ਨਾਨਕਸ਼ਾਹੀ ਕੈਲੰਡਰ; ਬਿਕ੍ਰਮੀ ਕੈਲੰਡਰ ਨਾਲੋਂ ਵਧੇਰੇ ਕੁਦਰਤੀ
ਕਿਰਪਾਲ ਸਿੰਘ ਬਠਿੰਡਾ
ਜਯੋਤਿਸ਼ੀ ਵੰਡ ਅਨੁਸਾਰ 30-30 ਡਿਗਰੀਆਂ ਦੀ ਬਰਾਬਰ ਵਿੱਥੀ ’ਤੇ 12 ਰਾਸ਼ੀਆਂ ਮਿਥੀਆਂ ਗਈਆਂ ਹਨ ਕਿਉਂਕਿ ਸੂਰਜ ਦੁਆਲੇ ਧਰਤੀ ਸਮਾਨ ਦੂਰੀ ’ਤੇ ਪੂਰਨ ਗੋਲਾਕਾਰ ਰੂਪ ’ਚ ਨਹੀਂ ਬਲਕਿ ਅੰਡਾਕਾਰ ਚੱਕਰ ’ਚ ਘੁੰਮਦੀ ਹੈ; ਇਸ ਕਾਰਨ ਇਨ੍ਹਾਂ ਰਾਸ਼ੀ ਤਬਦੀਲੀਆਂ ਨਾਲ ਬਣੇ ਬਿਕ੍ਰਮੀ ਕੈਲੰਡਰ (ਸੂਰਯ ਸਿਧਾਂਤ) ਦੇ ਮਹੀਨਿਆਂ ’ਚ ਬਰਾਬਰ ਦਿਨ ਨਹੀਂ ਹੁੰਦੇ ਬਲਕਿ 29 ਤੋਂ 32 ਦਿਨਾਂ ਵਿਚਕਾਰ ਵਧਦੇ ਘਟਦੇ ਰਹਿੰਦੇ ਹਨ; ਜਿਵੇਂ ਕਿ ਚੇਤ, ਵੈਸਾਖ ਅਤੇ ਅੱਸੂ (3 ਮਹੀਨੇ); 30 ਜਾਂ 31 ਦਿਨ ਦੇ ਹੁੰਦੇ ਹਨ। ਜੇਠ, ਹਾੜ, ਸਾਵਣ ਤੇ ਭਾਦੋਂ (4 ਮਹੀਨੇ); 31 ਜਾਂ 32 ਦਿਨ ਦੇ ਹੁੰਦੇ ਹਨ। ਕੱਤਕ, ਮੱਘਰ, ਪੋਹ, ਮਾਘ ਤੇ ਫੱਗਣ (5 ਮਹੀਨੇ); 29 ਜਾਂ 30 ਦਿਨਾਂ ਦੇ ਹੁੰਦੇ ਹਨ। ਚੇਤੇ ਰਹੇ ਕਿ ਦ੍ਰਿਕ ਗਣਿਤ ਸਿਧਾਂਤ ’ਚ ਭਾਦੋਂ ਦਾ ਮਹੀਨਾ 31 ਜਾਂ 32 ਦਿਨਾਂ ਦੀ ਥਾਂ 31 ਜਾਂ 30 ਦਿਨਾਂ ਦਾ ਹੁੰਦਾ ਹੈ। ਇਨ੍ਹਾਂ 12 ਹੀ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਅਤੇ ਮਹੀਨੇ ਦਾ ਅਰੰਭਕ ਦਿਨ ਭਾਵ ਸੰਗਰਾਂਦ; ਸਾਲ-ਬ-ਸਾਲ ਬਦਲਦੀ ਰਹਿੰਦੀ ਹੈ। ਜਿਸ ਕਾਰਨ ਯਾਦ ਰੱਖਣੇ ਅਤਿ ਕਠਿਨ ਹਨ।
