ਅਬਦੁਲ ਸਿਤਾਰ ਈਦੀ

0
483

ਅਬਦੁਲ ਸਿਤਾਰ ਈਦੀ – ਸੇਵਾ ਦਾ ਮੁਜਸਮਾ

ਰਣਜੀਤ ਸਿੰਘ, ਸਟੇਟ ਤੇ ਨੈਸ਼ਨਲ ਅਵਾਰਡੀ, ਹੈਡਮਾਸਟਰ (ਸੇਵਾ ਮੁਕਤ), 

105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ)- ੯੯੧੫੫-੧੫੪੩੬

‘ਮਨੁੱਖਤਾ ਤੋਂ ਉਪਰ ਹੋਰ ਕੋਈ ਧਰਮ ਨਹੀਂ।’ ਇਹ ਸ਼ਬਦ ਅਬਦੁਲ ਸਿਤਾਰ ਈਦੀ ਦੇ ਹਨ ਜਿਸ ਨੇ ਆਪਣਾ ਸਾਰਾ ਜੀਵਨ ਭਗਤ ਪੂਰਨ ਸਿੰਘ ਜੀ ਦੀ ਤਰ੍ਹਾਂ ਮਨੁੱਖਤਾ ਦੀ ਸੇਵਾ ਲਈ ਅਰਪਣ ਕੀਤਾ। ਈਦੀ ਦੇ ਪੂਰਵਜ਼ ਸਿੰਧੀ ਹਿੰਦੂ ਸਨ ਜੋ ਤਿੰਨ ਸਦੀਆਂ ਪਹਿਲਾਂ ਮੁਸਲਮਾਨ ਹੋ ਗਏ। ਇਹਨਾਂ ਨੂੰ ਮੋਮਿਨ ਕਿਹਾ ਜਾਂਦਾ ਸੀ ਜੋ ਬਾਅਦ ਵਿੱਚ ਮੈਮਨ ਕਰਕੇ ਪ੍ਰਚੱਲਤ ਹੋ ਗਏ। ਈਦੀ ਪਰਿਵਾਰ ਭਾਰਤੀ ਗੁਜਰਾਤ ਦੇ ਕਾਠੀਆਵਾੜ ਇਲਾਕੇ ਵਿੱਚ ਵਸ ਕੇ ਵਪਾਰ ਕਰਨ ਲੱਗ ਪਿਆ। ਦੇਸ਼ ਦੀ ਵੰਡ ਵੇਲੇ ਮੁਹੰਮਦ ਅਲੀ ਜਿਨਾਹ ਦੇ ਵਾਸਤਾ ਪਾਉਣ ਤੇ ਮੈਮਨ ਹਿਜਰਤ ਕਰਕੇ ਪਾਕਿਸਤਾਨ ਆ ਗਏ। ਬਹੁਤੇ ਲੋਕ ਉਜੜੀਆਂ ਹਿੰਦੂ ਜਾਇਦਾਦਾਂ ਤੇ ਕਾਬਜ ਹੋ ਗਏ ਪਰ ਈਦੀ ਦਾ ਪਿਤਾ ਅਬਦੁਲ ਸ਼ਕੂਰ ਜੋ ਬਹੁਤ ਇਮਾਨਦਾਰ ਸੀ, ਉਹ ਇਸ ਦੇ ਖਿਲਾਫ ਸੀ। ਉਸ ਨੇ ਇੱਕ ਕਮਰਾ ਕਿਰਾਏ ਤੇ ਲੈ ਕੇ ਪਰਿਵਾਰ ਨੂੰ ਉਥੇ ਟਿਕਾਇਆ। ਇਸ ਤਰ੍ਹਾਂ ਈਦੀ ਨੂੰ ਈਮਾਨਦਾਰੀ ਆਪਣੇ ਪਿਤਾ ਤੋਂ ਵਿਰਸੇ ਵਿੱਚ ਮਿਲੀ।

ਗਰੀਬਾਂ, ਬੇਆਸਰਿਆਂ ਤੇ ਲੋੜਵੰਦਾਂ ਲਈ ਪਿਆਰ ਤੇ ਹਮਦਰਦੀ ਦੀ ਭਾਵਨਾ ਈਦੀ ਨੂੰ ਬਚਪਨ ਵਿੱਚ ਹੀ ਆਪਣੀ ਮਾਤਾ ਗੁਰਬਾ ਤੋਂ ਮਿਲੀ। ਛੋਟੇ ਹੁੰਦਿਆਂ ਸਕੂਲ ਜਾਣ ਸਮੇਂ ਈਦੀ ਦੀ ਮਾਂ ਉਸ ਨੂੰ ਦੋ ਪੈਸੇ ਦਿੰਦੀ ਤੇ ਕਹਿੰਦੀ ਕਿ ਇੱਕ ਪੈਸਾ ਤੂੰ ਆਪ ਖਰਚ ਲਵੀਂ ਤੇ ਦੂਜਾ ਕਿਸੇ ਲੋੜਵੰਦ ਨੂੰ ਦੇ ਦੇਵੀਂ। ਜਦੋਂ ਮਮਤਾ ਵਿੱਚ ਆ ਕੇ ਮਾਂ ਈਦੀ ਨੂੰ ਬਹੁਤ ਪਿਆਰ ਕਰਦੀ ਤਾਂ ਕਹਿੰਦੀ ਕਿ ਜਿੰਨਾ ਪਿਆਰ ਮੈਂ ਤੈਨੂੰ ਕਰਦੀ ਹਾਂ, ਇੰਨਾ ਹੀ ਪਿਆਰ ਤੂੰ ਖਲਕਤ ਨਾਲ ਕਰੀਂ।

ਸਕੂਲ ਜਾਂਦਿਆਂ ਇੱਕ ਦਿਨ ਈਦੀ ਨੇ ਦੇਖਿਆ ਕਿ ਮੁੰਡਿਆਂ ਦੀ ਇੱਕ ਟੋਲੀ ਇੱਕ ਪਾਗਲ ਵਿਅਕਤੀ ਨੂੰ ਘੇਰ ਕੇ ਉਸ ਨਾਲ ਛੇੜ-ਛਾੜ ਕਰ ਰਹੀ ਹੈ। ਖਿੱਲਰੇ ਵਾਲਾਂ ਵਿੱਚ ਉਹ ਪਾਗਲ ਵਿਅਕਤੀ ਲਾਚਾਰ ਹੋਇਆ ਸਭ ਕੁੱਝ ਸਹਿ ਰਿਹਾ ਸੀ। ਈਦੀ ਨੇ ਉਹਨਾਂ ਮੁੰਡਿਆਂ ਨੂੰ ਝਾੜਿਆ ਤੇ ਕਿਹਾ ਕਿ ਜੇ ਤੁਸੀਂ ਇਸ ਦੀ ਮੱਦਦ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਰਹਿਮ ਤਾਂ ਕਰੋ। ਮੁੰਡਿਆਂ ਨੇ ਫੜ ਕੇ ਈਦੀ ਨੂੰ ਕੁੱਟ ਸੁੱਟਿਆ। ਘਰ ਆਇਆ ਤਾਂ ਮਾਂ ਨੇ ਮੱਲ੍ਹਮ ਪੱਟੀ ਕੀਤੀ ਤੇ ਕਿਹਾ ਕਿ ਰੱਬ ਤੇਰਾ ਭਲਾ ਕਰੇਗਾ। ਚੰਗੇ ਕੰਮਾਂ ਲਈ ਕੁੱਟ ਵੀ ਖਾਣੀ ਪਵੇ ਤਾਂ ਪਿੱਛੇ ਨਾਂ ਹਟੀਂ।

