ਵਾਸ਼ੀ ਕਾਰਨ ਸਮਝੌਤੇ ਤੜੱਕ ਕਰ ਕੇ ਤੁੱਟਦੇ ਰਹੇ। ਜਿਨ੍ਹਾਂ ਚੋਣਾਂ ਲਈ ਇਨ੍ਹਾਂ ਨੇ ਬਾਦਲ ਦੇ ਵਿਰੁੱਧ ਗੱਠਜੋੜ ਬਣਾ ਕੇ ਚੋਣ ਲੜਨ ਦਾ ਅਹਿਦ ਲਿਆ ਹੁੰਦਾ ਸੀ ਉਨ੍ਹਾਂ ਹੀ ਚੋਣਾਂ ਵਿੱਚ ਆਪਸੀ ਵਿਰੋਧ ਇਸ ਕਦਰ ਕਰਦੇ ਰਹੇ ਹਨ ਜਿਸ ਨਾਲ ਬਾਦਲ ਦਲ ਨੂੰ ਸਿੱਧੇ-ਅਸਿੱਧੇ ਤੌਰ ’ਤੇ ਲਾਹਾ ਮਿਲਦਾ ਰਿਹਾ। ਲੋਕਾਂ ਦੀ ਧਾਰਨਾ ਬਣ ਚੁੱਕੀ ਹੈ ਕਿ ਬਾਦਲ ਦਲ ਦੇ ਕਬਜ਼ੇ ਵਿੱਚ ਸਾਰੀਆਂ ਪੰਥਕ ਸੰਸਥਾਵਾਂ ਲਿਆ ਕੇ ਪੰਥ ਦਾ ਬੇਅੰਤ ਨੁਕਸਾਨ ਕਰਵਾਉਣ ਵਾਲੇ ਸ: ਮਾਨ ਅਤੇ ਰੋਡੇ ਗਰੁੱਪ ਹਨ, ਜਿਹੜੇ ਹਮੇਸ਼ਾਂ ਪੰਥਕ ਸਫਾਂ ਵਿੱਚ ਏਕਤਾ ਹੋਣ ਦੇ ਰਾਹ ਵਿੱਚ ਰੋੜਾ ਬਣੇ ਰਹੇ । ਭਾਵੇਂ ਸ: ਮਾਨ ਨੇ ਹੁਣ ਤੱਕ ਜ਼ਾਹਰਾ ਤੌਰ ’ਤੇ ਨਾ ਹੀ ਅਕਾਲੀ ਦਲ ਬਾਦਲ ਅਤੇ ਨਾ ਹੀ ਕਾਂਗਰਸ ਨਾਲ ਕਦੀ ਸਾਂਝ ਰੱਖੀ ਹੈ ਪਰ ਰੋਡੇ-ਗੁਰਦੀਪ ਸਿੰਘ ਦਾ ਵਿਵਹਾਰ ਤਾਂ ਸਭ ਦੇ ਸਾਹਮਣੇ ਹੈ। ਕਦੀ ਇਹ ਸ: ਰਵੀਇੰਦਰ ਸਿੰਘ ਦੀ ਪ੍ਰਧਾਨਗੀ ਹੇਠ ਅਕਾਲੀ ਦਲ (1920) ਬਣਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਹਮਾਇਤ ਵਿੱਚ ਕੰਮ ਕਰ ਕੇ ਨਿੱਜੀ ਲਾਭ ਪ੍ਰਾਪਤ ਕਰਦੇ ਰਹੇ ਅਤੇ ਕਦੀ ਰਵੀਇੰਦਰ ਸਿੰਘ ਤੋਂ ਵੱਖ ਹੋ ਕੇ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੋਚ ਦਾ ਕਤਲ ਕੀਤਾ ਗਿਆ। ਭਿੰਡਰਾਂਵਾਲੇ ਦੀ ਸੋਚ ਦਾ ਕਤਲ ਕਰਨ ਦੇ ਇਵਜ਼ ਵਜੋਂ ਗੁਰਦੀਪ ਸਿੰਘ ਨੇ ਤਾਂ ਹੈਲਥ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਦੇ ਅਹੁੱਦੇ ਦਾ ਅਨੰਦ ਮਾਣਿਆ ਅਤੇ ਭਾਈ ਜਸਵੀਰ ਰੋਡੇ ਹਾਲੇ ਵੀ ਅਕਾਲ ਤਖ਼ਤ ਦਾ ਜਥੇਦਾਰ ਬਣਨ ਦੀ ਲਾਲਸਾ ਅਧੀਨ ਬਾਦਲ ਦੇ ਤਲਬੇ ਚੱਟ ਰਿਹਾ ਹੈ। ਸਿਆਸੀ ਗੋਟੀਆਂ ਖੇਡਣ ’ਚ ਮਾਹਰ ਸ: ਬਾਦਲ ਵੀ ਕਿਸੇ ਨੂੰ ਸਿਆਸੀ ਚੋਗ਼ਾ ਉਤਨੀ ਦੇਰ ਹੀ ਪਾਉਂਦੇ ਹਨ ਜਦ ਤੱਕ ਅਗਲੇ ਦੀ ਝੋਲ਼ੀ ਵਿੱਚ ਦਾਣੇ ਹੋਣ। ਇਸ ਨੀਤੀ ਅਧੀਨ ਜਦੋਂ ਸ: ਗੁਰਦੀਪ ਸਿੰਘ ਨੂੰ ਅਹੁੱਦੇ ਤੋਂ ਵੱਖ ਹੋਣਾ ਪਿਆ ਤਾਂ ਆਪਣੀ ਕੀਮਤ ਵਧਾਉਣ ਲਈ ਭਾਈ ਰੋਡੇ ਨੂੰ ਛੱਡ ਕੇ ਭਾਈ ਮੋਹਕਮ ਸਿੰਘ ਨਾਲ ਮਿਲ ਕੇ ਯੂਨਾਇਟਡ ਅਕਾਲੀ ਦਲ ਬਣਾ ਕੇ ਮੁੜ ਸ: ਸਿਮਰਨਜੀਤ ਸਿੰਘ ਮਾਨ ਨਾਲ ਗੱਠਜੋੜ ਕਰਕੇ ਸਰਬਤ ਖ਼ਾਲਸੇ ਦੇ ਆਗੂ ਬਣ ਬੈਠੇ। ਇਨ੍ਹਾਂ ਦਾ ਇਹ ਗੱਠਜੋੜ ਕਿਤਨੀ ਦੇਰ ਚਲਦਾ ਹੈ ਇਹ ਦੋਵੇਂ ਧਿਰਾਂ ਹੀ ਜਾਨਣ ਜਾਂ ਅਕਾਲ ਪੁਰਖ ਹੀ ਜਾਣਦਾ ਹੈ। ਇਹੋ ਕਾਰਨ ਹੈ ਕਿ ਬਹੁਤੀਆਂ ਪੰਥਕ ਧਿਰਾਂ ਇਨ੍ਹਾਂ ’ਤੇ ਵਿਸ਼ਵਾਸ਼ ਕਰਨ ਲਈ ਤਿਆਰ ਨਹੀਂ ਹਨ ਜਿਸ ਕਾਰਨ ਨਾ ਤਾਂ ਉਨ੍ਹਾਂ ਨੇ ਇਨ੍ਹਾਂ ਆਗੂਆਂ ਦੀ ਅਗਵਾਈ ਹੇਠ ਹੋਏ ਪਿਛਲੇ ਸਰਬਤ ਖਾਲਸਾ ਵਿੱਚ ਸ਼ਮੂਲੀਅਤ ਕੀਤੀ ਸੀ ਅਤੇ ਨਾ ਹੀ ਹੁਣ ਵਾਲੇ ਸਰਬਤ ਖਾਲਸਾ ਵਿੱਚ ਸ਼ਮੂਲੀਅਤ ਕਰਨ ਲਈ ਤਿਆਰ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਲੋਕ ਜਾਣੇ ਅਣਜਾਣੇ ਐਸੀ ਖੇਡ ਖੇਡਦੇ ਹਨ ਜਿਸ ਨਾਲ ਉਲਟਾ ਬਾਦਲ ਨੂੰ ਹੀ ਲਾਭ ਪਹੁੰਚਾ ਜਾਂਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਬਾਦਲ ਸਰਕਾਰ ਵੱਲੋਂ ਸਰਬਤ ਖਾਲਸਾ ਦੇ ਆਗੂਆਂ ਅਤੇ ਇਸ ਦੇ ਜਥੇਦਾਰਾਂ ਨੂੰ ਕਦੀ ਫੜ ਕੇ ਜੇਲ੍ਹ ਵਿੱਚ ਸੁੱਟਣਾਂ ਤੇ ਕਦੀ ਉਨ੍ਹਾਂ ਨੂੰ ਛੱਡ ਦੇਣ ਦਾ ਰਾਜ਼ ਇਹੋ ਹੈ ਕਿ ਬਾਦਲ ਦਲ ਚਾਹੁੰਦਾ ਹੈ ਕਿ ਆਮ ਸਿੱਖਾਂ ਵਿੱਚ ਇਹ ਵੀਚਾਰ ਬਣਿਆ ਰਹੇ ਕਿ ਇਹ ਪੰਥ ਲਈ ਸਰਕਾਰ ਨਾਲ ਲੜ ਰਹੇ ਹਨ; ਜਿਸ ਕਾਰਨ ਇਨ੍ਹਾਂ ਦੀ ਪੰਥਕ ਹਲਕਿਆਂ ਵਿੱਚ ਪਛਾਣ ਬਣੀ ਰਹੀ ਤੇ ਸਮਾਂ ਆਉਣ ’ਤੇ ਬਾਦਲ ਵਿਰੋਧੀ ਵੋਟ ਵੰਡਣ ਦੇ ਕਾਬਲ ਹੋ ਕੇ ਅਸਿੱਧੇ ਰੂਪ ਵਿੱਚ ਬਾਦਲ ਦਲ ਨੂੰ ਫਾਇਦਾ ਪਹੁੰਚਾਉਂਦੇ ਰਹਿਣ।

(2). ਪਿਛਲੇ ਸਾਲ ਹੋਏ ਸਰਬਤ ਖਾਲਸਾ ਦੇ ਪ੍ਰਬੰਧਕਾਂ ਨੇ ਸਵ: ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕਾਂਡ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਭਾਈ ਜਗਤਾਰ ਸਿੰਘ ਜੀ ਹਵਾਰਾ ਨੂੰ ਅਕਾਲ ਤਖ਼ਤ ਦਾ ਜਥੇਦਾਰ, ਭਾਈ ਧਿਆਨ ਸਿੰਘ ਮੰਡ ਨੂੰ ਭਾਈ ਹਵਾਰਾ ਦੀ ਗੈਰ ਹਾਜਰੀ ਵਿੱਚ ਕਾਰਜਕਾਰੀ ਜਥੇਦਾਰ; ਭਾਈ ਅਮਰੀਕ ਸਿੰਘ ਅਜਨਾਲਾ ਨੂੰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਸੀ। ਦੱਸਿਆ ਜਾਂਦਾ ਹੈ ਕਿ ਹਾਜਰ ਸੰਗਤਾਂ ਦੇ ਜੈਕਾਰਿਆਂ ਨਾਲ ਪ੍ਰਵਾਨਗੀ ਸਿਰਫ ਭਾਈ ਹਵਾਰਾ ਦੇ ਨਾਮ ਨੂੰ ਹੀ ਮਿਲੀ ਅਤੇ ਜਿਉਂ ਹੀ ਦੂਸਰੇ ਜਥੇਦਾਰਾਂ ਦੇ ਨਾਮ ਲੈਣੇ ਸ਼ੁਰੂ ਕੀਤੇ ਤਾਂ ਸੰਗਤਾਂ ਵਿੱਚ ਘੁਸਰ-ਮੁਸਰ ਹੋਣੀ ਸ਼ੁਰੂ ਹੋ ਗਈ ਸੀ ਅਤੇ ਇੱਕ ਦੋ ਜਥੇਦਾਰਾਂ ਦੇ ਨਾਮ ’ਤੇ ਤਾਂ ਵਿਰੋਧ ਦੀ ਅਵਾਜ਼ ਵੀ ਸੁਣਾਈ ਦਿੱਤੀ, ਜਿਸ ਨੂੰ ਸਟੇਜ ਪ੍ਰਬੰਧਕਾਂ ਵੱਲੋਂ ਅਣਸੁਣੀ ਕਰ ਕੇ ਆਪ ਹੀ ਜੈਕਾਰੇ ਛੱਡ ਕੇ ਜਥੇਦਾਰ ਐਲਾਨ ਦਿੱਤੇ ਗਏ। ਭਾਈ ਹਵਾਰਾ ਨੂੰ ਛੱਡ ਕੇ ਬਾਕੀ ਦੇ ਤਿੰਨੇ ਹੀ ਜਥੇਦਾਰ ਇੱਕ ਹੀ ਦਮਦਮੀ ਟਕਸਾਲ ਦੇ ਵਿਦਿਆਰਥੀ/ਸਮਰਥਕ ਹੋੋਣ ਕਾਰਨ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਨੂੰ ਮੰਨਣ ਤੋਂ ਇਨਕਾਰੀ ਹਨ ਇਸ ਲਈ ਇਨ੍ਹਾਂ ਨੂੰ ਸਰਬ ਪ੍ਰਵਾਨਤ ਜਥੇਦਾਰ ਕਹਿਣਾ ਕਿਸੇ ਦੇ ਸੰਘੋਂ ਥੱਲੇ ਨਹੀਂ ਉਤਰਦਾ। ਆਮ ਸਿੱਖਾਂ ਨੇ ਇਹ ਸ਼ਰੇਆਮ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੇ ਸ਼੍ਰੋਮਣੀ ਕਮੇਟੀ ਵੱਲੋਂ ਨਾਮਜ਼ਦ ਜਥੇਦਾਰ ਬਾਦਲ ਦੀ ਜੇਬ ’ਚੋਂ ਨਿਕਲੇ ਹਨ ਤਾਂ ਸਰਬਤ ਖਾਲਸਾ ਵੱਲੋਂ ਨਿਯੁਕਤ ਕੀਤੇ ਜਥੇਦਾਰ ਮਾਨ-ਗੁਰਦੀਪ, ਮੋਹਕਮ ਦੀ ਜੇਬ ’ਚੋਂ ਨਿਕਲੇ ਹਨ। ਇਸ ਲਈ ਦੋਵੇਂ ਧਿਰਾਂ ਦੇ ਜਥੇਦਾਰਾਂ ਕੋਲੋਂ ਪੰਥ ਦੇ ਭਲੇ ਦੀ ਕੋਈ ਆਸ ਨਹੀਂ ਰੱਖੀ ਜਾ ਸਕਦੀ। ਉਸ ਸਮੇਂ ਹੀ ਇਹ ਅਵਾਜ਼ ਉਠਣੀ ਸ਼ੁਰੂ ਹੋ ਗਈ ਸੀ ਕਿ ਭਾਈ ਹਵਾਰਾ ਦੇ ਨਾਮ ਦੀ ਤਾਂ ਸਿਰਫ ਵਰਤੋਂ ਹੀ ਕੀਤੀ ਗਈ ਹੈ ਉਨ੍ਹਾਂ ਦੇ ਜੇਲ੍ਹ ਵਿੱਚ ਹੋਣ ਕਰਕੇ ਮਨਮਾਨੀਆਂ ਤਾਂ ਇਨ੍ਹਾਂ ਨੇ ਆਪਣੀਆਂ ਹੀ ਕਰਨੀਆਂ ਹਨ। ਇਹ ਗੱਲ ਉਸ ਸਮੇਂ ਜਗ ਜ਼ਾਹਰ ਹੋ ਗਈ ਜਦੋਂ ਭਾਈ ਹਵਾਰਾ ਜੀ ਨੇ ਸਰਬਤ ਖਾਲਸਾ (2015) ਨਾਲ ਅਸਹਿਮਤ ਜਥੇਬੰਦੀਆਂ ਦਾ ਵਿਸ਼ਵਾਸ ਜਿੱਤਣ ਲਈ ਜੇਲ੍ਹ ਵਿੱਚੋਂ ਆਪਣੇ ਵਕੀਲ ਰਾਹੀਂ ਇਹ ਲਿਖਤੀ ਬਿਆਨ ਜਾਰੀ ਕੀਤਾ ਕਿ ਮੌਜੂਦਾ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ’ਤੇ ਕੋਈ ਕਿੰਤੂ ਪ੍ਰੰਤੂ ਨਾ ਕੀਤੀ ਜਾਵੇ। ਇਸ ਪੰਥ ਹਿਤਕਾਰੀ ਐਲਾਨ ਨੂੰ ਬਾਕੀ ਦੇ ਤਿੰਨੇ ਜਥੇਦਾਰਾਂ ਨੇ ਤੁਰੰਤ ਇਕ ਮੀਟਿੰਗ ਕਰਕੇ ਇਸ ਅਧਾਰ ’ਤੇ ਰੱਦ ਕਰ ਦਿੱਤਾ ਕਿ ਭਾਈ ਹਵਾਰਾ ਨੇ ਇਹ ਬਿਆਨ ਬਾਕੀ ਦੇ ਜਥੇਦਾਰਾਂ ਨਾਲ ਸਲਾਹ ਮਸ਼ਵਰਾ ਕੀਤੇ ਤੋਂ ਬਗੈਰ ਜਾਰੀ ਕੀਤਾ ਹੈ ਇਸ ਲਈ ਇਹ ਮੰਨਣਯੋਗ ਨਹੀਂ। ਭਾਈ ਹਵਾਰਾ ਨੇ ਦੂਸਰੀ ਵਾਰ ਫਿਰ ਸਲਾਹ ਦਿੱਤੀ ਕਿ ਸਰਬਤ ਖਾਲਸਾ ਸ਼੍ਰੋਮਣੀ ਕਮੇਟੀ ਵੱਲੋਂ ਹਟਾਏ ਗਏ ਪੰਜ ਪਿਆਰਿਆਂ ਦੀ ਸਰਪ੍ਰਸਤੀ ਹੇਠ ਹੋਵੇ; ਉਨ੍ਹਾਂ ਦੀ ਅਗਵਾਈ ਹੇਠ ਇਕ ਕਮੇਟੀ ਬਣਾਈ ਜਾਵੇ ਜਿਹੜੀ ਸਰਬਤ ਖਾਲਸਾ ਸੱਦਣ ਅਤੇ ਉਸ ਵਿੱਚ ਫੈਸਲੇ ਲੈਣ ਦਾ ਵਿਧੀ ਵਿਧਾਨ ਤਿਆਰ ਕਰੇ। ਜਿਹੜੀਆਂ ਧਿਰਾਂ 2015 ਵਾਲੇ ਸਰਬਤ ਖ਼ਾਲਸੇ ਵਿੱਚ ਸ਼ਾਮਲ ਨਹੀਂ ਹੋਈਆਂ ਸਨ, ਉਨ੍ਹਾਂ ਦੀ ਸ਼ਮੂਲੀਅਤ ਕਰਾਉਣ ਲਈ ਕਮੇਟੀ ਨਿਜੀ ਤੌਰ ’ਤੇ ਮਿਲ ਕੇ ਗਿਲੇ ਸ਼ਿਕਵੇ ਦੂਰ ਕਰੇ ਤੇ ਉਨ੍ਹਾਂ ਦੇ ਸੁਝਾਵਾਂ ’ਤੇ ਵੀਚਾਰ ਕਰਨ ਦਾ ਵਿਸ਼ਵਾਸ਼ ਦਿਵਾ ਕੇ ਸ਼ਾਮਲ ਹੋਣ ਦੀ ਪ੍ਰੇਰਣਾ ਕਰੇ। ਜਿਹੜੀਆਂ ਜਥੇਬੰਦੀਆਂ ਨੇ 2015 ਵਾਲੇ ਸਰਬਤ ਖਾਲਸਾ ਤੋਂ ਦੂਰੀ ਬਣਾ ਕੇ ਰੱਖੀ ਸੀ; ਭਾਈ ਹਵਾਰਾ ਦੇ ਇਸ ਫੈਸਲੇ ਨਾਲ ਸਹਿਮਤੀ ਪ੍ਰਗਟ ਕਰਦਿਆਂ; ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਹੁਣ ਸ਼ਾਮਲ ਹੋਣ ਦੀ ਹਾਮੀ ਵੀ ਭਰ ਦਿੱਤੀ ਸੀ ਪਰ ਸਰਬਤ ਖਾਲਸਾ ਦੇ ਪ੍ਰਬੰਧਕਾਂ ਅਤੇ ਉਨ੍ਹਾਂ ਵੱਲੋਂ ਨਿਯੁਕਤ ਕੀਤੇ ਜਥੇਦਾਰਾਂ ਨੇ ਭਾਈ ਹਵਾਰਾ ਦੀ ਇਸ ਰਾਇ ਨੂੰ ਵੀ ਇਸ ਅਧਾਰ ’ਤੇ ਰੱਦ ਕਰ ਦਿੱਤਾ ਕਿ ਪੰਜ ਪਿਆਰਿਆਂ ਨੇ ਨਾ ਹੀ ਸਰਬਤ ਖਾਲਸਾ-2015 ਵੱਲੋਂ ਨਿਯੁਕਤ ਕੀਤੇ ਜਥੇਦਾਰਾਂ ਨੂੰ ਮਾਨਤਾ ਦਿੱਤੀ ਹੈ ਅਤੇ ਨਾ ਹੀ ਇਸ ਵਿੱਚ ਪਾਸ ਕੀਤੇ ਮਤਿਆਂ ਨਾਲ ਸਹਿਮਤੀ ਪ੍ਰਗਟ ਕੀਤੀ, ਇਸ ਲਈ ਜਦ ਤੱਕ ਉਹ ਪਾਸ ਕੀਤੇ ਮਤਿਆਂ ਨਾਲ ਸਹਿਮਤੀ ਅਤੇ ਨਿਯੁਕਤ ਕੀਤੇ ਜਥੇਦਾਰਾਂ ਨੂੰ ਪ੍ਰਵਾਨ ਨਹੀਂ ਕਰਦੇ ਉਤਨੀ ਦੇਰ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਹੋ ਸਕਦੀ। ਭਾਈ ਹਵਾਰਾ ਜੀ ਵੱਲੋਂ ਦਿੱਤੇ ਗਏ ਉਕਤ ਦੋਵੇਂ ਸੁਝਾਅ ਹੀ ਜਿਹੜੇ ਪ੍ਰਬੰਧਕ ਤੇ ਕਾਰਜਕਾਰੀ ਜਥੇਦਾਰ ਨਹੀਂ ਮੰਨਦੇ, ਜਿਨ੍ਹਾਂ ਨੇ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਹੈ ਤਾਂ ਇਹ ਕਿਸੇ ਹੋਰ ਦਾ ਸੁਝਾਅ ਕੀ ਮੰਨਣਗੇ ? ਹੁਣ ਜਿਹੜੀਆਂ ਜਥੇਬੰਦੀਆਂ ਬਿਨਾਂ ਕਿਸੇ ਵਿਧੀ ਵਿਧਾਨ ਤੋਂ ਸੱਦੇ ਗਏ ਸਰਬਤ ਖਾਲਸਾ (2015) ਵਿੱਚ ਪਹਿਲਾਂ ਸ਼ਾਮਲ ਨਹੀਂ ਹੋਈਆਂ ਸਨ, ਉਹ ਇੱਕ ਸਾਲ ਬਾਅਦ ਆਪਣੇ ਹੀ ਫੈਸਲੇ ਦੇ ਉਲਟ ਉਨ੍ਹਾਂ ਆਗੂਆਂ ਦੀ ਸਿਰਮੌਰਤਾ ਨੂੰ ਕਿਵੇਂ ਪ੍ਰਵਾਨ ਕਰਨਗੀਆਂ, ਜਿਨ੍ਹਾਂ ਦੇ ਪਿਛਲੇ ਕਾਫ਼ੀ ਤਜਰਬਿਆਂ (ਜਿਵੇਂ ਕਿ ਹਰ ਦਲ ਨਾਲ ਸਿਆਸੀ ਗਠਜੋੜ ਤੇ ਵਿਛੋੜ) ਤੋਂ ਅਸਹਿਮਤ ਧਿਰਾਂ ਵਾਕਫ਼ ਵੀ ਹਨ।

ਪਿਛਲੇ ਦਿਨਾਂ ਵਿੱਚ ਇੱਕ ਖ਼ਬਰ ਛਪੀ ਸੀ ਕਿ ਦੋ ਸੁਹਿਰਦ ਵਿਚੋਲਿਆਂ ਦੇ ਯਤਨਾਂ ਸਦਕਾ ਪੰਜ ਪਿਆਰਿਆਂ ਅਤੇ ਤਿੰਨ ਮੁਤਬਾਜੀ ਜਥੇਦਾਰਾਂ ਦੀ ਆਪਸੀ ਏਕਤਾ ਹੋ ਗਈ ਹੈ। ਕਿੰਨਾਂ ਸ਼ਰਤਾਂ ਅਤੇ ਅਸੂਲਾਂ ’ਤੇ ਏਕਤਾ ਹੋਈ ਹੈ ਇਸ ਨੂੰ ਹਾਲੇ ਤੱਕ ਗੁਪਤ ਰੱਖਿਆ ਗਿਆ ਹੈ। ਜਦ ਤੱਕ ਏਕਤਾ ਲਈ ਤਹਿ ਕੀਤੇ ਅਸੂਲ ਜਨਤਕ ਨਹੀਂ ਹੋਣਗੇ ਉਤਨੀ ਦੇਰ ਇਸ ਏਕਤਾ ਸੰਬੰਧੀ ਵੀ ਕੁਝ ਨਹੀਂ ਕਿਹਾ ਜਾ ਸਕਦਾ ਅਤੇ ਇਨ੍ਹਾਂ 8 ਬੰਦਿਆਂ ਦੀ ਏਕਤਾ ਸਮੁਚੇ ਪੰਥ ਦੀ ਏਕਤ ਕਰਵਾ ਸਕਦੀ ਹੈ ? ਇਸ ਸਵਾਲ ਦਾ ਜਵਾਬ ਮਿਲਨਾ ਵੀ ਬਾਕੀ ਹੈ।

