ਗੁਰਮਤਿ ਸੇਵਾ ਲਹਿਰ ਵੱਲੋਂ ਮੂਲ ਨਾਨਕਸਾਹੀ ਕੈਲੰਡਰ ਕੀਤਾ ਰੀਲੀਜ

0
683

ਗੁਰਮਤਿ ਸੇਵਾ ਲਹਿਰ ਵੱਲੋਂ ਮੂਲ ਨਾਨਕਸਾਹੀ ਕੈਲੰਡਰ ਕੀਤਾ ਰੀਲੀਜ

ਕਿਰਪਾਲ ਸਿੰਘ ਬਠਿੰਡਾ

ਭਾਈ ਪੰਥਪ੍ਰੀਤ ਸਿੰਘ ਖਾਲਸਾ ਅਤੇ ਗੁਰਮਤਿ ਸੇਵਾ ਲਹਿਰ ਦੇ ਮੈਂਬਰਾਂ ਵੱਲੋਂ ਸੰਗਤ ਕੈਂਚੀਆਂ ਵਿਖੇ ਮੂਲ ਨਾਨਕਸਾਹੀ ਕੈਲੰਡਰ ਸੰਮਤ 552 (2020-21) ਅੱਜ ਰੀਲੀਜ਼ ਕੀਤਾ ਗਿਆ। ਨਾਨਕਸ਼ਾਹੀ ਕੈਲੰਡਰ ਦੀ ਲੋੜ ਸੰਬੰਧੀ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਬਿਕ੍ਰਮੀ ਕੈਲੰਡਰ ਨੂੰ ਨਾਨਕਸ਼ਾਹੀ ਕੈਲੰਡਰ ਦਾ ਨਾਮ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ; ਕੌਮ ਨੂੰ ਧੋਖਾ ਦੇ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਖ਼ੁਦ ਨਹੀਂ ਪਤਾ ਕਿ ਉਨ੍ਹਾਂ ਦੇ ਕੈਲੰਡਰ ਵਿੱਚ ਕਿੰਨੇ ਦਿਨ ਹੁੰਦੇ ਹਨ ਅਤੇ ਮਹੀਨੇ ਕਿੰਨੇ ਕਿੰਨੇ ਦਿਨਾਂ ਦੇ ਹੁੰਦੇ ਹਨ। ਇਸੇ ਕਾਰਨ ਕੋਈ ਇੱਕ ਹੀ ਦਿਹਾੜਾ ਕਿਸੇ ਸਾਲ 354/55 ਦਿਨਾਂ ਬਾਅਦ ਆ ਜਾਂਦਾ ਹੈ ਅਤੇ ਉਹੀ ਦਿਹਾੜਾ ਉਸ ਤੋਂ ਦੂਸਰੇ ਸਾਲ 383/84 ਦਿਨਾਂ ਬਾਅਦ ਅਤੇ ਕੋਈ ਹੋਰ ਦਿਹਾੜਾ 365/66 ਦਿਨਾਂ ਬਾਅਦ ਆ ਜਾਂਦਾ ਹੈ। ਮੱਸਿਆ, ਪੂਰਨਮਾਸ਼ੀਆਂ ਤੇ ਸੰਗਰਾਂਦਾਂ ਪੂਜਣ ਵਾਲਿਆਂ ਨੂੰ ਇਹ ਵੀ ਨਹੀਂ ਪਤਾ ਕਿ ਸਿੱਖ ਇਤਿਹਾਸਕ ਦਿਹਾੜੇ ਕਿਹੜੀਆਂ ਤਰੀਖਾਂ ਨੂੰ ਨਿਸ਼ਚਿਤ ਕੀਤੇ ਜਾਂਦੇ ਹਨ; ਮਿਸਾਲ ਦੇ ਤੌਰ ’ਤੇ ਬੰਦੀਛੋੜ ਦਿਹਾੜਾ ਆਮ ਤੌਰ ’ਤੇ ਕੱਤਕ ਦੀ ਮੱਸਿਆ ਨੂੰ ਆਉਂਦਾ ਹੈ ਪਰ ਸੰਮਤ 551 ਵਿੱਚ ਇਹ ਕੱਤਕ ਦੀ ਚਉਦਸ ਨੂੰ ਆਇਆ ਸੀ ਅਤੇ ਹੁਣ 552 ਵਿੱਚ ਵੀ ਕੱਤਕ ਦੀ ਚਉਦਸ ਨੂੰ ਹੀ ਆਵੇਗਾ। ਹੋਲਾ ਮਹੱਲਾ ਆਮ ਤੌਰ ’ਤੇ ਚੇਤ ਵਦੀ ੧ ਨੂੰ ਮਨਾਇਆ ਜਾਂਦਾ ਹੈ ਪਰ ਸੰਮਤ 551 ਵਿੱਚ ਇਹ ਫੱਗਣ ਦੀ ਪੂਰਨਮਾਸ਼ੀ ਨੂੰ ਮਨਾਇਆ ਗਿਆ, ਇਸੇ ਲਈ ਸੋਧਾਂ ਦੇ ਨਾਂ ’ਤੇ ਵਿਗਾੜੇ ਹੋਏ ਕੈਲੰਡਰ ਦੀਆਂ ਵੱਡੀਆਂ ਸਮਰਥਕ ਨਿਹੰਗ ਸਿੰਘ ਜਥੇਬੰਦੀਆਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਹੋਲੇ ਮਹੱਲੇ ਦੀ ਤਰੀਕ ਸੰਬੰਧੀ ਆਮੋ ਸਾਹਮਣੇ ਹੋ ਜਾਂਦੀਆਂ ਹਨ; ਜਿਵੇਂ ਕਿ ਸਾਲ 2019 ਵੱਚ ਸ਼੍ਰੋਮਣੀ ਕਮੇਟੀ ਨੇ 8 ਚੇਤ/21 ਮਾਰਚ ਨੂੰ ਮਨਾਇਆ ਅਤੇ ਨਿਹੰਗ ਸਿੰਘਾਂ ਨੇ 9 ਚੇਤ/22 ਮਾਰਚ ਨੂੰ।, ਸਾਲ 2009 ’ਚ ਸ਼੍ਰੋਮਣੀ ਕਮੇਟੀ ਨੇ ਹੋਲਾ ਮਹੱਲਾ 11 ਮਾਰਚ ਨੂੰ ਕੱਢਿਆ ਸੀ ਜਦੋਂ ਕਿ ਨਿਹੰਗ ਜਥੇਬੰਦੀਆਂ ਨੇ 12 ਮਾਰਚ ਨੂੰ। ਇਸੇ ਤਰ੍ਹਾਂ ਸੰਨ 2018 ’ਚ ਤੀਜਾ ਘੱਲੂਘਾਰਾ (1984) 22 ਜੇਠ ਅਤੇ 2019 ਵਿੱਚ 23 ਜੇਠ ਨੂੰ ਨਿਸ਼ਚਿਤ ਕੀਤਾ ਗਿਆ। ਇਹੀ ਕਾਰਨ ਹਨ ਕਿ ਕੈਲੰਡਰ ਬਣਾਉਣ ਅਤੇ ਰੀਲੀਜ ਕਰਨ ਵਾਲਿਆਂ ਨੂੰ ਖ਼ੁਦ ਨਹੀਂ ਪਤਾ ਕਿ ਤਰੀਖਾਂ ਕਿਸ ਤਰ੍ਹਾਂ ਨਿਸ਼ਚਿਤ ਕਰਨੀਆਂ ਹਨ। ਉਹ ਸਿਰਫ ਪੰਡਿਤ ਦੇਵੀ ਦਿਆਲ ਜੋਤਸ਼ੀ ਦੀ ਜੰਤਰੀ ਚੁੱਕ ਕੇ ਉਸ ਦੀ ਨਕਲ ਮਾਰ ਲੈਂਦੇ ਹਨ; ਭਾਵ ਨਿਆਰੀ ਕੌਮ ਨੂੰ ਪੰਡਿਤਾਂ ਦੀ ਪਿਛਲੱਗ ਅਤੇ ਮੁਥਾਜ ਬਣਾ ਕੇ ਰੱਖ ਦਿੱਤਾ ਹੈ ਜਦੋਂ ਕਿ ਅਸਲੀ ਨਾਨਕਸ਼ਾਹੀ ਕੈਲੰਡਰ ਹਰ ਸਾਲ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਹੋਲਾ ਮਹੱਲਾ ਨਾਲ 1 ਚੇਤ/14 ਮਾਰਚ ਨੂੰ ਸ਼ੁਰੂ ਹੋ ਕੇ 30/31 ਫੱਗਣ ਨੂੰ ਸਮਾਪਤ ਹੋਵੇਗਾ ਜਿਸ ਦਾ ਆਮ ਸਾਲ 365 ਦਿਨ ਅਤੇ ਲੀਪ ਸਾਲ 