ਮੇਰੇ ਜੀਅੜਿਆ ਪਰਦੇਸੀਆ ! ਕਿਤੁ ਪਵਹਿ ਜੰਜਾਲੇ ਰਾਮ॥
ਗਿਆਨੀ ਹਰਭਜਨ ਸਿੰਘ (ਪ੍ਰਿੰਸੀਪਲ, ਰੋਪੜ)
ਮੇਰੇ ਜੀਅੜਿਆ ਪਰਦੇਸੀਆ ! ਕਿਤੁ ਪਵਹਿ ਜੰਜਾਲੇ ਰਾਮ॥ ਸਾਚਾ ਸਾਹਿਬੁ ਮਨਿ ਵਸੈ, ਕੀ ਫਾਸਹਿ ਜਮ ਜਾਲੇ ਰਾਮ॥
ਮਛੁਲੀ ਵਿਛੁੰਨੀ ਨੈਣ ਰੁੰਨੀ, ਜਾਲੁ ਬਧਿਕਿ ਪਾਇਆ॥ ਸੰਸਾਰੁ ਮਾਇਆ ਮੋਹੁ ਮੀਠਾ, ਅੰਤਿ ਭਰਮੁ ਚੁਕਾਇਆ॥
ਭਗਤਿ ਕਰਿ ਚਿਤੁ ਲਾਇ ਹਰਿ ਸਿਉ, ਛੋਡਿ ਮਨਹੁ ਅੰਦੇਸਿਆ॥ ਸਚੁ ਕਹੈ ਨਾਨਕੁ, ਚੇਤਿ ਰੇ ਮਨ ! ਜੀਅੜਿਆ ਪਰਦੇਸੀਆ॥ ੩॥ (ਮ: ੧/੪੩੯)
ਵੀਚਾਰ ਅਧੀਨ ਇਹ ਪਾਵਨ ਬਚਨ ਆਸਾ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਛੰਦ ਦੇ ਤੀਸਰੇ ਪਦੇ ਦੇ ਹਨ। ਇਹਨਾਂ ਅਨਮੋਲ ਬਚਨਾਂ ਰਾਹੀਂ ਸਤਿਗੁਰੂ ਜੀ ਮਨ ਨੂੰ ਮਾਇਆ ਦੇ ਜੰਜਾਲ ਵਿੱਚੋਂ ਨਿਕਲ ਕੇ ਗੁਰੂ ਭਗਤੀ ਕਰਨ ਦਾ ਉਪਦੇਸ਼ ਦ੍ਰਿੜ੍ਹ ਕਰਵਾ ਰਹੇ ਹਨ। ‘ਜੀਅੜਾ’ ਸ਼ਬਦ ਦੇ ਅਰਥ ਭਾਈ ਕਾਹਨ ਸਿੰਘ ਜੀ ਨਾਭਾ ਪੰਨਾ 746 ’ਤੇ ਵਿਦੇਸ਼, ਪਰਲੋਕ ਨਿਵਾਸੀ, ਉਪਰਾਮ ਅਤੇ ਉਦਾਸੀਨ ਕੀਤੇ ਹਨ। ਏਥੇ (ਜੀਅੜਿਆ ਪਰਦੇਸੀਆ) ਦੇ ਅਰਥ ਪ੍ਰਕਰਣ ਅਨੁਸਾਰ ਉਦਾਸੀ ਮਨ ਕਰਨੇ ਹੀ ਫੱਬਦੇ ਹਨ। ਉਦਾਸ ਮਨ ਦਾ ਅਰਥ ਹੈ, ਪ੍ਰਭੂ ਚਰਨਾਂ ’ਤੋਂ ਵਿਛੜਿਆ ਹੋਇਆ। ਜਿਵੇਂ ਕਿ ਸੂਹੀ ਰਾਗ ਵਿੱਚ ਵੀ ਗੁਰੂ ਨਾਨਕ ਦੇਵ ਜੀ ਫ਼ੁਰਮਾਣ ਕਰ ਰਹੇ ਹਨ:-‘‘ਮਨੁ ਪਰਦੇਸੀ ਜੇ ਥੀਐ, ਸਭੁ ਦੇਸੁ ਪਰਾਇਆ॥’’