ਨਾਨਕ ਜੀ ! ਬਾਣੀ ਤੇਰੀ, ਹਿਰਦੇ ਨੂੰ ਠਾਰਦੀ।

0
571

ਨਾਨਕ ਜੀ ! ਬਾਣੀ ਤੇਰੀ, ਹਿਰਦੇ ਨੂੰ ਠਾਰਦੀ।

ਨਾਨਕ ਜੀ ! ਬਾਣੀ ਤੇਰੀ, ਹਿਰਦੇ ਨੂੰ ਠਾਰਦੀ। ਰਤਨਾਂ ਦਾ ਭਰਿਆ ਸਾਗਰ, ਹਰ ਗੱਲ ਵਿਚਾਰ ਦੀ।

ਗੁੱਝੇ ਭੇਤਾਂ ਨੂੰ ਖੋਲ੍ਹੋ, ਕਰਦੀ ਗੱਲ ਪਿਆਰ ਦੀ। ਸਭਨਾਂ ਦਾ ਇੱਕੋ ਦਾਤਾ, ਇਹ ਕੂਕ ਪੁਕਾਰਦੀ।

ਮੱਤਾਂ ਸਭ ਹਾਰ ਜਾਂਦੀਆਂ, ਕਰਦੀ ਗੱਲ ਪਾਰ ਦੀ। ਏਕੇ ਦਾ ਪਾਠ ਪੜ੍ਹਾਵੇ, ਰੂਹਾਂ ਸ਼ਿੰਗਾਰਦੀ।

ਪਸ਼ੂਆਂ ਤੋਂ ਕਰੇ ਦੇਵਤੇ, ਪੱਥਰਾਂ ਨੂੰ ਤਾਰਦੀ। ਪੜ੍ਹੇ ਜੋ ਸੁਣੇ ਕਮਾਵੇ, ਇਹ ਪਾਰ ਉਤਾਰਦੀ।

ਹਿਰਦੇ ਨੂੰ ਕਰ ਦਏ ਨਿਰਮਲ, ਹਉਮੈ ਨੂੰ ਮਾਰਦੀ। ਗੁਣਾਂ ਦਾ ‘ਸਹਿਜ’ ਖ਼ਜ਼ਾਨਾ, ਸਭ ਨੂੰ ਸ਼ਿੰਗਾਰਦੀ।

