ਚਿੱਠੀ ਨੰ: 34 (ਵਿਗਿਆਨਿਕ ਢੰਗ ਆਪਣਾ ਕੇ ਕੈਲੰਡਰ ਵਿਵਾਦ ਨੂੰ ਖਤਮ ਕਰਨ ਸਬੰਧੀ ਬੇਨਤੀ)

0
322

ਸਤਿਕਾਰਯੋਗ                 

1. ਸ: ਗੋਬਿੰਦ ਸਿੰਘ ਜੀ ਲੌਂਗੋਵਾਲ ਸਾਹਿਬ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਸਾਹਿਬ।

2. ਗਿਆਨੀ ਗੁਰਬਚਨ ਸਿੰਘ ਜੀ, ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ।

3. ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ।

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

ਵਿਸ਼ਾ : ਵਿਗਿਆਨਿਕ ਢੰਗ ਆਪਣਾ ਕੇ ਕੈਲੰਡਰ ਵਿਵਾਦ ਨੂੰ  ਖਤਮ ਕਰਨ ਸਬੰਧੀ ਬੇਨਤੀ ।

ਬੇਨਤੀ ਹੈ ਕਿ ਜਿਸ ਤਰ੍ਹਾਂ ਆਪ ਜੀ ਭਲੀ ਭਾਂਤ ਇਸ ਤੱਥ ਤੋਂ ਜਾਣੂ ਹੀ ਹੋ ਕਿ ਨਾਨਕਸ਼ਾਹੀ ਸੰਮਤ 542 (ਸੰਨ 2010-11) ਜਦੋਂ ਤੋਂ ਨਾਨਕਸ਼ਾਹੀ ਕੈਲੰਡਰ ਨੂੰ ਸੰਤ ਸਮਾਜ ਦੇ ਦਬਾਅ ਹੇਠ ਸ਼੍ਰੋਮਣੀ ਕਮੇਟੀ ਨੇ ਆਪ ਹੁਦਰੇ ਢੰਗ ਨਾਲ ਸੋਧਾਂ ਦੇ ਨਾਮ ’ਤੇ ਵਿਗਾੜਿਆ ਹੈ, ਉਸੇ ਸਮੇਂ ਤੋਂ ਹਰ ਸਾਲ ਹੀ ਕੁਝ ਗੁਰ ਪੁਰਬਾਂ ਦੀਆਂ ਤਰੀਖਾਂ ਸਬੰਧੀ ਭਾਰੀ ਵਿਵਾਦ ਪੈਦਾ ਹੁੰਦਾ ਰਹਿੰਦਾ ਹੈ ਅਤੇ ਕਈ ਵਾਰ ਤਾਂ ਐਨ ਮੌਕੇ ’ਤੇ ਆਪਣੇ ਦੁਆਰਾ ਰੀਲੀਜ਼ ਕੀਤੇ ਗਏ ਸਾਲਾਨਾ ਕੈਲੰਡਰ ਦੀਆਂ ਤਰੀਖਾਂ ਵਿੱਚ ਤਬਦੀਲੀ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਮਜ਼ਬੂਰ ਹੋਣਾ ਪੈਂਦਾ ਹੈ; ਜਿਵੇਂ ਕਿ ਸੰਨ 2014 (ਨਾਨਕਸ਼ਾਹੀ ਸੰਮਤ 546) ਦੇ ਕੈਲੰਡਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਇਕੱਠੇ ਹੀ 13 ਪੋਹ/ 28 ਦਸੰਬਰ ਨੂੰ ਆਉਣ ਕਰ ਕੇ ਐਨ ਮੌਕੇ ’ਤੇ ਪੰਜ ਸਿੰਘ ਸਾਹਿਬਾਨ ਨੇ ਪਹਿਲਾਂ ਤਾਂ ਪ੍ਰਕਾਸ਼ ਗੁਰ ਪੁਰਬ ਪੋਹ ਸੁਦੀ 7 ਦੀ ਬਜਾਏ 23 ਪੋਹ/ 7 ਜਨਵਰੀ 2015 ਨੂੰ ਮਨਾਉਣ ਦਾ ਆਦੇਸ਼ ਦੇ ਦਿੱਤਾ ਫਿਰ ਸੰਤ ਸਮਾਜ ਦੇ ਵਿਰੋਧ ਕਾਰਨ ਅਗਲੇ ਹੀ ਦਿਨ ਸਿੰਘ ਸਾਹਿਬਾਨ ਨੂੰ ਆਪਣਾ ਫੈਸਲਾ ਬਦਲ ਕੇ ਪੋਹ ਸੁਦੀ 7/ 28 ਦਸੰਬਰ 2014 ਹੀ ਕਰਨਾ ਪਿਆ। ਇਸ ਫੈਸਲੇ ਦਾ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਮੁਕਾਮੀ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਵਿਰੋਧ ਕੀਤਾ ਅਤੇ ਇਸ ਵਿਰੋਧ ਨੂੰ ਨਾ ਸਹਾਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਬੇਅਦਬੀ ਭਰੇ ਢੰਗ ਨਾਲ ਅਹੁਦੇ ਤੋਂ ਬਰਖਾਸਤ ਕਰ ਦਿੱਤਾ। ਹੁਣ ਤੁਸੀਂ ਹੀ ਦੱਸੋ ਕਿ ਕੀ ਇਹ ਸ਼੍ਰੋਮਣੀ ਕਮੇਟੀ ਲਈ ਸ਼ੋਭਦਾ ਹੈ ਕਿ ਜੇ ਕੋਈ ਜਥੇਦਾਰ ਕਾਬਜ਼ ਧੜੇ ਦੀ ਇੱਛਾ ਮੁਤਾਬਕ ਸਹਿਮਤ ਨਹੀਂ ਹੁੰਦਾ ਤਾਂ ਉਸ ਨੂੰ ਇਸ ਢੰਗ ਨਾਲ ਬਰਖ਼ਾਸਤ ਕਰ ਕੇ ਜੱਗ ਹਸਾਈ ਕਰਵਾਈ ਜਾਵੇ ? ਕਿੱਥੇ ਰਹਿ ਜਾਂਦੀ ਹੈ ਸਿੰਘਾਂ ਸਾਹਿਬਾਂ ਦੀ ਅਜ਼ਾਦ ਹਸਤੀ ?

