ਪੱਤਰ ਨੰ: 5 ਕਿਰਪਾਲ ਸਿੰਘ (ਮਿਤੀ 29.3.2018)

0
262

ਪੱਤਰ ਨੰ:  5 ਕਿਰਪਾਲ ਸਿੰਘ (ਮਿਤੀ 29.3.2018)

ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ ਵੱਲੋਂ ਭੇਜੀ ਗਈ ਇੱਕ ਮੇਲ ਮੈਨੂੰ ਮਿਲੀ ਜਿਸ ਵਿੱਚ ਉਨ੍ਹਾਂ ਲਿਖਿਆ ਹੈ ਕਿ “ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪੁਰਬ ਜੇਠ ਸੁਦੀ 4 ਮੁਤਾਬਕ 19 ਮਈ 2018 ਨੂੰ ਗੁਰ ਇਤਿਹਾਸ ਅਤੇ ਗੁਰਮੱਤ ਅਨੁਸਾਰ ਦਰਜ ਕੀਤਾ ਗਿਆ ਹੈ। ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤਿ ਅਤੇ ਗੁਰੂ ਤੇਗ ਬਹਾਦਰ ਜੀ ਦਾ ਗੁਰਗੱਦੀ ਦਿਹਾੜਾ ਚੇਤ ਸੁਦੀ 14 ਮੁਤਾਬਕ 30 ਮਾਰਚ ਨੂੰ ਹੀ ਹੈ। ਮਾਰਤੰਡ ਪੰਚਾਂਗ ਅਤੇ ਮੁਫ਼ੀਦਆਲਮ ਜੰਤਰੀਆਂ ਵੀ ਇਹੀ ਤਾਰੀਖ ਦੱਸਦੀਆਂ ਹਨ। ਸ਼੍ਰੋਮਣੀ ਕਮੇਟੀ ਦੇ ਸਰੋਤ ਬਾਰੇ ਮੈਂ ਨਹੀਂ ਜਾਣਦਾ। ਸ਼੍ਰੋਮਣੀ ਕਮੇਟੀ ਵੱਲੋਂ 17 ਜੂਨ ਅਤੇ 29 ਮਾਰਚ ਦੀਆਂ ਤਾਰੀਖ਼ਾਂ ਬਾਰੇ ਸ਼੍ਰੋਮਣੀ ਕਮੇਟੀ ਹੀ ਦੱਸ ਸਕਦੀ ਹੈ।”

ਸ਼੍ਰੋਮਣੀ ਕਮੇਟੀ ਨੇ ਆਪਣੇ ਕੈਲੰਡਰ ਵਿੱਚ ਚੰਦਰ ਮਹੀਨੇ ਦੀਆਂ ਤਿੱਥਾਂ ਤਾਂ ਲਿਖੀਆਂ ਨਹੀਂ; ਕ੍ਰਮਵਾਰ ਸੂਰਜੀ ਮਹੀਨੇ ਦੀਆਂ ਤਰੀਖਾਂ 3 ਹਾੜ ਅਤੇ 16 ਚੇਤ ਹੀ ਲਿਖਿਆ ਹੈ ਇਸ ਲਈ ਇਹ ਵੇਖਣ ਲਈ ਪਿੰਗਲਵਾੜਾ ਅੰਮ੍ਰਿਤਸਰ ਵਾਲਿਆਂ ਦੀ ਜੰਤਰੀ ਵੇਖੀ ਤਾਂ ਪਤਾ ਲੱਗਾ ਕਿ ਇਸ ਸਾਲ ਦੌਰਾਨ ‘ਜੇਠ’ ਨਾਮ ਦੇ ਦੋ ਚੰਦਰ ਮਹੀਨੇ ਹਨ ਜਿਸ ਮੁਤਾਬਕ 19 ਮਈ ਨੂੰ (ਪਹਿਲੇ ਮਹੀਨੇ ਦੀ) ਜੇਠ ਸੁਦੀ 4 ਹੈ ਅਤੇ 17 ਜੂਨ ਨੂੰ (ਦੂਸਰੇ ਮਹੀਨੇ ਦੀ) ਜੇਠ ਸੁਦੀ 4 ਹੈ। ਕਰਨਲ ਨਿਸ਼ਾਨ ਨੇ ਪਹਿਲੇ ਜੇਠ ਦੀ ਤਿੱਥ ਨਿਸਚਿਤ ਕਰ ਦਿੱਤੀ ਅਤੇ ਸ਼੍ਰੋਮਣੀ ਕਮੇਟੀ ਨੇ ਦੂਜੇ ਜੇਠ ਦੀ। ਇਸੇ ਤਰ੍ਹਾਂ ਪਿੰਗਲਵਾੜੇ ਦੀ ਜੰਤਰੀ ਵਿੱਚ 29 ਮਾਰਚ ਨੂੰ 16 ਚੇਤ ਅਤੇ ਚੇਤ ਸੁਦੀ 14 ਦਰਜ ਹੈ। ਫਿਰ ਵੇਖਿਆ ਗਿਆ ਕਿ ਸ਼੍ਰੋਮਣੀ ਕਮੇਟੀ ਅਤੇ ਕਰਨਲ ਨਿਸ਼ਾਨ (ਦੋਵਾਂ) ਨੇ ਜੇ ਚੇਤ ਸੁਦੀ 14 ਨੂੰ ਹੀ ਮੁੱਖ ਰੱਖਣਾ ਹੈ ਤਾਂ ਇੱਕ ਦਿਨ ਦਾ ਫਰਕ ਕਿਉਂ ਹੈ ? ਧਿਆਨ ਨਾਲ ਵੇਖੇ ਜਾਣ ’ਤੇ ਪਤਾ ਲੱਗਾ ਕਿ ਪਿੰਗਲਵਾੜੇ ਦੀ ਜੰਤਰੀ ਵਿੱਚ 25 ਮਾਰਚ/ 12 ਚੇਤ ਨੂੰ ਚੰਦਰ ਮਹੀਨੇ ਦੀਆਂ ਇਕੱਠੀਆਂ ਹੀ ਦੋ ਤਿੱਥਾਂ ਚੇਤ ਸੁਦੀ 8 ਅਤੇ 9 ਆ ਗਈਆਂ ਜਿਸ ਕਾਰਨ ਚੇਤ ਸੁਦੀ 14 ; 30 ਮਾਰਚ ਦੀ ਬਜਾਏ ਇੱਕ ਦਿਨ ਪਹਿਲਾਂ ਹੀ 29 ਮਾਰਚ/16 ਚੇਤ ਨੂੰ ਆ ਗਈ। ਸ਼੍ਰੋਮਣੀ ਕਮੇਟੀ ਨੇ ਇੱਥੋਂ ਵੇਖ ਕੇ 16 ਚੇਤ ਨਿਸਚਿਤ ਕਰ ਦਿੱਤੀ ਅਤੇ ਕਰਨਲ ਨਿਸ਼ਾਨ ਨੇ ਜਿਹੜੀ ਜੰਤਰੀ ਜਾਂ ਪੰਚਾਂਗ ਵੇਖੀ ਹੋਵੇਗੀ ਉਨ੍ਹਾਂ ਵਿੱਚ ਸ਼ਾਇਦ ਚੰਦਰ ਮਹੀਨੇ ਦੀ ਇੱਕ ਤਿੱਥ ਦਾ ਘਾਟਾ 25 ਮਾਰਚ ਦੀ ਬਜਾਏ 30 ਮਾਰਚ ਤੋਂ ਬਾਅਦ ਕਿਸੇ ਹੋਰ ਦਿਨ ਕੱਢਿਆ ਹੋਵੇਗਾ ਇਸ ਲਈ ਉਨ੍ਹਾਂ ਦੇ ਹਿਸਾਬ ਨਾਲ ਚੇਤ ਸੁਦੀ 14 ; 30 ਮਾਰਚ ਨੂੰ ਆਈ ? ਇਸ ਪੜਤਾਲ ਰਾਹੀਂ ਸ਼੍ਰੋਮਣੀ ਕਮੇਟੀ ਦੀ ਇਹ ਬੇਈਮਾਨੀ ਸਾਹਮਣੇ ਆਈ ਕਿ ਉਹ ਗੁਰ ਪੁਰਬਾਂ ਦੀਆਂ ਤਰੀਖਾਂ ਨਿਸਚਿਤ ਤਾਂ ਕਰਦੀ ਹੈ ਚੰਦਰ ਸਾਲ ਦੀਆਂ ਤਰੀਖਾਂ ਮੁਤਾਬਕ ਹੀ, ਪਰ ਕੈਲੰਡਰ ਵਿੱਚ ਚੰਦ੍ਰਮਾਂ ਦੀਆਂ ਤਿਥਾਂ ਦਰਜ ਨਹੀਂ ਕਰਦੀ ਅਤੇ ਲਿਖ ਦਿੰਦੀ ਹੈ ਸੂਰਜੀ ਸਾਲ ਦੀਆ ਤਰੀਖਾਂ ਤਾਂ ਕਿ ਚੈੱਕ ਕਰਨ /ਮਿਲਾਣ ਕਰਨ ਵਾਲਾ ਮਾਰੀ ਜਾਵੇ ਟੱਕਰਾਂ ਕਿ ਗੁਰ ਪੁਰਬ ਕਿਸ ਤਰੀਖ ਨੂੰ ਹੋਵੇਗਾ ਅਤੇ ਕਿਹੜੀ ਸਹੀ ਹੈ ਤੇ ਕਿਹੜੀ ਗਲਤ ਹੈ ? ਨਾਨਕਸ਼ਾਹੀ ਕੈਲੰਡਰ ਦੀਆਂ ਵਿਰੋਧੀ ਜਿਹੜੀਆਂ ਤਿੰਨੇ ਧਿਰਾਂ (ਸ਼੍ਰੋਮਣੀ ਕਮੇਟੀ, ਸੰਤ ਸਮਾਜ ਅਤੇ ਉਨ੍ਹਾਂ ਦਾ ਸਭ ਤੋਂ ਵੱਡਾ ਮੰਨਿਆ ਹੋਇਆ ਕੈਲੰਡਰ ਵਿਗਿਆਨੀ ਕਰਨਲ ਨਿਸ਼ਾਨ, ਡਾ: ਅਨੁਰਾਗ  ਸਿੰਘ, ਐਡਵੋਕੈਟ ਲਾਂਬਾ ਅਤੇ ਉਨ੍ਹਾਂ ਦੇ ਪਿਛ ਲਗ ਬਣੇ ਹਰਦੇਵ ਸਿੰਘ ਜੰਮੂ ਆਦਿਕ ਵੀ ਸਮਝ ਨਹੀਂ ਸਕਦੇ ਕਿ ਜੇ ਕਿਸੇ ਮਹੀਨੇ ਇੱਕੇ ਗੁਰ ਪੁਰਬ ਦੀਆਂ ਦੋ ਤਿਥਾਂ ਜਾਂ ਇੱਕੋ ਨਾਮ ਦੇ ਦੋ ਮਹੀਨੇ ਆ ਜਾਣ ਤਾਂ ਗੁਰ ਪੁਰਬ ਪਹਿਲੇ ਮਹੀਨੇ ਵਿਚ ਮੰਨਾਏ ਜਾਣ ਜਾਂ ਦੂਸਰੇ ਮਹੀਨੇ ਵਿੱਚ। ਉਨ੍ਹਾਂ ਨੂੰ ਇਹ ਕਿੱਥੋਂ ਸਮਝ ਲੱਗਣੀ ਹੈ ਕਿ ਜਿਸ ਤਰ੍ਹਾਂ ਪਿੰਗਲਵਾੜੇ ਵਾਲੀ ਜੰਤਰੀ ਵਿੱਚ 10 ਮਾਰਚ 2018 ਨੂੰ ਵੀ ਚੇਤ ਵਦੀ 9 ਹੈ ਅਤੇ 11 ਮਾਰਚ ਨੂੰ ਵੀ ਚੇਤ ਵਦੀ 9 ਹੈ, ਪਰ 25 ਮਾਰਚ/ 12 ਚੇਤ ਨੂੰ ਚੰਦਰ ਮਹੀਨੇ ਦੀਆਂ ਇਕੱਠੀਆਂ ਹੀ ਦੋ ਤਿੱਥਾਂ ਚੇਤ ਸੁਦੀ 8 ਅਤੇ 9 ਆ ਗਈਆਂ, ਉਸੇ ਤਰ੍ਹਾਂ ਪੋਹ ਸੁਦੀ 7 ਵੀ ਜੇ ਕਿਸੇ ਸਾਲ ਦੋ ਵਾਰ ਆ ਜਾਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪਹਿਲਾਂ ਆਉਣ ਵਾਲੀ ਪੋਹ ਸੁਦੀ 7 ਨੂੰ ਮਨਾਇਆ ਜਾਵੇ ਜਾਂ ਪਿੱਛੋਂ ਆਉਣ ਵਾਲੀ ਪੋਹ ਸੁਦੀ 7 ਨੂੰ। ਉਨ੍ਹਾਂ ਨੂੰ ਇਹ ਕਿੱਥੋਂ ਪਤਾ ਲੱਗਣਾ ਹੈ ਕਿ ਕਾਫੀ ਲੰਬੇ ਸਮੇਂ ਬਾਅਦ ਇਸ ਤਰ੍ਹਾਂ ਵੀ ਵਾਪਰ ਜਾਂਦਾ ਹੈ ਕਿ ਪੋਹ ਤੋਂ ਪਹਿਲਾਂ ਦਾ ਕੋਈ ਮਹੀਨਾ ਤਾਂ ਸਾਲ ਵਿੱਚ ਦੋ ਵਾਰ ਆ ਜਾਂਦਾ ਹੈ ਪਰ ਪੋਹ ਦਾ ਮਹੀਨਾ ਹੀ ਖਤਮ (ਖੈ) ਹੋ ਜਾਂਦਾ ਹੈ ਜਿਵੇਂ ਕਿ ਅੱਜ ਤੋਂ 10 ਸਾਲ ਬਾਅਦ ਭਾਵ ਬਿਕ੍ਰਮੀ ਸੰਮਤ 2085 ; ਨਾਨਕਸ਼ਾਹੀ ਸੰਮਤ 560 (2028-29 ਈ:) ਵਿੱਚ ਐਸੀ ਅਜ਼ੀਬ ਸਥਿਤੀ ਬਣੇਗੀ ਕਿ ਉਸ ਸਾਲ ਵਿੱਚ ਕੱਤਕ ਦੇ ਤਾਂ ਦੋ ਮਹੀਨੇ ਹੋਣਗੇ ਪਰ ਪੋਹ ਦਾ ਕੋਈ ਮਹੀਨਾ ਹੀ ਨਹੀਂ ਹੋਵੇਗਾ। ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਦੱਸਣ ਕਿ ਨਾਨਕਸ਼ਾਹੀ ਸੰਮਤ 560 ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਕਦੋਂ ਮਨਾਇਆ ਜਾਵੇਗਾ ਜਾਂ ਉਸ ਸਾਲ ਮਨਾਇਆ ਹੀ ਨਹੀਂ ਜਾਵੇਗਾ।

ਕੈਲੰਡਰ ਮਾਹਰਾਂ ਅਨੁਸਾਰ 19 ਸਾਲਾਂ ਵਿੱਚ 7 ਸਾਲ ਅਜਿਹੇ ਆਉਂਦੇ ਹਨ ਜਿਨ੍ਹਾਂ ਵਿੱਚ ਇੱਕੋ ਨਾਂ ਦੇ ਦੋ ਮਹੀਨੇ ਆ ਜਾਂਦੇ ਹਨ। ਹੋਰਨਾਂ ਦੀ ਤਾਂ ਗੱਲ ਹੀ ਛੱਡੋ ਖ਼ੁਦ ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜਿਸ ਨੂੰ ਕੈਲੰਡਰ ਵਿਗਿਆਨ ਦਾ ਸਭ ਤੋਂ ਵੱਡਾ ਵਿਦਵਾਨ ਦੱਸਿਆ ਜਾ ਰਿਹਾ ਹੈ ਉਸ ਨੂੰ ਵੀ ਇਹ ਪਤਾ ਨਹੀਂ ਕਿ ਜੇ ਕਿਸੇ ਸਾਲ ਇੱਕੋ ਨਾਮ ਦੇ ਦੋ ਮਹੀਨੇ ਆ ਜਾਣ ਤਾਂ ਗੁਰ ਪੁਰਬ ਪਹਿਲਾਂ ਆਉਣ ਵਾਲੇ ਮਹੀਨੇ ਦੀਆਂ ਸਬੰਧਿਤ ਤਿੱਥਾਂ ਨੂੰ ਮਨਾਇਆ ਜਾਵੇ ਜਾਂ ਪਿੱਛੋਂ ਆਉਣ ਵਾਲੇ ਮਹੀਨੇ ਵਿੱਚ। ਕਿਉਂਕਿ ਕਰਨਲ ਨਿਸ਼ਾਨ ਨੇ ਆਪਣੀ ਪੁਸਤਕ “ਗੁਰ ਪੁਰਬ ਦਰਪਣ” ਵਿੱਚ ਕਈ ਗੁਰ ਪੁਰਬ ਤਾਂ ਪਹਿਲੇ ਮਹੀਨੇ ਵਿੱਚ ਦਰਜ ਕੀਤੇ ਹਨ ਅਤੇ ਕਈ ਗੁਰ ਪੁਰਬ ਦੂਸਰੇ ਮਹੀਨੇ ਵਿੱਚ। ਕਰਨਲ ਨਿਸ਼ਾਨ ਆਪਣੇ ਇਸ ਦੁਬਿਧਾਪਨ ਤੋਂ ਮੁਨਕਰ ਨਹੀਂ ਹੋ ਸਕਦੇ। ਜੇ ਉਹ ਦ੍ਰਿੜਤਾ ਨਾਲ ਸਪਸ਼ਟ ਕਰਨ ਕਿ ਪਹਿਲੇ ਮਹੀਨੇ ਵਿੱਚ ਮਨਾਉਣੇ ਚਾਹੀਦੇ ਹਨ ਤਾਂ ਉਹ ਗੁਰ ਪੁਰਬ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੇ ਜਾ ਸਕਦੇ ਹਨ ਜਿਥੇ ਉਨ੍ਹਾਂ ਨੇ ਆਪਣੇ ਹੀ ਫੈਸਲੇ ਦੇ ਉਲਟ ਦੂਸਰੇ ਮਹੀਨੇ ਵਿੱਚ ਗੁਰ ਪੁਰਬ ਨਿਸਚਿਤ ਕੀਤੇ ਹੋਏ ਹਨ। ਜਦ ਕਰਨਲ ਨਿਸ਼ਾਨ ਦੀ ਪੁਸਤਕ “ਗੁਰ ਪੁਰਬ ਦਰਪਣ” ਵੱਡੀ ਗਿਣਤੀ ਵਿੱਚ ਛਪਵਾ ਕੇ ਮੁਫਤ ਵੰਡਣ ਵਾਲੇ ਸੰਤ ਸੇਵਾ ਸਿੰਘ ਰਾਮਪੁਰ ਖੇੜੇ ਵਾਲੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੂੰ ਤਾਂ ਇਹ ਹੀ ਨਹੀਂ ਸੀ ਪਤਾ ਕਿ ਦੋ ਤਿੱਥਾਂ ਕਿਵੇਂ ਆ ਜਾਂਦੀਆਂ ਹਨ ਜਾਂ ਨਹੀਂ। ਪਹਿਲਾਂ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇੱਕੋ ਤਿੱਥ ਜਾਂ ਇੱਕੋ ਮਹੀਨਾ ਸਾਲ ਵਿੱਚ ਦੋ ਵਾਰ ਆ ਹੀ ਨਹੀਂ ਸਕਦਾ। ਜਦ ਉਨ੍ਹਾਂ ਦੱਸਿਆ ਗਿਆ ਕਿ ਪਿੰਗਲਵਾੜੇ ਵਾਲੀ ਜਾਂ ਕੋਈ ਵੀ ਹੋਰ ਜੰਤਰੀ ਪੜ੍ਹ ਕੇ ਵੇਖੋ ਉਨ੍ਹਾਂ ਵਿੱਚ ਇਸ ਸਾਲ ਚੰਦਰ ਮਹੀਨੇ ਜੇਠ ਦੇ ਦੋ ਮਹੀਨੇ ਹਨ। ਕਰਨਲ ਨਿਸ਼ਾਨ ਨੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਪਹਿਲੇ ਮਹੀਨੇ ਦੀ ਜੇਠ ਸੁਦੀ 04 ਮੁਤਾਬਕ 19ਮਈ ਦਰਜ ਕੀਤਾ ਹੋਇਆ ਹੈ ਅਤੇ ਸ਼੍ਰੋਮਣੀ ਕਮੇਟੀ ਨੇ ਦੂਜੇ ਮਹੀਨੇ ਦੀ ਜੇਠ ਸੁਦੀ 04 ਮੁਤਾਬਕ 17 ਜੂਨ ਦਰਜ ਕੀਤਾ ਹੈ। ਇਸ ਲਈ ਸੰਤ ਜੀ ! ਤੁਸੀਂ ਦੱਸੋ ਕਿ ਇਨ੍ਹਾਂ ਦੋਵਾਂ ਵਿੱਚੋਂ ਤੁਸੀਂ ਕਿਹੜੀ ਤਰੀਖ ਨੂੰ ਸਹੀ ਮੰਨਦੇ ਹੋ ਅਤੇ ਕਿਸ ਤਰੀਖ ਨੂੰ ਸ਼ਹੀਦੀ ਗੁਰ ਪੁਰਬ ਮਨਾਉਂਗੇ ? ਇਹ ਸੁਣ ਕੇ ਸੰਤ ਜੀ ਠਠੰਬਰ ਗਏ ਅਤੇ ਕਹਿਣ ਲੱਗੇ ਕਿ ਇਹ ਤਾਂ ਵਿਦਵਾਨਾਂ ਨੂੰ ਚਾਹੀਦਾ ਹੈ ਕਿ ਉਹ ਮਿਲ ਬੈਠ ਕੇ ਫੈਸਲਾ ਕਰਨ। ਤੁਸੀਂ ਅਕਾਲ ਤਖ਼ਤ ਨੂੰ ਪੱਤਰ ਲਿਖੋ ਕਿ ਵਿਦਵਾਨਾਂ ਨੂੰ ਇੱਕ ਥਾਂ ਬਿਠਾ ਕੇ ਛੇਤੀ ਫੈਸਲਾ ਕਰਨ। ਸੰਤ ਜੀ ਨੂੰ ਦੱਸਿਆ ਗਿਆ ਕਿ ਤੁਸੀਂ ਇੱਕ ਪੱਤਰ ਦੀ ਗੱਲ ਕਰਦੇ ਹੋ, 2014 ਦੇ ਸ਼ੁਰੂ ਵਿੱਚ 10,000 ਤੋਂ ਵੱਧ ਗੁਰਸਿੱਖਾਂ ਨੇ ਮਤੇ ਪਾਸ ਕਰ ਕੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਸ ਸਬੰਧ ਵਿੱਚ ਬੇਨਤੀ ਕੀਤੀ ਸੀ ਕਿ ਕੈਲੰਡਰ ਦਾ ਮਸਲਾ ਹੱਲ ਕਰ ਕੇ ਕੌਮ ਨੂੰ ਦੁਬਿਧਾ ਵਿੱਚੋਂ ਕੱਢਿਆ ਜਾਵੇ। ਦੋ ਢਾਈ ਮਹੀਨੇ ਪਿੱਛੋਂ ਜਥੇਦਾਰ ਨੇ ਨਾਨਕਸ਼ਾਹੀ ਕੈਲੰਡਰ ਦਾ ਮਸਲਾ ਹੱਲ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਿਸ ਵਿੱਚ ਸ਼ਾਮਲ ਕੀਤੇ ਵਿਦਵਾਨਾਂ ਦੇ ਨਾਂ ਵੀ ਐਲਾਨੇ ਗਏ ਸਨ ਪਰ ਉਨ੍ਹਾਂ ਦੀ ਮੀਟਿੰਗ ਤਾਂ ਕੀ ਹੋਣੀ ਸੀ, ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਨੇ ਆਪਣੇ ਵੱਲੋਂ ਐਲਾਨੇ ਗਏ ਕਮੇਟੀ ਮੈਂਬਰਾਂ ਨੂੰ ਅੱਜ ਤੱਕ ਰਸਮੀ ਤੌਰ ’ਤੇ ਇਹ ਵੀ ਸੂਚਨਾ ਨਹੀਂ ਦਿੱਤੀ ਗਈ ਕਿ ਤੁਹਾਨੂੰ ਕੈਲੰਡਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਸੰਤ ਸੇਵਾ ਸਿੰਘ ਮੇਰੀ ਗੱਲ ਨਾਲ ਤਾਂ ਸਹਿਮਤ ਸਨ ਪਰ ਜਵਾਬ ਉਨ੍ਹਾਂ ਪਾਸ ਕੋਈ ਨਹੀਂ ਸੀ।

ਹੁਣ ਦੱਸੋ ਜੇ ਆਪਣੇ ਆਪ ਨੂੰ ਤਾਰਾ ਵਿਗਿਆਨੀ ਕਹਾਉਣ ਵਾਲੇ ਅਤੇ ਕੈਲੰਡਰ ਸਬੰਧੀ ਪੁਸਤਕਾਂ ਲਿਖਣ ਵਾਲੇ ਕਰਨਲ ਨਿਸ਼ਾਨ, ਉਨ੍ਹਾਂ ਦੀਆਂ ਪੁਸਤਕਾਂ ਛਪਵਾ ਕੇ ਮੁਫਤ ਵੰਡਣ ਵਾਲੇ ਸੰਤ ਸੇਵਾ ਸਿੰਘ, ਕੈਲੰਡਰਾਂ ਸਬੰਧੀ ਫੈਸਲੇ ਲੈਣ ਦੇ ਅਧਿਕਾਰੀ ਬਣੇ ਹੋਏ ਜਥੇਦਾਰ ਅਤੇ ਕੈਲੰਡਰ ਲਾਗੂ ਕਰਨ ਦੀ ਅਧਿਕਾਰੀ ਸ਼੍ਰੋਮਣੀ ਕਮੇਟੀ ਵੀ ਦੋ ਟੂਕ ਇਹ ਫੈਸਲਾ ਨਹੀਂ ਕਰ ਸਕਦੇ ਕਿ ਚੰਦ੍ਰਮਾਂ ਦੀਆਂ ਤਿੱਥਾਂ ਮੁਤਾਬਕ ਗੁਰ ਪੁਰਬ ਕਿਸ ਦਿਨ ਆ ਰਿਹਾ ਹੈਂ ਤਾਂ ਆਮ ਸਿੱਖ ਸੰਗਤਾਂ ਦਾ ਕੀ ਹਾਲ ਹੋਵੇਗਾ ?

ਉਕਤ ਨੀਮ ਹਕੀਮਾਂ ਨੂੰ ਸਵਾਲ ਹੈ ਕਿ ਜੇ ਹਰ ਦੂਜੇ/ਤੀਜੇ ਸਾਲ ਖਿੱਚ ਧੂ ਕਰ ਕੇ ਚੰਦਰ ਸਾਲ ਨੂੰ ਸੂਰਜੀ ਕੈਲੰਡਰ ਦੇ ਨੇੜੇ ਰੱਖਣ ਲਈ ਇੱਕ ਮਹੀਨਾ ਫਾਲਤੂ ਜੋੜਨਾ ਹੀ ਪੈਣਾ ਹੈ ਤਾਂ ਕਿਉਂ ਨਹੀਂ ਪਹਿਲਾਂ ਹੀ ਸੂਰਜੀ ਕੈਲੰਡਰ ਅਪਨਾ ਲੈਂਦੇ ? ਇਹ ਲੋਕ ਗੁਰ ਪੁਰਬਾਂ ਨੂੰ ਗੁਰਮਤਿ ਅਤੇ ਇਤਿਹਾਸ ਮੁਤਾਬਕ ਚੰਦ੍ਰਮਾਂ ਦੀਆਂ ਤਿੱਥਾਂ ਅਨੁਸਾਰ ਮਨਾਉਣ ਦੀ ਵਕਾਲਤ ਕਰਦੇ ਰਹਿੰਦੇ ਹਨ ਇਸ ਲਈ ਇਨ੍ਹਾਂ ਨੂੰ ਸਵਾਲ ਹੈ ਕਿ ਗੁਰਬਾਣੀ ਵਿੱਚ ਕੋਈ ਇੱਕ ਵੀ ਪ੍ਰਮਾਣ ਵਿਖਾ ਦੇਣ, ਜਿਸ ਵਿੱਚ ਇਹ ਲਿਖਿਆ ਹੋਵੇ ਕਿ ਗੁਰ ਪੁਰਬ ਚੰਦਰ ਮਹੀਨੇ ਦੀਆਂ ਤਿੱਥਾਂ ਮੁਤਾਬਕ ਅਤੇ ਵੈਸਾਖੀ ਸਮੇਤ ਹੋਰ ਇਤਿਹਾਸਕ ਦਿਹਾੜੇ ਸੂਰਜੀ ਤਰੀਖਾਂ ਨੂੰ ਮੰਨਾਏ ਜਾਣਾ ਹੀ ਅਸਲ ਗੁਰਮਤਿ ਹੈ। ਇਹ ਵੀ ਦੱਸਣ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਿੱਥ ਪੋਹ ਸੁਦੀ 7 ਲਿਖੀ ਹੋਈ ਹੈ ਤਾਂ 23 ਪੋਹ ਵੀ ਲਿਖਿਆ ਹੈ ਫਿਰ ਦੱਸੋ ਪੋਹ ਸੁਦੀ 7 ਦੀ ਬਜਾਏ 23 ਪੋਹ ਨੂੰ ਗੁਰ ਪੁਰਬ ਮਨਾਉਣ ਨਾਲ ਕਿਸ ਗੁਰਮਤਿ ਸਿਧਾਂਤ ਅਤੇ ਇਤਿਹਾਸ ਵਿੱਚ ਵਿਗਾੜ ਪੈਦਾ ਹੋ ਜਾਵੇਗਾ ?

ਕਿਰਪਾਲ ਸਿੰਘ ਬਠਿੰਡਾ