ਚਿੱਠੀ ਨੰ: 38 (ਕੈਲੰਡਰ ਮਾਮਲੇ ਵਿਚ ਮਾਹਿਰਾਂ ਦੀ ਵਿਚਾਰ-ਚਰਚਾ ਵਿਚ ਅੜਿੱਕਾ ਨਾ ਬਣੀਏ)

0
205

ਕੈਲੰਡਰ ਮਾਮਲੇ ਵਿਚ ਮਾਹਿਰਾਂ ਦੀ ਵਿਚਾਰ-ਚਰਚਾ ਵਿਚ ਅੜਿੱਕਾ ਨਾ ਬਣੀਏ

ਸ. ਹਰਦੇਵ ਸਿੰਘ ਜੰਮੂ ਕਾਫੀ ਲੰਬੇ ਸਮੇਂ ਤੋਂ ਕਹਿ ਰਹੇ ਹਨ ਕਿ ਉਹ ਜਗਿਆਸੂ ਦੀ ਤਰ੍ਹਾਂ ਕੈਲੰਡਰ ਸਬੰਧੀ ਜਾਣਕਾਰੀ ਲੈਣਾ ਚਾਹੁੰਦਾ ਹੈ ਅਤੇ ਵਿਸ਼ੇ ਨਾਲ ਸਬੰਧਿਤ ਕੋਈ ਵਿਦਵਾਨ ਉਸ ਨਾਲ ਆਮ੍ਹਣੇ ਸਾਹਮਣੇ ਬੈਠ ਕੇ ਵੀਚਾਰ ਕਰਨ ਨੂੰ ਤਿਆਰ ਨਹੀਂ ਹੁੰਦਾ, ਜਦਕਿ ਵਿਸ਼ੇ ਦੇ ਜਾਣਕਾਰ ਸਮਝਦੇ ਹਨ ਕਿ ਉਹ ਕੈਲੰਡਰ ਸਬੰਧੀ ਗੱਲਬਾਤ ਵਿੱਚ ਉਹ ਬੰਦਾ ਹੀ ਸ਼ਾਮਲ ਹੋਣ ਦੇ ਯੋਗ ਹੈ ਜਿਸ ਨੂੰ ਕੈਲੰਡਰਾਂ ਦਾ ਭਰਪੂਰ ਗਿਆਨ ਹੋਵੇ। ਜੇ ਭਾਈ ਜੰਮੂ ਜੀ ਆਪਣੇ-ਆਪ ਨੂੰ ਕੈਲੰਡਰ ਵਿੱਦਿਆ ਦਾ ਗਿਆਤਾ ਸਮਝਦੇ ਹਨ ਤਾਂ ਉਹਨਾਂ ਨੂੰ ਵੀ ਇਸ ਵਿਚਾਰ ਚਰਚਾ ਵਿਚ ਸ਼ਾਮਲ ਹੋਣ ਦਾ ਹੱਕ ਹੈ। ਪਰ ਇਸ ਤੋਂ ਪਹਿਲਾਂ ਸ ਹਰਦੇਵ ਸਿੰਘ ਜੰਮੂ ਜੀ ਨੂੰ ਕੁੱਝ ਸਵਾਲਾਂ ਹਨ ਤਾਂ ਕਿ ਉਹਨਾਂ ਦਾ ਕੈਲੰਡਰ ਗਿਆਨ ਬਾਕੀ ਸਾਰੇ ਵਿਦਵਾਨ ਵੀ ਪਰਖ ਲੈਣ ਅਤੇ ਸ ਜੰਮੂ ਨੂੰ ਵਿਚਾਰ ਚਰਚਾ ਵਿਚ ਸ਼ਾਮਲ ਕਰ ਲੈਣ।

1. ਦੁਨੀਆਂ ਵਿੱਚ ਹੁਣ ਤੱਕ ਕਿੰਨੇ ਕਿਸਮ ਦੇ ਕੈਲੰਡਰ ਹੋਂਦ ਵਿੱਚ ਆਏ; ਉਹ ਕੈਲੰਡਰ ਕਿਹੜੇ ਕਿਹੜੇ ਨਿਯਮਾਂ ਨੂੰ ਮੁੱਖ ਰੱਖ ਕੇ ਬਣਾਏ ਗਏ ਅਤੇ ਉਨ੍ਹਾਂ ਵਿੱਚੋਂ ਕਿੰਨੇ ਕੈਲੰਡਰ ਇਸ ਸਮੇਂ ਕਿੱਥੇ ਕਿੱਥੇ (ਮੁਲਕ ਵਿੱਚ) ਪ੍ਰਚਿਲਤ ਹਨ ? ਇਸ ਸਮੇਂ ਉਹ ਕਿਹੜਾ ਕੈਲੰਡਰ ਹੈ ਜਿਹੜਾ ਦੁਨੀਆਂ ਦੇ ਲਗਭਗ ਹਰ ਹਿੱਸੇ ਵਿੱਚ ਆਮ ਲੋਕਾਂ ਅਤੇ ਸਰਕਾਰਾਂ ਵੱਲੋਂ ਅਪਣਾਇਆ ਹੋਇਆ ਹੈ।

2. ਭਾਰਤ ਵਿੱਚ ਗੁਰੂ ਕਾਲ ਦੇ ਸਮੇਂ ਕਿੰਨੇ ਕਿਸਮ ਦੇ ਕੈਲੰਡਰ ਪ੍ਰਚਿਲਤ ਸਨ ਅਤੇ ਅੱਜ ਕਿੰਨੇ ਕਿਸਮ ਦੇ ਪ੍ਰਚਿਲਤ ਹਨ ? ਕੀ ਇਨ੍ਹਾਂ ਪ੍ਰਚਲਿਤ ਕੈਲੰਡਰਾਂ ਵਿੱਚ ਕਦੇ ਕੋਈ ਸੋਧ ਵੀ ਹੋਈ ਹੈ ? ਜਿਨ੍ਹਾਂ ਕੈਲੰਡਰਾਂ ਵਿੱਚ ਸੋਧ ਹੋਈ ਹੈ, ਉਨ੍ਹਾਂ ਵਿੱਚ ਸੋਧ ਕਰਨ ਦੀ ਲੋੜ ਕਿਉਂ ਪਈ ਸੀ? ਕੀ ਅੱਜ ਵੀ ਕਿਸੇ ਪ੍ਰਚਲਿਤ ਕੈਲੰਡਰ ਵਿੱਚ ਸੋਧ ਕਰਨ ਦੀ ਲੋੜ ਹੈ ?

3. ਜਿਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ, ਉਸ ਸਮੇਂ ਭਾਰਤ ਵਿੱਚ ਪ੍ਰਚਿਲਤ ਵੱਖ ਵੱਖ (ਸਾਰੇ) ਕੈਲੰਡਰਾਂ ਦੀ ਕੀ ਕੀ ਤਰੀਖ ਸੀ ਅਤੇ ਉਨ੍ਹਾਂ ਸਭ ਕੈਲੰਡਰਾਂ ਦੀਆਂ ਤਰੀਖਾਂ ਹੁਣ ਤੱਕ ਕਿਹੜੇ ਕਿਹੜੇ ਸਾਲਾਂ ਵਿੱਚ ਮੁੜ ਇਕੱਠੀਆਂ ਆਈਆਂ ਸਨ ?

4. ਕੀ ਗੁਰਬਾਣੀ ਵਿੱਚ ਸਿੱਖਾਂ ਨੂੰ ਗੁਰੂ ਸਾਹਿਬ ਜੀ ਨੇ ਕੋਈ ਐਸਾ ਆਦੇਸ਼ ਦਿੱਤਾ ਹੈ ਜਿਸ ਵਿੱਚ ਇਹ ਸਪਸ਼ਟ ਹੁੰਦਾ ਹੋਵੇ ਕਿ

(i) ਸਿੱਖ ਇਤਿਹਾਸ ਦੇ ਅੱਧੇ ਕੁ ਦਿਹਾੜੇ ਸੂਰਜੀ ਕੈਲੰਡਰ ਮੁਤਾਬਕ ਅਤੇ ਅੱਧੇ ਕੁ ਚੰਦਰ ਕੈਲੰਡਰ ਮੁਤਾਬਕ ਮਨਾਏ ਜਾਣ । 

(ii) ਗੁਰਬਾਣੀ ਵਿੱਚ ਕਿਧਰੇ ਵੀ ਮਲ ਮਾਸ ਜਾਂ 13 ਮਹੀਨਿਆਂ ਵਾਲੇ ਸਾਲ ਦਾ ਜ਼ਿਕਰ ਕੀਤਾ ਮਿਲਦਾ ਹੈ ?  