ਸੰਨ 2017 (ਨਾਨਕਸ਼ਾਹੀ ਸੰਮਤ 549) ਦੇ ਕੈਲੰਡਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ; ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਿਆਂ (8 ਪੋਹ-13 ਪੋਹ) ਦੇ ਐਨ ਵਿਚਕਾਰ 11 ਪੋਹ/25 ਦਸੰਬਰ ਨੂੰ ਆਉਣ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਕਮੇਟੀ ਨੇ ਖ਼ੁਦ ਹੀ ਮਤਾ ਪਾਸ ਕਰ ਕੇ ਅਕਾਲ ਤਖ਼ਤ ਸਾਹਿਬ ਨੂੰ ਭੇਜ ਕੇ ਬੇਨਤੀ ਕੀਤੀ ਕਿ ਇਸ ਸਾਲ ਗੁਰਪੁਰਬ ਸ਼ਹੀਦੀ ਹਫਤੇ ਦੇ ਵਿੱਚ ਵਿਚਾਲੇ ਆਉਣ ਕਰ ਕੇ ਗੁਰਪੁਰਬ 23 ਪੋਹ/ 5 ਜਨਵਰੀ ਨੂੰ ਮਨਾਉਣ ਲਈ ਆਦੇਸ਼ ਦਿੱਤਾ ਜਾਵੇ। ਇਹ ਗੱਲ ਵੀ ਸਾਹਮਣੇ ਆਈ ਕਿ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਤੋਂ ਬਿਨਾਂ ਬਾਕੀ ਦੇ ਚਾਰੇ ਜਥੇਦਾਰ 5 ਜਨਵਰੀ ਕਰਨ ਲਈ ਸਹਿਮਤ ਸਨ ਪਰ ਫਿਰ ਵੀ ਫੈਸਲਾ ਪੋਹ ਸੁਦੀ 7 / 25 ਦਸੰਬਰ ਦੇ ਹੱਕ ਵਿੱਚ ਹੀ ਹੋਇਆ, ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਤਾਂ ਭਾਵੇਂ ਪ੍ਰਵਾਨ ਕਰ ਲਿਆ ਪਰ ਪੰਜਾਬ ਦੇ ਤਕਰੀਬਨ 90% ਗੁਰਦੁਆਰਿਆਂ ਅਤੇ ਪੰਜਾਬ ਤੋਂ ਬਾਹਰ, ਇਸ ਤੋਂ ਵੀ ਵੱਧ ਗੁਰਦੁਆਰਿਆਂ ਨੇ ਗੁਰਪੁਰਬ 23 ਪੋਹ / 5 ਜਨਵਰੀ ਨੂੰ ਹੀ ਮਨਾਇਆ। ਇਸ ਵਰਤਾਰੇ ਤੋਂ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਭਾਵੇਂ ਵਿਰਲੇ ਡੇਰਿਆਂ ਦੇ ਸ਼ਰਧਾਲੂਆਂ ਨੂੰ ਛੱਡ ਕੇ ਸਮੁੱਚੀ ਸਿੱਖ ਸੰਗਤ ਚਾਹੁੰਦੀ ਹੈ ਕਿ ਗੁਰਪੁਰਬ ਹਮੇਸ਼ਾਂ ਹਮੇਸ਼ਾਂ ਲਈ ਨਿਸ਼ਚਿਤ ਕੀਤੀਆਂ ਤਰੀਖਾਂ ਨੂੰ ਹੀ ਆਉਣੇ ਚਾਹੀਦੇ ਹਨ (ਜਿਹੜੇ ਕਿ ਕੇਵਲ ਨਾਨਕਸ਼ਾਹੀ ਕੈਲੰਡਰ 2003-2010 ਅਨੁਸਾਰ ਹੀ ਆ ਸਕਦੇ ਹਨ) ਤਾਂ ਕਿ ਹਰ ਸਾਲ ਗੁਰਪੁਰਬ ਮਨਾਉਂਦੇ ਮਨਾਉਂਦੇ ਸਾਡੇ ਬੱਚਿਆਂ ਨੂੰ ਵੀ ਸਾਡੇ ਗੁਰ ਇਤਿਹਾਸ ਦੀਆਂ ਤਰੀਖਾਂ ਯਾਦ ਹੋ ਜਾਣ; ਜਦੋਂ ਕਿ ਬਿਕ੍ਰਮੀ ਕੈਲੰਡਰ ਅਨੁਸਾਰ ਗੁਰਪੁਰਬ ਮਨਾਏ ਜਾਣ ਸਦਕਾ ਬੱਚਿਆਂ ਨੂੰ ਤਾਂ ਕੀ ਸਾਨੂੰ ਖ਼ੁਦ ਨੂੰ ਵੀ ਤਰੀਖਾਂ ਯਾਦ ਨਹੀਂ ਰਹਿੰਦੀਆਂ ਤਾਂ ਕੀ ਸਾਡੇ ਲਈ ਇਹ ਨਮੋਸ਼ੀ ਦਾ ਕਾਰਨ ਨਹੀਂ ਬਣ ਜਾਂਦਾ ?

