ਪੱਤਰ ਨੰ: 4 ਸਰਬਜੀਤ ਸਿੰਘ ਸੈਕਰਾਮੈਂਟੋ ਵੱਲੋਂ ਕਰਨਲ ਨਿਸ਼ਾਨ ਨੂੰ ਪੱਤਰ

0
261

ਪੱਤਰ ਨੰ: 4  ਸਰਬਜੀਤ ਸਿੰਘ ਸੈਕਰਾਮੈਂਟੋ ਵੱਲੋਂ ਕਰਨਲ ਨਿਸ਼ਾਨ ਨੂੰ ਪੱਤਰ

ਲੈਫ: ਕਰਨਲ ਸਰਜੀਤ ਸਿੰਘ ਨਿਸ਼ਾਨ ਜੀ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।

ਵਿਸ਼ਾ:- ਸੰਮਤ 550 ਨਾਨਕਸ਼ਾਹੀ ਤਾਰੀਖ: 3/27/2018

ਕਰਨਲ ਨਿਸ਼ਾਨ ਜੀ,  ਤਹਾਡੀ ਪਹਿਲੀ ਈ-ਮੇਲ (25  ਮਾਰਚ) ਮਿਲ ਗਈ ਸੀ। ਦੂਜੀ ਈ ਮੇਲ (26 ਮਾਰਚ)  ਵੀ ਮਿਲ ਗਈ ਹੈ। ਵਿਚਾਰ ਚਰਚਾ ਨੂੰ ਅੱਗੇ ਤੋਰਨ ਲਈ ਬਹੁਤ-ਬਹੁਤ ਧੰਨਵਾਦ। ਤਹਾਡਾ ਪੱਤਰ ਪੜ੍ਹ ਕੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਦੀ ਪੜਤਾਲ ਕੀਤੀ ਹੈ। ਗੁਰੂ ਹਰਿਰਾਏ ਜੀ ਦੇ ਜੋਤੀ ਜੋਤ ਅਤੇ ਗੁਰੂ ਤੇਗ ਬਹਾਦਰ ਜੀ ਦੀ ਗੁਰਗੱਦੀ ਦਿਵਸ ਬਾਰੇ ਹੈਰਾਨ ਕੁਨ ਜਾਣਕਾਰੀ ਸਾਹਮਣੇ ਆਈ ਹੈ। ਸੰਮਤ 542 (2010 ਈ.) ਵਿੱਚ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰ ਕੇ ਦੋ ਮੈਂਬਰੀ ਕਮੇਟੀ ਦੀ ਰਿਪੋਰਟ ਮੁਤਾਬਕ ਬਣਾਏ ਗਏ ਧੁਮੱਕੜਸ਼ਾਹੀ ਕੈਲੰਡਰ ਵਿਚ ਇਨ੍ਹਾਂ ਦਿਹਾੜਿਆਂ ਦੀ ਤਾਰੀਖ਼ ਹਰ ਸਾਲ ਬਦਲ ਜਾਂਦੀ ਹੈ। 

ਇਤਿਹਾਸਕ ਵਸੀਲਿਆਂ ਮੁਤਾਬਕ ਗੁਰੂ ਹਰਿ ਕ੍ਰਿਸ਼ਨ ਜੀ ਦਾ ਜੋਤੀ ਜੋਤ ਅਤੇ ਗੁਰੂ ਤੇਗ ਬਹਾਦਰ ਜੀ ਦਾ ਗੁਰਗੱਦੀ ਦਿਹਾੜਾ ਚੇਤ ਸੁਦੀ 14 ਸੰਮਤ 1721 ਬਿਕ੍ਰਮੀ, 3 ਵੈਸਾਖ, 30 ਮਾਰਚ 1664 ਈ: (ਜੂਲੀਅਨ) ਹੈ। ਸ਼੍ਰੋਮਣੀ ਕਮੇਟੀ ਦੇ 9 ਸਾਲਾਂ ਦੇ ਕੈਲੰਡਰਾਂ ਦੀ ਪੜਤਾਲ ਕੀਤਿਆਂ ਇਹ ਤੱਥ ਸਾਹਮਣੇ ਆਇਆ ਹੈ ਕਿ ਕਮੇਟੀ ਨਾ ਤਾਂ ਚੇਤ ਸੁਦੀ 14 ਨੂੰ ਮੰਨਦੀ ਹੈ ਅਤੇ ਨਾ ਹੀ 3 ਵੈਸਾਖ ਨੂੰ। ਤੁਹਾਡੇ ਵੱਲੋਂ ਦਰਜ ਕੀਤੀ, ਚੇਤ ਸੁਦੀ 14 ਮੁਤਾਬਕ 30 ਮਾਰਚ ਸਹੀ ਤਾਰੀਖ ਹੈ।

ਕਰਨਲ ਨਿਸ਼ਾਨ ਜੀ, ਆਪ ਜੀ ਮੇਰੇ ਨਾਲ ਸਹਿਮਤ ਹੋਵੋਗੇ ਕਿ ਜੇ ਅਸੀਂ€ ਵਦੀ-ਸੁਦੀ ਭਾਵ ਚੇਤ ਸੁਦੀ 14 ਨੂੰ ਮੁੱਖ ਰੱਖਦੇ ਹਾਂ ਤਾਂ ਹਰ ਸਾਲ ਇਹ ਤਾਰੀਖ ਬਦਲ ਜਾਂਦੀ ਹੈ। ਦੂਜੇ ਪਾਸੇ ਜੇ ਅਸੀਂ ਉਸ ਦਿਨ ਦੇ ਪ੍ਰਿਵਸ਼ਟੇ (ਬਦਲੇ) ਭਾਵ 3 ਵੈਸਾਖ ਨੂੰ ਮੁੱਖ ਰੱਖੀਏ ਤਾਂ ਇਹ ਤਾਰੀਖ ਭਵਿਖ ਵਿਚ ਕਦੇ ਵੀ ਨਹੀਂ ਬਦਲਗੀ। ਇਸ ਬਾਰੇ ਆਪ ਜੀ ਦਾ ਕੀ ਵਿਚਾਰ ਹੈ ?

ਸੰਮਤ 550  ਨਾਨਕਸ਼ਾਹੀ ਸਬੰਧੀ ਬੇਨਤੀ ਹੈ ਕਿ ਇਹ 1  ਚੇਤ (14  ਮਾਰਚ)  ਤੋਂ ਆਰੰਭ ਹੋਇਆ ਹੈ, 30 ਫੱਗਣ (13 ਮਾਰਚ) ਸੰਮਤ 549 ਖਤਮ ਹੋ ਗਿਆ ਸੀ। (ਸਾਲ ਦੀ ਲੰਬਾਈ ਵਿਚ ਅੰਤਰ ਹੋਣ ਕਾਰਨ 2027, 2031 ਅਤੇ 2035 ਈ: ਵਿਚ ਇਸ ਦਾ ਆਰੰਭ 15 ਮਾਰਚ ਨੂੰ ਹੋਵੇਗਾ) ਕਿਉਂਕਿ ਇਹ ਸੂਰਜੀ ਸਾਲ ਹੈ, ਜਿਸ ਸਾਲ ਦੇ 365.2563 ਦਿਨ ਹਨ। ਚੇਤ ਸੁਦੀ 1 (18 ਮਾਰਚ) ਤੋਂ ਆਰੰਭ ਹੋਣ ਵਾਲਾ ਬ੍ਰਿਕਮੀ ਸੰਮਤ 2075 ਹੈ। ਉਸ ਦਿਨ ਤਾਂ 5 ਚੇਤ ਸੀ ਕਿਉਂਕਿ ਤੁਸੀਂ ਸਿਰਲੇਖ,  “ਸੰਮਤ ਨਾਨਕਸ਼ਾਹੀ 550 ਵਿਚ ਆਉਣ ਵਾਲੇ ਪੁਰਬ”, ਰੱਖਿਆ ਹੈ ਇਸ ਲਈ 1 ਚੇਤ (14 ਮਾਰਚ) ਤੋਂ ਸੰਮਤ 550 ਨਾਨਕਸ਼ਾਹੀ ਦਾ ਆਰੰਭ ਹੁੰਦਾ ਹੈ।

ਤੀਜਾ ਅਤੇ ਸਭ ਤੋਂ ਅਹਿਮ ਨੁਕਤਾ ਹੈ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਤਾਰੀਖ;