(iii) ਅਗਰ ਉਕਤ ਦੋਵਾਂ ਸਵਾਲਾਂ ਦਾ ਜਵਾਬ ਨਹੀਂ ਹੈ ; ਤਾਂ ਕਿਸ ਆਧਾਰ ’ਤੇ ਦੋ ਪ੍ਰਣਾਲੀਆਂ ’ਤੇ ਅਧਾਰਤ ਮਿਲਗੋਭੇ ਕੈਲੰਡਰ ਨੂੰ ਲਾਗੂ ਰੱਖਣ ਦੀ ਜ਼ਿੱਦ ਕੀਤੀ ਜਾ ਰਹੀ ਹੈ ?

5. ਰਾਮ ਚੰਦਰ ਜੀ ਦੀ ਜਨਮ ਤਰੀਖ (ਰਾਮ ਨੌਮੀ) ਵੀ ਚੰਦਰਮਾਂ ਦੀ ਤਿੱਥ, ਰਾਵਣ ਉੱਤੇ ਜਿੱਤ ਪ੍ਰਾਪਤ ਕਰਨ ਦੀ ਤਰੀਖ (ਅੱਸੂ ਵਦੀ 10) ਵੀ ਚੰਦਰਮਾਂ ਦੀ ਤਿੱਥ ਅਤੇ ਲੰਕਾ ਜਿੱਤਣ ਉਪਰੰਤ ਵਾਪਸ ਅਯੁੱਧਿਆ ਪਹੁੰਚਣ ਦੀ ਤਰੀਖ (ਕੱਤਕ ਦੀ ਮੱਸਿਆ) ਵੀ ਚੰਦਰਮਾਂ ਦੀ ਤਿੱਥ ਭਾਵ ਸਾਰੀਆਂ ਘਟਨਾਵਾਂ ਚੰਦਰਮਾ ਤਿੱਥਾਂ ਨਾਲ ਸਬੰਧਿਤ ਹਨ;ਪਰ ਕੀ ਕਾਰਨ ਹੈ ਕਿ

(i) ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਤਰੀਖ (ਪੋਹ ਸੁਦੀ 7) ਚੰਦਰਮਾਂ ਦੀ ਤਿੱਥ ਜਦੋਂ ਕਿ ਉਨ੍ਹਾਂ ਵੱਲੋਂ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਨ ਦੀ ਤਰੀਖ (6 ਪੋਹ), ਪਰਿਵਾਰ ਵਿਛੋੜੇ ਦੀ ਤਰੀਖ 7 ਪੋਹ ਅਤੇ ਚਮਕੌਰ ਦੀ ਜੰਗ 8 ਪੋਹ ਆਦਿਕ ਸਾਰੀਆਂ ਹੀ ਤਿੱਥਾਂ ਸੂਰਜੀ ਮਹੀਨੇ ਨਾਲ ਇਤਿਹਾਸ ਵਿੱਚ ਦਰਜ ਹਨ ਅਤੇ ਉਸੇ ਮੁਤਾਬਕ ਸਾਰੇ ਦਿਹਾੜਿਆਂ ਦੀਆਂ ਯਾਦਾਂ ਮਨਾਈਆਂ ਜਾਂਦੀਆਂ ਹਨ।  ਇਸੇ ਤਰ੍ਹਾਂ ਅਨੰਦਪੁਰ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਚੋਣ ਕਰ ਖ਼ਾਲਸੇ ਦੀ ਸਾਜਨਾ ਅਤੇ ਇਸੇ ਸਥਾਨ ’ਤੇ ਹੋਲਾ ਮਹੱਲਾ ਖੇਡ੍ਹਣ ਦੀ ਰੀਤ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਸ਼ੁਰੂ ਕੀਤੀ ਸੀ ਫਿਰ ਕੀ ਕਾਰਨ ਹੈ ਕਿ ਖ਼ਾਲਸਾ ਸਾਜਨਾ ਦਿਵਸ ਹਰ ਸਾਲ 1 ਵੈਸਾਖ (ਸੂਰਜੀ ਮਹੀਨੇ ਦੀ ਤਰੀਖ) ਨੂੰ ਮਨਾਇਆ ਜਾਂਦਾ ਹੈ ਅਤੇ ਹੋਲਾ ਮਹੱਲਾ (ਚੇਤ ਵਦੀ 1) ਚੰਦਰਮਾ ਦੇ ਮਹੀਨੇ ਦੀ ਤਿੱਥ ਨੂੰ ਮਨਾਉਣ ਦੀ ਜ਼ਿੱਦ ਕੀਤੀ ਜਾਂਦੀ ਹੈ ? ਇਹ ਹੋਲਾ ਮਹੱਲਾ ਵੀ ਸੂਰਜੀ ਮਹੀਨੇ ਦੀ ਤਰੀਖ (1 ਚੇਤ) ਨੂੰ ਕਿਉਂ ਨਹੀਂ ਮਨਾਇਆ ਜਾ ਸਕਦਾ ?