ਪੁਲਾੜ ’ਚ ਤਾਰਿਆਂ ਦੇ ਸਮੂਹ ਨੂੰ ਤਾਰਾਮੰਡਲ ਜਾਂ ਜੋਤਿਸ਼ ਦੀ ਭਾਸ਼ਾ ’ਚ ਰਾਸ਼ੀਆਂ ਕਿਹਾ ਜਾਂਦਾ ਹੈ। ਵੱਖ-ਵੱਖ ਸਭਿਆਚਾਰਾਂ ਵਿੱਚ ਰਾਸ਼ੀਆਂ ਦੀਆਂ ਵੱਖੋ ਵੱਖਰੀਆਂ ਪਰਿਭਾਸ਼ਾਵਾਂ ਹਨ। ਬੇਬੀਲੋਨੀਅਨ ਖਗੋਲ ਵਿਗਿਆਨੀਆਂ ਨੇ 12 ਦੀ ਥਾਂ 18 ਤਾਰਾਮੰਡਲਾਂ (ਰਾਸ਼ੀਆਂ) ਦਾ ਜ਼ਿਕਰ ਕੀਤਾ ਹੈ। ਵੈਸਟਰਨ ਵਸ਼ਿੰਗਟਿਨ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਹਾਂਗ ਕਾਂਗ, ਜਰਨਲ ਆਫ਼ ਰੌਇਲ ਅਸਟ੍ਰੌਨੀਮੀਕਲ ਸੁਸਾਇਟੀ ਆਫ਼ ਕੈਨੇਡਾ ਅਤੇ ਨਾਸਾ ਆਦਿਕ ਦੀਆਂ ਭਰੋਸੇਯੋਗ ਵੈੱਬਸਾਈਟਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਯੋਤਿਸ਼ੀਆਂ ਵੱਲੋਂ ਮਿਥੀਆਂ 12 ਰਾਸ਼ੀਆਂ ਨਹੀਂ ਬਲਕਿ ਅਸਲ ’ਚ ਸੂਰਜ ਦੇ ਮਾਰਗ ’ਤੇ 13 ਰਾਸ਼ੀਆਂ (ਤਾਰਾਮੰਡਲ) ਹਨ, ਜੋ ਬਰਾਬਰ ਵਿੱਥ ’ਤੇ ਨਹੀਂ ਬਲਕਿ ਬਹੁਤ ਹੀ ਅ-ਸਮਾਨ ਵਿੱਥ ’ਤੇ ਫੈਲੀਆਂ ਹੋਈਆਂ ਹਨ। ਇਨ੍ਹਾਂ 13 ਖਗੋਲੀ ਰਾਸ਼ੀਆਂ ਦੇ ਆਧਾਰ ’ਤੇ ਕੁਦਰਤੀ ਕੈਲੰਡਰ ਦੇ ਮਹੀਨੇ ਬਣਾਏ ਜਾਣ ਤਾਂ 6 ਤੋਂ 45 ਦਿਨਾਂ ਵਾਲੇ 13 ਮਹੀਨੇ ਬਣਨਗੇ, ਜਿਨ੍ਹਾਂ ਦੇ ਦਿਨਾਂ ਦੀ ਗਿਣਤੀ ਹੇਠ ਬਣਾਈ ਸਾਰਣੀ ’ਚ ਦਿੱਤੀ ਗਈ ਹੈ। ਸੂਰਜ ਦਾ ਇਨ੍ਹਾਂ ਖਗੋਲੀ ਰਾਸ਼ੀਆਂ ਦੇ ਤਾਰਾਮੰਡਲ ਵਿੱਚੋਂ ਲੰਘਣ ਨਾਲ ਬਣੀਆਂ ਤਾਰੀਖਾਂ; ਜੋਤਿਸ਼ ਕੁੰਡਲੀਆਂ ਨਾਲ ਮੇਲ ਨਹੀਂ ਖਾਂਦੀਆਂ।
Above are general date ranges not for a particular year unless specifically indicated. https://astro101.wwu.edu/a101_zodiac.html
https://www.rasc.ca/sites/default/files/publications/JRASC-2010-06-hr.pdf