ਈਦੀ ਪੜ੍ਹਾਈ ਵਿੱਚ ਚੰਗਾ ਨਹੀਂ ਸੀ। ਪੰਜ ਜਮਾਤਾਂ ਪਾਸ ਕਰਕੇ ਉਸ ਨੇ ਪੜ੍ਹਾਈ ਛੱਡ ਦਿੱਤੀ ਅਤੇ ਕੱਪੜੇ ਦੇ ਵਪਾਰੀ ਕੋਲ ਪੰਜ ਰੁਪਏ ਮਹੀਨਾ ਨੌਕਰੀ ’ਤੇ ਲੱਗ ਗਿਆ। ਉਥੇ ਹੋਰ ਵੀ ਲੜਕੇ ਕੰਮ ਕਰਦੇ ਸਨ। ਈਦੀ ਨੇ ਦੋ ਲੜਕਿਆਂ ਵਿਰੁੱਧ ਪੈਸੇ ਚੋਰੀ ਕਰਨ ਬਾਰੇ ਮਾਲਕ ਨੂੰ ਦੱਸ ਦਿੱਤਾ। ਜਦੋਂ ਇੱਕ ਲੜਕੇ ਨੇ ਇਹ ਕਿਹਾ ਕਿ ਈਦੀ ਵੀ ਸਾਡੇ ਨਾਲ ਸੀ ਤਾਂ ਮਾਲਕ ਗਰਜਿਆ ਕਿ ਹਾਜੀ ਸ਼ਕੂਰ ਦਾ ਪੁੱਤਰ ਚੋਰੀ ਨਹੀਂ ਕਰ ਸਕਦਾ।

ਈਦੀ ਦੇ ਪਿਤਾ ਕੋਲ ਪੈਸੇ ਦੀ ਕਮੀ ਨਹੀਂ ਸੀ। ਉਹ ਉਸ ਨੂੰ ਚੰਗਾ ਕਾਰੋਬਾਰ ਖੋਲ੍ਹ ਕੇ ਦੇ ਸਕਦਾ ਸੀ ਪਰ ਫਿਰ ਵੀ ਉਸ ਨੇ ਪੁੱਤਰ ਨੂੰ ਇੱਕ ਛੋਟਾ ਜਿਹਾ ਪਾਨ ਦਾ ਖੋਖਾ ਖੋਲ੍ਹ ਦਿੱਤਾ। ਉਸ ਦਾ ਵਿਚਾਰ ਸੀ ਕਿ ਕਾਮਯਾਬੀ ਲਈ ਹੇਠਾਂ ਤੋਂ ਉਠਣਾ ਜਰੂਰੀ ਹੈ। ਇਸ ਤਰ੍ਹਾਂ ਈਦੀ ਨੂੰ ਆਦਮੀ ਦੀ ਫਿਤਰਤ ਤੇ ਪੈਸੇ ਦੀ ਕੀਮਤ ਦਾ ਪਤਾ ਲੱਗ ਜਾਵੇਗਾ। ਹੇਠਾਂ ਤੋਂ ਉਪਰ ਜਾਵੇਗਾ ਤਾਂ ਕਦੀ ਡਿੱਗੇਗਾ ਨਹੀਂ। ਇਸੇ ਛੋਟੀ ਜਿਹੀ ਪਾਨ ਦੀ ਦੁਕਾਨ ਤੋਂ ਹੀ ਈਦੀ ਨੇ ਈਮਾਨਦਾਰੀ ਨਾਲ ਕਾਫੀ ਪੈਸੇ ਬਚਾ ਲਏ।

ਮੈਮਨ ਜੋ ਬਹੁਤ ਅਮੀਰ ਸਨ, ਉਹਨਾਂ ਨੇ 1948 ਵਿੱਚ ਦਾਨ ਰਾਸ਼ੀ ਨਾਲ ਚੱਲਣ ਵਾਲੀ ਇੱਕ ਡਿਸਪੈਂਸਰੀ ਖੋਲ੍ਹੀ ਤੇ ਕੰਮ ਕਰਨ ਲਈ ਵਲੰਟੀਅਰ ਮੰਗੇ। ਈਦੀ ਨੇ ਵੀ ਆਪਣਾ ਨਾਂ ਲਿਖਵਾ ਦਿੱਤਾ ਜੋ ਸਭ ਤੋਂ ਛੋਟੀ ਉਮਰ ਦਾ ਸੀ। ਈਦੀ ਨੇ ਉਥੇ ਵੀ ਵੇਖਿਆ ਕਿ ਬੀਮਾਰਾਂ ਨਾਲ ਵੀ ਵਿਤਕਰਾ ਹੋ ਰਿਹਾ ਹੈ। ਮੈਮਨਾਂ ਨੂੰ ਦਵਾਈ ਦਿੱਤੀ ਜਾ ਰਹੀ ਸੀ ਜੇ ਬੱਚ ਜਾਂਦੀ ਤਾਂ ਗਰੀਬਾਂ ਨੂੰ ਮਿਲਦੀ। ਐਕਸਰੇ ਵਾਲੇ ਮੁੰਡੇ ਸ਼ਰੇਆਮ ਰਿਸ਼ਵਤ ਲੈਂਦੇ। ਪ੍ਰਬੰਧਕੀ ਬੋਰਡ ਦੀ ਮੀਟਿੰਗ ਵਿੱਚ ਈਦੀ ਨੇ ਸਾਰੀਆਂ ਚੋਰ ਮਾਰੀਆਂ ਤੇ ਕਮਜੋਰੀਆਂ ਦਾ ਪਰਦਾ ਫਾਸ਼ ਕੀਤਾ। ਈਦੀ ਨੂੰ ਉਥੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ। ਪਿਤਾ ਨੇ ਸ਼ਾਬਾਸ਼ ਦਿੱਤੀ ਤੇ ਕਿਹਾ ਤੂੰ ਸਖਤ ਮਿਹਨਤ ਤੇ ਇਮਾਨਦਾਰੀ ਨਾਲ ਉਹਨਾਂ ਨੂੰ ਪਛਾੜ ਦੇਵੇਂਗਾ। ਤੂੰ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਤੇ ਆਪਣਾ ਰਾਹ ਨਾ ਛੱਡੀਂ।