ਸਭਨਾਂ ਦਾ ਸਾਂਝਾ ਵਿਰਸਾ, ਸੋਭਾ ਸੰਸਾਰ ਦੀ, ਸਤਿਗੁਰ ਜੀ ਬਾਣੀ ਤੇਰੀ, ਸਭਨਾਂ ਨੂੰ ਤਾਰਦੀ।

ਡਾ. ਹਰਮਿੰਦਰ ਸਿੰਘ ‘ਸਹਿਜ’ ਹੁਸ਼ਿਆਰਪੁਰ-97819-93037

ਨਦੀ ਕਿਨਾਰੇ ਖੜ੍ਹੇ ਕੇ ਦੇਖ ਜਾਂ ਪਾਣੀ ਵਿੱਚ ਵੜ ਕੇ ਦੇਖ।

ਜਿਹੜਾ ਤੈਨੂੰ ਪਾਰ ਲੰਘਾਵੇ, ਉਸ ਬੇੜੀ ਵਿੱਚ ਚੜ੍ਹ ਕੇ ਦੇਖ।

ਭੁੱਲ ਜਾ ਸਾਰੀਆਂ ਕੂੜ ਕਿਤਾਬਾਂ, ਗਿਆਨ ਗੁਰੂ ਦਾ ਪੜ੍ਹ ਕੇ ਦੇਖ।

ਮਨ ਤਾਂ ਬਣਿਆ ਪਾਗ਼ਲ ਹਾਥੀ, ਉਸ ਦੇ ਅੱਗੇ ਅੜ੍ਹ ਕੇ ਦੇਖ।

ਜਿਸ ਨੇ ਤੇਰੀ ਹੋਸ਼ ਭੁਲਾਈ, ਉਸ ਵੈਰੀ ਸੰਗ ਲੜ ਕੇ ਦੇਖ।

ਹਉਮੈ ਚੰਦਰੀ ਬੰਨ੍ਹ ਨਚਾਵੇ, ਮੂਰਖ ਮਨ ਨੂੰ ਘੜ ਕੇ ਦੇਖ।

ਸਬਦੁ ਗੁਰੂ ਹੈ ਮੂਰਤ ਸੱਚੀ, ਹਿਰਦੇ ਅੰਦਰ ਮੜ੍ਹ ਕੇ ਦੇਖ।

ਅੰਮ੍ਰਿਤ ਬਾਣੀ ਹੀਰੇ ਮੋਤੀ, ਦਿਲ ਦੀਵਾਰਾਂ ਜੜ੍ਹ ਕੇ ਦੇਖ।

ਫਿਰ ਚਰਖੀ ’ਤੇ ਚੜ੍ਹ ਕੇ ਦੇਖੀਂ ਜਾਂ ਦੇਗਾਂ ਵਿੱਚ ਕੜ੍ਹ ਕੇ ਦੇਖ।

ਫੇਰ ਨਹੀਂ ਜੱਗ ਆਉਣਾ ਪੈਣਾ, ਵਾਂਗ ਪਤੰਗੇ ਸੜ ਕੇ ਦੇਖ।

ਢਹਿ ਜਾਣੀਆਂ ‘ਸਹਿਜ’ ਦੀਵਾਰਾਂ, ਹੋ ਜਾਉ ਬੰਦ ਖਲਾਸੀ,

ਬੰਦੀ ਛੋੜ ਹੈ ਸਤਿਗੁਰ ਦਾਤਾ, ਦਾਮਨ-ਪੱਲਾ ਫੜ ਕੇ ਦੇਖ।

ਡਾ. ਹਰਮਿੰਦਰ ਸਿੰਘ ‘ਸਹਿਜ’ ਹੁਸ਼ਿਆਰਪੁਰ-97819-93037

ਤੇਰੀਆਂ ਤਾਂਘਾਂ

ਮਨ ਤਾਂ ਮੇਰਾ ਉੱਥੇ ਵੱਸੇ, ਜਿੱਥੇ ਵੱਸੇ ਤੂੰ, ਤਾਂਘ ਤੇਰੀ ਨੇ ਏਦਾਂ ਪਿੰਜਿਆ, ਜਿਉਂ ਕੋਈ ਪਿੰਜਦਾ ਰੂੰ।

ਮੈਂ ਆਰ ਖੜ੍ਹੀ ਤੂੰ ਪਾਰ ਖੜ੍ਹਾ, ਵਿੱਚ ਵਗੇ ਦਰਿਆ। ਲਹਿਰਾਂ ਕਰਨ ਕਲੋਲਾਂ ਤਲ ’ਤੇ, ਲਾਉਣ ਕੰਢੇ ਨੂੰ ਢਾਹ।

ਉੱਡ ਸਕਾਂ ਨਾ, ਤਰਨ ਨਾ ਜਾਣਾ, ਨਾ ਬੇੜੀ ਪਤਵਾਰ। ਮੌਤ ਕਲਾਵੇ ਭਰਦੀ ਪਲ ਪਲ, ਬੈਠੀ ਬਾਂਹ ਪਸਾਰ।

ਦੱਸ ਮੇਰੇ ਵੱਸ ਕੀ ਵੇ ਮਾਹੀ, ਹਾਂ ਡਾਢੇ ਮਜਬੂਰ। ਵਿੱਚ ਹਨੇਰੇ ਭਟਕ ਰਹੀ ਜਿੰਦ, ਹੋ ਗਈ ਚਕਨਾ-ਚੂਰ।

ਵਿੱਚ ਉਡੀਕਾਂ ‘ਸਹਿਜ’ ਪਿਆਰੇ, ਦਿਲ ਹੋਇਆ ਬੇਤਾਬ। ਨੀਂਦਰ ਬਣ ਗਈ ਵੈਰਨ ਮੇਰੀ, ਨੈਣੀਂ ਚੜ੍ਹੀ ਚਨਾਬ।

ਤਨ ਮਨ ਸੜ ਕੇ ਰਾਖਾਂ ਹੋ ਗਏ, ਪਰ ਨਾ ਨਿਕਲਿਆ ਧੂੰ। ਮਨ ਤਾਂ ਮੇਰਾ ਉੱਥੇ ਵੱਸੇ, ਜਿੱਥੇ ਵੱਸੇ ਤੂੰ।

ਡਾ. ਹਰਮਿੰਦਰ ਸਿੰਘ ‘ਸਹਿਜ’ ਹੁਸ਼ਿਆਰਪੁਰ-97819-93037

 

