ਨਾਮ ਕੀ ਹੈ ਤੇ ਕਿਵੇਂ ਜਪੀਏ, ਕੀ ਵਾਹਿਗੁਰੂ-ਵਾਹਿਗੁਰੂ ਜਪਣਾ ਗੁਰਮਤਿ ਅਨੁਸਾਰੀ ਹੈ ?
ਗਿਆਨੀ ਅਵਤਾਰ ਸਿੰਘ
ਸਿੱਖ ਦੀ ਆਮ ਧਾਰਨਾ ਹੈ ਕਿ ‘ਨਾਮ’ ਦਾ ਅਰਥ ਰੱਬੀ ਗੁਣ ਹੈ, ਪਰ ਗੁਰੂ ਅਮਰਦਾਸ ਜੀ ਦੇ ਵਚਨ ਹਨ ਕਿ ‘‘ਸਦਾ ਸਿਫਤਿ ਸਲਾਹ ਤੇਰੀ; ਨਾਮੁ ਮਨਿ ਵਸਾਵਏ ॥’’ (ਮ: ੩/੯੧੭) ਭਾਵ ਰੱਬੀ ਸਿਫ਼ਤ ਕਰਨ ਉਪਰੰਤ ਹਿਰਦੇ ਵੱਸਣ ਵਾਲਾ ਨਾਮ, ਉਸ ਦਾ ਪ੍ਰਭਾਵ, ਮਹੱਤਵ, ਵੱਡਾਪਣ ਹੀ ਹੋ ਸਕਦਾ ਹੈ, ਇੱਥੇ ‘ਨਾਮ’ ਦਾ ਅਰਥ ‘ਪ੍ਰਭਾਵ’ ਸਹੀ ਰਹੇਗਾ।
ਸੁਖਮਨੀ ਸਾਹਿਬ ਵਿੱਚ ਦਰਜ ਗੁਰੂ ਅਰਜਨ ਦੇਵ ਜੀ ਦੁਆਰਾ ਸ਼ਬਦ ‘ਨਾਮ’ ਦੇ ਅਰਥ ‘ਜਾਗਰੂਕਤਾ’ ਵਧੇਰੇ ਦਰੁਸਤ ਜਾਪਦਾ ਹੈ ਕਿਉਂਕਿ ਜਿੱਥੇ ਮਾਤਾ, ਪਿਤਾ, ਆਦਿ ਪਰਵਾਰਿਕ ਸਹਾਇਕ ਨਾ ਹੋਵੇ ਉਥੇ ਬੰਦੇ ਦੀ ਆਪਣੀ ਸਿਆਣਪ ਹੀ ਕੰਮ ਆਉਂਦੀ ਹੈ; ਜਿਵੇਂ ‘‘ਜਹ; ਮਾਤ ਪਿਤਾ ਸੁਤ ਮੀਤ ਨ ਭਾਈ ॥ ਮਨ ! ਊਹਾ ਨਾਮੁ ਤੇਰੈ ਸੰਗਿ; ਸਹਾਈ ॥ (ਮ: ੫/੨੬੪)
‘ਜਪੁ’ ਬਾਣੀ ਵਿੱਚ ਦਰਜ ‘ਨਾਮ’ ਸ਼ਬਦ ਦਾ ਸੰਕੇਤ ਕਈ ਥਾਵਾਂ ਵਿੱਚ ਵੱਸਣ ਵੱਲ ਹੈ, ਇਸ ਲਈ ਤੁਕ ’ਚ ਨਾਮ ਦੇ ਅਰਥ ਜੂਨਾਂ ਕਰਨਾ ਲਾਭਕਾਰੀ ਰਹੇਗਾ ‘‘ਅਸੰਖ ਨਾਵ; ਅਸੰਖ ਥਾਵ ॥’’(ਜਪੁ, ਮ: ੧/੪)
ਸੁਖਮਨੀ ਸਾਹਿਬ ਵਿੱਚ ਹੀ ਦਰਜ ਹੈ ‘‘ਨਾਮ ਕੇ ਧਾਰੇ; ਸਗਲੇ ਜੰਤ ॥’’ (ਮ: ੫/੨੮੪) ਪ੍ਰਸੰਗ ਮੁਤਾਬਕ ਇੱਥੇ ਨਾਮ ਦਾ ਅਰਥ ਰੱਬ ਜਾਂ ਉਸ ਦਾ ਹੁਕਮ ਸਹੀ ਰਹੇਗਾ, ਆਦਿ।
ਪਰ ਸਭ ਤੋਂ ਵੱਡਾ ਸਵਾਲ ਹੈ ਕਿ ਉਹ ਕਿਹੜਾ ਨਾਮ ਹੈ ਜਿਸ ਦੇ ਜਪਣ ਵੱਲ ਵਾਰ-ਵਾਰ ਸੰਕੇਤ ਕੀਤਾ ਜਾਂਦਾ ਹੈ ? ਇਸ ਦਾ ਜਵਾਬ ਹੈ ਕਿ ‘ਨ’ ਨੂੰ ਲੱਗਿਆ ਕੰਨਾ ਅਤੇ ‘ਮ’ ਨਾਲ਼ ਬਣਿਆ ਸ਼ਬਦ (ਨਾਮ) ਜਪਣ ਦਾ ਪ੍ਰਤੀਕ ਹੀ ਨਹੀਂ ਭਾਵ ‘ਨਾਮ-ਨਾਮ-ਨਾਮ’ ਜਾਂ ‘ਗੁਣ-ਗੁਣ-ਗੁਣ’ ਨਹੀਂ ਕੀਤਾ ਜਾ ਸਕਦਾ।