1951 ਵਿੱਚ ਈਦੀ ਨੇ ਆਪਣੀ ਬੱਚਤ ਕੀਤੀ 2300 ਰੁਪਏ ਦੀ ਰਾਸ਼ੀ ਨਾਲ ਮੀਠਾਦਾਰ ਵਿੱਚ ਆਪਣੀ ਡਿਸਪੈਂਸਰੀ ਖੋਲ੍ਹ ਲਈ ਤੇ ਇੱਕ ਡਾਕਟਰ ਰੱਖ ਲਿਆ। ਕੰਪਨੀ ਤੋਂ ਸਿੱਧੀਆਂ ਦਵਾਈਆਂ ਸਸਤੇ ਰੇਟ ਤੇ ਮੰਗਵਾਉਣ ਲੱਗ ਪਿਆ। ਦਿਨ ਰਾਤ ਮਰੀਜਾਂ ਦੀ ਦੇਖਭਾਲ ਤੇ ਫਸਟ ਏਡ ਆਪ ਕਰਦਾ। ਰਾਤ ਨੂੰ ਦੁਕਾਨ ਦੇ ਬਾਹਰ ਪੱਥਰ ਦੇ ਬਣੇ ਬੈਂਚ ਤੇ ਹੀ ਸੌਂ ਜਾਂਦਾ। ਇਲਾਜ ਦੀ ਫੀਸ ਭਾਵੇਂ ਬਹੁਤ ਹੀ ਘੱਟ ਸੀ ਫਿਰ ਵੀ ਬੱਚਤ ਹੋ ਜਾਂਦੀ।

1951 ਵਿੱਚ ਹਾਂਗਕਾਂਗ ਵਿੱਚ ਫਲੂ ਦੀ ਬਿਮਾਰੀ ਫੈਲ ਗਈ। ਵੱਡੀ ਗਿਣਤੀ ਵਿੱਚ ਲੋਕ ਮਰਨੇ ਸ਼ੁਰੂ ਹੋ ਗਏ। ਈਦੀ ਨੇ ਉਥੇ ਪਹੁੰਚ ਕੇ ਸ਼ਹਿਰ ਦੇ ਚਾਰੇ ਪਾਸੇ ਮਰੀਜ਼ਾਂ ਦੇ ਇਲਾਜ ਲਈ ਟੈਂਟ ਲਾ ਦਿੱਤੇ ਅਤੇ ਇੱਕ ਦਾਨ ਬਕਸਾ ਰੱਖ ਕੇ ਲਿਖ ਦਿੱਤਾ – ਜੇ ਕੁੱਝ ਹੈ ਤਾਂ ਪਾ ਦਿਉ। ਈਦੀ ਦਾ ਸਭ ਕੁੱਝ ਤੁਹਾਡੇ ਲਈ ਹੈ। ਇੱਕ ਮੈਮਨ ਵਪਾਰੀ ਈਦੀ ਦੇ ਕੰਮ ਨੂੰ ਕੁੱਝ ਦਿਨ ਬਰੀਕੀ ਨਾਲ ਵੇਖਦਾ ਰਿਹਾ ਤੇ ਫਿਰ ਵੀਹ ਹਜਾਰ ਰੁਪਏ ਦਾਨ ਦੇ ਦਿੱਤੇ। ਈਦੀ ਨੇ ਉਸੇ ਦਿਨ 7000 ਰੁਪਏ ਦੀ ਪੁਰਾਣੀ ਵੈਨ ਖਰੀਦ ਕੇ ਪੇਂਟ ਕਰਵਾ ਲਈ ਤੇ ਉਪਰ ਲਿਖ ਦਿੱਤਾ ‘ਗਰੀਬ ਦੀ ਮੋਟਰ।’

ਬੱਚਤ ਕੀਤੀ ਰਾਸ਼ੀ ਵਿੱਚੋਂ ਬਾਕੀ ਮੁਲਕਾਂ ਦੇ ਕੰਮ ਕਰਨ ਦੇ ਤਰੀਕੇ ਵੇਖਣ ਲਈ 1956 ਵਿੱਚ ਈਦੀ ਬੱਸ ਰਾਹੀਂ ਈਰਾਨ, ਤੁਰਕੀ, ਯੂਨਾਨ ਤੇ ਬਲਗਾਰੀਆ ਵਿੱਚੋਂ ਲੰਘਦਾ ਹੋਇਆ ਯੋਗੋਸਲਾਵੀਆ ਤੱਕ ਅਤੇ ਫਿਰ ਫਰਾਂਸ ਤੇ ਤੁਰਕੀ ਗਿਆ। ਇਮੀਗਰੇਸ਼ਨ ਵਾਲੇ ਅਫਸਰ ਵੀ ਗਰੀਬ ਯਾਤਰੀ ਸਮਝ ਕੇ ਦਾਨ ਦੇ ਦੇਂਦੇ। ਉਸ ਨੇ ਵੇਖਿਆ ਕਿ ਪਾਕਿਸਤਾਨ ਦੇ ਮੁਕਾਬਲੇ ਇਹ ਲੋਕ ਕਿੰਨੀ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ। ਈਦੀ ਦੀ ਗੈਰ ਹਾਜਰੀ ਵਿੱਚ ਉਸ ਦੇ ਵਿਰੁੱਧ ਕੂੜ ਪ੍ਰਚਾਰ ਕੀਤਾ ਗਿਆ ਕਿ ਉਹ ਦਾਨ ਦੀ ਰਾਸ਼ੀ ਲੈ ਕੇ ਵਿਦੇਸ਼ ਭੱਜ ਗਿਆ ਹੈ। ਵਾਪਿਸ ਆ ਕੇ ਈਦੀ ਨੂੰ ਜਦੋਂ ਇਸ ਕੂੜ ਪ੍ਰਚਾਰ ਦਾ ਪਤਾ ਲੱਗਾ ਤਾਂ ਉਸ ਨੇ ਇਸ਼ਤਿਹਾਰ ਦੇ ਦਿੱਤਾ ਕਿ ਜਿਸ ਨੂੰ ਦਾਨ ਦੇਣ ਦਾ ਪਛਤਾਵਾ ਹੈ ਉਹ ਰਸੀਦ ਵਿਖਾ ਕੇ ਪੈਸੇ ਵਾਪਸ ਲੈ ਸਕਦਾ ਹੈ ਅਤੇ ਹਿਸਾਬ ਵੇਖ ਸਕਦਾ ਹੈ ਪਰ ਜਿਸ ਨੇ ਦਾਨ ਦਿੱਤਾ ਹੀ ਨਹੀਂ ਉਸ ਨੂੰ ਹਿਸਾਬ ਨਹੀਂ ਦੇਵਾਂਗਾ ਤੇ ਨਾਂ ਹੀ ਉਸ ਦੀ ਪ੍ਰਵਾਹ ਕਰਾਂਗਾ।

1958 ਵਿੱਚ ਪਿਤਾ ਨੇ ਦੋਹਾਂ ਪੁੱਤਰਾਂ ਵਿੱਚ ਆਪਣੀ ਜਾਇਦਾਦ ਵੰਡ ਦਿੱਤੀ। ਈਦੀ ਲੱਖ ਪਤੀ ਹੋ ਗਿਆ। ਇਸ ਰਾਸ਼ੀ ਨਾਲ ਈਦੀ ਨੇ ਹੋਰ ਡਿਸਪੈਂਸਰੀਆਂ ਖੋਲ੍ਹ ਦਿੱਤੀਆਂ ਅਤੇ ਐਂਬੂਲੈਂਸਾਂ ਪਾ ਲਈਆਂ। ਈਦੀ ਦੇ ਵਿਰੁੱਧ ਸਭ ਤੋਂ ਵੱਧ ਮੰਦਾ ਬੋਲਣ ਵਾਲੇ ਸੇਠ ਦਾ ਮੁੰਡਾ ਛੱਤ ਤੋਂ ਡਿੱਗ ਪਿਆ। ਕਿਤੇ ਐਂਬੂਲੈਂਸ ਨਾਂ ਮਿਲੀ। ਈਦੀ ਨੂੰ ਪਤਾ ਲੱਗਾ ਤਾਂ ਆਪਣੀ ਵੈਨ ਲੈ ਕੇ ਪਹੁੰਚ ਗਿਆ ਬੱਚੇ ਨੂੰ ਛਾਤੀ ਨਾਲ ਲਾਇਆ ਤੇ ਲੈ ਕੇ ਹਸਪਤਾਲ ਪਹੁੰਚ ਗਿਆ। ਬੱਚਾ ਤਾਂ ਭਾਵੇਂ ਨਾ ਬਚ ਸਕਿਆ ਪਰ ਸੇਠ ਦੀ ਪਤਨੀ ਨੇ ਹਰ ਮਹੀਨੇ ਜ਼ਕਾਤ ਦੀ ਰਾਸ਼ੀ ਈਦੀ ਨੂੰ ਭੇਜਣੀ ਸ਼ੁਰੂ ਕਰ ਦਿੱਤੀ।

1962 ਵਿੱਚ ਈਦੀ ਨੇ ਭਿ੍ਰਸ਼ਟਾਚਾਰ ਸਮਾਜ ਦੇ ਵਿਰੁੱਧ ਜੰਗ ਲੜਨ ਲਈ ਪਾਰਲੀਮੈਂਟ ਮੈਂਬਰ ਦੇ ਕਾਗਜ਼ ਭਰਨ ਦਾ ਐਲਾਨ ਕਰ ਦਿੱਤਾ। ਵੱਡੇ ਵੱਡੇ ਸੇਠਾਂ ਵੱਲੋਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਕਈਆਂ ਨੇ ਬਹੁਤ ਸੰਗੀਨ ਦੋਸ਼ ਲਾਏ, ਇੱਥੋਂ ਤੱਕ ਕਿ ਉਸ ਦੇ ਚਰਿੱਤਰ ਉਤੇ ਚਿੱਕੜ ਉਛਾਲਿਆ ਗਿਆ। ਈਦੀ ਇਹ ਸਭ ਕੁੱਝ ਵੇਖ ਕੇ ਸੁੰਨ ਹੋ ਗਿਆ ਪਰ ਇਹ ਜਾਨਣ ਲਈ ਕਿ ਮੈਨੂੰ ਕੋਈ ਪਸੰਦ ਵੀ ਕਰਦਾ ਹੈ ਕਿ ਨਹੀਂ ਉਸ ਨੇ ਕਾਗਜ਼ ਭਰ ਦਿੱਤੇ। ਬਿਨਾਂ ਪੈਸਾ ਖਰਚ ਕੀਤੇ ਪ੍ਰਚਾਰ ਕੀਤਾ ਅਤੇ 30 ਸਾਲਾਂ ਦਾ ਇਹ ਨੌਜਵਾਨ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਗਿਆ।

ਪਾਰਲੀਮੈਂਟ ਦੇ ਸ਼ੈਸ਼ਨ ਸਮੇਂ ਜਿੱਥੇ ਬਾਕੀ ਮੈਂਬਰ ਤੇ ਮੰਤਰੀ ਲਛੇਦਾਰ ਭਾਸ਼ਨ ਕਰਕੇ ਗ੍ਰਾਂਟਾਂ ਮੰਗ ਰਹੇ ਸਨ ਉਥੇ ਈਦੀ ਨੇ ਭਾਸ਼ਨ ਵਿੱਚ ਕਿਹਾ ਕਿ ਸਰਕਾਰ ਲੋਕਾਂ ਤੋਂ ਬਹੁਤ ਦੂਰ ਹੈ। ਉਸ ਨੇ ਦੱਸਿਆ ਕਿ ਉਹ ਕਿੱਥੇ ਕਿੱਥੇ ਮੱਦਦ ਕਰ ਸਕਦਾ ਹੈ ਤੇ ਇਸ ਕੰਮ ਲਈ ਸਰਕਾਰ ਤੋਂ ਗ੍ਰਾਂਟ ਨਹੀਂ ਲਵੇਗਾ ਸਗੋਂ ਸਰਕਾਰ ਆਪ ਪੈਸਾ ਖਰਚ ਕਰੇ। ਪਾਰਲੀਮੈਂਟ ਸੁੰਨ ਹੋ ਗਈ। ਅੰਤਰਾਸ਼ਟਰੀ ਪ੍ਰੈਸ ਨੇ ਮੋਟੀ ਖਬਰ ਲਾਈ ਤੇ ਕਿਹਾ ‘ਮੰਗਤਿਆਂ ਦੇ ਇਜਲਾਸ ਵਿੱਚ ਕੇਵਲ ਇੱਕ ਹੀ ਦਾਤਾ ਹੈ – ਈਦੀ।’