ਐਸਾ ਸ਼ਬਦ ਸੁਣਾ ਪਿਆਰੇ, ਗੁਰ ਕਾ ਸ਼ਬਦ ਸੁਣਾ। ਅੰਮ੍ਰਿਤ ਵਰਸੇ, ਮੁੱਕੇ ਭਟਕਣ, ਲਵਾਂ ਮੈਂ ਪਿਆਸ ਬੁਝਾ।

ਮੈਂ ਮੈਂ ਮੁੱਕੇ ਤੂੰ ਤੂੰ ਵਰਤੇ, ਰਹੇ ਨਾ ਤ੍ਰਿਸ਼ਨਾ ਕੋਈ। ਦੇਸ਼ ਕਾਲ ਦੀ ਰਹੇ ਨਾ ਸੋਝੀ, ਐਸਾ ਅਨੰਦ ਵਰਤਾਅ।

ਸੁਰਤੀ ਮੇਰੀ ਲਾਏ ਉਡਾਰਾਂ, ਠੰਡੀਆਂ ਪੈਣ ਫ਼ੁਹਾਰਾਂ। ਤਨ ਮਨ ਸੀਤਲ ਮਿਲੇ ਪਿਆਰਾ, ਐਸੀ ਛਹਿਬਰ ਲਾ।

ਗੁਰ ਕਾ ਸ਼ਬਦ ਸੁਣਾ ਪਿਆਰੇ ਹੋਰ ਨਾ ਕੁਝ ਸੁਣਾ। ਜਿਸ ਨੂੰ ਸੁਣ ਕੇ ਜੁੜੇ ਸਮਾਧੀ, ਜਾਵਾਂ ‘ਸਹਿਜ’ ਸਮਾਅ।