ਤਾਜ਼ਾ ਘਟਨਾ ਹੈ ਕਿ ਇਸ ਸਾਲ ਦੇ ਜਾਰੀ ਕੀਤੇ ਗਏ ਸਾਲਾਨਾ ਕੈਲੰਡਰ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗੁਰਗੱਦੀ 25 ਵੈਸਾਖ/ 8 ਮਈ ਅਤੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ 3 ਹਾੜ/ 17 ਜੂਨ ਦਰਜ ਕੀਤੀ ਗਈ ਹੈ। ਹੋਰ ਵੇਖੋ ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ, ਜੋ ਕਿ ਆਪਣੇ ਆਪ ਨੂੰ ਕੈਲੰਡਰ ਵਿਗਿਆਨ ਦਾ ਮਾਹਰ ਵਿਦਵਾਨ ਸਮਝ ਰਿਹਾ ਹੈ ਅਤੇ ਸ਼੍ਰੋਮਣੀ ਕਮੇਟੀ ਉਸ ਦੀ ਰਾਇ ਨੂੰ ਖ਼ਾਸ ਅਹਿਮੀਅਤ ਵੀ ਦੇ ਰਹੀ ਹੈ, ਉਸ ਵੱਲੋਂ ਛਪਵਾਈ ਪੁਸਤਕ “ਗੁਰਪੁਰਬ ਦਰਪਣ” ਦੇ ਪੰਨਾ ਨੰ: 85 ਉੱਪਰ “ਸੰਮਤ ਨਾਨਕਸ਼ਾਹੀ 550 ਵਿੱਚ ਆਉਣ ਵਾਲੇ ਪੁਰਬ” ਸਿਰਲੇਖ ਹੇਠ ਉਹ ਦੋਵੇਂ ਗੁਰਪੁਰਬਾਂ ਦੀਆਂ ਤਰੀਖਾਂ ਕਰਮਵਾਰ 8 ਮਈ ਅਤੇ 19 ਮਈ ਲਿਖ ਰਹੇ ਹਨ। ਜਦ ਉਸ ਤੋਂ ਪੁੱਛਿਆ ਗਿਆ ਕਿ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਸ਼ਹੀਦੀ ਗੁਰਪੁਰਬ ਦੀ ਤਰੀਖ 3 ਹਾੜ/ 17 ਜੂਨ ਲਿਖੀ ਹੈ। ਇੱਕੋ ਘਟਨਾ ਦੀਆਂ ਦੋ ਤਰੀਖਾਂ ਤਾਂ ਹੋ ਨਹੀਂ ਸਕਦੀਆਂ ਇਸ ਲਈ ਦੱਸਿਆ ਜਾਵੇ ਕਿ ਦੋਵਾਂ ਵਿੱਚੋਂ ਕਿਹੜੀ ਤਰੀਖ ਸਹੀ ਹੈ ਤੇ ਕਿਹੜੀ ਗਲਤ ?  ਜਵਾਬ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਮੇਰੇ ਵੱਲੋਂ ਦਰਸਾਈ ਤਰੀਖ 19 ਮਈ ਸਹੀ ਹੈ ਜਦੋਂ ਕਿ ਸ਼੍ਰੋਮਣੀ ਕਮੇਟੀ ਦੇ ਸਾਲਾਨਾ ਕੈਲੰਡਰ (2018-2019) ਵਿੱਚ ਦੋਵਾਂ ਗੁਰਪੁਰਬਾਂ ਦੀ ਤਰੀਖ 8 ਮਈ ਅਤੇ 17 ਜੂਨ ਵਿੱਚਕਾਰ 40 ਦਿਨਾਂ ਦਾ ਫਰਕ ਹੋਣ ਕਰ ਕੇ ਇਹ ਇਤਿਹਾਸ ਨਾਲ ਮੇਲ ਨਹੀਂ ਖਾਂਦੀ। (ਕਰਨਲ ਨਿਸ਼ਾਨ ਦੀ ਇਹ ਚਿੱਠੀ ਨੰ: 6 ਤੁਸੀਂ ਗੁਰਪਰਸਾਦ.ਕਾਮ ਦੇ ਲਿੰਕ http://gurparsad.com/nanakshahi-calendar-debate ’ਤੇ ਪੜ੍ਹ ਸਕਦੇ ਹੋ।)

ਜਦੋਂ ਮੀਡੀਏ ਵਿੱਚ ਅਵਾਜ਼ ਉੱਠੀ ਕਿ ਦੋਵੇਂ ਗੁਰਪੁਰਬਾਂ ਵਿੱਚਕਾਰ ਇਸ ਸਾਲ 40 ਦਿਨਾਂ ਦਾ ਫਰਕ ਹੈ ਜੋ ਕਿ ਇਤਿਹਾਸ ਨੂੰ ਵਿਗਾੜਨ ਦੇ ਤੁਲ ਹੈ ਤਾਂ ਸ਼੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਦੇ ਸੁਝਾਅ ’ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਪੁਰਬ ਤੋਂ ਐਨ ਦੋ ਦਿਨ ਪਹਿਲਾਂ ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਗੁਰਪੁਰਬ ਦੇ ਇਸ਼ਤਿਹਾਰ ਅਤੇ ਫਲੈਕਸ ਬੋਰਡ ਵੀ ਲੱਗ ਚੁੱਕੇ ਸਨ ਅਤੇ ਗੁਰਪੁਰਬ ਲਈ ਅਖੰਡਪਾਠ ਅਰੰਭ ਹੀ ਕਰਨ ਵਾਲੇ ਸਨ ਤਾਂ ਅਚਾਨਕ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਗੁਰਪੁਰਬ ਦੀ ਤਰੀਖ 25 ਵੈਸਾਖ/ 8 ਮਈ ਤੋਂ ਬਦਲ ਕੇ 25 ਜੇਠ/ 7 ਜੂਨ ਕਰ ਦਿੱਤੀ। ਸ਼੍ਰੋਮਣੀ ਕਮੇਟੀ ਅਤੇ ਸਿੰਘ ਸਾਹਿਬਾਨ ਦੇ ਅਜਿਹੇ ਫੈਸਲੇ ਕਰਦਿਆਂ ਕੀ ਤੁਹਾਨੂੰ ਆਪਣੀ ਬੌਧਿਕਤਾ ’ਤੇ ਤਰਸ ਜਾਂ ਹਾਸਾ ਨਹੀਂ ਆਉਂਦਾ ?

ਸ਼੍ਰੋਮਣੀ ਕਮੇਟੀ ਹਰ ਸਾਲ 1 ਚੇਤ ਤੋਂ 29/30 ਫੱਗਣ ਤੱਕ ਆਪਣਾ ਸਾਲਾਨਾ ਕੈਲੰਡਰ ਬਣਾ ਕੇ ਰੀਲੀਜ਼ ਅਤੇ ਲਾਗੂ ਕਰਦੀ ਹੈ। ਇਸ ਮੁਤਾਬਕ ਹਰ ਦਿਹਾੜਾ ਸਾਲ ਵਿੱਚ ਇੱਕ ਵਾਰ ਜ਼ਰੂਰ ਆਉਣਾ ਚਾਹੀਦਾ ਹੈ ਪਰ ਜੇ ਇਸ ਸਾਲ ਵਿੱਚ ਤੁਹਾਡੇ ਕੈਲੰਡਰ ਵਿੱਚ ਹੋਲਾ ਮਹੱਲਾ ਹੈ ਹੀ ਨਹੀਂ ਤਾਂ ਇਸ ਦਾ ਤੁਹਾਡੇ ਪਾਸ ਕੌਮ ਨੂੰ ਦੇਣ ਲਈ ਕੀ ਜਵਾਬ ਹੈ ਕਿ ਤੁਸੀਂ ਹੋਲਾ ਮਹੱਲਾ ਮਨਾਉਣਾ ਬੰਦ ਕਰ ਦਿੱਤਾ ਜਾਂ ਕੋਈ ਹੋਰ ਕਾਰਨ ਹਨ ?

ਕੇਂਦਰ ਅਤੇ ਸੂਬਾ ਸਰਕਾਰਾਂ ਆਪਣੀਆਂ ਬਦਨੀਤੀਆਂ ਕਾਰਨ ਸਕੂਲਾਂ, ਯੂਨੀਵਰਸਿਟੀਆਂ ਦੇ ਸਿਲੇਬਸ ਵਿੱਚੋਂ ਸਿੱਖ ਇਤਿਹਾਸ ਨੂੰ ਮਨਫੀ ਕਰ ਰਹੀਆਂ ਹਨ ਜਿਸ ਦਾ ਤੁਸੀਂ, ਅਸੀਂ ਤੇ ਆਪਣਾ ਸਮੁੱਚਾ ਅਕਾਲੀ ਦਲ ਸਾਰੇ ਹੀ ਜੋਰਦਾਰ ਵਿਰੋਧ ਕਰ ਰਹੇ ਹਾਂ ਪਰ ਜੇ ਸਾਡੀ ਸਿੱਖਾਂ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਕਮੇਟੀ ਹੀ ਆਪਣੇ ਕੈਲੰਡਰਾਂ ਵਿੱਚੋਂ ਹੋਲਾ ਮਹੱਲਾ ਵਰਗੇ ਬਹੁਤ ਹੀ ਅਹਿਮ ਦਿਹਾੜਿਆਂ ਨੂੰ ਮਨਫੀ ਕਰ ਦੇਵੇ ਅਤੇ ਬਾਕੀ ਦੇ ਸਾਰੇ ਗੁਰਪੁਰਬਾਂ ਦੀਆਂ ਤਰੀਖਾਂ ਹਰ ਸਾਲ ਹੀ ਅੱਗੇ ਪਿੱਛੇ ਕਰ ਕੇ ਇਤਿਹਾਸਕ ਘਟਨਾਵਾਂ ਦੇ ਤਰਤੀਬ ਕਾਲ-ਕ੍ਰਮ ਨਾਲ ਛੇੜ ਛਾੜ ਕਰ ਕੇ ਇਤਿਹਾਸ ਨੂੰ ਵਿਗਾੜਨ ’ਤੇ ਉਤਰ ਆਈ ਹੈ ਤਾਂ ਇਸ ਦਾ ਵਿਰੋਧ ਕਿਸ ਕੋਲ ਕਰੀਏ ? ਮੇਰਾ ਮੰਨਣਾ ਹੈ ਕਿ ਸ਼੍ਰੋਮਣੀ ਕਮੇਟੀ ਨਾਲੋਂ ਤਾਂ ਪੰਜਾਬ ਦੀ ਕਾਂਗਰਸ ਸਰਕਾਰ ਦਾ ਰੋਲ ਹੀ ਅੱਛਾ ਰਿਹਾ, ਜਿਸ ਨੇ 15 ਕੁ ਦਿਨਾਂ ਦੇ ਵਿਰੋਧ ਪਿੱਛੋਂ ਹੀ +2 ਦੀ ਇਤਿਹਾਸ ਦੀ ਕਿਤਾਬ ’ਤੇ ਰੋਕ ਲਾ ਦਿੱਤੀ ਪਰ ਸ਼੍ਰੋਮਣੀ ਕਮੇਟੀ ਤਾਂ ਪਤਾ ਨਹੀਂ ਕਿਹੜੀ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ, ਸਿੱਖ ਵਿਦਵਾਨਾਂ ਦੁਆਰਾ ਪਿਛਲੇ ਅੱਠ ਸਾਲਾਂ ਤੋਂ ਪਾਏ ਜਾ ਰਹੇ ਰੌਲ਼ੇ ਨਾਲ ਵੀ ਜਿਸ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ।

ਆਪ ਸਾਰੇ ਭਲੀ ਭਾਂਤ ਇਸ ਤੱਥ ਤੋਂ ਜਾਣੂ ਹੋਵੋਗੇ ਕਿ ਐਸਾ ਇਸ ਲਈ ਹੋ ਰਿਹਾ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਕੈਲੰਡਰ ਅਨੁਸਾਰ ਸਿੱਖ ਇਤਿਹਾਸ ਦੇ ਦਿਹਾੜੇ ਨਿਸ਼ਚਿਤ ਕਰਦੀ ਹੈ, ਉਹ ਚੰਦਰ-ਸੂਰਜੀ ਦੋ ਪ੍ਰਣਾਲੀਆਂ ’ਤੇ ਅਧਾਰਤ ਬਿਕ੍ਰਮੀ ਕੈਲੰਡਰ ਮੁਤਾਬਕ ਹੋਣ ਕਰ ਕੇ ਦੋ ਬੇੜੀਆਂ ਵਿੱਚ ਲੱਤਾਂ ਰੱਖਣ ਤੋਂ ਇਲਾਵਾ ਤੀਜੀ ਬਾਂਹ ਈਸਵੀ ਕੈਲੰਡਰ ਵਿੱਚ ਵੀ ਰੱਖੀ ਹੋਈ ਹੈ ਕਿਉਂਕਿ ਸਾਰੇ ਗੁਰਪੁਰਬ ਚੰਦ੍ਰਮਾ ਦੀਆਂ ਤਰੀਖਾਂ ਨਾਲ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖਾਤਮੇ ਤੱਕ ਸਾਰੀਆਂ ਸਿੱਖ ਇਤਿਹਾਸਕ ਘਟਨਾਵਾਂ ਸੂਰਜੀ ਬਿਕ੍ਰਮੀ ਤਰੀਖਾਂ ਅਨੁਸਾਰ ਅਤੇ ਅੰਗਰੇਜਾਂ ਦੇ ਪੰਜਾਬ ’ਤੇ ਕੀਤੇ ਗਏ ਕਬਜ਼ੇ ਤੋਂ ਬਾਅਦ ਸਾਰੀਆਂ ਘਟਨਾਵਾਂ ਈਸਵੀ ਕੈਲੰਡਰ ਦੀਆਂ ਤਰੀਖਾਂ ਮੁਤਾਬਕ ਨਿਸ਼ਚਿਤ ਕੀਤੀਆਂ ਜਾਂਦੀਆਂ ਹਨ। ਵੈਸੇ ਤਾਂ ਕਹਾਵਤ ਹੈ ਕਿ ਦੋ ਬੇੜੀਆਂ ਦਾ ਸਵਾਰ ਡੁੱਬਦਾ ਹੀ ਡੁੱਬਦਾ ਹੈ ਪਰ ਸਿੱਖ ਕੌਮ ਦੇ ਮਲਾਹਾਂ ਨੇ ਤਾਂ ਇਸ ਨੂੰ ਤਿੰਨ ਬੇੜੀਆਂ ਵਿੱਚ ਸਵਾਰ ਕਰਵਾ ਕੇ ਕੌਮ ਦਾ ਬੇੜਾ ਡੋਬਣ ਦਾ ਤਹੱਈਆ (ਪੱਕਾ ਇਰਾਦਾ) ਕੀਤਾ ਹੋਇਆ ਜਾਪਦਾ ਹੈ।

ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ! ਆਪ ਜੀ ਨੂੰ ਚੇਤੇ ਹੋਵੇਗਾ ਕਿ 16 ਜੁਲਾਈ 2013 ਨੂੰ ਜਦੋਂ ਤੁਸੀਂ ਹਰਿਆਣਾ ਜਾਂਦੇ ਹੋਏ ਰਸਤੇ ’ਚ ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਬਠਿੰਡਾ ਪਹੁੰਚੇ ਸੀ ਤਾਂ ਬਠਿੰਡਾ ਸ਼ਹਿਰ ਦੇ ਸਮੂਹ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਆਪ ਜੀ ਨੂੰ ਆਪਣੇ ਵੱਲੋਂ ਪਾਸ ਕੀਤੇ ਮਤੇ ਸੌਂਪਦਿਆਂ ਮੰਗ ਕੀਤੀ ਸੀ ਕਿ ਮੂਲ ਰੂਪ ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਜਾਵੇ ਤਾਂ ਕਿ ਸਾਰੇ ਗੁਰਪੁਰਬ ਤੇ ਹੋਰ ਇਤਿਹਾਸਕ ਦਿਹਾੜੇ ਨਿਸ਼ਚਿਤ ਤਰੀਖਾਂ ਨੂੰ ਮਨਾਏ ਜਾ ਸਕਣ। ਆਪ ਜੀ ਨੇ ਵਾਅਦਾ ਵੀ ਕੀਤਾ ਸੀ ਕਿ ਸਾਰੇ ਵਿਦਵਾਨਾਂ ਦੀ ਮੀਟਿੰਗ ਸੱਦ ਕੇ ਕੋਈ ਸਰਬ ਸਾਂਝਾ ਫੈਸਲਾ ਕਰ ਕੇ ਨਿਸ਼ਚਿਤ ਤਰੀਖਾਂ ਵਾਲਾ ਕੈਲੰਡਰ ਹੀ ਕੌਮ ਨੂੰ ਦਿੱਤਾ ਜਾਵੇਗਾ। ਡੇਢ ਸਾਲ ਤੱਕ ਕੋਈ ਕਾਰਵਾਈ ਨਾ ਹੋਣ ਕਰ ਕੇ 1 ਜਨਵਰੀ 2015 ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ 10, 000 ਤੋਂ ਵੱਧ ਦੀ ਗਿਣਤੀ ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਆਪ ਜੀ ਨੂੰ ਇੱਕ ਯਾਦ ਪੱਤਰ ਸੌਂਪਿਆਂ ਅਤੇ ਮੰਗ ਕੀਤੀ ਸੀ ਕਿ ਨਾਨਕਸ਼ਾਹੀ ਕੈਲੰਡਰ ਮੂਲ ਰੂਪ ਵਿੱਚ ਲਾਗੂ ਕੀਤਾ ਜਾਵੇ। ਰਸਮੀ ਤੌਰ ’ਤੇ ਤੁਸੀਂ ਉਸ ਸਮੇਂ ਵੀ ਆਪਣਾ ਪੁਰਾਣਾ ਵਾਅਦਾ ਹੀ ਦੁਹਰਾਇਆ ਸੀ । ਇਸ ਉਪ੍ਰੰਤ ਸੰਮਤ 547 (2015-16) ਦਾ ਕੈਲੰਡਰ ਜਾਰੀ ਕਰਨ ਸਮੇਂ ਇੱਕ ਪਾਸੇ ਤਾਂ ਪੂਰਨ ਤੌਰ ’ਤੇ ਇਸ ਨੂੰ ਬਿਕ੍ਰਮੀ ਕੈਲੰਡਰ ਵਿੱਚ ਤਬਦੀਲ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਵਿਦਵਾਨਾਂ ਦੀ ਇੱਕ ਕਮੇਟੀ ਦਾ ਗਠਨ ਕਰਦਿਆਂ ਤੁਸਾਂ ਖ਼ੁਦ ਐਲਾਨ ਕੀਤਾ ਸੀ ਕਿ ਇਹ ਕਮੇਟੀ ਅਗਲੇ ਸਾਲ ਦਾ ਕੈਲੰਡਰ ਜਾਰੀ ਕਰਨ ਤੋਂ ਪਹਿਲਾਂ ਆਪਣੀ ਰੀਪੋਰਟ ਸ਼੍ਰੀ ਅਕਾਲ ਤਖ਼ਤ ਨੂੰ ਸਮੇਂ ਸਿਰ ਸੌਂਪੇ ਤਾਂ ਕਿ ਉਸ ਦੀਆਂ ਸਿਫਾਰਸ਼ਾਂ ਅਨੁਸਾਰ ਅਗਲੇ ਸਾਲ ਦਾ ਕੈਲੰਡਰ ਜਾਰੀ ਕੀਤਾ ਜਾ ਸਕੇ। ਦੇਸ਼ ਵਿਦੇਸ਼ ਦੀਆਂ ਅਨੇਕਾਂ ਜਥੇਬੰਦੀਆਂ ਤੇ ਗੁਰਸਿੱਖ ਇਸ ਸਬੰਧ ਵਿੱਚ ਅਨੇਕਾਂ ਵਾਰ ਆਪ ਜੀ ਨੂੰ ਮਿਲਦੇ ਰਹੇ, ਜਿਨ੍ਹਾਂ ਦਾ ਵੇਰਵਾ ਜੇਕਰ ਤੁਸੀਂ ਕੋਈ ਰਿਕਾਰਡ ਰੱਖਦੇ ਹੋ ਤਾਂ ਆਪ ਜੀ ਪਾਸ ਜ਼ਰੂਰ ਹੋਵੇਗਾ ; ਜਿਨ੍ਹਾਂ ਨੂੰ ਤੁਸੀਂ ਲਗਭਗ ਉਕਤ ਵਾਅਦਾ ਹੀ ਦੁਹਰਾਉਂਦੇ ਰਹਿੰਦੇ ਹੋ। ਇਤਨੇ ਵਾਅਦਿਆਂ ਦੇ ਬਾਵਜੂਦ ਕੈਲੰਡਰ ਵਿੱਚ ਅੱਜ ਤੱਕ ਸੋਧ ਤਾਂ ਕੀ ਹੋਣੀ ਸੀ ਸਗੋਂ ਦਿਨੋ ਦਿਨ ਵਿਗਾੜ ਵਧਦਾ ਗਿਆ, ਜਿਸ ਦਾ ਨਮੂਨਾ ਤੁਹਾਡੇ ਸਾਹਮਣੇ ਹੈ।

