ਤਖ਼ਤਾਂ ਦੇ ਮੁਖੀ ਨਾਮਧਾਰੀ ਆਗੂ ਨਾਲ ਵਿਚਾਰ-ਗੋਸ਼ਟੀ ਦਾ ਰਾਹ ਅਪਨਾਉਣ ਦੀ ਥਾਂ ਆਪਣੀਆਂ ਪਦਵੀਆਂ ਦੀ ਸਲਾਮਤੀ ਲਈ ਡੇਰੇਦਾਰਾਂ ਦੀ ਬੋਲੀ ਬੋਲਣ ਲੱਗ ਪਏ ਹਨ ।

0
326

ਤਖ਼ਤਾਂ ਦੇ ਮੁਖੀ ਨਾਮਧਾਰੀ ਆਗੂ ਨਾਲ ਵਿਚਾਰ-ਗੋਸ਼ਟੀ ਦਾ ਰਾਹ ਅਪਨਾਉਣ ਦੀ ਥਾਂ ਆਪਣੀਆਂ ਪਦਵੀਆਂ ਦੀ ਸਲਾਮਤੀ ਲਈ ਡੇਰੇਦਾਰਾਂ ਦੀ ਬੋਲੀ ਬੋਲਣ ਲੱਗ ਪਏ ਹਨ ।

ਗਿਆਨੀ ਜਗਤਾਰ ਸਿੰਘ ਜਾਚਕ

ਨਿਊਯਾਰਕ- ਨਾਮਧਾਰੀਆਂ ਨਾਲ ਅੰਮ੍ਰਿਤ-ਸੰਸਕਾਰ ਤੇ ਹਵਨ ਦੀ ਮਰਯਾਦਾ ਦੇ ਮਸਲੇ ’ਤੇ ਉਲਝਣ ਤੋਂ ਪਹਿਲਾਂ ਖ਼ਾਲਸਾ-ਪੰਥ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੁਆਰਾ ਇਹ ਫੈਸਲਾ ਕਰਨ ਦੀ ਲੋੜ ਹੈ ਕਿ ਅਜੋਕੀ ਪ੍ਰਸਥਿਤੀ ਵਿੱਚ ਉਹ ਨਾਮਧਾਰੀ-ਸੰਪ੍ਰਦਾ ਨੂੰ ਆਪਣਾ ਅੰਗ ਮੰਨਦਾ ਹੈ ਜਾਂ ਨਹੀਂ ?  ਕਿਉਂਕਿ, ਜਿਹੜੀ ਸੰਪ੍ਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦੀ ਥਾਂ ਦਸਮ-ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਅੱਗੇ ਵਿਅਕਤੀ-ਗੁਰੂ ਦਾ ਸਿਲਸਲਾ ਜਾਰੀ ਰੱਖ ਰਹੀ ਹੋਵੇ, ਉਸ ਨੂੰ ਖ਼ਾਲਸਾ-ਪੰਥ ਦਾ ਅੰਗ ਮੰਨੇ ਜਾਣਾ ਅਸੰਭਵ ਹੈ ਅਤੇ ਅਜਿਹੀ ਪ੍ਰਸਥਿਤੀ ਵਿੱਚ ਉਸ ਨਾਲ ਮਰਯਾਦਾ ਦੇ ਮਸਲੇ ’ਤੇ ਝਗੜਾ ਬੇਲੋੜਾ ਤੇ ਨੁਕਸਾਨਦਾਇਕ ਹੈ। ਇਹ ਲਫ਼ਜ਼ ਹਨ ਅੰਤਰਾਸ਼ਟਰੀ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਨਿਊਯਾਰਕ ਤੋਂ ਭੇਜੇ ਆਪਣੇ ਲਿਖਤੀ ਬਿਆਨ ਵਿੱਚ ਕਹੇ।