(ਮ:੧/੭੬੭) ਭਾਵ ਜੇ ਮਨੁੱਖ ਦਾ ਮਨ ਪ੍ਰਭੂ ਚਰਨਾਂ ’ਤੋਂ ਵਿਛੜਿਆ ਰਹੇ ਤਾਂ ਉਸ ਨੂੰ ਸਾਰਾ ਸੰਸਾਰ ਹੀ ਬਿਗਾਨਾ ਜਾਪਣ ਲੱਗ ਜਾਂਦਾ ਹੈ। ਉਸ ਦੇ ਅੰਦਰ ਵਿਤਕਰਾ ਬਣਿਆ ਰਹਿੰਦਾ ਹੈ। ਪ੍ਰਭੂ ਚਰਨਾਂ ’ਤੋਂ ਵਿਛੜ ਕੇ ਸਾਰਾ ਸੰਸਾਰ ਹੀ ਭਾਵ ਹਰੇਕ ਜੀਵ, ਦੁੱਖਾਂ ਨਾਲ ਭਰਿਆ ਰਹਿੰਦਾ ਹੈ।
ਗੁਰੂ ਅਰਜੁਨ ਸਾਹਿਬ ਜੀ ਵੀ ਇਸ ਤਰ੍ਹਾਂ ਫ਼ੁਰਮਾ ਰਹੇ ਹਨ:-‘‘ਮਨੁ ਪਰਦੇਸੀ ਆਇਆ, ਮਿਲਿਓ ਸਾਧ ਕੈ ਸੰਗਿ॥’’(ਮ:੪/੪੩੧) ਭਾਵ ਜਿਹੜਾ ਮਨ ਪਰਦੇਸੀ ਅਨੇਕਾਂ ਜੂਨਾਂ ਵਿੱਚ ਭਟਕਣ ਪਿੱਛੋਂ ਮਨੁੱਖ ਜਨਮ ਧਾਰ ਕੇ ਆਇਆ ਹੈ, ਗੁਰੂ ਦੇ ਸੰਗ ਵਿੱਚ ਮਿਲ ਪਿਆ ਹੈ। (ਉਸ ਨੇ ਅਸਲ ਸੌਦਾ ਖ਼ਰੀਦ ਕੇ ਆਪਣਾ ਕੀਮਤੀ ਜਨਮ ਸਫਲ ਕਰ ਲਿਆ ਪਰ) ਏਥੇ ਵੀ ਮਾਯਾ ਦੇ ਜੰਜਾਲ ਕਾਰਨ ਪ੍ਰਭੂ ਚਰਨਾਂ ’ਤੋਂ ਵਿਛੜ ਚੁੱਕੇ ਮਨ ਨੂੰ ਸਤਿਗੁਰੂ ਜੀ ਮੱਛੀ ਦੀ ਉਦਾਹਰਨ ਦੇ ਕੇ ਸਮਝਾਉਂਦੇ ਹਨ ਕਿ ਮੱਛੀ ਦਾ ਆਪਣੇ ਪਿਆਰੇ ਸਾਥੀ (ਜਲ) ਨਾਲੋਂ ਵਿਛੜਣ ਦਾ ਕਾਰਨ ਲਾਲਚ (ਜਾਲ ਦੀ ਕੁੰਡੀ ਨਾਲ ਲੱਗਾ ਭੋਜਨ) ਹੀ ਸੀ। ਹੇ ਮਨ ! ਤੇਰਾ ਵੀ ਪ੍ਰਭੂ ਚਰਨਾਂ ’ਤੋਂ ਵਿਛੜਨ ਦਾ ਕਾਰਨ ਮਾਯਾ ਦਾ ਲੋਭ-ਲਾਲਚ ਹੀ ਹੈ। ਮੱਛੀ, ਮਿਰਗ, ਪਤੰਗਾ, ਹਾਥੀ ਅਤੇ ਭਵਰਾ, ਜਿਹਨਾ ਨੂੰ ਕੇਵਲ ਇੱਕ ਇੱਕ ਰੋਗ ਲੱਗਾ ਹੋਣ ਕਾਰਨ ਆਪਣੀ ਜਾਨ ਗਵਾਉਣੀ ਪੈਂਦੀ ਹੈ ਪਰ ਤੈਨੂੰ ਤਾਂ ਕੇਵਲ ਲਾਲਚ ਹੀ ਨਹੀਂ ਸਗੋਂ ਕਾਮ, ਕ੍ਰੋਧ, ਮੋਹ, ਅਹੰਕਾਰ ਆਦਿ ਹੋਰ ਕਿੰਨੇ ਸਾਥੀ ਚੁੰਬੜੇ ਪਏ ਹਨ, ਜਿਹਨਾਂ ਤੋਂ ਬਚਾਅ ਤਾਂ ਕੇਵਲ ਪ੍ਰਭੂ ਭਗਤੀ ਦੁਆਰਾ ਹੀ ਸੰਭਵ ਹੈ। ਭਗਤ ਰਵਿਦਾਸ ਜੀ ਦੇ ਸੁੰਦਰ ਬਚਨ ਹਨ:-‘‘ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ, ਏਕ ਦੋਖ ਬਿਨਾਸ॥ ਪੰਚ ਦੋਖ ਅਸਾਧ ਜਾ ਮਹਿ, ਤਾ ਕੀ ਕੇਤਕ ਆਸ॥ (ਭਗਤ ਰਵਿਦਾਸ/੪੮੬) ਮਨੁੱਖੀ ਮਨ ਦਾ ਇਹ ਸੁਭਾਵ ਹੈ ਕਿ ਉਹ ਬੁਰਾਈਆਂ ਵੱਲ ਜਲਦੀ ਦੌੜਦਾ ਹੈ ਜਿਵੇਂ ਪਾਣੀ ਨਿਵਾਣ ਵੱਲ ਨੂੰ ਦੌੜਦਾ ਹੈ। ਪਰ ਜੇ ਪਾਣੀ ਨੂੰ ਕਿਸੇ ਉੱਚੀ ਥਾਂ ’ਤੇ ਪਹੁੰਚਾਉਣਾ ਹੋਵੇ ਤਾਂ ਪਿੱਛੇ ਦਬਾਅ ਦੇਣ ਦੀ ਲੋੜ ਹੁੰਦੀ ਹੈ। ਮਨ ਨੂੰ ਉੱਚਾ (ਪ੍ਰਭੂ ਚਰਨਾਂ ’ਚ ਇਕਮਿਕ) ਕਰਨ ਲਈ ਗੁਰੂ ਸ਼ਬਦ ਦਾ ਦਬਾਅ ਦੇਣ ਦੀ ਜ਼ਰੂਰਤ ਹੈ। ਗੁਰੂ ਫ਼ੁਰਮਾਨ ਹੈ:-‘‘ਭੂਲਾ ਮਨੁ ਸਮਝੈ ਗੁਰ ਸਬਦੀ॥’’ (ਮ:੪/੫੬੧) ਕਵੀ ਚਾਂਦ ਭਾਟ ਜੀ ਵੀ ਕਹਿ ਰਹੇ ਹਨ: ‘ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਐ।’
ਗੁਰੂ ਅਰਜੁਨ ਸਾਹਿਬ ਜੀ ਆਪਣੇ ਇੱਕ ਸ਼ਬਦ ਵਿੱਚ ਮਨ ਨੂੰ ਸਮਝਾਉਂਦੇ ਹੋਏ ਫ਼ੁਰਮਾ ਰਹੇ ਹਨ:-‘‘ਰੇ ਮਨ ਮੂਸ ! ਬਿਲਾ ਮਹਿ ਗਰਬਤ, ਕਰਤਬ ਕਰਤ ਮਹਾਂ ਮੁਘਨਾਂ॥ ਸੰਪਤ ਦੋਲ ਝੋਲ ਸੰਗਿ ਝੂਲਤ, ਮਾਇਆ ਮਗਨ ਭ੍ਰਮਤ ਘੁਘਨਾ॥ ਸੁਤ ਬਨਿਤਾ ਸਾਜਨ ਸੁਖ ਬੰਧਪ, ਤਾ ਸਿਉ ਮੋਹੁ ਬਢਿਓ ਸੁ ਘਨਾ॥ ਬੋਇਓ ਬੀਜੁ, ਅਹੰ ਮਮ ਅੰਕੁਰੁ, ਬੀਤਤ ਅਉਧ ਕਰਤ ਅਘਨਾਂ॥ ਮਿਰਤੁ ਮੰਜਾਰ, ਪਸਾਰਿ ਮੁਖੁ ਨਿਰਖਤ, ਭੁੰਚਤ ਭੁਗਤਿ ਭੂਖ ਭੁਖਨਾ॥ ਸਿਮਰਿ ਗੁਪਾਲ ਦਇਆਲ ਸਤਸੰਗਤਿ, ਨਾਨਕ ! ਜਗੁ ਜਾਨਤ ਸੁਪਨਾ॥’’ (ਮ:੫/੧੩੮੭) ਭਾਵ ਹੇ ਮਨ ! ਤੂੰ ਇਸ ਸਰੀਰ ਵਿੱਚ ਰਹਿ ਕੇ ਮਾਣ ਕਰਦਾ ਹੈਂ ਜਿਵੇਂ ਚੂਹਾ ਖੱਡ ਵਿੱਚ ਰਹਿ ਕੇ ਹੰਕਾਰ ਕਰਦਾ ਹੈ। ਤੂੰ ਮਾਯਾ ਦੇ ਪੰਘੂੜੇ ਵਿੱਚ ਹੁਲਾਰੇ ਲੈ ਕੇ ਝੂਟ ਰਿਹਾ ਹੈਂ ਅਤੇ ਮਾਯਾ ਵਿੱਚ ਮਸਤ ਹੋ ਕੇ ਉੱਲੂ ਵਾਂਗ ਭਟਕ ਰਿਹਾ ਹੈਂ। ਪੁੱਤ੍ਰ, ਇਸਤ੍ਰੀ, ਮਿਤ੍ਰ, ਸੰਸਾਰ ਦੇ ਸੁੱਖ ਅਤੇ ਸੰਬੰਧੀ ਇਹਨਾਂ ਨਾਲ ਤੇਰਾ ਬਹੁਤਾ ਮੋਹ ਵਧ ਰਿਹਾ ਹੈ। ਤੂੰ ਆਪਣੇ ਅੰਦਰ ਹਉਮੈ ਦਾ ਬੀਜ ਬੀਜਿਆ ਹੋਇਆ ਹੈ। ਜਿਸ ’ਤੋਂ ਮਮਤਾ ਦਾ ਅੰਕੁਰ ਉੱਗ ਰਿਹਾ ਹੈ। ਤੇਰੀ ਉਮਰ ਪਾਪ ਕਰਦਿਆਂ ਬੀਤ ਰਹੀ ਹੈ। ਮੌਤ ਰੂਪ ਬਿੱਲਾ ਮੂੰਹ ਖੋਲ ਕੇ ਤੈਨੂੰ ਤੱਕ ਰਿਹਾ ਹੈ ਪਰ ਤੂੰ ਭੋਗਾਂ ਨੂੰ ਭੋਗ ਰਿਹਾ ਹੈਂ। ਫਿਰ ਵੀ ਤ੍ਰਿਸ਼ਨਾ ਅਧੀਨ ਤੂੰ ਭੁੱਖਾ ਹੀ ਹੈਂ। ਸਤਿਗੁਰੂ ਜੀ ਫ਼ੁਰਮਾ ਰਹੇ ਹਨ ਕਿ ਹੇ ਮਨ ! ਸੰਸਾਰ ਨੂੰ ਸੁਫ਼ਨਾ ਜਾਣ ਕੇ ਸਤਿਸੰਗਤ ਵਿੱਚ ਟਿਕ ਕੇ ਗੋਪਾਲ ਦਇਆਲ ਹਰੀ ਨੂੰ ਸਿਮਰ।
ਵੀਚਾਰ ਅਧੀਨ ਪਦੇ ਦੀਆਂ ਆਰੰਭ ਵਾਲੀਆਂ ਪੰਕਤੀਆਂ ਰਾਹੀਂ ਗੁਰੂ ਨਾਨਕ ਦੇਵ ਜੀ ਸਮਝਾ ਰਹੇ ਹਨ ਕਿ ‘‘ਮੇਰੇ ਜੀਅੜਿਆ ਪਰਦੇਸੀਆ ! ਕਿਤੁ ਪਵਹਿ ਜੰਜਾਲੇ ਰਾਮ॥ ਸਾਚਾ ਸਾਹਿਬੁ ਮਨਿ ਵਸੈ, ਕੀ ਫਾਸਹਿ ਜਮ ਜਾਲੇ ਰਾਮ॥’’ ਭਾਵ ਹੇ ਮੇਰੇ ਪਰਦੇਸੀ ਜੀਅੜੇ (ਉਦਾਸ ਮਨ) ! ਤੂੰ ਕਿਉਂ ਮਾਯਾ ਮੋਹ ਦੇ ਜਾਲ ਵਿੱਚ ਫਸ ਰਿਹਾ ਹੈਂ ? ਜੇ ਸੱਚਾ ਮਾਲਕ ਤੇਰੇ ਮਨ ਵਿੱਚ ਵਸ ਰਿਹਾ ਹੋਵੇ ਤਾਂ ਤੂੰ ਕਿਉਂ ਮਾਯਾ ਦੇ ਮੋਹ ਕਾਰਨ ਜਮ ਦੀ ਫਾਹੀ ਵਿੱਚ ਫਸੇਂ ? ਗੁਰੂ ਅਮਰਦਾਸ ਜੀ ਵੀ ਆਸਾ ਰਾਗ ਵਿੱਚ ਇਸ ਮਨ ਸੰਬੰਧੀ ਇਸ ਤਰ੍ਹਾਂ ਫ਼ੁਰਮਾ ਰਹੇ ਹਨ:-‘‘ਮਨ ! ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ॥ ਮਨ ! ਹਰਿ ਜੀ ਤੇਰੈ ਨਾਲਿ ਹੈ, ਗੁਰਮਤੀ ਰੰਗੁ ਮਾਣੁ॥’’ (ਮ:੩/੪੪੧) ਭਾਵ ਹੇ ਮੇਰੇ ਮਨ ! ਤੂੰ ਰੱਬੀ ਨੂਰ ਦਾ ਸਰੂਪ ਹੈਂ, ਆਪਣਾ ਅਸਲਾ ਪਛਾਣ। ਪ੍ਰਭੂ ਜੀ ਤੇਰੇ ਨਾਲ (ਅੰਗ ਸੰਗ) ਹਨ। ਤੂੰ ਗੁਰੂ ਜੀ ਦੀ ਮਤਿ ਦੁਆਰਾ ਉਸ ਜੋਤਿ ਦਾ ਆਨੰਦ ਮਾਣ। ਕੋਈ ਵੀ ਚੀਜ਼ ਆਪਣੇ ਧੁਰੇ ਨਾਲੋਂ ਟੁੱਟ ਕੇ ਸਹੀ ਸਲਾਮਤ ਨਹੀਂ ਰਹਿ ਸਕਦੀ ਹੈ। ਮਨ ਵੀ ਆਪਣੇ ਅਸਲੇ ਨਾਲੋਂ ਟੁੱਟ (ਵਿਛੜ) ਕੇ ਹੀ ਦੁੱਖੀ ਹੁੰਦਾ ਹੈ। ਜਿਵੇਂ ਗੁਰੂ ਵਾਕ ਹੈ:- ‘‘ਦੁਖੁ ਤਦੇ, ਜਾ ਵਿਸਰਿ ਜਾਵੈ॥’’ (ਮ:੫/੯੮)
ਇਸ ਵਿਛੋੜੇ ਦੇ ਦੁੱਖ ਦਾ ਵਰਨਣ ਸਤਿਗੁਰੂ ਜੀ ਪਦੇ ਦੀਆਂ ਅਗਲੀਆਂ ਪੰਕਤੀਆਂ ਵਿੱਚ ਇਸ ਪ੍ਰਕਾਰ ਕਰ ਰਹੇ ਹਨ ‘‘ਮਛੁਲੀ ਵਿਛੁੰਨੀ ਨੈਣ ਰੁੰਨੀ, ਜਾਲੁ ਬਧਿਕਿ ਪਾਇਆ॥ ਸੰਸਾਰੁ ਮਾਇਆ ਮੋਹੁ ਮੀਠਾ, ਅੰਤਿ ਭਰਮੁ ਚੁਕਾਇਆ॥’’ ਭਾਵ ਹੇ ਮੇਰੇ ਵਿਛੜੇ ਹੋਏ ਮਨ ! ਜਦੋਂ ਸ਼ਿਕਾਰੀ ਨੇ ਪਾਣੀ ਵਿੱਚ ਜਾਲ ਪਾਇਆ ਤਾਂ ਮੱਛੀ ਜੀਭ ਦੇ ਸੁਆਦ ਕਰਕੇ ਕੁੰਡੀ ਵਿੱਚ ਲੱਗੀ ਭਿੱਤੀ (ਚੋਗਾ) ਮਿੱਠੀ ਲੱਗਣ ਕਾਰਨ ਫਸ ਗਈ, ਪਾਣੀ ਤੋਂ ਵਿਛੁੜ ਗਈ ਅਤੇ ਅੱਖਾਂ ਭਰਕੇ ਰੋਈ। ਇਸ ਤਰ੍ਹਾਂ ਜੀਵ ਨੂੰ ਇਹ ਜਗਤ (ਮਾਯਾ ਦਾ ਮੋਹ) ਮਿੱਠਾ ਲੱਗਿਆ। ਅੰਤ ਵੇਲੇ ਇਹ ਸੋਝੀ ਆਈ ਕਿ ਸਾਰਾ ਮਾਇਆ ਦਾ ਮੋਹ ਨਿਰਾ ਭਰਮ ਭੁਲੇਖਾ ਸੀ। ਇਸੇ ਭਰਮ ਭੁਲੇਖੇ ਨੂੰ ਦੂਰ ਕਰਨ ਲਈ ਗੁਰੂ ਨਾਨਕ ਸਾਹਿਬ ਜੀ ਪਦੇ ਦੀਆਂ ਅਖੀਰਲੀਆਂ ਪੰਕਤੀਆਂ ਰਾਹੀਂ ਸਮਝਾ ਰਹੇ ਹਨ ‘‘ਭਗਤਿ ਕਰਿ ਚਿਤੁ ਲਾਇ ਹਰਿ ਸਿਉ, ਛੋਡਿ ਮਨਹੁ ਅੰਦੇਸਿਆ॥ ਸਚੁ ਕਹੈ ਨਾਨਕੁ, ਚੇਤਿ ਰੇ ਮਨ ! ਜੀਅੜਿਆ ਪਰਦੇਸੀਆ॥’’ ਭਾਵ ਹੇ ਉਦਾਸ ਮਨ ! ਤੰੂ ਪ੍ਰਭੂ ਨਾਲ ਆਪਣਾ ਚਿਤ ਜੋੜ੍ਹ ਕੇ ਪ੍ਰਭੂ ਜੀ ਦੀ ਪ੍ਰੇਮਾ ਭਗਤੀ ਕਰ ਅਤੇ ਆਪਣੇ ਵਿੱਚੋਂ ਸਾਰੇ ਅੰਦੇਸ਼ੇ ਫਿਕਰ ਛੱਡ ਦੇ। ਗੁਰੂ ਨਾਨਕ ਸਾਹਿਬ ਜੀ ਇਹ ਸੱਚ ਫ਼ੁਰਮਾਨ ਕਰ ਰਹੇ ਹਨ ਕਿ ਹੇ ਵਿਛੜੇ ਹੋਏ ਮਨ ! ਤੂੰ ਪ੍ਰਭੂ ਜੀ ਨੂੰ ਯਾਦ ਕਰ।
ਆਨੰਦ ਸਾਹਿਬ ਜੀ ਦੀ ਬਾਣੀ ਰਾਹੀਂ ਵੀ ਗੁਰੂ ਅਮਰਦਾਸ ਜੀ ਮਨ ਨੂੰ ਹੀ ਸੰਬੋਧਨ ਕਰਦੇ ਹੋਏ ਫ਼ੁਰਮਾ ਰਹੇ ਹਨ ਕਿ ‘‘ਏ ਮਨ ਮੇਰਿਆ ! ਤੂ ਸਦਾ ਰਹੁ, ਹਰਿ ਨਾਲੇ॥ ਹਰਿ ਨਾਲਿ ਰਹੁ, ਤੂ ਮੰਨ ਮੇਰੇ ! ਦੂਖ ਸਭਿ ਵਿਸਾਰਣਾ॥ ਅੰਗੀਕਾਰੁ, ਓਹੁ ਕਰੇ ਤੇਰਾ, ਕਾਰਜ ਸਭਿ ਸਵਾਰਣਾ॥ ਸਭਨਾ ਗਲਾ ਸਮਰਥੁ ਸੁਆਮੀ, ਸੋ ਕਿਉ ਮਨਹੁ ਵਿਸਾਰੇ॥ ਕਹੈ ਨਾਨਕੁ ਮੰਨ ਮੇਰੇ ! ਸਦਾ ਰਹੁ ਹਰਿ ਨਾਲੇ॥ (ਮ:੩/੯੧੭)