ਪ੍ਰਧਾਨ ਸ: ਗੋਬਿੰਦ ਸਿੰਘ ਲੌਂਗੋਵਾਲ ਸਾਹਿਬ ਜੀ ! ਆਪ ਜੀ ਨੂੰ ਵੀ ਚੇਤਾ ਹੋਵੇਗਾ ਕਿ ਹਾਲੀ ਪਿਛਲੇ ਮਹੀਨੇ ਹੀ 21 ਅਪ੍ਰੈਲ ਨੂੰ ਆਪ ਜੀ ਨਾਲ ਵੀ ਟੈਲੀਫ਼ੋਨ ’ਤੇ ਗੱਲ ਹੋਈ ਸੀ ਤਾਂ ਆਪ ਜੀ ਨੇ ਵੀ ਵਾਅਦਾ ਕੀਤਾ ਸੀ ਕਿ ਤੁਸੀਂ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਕਹੋਗੇ ਕਿ ਵਿਦਵਾਨਾਂ ਦੀ ਮੀਟਿੰਗ ਸੱਦ ਕੇ ਛੇਤੀ ਕੋਈ ਫੈਸਲਾ ਕਰਨ। ਮੈਨੂੰ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ 20 ਦਿਨ ਲੰਘ ਚੁੱਕੇ ਹਨ ਪਰ ਐਸੀ ਕੋਈ ਖ਼ਬਰ ਨਹੀਂ ਸੁਣੀ ਕਿ ਤੁਹਾਡੀ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਇਸ ਸਬੰਧ ਵਿੱਚ ਕੋਈ ਗੱਲਬਾਤ ਹੋਈ ਹੋਵੇ।

ਸਤਿਕਾਰਯੋਗ ਪ੍ਰਧਾਨ ਸਾਹਿਬ ! ਜਥੇਦਾਰ ਸਾਹਿਬ ! ਅਤੇ ਮੁੱਖ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਜੀਓ !  ਮੈਨੇਜਰ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ/ ਪ੍ਰਧਾਨ ਤੱਕ, ਪਿੰਡ ਦੇ ਗੁਰਦੁਆਰੇ ਦੇ ਗ੍ਰੰਥੀ ਤੋਂ ਲੈ ਕੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਤੱਕ ; ਜਿਸ ਨਾਲ ਵੀ ਗੱਲ ਕਰੀਦੀ ਹੈ ਉਹ ਤਕਰੀਬਨ ਇਸ ਗੱਲ ਨਾਲ ਸਹਿਮਤ ਹੋ ਜਾਂਦਾ ਹੈ ਕਿ ਗੁਰਪੁਰਬਾਂ ਦੇ ਦਿਨ ਹਮੇਸ਼ਾਂ ਲਈ ਪੱਕੇ ਤੌਰ ’ਤੇ ਨਿਸ਼ਚਿਤ ਹੋਣੇ ਚਾਹੀਦੇ ਹਨ। ਫਿਰ ਹੈਰਾਨੀ ਦੀ ਗੱਲ ਹੈ ਕਿ ਇਹ ਹੁੰਦੇ ਕਿਉਂ ਨਹੀਂ ? ਕੀ ਤੁਹਾਡਾ ਆਪਣਾ ਹਿੱਤ ਹੀ ਤਾਂ ਇਸ ਵਿੱਚ ਨਹੀਂ ਕਿ ਹਰ ਕੌਮੀ ਮਸਲਾ ਲਟਕਦਾ ਹੀ ਤੁਹਾਡੇ ਵਾਸਤੇ ਚੰਗਾ ਹੈ ਕਿਉਂਕਿ ਇਸ ਬਹਾਨੇ ਪੁੱਛ ਗਿੱਛ ਹੁੰਦੀ ਰਹਿੰਦੀ ਹੈ ਕਿ ਜਥੇਦਾਰ ਸਾਹਿਬ ਜੀ ! ਕੌਮ ’ਤੇ ਕ੍ਰਿਪਾ ਕਰ ਕੇ ਮਾਮਲਾ ਹੱਲ ਕੀਤਾ ਜਾਵੇ ਜੀ। ਜਾਂ ਪਰਦੇ ਪਿੱਛੇ ਕੋਈ ਐਸੀ ਤਾਕਤ ਤਾਂ ਨਹੀਂ ਬੈਠੀ ਜਿਹੜੀ ਤੁਹਾਨੂੰ ਆਪਣੇ ਹੀ ਫੈਸਲੇ ਕੌਮ ’ਤੇ ਠੋਸਣ ਲਈ ਮਜ਼ਬੂਰ ਕਰਦੀ ਰਹਿੰਦੀ ਹੈ। ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਜਾਂ ਤਾਂ ਪਰਦੇ ਪਿੱਛੇ ਬੈਠੀ ਤਾਕਤ ਦੇ ਨਾਮ ਤੋਂ ਕੌਮ ਨੂੰ ਜਾਣੂ ਕਰਵਾਇਆ ਜਾਵੇ ਜਾਂ ਫਿਰ ਆਪਣੇ ਬਲਬੂਤੇ ਕੌਮ ਦੇ ਹਿੱਤ ਵਿੱਚ ਫੈਸਲਾ ਕਰਨ ਲਈ ਤੁਰੰਤ ਦੋਵੇਂ ਧਿਰਾਂ ਦੇ ਬਰਾਬਰ ਦੀ ਗਿਣਤੀ ਵਿੱਚ ਵਿਦਵਾਨਾਂ ਦੀ ਇੱਕ ਸਾਂਝੀ ਮੀਟਿੰਗ ਬੁਲਾਈ ਜਾਵੇ ਜਿਸ ਦੀ ਪਾਰਦ੍ਰਸ਼ਤਾ ਕਾਇਮ ਰੱਖਣ ਲਈ ਪੂਰੀ ਕਾਰਵਾਈ ਟੈਲੀਵੀਜ਼ਨ ਚੈੱਨਲਾਂ ਉਪਰ ਲਾਈਵ ਟੈਲੀਕਾਸਟ ਕਰਵਾਈ ਜਾਵੇ ਜਿਸ ਨੂੰ ਹਰ ਗੁਰਸਿੱਖ ਆਪਣੇ ਘਰ ਬੈਠਾ ਵੇਖ ਸੁਣ ਕੇ ਫੈਸਲਾ ਕਰ ਸਕੇ ਕਿ ਵਿਗਿਆਨਕ/ਅਕੈਡਮਿਕ/ਇਤਿਹਾਸਕ ਤੇ ਗੁਰਬਾਣੀ ਆਧਾਰਤ ਕਿਸ ਪੱਖ ਦੀਆਂ ਦਲੀਲਾਂ ਮੰਨਣਯੋਗ ਹਨ ਤੇ ਕਿਹੜਾ ਕੈਲੰਡਰ ਕੌਮ ਲਈ ਵੱਧ ਢੁੱਕਵਾਂ ਹੈ ? ਇਸ ਦੇ ਆਧਾਰ ’ਤੇ ਕੌਮੀ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਅਗਲਾ ਫੈਸਲਾ ਕੀਤਾ ਜਾਵੇ, ਜੀ।