 ਉਨ੍ਹਾਂ ਸਪਸ਼ਟ ਕੀਤਾ ਕਿ ਰਾਜ-ਜੋਗੀ ਬਾਬਾ ਰਾਮ ਸਿੰਘ (1816-1885 ਈ.) ਤੋਂ ਸ਼ੁਰੂ ਹੋਈ ਨਾਮਧਾਰੀ ਸੰਪਰਦਾ (ਕੂਕਾ ਲਹਿਰ) ਨੂੰ ਸ਼ੁਰੂਆਤੀ ਦੌਰ ਵੇਲੇ ਖ਼ਾਲਸਾ-ਪੰਥ ਦਾ ਓਵੇਂ ਹੀ ਇੱਕ ਅੰਗ ਮੰਨਿਆ ਜਾਂਦਾ ਸੀ, ਜਿਵੇਂ ਨਿਹੰਗ ਸਿੰਘ, ਨਿਰਮਲੇ, ਉਦਾਸੀ ਤੇ ਸੇਵਾ-ਪੰਥੀ ਆਦਿਕ ਸਿੱਖ ਸੰਪਰਦਾਵਾਂ । ਪਰ, ਉਨ੍ਹਾਂ ਦੇ ਅਕਾਲ-ਚਲਾਣੇ ਉਪਰੰਤ ਕੁਝ ਮਤਲਬਪ੍ਰਸਤ ਮਜ਼੍ਹਬੀ ਮਸੰਦਾਂ ਨੇ ਅਣਇਤਿਹਾਸਕ ਘਾੜਤ ਘੜ ਕੇ ਦਸਾਂ ਗੁਰੂਆਂ ਤੋਂ ਬਾਅਦ ਇਸ ਸੰਪ੍ਰਦਾ ਦੇ ਸੰਚਾਲਕਾਂ ਨੂੰ ਗਿਆਰਵੀਂ, ਬਾਰਵੀਂ, ਤੇਰਵੀਂ, ਚੌਧਵੀਂ ਤੇ ਪੰਦਰਵੀਂ ਗੱਦੀ ਦਾ ਉਤਰਾਧਿਕਾਰੀ ਮੰਨਣ ਦੀ ਬੱਜਰ ਗ਼ਲਤੀ ਕੀਤੀ ਹੈ । ਜਦੋਂ ਕਿ ਖ਼ੁਦ ਬਾਬਾ ਰਾਮ ਸਿੰਘ ਜੀ ਕਾਲੇਪਾਣੀ ਦੀ ਜੇਲ੍ਹ ਵਿੱਚੋਂ ਭੇਜੇ ਪੱਤਰਾਂ ਵਿੱਚ ਬਾਰ ਬਾਰ ਇਹੀ ਸਮਝਾਉਂਦੇ ਰਹੇ ਕਿ “ਮੈਂ ਗੁਰੂ ਨਹੀਂ, ਗੁਰੂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ । ਮੈਂ ਤਾਂ ਰਪਟੀਏ ਕੀ ਮਾਫ਼ਕ ਹੁਕਮੀ ਬੰਦਾ ਹਾਂ” । ਗੁਰੂ ਕਹਿਣ ਜਾਂ ਮੰਨਣ ਦਾ ਰਿਵਾਜ ਤਾਂ ਭਾਵੇਂ ਹੋਰ ਸਿੱਖ ਸੰਪਰਦਾਵਾਂ, ਸੋਢੀ ਤੇ ਬੇਦੀ ਬਾਬਿਆਂ ਅਤੇ ਕਈ ਹੋਰ ਸਿੱਖ ਡੇਰਦਾਰਾਂ ਵਿੱਚ ਵੀ ਚੱਲ ਰਿਹਾ ਹੈ। ਪਰ, ਉਨ੍ਹਾਂ ਨੇ ਨਾਮਧਾਰੀਆਂ ਵਾਂਗ ਦਸ ਗੁਰੂ-ਰਤਨਮਾਲਾ ਨਾਲ ਆਪਣੇ ਆਪ ਨੂੰ ਜੋੜਣ ਦੀ ਹਮਾਕਤ ਨਹੀਂ ਕੀਤੀ ।

