ਪੱਤਰ ਨੰ: 6 ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ ਵੱਲੋਂ ਕਿਰਪਾਲ ਸਿੰਘ ਨੂੰ ਜਵਾਬ (ਮਿਤੀ 30.4.2108)

0
220

ਪੱਤਰ ਨੰ: 6  ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ ਵੱਲੋਂ ਕਿਰਪਾਲ ਸਿੰਘ ਨੂੰ ਜਵਾਬ (ਮਿਤੀ 30.4.2108)

ਗੁਰਮੁਖ ਪਿਆਰੇ ਕਿਰਪਾਲ ਸਿੰਘ ਬਠਿੰਡਾ ਜੀਓ,

ਵਾਹਿਗੁਰੂ ਜੀ ਕੀ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।

1.  ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਜੋ ਭਰਮ ਭੁਲੇਖਾ ਤੁਹਾਨੂੰ ਹੈ ਐਸੇ ਭੁਲੇਖੇ ਪੈਣ ਕਾਰਨ ਹੀ ਮੈਂ ਗੁਰ ਪੁਰਬ ਦਰਪਣ ਵਿਚ ਸੁਆਲ ਨੰਬਰ 27 ਦਾ ਜੁਆਬ ਲਿਖ ਕੇ ਗੁਰਮਤ ਅਨੁਸਾਰ ਸਥਿਤੀ ਸਾਫ਼ ਕਰ ਦਿੱਤੀ ਸੀ। ਹੇਠਾਂ ਦੇਖੋ ਸੁਆਲ ਨੰਬਰ 27 ਅਤੇ ਉਸ ਦਾ ਜੁਆਬ।

27) ਸੁਆਲ: ਜੇ ਕੋਈ ਗੁਰ ਪੁਰਬ ਮਲ ਮਾਸ ਵਿਚ ਆ ਜਾਏ ਤਾਂ ਕੀ ਉਹ ਗੁਰ ਪੁਰਬ ਨਹੀਂ ਮਨਾਇਆ ਜਾਣਾ ਚਾਹੀਦਾ ਜਾਂ ਕਿ ਇੱਕ ਮਹੀਨਾ ਲੇਟ ਮਨਾਇਆ ਜਾਣਾ ਚਾਹੀਦਾ ਹੈ ?

ਜੁਆਬ: ਜਿਵੇਂ ਪਹਿਲਾਂ ਕਿਹਾ ਜਾ ਚੁੱਕਿਆ ਹੈ ਗੁਰਸਿੱਖ ਲਈ ਕੋਈ ਮਹੀਨਾ ਮਲ ਮਾਸ ਜਾਂ ਗੰਦਾ ਮਹੀਨਾ ਨਹੀਂ, ਸਾਰੇ ਮਹੀਨੇ ਭਲੇ ਹਨ, ”ਮਾਹ ਦਿਵਸ ਮੂਰਤ ਭਲੇ..”। ਇਸ ਲਈ ਇਤਿਹਾਸ ਮੁਤਾਬਿਕ ਹੀ ਸਾਰੇ ਗੁਰ ਪੁਰਬ ਅਗਲੇ ਪੰਨਿਆਂ ਤੇ ਦਿੱਤੇ ਗਏ ਹਨ। ਗੁਰ ਪੁਰਬਾਂ ਦੀਆਂ ਤਿੱਥਾਂ ਨਿਰਧਾਰਿਤ ਕਰਨ ਲਈ ਇਤਿਹਾਸ ਨੂੰ ਮੁੱਖ ਰੱਖਿਆ ਗਿਆ ਹੈ, ਨਾ ਕਿ ਮਲ ਮਾਸ ਨੂੰ। ਇਤਿਹਾਸਕ ਘਟਨਾ ਨੂੰ ਮਲ ਮਾਸ ਦੇ ਭੁਲੇਖੇ ਕਾਰਨ ਅੱਗ ਪਿੱਛੇ ਨਹੀਂ ਕੀਤਾ ਜਾ ਸਕਦਾ।

2. ਤੁਹਾਡਾ ਇਹ ਇਲਜ਼ਾਮ ਬਿਲਕੁਲ ਨਿਰਮੂਲ ਹੈ ਕਿ ਮੈਨੂੰ ਮਲ ਮਾਸ ਬਾਰੇ ਪਤਾ ਨਹੀਂ। ਜੇ ਪਤਾ ਨਾ ਹੁੰਦਾ ਤਾਂ ਐਸਾ ਸੁਆਲ ਜੁਆਬ ਨਾ ਲਿਖਦਾ।