ਡਾ. ਹਰਮਿੰਦਰ ਸਿੰਘ ‘ਸਹਿਜ’ ਹੁਸ਼ਿਆਰਪੁਰ-97819-93037

ਗੁਰੂ ਨਾਨਕ ਜੱਗ ’ਤੇ ਆਇਆ ਏ।

ਗੁਰੂ ਨਾਨਕ ਜੱਗ ’ਤੇ ਆਇਆ ਏ। ਧਰਤੀ ’ਤੇ ਖੇੜਾ ਛਾਇਆ ਏ।

ਮੁੜ ਫੇਰ ਬਹਾਰਾਂ ਆ ਗਈਆਂ, ਹਰ ਪਾਸਾ ਅੱਜ ਰੁਸ਼ਨਾਇਆ ਏ।

ਧੰਨ ਪਿਤਾ ਉਨ੍ਹਾਂ ਦਾ ਕਾਲੂ ਏ।  ਕਰੇ ਦਰਸ਼ਨ ਚਾਚਾ ਲਾਲੂ ਏ।

ਤ੍ਰਿਪਤਾ ਦੀ ਅੱਖ ਦਾ ਤਾਰਾ ਏ। ਜੋ ਜੱਗ ਨੂੰ ਤਾਰਨ ਆਇਆ ਏ।

ਜੋ ਆ ਕੇ ਦਰਸ਼ਨ ਕਰਦਾ ਏ। ਖ਼ੁਸ਼ੀਆਂ ਨਾਲ ਹਿਰਦਾ ਭਰਦਾ ਏ।

ਆ ਤਪਦੇ ਹਿਰਦੇ ਠਰ ਜਾਂਦੇ, ਉਹ ਖੇੜੇ ਵੰਡਣ ਆਇਆ ਏ।

ਮਨਮੋਹਣਾ ਸੁੰਦਰ ਸਰੂਪ ਹੈ। ਉਹ ਹਰੀ ਪ੍ਰਭੂ ਦਾ ਰੂਪ ਹੈ।

ਉਹ ਗਿਆਨ ਦਾ ਗਹਿਰਾ ਸਾਗਰ ਹੈ, ਦੁਨੀਆਂ ਰੁਸ਼ਨਾਵਣ ਆਇਆ ਏ।

ਉਸ ਕਸ਼ਟ ਮਿਟਾਉਣੇ ਦੁਨੀਆਂ ਦੇ। ਸਭ ਭਰਮ ਮਿਟਾਉਣੇ ਦੁਨੀਆਂ ਦੇ। 

’ਨ੍ਹੇਰੇ ਵਿੱਚ ਦੁਨੀਆਂ ਭਟਕ ਰਹੀ, ਉਹ ਰਾਹ ਦਰਸਾਵਣ ਆਇਆ ਏ।

ਏਕੇ ਦਾ ਪਾਠ ਪੜ੍ਹਾਉਣਾ ਏ। ਡਿੱਗਿਆਂ ਨੂੰ ਗਲ ਨਾਲ਼ ਲਾਉਣਾ ਏ।

ਦੁਨੀਆਂ ਵਿੱਚ ਦਿਸਦੇ ਪਾੜੇ ਜੋ, ਸਭ ਭੇਦ ਮਿਟਾਵਣ ਆਇਆ ਏ।

ਨਾਨਕ ਤੋਂ ਵੱਡਾ ਕੋਈ ਨਹੀਂ। ਨਹੀਂ, ਕੋਈ ਨਹੀਂ, ‘ਸਹਿਜ’ ਕੋਈ ਨਹੀਂ।

ਦੁਨੀਆਂ ’ਤੇ ਕੋਈ ਗ਼ੈਰ ਨਹੀਂ, ਇਹ ਗੱਲ ਸਮਝਾਵਣ ਆਇਆ ਏ।

ਡਾ. ਹਰਮਿੰਦਰ ਸਿੰਘ ‘ਸਹਿਜ’ ਹੁਸ਼ਿਆਰਪੁਰ-97819-93037

ਸੱਚੇ ਵਣਜਾਰੇ

ਪਾਈ ਸੱਚੇ ਨਾਮ ਦੀ, ਗੁਰੂ ਨਾਨਕ ਹੱਟੀ। ਭਾਗਾਂ ਵਾਲੇ ਹੀ ਕਰਦੇ ਨੇ, ਨਾਮ ਦੀ ਖੱਟੀ।

ਮਿਲਦਾ ਸੌਦਾ ਸੱਚ ਦਾ, ਸੱਚੇ ਦੇ ਦਰ ਤੋਂ। ਨਾਨਕ ਪੂਰਾ ਸ਼ਾਹ ਹੈ, ਸੱਚੀ ਕਸਵੱਟੀ।

ਮਿਲਿਆ ਨਾਨਕ ਜਿਨ੍ਹਾਂ ਨੂੰ ਸੇ ਪੁੱਗ ਖਲੋਏ। ਬਣ ਗਏ ਧੂੜੀ ਚਰਨਾਂ ਦੀ, ਉਹ ਜੀਵਤ ਮੋਏ।

ਸੱਚ ਕਮਾਇਆ ਜਿਨ੍ਹਾਂ ਨੇ ਸੱਚੇ ਵਣਜਾਰੇ। ਰੰਗੇ ਸੱਚੇ ਨਾਮ ਵਿੱਚ, ਜਾ ਸੱਚ ਸਮੋਏ।

ਭਾਗ ਜਿਨ੍ਹਾਂ ਦੇ ਉੱਜਲੇ, ਸੇ ਸੰਗਤ ਆਏ। ਜੇਹੀ ਰੱਖੀ ਕਾਮਨਾ, ਤੇਰੇ ਫਲ਼ ਪਾਏ।

ਤਨ ਮਨ ਧਨ ਸਭ ਵਾਰ ਕੇ ਜੋ ਖੜ੍ਹੇ ਹਜ਼ੂਰੀ। ਚਿੱਤ ਵਸਾਇਆ ਪਾਰਬ੍ਰਹਮ ਮੋਕਸ਼ ਦਰ ਪਾਏ।

ਹੁਕਮ ਕਮਾਇਆ ਜਿਨ੍ਹਾਂ ਨੇ, ਸੇ ਪਏ ਖ਼ਜ਼ਾਨੇ। ਗੁਰੂ ਜੋਤਿ ਗੁਰ ਸ਼ਮਾ ਹੈ, ਉਹ ਭਏ ਪਰਵਾਨੇ।

ਨੂਰੋ ਨੂਰੀ ਚਮਕਦੇ, ਚਿਹਰੇ ’ਤੇ ਲਾਲੀ। ਨਾਮ ਕਮਾ ਗਏ ਜੱਗ ਵਿੱਚ ਚਮਕਣ ਅਸਮਾਨੇ।

ਡਾ. ਹਰਮਿੰਦਰ ਸਿੰਘ ‘ਸਹਿਜ’ ਹੁਸ਼ਿਆਰਪੁਰ-97819-93037