1965 ਵਿੱਚ ਭਾਰਤ ਪਾਕਿ ਜੰਗ ਲੱਗ ਗਈ। ਰੋਜ਼ ਬੰਬਾਰੀ ਹੁੰਦੀ ਰਹੀ। ਹਰ ਪਾਸੇ ਚੀਕਾਂ ਤੇ ਕੁਰਲਾਹਟਾਂ। ਸੈਂਕੜੇ ਦੀ ਗਿਣਤੀ ਵਿੱਚ ਵਲੰਟੀਅਰ ਈਦੀ ਫਾਊਂਡੇਸ਼ਨ ਵਿੱਚ ਭਰਤੀ ਹੋਣ ਲੱਗੇ। ਈਦੀ ਨੇ ਸਭ ਨੂੰ ਸੇਵਾ ਦੀ ਸਿਆਸਤ ਕਰਨ ਲਈ ਕਿਹਾ। ਅਗਲੇ ਸਾਲ 19 ਸਾਲਾ ਵਿਧਵਾ ਬਿਲਕੀਸ ਨਾਲ ਈਦੀ ਦਾ ਵਿਆਹ ਹੋਣਾ ਤਹਿ ਹੋਇਆ। ਉਸ ਦੀ ਮਾਸੀ ਉਸ ਨੂੰ ਈਦੀ ਦੇ ਨਰਸਿੰਗ ਹੋਮ ਵਿੱਚ ਲੈ ਕੇ ਆਈ ਸੀ। ਮੈਮਨਾਂ ਨੇ ਇਸ ਉਤੇ ਵੀ ਰੌਲਾ ਪਾਇਆ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਬਿਲਕੀਸ ਨੂੰ ਸਨੇਹਾ ਦਿੱਤਾ ਕਿ ਤੂੰ ਜੇ ਇਹ ਬਿਆਨ ਦੇਵੇਂ ਕਿ ਈਦੀ ਨੇ ਤੈਨੂੰ ਬਲੈਕ ਮੇਲ ਕੀਤਾ ਹੈ ਤਾਂ ਤੈਨੂੰ 25000 ਰੁਪਏ ਦਿੱਤੇ ਜਾਣਗੇ ਪਰ ਉਹ ਆਪਣੇ ਫੈਸਲੇ ਤੇ ਡਟੀ ਰਹੀ। ਬਿਨਾਂ ਕਿਸੇ ਵਿਖਾਵੇ ਦੀਆਂ ਰੀਤਾਂ ਰਸਮਾਂ ਤੋਂ ਸਾਦੇ ਢੰਗ ਨਾਲ ਵਿਆਹ ਹੋ ਗਿਆ। ਈਦੀ ਦੀ ਸ਼ੌਹਰਤ ਹੋਰ ਵੀ ਵਧ ਗਈ।

ਚੁਰਸਤੇ ਵਿੱਚ ਠੂਠਾ ਰੱਖ ਕੇ ਜਿੱਥੇ ਵੀ ਈਦੀ ਬੈਠ ਜਾਂਦਾ ਦਾਨੀਆਂ ਦੀ ਭੀੜ ਲੱਗ ਜਾਂਦੀ। ਟ੍ਰੈਫਿਕ ਜਾਮ ਹੋ ਜਾਂਦਾ। ਕਈ ਵਾਰ ਬਿਲੀਕਸ ਆਪਣੇ ਪਤੀ ਦੇ ਕੰਮਾਂ ਤੋਂ ਖਿਝ ਜਾਂਦੀ ਤਾਂ ਉਹ ਕਹਿੰਦਾ ਕਿ ਮੇਰੇ ਕੋਲ ਰੱਬ ਅਤੇ ਤੇਰੇ ਤੋਂ ਸਿਵਾ ਹੋਰ ਹੈ ਕੀ। ਈਦੀ ਨੂੰ ਪਤਾ ਲੱਗਦਾ ਕਿ ਫਲਾਣੀ ਥਾਂ ਡਾਕੂਆਂ ਤੇ ਪੁਲਿਸ ਵਿਚਕਾਰ ਗੋਲਾਬਾਰੀ ਹੋ ਰਹੀ ਹੈ ਤਾਂ ਉਹ ਆਪਣੇ ਵੈਨ ਲੈ ਕੇ ਪਹੁੰਚ ਜਾਂਦਾ ਤੇ ਐਲਾਨ ਕਰਦਾ ਕਿ ਈਦੀ ਲਾਸ਼ਾਂ ਤੇ ਜਖਮੀਆਂ ਨੂੰ ਲੈਣ ਆ ਰਿਹਾ ਹੈ ਗੋਲੀ ਬੰਦ ਕਰੋ। ਉਸੇ ਵੇਲੇ ਗੋਲੀਬਾਰੀ ਬੰਦ ਹੋ ਜਾਂਦੀ।

ਇੱਕ ਮਿਹਨਤੀ ਵਿਦਿਆਰਥੀ ਕੈਂਸਰ ਦੀ ਪਹਿਲੀ ਸਟੇਜ ’ਤੇ ਸੀ। ਉਸ ਨੇ ਈਦੀ ਨੂੰ ਮੱਦਦ ਕਰਨ ਲਈ ਕਿਹਾ। ਈਦੀ ਠੂਠਾ ਫੜ ਕੇ ਕਰਾਚੀ ਚੌਂਕ ਵਿੱਚ ਖੜ੍ਹਾ ਹੋ ਗਿਆ। ਜਿੱਥੇ ਹੋਰ ਮੰਗਤੇ ਗੱਡੀਆਂ ਦੇ ਅੱਗੇ ਪਿੱਛੇ ਭੱਜੇ ਫਿਰਦੇ ਸਨ, ਉਥੇ ਈਦੀ ਇੱਕ ਥਾਂ ਹੀ ਖੜ੍ਹਾ ਰਿਹਾ ਤੇ ਤਿੰਨ ਦਿਨਾਂ ਵਿੱਚ ਢਾਈ ਲੱਖ ਰੁਪਏ ਇਕੱਠੇ ਹੋ ਗਏ।

1971 ਵਿੱਚ ਭਾਰਤ ਪਾਕਿ ਜੰਗ ਛਿੜਿਆ ਤਾਂ ਬੰਗਲਾ ਦੇਸ਼ ਹੋਂਦ ਵਿੱਚ ਆਇਆ। ਜੰਗ ਦੇ ਦੌਰਾਨ ਛੇ ਮੰਜਲਾਂ ਬਿਸਮਿਲਾ ਇਮਾਰਤ 13 ਫੁੱਟ ਉਚੇ ਥੇਹ ਵਿੱਚ ਬਦਲ ਗਈ। ਈਦੀ ਨੇ ਕਰੇਨਾਂ ਵਾਲਿਆਂ ਨੂੰ ਨਿਰਦੇਸ਼ ਦਿੱਤਾ। ਲਾਸ਼ਾਂ ਲਈ ਵੱਖਰੇ ਤੇ ਜ਼ਖਮੀਆਂ ਲਈ ਵੱਖਰੇ ਤੰਬੂ ਲਾਏ। ਦਿਨ ਰਾਤ ਮੱਦਦ ਕਰਨ ਲੱਗਾ। ਭੁੱਟੋ ਵੀ ਮੌਕੇ ਤੇ ਆਇਆ ਤੇ ਉਸ ਨੇ ਵੀ ਰਾਹਤ ਭੇਜੀ।