366 ਦਿਨਾਂ ਦਾ ਹੋਣ ਕਰਕੇ ਸਾਰੇ ਦਿਹਾੜੇ ਹਰ ਸਾਲ 365/66 ਦਿਨਾਂ ਪਿੱਛੋਂ ਦੋਵੇਂ ਹੀ ਦੇਸੀ ਮਹੀਨੇ ਅਤੇ ਅੰਗਰੇਜ਼ੀ ਮਹੀਨਿਆਂ ਦੀਆਂ ਉਨ੍ਹਾਂ ਹੀ ਨਿਸ਼ਚਿਤ ਤਰੀਖਾਂ ਨੂੰ ਆਉਂਦੇ ਹਨ, ਜਿਨ੍ਹਾਂ ਤਰੀਖਾਂ ਨੂੰ ਪਿਛਲੇ ਸਾਲਾਂ ਵਿੱਚ ਆਏ ਸਨ ਅਤੇ ਆਉਣ ਵਾਲੇ ਹਜ਼ਾਰਾਂ ਸਾਲਾਂ ਵਿੱਚ ਆਉਂਦੇ ਰਹਿਣਗੇ; ਜਿਵੇਂ ਕਿ ਪ੍ਰਕਾਸ਼ ਪੁਰਬ ਗੁਰੂ ਗੋਬਿੰਦ ਸਿੰਘ ਜੀ 23 ਪੋਹ/5 ਜਨਵਰੀ, ਬੰਦੀਛੋੜ ਦਿਵਸ 1 ਫੱਗਣ/12 ਫਰਵਰੀ, ਤੀਜਾ ਘੱਲੂਘਾਰਾ (1984) 23 ਜੇਠ/6 ਜੂਨ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ 2 ਹਾੜ/16 ਜੂਨ, ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ 11 ਮੱਘਰ/24 ਨਵੰਬਰ ਅਤੇ ਇਸ ਤਰ੍ਹਾਂ ਸੂਰਜੀ ਤਰੀਖਾਂ ਅਨੁਸਾਰ ਨਿਸ਼ਚਿਤ ਕੀਤੇ, ਬਾਕੀ ਦੇ ਸਾਰੇ ਗੁਰ ਪੁਰਬ ਅਤੇ ਇਤਿਹਾਸਕ ਦਿਹਾੜੇ ਹਰ ਸਾਲ ਨਿਸ਼ਚਿਤ ਤਰੀਖਾਂ ਨੂੰ ਹੀ ਆਉਣ ਕਰਕੇ ਸਾਡੇ ਬੱਚੇ ਬੱਚੇ ਨੂੰ ਯਾਦ ਹੋ ਜਾਣਗੇ ਜਦੋਂ ਕਿ ਮੌਜੂਦਾ ਰਲੀਜ ਕੀਤੇ ਜਾ ਰਹੇ ਕੈਲੰਡਰ ’ਚ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਸਮੇਤ ਕਿਸੇ ਡੇਰੇਦਾਰ ਨੂੰ ਵੀ ਬਿਨਾਂ ਕੈਲੰਡਰ ਵੇਖਿਆਂ ਕੁਝ ਪਤਾ ਨਹੀਂ ਲਗਦਾ। ਇਸ ਸਮੇਂ ਉਨ੍ਹਾਂ ਨਾਲ ਗੁਰਮਤਿ ਸੇਵਾ ਲਹਿਰ ਨਾਲ ਸੰਬੰਧਤ ਮੈਂਬਰ ਭਾਈ ਰਘਵੀਰ ਸਿੰਘ ਖਿਆਲੀਵਾਲਾ, ਮੱਖਣ ਸਿੰਘ ਰੌਂਤਾ, ਕੌਰ ਸਿੰਘ ਹਮੀਰਗੜ੍ਹ, ਨਰੈਣ ਸਿੰਘ ਕੋਟ ਸਮੀਰ, ਕਿਰਪਾਲ ਸਿੰਘ ਬਠਿੰਡਾ, ਸੁਖਬੀਰ ਸਿੰਘ, ਦਵਿੰਦਰ ਸਿੰਘ ਭੰਗੂ, ਜਗਤਾਰ ਸਿੰਘ ਬਠਿੰਡਾ, ਗੁਰਮੀਤ ਸਿੰਘ ਜੋਧਪੁਰ ਰੋਮਾਣਾ ਆਦਿਕ ਹਾਜ਼ਰ ਸਨ।