(ii) ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਦਰਬਾਰ ਸਾਹਿਬ (ਅੰਮ੍ਰਿਤਸਰ) ਦੇ ਸਾਹਮਣੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਅਤੇ ਉਥੇ ਹੀ ਬੈਠ ਕੇ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਪਹਿਨੀਆਂ ਪਰ ਹੁਣ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿਚ ਅਕਾਲ ਤਖ਼ਤ ਦੀ ਸਿਰਜਣਾ ਤਾਂ ਸੂਰਜੀ ਮਹੀਨੇ ਦੀ ਤਰੀਖ (18 ਹਾੜ) ਹੈ, ਮੀਰੀ-ਪੀਰੀ ਦਿਵਸ (ਹਾੜ ਸੁਦੀ 10) ਚੰਦਰਮਾ ਮਹੀਨੇ ਦੀ ਤਿੱਥ ਹੈ ਅਤੇ ਬੰਦੀ ਛੋੜ ਦਿਵਸ (ਕੱਤਕ ਦੀ ਮੱਸਿਆ) ਵੀ ਚੰਦ੍ਰਮਾਂ ਦੀ ਤਿੱਥ, ਐਸਾ ਕਿਉਂ  ?  ਕੀ ਇਹ ਗ਼ਲਤ ਹੋਏਗਾ ਕਿ ਅਗਰ ਅਕਾਲ ਤਖ਼ਤ ਦੀ ਸਿਰਜਣਾ ਦੀ ਤਰੀਖ ਵਾਙ ਮੀਰੀ-ਪੀਰੀ ਦਿਵਸ ਅਤੇ ਬੰਦੀ ਛੋੜ ਦਿਵਸ ਵੀ ਸੂਰਜੀ ਮਹੀਨੇ ਮੁਤਾਬਕ ਕਰਮਵਾਰ 6 ਸਾਵਣ ਅਤੇ 1 ਫੱਗਣ ਮਨਾ ਲਿਆ ਜਾਏ ? ਇਸ ਤਰਾਂ ਕਿਹੜੇ ਇਤਿਹਾਸ ਜਾਂ ਗੁਰਮਤ ਦੇ ਕਿਸ ਸਿਧਾਂਤ ਵਿਚ ਵਿਗਾੜ ਪੈ ਸਕਦਾ ਹੈ ?

ਇਹ ਰੱਟ ਲਾਉਣੀ ਗਲਤ ਹੈ ਕਿ ਸ: ਪਾਲ ਸਿੰਘ ਪੁਰੇਵਾਲ ਵੱਲੋਂ ਨਾਨਕਸ਼ਾਹੀ ਕੈਲੰਡਰ ਵਿੱਚ ਦਰਜ ਕੀਤੀਆਂ ਤਰੀਖਾਂ ਗ਼ਲਤ ਹਨ ਅਸੀਂ ਉਨ੍ਹਾਂ ਨਾਲ ਆਹਮਣੇ ਸਾਹਮਣੇ ਬੈਠ ਕੇ ਗੱਲਬਾਤ ਕਰਨਾ ਚਾਹੁੰਦੇ ਹਾਂ ਜਾਂ ਉਸ ਦੀਆਂ ਸਾਰੀਆਂ ਤਰੀਖਾਂ ਨੂੰ ਗ਼ਲਤ ਸਾਬਤ ਕਰ ਕੇ ਵਿਖਾ ਸਕਦੇ ਹਾਂ ਉਹ ਪਹਿਲਾਂ ਉਕਤ ਪੁੱਛੇ ਗਏ ਸਧਾਰਨ ਜਿਹੇ ਸਵਾਲਾਂ ਦਾ ਸੰਖੇਪ ਵਿੱਚ ਜਵਾਬ ਦੇਣ ਤਾਂ ਜੋ ਸੰਗਤਾਂ ਇਨ੍ਹਾਂ ਦਾ ਆਈ.ਕਿਊ. ਚੈੱਕ ਕਰ ਲੈਣ ਅਤੇ ਉਸ ਪੱਧਰ ਮੁਤਾਬਕ ਅਧਿਆਪਕ ਪਾਸ ਭੇਜ ਕੇ ਇਨ੍ਹਾਂ ਦੇ ਕੈਲੰਡਰ ਗਿਆਨ ਵਿੱਚ ਵਾਧਾ ਕੀਤਾ ਜਾ ਸਕੇ ।

