ਮੁੱਖ ਵਾਕ ਅੰਕ ਨੰਬਰ 608
ਸੋਰਠਿ, ਮਹਲਾ ੪, ਪੰਚਪਦਾ ॥
(ਨੋਟ: ਉਕਤ ਸਿਰਲੇਖ ’ਚ ਦਰਜ ‘ਪੰਚਪਦਾ’ ਸ਼ਬਦ ਦਾ ਮਤਲਬ ਹੈ ਕਿ ਅਗਾਂਹ ਆਉਣ ਵਾਲ਼ੇ ਸ਼ਬਦਾਂ ਵਿੱਚ ਇੱਕ ‘ਰਹਾਉ’ (ਵਿਸ਼ੇ ਦੇ ਸੰਖੇਪ) ਨੂੰ ਪੰਜ ਬੰਦਾਂ ਰਾਹੀਂ ਸੰਪੂਰਨ ਵਿਸਥਾਰ ਦਿੱਤਾ ਗਿਆ ਹੈ।)
ਅਚਰੁ ਚਰੈ, ਤਾ ਸਿਧਿ ਹੋਈ; ਸਿਧੀ ਤੇ ਬੁਧਿ ਪਾਈ ॥
ਉਚਾਰਨ ਸੇਧ: ਤਾਂ । (ਇਸ ਤੁਕ ’ਚ ‘ਤੇ’ ਦਾ ਅਰਥ ‘ਤੋਂ’ ਹੈ।)
ਅਰਥ : (ਜਦ ਮਨੁੱਖ, ਗੁਰੂ ਰਾਹੀਂ) ਅਜਿੱਤ (ਮਨ ਦੇ ‘ਵਿਕਲਪ’ ਭਾਵ ਦਵੈਤ/ਦੁਬਿਧਾ ਪੈਦਾ ਕਰਨ ਵਾਲ਼ੇ ਫੁਰਨਿਆਂ) ਨੂੰ ਮਾਰਦਾ ਹੈ ਤਾਂ ਜੀਵਨ ਸੰਘਰਸ਼ ’ਚ ਮਿਲੀ ਸਫਲਤਾ ਤੋਂ ‘ਬੁਧਿ’ (ਦ੍ਰਿੜ੍ਹ ਇਰਾਦਾ) ਪੈਦਾ ਹੁੰਦੀ ਹੈ।
(ਨੋਟ: ‘ਮਨ’ ਦੀ ਦੋ ਤਰ੍ਹਾਂ ਵੰਡ ਕੀਤੀ ਜਾਂਦੀ ਹੈ:
(ੳ) ‘ਸੰਕਲਪ’ (ਨਵਾਂ ਫੁਰਨਾ ਪੈਦਾ ਹੋਣਾ)
(ਅ). ‘ਵਿਕਲਪ’ (ਉਸ ਫੁਰਨੇ ’ਤੇ ਵਿਸ਼ਵਾਸ ਨਾ ਬਣਨ ਦੇਣਾ ਭਾਵ ਦੁਬਿਧਾ/ਦਵੈਤ ਜਾਂ ਦੁਚਿੱਤੀ)।
‘ਮਨ’ ਦੇ ਉਕਤ ਕੇਵਲ ‘ਸੰਕਲਪ’ ਭਾਗ ’ਚ ਗੁਰੂ ਰੌਸ਼ਨੀ ਦਾ ਹੋਣਾ ਹੀ ‘ਬੁਧਿ’ ਹੈ, ਪਰ ਜਦ ਉਸ (ਮਨ) ਵਿੱਚ ‘ਵਿਕਲਪ’ (ਦੁਬਿਧਾ) ਨਾ ਰਹੇ, ਇਸ ਲਈ ਗੁਰਬਾਣੀ ਵਿੱਚ ‘ਮਨਿ ਬੁਧਿ’ ਸ਼ਬਦ ਸੰਯੁਕਤ ਆਉਂਦੇ ਹਨ ਭਾਵ ਮਨ ਵਿੱਚ ਬੁੱਧੀ (ਦ੍ਰਿੜ੍ਹ ਇਰਾਦਾ+ਰੌਸ਼ਨੀ) ਦਾ ਬਣ ਜਾਣਾ ਜਾਂ ‘ਵਿਕਲਪ’ ਮਰ ਜਾਣਾ; ਇਹ ਭੇਦ (ਰਾਜ਼) ‘ਜਪੁ’ ਬਾਣੀ ’ਚ ਦੋ ਵਾਰ ਦਰਜ ਹੈ; ਜਿਵੇਂ ਕਿ
ਮੰਨੈ; ਸੁਰਤਿ ਹੋਵੈ, ‘ਮਨਿ ਬੁਧਿ’ ॥ (ਜਪੁ)
ਤਿਥੈ ਘੜੀਐ; ਸੁਰਤਿ, ਮਤਿ, ‘ਮਨਿ ਬੁਧਿ’ ॥ (ਜਪੁ)
ਉਕਤ ਦੋਵੇਂ ਤੁਕਾਂ ’ਚ ਦਰਜ ‘ਮਨਿ’ ਦਾ ਅਰਥ ਹੈ: ‘ਮਨ ਵਿੱਚ’ (ਬੁੱਧ) ਆ ਜਾਂਦੀ ਹੈ ਜਾਂ ‘ਵਿਕਲਪ’ ਮਰ ਜਾਂਦਾ ਹੈ।
ਵਿਚਾਰ ਅਧੀਨ ਹਥਲੀ ਤੁਕ ‘‘ਅਚਰੁ ਚਰੈ, ਤਾ ਸਿਧਿ ਹੋਈ; ਸਿਧੀ ਤੇ ਬੁਧਿ ਪਾਈ ॥’’ ’ਚ ਦਰਜ ‘ਸਿਧਿ’ ਦਾ ਅਰਥ ਹੈ ‘ਸਫਲਤਾ’ ਭਾਵ ‘ਵਿਕਲਪ’ ਮਾਰਨਾ ਜਾਂ ਖਾਣਾ (ਚਰ, ਚਰਨਾ), ਜਿਸ ਤੋਂ ਬਾਅਦ ‘ਬੁਧਿ’ (ਦ੍ਰਿੜ੍ਹ ਇਰਾਦਾ ਜਾਂ ਮਨ ਦਾ ਕੇਵਲ ‘ਸੰਕਲਪ’ ਭਾਗ) ਰਹਿ ਜਾਣਾ ਭਾਵ ਮਨ ਦੇ ‘ਵਿਕਲਪ’ ਭਾਗ ਨੂੰ ਮਾਰਨ ਵਾਲ਼ੀ ਸਫਲਤਾ ਤੋਂ ਬਾਅਦ ‘ਬੁਧਿ ਪਾਈ’।
ਹੁਣ ਸਵਾਲ ਇਹ ਵੀ ਪੈਦਾ ਹੋ ਸਕਦਾ ਹੈ ਕਿ ਪਾਪੀ ਦੇ ਮਨ ’ਚ ਵੀ ਪਾਪ ਦਾ ‘ਸੰਕਲਪ’ ਉੱਠਦਾ ਰਹਿੰਦਾ ਹੈ, ਕੀ ਇਸ ਨੂੰ ਵੀ ‘ਬੁਧਿ’ ਕਹੀਏ ? ਇਸ ਸਵਾਲ ਦਾ ਜਵਾਬ ਮਿਲਦਾ ਹੈ: ‘ਮਨਿ ਬੁਧਿ’ (ਸੰਯੁਕਤ) ਸ਼ਬਦਾਂ ਵਾਲੀ ਤੁਕ ’ਚ ਵਰਤੇ ਗਏ ਦੂਸਰੇ ਸ਼ਬਦਾਂ ਰਾਹੀਂ; ਜਿਵੇਂ ਕਿ ‘‘ਮੰਨੈ; ਸੁਰਤਿ ਹੋਵੈ..॥