ਆਪ ਜੀ ਨੂੰ ਬੇਨਤੀ ਹੈ ਕਿ ਜਲਦੀ ਹੀ ਕੌਮ ਨੂੰ ਸੱਦਾ ਦਿੱਤਾ ਜਾਵੇ ਕਿ ਵੱਖ ਵੱਖ ਜਥੇਬੰਦੀਆਂ 31 ਅਗਸਤ 2018 ਤੱਕ ਕੈਲੰਡਰ ਸਬੰਧੀ ਆਪਣੇ ਲਿਖਤੀ ਸੁਝਾਅ ਭੇਜਣ। ਉਸ ਉਪ੍ਰੰਤ ਸਤੰਬਰ ਮਹੀਨੇ ਵਿੱਚ ਦੋਵਾਂ ਧਿਰਾਂ ਦੇ ਕੈਲੰਡਰ ਦੇ ਮਾਹਰ ਵਿਦਵਾਨਾਂ ਦੀ ਅਗਾਉਂ ਸਲਾਹ ਨਾਲ ਸਾਂਝੀ ਮੀਟਿੰਗ ਸੱਦੀ ਜਾਵੇ ਜਿਹੜੀ ਕਿ ਫੈਸਲਾ ਹੋਣ ਤੱਕ ਚਲਦੀ ਰਹੇ। ਇਸ ਮੀਟਿੰਗ ਵਿੱਚ ਸਿਰਫ ਇਹ ਹੀ ਵੀਚਾਰਿਆ ਜਾਵੇ ਕਿ ਸੂਰਜੀ ਕੈਲੰਡਰ, ਸ਼ੁੱਧ ਚੰਦ੍ਰ ਕੈਲੰਡਰ ਜਾਂ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰਾਂ ਵਿੱਚੋਂ ਕਿਹੜਾ ਕੈਲੰਡਰ ਨਵੇਂ ਯੁੱਗ ਦੇ ਮੁਤਾਬਕ ਕੌਮ ਲਈ ਵੱਧ ਢੁਕਵਾਂ ਹੈ ਅਤੇ ਉਸ ਦਾ ਫਰੇਮ-ਵਰਕ ਕਿਸ ਤਰ੍ਹਾਂ ਦਾ ਹੋਵੇ। ਸਤੰਬਰ ਮਹੀਨੇ ਵਿੱਚ ਕੈਲੰਡਰ ਦਾ ਫਰੇਮ-ਵਰਕ ਤੈਅ ਕਰਨ ਦੇ ਫੈਸਲੇ ਉਪ੍ਰੰਤ ਵੱਖ ਵੱਖ ਰਾਇ ਰੱਖਣ ਵਾਲੇ ਇਤਿਹਾਸਕਾਰਾਂ ਦੀ ਮੀਟਿੰਗ ਅਕਤੂਬਰ ਮਹੀਨੇ ਵਿੱਚ ਬੁਲਾਈ ਜਾਵੇ ਜਿਹੜੀ ਸਰਬ ਸਾਂਝਾ ਫੈਸਲਾ ਹੋਣ ਤੱਕ ਚਲਦੀ ਰਹੇ ਅਤੇ ਕੈਲੰਡਰ ਸਬੰਧੀ ਪੂਰਨ ਤੌਰ ’ਤੇ ਫੈਸਲਾ ਦਸੰਬਰ ਮਹੀਨੇ ਤੋਂ ਪਹਿਲਾਂ ਪਹਿਲਾਂ ਕਰਨ ਦਾ ਯਤਨ ਕੀਤਾ ਜਾਵੇ ਤਾਂ ਜੋ ਨਵਾਂ ਸਾਲ ਸ਼ੁਰੂ ਹੋਣ ਤੋਂ ਕਾਫੀ ਸਮਾਂ ਪਹਿਲਾਂ ਹੀ ਕੈਲੰਡਰ ਸੰਮਤ 551 (2019-2020) ਛਾਪ ਕੇ ਰੀਲੀਜ਼ ਕੀਤਾ ਜਾ ਸਕੇ ਤੇ ਇਸ ਦੀ ਕਾਪੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਭੇਜ ਕੇ ਸੂਚਿਤ ਕੀਤਾ ਜਾਵੇ ਕਿ ਸਾਲ 2019 ਦੇ ਸਰਕਾਰੀ ਕੈਲੰਡਰਾਂ ਵਿੱਚ ਛੁੱਟੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਲਾਨਾ ਕੈਲੰਡਰ ਅਨੁਸਾਰ ਦਰਜ ਕੀਤੀਆਂ ਜਾਣ, ਜੀ।