ਨਿਸ਼ਾਨ ਜੀ, ਤੁਸੀਂ ਜੇਠ ਸੁਦੀ 4 ਮੁਤਾਬਕ 19 ਮਈ ਦੀ ਤਾਰੀਖ ਦਰਜ ਕੀਤੀ ਹੈ ਅਤੇ ਸਵਾਲ ਨੰਬਰ 27 ਦਾ ਹਵਾਲਾ ਦਿੱਤਾ ਹੈ। ਇਸ ਸਬੰਧੀ ਬੇਨਤੀ ਇਹ ਹੈ ਕਿ ਤੁਸੀਂ ਆਪ ਹੀ ਸਵਾਲ ਕਰ ਕੇ ਆਪ ਹੀ ਜਵਾਬ ਦਿੱਤਾ ਹੈ। ਤੁਹਾਡਾ ਜਵਾਬ ਤਕਨੀਕੀ ਤੌਰ ’ਤੇ ਗਲਤ ਹੈ।

ਜਿਵੇਂ ਕਿ ਆਪ ਜੀ ਜਾਣਦੇ ਹੀ ਹੋ ਕਿ ਚੰਦ ਦਾ ਸਾਲ (ਚੇਤ ਸੁਦੀ 1 ਤੋਂ ਚੇਤ ਵਦੀ 15) ਦੀ ਲੰਬਾਈ 354.37 ਦਿਨ ਹੋਣ ਕਾਰਨ ਇਹ ਸੂਰਜੀ ਸਾਲ (1 ਚੇਤ-30 ਫੱਗਣ) ਤੋਂ 11 ਦਿਨ ਛੋਟਾ ਹੈ। ਇਸ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ (19 ਸਾਲ ਵਿਚ 7 ਵਾਰ) ਇਸ ਵਿਚ ਇਕ ਵਾਧੂ ਮਹੀਨਾ ਜੋੜ ਦਿੱਤਾ ਜਾਂਦਾ ਹੈ। ਜਿਸ ਨੂੰ ਮਲ ਮਾਸ ਕਹਿੰਦੇ ਹਨ। ਇਸ ਵਾਧੂ ਮਹੀਨੇ (ਮਲ ਮਾਸ) ਵਿੱਚ ਕੋਈ ਵੀ ਸ਼ੁਭ ਕੰਮ ਨਹੀਂ ਕੀਤਾ ਜਾਂਦਾ। ਇਸ ਸਾਲ ਵੀ ਜੇਠ ਦੇ ਦੋ ਮਹੀਨੇ ਹਨ। ਪਹਿਲੇ ਜੇਠ ਦਾ ਪਹਿਲਾ ਪੱਖ (ਵਦੀ ਪੱਖ) ਚੰਗਾ, ਪਹਿਲੇ ਜੇਠ ਦਾ ਦੂਜਾ ਪੱਖ (ਸੁਦੀ ਪੱਖ) ਮਾੜਾ, ਦੂਜੇ ਜੇਠ ਦਾ ਪਹਿਲਾ ਪੱਖ (ਵਦੀ ਪੱਖ) ਮਾੜਾ ਅਤੇ ਦੂਜੇ ਜੇਠ ਦਾ ਦੂਜਾ ਪੱਖ (ਸਦੀ ਪੱਖ) ਚੰਗਾ ਮੰਨਿਆ ਜਾਂਦਾ ਹੈ।

ਜੇਠ ਸੁਦੀ 4 ਮੁਤਾਬਕ, ਤਹਾਡੇ ਵੱਲੋਂ ਮਿਥੀ ਗਈ 19 ਮਈ ਪਹਿਲੇ ਜੇਠ ਦੇ ਅਸ਼ੁਭ ਪੱਖ ਵਿੱਚ ਆਉਂਦੀ ਹੈ ਇਸ ਲਈ ਇਹ ਗਲਤ ਹੈ। ਇਥੇ, ਜੇਠ ਸੁਦੀ 4 ਮੁਤਾਬਕ ਸ਼ਹੀਦੀ ਦਿਹਾੜਾ, ਦੂਜੇ ਜੇਠ ਦੇ ਦੂਜੇ ਪੱਖ (ਸੁਦੀ ਪੱਖ) ਵਿਚ ਮਨਾਇਆ ਜਾਵੇਗਾ, ਜੋ ਕਿ 17 ਜੂਨ (3 ਹਾੜ) ਨੂੰ ਆਵੇਗਾ। ਇਸ ਸਾਲ ਸ਼੍ਰੋਮਣੀ ਕਮੇਟੀ ਨੂੰ ਜਥਾ ਭੇਜਣ ਵਿਚ ਵੀ ਕੋਈ ਸਮਸਿਆ ਨਹੀਂ ਆਵਗੀ ਕਿਉਂਕਿ ਪਾਕਿਸਤਾਨ ਵਿਚ ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਕਾਰਨ ਉਥੇ ਇਹ ਦਿਹਾੜਾ 2 ਹਾੜ (16 ਜੂਨ) ਨੂੰ ਹੀ ਮਨਾਇਆ ਜਾਵੇਗਾ।