, ਤਿਥੈ ਘੜੀਐ; ਸੁਰਤਿ, ਮਤਿ..॥’ ਵਾਙ ਹੀ ਵਿਚਾਰ ਅਧੀਨ ਤੁਕ ’ਚ ਦਰਜ ਹੈ ‘‘ਅਚਰੁ ਚਰੈ..॥’’ ਭਾਵ ਜਦ ਗੁਰੂ ਸਿੱਖਿਆ ਸੁਣਨ ਨਾਲ਼ ਉੱਚੀ ਸੁਰਤ ਹੋ ਜਾਵੇ, ਜਦ ਸੁਰਤਿ, ਮਤਿ ਘੜੀ ਜਾਵੇ ਜਾਂ ‘ਅਚਰ’ ਭਾਵ ਅਜਿੱਤ ਮਨ ਨੂੰ ਜਿੱਤ ਲਿਆ ਜਾਏ ਤਾਂ ‘ਮਨਿ’ ਵਿੱਚੋਂ ‘ਵਿਕਲਪ’ ਮਰ ਕੇ ਨਿਰੋਲ ਗੁਰੂ ਰੌਸ਼ਨੀ ਵਾਲ਼ਾ ‘ਸੰਕਲਪ’ ਰਹਿ ਜਾਂਦਾ ਹੈ ਜਿਸ ਨੂੰ ‘ਮਨ ਵਿੱਚ ਬੁਧਿ’ ਦਾ ਪ੍ਰਵੇਸ਼ ਕਹਿ ਸਕਦੇ ਹਾਂ। ਇਨ੍ਹਾਂ ਤੁਕਾਂ ’ਚ ‘ਬੁਧਿ’ ਦਾ ਅਰਥ ‘ਦ੍ਰਿੜ੍ਹ ਇਰਾਦਾ’ ਅਤੇ ਉਸ ਉੱਤੇ ਵਿਸ਼ਵਾਸ ਨੂੰ ਯਕੀਕਨ ਬਣਾਉਣਾ ਹੈ।
‘ਸੁਰਤਿ’ ਦਾ ਅਰਥ ਹੈ ‘ਭੂਤਕਾਲ ਦਾ ਅਨੁਭਵ’ ਅਤੇ ‘ਮਤਿ’ ਦਾ ਅਰਥ ਹੈ ‘ਮਮਤਾ ਜਾਂ ਪਦਾਰਥਾਂ ਨਾਲ਼ ਲਗਾਅ ਭਾਵ ਅਹੰਕਾਰ ਜਾਂ ਹਊਮੈ’, ਜੋ ਕਰਤਾਰ ਦੁਆਰਾ ਕਰਾਏ ਜਾ ਰਹੇ ਹਰ ਕਾਰਜ ਦਾ ਮਹੱਤਵ ਆਪਣੇ ਉੱਪਰ ਲੈ ਕੇ ‘ਜਨਮ ਮਰਨ’ ਦਾ ਮੂਲ ਬਣਦੀ ਹੈ। ਗੁਰਬਾਣੀ ਦੇ ਵਚਨ ਹਨ:
‘ਹਉਮੈ’ ਵਿਚਿ ਜਗੁ ਉਪਜੈ ਪੁਰਖਾ ! ਨਾਮਿ+ਵਿਸਰਿਐ (ਰਾਹੀਂ) ਦੁਖੁ ਪਾਈ ॥ (ਮ: ੧/੯੪੬)
ਜਿਨਿ ਰਚਿ ਰਚਿਆ ਪੁਰਖਿ+ਬਿਧਾਤੈ (ਨੇ); ਨਾਲੇ ‘ਹਉਮੈ’ ਪਾਈ ॥ ਜਨਮ ਮਰਣੁ ਉਸ (ਹਉਮੈ) ਹੀ ਕਉ ਹੈ ਰੇ ! ਓਹਾ (ਹਉਮੈ) ਆਵੈ ਜਾਈ ॥ (ਮ: ੫/੯੯੯)
ਧਿਆਨ ਰਹੇ ਕਿ ਗੁਰਬਾਣੀ ’ਚ ਜਦ ‘ਸੁਰਤਿ, ਮਤਿ, ਬੁਧਿ’ ਸ਼ਬਦ ਅਲੱਗ-ਅਲੱਗ ਦਰਜ ਹੋਣ ਤਾਂ ਇਨ੍ਹਾਂ ਦਾ ਜ਼ਿਆਦਾਤਰ ਅਰਥ ਹੁੰਦਾ ਹੈ: ‘ਵਿਵੇਕਤਾ, ਅਕਲ, ਦਿੱਬ-ਦ੍ਰਿਸ਼ਟੀ, ਅੰਤਰ ਆਤਮਾ ਦੀ ਨਜ਼ਰ’, ਆਦਿ।)
ਪ੍ਰੇਮ ਕੇ ਸਰ, ਲਾਗੇ ਤਨ ਭੀਤਰਿ; ਤਾ ਭ੍ਰਮੁ ਕਾਟਿਆ ਜਾਈ ॥੧॥
ਉਚਾਰਨ ਸੇਧ: ਤਾਂ।
ਅਰਥ : (ਰੱਬੀ ਨੂੰ) ਪਿਆਰ ਕਰਨ ਵਾਲ਼ੇ (ਗੁਰੂ ਸ਼ਬਦ) ਤੀਰ ਹਿਰਦੇ ’ਚ ਲੱਗੇ ਤਾਂ ਇਹ ਭਰਮ (ਕਿ ਕੋਈ ਅਦ੍ਰਿਸ਼ ਸ਼ਕਤੀ ਨਹੀਂ) ਦੂਰ ਹੋ ਗਿਆ।
ਮੇਰੇ ਗੋਬਿਦ ! ਅਪੁਨੇ ਜਨ ਕਉ, ਦੇਹਿ ਵਡਿਆਈ ॥ ਗੁਰਮਤਿ ਰਾਮ ਨਾਮੁ ਪਰਗਾਸਹੁ; ਸਦਾ ਰਹਹੁ ਸਰਣਾਈ ॥ ਰਹਾਉ ॥
ਉਚਾਰਨ ਸੇਧ: ਗੋਬਿੰਦ, ਦੇਹ।
ਅਰਥ : ਹੇ ਮੇਰੀ ਰੱਖਿਆ ਕਰਨ ਵਾਲ਼ੇ ! ਗੁਰੂ ਦੀ ਸਿਖਿਆ ਗ੍ਰਹਿਣ ਕਰਵਾ ਕੇ ਆਪਣੇ ਨਾਮ ਨੂੰ (ਮੇਰੇ ਹਿਰਦੇ ਵਿੱਚ) ਪ੍ਰਗਟ ਕਰੋ ਤੇ ਸਦਾ ਅੰਗ-ਸੰਗ ਰਹਿਣ ਦਾ ਅਹਿਸਾਸ ਕਰਵਾਉਣ ਵਾਲ਼ੀ ਇੱਜ਼ਤ ਆਪਣੇ ਸੇਵਕ ਨੂੰ ਬਖ਼ਸ਼ੋ, ਜੀ।
ਇਹੁ ਸੰਸਾਰੁ ਸਭੁ ਆਵਣ ਜਾਣਾ; ਮਨ ਮੂਰਖ ! ਚੇਤਿ ਅਜਾਣਾ ॥
ਉਚਾਰਨ ਸੇਧ: ਇਹ।