1977 ਜ਼ਿਆ ਉਲ ਹਕ ਦੀ ਸਰਕਾਰ ਬਣ ਗਈ। ਈਦੀ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਇੱਕ ਮਾਣ ਪੱਤਰ ਤੇ ਪੰਜ ਲੱਖ ਰੁਪਏ ਦਾ ਚੈਕ ਭੇਜਿਆ। ਈਦੀ ਨੇ ਮਾਣ ਪੱਤਰ ਲਈ ਸ਼ੁਕਰੀਆ ਕੀਤਾ ਤੇ ਚੈਕ ਵਾਪਿਸ ਭੇਜ ਦਿੱਤਾ ਤੇ ਕਿਹਾ ਕਿ ਮੈਂ ਸਰਕਾਰ ਤੋਂ ਪੈਸੇ ਨਹੀਂ ਲੈਂਦਾ।

1985 ਵਿੱਚ ਪਾਕਿਸਤਾਨ ਸਰਕਾਰ ਨੇ ਈਦੀ ਦੀਆਂ ਸੇਵਾਵਾਂ ਬਦਲੇ ਨਿਸ਼ਾਨੇ ਇਮਤਿਆਜ਼ ਸਨਮਾਨ ਦਿੱਤਾ। 1986 ਵਿੱਚ ਫਿਲਪੀਨ ਸਰਕਾਰ ਨੇ ਮੈਗਾਸਾਸੇ ਅਵਾਰਡ ਨਾਲ ਈਦੀ ਨੂੰ ਸਨਮਾਨਿਤ ਕੀਤਾ। ਰਾਸ਼ਟਰਪਤੀ ਨੇ ਸਨਮਾਨ ਚਿੰਨ, ਸੋਨੇ ਦਾ ਤਗਮਾ ਅਤੇ ਵੀਹ ਹਜਾਰ ਡਾਲਰ ਦੇ ਚੈਕ ਭੇਂਟ ਕੀਤੇ। ਅਵਾਰਡ ਲੈ ਕੇ ਮੀਆਂ ਬੀਵੀ ਨੇ ਅੱਲ੍ਹਾ ਤਾਲਾ ਦਾ ਸ਼ੁਕਰ ਕੀਤਾ ਅੱਖਾਂ ਵਿੱਚ ਹੰਝੂ ਚੱਲ ਪਏ। ਪ੍ਰਧਾਨ ਮੰਤਰੀ ਕੈਰੀ ਅਕਾਇਨੋ ਨੇ ਰਾਤ ਦੇ ਭੋਜਨ ਦਾ ਸੱਦਾ ਦਿੱਤਾ। ਵਾਪਸੀ ਤੇ ਥਾਈਲੈਂਡ ਦੇ ਬਾਦਸ਼ਾਹ ਨੇ ਦਾਅਵਤ ਦਿੱਤੀ ਉਸ ਪਿੱਛੋਂ ਉਹ ਬੰਗਲਾ ਦੇਸ਼ ਵਿੱਚ ਈਦੀ ਫਾਊਂਡੇਸ਼ਨ ਦੀ ਬ੍ਰਾਂਚ ਦਾ ਮੁਆਇਨਾ ਕਰਨ ਚੱਲ ਪਏ। ਅਰਮੀਨੀਆ ਵਿੱਚ ਆਏ ਭੁਚਾਲ ਸਮੇਂ ਈਦੀ ਵੱਲੋਂ ਨਿਭਾਈ ਗਈ ਭੂਮਿਕਾ ਕਾਰਨ ਸੋਵੀਅਤ ਰੂਸ ਨੇ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ। 

ਈਦੀ ਨੇ ਹਰ 25 ਕਿੱਲੋ ਮੀਟਰ ਦੇ ਦਾਇਰੇ ਅੰਦਰ ਭਲਾਈ ਸੈਂਟਰ ਖੋਲਣ ਦਾ ਫੈਸਲਾ ਕੀਤਾ। ਇਸ ਮਨੋਰਥ ਲਈ ਉਸ ਨੇ ਸਾਰੇ ਦੇਸ਼ ਦਾ ਦੌਰਾ ਕੀਤਾ। ਝੁੱਗੀਆਂ ਝੌਂਪੜੀਆਂ ਵਿੱਚ ਵਸਦੇ ਲੋਕ ਟੁੱਟ ਚੁੱਕੇ ਸਨ। ਨੰਗੇ ਬੱਚੇ ਪਾਗਲਾਂ ਵਾਂਗ ਈਦੀ ਵੱਲ ਦੌੜਦੇ। ਈਦੀ ਸਭ ਨੂੰ ਗਲ ਨਾਲ ਲਾਉਂਦਾ ਪਿੰਡਾ ਸਾਫ ਕਰਦਾ ਤੇ ਪਰਤ ਕੇ ਕਹਿੰਦਾ ਕਿ ਮੈਂ ਹਜ ਕਰ ਕੇ ਆਇਆ ਹਾਂ। ਕੁੱਝ ਸਮੇਂ ਵਿੱਚ 250 ਸੈਂਟਰ ਸਥਾਪਤ ਹੋ ਗਏ ਜੋ ਨੈਟਵਰਕ ਨਾਲ ਜੁੜੇ ਹੋਏ ਸਨ। ਕੋਰੀਅਰ ਕੰਪਨੀਆਂ ਨੇ ਆਪਣੀਆਂ ਸੇਵਾਵਾਂ ਮੁਫਤ ਦੇ ਦਿੱਤੀਆਂ। ਪਾਕਿ ਇੰਟਰਨੈਸ਼ਨਲ ਏਅਰ ਲਾਈਨਜ਼ ਹਰ ਮਹੀਨੇ ਢਾਈ ਕਵਿੰਟਲ ਡਾਕ ਮੁਫਤ ਵੰਡਣ ਦੀਆਂ ਸੇਵਾਵਾਂ ਦਿੱਤੀਆਂ।