 ਹਵਨ ਅਤੇ ਅੰਮ੍ਰਿਤ-ਸੰਚਾਰ ਮਰਯਾਦਾ ਕੂਕਿਆਂ ਵਿੱਚ ਪਹਿਲਾਂ ਤੋਂ ਹੀ ਚੱਲ ਰਹੀ ਸੀ ਪਰ, ਉਹ ਗਾਤਰੇ ਕ੍ਰਿਪਾਨ ਪਾਉਣੀ ਲਾਜ਼ਮੀ ਨਹੀਂ ਸਨ ਸਮਝਦੇ । ਨਾਮਧਾਰੀਆਂ ਦੇ ਵਿਵਾਦਤ ਮੁਖੀ (ਸਤਿਗੁਰੂ) ਠਾਕੁਰ ਦਲੀਪ ਸਿੰਘ ਵੱਲੋਂ ਨਾਮਧਾਰੀਆਂ ਨੂੰ ਕ੍ਰਿਪਾਨਧਾਰੀ ਬਨਾਉਣਾ ਅਤੇ ਬੀਬੀਆਂ ਨੂੰ ਅੰਮ੍ਰਿਤ ਛਕਾਉਣ ਤੇ ਵਿਆਹ ਵੇਲੇ ਪੱਲਾ ਫੜਾਉਣ ਦਾ ਅਧਿਕਾਰ ਦੇਣਾ ਗਰੂ ਨਾਨਕ-ਵਿਚਾਰਧਾਰਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਣਿਤ ਪੰਥਕ ਮਰਯਾਦਾ ਦੇ ਅਨੁਕੂਲ ਹੈ, ਖ਼ਿਲਾਫ਼ ਨਹੀਂ । ਜਿਥੋਂ ਤੱਕ ਪੰਜ ਦੀ ਥਾਂ ਸੱਤ ਬੀਬੀਆਂ ਲਾਉਣ ਦੀ ਗੱਲ ਹੈ, ਉਹ ਵੀ ਵਿਚਾਰਨ-ਯੋਗ ਹੈ ਕਿਉਂਕਿ, ਪੰਥਕ ਮਰਯਾਦਾ ਵਿੱਚ ਵੀ ਅੰਮ੍ਰਿਤ ਸੰਸਕਾਰ ਵੇਲੇ ਸੱਤ ਵਿਅਕਤੀ ਹੀ ਗਿਣੇ ਜਾਂਦੇ ਹਨ । ਪੰਜ ਪਿਆਰੇ, ਇੱਕ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਅਤੇ ਇੱਕ ਪਹਿਰੇਦਾਰ ।

 ਦਾਸ ਦੇ ਖ਼ਿਆਲ ਮੁਤਾਬਕ ਤਾਂ ਨਾਮਧਾਰੀ ਆਗੂ ਦੀ ਉਪਰੋਕਤ ਕਾਰਵਾਈ ਆਪਣੀਆਂ ਭੁੱਲਾਂ ਨੂੰ ਸੁਧਾਰ ਕੇ ਖ਼ਾਲਸਾ-ਪੰਥ ਦੇ ਨੇੜੇ ਵੱਲ ਹੋਣ ਵੱਲ ਵਧਾਇਆ ਗਿਆ ਇੱਕ ਕਦਮ ਜਾਪਦੀ ਹੈ । ਵੈਸਾਖੀ ਪੁਰਬ ’ਤੇ ਉਨ੍ਹਾਂ ਸ੍ਰੀ ਆਨੰਦਪੁਰ ਸਾਹਿਬ ਦੇ ਲੰਗਰ ਵਿਖੇ ਭਾਂਡੇ ਮਾਂਜਣ ਦੀ ਸੇਵਾ ਵੀ ਨਿਭਾਈ ਹੈ, ਪਰ ਇਉਂ ਜਾਪਦਾ ਹੈ ਕਿ ਜਿਹੜੇ ਸਿੱਖ ਡੇਰੇਦਾਰ ਬੀਬੀਆਂ ਨੂੰ ਅੰਮ੍ਰਿਤ ਛਕਾਉਣ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਪਾਲਕੀ ਨੂੰ ਮੋਢਾ ਦੇਣ ਤੇ ਕੀਰਤਨ ਕਰਨ ਦਾ ਅਧਿਕਾਰ ਨਹੀਂ ਦੇਣਾ ਚਾਹੁੰਦੇ, ਉਨ੍ਹਾਂ ਨੂੰ ਖ਼ਤਰਾ ਭਾਸ ਰਿਹਾ ਹੈ । ਇਸ ਲਈ ਉਹ ਆਪਣੀ ਲੀਡਰੀ ਸਥਾਪਤ ਕਰਨ ਲਈ ਸਿੱਖ ਕੌਮ ਨੂੰ ਭੜਕਾਉਣ ਦਾ ਯਤਨ ਕਰ ਰਹੇ ਹਨ । ਦੁੱਖ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਮੂਕ-ਦਰਸ਼ਕ ਬਣੀ ਬੈਠੀ ਹੈ ਅਤੇ ਤਖ਼ਤਾਂ ਦੇ ਮੁਖੀ ਨਾਮਧਾਰੀ ਆਗੂ ਨਾਲ ਵਿਚਾਰ-ਗੋਸ਼ਟੀ ਦਾ ਰਾਹ ਅਪਨਾਉਣ ਦੀ ਥਾਂ ਆਪਣੀਆਂ ਪਦਵੀਆਂ ਦੀ ਸਲਾਮਤੀ ਲਈ ਡੇਰੇਦਾਰਾਂ ਦੀ ਬੋਲੀ ਬੋਲਣ ਲੱਗ ਪਏ ਹਨ ।