ਅਰਥ : (ਤਾਂ ਤੇ) ਹੇ ਮੇਰੇ ਮੂਰਖ ਨਾਸਮਝ ਮਨ ! (ਇੱਕ ਸਥਿਰ ਅਕਾਲ ਪੁਰਖ ਨੂੰ) ਯਾਦ ਕਰ, ਬਾਕੀ ਸਭ ਇਹ ਜਗਤ ਤਾਂ ਅਸਥਾਈ ਜ਼ਿੰਦਗੀ ਹੈ ਭਾਵ ਮਰਨ-ਜੰਮਣ ਵਾਲ਼ਾ ਹੈ।
ਹਰਿ ਜੀਉ ! ਕ੍ਰਿਪਾ ਕਰਹੁ ਗੁਰੁ ਮੇਲਹੁ; ਤਾ ਹਰਿ ਨਾਮਿ, ਸਮਾਣਾ ॥੨॥
ਉਚਾਰਨ ਸੇਧ: ਤਾਂ ।
ਅਰਥ : ਹੇ ਹਰੀ ਜੀਓ ! ਮਿਹਰ ਕਰੋ ਤੇ ਗੁਰੂ ਨੂੰ ਮਿਲਾਓ ਤਾਂ ਜੋ ਆਪ ਜੀ ਦੇ ਨਾਮ (ਯਾਦ) ਵਿੱਚ ਲੀਨ ਹੋ ਸਕੀਏ।
ਜਿਸ ਕੀ ਵਥੁ, ਸੋਈ ਪ੍ਰਭੁ ਜਾਣੈ; ਜਿਸ ਨੋ ਦੇਇ, ਸੁ ਪਾਏ ॥
ਉਚਾਰਨ ਸੇਧ: ‘ਵਥੁ’, ਥੋੜ੍ਹਾ ਅੰਤ ਔਂਕੜ ਉਚਾਰਨਾ ਜ਼ਰੂਰੀ ਹੈ (ਕਿਉਂਕਿ ਇਹ ਸ਼ਬਦ ‘ਵਥ’ ਨਹੀਂ। ਸੰਸਕ੍ਰਿਤ ’ਚ ‘ਸ+ਤ’ ਦਾ ਜੋੜ ਪੰਜਾਬੀ ’ਚ ‘ਥ’ ਬਣ ਜਾਂਦਾ ਹੈ; ਜਿਵੇਂ ‘ਹਸਤਿ’ (ਹਾਥੀ), ‘ਹਸਤ’ (ਹੱਥ), ‘ਵਸਤੂ’ (ਵਥੂ), ਆਦਿ।)
ਅਰਥ : ਜਿਸ (ਹਰੀ ਦੀ ਅਮੋਲਕ ਦਾਤ, ਨਾਮ-) ਵਸਤੂ ਹੈ (ਤੇ ਗੁਰੂ ਰਾਹੀਂ ਪ੍ਰਾਪਤ ਹੁੰਦੀ ਹੈ) ਉਹੀ ਮਨੁੱਖ, ਪ੍ਰਭੂ (ਭਾਵ ਅਸਲ ਮਾਲਕ) ਦੀ ਹੋਂਦ ਨੂੰ ਸਵੀਕਾਰਦਾ ਹੈ (ਪਰ ਮਾਲਕ ਪ੍ਰਭੂ ਵੀ ਗੁਰੂ ਰਾਹੀਂ) ਜਿਸ ਨੂੰ ਨਸੀਬ ਕਰਵਾਉਂਦਾ ਹੈ ਉਹੀ (ਇਹ ਦਾਤ, ਨਾਮ-ਵਸਤੂ) ਪਾ ਸਕਦਾ ਹੈ।
ਵਸਤੁ ਅਨੂਪ ਅਤਿ, ਅਗਮ ਅਗੋਚਰ; ਗੁਰੁ ਪੂਰਾ ਅਲਖੁ ਲਖਾਏ ॥੩॥