ਹੈਦਰਾਬਾਦ ਵਿੱਚ ਦਿਮਾਗੀ ਬੁਖਾਰ ਦੀ ਬਿਮਾਰੀ ਫੈਲ ਗਈ। ਲੋਕਾਂ ਦਾ ਈਦੀ ਦੇ ਕੇਂਦਰਾਂ ਵਿੱਚ ਹੜ੍ਹ ਆ ਗਿਆ। ਫਰਾਂਸ ਤੋਂ ਐਮਰਜੈਂਸੀ ਫਲਾਈਟ ਰਾਹੀਂ 30 ਲੱਖ ਟੀਕੇ ਮੰਗਵਾਏ ਗਏ ਅਤੇ ਪਾਕਿਸਤਾਨ ਫਲਾਈਟ ਰਾਹੀਂ ਸੈਂਟਰਾਂ ਵਿੱਚ ਸਪਲਾਈ ਕੀਤੇ ਗਏ। ਸਰਕਾਰ ਨੇ ਸ਼ਾਬਾਸ਼ ਦੇਣ ਤੋਂ ਬਿਨਾਂ ਕੁੱਝ ਨਹੀਂ ਕੀਤਾ। ਭਾਵੇਂ ਇਸ ਬੁਖਾਰ ਨਾਲ ਢਾਈ ਸੌ ਮੌਤਾਂ ਹੋ ਗਈਆਂ ਪਰ ਲੱਖਾਂ ਲੋਕਾਂ ਨੂੰ ਬਚਾ ਲਿਆ ਗਿਆ।

9 ਜੁਲਾਈ 1992 ਨੂੰ ਰਾਵਲਪਿੰਡੀ ਜਾ ਰਹੀ ਮੁਸਾਫਰ ਰੇਲ ਗੱਡੀ ਘੋਟਕੀ ਸਟੇਸ਼ਨ ਵਿਸਫੋਟ ਨਾਲ ਭਰੀ ਮਾਲ ਗੱਡੀ ਨਾਲ ਟਕਰਾ ਗਈ। ਸੈਂਕੜੇ ਲੋਕ ਮਾਰੇ ਗਏ ਤੇ ਕਈ ਸੈਂਕੜੇ ਜਖਮੀ ਹੋ ਗਏ। ਇਹਨਾਂ ਲੋਕਾਂ ਦੀ ਮੱਦਦ ਲਈ ਈਦੀ ਨੂੰ ਲੈਣ ਲਈ ਹੈਲੀਕਪਟਰ ਆ ਗਿਆ। ਈਦੀ ਨੇ ਚੱਲਣ ਤੋਂ ਪਹਿਲਾਂ ਸਟਾਫ ਸਮੇਤ ਡਾਕਟਰ, ਨਰਸਾਂ, ਦਵਾਈਆਂ, ਐਂਬੂਲੈਂਸਾਂ, ਕਫਨ ਤੇ ਗੱਡੀਆਂ ਦਾ ਕਾਫਲਾ ਤੋਰ ਦਿੱਤਾ। ਈਦੀ ਹੈਲੀਕਪਟਰ ਤੇ ਸਵਾਰ ਹੋਇਆ ਦੋ ਘੰਟਿਆਂ ਦੀ ਉਡਾਨ ਤੋਂ ਬਾਅਦ ਪਾਇਲਟ ਨੇ ਈਦੀ ਨੂੰ ਦੱਸਿਆ ਕਿ ਤੁਹਾਡਾ ਦੋਹਤਾ ਮੌਲਾਨਾ ਜੋ ਹਸਪਤਾਲ ਵਿੱਚ ਦਾਖਲ ਸੀ ਅੱਲ੍ਹਾ ਨੂੰ ਪਿਆਰਾ ਹੋ ਗਿਆ ਹੈ। ਈਦੀ ਕੰਬ ਗਿਆ। ਪਾਇਲਟ ਨੇ ਪੁੱਛਿਆ ਵਾਪਿਸ ਚੱਲੀਏ। ਈਦੀ ਨੇ ਕਿਹਾ – ਨਹੀਂ ਪਹਿਲਾਂ ਹੀ ਲੇਟ ਹਾਂ। ਮੇਰੀ ਬੀਵੀ ਨੂੰ ਕਹਿ ਦਿਓ ਕਿ ਉਹ ਅੰਤਮ ਰਸਮਾਂ ਨਿਭਾ ਲਵੇ ਮੈਨੂੰ ਨਾ ਉਡੀਕੇ।

ਈਦੀ ਰੇਲਵੇ ਸਟੇਸ਼ਨ ਤੇ ਪਹੁੰਚਿਆ ਤਾਂ ਦੇਖਿਆ ਕਿ ਲੱਤਾਂ, ਬਾਹਾਂ, ਸਿਰ, ਧੜ ਇੱਧਰ ਉਧਰ ਖਿੱਲਰੇ ਪਏ ਸਨ। ਚਾਰੇ ਪਾਸੇ ਤਾਜੇ ਲਹੂ ਦੀ ਦੁਰਗੰਧ ਸੀ। ਲਾਊਡਸਪੀਕਰ ਖੂਨ ਦਾਨ ਵਾਸਤੇ ਅਪੀਲ ਕਰ ਰਹੇ ਸਨ। ਹਸਪਤਾਲ ਭਰ ਚੁੱਕੇ ਸਨ। ਈਦੀ ਫਾਊਂਡੇਸ਼ਨ ਦੀਆਂ 75 ਐਂਬੂਲੈਂਸਾਂ ਜਖਮੀਆਂ ਤੇ ਮੁਰਦਿਆਂ ਨੂੰ ਲੈ ਕੇ ਵੱਖ ਵੱਖ ਦਿਸ਼ਾਵਾਂ ਵੱਲ ਦੌੜ ਰਹੀਆਂ ਸਨ। ਈਦੀ ਦਾ ਕੰਮ ਦਿਨ ਛਿਪਣ ਨਾਲ ਖਤਮ ਹੋਇਆ। ਹੱਥਾਂ ਪੈਰਾਂ ਤੇ ਜੰਮਿਆ ਲਹੂ ਸੁੱਕ ਗਿਆ ਜੋ ਮਸਾਂ ਉਤਾਰਿਆ। ਲਹੂ ਲੁਹਾਨ ਕੱਪੜੇ ਬਦਲੇ ਤੇ ਵਾਪਸ ਪਹੁੰਚ ਕੇ ਦੋਹਤੇ ਦਾ ਦੁੱਖ ਪਰਿਵਾਰ ਨਾਲ ਸਾਂਝਾ ਕੀਤਾ।