ਸਿਰਫ ਹਰਦੇਵ ਸਿੰਘ ਜੰਮੂ ਜੀ ਹੀ ਨਹੀਂ ਜੋ ਵਿਅਕਤੀ ਉਪਰੋਕਤ ਪੁੱਛੇ ਗਏ ਸਧਾਰਨ ਸਵਾਲਾਂ ਦਾ ਜਵਾਬ ਨਹੀਂ ਦੇ ਸਕਦੇ, ਕੀ ਉਹਨਾਂ ਨੂੰ ਸ: ਪਾਲ ਸਿੰਘ ਪੁਰੇਵਾਲ ਵਰਗੇ ਵਿਦਵਾਨ ਦੇ ਬਰਾਬਰ ਬਿਠਾ ਕੇ ਸਮਾਂ ਬਰਬਾਦ ਕੀਤਾ ਜਾ ਸਕਦਾ ਹੈ ? ਸ: ਪਾਲ ਸਿੰਘ ਪੁਰੇਵਾਲ 1999 ਅਤੇ 2003 ਵਿੱਚ ਅਕਾਲ ਤਖ਼ਤ ’ਤੇ 11 ਮੈਂਬਰੀ ਕਮੇਟੀ ਵਿੱਚ ਆਪਣੀਆਂ ਸਾਰੀਆਂ ਤਰੀਖਾਂ ਸਹੀ ਸਿੱਧ ਕਰ ਚੁੱਕੇ ਹਨ ਤਾਂ ਹੀ ਇਨ੍ਹਾਂ ਤਰੀਖਾਂ ਨੂੰ 11 ਮੈਂਬਰੀ ਕੈਲੰਡਰ ਕਮੇਟੀ, ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਅਤੇ ਸ਼੍ਰੀ ਅਕਾਲ ਤਖ਼ਤ ਵੱਲੋਂ ਪ੍ਰਵਾਨਗੀ ਮਿਲੀ ਹੋਈ ਸੀ।  ਜਿਸ ਮੰਚ ’ਤੇ ਇਨ੍ਹਾਂ ਤਰੀਖਾਂ ਨੂੰ ਪ੍ਰਵਾਨਗੀ ਮਿਲੀ ਸੀ ਜੇ ਉਨ੍ਹਾਂ ਵਿੱਚੋ ਕਿਸੇ ਨੂੰ ਸ਼ੱਕ ਹੈ ਤਾਂ ਦੁਬਾਰਾ ਉਸ ਤਰ੍ਹਾਂ ਦਾ ਮੰਚ ਕਾਇਮ ਕਰ ਸਕਦੇ ਹਨ ਜਿੱਥੇ ਸ: ਪਾਲ ਸਿੰਘ ਇਸ ਸ਼ੱਕ ਨੂੰ ਦੂਰ ਕਰ ਸਕਦੇ ਹਨ ਪਰ ਜੇ ਮੇਰੇ ਵਰਗਾ ਹਰ ਐਰਾ ਗੈਰਾ ਰੌਲਾ ਪਾਉਣਾ ਸ਼ੁਰੂ ਕਰ ਦੇਵੇ ਕਿ ਪਾਲ ਸਿੰਘ ਪੁਰੇਵਾਲ ਮੇਰੇ ਸਾਹਮਣੇ ਬੈਠ ਕੇ ਗੱਲ ਕਰੇ ਤਾਂ ਕੀ ਇਹ ਜ਼ਾਇਜ ਹੈ ?

ਜੇ ਅਸੀਂ ਸਭ ਵਾਕਿਆ ਹੀ ਕੈਲੰਡਰ ਮਸਲੇ ਨੂੰ ਹੱਲ ਕਰਨ ਲਈ ਸੁਹਿਰਦ ਹਾਂ ਤਾਂ ਵਿਦਵਾਨਾਂ ਨੂੰ ਇਸ ਤੇ ਬਹਿਸ ਕਰ ਲੈਣੀ ਚਾਹੀਦੀ ਹੈ। ਸਾਡੀ ਚੁੱਪ ਵੀ ਮਸਲੇ ਨੂੰ ਹੱਲ ਕਰਨ ਵਿਚ ਸਹਾਈ ਗਿਣੀ ਜਾਵੇਗੀ।

ਗੁਰਸੇਵਕ ਸਿੰਘ ਧੌਲ਼ਾ

ਮਿਤੀ 16.05.2018