ਦਰਅਸਲ ਕਿਰਤਮ ਨਾਮ ਭਾਵ ਮਨੁੱਖਾਂ ਦੁਆਰਾ ਅਦਿ੍ਰਸ਼ ਸ਼ਕਤੀ ਦੇ ਬਣਾਏ ਗਏ ਨਾਮ; ਜਿਵੇਂ ਜਦ ਮਨੁੱਖ ਨੇ ਆਪਣੇ ਆਪ ਨੂੰ ਮਾਇਆ ਮੋਹ ਅਧੀਨ ਮੰਨ ਲਿਆ ਤਾਂ ਅਦ੍ਰਿਸ਼ ਸ਼ਕਤੀ ਦਾ ਇੱਕ ਨਾਮ ‘ਨਿਰਜੰਜਾਲ, ਨਿਰਮੋਹ, ਨਿਰਲੇਪ, ਨਿਰਮਲ, ਆਦਿ ਬਣਾ ਲਿਆ। ਚੇਤੇ ਰਹੇ ਕਿ ਭਾਸ਼ਾਈ ਨਿਯਮਾਂ ਮੁਤਾਬਕ ਇਹ ਤਮਾਮ ਸ਼ਬਦ ਨਾਂਵ ਹੁੰਦੇ ਹਨ ਪਰ ਵੈਸੇ ਇਹ ਵਿਸ਼ੇਸ਼ਣ (ਕਿਰਤਮ) ਹੁੰਦੇ ਹਨ, ਜਿਨ੍ਹਾਂ ਰਾਹੀਂ ਅਕਾਲ ਪੁਰਖ ਦੇ ਗੁਣ ਪ੍ਰਗਟ ਹੋਣ। ਇਨ੍ਹਾਂ ਨੂੰ ਜਪਣਾ, ਚੇਤੇ ਕਰਨਾ ਹੀ ਨਾਮ ਜਪਣਾ ਜਾਂ ਸਿਮਰਨ ਕਰਨਾ ਹੈ, ਇਨ੍ਹਾਂ ਦੀ ਗਿਣਤੀ ਅਗਰ ਸਾਰੇ ਸਮੁੰਦਰ ਨੂੰ ਸਿਆਹੀ ਬਣਾ ਲਈਏ ਤੇ ਸਾਰੀ ਬਨਸਪਤੀ ਨੂੰ ਕਲਮ ਤਾਂ ਵੀ ਪੂਰਨ ਨਹੀਂ ਹੋ ਸਕਦੀ ‘‘ਕਬੀਰ ! ਸਾਤ ਸਮੁੰਦਹਿ (ਨੂੰ) ਮਸੁ (ਸਿਆਹੀ) ਕਰਉ, ਕਲਮ ਕਰਉ ਬਨਰਾਇ (ਬਨਸਪਤੀ)॥ ਬਸੁਧਾ (ਧਰਤੀ) ਕਾਗਦੁ ਜਉ ਕਰਉ, ਹਰਿ ਜਸੁ ਲਿਖਨੁ ਨ ਜਾਇ ॥’’ (ਭਗਤ ਕਬੀਰ/੧੩੬੮)
ਅਰੰਭਕ ਸਮੇਂ ਦੌਰਾਨ ਇਨ੍ਹਾਂ ਦੀ ਪਕੜ ਮਨੁੱਖਾ ਬੁਧੀ ਤੋਂ ਅਛੋਹ ਹੁੰਦੀ ਹੈ, ਇਸ ਲਈ ਸੰਗਤ ਅਤੇ ਵਿਸ਼ੇਸ਼ ਸਮੇਂ ਨੂੰ ਮਹੱਤਵ ਦਿੱਤਾ ਜਾਂਦਾ ਹੈ ਪਰ ਬਾਅਦ ’ਚ ‘‘ਮਾਰਗਿ ਚਲਤ ਹਰੇ ਹਰਿ ਗਾਈਐ ॥ (ਮ: ੫/੩੮੬), ਜੇ ਵੇਲਾ ਵਖਤੁ ਵੀਚਾਰੀਐ; ਤਾ ਕਿਤੁ ਵੇਲਾ ਭਗਤਿ ਹੋਇ ? ॥’’ (ਮ: ੩/੩੫) ਵਾਲ਼ੀ ਸਥਿਤੀ ਬਣ ਜਾਂਦੀ ਹੈ।