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀਆਂ 6 ਤਾਰੀਖ਼ਾਂ (2018,  26,  37,  45,  64  ਅਤੇ 2083) ਤੁਸੀਂ ਮਲ ਮਾਸ ਵਿਚ ਦਰਜ ਕੀਤੀਆ ਹਨ । ਜੋ ਬਿਕ੍ਰਮੀ ਕੈਲੰਡਰ ਦੇ ਵਿਧਾਨ ਅਨੁਸਾਰ ਸਹੀ ਨਹੀਂ ਹਨ।

ਗੁਰੂ ਅਰਜਨ ਦੇਵ ਜੀ ਦੀ ਗੁਰਗੱਦੀ ਦਿਹਾੜੇ ਦੀ ਤਾਰੀਖ ਤੁਸੀਂ ਭਾਦੋਂ ਸੁਦੀ 2 ਦਰਜ ਕੀਤੀ ਹੈ। (ਪੰਨਾ 53) 2031 ਈ:, 2050 ਅਤੇ 2096 ਈ: ਵਿਚ ਭਾਦੋਂ ਦਾ ਮਹੀਨਾ ਦੋ ਵਾਰ (ਮਲ ਮਾਸ) ਆਵੇਗਾ। ਇਨ੍ਹਾਂ ਤਿੰਨਾਂ ਸਾਲਾਂ ਵਿੱਚ ਤੁਸੀਂ 18 ਸਤੰਬਰ ਤਾਰੀਖ ਦਰਜ ਕੀਤੀ ਹੈ। ਜੋ ਦੂਜੇ ਭਾਦੋਂ ਦੇ ਦੂਜੇ ਪੱਖ ਵਿੱਚ ਹੈ। ਜੋ ਕਿ ਬਿਕ੍ਰਮੀ ਕੈਲੰਡਰ ਦੇ ਵਿਧੀ-ਵਿਧਾਨ ਮੁਤਾਬਕ ਸਹੀ ਹੈ। ਹੁਣ ਇਥੇ ਤੁਸੀਂ ਆਪਣੇ ਸਵਾਲ (ਨੰਬਰ 27) ਦੇ ਜਵਾਬ ਦਾ ਆਪ ਹੀ ਖੰਡਨ ਕਰ ਦਿੱਤਾ ਹੈ।  ਸੰਨ 2058 ਅਤੇ 2077 ਵਿਚ ਤੁਸੀਂ ਇਹ ਤਾਰੀਖ 19/9 ਦਰਜ ਕੀਤੀ ਹੈ। ਮੇਰੀ ਗਣਿਤ ਮੁਤਾਬਕ ਇਹ 21/8 ਅਤੇ 20/8 ਬਣਦੀਆਂ ਹਨ। ਇਨ੍ਹਾਂ ਦੀ ਪੜਤਾਲ ਵੀ ਕਰ ਲੈਣੀ ਜੀ।

ਕਰਨਲ ਨਿਸ਼ਾਨ ਜੀ, ਜੇ ਚੰਦ ਦੇ ਕੈਲੰਡਰ ਨੂੰ ਖਿੱਚ-ਧੂਹ ਕੇ ਸੂਰਜੀ ਕੈਲੰਡਰ ਦੇ ਨੇੜੇ-ਤੇੜੇ ਹੀ ਰੱਖਣਾ ਹੈ ਤਾਂ ਕਿਉਂ ਨਾ ਸੂਰਜੀ ਕੈਲੰਡਰ ਮੁਤਾਬਕ ਹੀ ਆਪਣੇ ਗੁਰ ਪੁਰਬ ਅਤੇ ਇਤਿਹਾਸਕ ਦਿਹਾੜੇ ਮਨਾਏ ਜਾਣ ? ਇਸ ਬਾਰੇ ਆਪ ਜੀ ਦੀ ਕੀਮਤੀ ਰਾਏ ਦੀ ਉਡੀਕ ਰਹੇਗੀ।

ਸਤਿਕਾਰ ਸਹਿਤ

ਸਰਵਜੀਤ ਸਿੰਘ ਸੈਕਰਾਮੈਂਟੋ ਸੰਪਰਕ ਨੰ: +1 916-230-2102