ਈਦੀ ਜੀ ਦੇ ਪਰਿਵਾਰ ਵਿੱਚ ਪਾਗਲ, ਅਪੰਗ ਅਤੇ ਯਤੀਮ ਬੱਚੇ ਸਨ ਜਿਹਨਾਂ ਦਾ ਪਾਲਣ ਪੋਸ਼ਣ ਈਦੀ ਫਾਊਂਡੇਸ਼ਨ ਵੱਲੋਂ ਕੀਤਾ ਜਾਂਦਾ ਹੈ। ਸਾਰੇ ਪਾਕਿਸਤਾਨ ਵਿੱਚ ਐਂਬੂਲੈਂਸ ਸੇਵਾ ਦਾ ਪ੍ਰਬੰਧ ਵੀ ਇਸ ਸੰਸਥਾ ਵੱਲੋਂ ਕੀਤਾ ਜਾਂਦਾ ਹੈ। ਇਸ ਵਕਤ ਇਹਨਾਂ ਕੋਲ 1800 ਐਂਬੂਲੈਂਸਾਂ ਦੋ ਹਵਾਈ ਜਹਾਜ, ਇੱਕ ਹੈਲੀਕਪਟਰ ਤੇ 28 ਬਚਾਓ ਕਿਸ਼ਤੀਆਂ ਹਨ। ਹੁਣ ਤੱਕ ਈਦੀ ਫਾਊਂਡੇਸ਼ਨ ਵੱਲੋਂ 30 ਲੱਖ ਬੇਸਹਾਰਾ ਬੱਚਿਆਂ ਨੂੰ ਮੁੜ ਵਸਾਇਆ ਗਿਆ ਹੈ। ਅੱਸੀ ਹਜਾਰ ਮਨੋ-ਰੋਗੀਆਂ ਤੇ ਨਸ਼ੇੜੀਆਂ ਦਾ ਇਲਾਜ ਕਰਕੇ ਘਰ ਭੇਜਿਆ ਗਿਆ ਹੈ। ਦਸ ਲੱਖ ਬੱਚੇ ਈਦੀ ਦੇ ਮੈਟਰਨਟੀ ਸੈਂਟਰ ਵਿੱਚ ਸਿੱਖਿਅਤ ਦਾਈਆਂ ਦੁਆਰਾ ਪੈਦਾ ਹੋਏ ਹਨ। ਵੀਹ ਹਜਾਰ ਉਹ ਬੱਚੇ ਬਚਾਏ ਗਏ ਜਿਹਨਾਂ ਨੂੰ ਲੋਕ ਸੁੱਟ ਜਾਂਦੇ ਸਨ। ਚਾਲੀ ਹਜਾਰ ਕੁੜੀਆਂ ਦਾਈਆਂ ਦੀ ਟ੍ਰੇਨਿੰਗ ਲੈ ਕੇ ਪਿੰਡਾਂ ਵਿੱਚ ਰੋਜੀ ਰੋਟੀ ਕਮਾ ਰਹੀਆਂ ਹਨ। ਦੋ ਲੱਖ ਲਾਵਾਰਸ ਲਾਸ਼ਾਂ ਵੀ ਈਦੀ ਫਾਊਂਡੇਸ਼ਨ ਵੱਲੋਂ ਦਫਨ ਕੀਤੀਆਂ ਗਈਆਂ ਹਨ। ਅਮਰੀਕਾਂ ਨੇ 911 ਐਮਰਜੈਂਸੀ ਲਾਈਨਾਂ ਵਾਲੀ ਟੈਲੀਫੋਨ ਐਕਸਚੇਂਜ ਦੇ ਦਿੱਤੀ।

ਟੈਲੀਵੀਜ਼ਨ ਵੱਲੋਂ ਈਦੀ ਤੇ ਉਸ ਦੀ ਬੀਵੀ ਨੂੰ ਸੱਦਾ ਆਇਆ। ਹਾਲ ਖਚਾ ਖਚ ਭਰਿਆ ਹੋਇਆ ਸੀ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਨਾਲ ਸਵਾਗਤ ਕੀਤਾ ਅਤੇ ਉਨਾਂ ਚਿਰ ਤਾੜੀਆਂ ਵੱਜਦੀਆਂ ਰਹੀਆਂ ਜਿੰਨਾਂ ਚਿਰ ਦੋਵੇਂ ਜਾਣੇ ਉਚੇ ਡਾਇਸ ਤੇ ਜਾ ਕੇ ਨਾ ਬੈਠ ਗਏ। ਸਟੇਜ ਸਕੱਤਰ ਨੇ ਬਿਲਕੀਸ ਨੂੰ ਈਦੀ ਦੇ ਜੀਵਨ ਤੇ ਰੋਸ਼ਨੀ ਪਾਉਣ ਲਈ ਕਿਹਾ ਉਸ ਦਾ ਜਵਾਬ ਸੀ ਉਹ ਪਹਿਲਾਂ ਹੀ ਰੋਸ਼ਨ, ਉਸ ਉਤੇ ਹੋਰ ਰੋਸ਼ਨੀ ਕੀ ਪਾਵਾਂ। ਸਕੱਤਰ ਨੇ ਕਿਹਾ ਕਿ ਆਪਣੇ ਵਿਆਹੁਤਾ ਜੀਵਨ ਬਾਰੇ ਦੱਸੋ। ਬਿਲਕੀਸ ਕਹਿਣ ਲੱਗੀ ਵਿਆਹੁਤਾ ਜੀਵਨ ਜੂਏ ਵਾਂਗ ਹੁੰਦਾ ਹੈ। ਕੋਈ ਜਿੱਤ ਜਾਂਦਾ ਹੈ ਤੇ ਕੋਈ ਹਾਰ ਜਾਂਦਾ ਹੈ ਪ੍ਰੰਤੂ ਅਸੀਂ ਦੋਵੇਂ ਜਿੱਤ ਗਏ ਹਾਂ। ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਅਬਦੁਲ ਸਿਤਾਰ ਈਦੀ ਅਤੇ ਉਹਨਾਂ ਦੀ ਬੀਵੀ ਬਿਲਕੀਸ, ਭਾਈ ਘਨਈਆ ਜੀ ਤੇ ਭਗਤ ਪੂਰਨ ਸਿੰਘ ਵਾਂਗ ਸੇਵਾ ਦੇ ਚਿਰਾਗ ਹਨ। ਉਹ ਨਿਰਭੈ ਯੋਧੇ ਹਨ। ਚੋਰ ਤੇ ਡਾਕੂ ਵੀ ਉਹਨਾਂ ਨੂੰ ਨਮਸਕਾਰ ਕਰਦੇ ਹਨ। ਉਹਨਾਂ ਉਤੇ ਪ੍ਰਮਾਤਮਾ ਦੀ ਮਿਹਰ ਹੈ, ਇਸੇ ਲਈ ਉਹ ਸਾਰੀ ਖਲਕਤ ਦੇ ਖਿਦਮਤਦਾਰ ਹਨ।

ਧੰਨਵਾਦ ਸਹਿਤ- (ਹਰਪਾਲ ਸਿੰਘ ਪਨੂੰ ਦੀ ਪੁਸਤਕ-ਸੇਵਾ ਦਾ ਚਿਰਾਗ)