ਜਦ ਬੰਦਾ ਵਾਰ-ਵਾਰ ਕਿਸੇ ਦੇ ਗੁਣਾਂ ਨੂੰ ਚੇਤੇ ਕਰੇਗਾ ਤਾਂ ਉਸ ਅੰਦਰ ਸੁਭਾਵਕ ਨੀਂਵਾਪਣ, ਨਿਮਰਤਾ ਆਏਗੀ, ਪਰ ਤੁਸਾਂ ਵੇਖਿਆ ਹੋਇਆ ਕਿ ‘ਵਾਹਿਗੁਰੂ-ਵਾਹਿਗੁਰੂ’ ਜਪਣ ਨਾਲ਼ ਵੀ ਕਠੋਰਤਾ, ਈਰਖਾ, ਅਹੰਕਾਰ, ਆਦਿ ਵਿਕਾਰ ਕਾਇਮ ਰਹਿੰਦੇ ਹਨ ਇਸ ਦਾ ਅਸਲ ਕਾਰਨ ਇਹ ਹੈ ਕਿ ‘ਵਾਹਿਗੁਰੂ’ ਕਿਰਤਮ ਨਾਮ ਨਹੀਂ ਭਾਵ ਜਿਵੇਂ ‘ਰਾਮ’ ਦਾ ਅਰਥ ‘ਰਮਿਆ ਹੋਇਆ’, ‘ਅਕਾਲ’ ਦਾ ਅਰਥ ‘ਮੌਤ ਰਹਿਤ’, ਆਦਿ ਹੈ ਇਸੇ ਤਰ੍ਹਾਂ ‘ਵਾਹਿਗੁਰੂ’ ਦਾ ਕੋਈ ਗੁਣਕਾਰੀ ਪੱਖ ਉਜਾਗਰ ਨਹੀਂ ਹੁੰਦਾ, ਤਾਂ ਜੋ ਮਨੁੱਖ ਉਸ ਦੇ ਮੁਕਾਬਲੇ ਆਪਣੇ ਆਪ ਨੂੰ ਛੋਟਾ ਮਹਿਸੂਸ ਕਰੇ।
ਮਹਾਨ ਕੋਸ਼ ਵਿਚ ‘ਵਾਹਿਗੁਰੂ’ ਨੂੰ ‘ਵਾਹਗੁਰੂ’ ਸ਼ਬਦ ਬਣਾ ਤੇ ਅਪਹੁੰਚ (ਕਿਰਤਮ) ਅਰਥ ਕਰ ਲਏ ਪਰ ਗੁਰਬਾਣੀ ਪ੍ਰਸੰਗ ਮੁਤਾਬਕ ਅਰਥ ‘ਵਾਹ ਗੁਰੂ’ ਭਾਵ ਹੇ ਗੁਰੂ ! ਤੂੰ ਵਾਹ ਜਾਂ ਧੰਨ ਹੈਂ, ਬਣ ਰਹੇ ਹਨ।
‘‘ਕੀਆ ਖੇਲੁ ਬਡ ਮੇਲੁ ਤਮਾਸਾ, ਵਾਹ ਗੁਰੂ ! ਤੇਰੀ ਸਭ ਰਚਨਾ ॥’’ (ਭਟ ਗਯੰਦ/੧੪੦੪) ਧਿਆਨ ਰਹੇ ਕਿ ਭੱਟ ਸਾਹਿਬਾਨ ਗੁਰੂ ਨੂੰ ਅਕਾਲ ਪੁਰਖ ਦਾ ਦਰਜ ਦੇ ਰਹੇ ਹਨ ਅਤੇ ਗੁਰਬਾਣੀ ਵਿੱਚ ‘ਗੁਰੂ’ ਦਾ ਅਰਥ ਅਕਾਲ ਪੁਰਖ ਵੀ ਹੈ।
ਸੋ ‘ਵਾਹਿਗੁਰੂ’ ਇਕ ਵਿਸਮਿਕ ਸ਼ਬਦ ਹੈ, ਨਾ ਕਿ ਨਾਮ ਜਾਂ ਵਿਸ਼ੇਸ਼ਣ, ਇਸ ਲਈ ਇਸ ਨੂੰ (ਗੂੰਗੇ ਦੀ ਮਿਠਾਈ ਸੁਆਦ ਵਾਙ) ਭੋਗਿਆ, ਮਾਣਿਆ ਜਾ ਸਕਦਾ ਹੈ, ਪਰ ਰੱਬੀ ਗੁਣ (ਵਿਸ਼ੇਸ਼ਣ) ਬਣਾ ਕੇ ਜਪਿਆ ਨਹੀਂ ਜਾ ਸਕਦਾ।
ਬਿਲਕੁਲ ਗਲਤ, ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ।
ਵੀਰ ਜੀ, ਸ਼ਰਮ ਦਾ ਕੀ ਕਾਰਨ ਹੈ ?
Comments are closed.