(3). ਗੁਰਬਾਣੀ ਦੇ ਪਾਵਨ ਵਾਕ: ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ! ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ਹਰਿ ਨਾਮੈ ਕੇ ਹੋਵਹੁ ਜੋੜੀ; ਗੁਰਮੁਖਿ, ਬੈਸਹੁ ਸਫਾ ਵਿਛਾਇ ॥’’ (ਬਸੰਤੁ ਮ: ੫/ ਅੰਕ ੧੧੮੫) ਮੁਤਾਬਕ ਆਪਣੀ ਵਿਛਾਈ ਹੋਈ ਸਫਾ ’ਤੇ ਬੈਠਣ ਦੀਆਂ ਦਲੀਲਾਂ ਤਾਂ ਹਰ ਕੋਈ ਦਿੰਦਾ ਰਹਿੰਦਾ ਹੈ ਪਰ ਇਹ ਉਦਾਹਰਨ ਦੇਣ ਵਾਲਾ ਨਾ ਆਪ ਕਿਸੇ ਵੱਲੋਂ ਵਿਛਾਈ ਸਫਾ ’ਤੇ ਬੈਠਣ ਲਈ ਖ਼ੁਦ ਤਿਆਰ ਹੈ ਅਤੇ ਨਾ ਹੀ ਦੂਸਰੇ ਦੀ ਗੁਰਮਤਿ ਅਨੁਸਾਰ ਕਹੀ ਹੋਈ ਕਿਸੇ ਗੱਲ ਨੂੰ ਸੁਣਨ ਸਮਝਣ ਲਈ ਤਿਆਰ ਹੈ। ਹੁਣ ਤੱਕ ਜਿੰਨੀਆਂ ਵੀ ਜਥੇਬੰਦੀਆਂ ਸਰਬਤ ਖਾਲਸਾ ਦਾ ਸਮਰਥਨ ਕਰ ਰਹੀਆਂ ਹਨ ਜਾਂ ਸਮਰਥਨ ਕੀਤੇ ਜਾਣ ਦੀ ਸੰਭਾਵਨਾ ਹੈ ਉਹ ਤਕਰੀਬਨ ਸਾਰੀਆਂ ਹੀ ਦਮਦਮੀ ਟਕਸਾਲ ਜਾਂ ਡੇਰਾਵਾਦੀ ਸੋਚ ਦੀ ਬੀ ਟੀਮ ਹੈ। ਅਖੰਡ ਕੀਰਤਨੀ ਸੋਚ ਤੇ ਮਿਸ਼ਨਰੀ ਸੋਚ ਇਸ (ਸਰਬਤ ਖਾਲਸਾ-2016) ਤੋਂ ਦੂਰ ਹੀ ਰਹੇਗੀ, ਅਜਿਹੀ ਸੁਭਾਵਨਾ ਨਿਸ਼ਚਿਤ ਹੈ ਕਿਉਂਕਿ ਮਿਸ਼ਨਰੀ ਪ੍ਰਚਾਰਕਾਂ ਨੂੰ ਇਹ ਡੇਰਾਵਾਦੀ ਸੋਚ ਦੀ ਬੀ ਟੀਮ ਪੰਥ ਦਾ ਹਿੱਸਾ ਮੰਨਣਾ ਤਾਂ ਦੂਰ, ਪੰਥ ਦੋਖੀਆਂ ਦਾ ਖਿਤਾਬ ਦੇਣ ਤੋਂ ਵੀ ਗੁਰੇਜ ਨਹੀਂ ਕਰਦੇ ਜਦ ਕਿ ਮਿਸ਼ਨਰੀ ਸੋਚ ‘ਗੁਰੂ ਗ੍ਰੰਥ ਸਾਹਿਬ’ ਜੀ ਵਿੱਚ ਦਰਜ ਵੀਚਾਰਧਾਰਾ ਦੇ ਬਹੁਤ ਨਜਦੀਕ ਹਨ ਤੇ ਡੇਰਾਵਾਦੀ ਸੋਚ, ਇਸ ਵੀਚਾਰਧਾਰਾ ਤੋਂ ਬਹੁਤ ਹੀ ਦੂਰ ਹੈ। ਜਿਹੜੇ ਡੇਰਾਵਾਦੀ ਸੋਚ ਵਾਲੇ ਪ੍ਰਚਾਰਕ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਵੀਚਾਰਧਾਰਾ ਤੋਂ ਸੇਧ ਲੈਣ ਦੀ ਬਜਾਏ ਆਪਣੇ ਡੇਰਿਆਂ ਦੁਆਰਾ ਮੰਨੇ ਜਾ ਰਹੇ ਮਹਾਂ ਪੁਰਖਾਂ ਦੀਆਂ ਸੁਣੀਆਂ ਸੁਣਾਈਆਂ ਗੁਰਮਤਿ ਵਿਰੋਧੀ ਸਾਖੀਆਂ ਤੋਂ ਵੱਧ ਪ੍ਰਭਾਵਤ ਹੋਣ, ਉਨ੍ਹਾਂ ਲਈ ਮਿਸ਼ਨਰੀ ਸੋਚ ਦੇ ਪ੍ਰਚਾਰਕ ਸਭ ਤੋਂ ਵੱਡੇ ਪੰਥ ਦੁਸ਼ਮਣ ਹੀ ਨਜ਼ਰ ਆਉਣਗੇ, ਇਸ ਸੋਚ ਨੂੰ ਖਤਮ ਕਰਨਾ ਹੀ ਇਨ੍ਹਾਂ ਲਈ ਵੱਡੀ ਪੰਥਕ ਸੇਵਾ ਹੈ। ਧੁੰਮਾ ਬਿ੍ਰਗੇਡ ਵੱਲੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ’ਤੇ ਕਾਤਲਾਨਾ ਹਮਲਾ ਅਤੇ ਉਨ੍ਹਾਂ ਵੱਲੋਂ ਗੁਰਬਾਣੀ ਵਿੱਚੋਂ ਅਨੇਕਾਂ ਪ੍ਰਮਾਣ ਦੇ ਕੇ ਗੁਰਮਤਿ ਅਨੁਸਾਰੀ ਕਹੀਆਂ ਗੱਲਾਂ ਨੂੰ ਜਿਸ ਤਰ੍ਹਾਂ ਤਰੋੜ ਮਰੋੜ ਕੇ ਪੇਸ਼ ਕਰਕੇ ਅਨਭੋਲ ਸੰਗਤਾਂ ਨੂੰ ਗੁਮਰਾਹ ਕਰ ਕੇ ਉਨ੍ਹਾਂ ਵਿਰੁੱਧ ਭੜਕਾਉਣ ਦਾ ਸਿਲਸਿਲਾ ਜਾਰੀ ਹੈ ਇਸ ਨਾਲ ਕੋਈ ਸੰਭਾਵਨਾ ਨਹੀਂ ਦਿਸਦੀ ਕਿ ਨੇੜਲੇ ਭਵਿੱਖ ਵਿੱਚ ਇਹ ਦੋਵੇਂ ਧਿਰਾਂ ਮਿਲ ਸਕਣ। ਸਰਬਤ ਖਾਲਸਾ ਵੱਲੋਂ ਨਿਯੁਕਤ ਕੀਤੇ ਜਥੇਦਾਰਾਂ ਨੇ ਵੀ ਇਨ੍ਹਾਂ ਦੋ ਵੀਚਾਰਧਾਰਾਵਾਂ ਵਾਲੇ ਸਿੱਖਾਂ ਨੂੰ ਇੱਕ ਪਲੇਟਫਾਰਮ ’ਤੇ ਲਿਆਉਣ ਦਾ ਯਤਨ ਤਾਂ ਕੀ ਕਰਨਾ ਸੀ ਸਗੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉਪਰ ਧੁੰਮਾ ਬਿ੍ਰਗੇਡ ਵੱਲੋਂ ਕੀਤੇ ਕਾਤਲਾਨਾ ਹਮਲੇ ਉਪਰੰਤ ਟਕਸਾਲੀਆਂ ਦੇ ਇਕ ਧੜੇ ਦੀ ਇੱਕ ਸਟੇਜ ਤੋਂ ਭਾਈ ਅਮਰੀਕ ਸਿੰਘ ਅਜਨਾਲਾ ਵੱਲੋਂ ਭਾਈ ਢੱਡਰੀਆਂ ਵਾਲੇ ਵਿਰੁੱਧ ਨਿੰਦਣਯੋਗ ਘਟੀਆ ਸ਼ਬਦਾਵਲੀ ਤਾਂ ਵਰਤੀ ਹੀ ਗਈ ਸਗੋਂ ਕਾਤਲਾਂ ਨੂੰ ਮਿਸ਼ਨਰੀ ਵੀਚਾਰਧਾਰਾ ਵਾਲੇ ਪ੍ਰਚਾਰਕਾਂ ਵਿਰੁਧ ਉਕਸਾਉਣ ਲਈ ਇਹ ਸਲਾਹ ਦੇਣਾ ਕਿ ਢੱਡਰੀਆਂ ਵਾਲਾ ਤਾਂ ਗਊ ਹੈ ਜੇ ਮਾਰਨਾ ਹੀ ਹੈ ਤਾਂ ਪਹਿਲਾਂ ਪੰਥਪ੍ਰੀਤ ਤੇ ਧੂੰਦੇ ਨੂੰ ਮਾਰਨਾ ਚਾਹੀਦਾ ਹੈ। ਕੀ ‘‘ਸਭੁ ਕੋ ਮੀਤੁ ਹਮ ਆਪਨ ਕੀਨਾ ; ਹਮ ਸਭਨਾ ਕੇ ਸਾਜਨ ॥’’ (ਧਨਾਸਰੀ ਮ: ੫/ ਅੰਕ ੬੭੧) ਅਤੇ ‘‘ਨਾ ਕੋ ਬੈਰੀ, ਨਹੀ ਬਿਗਾਨਾ ; ਸਗਲ ਸੰਗਿ ਹਮ ਕਉ ਬਨਿ ਆਈ ॥’’ (ਕਾਨੜਾ ਮ: ੫/ ਅੰਕ ੧੨੯੯) ਆਦਿ ਗੁਰਮਤਿ ਸਿਧਾਂਤ ਦੇ ਅਨੁਯਾਈ ਸਿੱਖਾਂ ਦਾ ਸਰਬ ਪ੍ਰਵਾਨਤ ਜਥੇਦਾਰ ਉਕਤ ਅਤਿ ਨਿੰਦਣਯੋਗ ਸੁਝਾਉ ਦੇਣ ਵਾਲਾ ਭਾਈ ਅਮਰੀਕ ਸਿੰਘ ਵਰਗਾ ਕੋਈ ਵਿਅਕਤੀ ਹੋ ਸਕਦਾ ਹੈ ? ਹੈਰਾਨੀ ਹੁੰਦੀ ਹੈ ਜਦੋਂ ਸਰਬਤ ਖਾਲਸਾ ਬੁਲਾਉਣ ਦੇ ਨਾ ਕਿਸੇ ਹਮਾਇਤੀ ਪ੍ਰਬੰਧਕਾਂ ਅਤੇ ਨਾ ਹੀ ਇਸ ਵੱਲੋਂ ਨਿਯੁਕਤ ਕੀਤੇ ਕਿਸੇ ਜਥੇਦਾਰ ਵੱਲੋਂ ਭਾਈ ਅਮਰੀਕ ਸਿੰਘ ਦੇ ਇਸ ਘਟੀਆ ਬਿਆਨ ਨਾਲੋਂ ਆਪਣਾ ਨਾਤਾ ਤੋੜਿਆ ਹੋਵੇ ਜਾਂ ਇਸ ਦੀ ਨਿੰਦਾ ਕੀਤੀ ਗਈ ਹੋਵੇ। ਹੁਣ ਵੀ ਜਦ ਇੱਕ ਪਾਸੇ ਗੁਰਦੀਪ ਸਿੰਘ, ਭਾਈ ਢੱਡਰੀਆਂ ਵਾਲੇ ਨੂੰ ਮਿਲ ਕੇ (ਸਰਬਤ ਖਾਲਸਾ 2016 ਲਈ) ਸੱਦਾ ਦੇਣ ਦੀ ਗੱਲ ਕਰ ਰਿਹਾ ਹੁੰਦਾ ਹੈ ਤਾਂ ਉਸੇ ਸਮੇਂ ਅਮਰੀਕ ਸਿੰਘ ਦਾ ਬਿਆਨ ਆ ਜਾਂਦਾ ਹੈ ਕਿ ਢੱਡਰੀਆਂ ਵਾਲਾ ਏਜੰਸੀਆਂ ਦਾ ਬੰਦਾ ਹੈ। ਤਾਂ ਦੱਸੋ ਇਨ੍ਹਾਂ ਦੂਹਰੇ ਮਿਆਰਾਂ ਵਾਲੇ ਆਗੂਆਂ ’ਤੇ ਕੋਈ ਕਿਵੇਂ ਯਕੀਨ ਕਰੇ, ਜੋ ਸਿਆਸੀ ਇੱਛਾਵਾਂ ਪਾਲ ਰਹੇ ਹਨ। ਇਨ੍ਹਾਂ ਆਗੂਆਂ ਵੱਲੋਂ ਵਿਛਾਈ ਸਫਾ ’ਤੇ ਬੈਠਣ ਲਈ ਕੋਈ ਤਿਆਰ ਕਿਉਂ ਹੋਵੇ ? 