ਜਿਹੜੀਆਂ ਜਥੇਬੰਦੀਆਂ ਤੇ ਹੋਰ ਗੁਰਸਿੱਖ ਇਸ ਗੱਲ ’ਤੇ ਜੋਰ ਦੇ ਰਹੇ ਹਨ ਕਿ ਸਿੱਖ ਕੌਮ ਦਾ ਕੈਲੰਡਰ ਚੰਦ੍ਰ-ਸੂਰਜੀ ਬਿਕ੍ਰਮੀ ਕੈਲੰਡਰ ਦੇ ਆਧਾਰਤ ਹੀ ਹੋਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਅਨੁਸਾਰ ਬਿਕ੍ਰਮੀ ਕੈਲੰਡਰ ਹੀ ਗੁਰਮਤਿ ਅਤੇ ਸਿੱਖ ਇਤਿਹਾਸ ਦੇ ਅਨੁਕੂਲ ਹੈ, ਉਨ੍ਹਾਂ ਵੀਰਾਂ/ਜਥੇਬੰਦੀਆਂ ਤੋਂ ਪੁੱਛਿਆ ਜਾਵੇ ਕਿ ਕੀ ਉਨ੍ਹਾਂ ਨੂੰ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਧਰੇ ਵੀ ਵਦੀ, ਸੁਦੀ, ਮਲ ਮਾਸ ਜਾਂ ਸਾਲ ਵਿੱਚ 13 ਮਹੀਨਿਆਂ ਦਾ ਜ਼ਿਕਰ ਕੀਤਾ ਮਿਲਦਾ ਹੈ। ਮਾਝ ਰਾਗੁ ਅਤੇ ਤਿਲੰਗ ਰਾਗੁ ਵਿੱਚ ਦੋ ਬਾਰਹ ਮਾਹਾ ਦਰਜ ਹਨ ; ਦੋਵਾਂ ਵਿੱਚ ਕੇਵਲ 12-12 ਮਹੀਨਿਆਂ ਦਾ ਜ਼ਿਕਰ ਹੈ ਅਤੇ ਕਿਧਰੇ ਵੀ 13ਵੇਂ ਮਹੀਨੇ ਦਾ ਨਾਮੋ ਨਿਸ਼ਾਨ ਤੱਕ ਨਹੀਂ ਹੈ। “ਥਿਤੀ ਗਉੜੀ ਮਹਲਾ ੫ ॥” , “ਰਾਗੁ ਗਉੜੀ ਥਿਤੀੰ ਕਬੀਰ ਜੀ ਕੀੰ ॥” ਅਤੇ “ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ” ਸਿਰਲੇਖ ਹੇਠ ਤਿੰਨ ਬਾਣੀਆਂ ਦਰਜ ਹਨ ਜਿਨ੍ਹਾਂ ਵਿੱਚ ਕਰਮ ਅਨੁਸਾਰ ਏਕਮ, ਦੁਤੀਆ, ਤ੍ਰਿਤੀਆ, ਚਾਉਥਿ ਆਦਿਕ ਪੰਦਰਾਂ ਤਿਥਾਂ ਦਾ ਹੀ ਜਿਕਰ ਹੈ ਕਿਸੇ ਵੀ ਤਿੱਥ ਨਾਲ ਵਦੀ ਜਾਂ ਸੁਦੀ ਸ਼ਬਦ ਦਰਜ ਨਹੀਂ ਹਨ। ਨਾ ਹੀ ਕਿੱਧਰੇ ਇਹ ਲਿਖਿਆ ਹੋਇਆ ਮਿਲਦਾ ਹੈ ਕਿ ਗੁਰਪੁਰਬ ਚੰਦਰ ਮਹੀਨੇ ਦੀਆਂ ਤਿਥਾਂ ਅਨੁਸਾਰ ਮੰਨਾਏ ਜਾਣ ਅਤੇ ਬਾਕੀ ਦੇ ਸਾਰੇ ਇਤਿਹਾਸਕ ਦਿਹਾੜੇ ਸੂਰਜੀ ਮਹੀਨੇ ਦੀਆਂ ਤਰੀਖਾਂ ਅਨੁਸਾਰ ਮੰਨਾਏ ਜਾਣ । ਜੇਕਰ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਐਸਾ ਕੋਈ ਜ਼ਿਕਰ ਹੀ ਨਹੀਂ ਤਾਂ ਵਦੀ, ਸੁਦੀ, ਮਲ ਮਾਸ ਭਾਵ 13 ਮਹੀਨਿਆਂ ਵਾਲਾ ਚੰਦਰ-ਸੂਰਜੀ ਕੈਲੰਡਰ ਕੌਮ ਦੇ ਸਿਰ ਥੋਪਣਾ ਕਿਵੇਂ ਜਾਇਜ਼ ਹੈ ?  ਉਨ੍ਹਾਂ ਤੋਂ ਇਹ ਵੀ ਪੁੱਛਿਆ ਜਾਵੇ ਕਿ ਜੇਕਰ ਵੈਸਾਖੀ ਸੂਰਜੀ ਮਹੀਨੇ ਦੀ 1 ਵੈਸਾਖ ਨੂੰ ਮਨਾਈ ਜਾਂਦੀ ਹੈ ਤਾਂ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 2 ਹਾੜ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ ਅਤੇ ਇਸੇ ਤਰ੍ਹਾਂ ਬਾਕੀ ਦੀਆਂ ਸਾਰੀਆਂ ਤਰੀਖਾਂ ਸੂਰਜੀ ਮਹੀਨੇ ਦੀਆਂ ਤਰੀਖਾਂ ਅਨੁਸਾਰ ਮਨਾਉਣ ਨਾਲ ਇਤਿਹਾਸ ਵਿੱਚ ਕੀ ਵਿਗਾੜ ਪੈ ਜਾਵੇਗਾ ?  ਜਿਹੜੀਆਂ ਜਥੇਬੰਦੀਆਂ/ ਗੁਰਸਿੱਖ ਇਸ ਗੱਲ ਦਾ ਜਵਾਬ ਨਾ ਦੇ ਸਕਣ ਉਨ੍ਹਾਂ ਦੀ ਰਾਇ ਨੂੰ ਕੋਈ ਤਰਜੀਹ ਨਾ ਦਿੱਤੀ ਜਾਵੇ ।

ਮੇਰੀ ਚਿੱਠੀ ਪੜ੍ਹ ਕੇ ਵੀਚਾਰ ਲਈ ਜਾਵੇ ਤਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹੋਵਾਂਗਾ

ਪੰਥ ਦਾ ਨਿਰਮਾਣ ਸੇਵਕ, ਕਿਰਪਾਲ ਸਿੰਘ ਬਠਿੰਡਾ ਸੰਪਰਕ ਨੰ: 98554-80797

ਮਿਤੀ 10 ਮਈ 2018