https://theskylive.com/sun-info
ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਨ ਵਾਲੇ ਸਿੱਖਾਂ ਲਈ ਸਵਾਲ ਹੈ ਕਿ ਜੇ ਉਨ੍ਹਾਂ ਅਕਾਸ਼ੀ ਪੁਲਾੜ ਦੀਆਂ ਕੁਦਰਤੀ 13 ਖਗੋਲੀ ਰਾਸ਼ੀਆਂ ਨੂੰ ਛੱਡ ਕੇ ਜਯੋਤਿਸ਼ ਵੰਡ ਅਨੁਸਾਰ ਮਿਥੀਆਂ 12 ਰਾਸ਼ੀਆਂ ਦੇ ਆਧਾਰ ’ਤੇ ਹੋਂਦ ’ਚ ਆਏ ਬਿਕ੍ਰਮੀ ਕੈਲੰਡਰ ਨੂੰ ਹੀ ਮੰਨਣਾ ਹੈ (ਜਿਸ ਨੂੰ ਭਾਰਤ ਸਰਕਾਰ ਭੀ 1957 ਸੀਈ ’ਚ ਰੱਦ ਕਰ ਸਾਕਾ ਕੈਲੰਡਰ ਅਪਣਾਅ ਚੁੱਕੀ ਹੈ) ਤਾਂ ਕਿਉਂ ਨਾ ਸਿੱਖ ਭੀ ਨਾਨਕਸ਼ਾਹੀ ਕੈਲੰਡਰ ਹੀ ਅਪਣਾਅ ਲੈਣ। ਇਸ ਦੇ ਸਾਲ ਦੀ ਲੰਬਾਈ ਸੂਰਜ ਦਾ ‘ਰਥ ਫਿਰੈ’ (ਇਹ ਹਵਾਲਾ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਕ ੧੧੦੮ ’ਤੇ ਹੈ) ਤੋਂ ਇੱਕ ਚੱਕਰ ਪੂਰਾ ਕਰਨ ਤੋਂ ਮੁੜ ਉਸੇ ਰਥ ਫਿਰਨ ਤੱਕ ਪਹੁੰਚਣ ਲਈ ਲੱਗੇ ਸਮੇਂ ਦੇ ਤਕਰੀਬਨ-ਤਕਰੀਬਨ ਸਮਾਨ (365.2425 ਦਿਨ) ਹੈ। ਇਸ ਦੀ ਬਰਾਬਰ ਵੰਡ ਕਰਨ ਉਪਰੰਤ ਬਣੇ 12 ਮਹੀਨਿਆਂ ’ਚੋਂ ਪਹਿਲੇ 5 ਮਹੀਨੇ (ਚੇਤ, ਵੈਸਾਖ, ਜੇਠ, ਹਾੜ ਅਤੇ ਸਾਵਣ) 31-31 ਦਿਨਾਂ ਦੇ ਹਨ ਤੇ ਅਗਲੇ 7 ਮਹੀਨੇ (ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ ਅਤੇ ਫੱਗਣ) 30-30 ਦਿਨਾਂ ਦੇ ਹਨ। ਲੀਪ ਦੇ ਸਾਲ ਸਮੇਂ ਅੰਤਮ ਮਹੀਨਾ (ਫੱਗਣ); 31 ਦਿਨਾਂ ਦਾ ਹੋ ਜਾਂਦਾ ਹੈ। ਐਸਾ ਕੈਲੰਡਰ ਯਾਦ ਰੱਖਣਾ ਬੜਾ ਆਸਾਨ ਹੈ ਕਿਉਂਕਿ ਬਿਕ੍ਰਮੀ ਕੈਲੰਡਰ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ 29 ਤੋਂ 32 ਦਿਨ; ਜਿੱਥੇ ਸਾਲ-ਬ-ਸਾਲ ਬਦਲਦੀ ਰਹਿੰਦੀ ਹੈ ਤੇ ਗ੍ਰੈਗੋਰੀਅਨ ਕੈਲੰਡਰ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ 28 ਤੋਂ 31 ਦਿਨ ਹੈ; ਜਿਵੇਂ ਕਿ ਤਰਤੀਬਵਾਰ ਜਨਵਰੀ 31, ਫ਼ਰਵਰੀ 28, ਮਾਰਚ 31, ਅਪ੍ਰੈਲ 30, ਮਈ 31, ਜੂਨ 30, ਜੁਲਾਈ 31, ਅਗਸਤ 31, ਸਤੰਬਰ 30 ਅਕਤੂਬਰ 31, ਨਵੰਬਰ 30, ਦਸੰਬਰ 31 ਦਿਨ ਹੈ। ਇਨਾਂ ਦੇ ਨਾ ਦਿਨਾਂ ਦੀ ਗਿਣਤੀ ’ਚ ਕੋਈ ਤਰਤੀਬ ਹੈ ਤੇ ਨਾ ਹੀ ਨਾਵਾਂ ’ਚ; ਕਿਉਂਕਿ ਸਤੰਬਰ; Seven (ਸੱਤ) ਅਰਥ ਦਿੰਦਾ ਹੈ, ਪਰ ਹੈ ਇਹ ‘9ਵਾਂ ਮਹੀਨਾ’। ਅਕਤੂਬਰ; Octa (ਅੱਠ) ਅਰਥ ਦਿੰਦਾ ਹੈ, ਪਰ ਹੈ ਇਹ 10ਵਾਂ ਮਹੀਨਾ। ਨਵੰਬਰ; Nine (ਨੌ) ਅਰਥ ਦਿੰਦਾ ਹੈ, ਪਰ ਹੈ ਇਹ 11ਵਾਂ ਮਹੀਨਾ। ਦਸੰਬਰ; Deka (ਦਸ) ਅਰਥ ਦਿੰਦਾ ਹੈ, ਪਰ ਹੈ ਇਹ 12ਵਾਂ ਮਹੀਨਾ। ਇਉਂ ਯਾਦ ਰੱਖਣੇ ਮੁਸ਼ਕਲ ਹਨ। ਇਸ ਦਾ ਲੀਪ ਮਹੀਨਾ ਫ਼ਰਵਰੀ; ਸਾਲ ਦਾ ਦੂਸਰਾ ਮਹੀਨਾ ਭਾਵ ਸਾਲ ਦੇ ਵਿਚਕਾਰ ਹੈ, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦਾ ਅੰਤਮ ਮਹੀਨਾ (ਫੱਗਣ); ਲੀਪ ਮਹੀਨਾ ਹੈ, ਜੋ ਯਾਦ ਰੱਖਣਾ ਬੜਾ ਆਸਾਨ ਹੈ ਕਿਉਂਕਿ ਵਾਧਾ ਘਾਟਾ ਹਮੇਸ਼ਾਂ ਅਖੀਰ ’ਤੇ ਹੀ ਕੀਤਾ ਜਾਂਦਾ ਹੈ।
ਸੰਪ੍ਰਦਾਈ ਸਿੱਖ ਦਾਅਵਾ ਕਰਦੇ ਹਨ ਕਿ ਬਿਕ੍ਰਮੀ ਕੈਲੰਡਰ ਦੇ ਮਹੀਨਿਆਂ ਦੀਆਂ ਸੰਗਰਾਂਦਾਂ ਕੁਦਰਤੀ ਹਨ ਕਿਉਂਕਿ ਇਨ੍ਹਾਂ ਨੂੰ ਸੂਰਜ ਦੇ ਇੱਕ ਰਾਸ਼ੀ ਤੋਂ ਦੂਸਰੀ ਰਾਸ਼ੀ ’ਚ ਤਬਦੀਲੀ ਹੋਣ ਮੁਤਾਬਕ ਨਿਰਧਾਰਿਤ ਕੀਤਾ ਗਿਆ ਹੈ ਜਦਕਿ ਨਾਨਕਸ਼ਾਹੀ ਕੈਲੰਡਰ ਦੀਆਂ ਸੰਗਰਾਂਦਾਂ ਮਿਥੀਆਂ ਹਨ। ਮਿਥੀਆਂ ਤਾਰੀਖ਼ਾਂ ਨਾਲ ਸਾਡਾ ਇਤਿਹਾਸ ਭੀ ਮਿਥਿਹਾਸ ਬਣ ਜਾਵੇਗਾ, ਪਰ ਇਹ ਦਾਅਵਾ ਨਿਰਾ ਝੂਠ ਹੈ ਕਿਉਂਕਿ ਪਹਿਲਾਂ ਤਾਂ ਜਿਨ੍ਹਾਂ ਰਾਸ਼ੀਆਂ ਨੂੰ ਇਹ ਕੁਦਰਤੀ ਮੰਨੀ ਬੈਠੇ ਹਨ, ਉਹ ਕੁਦਰਤੀ ਨਹੀਂ ਹਨ। ਅਸਲ ’ਚ ਪੁਲਾੜ ’ਚ ਅ-ਸਮਾਨ ਦੂਰੀ ’ਤੇ 13 ਖਗੋਲੀ ਰਾਸ਼ੀਆਂ ਹਨ। ਇਨ੍ਹਾਂ 13 ਖਗੋਲੀ ਰਾਸ਼ੀਆਂ ਦੇ ਆਧਾਰ ’ਤੇ ਜੇ ਕੁਦਰਤੀ ਕੈਲੰਡਰ ਦੇ ਮਹੀਨੇ ਬਣਾਏ ਜਾਣ ਤਾਂ 6 ਤੋਂ 45 ਦਿਨਾਂ ਵਾਲੇ 13 ਮਹੀਨੇ ਬਣਨਗੇ, ਜਿਨ੍ਹਾਂ ਦੇ ਦਿਨਾਂ ਦੀ ਗਿਣਤੀ ਉਕਤ ਬਣਾਈ ਸਾਰਣੀ ’ਚ ਦਿੱਤੀ ਗਈ ਹੈ। ਇਸ ਤਰ੍ਹਾਂ ਦੇ ਮਹੀਨੇ ਸਮਾਜਿਕ ਅਤੇ ਰਾਜ ਪ੍ਰਬੰਧਕੀ ਕਾਰਜਾਂ ਲਈ ਉਪਯੋਗੀ ਸਿੱਧ ਨਹੀਂ ਹੁੰਦੇ। ਇਸ ਲਈ ਇਨ੍ਹਾਂ 13 ਖਗੋਲੀ ਰਾਸ਼ੀਆਂ ਦੀ ਥਾਂ ਜਯੋਤਿਸ਼ੀ ਵੰਡ ਅਨੁਸਾਰ 30-30 ਡਿਗਰੀਆਂ ਦੀਆਂ ਸਮਾਨ 12 ਰਾਸ਼ੀਆਂ ਬਣਾਈਆਂ ਗਈਆਂ ਹਨ, ਪਰ ਸਮਾਨ ਰਾਸ਼ੀਆਂ ਬਣਾਉਣ ਦੇ ਬਾਵਜੂਦ 12 ਮਹੀਨਿਆਂ ਦੇ ਦਿਨਾਂ ਦੀ ਗਿਣਤੀ ਅ-ਸਮਾਨ ਹੈ, ਜੋ 29 ਤੋਂ 32 ਦਿਨਾਂ ਵਿਚਕਾਰ ਸਾਲ-ਬ-ਸਾਲ ਬਦਲਦੀ ਰਹਿੰਦੀ ਹੈ। ਦੂਸਰਾ ਕਾਰਨ ਹੈ ਕਿ ਪੱਛਮੀ ਅਤੇ ਪੂਰਬੀ ਰਾਸ਼ੀਆਂ ’ਚ ਇਸ ਵੇਲੇ 24 ਡਿਗਰੀ ਤੋਂ ਵੱਧ ਯਾਨੀ ਲਗਭਗ 24 ਦਿਨਾਂ ਦਾ ਅੰਤਰ ਹੈ, ਜੋ ਸਮੇਂ ਨਾਲ ਤਕਰੀਬਨ 0 ਡਿਗਰੀ 0 ਮਿੰਟ 50 ਸੈਕੰਡ ਦੇ ਹਿਸਾਬ ਪ੍ਰਤੀ ਸਾਲ ਵਧਦਾ ਜਾ ਰਿਹਾ ਹੈ। ਤੀਸਰਾ ਸਭ ਤੋਂ ਠੋਸ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ’ਚ ਰਾਸ਼ੀਆਂ ਅਤੇ ਸੰਗਰਾਂਦਾਂ ਦਾ ਕੋਈ ਜ਼ਿਕਰ ਹੀ ਨਹੀਂ ਹੈ। ਇਸ ਲਈ ਇਨ੍ਹਾਂ ਰਾਸ਼ੀਆਂ ਅਤੇ ਸੰਗਰਾਂਦਾਂ ਨੂੰ ਬਹੁਤੀ ਤਵੱਜੋ ਦੇਣਾ ਕਿਸੇ ਵੀ ਤਰ੍ਹਾਂ ਯੋਗ ਨਹੀਂ।
ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ‘ਰਥ ਫਿਰੈ’ (ਉਤਰਾਇਣੰਤ = Solstice) ਤੋਂ ਮੁੜ ਉਸੇ ‘ਰਥ ਫਿਰੈ’ ਤੱਕ ਪਹੁੰਚਣ ਲਈ ਲੱਗੇ ਸਮੇਂ (365.24219 ਦਿਨ) ਦੇ ਲਗਭਗ ਬਰਾਬਰ ਹੈ; ਜਿਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ੧੧੦੮ ’ਤੇ ਇਸ ਤਰ੍ਹਾਂ ਕੀਤਾ ਹੈ, ‘‘ਆਸਾੜੁ ਭਲਾ; ਸੂਰਜੁ ਗਗਨਿ (’ਚ) ਤਪੈ ॥ ਧਰਤੀ ਦੂਖ ਸਹੈ; ਸੋਖੈ, ਅਗਨਿ ਭਖੈ ॥ ਅਗਨਿ ਰਸੁ ਸੋਖੈ; ਮਰੀਐ ਧੋਖੈ; ਭੀ ਸੋ ਕਿਰਤੁ ਨ ਹਾਰੇ ॥ ਰਥੁ ਫਿਰੈ ਛਾਇਆ ਧਨ ਤਾਕੈ; ਟੀਡੁ ਲਵੈ ਮੰਝਿ ਬਾਰੇ ॥’’ (ਤੁਖਾਰੀ/ਬਾਰਹਮਾਹਾ/ ਮਹਲਾ ੧/੧੧੦੮)
ਸੂਰਜ ਦਾ ਰਥ ਫਿਰਨ ਵਾਲ਼ੀ ਘਟਨਾ ਕੁਦਰਤੀ ਅਤੇ ਖਗੋਲ ਵਿਗਿਆਨ ਅਨੁਸਾਰ ਹੈ, ਜੋ ਸਾਰੇ ਸੰਸਾਰ ’ਚ ਇੱਕੋ ਸਮੇਂ ਵਾਪਰਦੀ ਹੈ। ਇਨ੍ਹਾਂ 365 ਦਿਨਾਂ ਦੀ ਬਰਾਬਰ ਵੰਡ ਕੀਤਿਆਂ ਬਣੇ 12 ਮਹੀਨਿਆਂ ’ਚੋਂ ਪਹਿਲੇ 5 ਮਹੀਨੇ (ਚੇਤ, ਵੈਸਾਖ, ਜੇਠ, ਹਾੜ ਅਤੇ ਸਾਵਣ) 31-31 ਦਿਨਾਂ ਦੇ ਅਤੇ ਆਖਰੀ 7 ਮਹੀਨੇ (ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ ਤੇ ਫੱਗਣ) 30-30 ਦਿਨਾਂ ਦੇ ਹਨ। ਬਾਕੀ 0.24219 ਦਿਨਾਂ ਨੂੰ ਲੀਪ ਦੇ ਸਾਲ ’ਚ ਪੂਰਾ ਕਰ ਉਸ ਸਾਲ ’ਚ ਆਖਰੀ ਮਹੀਨਾ ਫੱਗਣ 31 ਦਿਨਾ ਦਾ ਹੋ ਜਾਂਦਾ ਹੈ। ਐਸਾ ਨਾਨਕਸ਼ਾਹੀ ਕੈਲੰਡਰ ਸਮਝਣ ਅਤੇ ਯਾਦ ਰੱਖਣ ’ਚ ਬਿਕ੍ਰਮੀ ਕੈਲੰਡਰ ਨਾਲੋਂ ਬਹੁਤ ਸੁਖਾਲਾ, ਸਰਲ ਅਤੇ ਹਮੇਸ਼ਾਂ ਗੁਰਬਾਣੀ ਤੇ ਖਗੋਲ ਵਿਗਿਆਨ ਦੀ ਕਸੌਟੀ ’ਤੇ ਪੂਰਾ ਢੁੱਕਦਾ ਹੈ ਯਾਨੀ ਸੂਰਜ ਦਾ ਰਥ ਸਦਾ ਹਾੜ ਦੇ ਮਹੀਨੇ ’ਚ ਫਿਰੇਗਾ, ਜਿਸ ਨਾਲ ਮਾਸਿਕ ਰੁੱਤਾਂ ਹਮੇਸ਼ਾਂ ਲਈ ਉਹੀ ਰਹਿਣਗੀਆਂ, ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਦੋਵੇਂ ਬਾਰਹਮਾਹਾ ਅਤੇ ਰਾਮਕਲੀ ਰੁਤੀ ਬਾਣੀ ’ਚ ਬਿਆਨ ਕੀਤੀਆਂ ਗਈਆਂ ਹਨ ਤੇ ਅਜੋਕੇ ਸਮੇਂ ’ਚ ਚੱਲ ਰਹੀਆਂ ਹਨ ਜਦਕਿ ਬਿਕ੍ਰਮੀ ਕੈਲੰਡਰ ’ਚ ਸੂਰਜ ਦਾ ਰਥ ਬਿਕ੍ਰਮੀ ਸੰਮਤ ੫੫੮ ’ਚ ੧ ਸਾਵਣ (20 ਜੂਨ 501 ਈਸਵੀ) ਨੂੰ ਫਿਰਿਆ ਸੀ, ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ੧੬ ਹਾੜ ਸੰਮਤ ੧੫੫੮ (12 ਜੂਨ 1501 ਈ: ਜੂਲੀਅਨ) ਨੂੰ ਅਤੇ ਹੁਣ ੬-੭ ਹਾੜ/20-21 ਜੂਨ ਨੂੰ, ਬਿਕ੍ਰਮੀ ਸੰਮਤ ੨੫੫੮ ’ਚ ੩੨ ਜੇਠ/21 ਜੂਨ 2501 ਈ: ਗ੍ਰੈਗੋਰੀਅਨ ਨੂੰ ਫਿਰੇਗਾ, ਜੋ ਨਾਨਕਸ਼ਾਹੀ ਕੈਲੰਡਰ ’ਚ ਹਮੇਸ਼ਾਂ ੬-੭ ਹਾੜ ਨਿਰਧਾਰਿਤ ਕੀਤਾ ਹੈ। ਉਕਤ ਸਾਰੀ ਵਿਚਾਰ ਦਾ ਇਹੀ ਤਤਸਾਰ ਹੈ ਕਿ ਗੁਰਮਤਿ ਅਤੇ ਖਗੋਲ ਵਿਗਿਆਨ ਦੀ ਕਸੌਟੀ ’ਤੇ ਪਰਖਿਆਂ ਨਾਨਕਸ਼ਾਹੀ ਕੈਲੰਡਰ; ਬਿਕ੍ਰਮੀ ਕੈਲੰਡਰ ਨਾਲੋਂ ਕਿਤੇ ਵੱਧ ਕੁਦਰਤੀ ਅਤੇ ਸਹੀ ਹੈ।