3. ਇਤਿਹਾਸ ਮੁਤਾਬਿਕ ਗੁਰੂ ਹਰਿਗੋਬਿੰਦ ਜੀ ਮਹਾਰਾਜ ਨੂੰ ਗੁਰਗੱਦੀ ਜੇਠ ਵਦੀ 8, 22 ਜੇਠ, ਸੰਮਤ ਨਾਨਕਸ਼ਾਹੀ 138 ਮੁਤਾਬਿਕ 19 ਮਈ 1606 ਨੂੰ ਮਿਲੀ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਜੇਠ ਸੁਦੀ 4, 2 ਹਾੜ, ਸੰਮਤ ਨਾਨਕਸ਼ਾਹੀ 138 ਮੁਤਾਬਿਕ 30 ਮਈ 1606 ਨੂੰ ਹੋਈ। ਜਿਸ ਤੋਂ ਪਤਾ ਲੱਗਦਾ ਹੈ ਕਿ ਗੁਰਗੱਦੀ ਦਿਵਸ ਅਤੇ ਸ਼ਹੀਦੀ ਦਿਵਸ ਵਿਚਕਾਰ 11 ਦਿਨਾਂ ਦਾ ਅੰਤਰ ਹੈ।

4. ਸ਼੍ਰੋਮਣੀ ਕਮੇਟੀ ਦੇ ਕੈਲੰਡਰ ਅਨੁਸਾਰ ਗੁਰੂ ਹਰਿ ਗੋਬਿੰਦ ਜੀ ਮਹਾਰਾਜ ਦਾ ਗੁਰਗੱਦੀ ਦਿਵਸ 8 ਮਈ ਨੂੰ ਹੈ ਅਤੇ ਗੁਰ ਪੁਰਬ ਦਰਪਣ ਵਿਚ ਵੀ ਜੇਠ ਵਦੀ 8 ਮੁਤਾਬਿਕ 8 ਮਈ ਹੀ ਦਰਜ ਹੈ।ਹੁਣ ਇਸ ਤੋਂ 11 ਦਿਨ ਬਾਅਦ ਜੇਠ ਸੁਦੀ 4, 19 ਮਈ ਹੀ ਇਤਿਹਾਸ ਮੁਤਾਬਿਕ ਠੀਕ ਬਣਦੀ ਹੈ ਜਦ ਕਿ 17 ਜੂਨ ਵਾਲੀ ਜੇਠ ਸੁਦੀ 4, 40 ਦਿਨਾਂ ਬਾਅਦ ਆਉਂਦੀ ਹੈ, ਜੋ ਕਿ ਇਤਿਹਾਸ ਮੁਤਾਬਿਕ ਠੀਕ ਨਹੀਂ।  ਮੈਂ ਇਸੇ ਲਈ ਗੁਰ ਪੁਰਬ ਦਰਪਣ ਵਿਚ 19 ਮਈ 2018 ਦਰਜ ਕੀਤਾ ਹੈ, ਕਿਸੇ ਮਲ ਮਾਸ ਦੇ ਅਣਜਾਣਪੁਣੇ ਵਿਚ ਨਹੀਂ।

5. ਗੁਰੂ ਹਰਿ ਕ੍ਰਿਸ਼ਨ ਜੀ ਮਹਾਰਾਜ ਦੇ ਜੋਤੀ ਜੋਤਿ ਸਮਾਉਣ ਅਤੇ ਗੁਰੂ ਤੇਗ ਬਹਾਦਰ ਜੀ ਦੇ ਗੁਰਗੱਦੀ ਦਿਵਸ ਦੀ ਤਾਰੀਖ਼ ਚੇਤ ਸੁਦੀ 14 ਮੁਤਾਬਿਕ 30 ਮਾਰਚ 2018 ਹੀ ਬਣਦੀ ਹੈ।ਸਾਰੇ ਜੰਤਰੀਆਂ ਬਣਾਉਣ ਵਾਲੇ ਇਸੇ ਨੂੰ ਸਹੀ ਮੰਨਦੇ ਹਨ ਅਤੇ ਗੁਰ ਪੁਰਬ ਦਰਪਣ ਵਿਚ ਵੀ 30 ਮਾਰਚ ਹੀ ਦਰਜ ਹੈ। 29 ਮਾਰਚ ਸ਼੍ਰੋਮਣ ਕਮੇਟੀ /ਪਿੰਗਲਵਾੜੇ ਨੇ ਕਿਸ ਸਰੋਤ ਤੋਂ ਲਈ ਹੈ ਇਸ ਬਾਰੇ ਸ਼ਰੋਮਣੀ ਕਮੇਟੀ ਹੀ ਦੱਸ ਸਕਦੀ ਹੈ।

6. ਨਾਨਕਸ਼ਾਹੀ ਸੰਮਤ 560 ਵਿਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਇਹ ਗੁਰ ਪੁਰਬ 23-12-2028 ਨੂੰ ਆ ਰਿਹਾ ਹੈ।

ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ ਸੰਪਰਕ ਨੰ: 001645071939