ਉਚਾਰਨ ਸੇਧ: ਅਗੰਮ, ‘ਵਸਤੁ’ ਦਾ ਥੋੜ੍ਹਾ ਅੰਤ ਔਂਕੜ ਉਚਾਰਨਾ ਜ਼ਰੂਰੀ ਕਿਉਂਕਿ ਗੁਰਬਾਣੀ ’ਚ ‘ਵਸਤ’ ਕਿਰਿਆ ਵੀ ਹੈ; ਜਿਵੇਂ ਕਿ
ਨਾਭਿ ‘ਵਸਤ’ (ਵੱਸਦੇ), ਬ੍ਰਹਮੈ (ਨੇ) ਅੰਤੁ ਨ ਜਾਣਿਆ ॥ (ਮ: ੧/੧੨੩੭)
ਅਰਥ : ਇਹ ਨਾਮ-ਵਸਤੂ ਅਤਿ ਅਣਉਪਮਾ (ਉਪਮਾ ਰਹਿਤ), ਅਪਹੁੰਚ ਤੇ ਪੰਜ ਗਿਆਨ ਇੰਦ੍ਰਿਆਂ (ਅੱਖ, ਨੱਕ, ਕੰਨ, ਰਸਨਾ ਤੇ ਤੁਚਾ ਭਾਵ ਚਮੜੀ) ਦੀ ਪਕੜ (ਛੋਹ) ਤੋਂ ਪਰੇ ਹੈ (ਭਾਵ ਅਨੁਭਵ ਹੀ ਕੀਤੀ ਜਾ ਸਕਦੀ ਹੈ, ਪਰ) ਪੂਰਨ ਗੁਰੂ, ਇਸ ਬਿਆਨ ਰਹਿਤ (ਨਾਮ-ਵਸਤੂ) ਨੂੰ ਵੀ ਪ੍ਰਗਟ ਕਰਵਾ ਦਿੰਦਾ ਹੈ ਭਾਵ ਮਨੁੱਖਾ ਹਿਰਦੇ ’ਚ ਮਹਿਸੂਸ ਕਰਾ ਦਿੰਦਾ ਹੈ।
ਜਿਨਿ ਇਹ ਚਾਖੀ, ਸੋਈ ਜਾਣੈ; ਗੂੰਗੇ ਕੀ ਮਿਠਿਆਈ ॥
ਉਚਾਰਨ ਸੇਧ: ਜਿਨ੍ਹ।
ਅਰਥ : (ਅਨੁਭਵੀ ਵਸਤੂ ਹੋਣ ਕਾਰਨ) ਜਿਨ ਨੇ ਵੀ ਇਹ ਭੋਗੀ (ਚੱਖੀ) ਉਹੀ ਇਸ ਦਾ ਸੁਆਦ (ਆਨੰਦ) ਜਾਣ ਸਕਦਾ ਹੈ, ਪਰ ਗੂੰਗੇ ਦੀ ਖਾਧੀ ਮਿਠਾਈ ਵਾਙ ਹੋਰਾਂ ਨੂੰ ਉਸ ਰਸ ਦਾ ਸੁਆਦ ਨਹੀਂ ਦੱਸ ਸਕਦਾ।
ਰਤਨੁ ਲੁਕਾਇਆ, ਲੂਕੈ ਨਾਹੀ; ਜੇ ਕੋ ਰਖੈ ਲੁਕਾਈ ॥੪॥
ਉਚਾਰਨ ਸੇਧ: ਨਾਹੀਂ, ਰੱਖੈ।