ਸੋ, ਉਕਤ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਇੱਕੋ ਨਤੀਜੇ ’ਤੇ ਪੁਜਿਆ ਜਾ ਸਕਦਾ ਹੈ ਕਿ 2016 ਵਾਲੇ ਸਰਬਤ ਖ਼ਾਲਸੇ ਦਾ ਹਸ਼ਰ 2015 ਨਾਲੋਂ ਚੰਗਾ ਹੋਣ ਦੇ ਕਾਰਨ ਬਹੁਤ ਹੀ ਘੱਟ ਹਨ ਜਦੋਂ ਕਿ ਉਸ ਤੋਂ ਮਾੜਾ ਹਸ਼ਰ ਹੋਣ ਦੇ ਕਈ ਕਾਰਨ ਹਨ।

ਵਰਤਮਾਨ ਦੇ ਜ਼ਮੀਨੀ ਹਾਲਾਤਾਂ ਨੂੰ ਵੇਖਦਿਆਂ ਇਹ ਕਹਿਣਾ ਵੀ ਦਰੁਸਤ ਹੋਵੇਗਾ ਕਿ ਇੱਕ ਦਿਨ ਸਿੱਖ ਕੌਮ ਨੂੰ ਗੁਰਬਾਣੀ ਦੇ ਪਾਵਨ ਵਾਕ ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ! ਦੁਬਿਧਾ ਦੂਰਿ ਕਰਹੁ ਲਿਵ ਲਾਇ ॥’’ ਉੱਤੇ ਪਹਿਰਾ ਦੇਣ ਲਈ ਆਪਣੇ ਨਿਜ ਸੁਆਰਥਾਂ ਨੂੰ ਅਲੱਗ ਕਰਕੇ ਇਕੱਤਰ ਹੋ ਕੇ ਜ਼ਰੂਰ ਬੈਠਣਾ ਪਵੇਗਾ। ਇਸ ਵਿੱਚ ਕੀਤੀ ਗਈ ਦੇਰੀ ਸਿੱਖ ਕੌਮ ਲਈ ਨੁਕਸਾਨਦੇਹ ਹੋਵੇਗੀ। ਇਸ ਲਈ ਪੰਥਕ ਲੋੜਾਂ ਪੂਰੀਆਂ ਕਰਨ ਲਈ ਸਰਬਤ ਖਾਲਸਾ ਦੀ ਸਫਲਤਾ ਲਈ ਕੀ ਕੀਤਾ ਜਾਵੇ ? ਇਸ ਲਈ ਮੇਰਾ ਇੱਕੋ ਸੁਝਾਅ ਹੈ ਕਿ ਸਿੱਖਾਂ ਦਾ ਇੱਕੋ ਵਾਹਦ ‘ਗੁਰੂ ਗ੍ਰੰਥ ਸਾਹਿਬ’ ਹੈ; ਇਸ ਸਬੰਧੀ ਕਿਸੇ ਵੀ ਸਿੱਖ ਦੀਆਂ ਦੋ ਰਾਵਾਂ ਨਹੀਂ ਹਨ। ਇਸ ਖ਼ਿਆਲ ਸਬੰਧੀ ਵੀ ਕਿਸੇ ਦੀਆਂ ਦੋ ਰਾਵਾਂ ਨਹੀਂ ਕਿ ਸਾਡਾ ਧਾਰਮਿਕ ਪਿਤਾ ਗੁਰੂ ਗੋਬਿੰਦ ਸਿੰਘ ਜੀ, ਧਾਰਮਿਕ ਮਾਤਾ: ਮਾਤਾ ਸਾਹਿਬ ਕੌਰ ਜੀ, ਜਨਮ ਕੇਸਗੜ੍ਹ ਸਾਹਿਬ ਤੇ ਵਾਸੀ ਅਨੰਦਪੁਰ ਦੇ ਹਾਂ। ਜੇ ਵਖਰੇਵਾਂ ਹੈ ਤਾਂ ਕੇਵਲ ਸਿੱਖ ਰਹਿਤ ਮਰਯਾਦਾ ਜਾਂ ਨਾਨਕਸ਼ਾਹੀ ਕੈਲੰਡਰ ਦਾ ਹੈ।

ਸੋ, ਸਭ ਤੋਂ ਪਹਿਲਾਂ ਪੰਥ ਪ੍ਰਵਾਨਤ ਅਤੇ ਅਕਾਲ ਤਖ਼ਤ ਤੋਂ ਜਾਰੀ ਕੀਤੀ ਗਈ ਸਿੱਖ ਰਹਿਤ ਮਰਿਆਦਾ ਤੇ ਨਾਨਕਸ਼ਾਹੀ ਕੈਲੰਡਰ ਨੂੰ ਸਮੁਚੀਆਂ ਧਿਰਾਂ ਮਾਨਤਾ ਦੇਣ ਤਾਂ ਜੋ ਸਾਡੀਆਂ ਦੂਰੀਆਂ, ਨਜਦੀਕੀਆਂ ’ਚ ਤਬਦੀਲ ਹੋ ਜਾਣ, ਜਿਸ ਉਪਰੰਤ ਪੰਥਕ ਏਕਤਾ ਆਪਣੇ ਆਪ ਹੋ ਜਾਵੇਗੀ।

ਸਿੱਖ ਰਹਿਤ ਮਰਿਆਦਾ ਤੇ ਨਾਨਕਸ਼ਾਹੀ ਕੈਲੰਡਰ; ਅਜੋਕੀ ਮਿਸ਼ਨਰੀ ਪ੍ਰਚਾਰਕ ਸ਼੍ਰੇਣੀ (ਭਾਈ ਢੱਡਰੀਆਂ ਵਾਲਾ, ਭਾਈ ਪੰਥਪ੍ਰੀਤ ਸਿੰਘ, ਭਾਈ ਸਰਬਜੀਤ ਸਿੰਘ ਧੂੰਦਾ ਅਤੇ ਮਿਸ਼ਨਰੀ ਕਾਲਜਾਂ) ਨੇ ਨਹੀਂ ਬਣਾਏ। ਇਹ ਤਾਂ ਸਗੋਂ ਪੰਥਕ ਏਕਤਾ ਨੂੰ ਕਿਸੇ ਮੁਕਾਮ ’ਤੇ ਪਹੁੰਚਾਉਣ ਲਈ ਹੀ ਇਨ੍ਹਾਂ ਪੰਥਕ ਦਸਤਾਵੇਜਾਂ ’ਤੇ ਪਹਿਰਾ ਦੇਣ ਲਈ ਬਚਨਵੱਧ ਹਨ। ਇੱਥੋਂ ਤੱਕ ਕਿ ਕੁਝ ਸਮਾਂ ਪਹਿਲਾਂ ਪ੍ਰੋ: ਦਰਸ਼ਨ ਸਿੰਘ ਵੀ ਇਨ੍ਹਾਂ ਦੋਵਾਂ ਪੰਥਕ ਫੈਸਲਿਆਂ ’ਤੇ ਦਿ੍ਰੜ੍ਹਤਾ ਨਾਲ ਪਹਿਰਾ ਦੇਣ ਦੇ ਹੱਕ ਵਿੱਚ ਰਿਹਾ ਹੈ, ਜੋ ਇਨ੍ਹਾਂ ਡੇਰਾਵਾਦੀਆਂ ਦੀਆਂ ਭਰਾ ਮਾਰੂ ਨੀਤੀਆਂ ਦਾ ਸਤਾਇਆ ਹੋਇਆ ਹੁਣ ਬਿਲਕੁਲ ਹੀ ਬਗਾਵਤ ਕਰਨ ਦੇ ਰਾਹ ਪੈਣ ਲਈ ਮਜ਼ਬੂਰ ਹੋ ਗਿਆ, ਜਿਸ ਵਿੱਚ ਉਨ੍ਹਾਂ ਦੇ ਤਰਕ ਹਨ ਕਿ ਜੋ ਕੁਝ ਸਿੱਖ ਲਈ ਜਰੂਰੀ ਸੀ ਉਹ ਗੁਰੂ ਸਾਹਿਬ ਜੀ ਨੇ ਖ਼ੁਦ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਦਰਜ ਕਰ ਕੇ ਉਨ੍ਹਾਂ ਨੂੰ ਗੁਰਿਆਈ ਦੀ ਗੱਦੀ ’ਤੇ ਬਿਰਾਜਮਾਨ ਕਰ ਦਿੱਤਾ। ਸਿੱਖ ਰਹਿਤ ਮਰਿਆਦਾ ਦੇ ਅਧਾਰ ’ਤੇ ਕਿਸੇ ਵੀ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ’ਚੋਂ ਬਾਹਰ ਦੀ ਕੋਈ ਰਚਨਾ ਪੜ੍ਹਨ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ। ਹਾਂ ਆਪਣੀ ਜਾਣਕਾਰੀ ਲਈ ਉਹ ਕਿਸੇ ਵੀ ਧਰਮ ਗ੍ਰੰਥ ਜਾਂ ਪੁਸਤਕ ਨੂੰ ਪੜ੍ਹਨ ਲਈ ਆਜ਼ਾਦ ਜ਼ਰੂਰ ਹਨ। 

ਸੋ, ਅਜਿਹੀ ਸਥਿਤੀ ਮੁੜ ਪੈਦਾ ਕਰਕੇ ਪੰਥ ਵਿੱਚ ਦੁਫੇੜ ਪਾਉਣ ਤੋਂ ਬਚਣ ਲਈ ਇੱਕੋ ਇੱਕੋ ਤਰੀਕਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ ਕਾਇਮ ਰੱਖਣ ਅਤੇ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਤੇ ਨਾਨਕਸ਼ਾਹੀ ਕੈਲੰਡਰ ’ਤੇ ਪਹਿਰਾ ਦੇਣ ਲਈ ਦਿ੍ਰੜ੍ਹ ਹੋਣ ਦਾ ਪ੍ਰਣ ਕਰਨ ਵਾਲੇ ਸਿੱਖ ਹੀ ਪੰਥ ਦਾ ਹਿੱਸਾ ਹੋਣਾ ਪ੍ਰਵਾਨ ਕੀਤਾ ਜਾਵੇ। ਬਹੁਤੀ ਭੀੜ ਇਕੱਠੀ ਕਰਨ ਦੀ ਥਾਂ ਅਜਿਹਾ ਪ੍ਰਣ ਪੱਤਰ ਭਰਨ ਵਾਲੇ ਸਿੱਖਾਂ ਅਤੇ ਜਥੇਬੰਦੀਆਂ ਦੇ ਨੁਮਾਇੰਦੇ ਵਿਦਵਾਨ ਸੱਜਨ ਹੀ ਕਿਸੇ ਬੰਦ ਕਮਰੇ ਵਿੱਚ ਸਰਬਤ ਖਾਲਸਾ ਦੇ ਰੂਪ ’ਚ ਮੀਟਿੰਗਾਂ ਕਰਨ। ਉਨ੍ਹਾਂ ਨੂੰ ਮੀਟਿੰਗ ਵਿੱਚੋਂ ਬਾਹਰ ਉਸ ਸਮੇਂ ਹੀ ਆਉਣ ਦਿੱਤਾ ਜਾਵੇ ਜਦ ਤੱਕ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਸਰਬਸੰਮਤੀ ਵਾਲੇ ਕਿਸੇ ਫੈਸਲੇ ’ਤੇ ਨਹੀਂ ਪਹੁੰਚਦੇ। ਇਸ ਤਰ੍ਹਾਂ ਸਰਬਸੰਮਤੀ ਵਾਲੇ ਫੈਸਲਿਆਂ ਨੂੰ ਉਨ੍ਹਾਂ ਵਿੱਚੋਂ ਮੌਕੇ ’ਤੇ ਚੁਣਿਆ ਗਿਆ ਕੋਈ ਇੱਕ ਆਗੂ ਪੜ੍ਹ ਕੇ ਸੁਣਾ ਦੇਵੇ ਜਿਸ ਨੂੰ ਸਰਬਤ ਖਾਲਸਾ ਦਾ ਫੈਸਲਾ ਜਾਣ ਕੇ ਸਾਰੇ ਸਿੱਖ ਮੰਨਣ ਲਈ ਪਾਬੰਦ ਹੋਣ। ਜੇ ਲੋੜ ਸਮਝੀ ਜਾਵੇ ਤਾਂ ਇਸੇ ਢੰਗ ਨਾਲ ਸਿੱਖ ਰਹਿਤ ਮਰਯਾਦਾ ਅਤੇ ਨਾਨਕਸ਼ਾਹੀ ਕੈਲੰਡਰ ਵਿੱਚ ਵੀ ਕੋਈ ਸੋਧ ਕੀਤੀ ਜਾ ਸਕਦੀ ਹੈ। ਪਰ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਐਸੇ ਫੈਸਲੇ ਕੇਵਲ ਗੁਰਮਤਿ ਦੇ ਫ਼ਿਲਾਸਫ਼ਰ ਜਾਂ ਕੈਲੰਡਰ ਵਿਗਿਆਨ ਦੀ ਸੂਝ ਰੱਖਣ ਵਾਲੇ ਵਿਦਵਾਨ ਸੱਜਣ ਹੀ ਕਰਨ ਦੇ ਅਧਿਕਾਰੀ ਹੋਣੇ ਚਾਹੀਦੇ ਹਨ। ਕੋਈ ਪੰਜਾਂ ਦਾ ਸਮੂਹ ਜਾਂ ਕੋਈ ਬਹੁਤਾ ਵੱਡਾ ਇਕੱਠ, ਜਿਸ ਰਾਹੀਂ ਸਭ ਦੇ ਉਸਾਰੂ ਸੁਝਾਅ ਲੈਣੇ ਹੀ ਅਸੰਭਵ ਹੋਣ, ਵਾਲੇ ਮਹੌਲ ’ਚ ਕੋਈ ਨਤੀਜਾ ਨਿਕਲਣਾ ਮੁਸਕਲ ਹੈ। ਇਨ੍ਹਾਂ ਇਕੱਠਾਂ ’ਚ ਤਾਂ ਸਿਰਫ ਸਟੇਜ ਤੋਂ ਕਾਹਲੀ ਵਿੱਚ ਪੜ੍ਹੇ ਗਏ ਮਤੇ (ਜਿਨ੍ਹਾਂ ਦੀ ਪੂਰੀ ਸ਼ਬਦਾਵਲੀ ਵੀ ਕਿਸੇ ਨੂੰ ਸਮਝ ਨਾ ਆਉਂਦੀ ਹੋਵੇ ਪਰ ਫਿਰ ਵੀ ਉਹ ਕੇਵਲ) ਜੈਕਾਰੇ ਛੱਡ ਕੇ ਪ੍ਰਵਾਨਗੀ ਦੇਣ ਲਈ ਹੀ ਉਲੀਕੇ ਜਾ ਸਕਦੇ ਹਨ, ਜਿਸ ਦਾ ਗੁਰਮਤਿ ਤੇ ਪੰਥਕ ਏਕਤਾ ਨਾਲ ਕੋਈ ਸੰਬੰਧ (ਲੈਣ-ਦੇਣ) ਨਹੀਂ ਹੁੰਦਾ ਕਿਉਕਿ ਇਹ ਨਿਰੋਲ ਸਿਆਸੀ ਸਟੰਟ ਹੁੰਦਾ ਹੈ, ਜੋ ਵਕਤੀ ਤੌਰ ’ਤੇ ਕਿਸੇ ਇੱਕ ਧੜੇ ਦੀ ਹੀ ਅਗਵਾਈ ਕਰਦਾ ਹੈ।

Most Viewed Posts