ਅਰਥ : (ਬੇਸ਼ੱਕ ਇਹ ਨਾਮ-ਵਸਤੂ ਦਾ ਅਹਿਸਾਸ ਗੂੰਗੇ ਦੀ ਖਾਧੀ ਮਿਠਾਈ ਵਾਙ ਬਿਆਨ ਨਹੀਂ ਕੀਤੀ ਜਾ ਸਕਦਾ ਪਰ ਜਿਸ ਮਨੁੱਖਾ ਹਿਰਦੇ ਨੇ ਇਹ ਭੋਗੀ ਹੁੰਦੀ ਹੈ ਉਸ ਦੇ ਹਾਵ-ਭਾਵ, ਬੋਲ-ਚਾਲ, ਕਾਰ-ਵਿਹਾਰ ਰਾਹੀਂ ਰੱਬੀ ਹੋਂਦ ਬਾਰੇ ਬਣੇ ਵਿਸ਼ਵਾਸ, ਧੀਰਜ, ਇਨਸਾਫ਼-ਪਸੰਦ, ਆਦਿ ਗੁਣ; ਨਾਮ-ਵਸਤੂ ਦੀ ਮਹਿਕ ਨੂੰ ਉਜਾਗਰ ਕਰ ਹੀ ਦਿੰਦੇ ਹਨ, ਇਸ ਲਈ ਨਾਮ-ਵਸਤੂ ਰੂਪ) ਕੀਮਤੀ ਰਤਨ ਛੁਪਾ ਕੇ ਰੱਖਣ ਉਪਰੰਤ ਵੀ ਨਹੀਂ ਛੁਪ ਸਕਦਾ (ਆਪਣੀ ਮਹਿਕ ਦੇ ਹੀ ਜਾਂਦਾ ਹੈ) ਭਾਵੇਂ ਕੋਈ ਵੀ ਲੁਕਾ ਕੇ ਰੱਖਣ ਦਾ ਯਤਨ ਕਰੇ।
ਸਭੁ ਕਿਛੁ ਤੇਰਾ, ਤੂ ਅੰਤਰਜਾਮੀ; ਤੂ ਸਭਨਾ ਕਾ ਪ੍ਰਭੁ ਸੋਈ ॥
ਉਚਾਰਨ ਸੇਧ: ਤੂੰ, ਸਭਨਾਂ ।
ਅਰਥ : (ਪਰ) ਹੇ ਦਿਲੀ ਭਾਵਨਾ ਜਾਣਨ ਵਾਲ਼ੇ ! (ਨਾਮ-ਵਸਤੂ ਨੂੰ ਭੋਗਣਾ ਜਾਂ ਨਾ ਭੋਗਣਾ) ਸਭ ਤੇਰਾ ਹੀ ਖੇਲ-ਤਮਾਸ਼ਾ ਹੈ ਕਿਉਂਕਿ ਤੂੰ ਹੀ ਸਭ ਦਾ ਉਹ (ਅਸਲ) ਮਾਲਕ ਹੈਂ ।
ਜਿਸ ਨੋ ਦਾਤਿ ਕਰਹਿ, ਸੋ ਪਾਏ; ਜਨ ਨਾਨਕ ! ਅਵਰੁ ਨ ਕੋਈ ॥੫॥੯॥ ਸੋਰਠਿ (ਮ: ੪/੬੦੮)
ਉਚਾਰਨ ਸੇਧ: ਕਰਹਿਂ (ਕਰੈਂ)।
ਅਰਥ : ਹੇ ਪ੍ਰਭੂ ਜੀ ! ਜਿਸ (ਹਿਰਦੇ ਨੂੰ ਪ੍ਰਫੁਲਿਤ ਕਰਨ) ਲਈ ਇਹ ਦਾਤ (ਨਾਮ-ਵਸਤੂ, ਗੁਰੂ ਰਾਹੀਂ) ਭੇਜਦਾ ਹੈਂ ਜਾਂ ਹਿਰਦੇ ਨੂੰ ਦਾਤ ਬਖ਼ਸ਼ਦਾ ਹੈਂ ਉਹੀ ਪ੍ਰਾਪਤ ਕਰ ਸਕਦਾ ਹੈ। ਹੇ ਦਾਸ ਨਾਨਕ ! ਆਖ, ਕਿ ਕੋਈ ਹੋਰ (ਇਹ ਦਾਤ-ਵਸਤੂ) ਨਹੀਂ ਪਾ ਸਕਦਾ।