ਸ੍ਰੋਮਣੀ ਕਮੇਟੀ ਲਈ ਵੱਧ ਤੋਂ ਵੱਧ ਵੋਟਾਂ ਬਣਾਈਆਂ ਜਾਣ

0
51

ਸ੍ਰੋਮਣੀ ਕਮੇਟੀ ਲਈ ਵੱਧ ਤੋਂ ਵੱਧ ਵੋਟਾਂ ਬਣਾਈਆਂ ਜਾਣ : ਭਾਈ ਪੰਥਪ੍ਰੀਤ ਸਿੰਘ

ਜੇ ਰਾਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਹਨ ਤਾਂ ਬੇਅੰਤ ਸਿੰਘ ਦੇ ਕਾਤਲ ਕਿਉਂ ਨਹੀਂ ?

ਸੰਗਤ ਮੰਡੀ/ਬਠਿੰਡਾ, 3 ਦਸੰਬਰ (ਕਿਰਪਾਲ ਸਿੰਘ) :  ਸ੍ਰੋਮਣੀ ਕਮੇਟੀ ਇੱਕ ਧਾਰਮਿਕ ਸੰਸਥਾ ਹੈ ਅਤੇ ਸਾਡੀ ਕੌਮੀ ਹੋਂਦ ਦਾ ਮਸਲਾ ਹੈ। ਸ੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧਕ ਸਿਆਸਤ ’ਚ ਇੰਨੇ ਲਿਪਤ ਹੋਏ ਪਏ ਹਨ ਕਿ ਧਾਰਮਿਕ ਫੈਸਲੇ ਲੈਣ ਸਮੇਂ ਵੀ ਉਨ੍ਹਾਂ ’ਤੇ ਸਿਆਸਤ ਵੱਧ ਭਾਰੂ ਹੁੰਦੀ ਹੈ, ਜਿਸ ਕਾਰਨ ਬਹੁਤੀ ਵਾਰ ਸਿਧਾਂਤਾਂ ਨਾਲ ਸ਼ਰੇਆਮ ਖਿਲਵਾੜ ਕੀਤਾ ਜਾਂਦਾ ਹੈ। ਸਿਧਾਂਤਾਂ ਦੀ ਰਾਖੀ ਲਈ ਇਸ ਦਾ ਪ੍ਰਬੰਧ ਯੋਗ ਧਾਰਮਿਕ ਵਿਅਕਤੀਆਂ ਦੇ ਹੱਥਾਂ ’ਚ ਦੇਣਾ ਸਾਡਾ ਧਾਰਮਿਕ ਫਰਜ ਹੈ। ਇਸ ਲਈ ਹਰ ਪਿੰਡ ਜਾਂ ਸ਼ਹਿਰ ਦੇ ਵਸਨੀਕ ਸਿੱਖਾਂ ਨੂੰ ਚਾਹੀਦਾ ਹੈ ਕਿ ਆਪਣੀਆਂ ਟੀਮਾਂ ਬਣਾ ਕੇ ਆਪਣੇ ਆਪਣੇ ਇਲਾਕਿਆਂ ’ਚ ਘਰ ਘਰ ਜਾ ਕੇ ਵੱਧ ਤੋਂ ਵੱਧ ਯੋਗ ਵੋਟਾਂ ਬਣਾਉਣ ਲਈ ਜੁਟ ਜਾਣ। ਇਹ ਸ਼ਬਦ ਸੰਗਤ ਕੈਂਚੀਆਂ ਵਿਖੇ ਗੁਰਮਤਿ ਸੇਵਾ ਲਹਿਰ, ਭਾਈ ਬਖ਼ਤੌਰ (ਬਠਿੰਡਾ) ਦੇ ਸਾਲਾਨਾ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਕਹੇ।

ਉਨ੍ਹਾਂ ਕਿਹਾ ਕਿ ਬੰਦੀ ਸਿੰਘ ਅਪਰਾਧਿਕ ਵਿਅਕਤੀ ਨਹੀਂ ਬਲਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕੀਤੇ ਜਾਣ, ਦਿੱਲੀ ਅਤੇ ਹੋਰਨਾਂ ਪ੍ਰਾਂਤਾਂ ’ਚ ਸਿੱਖਾਂ ਦਾ ਸਮੂਹਿਕ ਕਤਲੇਆਮ, ਸਿੱਖ ਬੀਬੀਆਂ ਦੀ ਬੇਪਤੀ ਅਤੇ ਪੰਜਾਬ ’ਚੋਂ ਸਿੱਖ ਨੌਜਵਾਨਾਂ ਨੂੰ ਚੁਣ ਚੁਣ ਕੇ ਝੂਠੇ ਪੁਲਿਸ ਮੁਕਾਬਲਿਆਂ ’ਚ ਮਾਰੇ ਜਾਣ ਦੇ ਰੋਸ ਵਜੋਂ ਹਥਿਆਰ ਚੁੱਕਣ ਲਈ ਮਜ਼ਬੂਰ ਹੋਏ ਸਨ। ਜੇ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡਿਆ ਜਾ ਸਕਦਾ ਹੈ, ਬਿਲਕੀਸ ਬਾਨੋ ਦਾ ਸਮੂਹਿਕ ਬਲਾਤਕਾਰ ਅਤੇ 7 ਪਰਿਵਾਰਕ ਮੈਂਬਰਾਂ ਦਾ ਕਤਲ ਕਰਨ ਵਾਲੇ ਅਪਰਾਧੀਆਂ ਨੂੰ ਛੱਡਿਆ ਜਾ ਸਕਦਾ ਹੈ ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ? ਦੇਸ਼ ਦੀ ਆਜ਼ਾਦੀ ਲਈ 98% ਯੋਗਦਾਨ ਪਾਉਣ ਵਾਲੀ ਸਿੱਖ ਕੌਮ ਨੂੰ; ਆਪਣੇ ਹੀ ਦੇਸ਼ ’ਚ ਦੂਸਰੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਇਸ ਲਈ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਸਾਰੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਸੰਨ 2019 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਜਾ ਪੂਰੀ ਕਰ ਚੁੱਕੇ ਸਿੱਖ ਕੈਦੀ ਰਿਹਾਅ ਕਰਨ ਦਾ ਐਲਾਨ ਕੀਤਾ ਸੀ, ਜਿਸ ਨੂੰ ਉਹ ਪੂਰਾ ਕਰਨ।

ਪੰਜਾਬੀ ਸਾਡੀ ਕੇਵਲ ਮਾਂ ਬੋਲੀ ਹੀ ਨਹੀਂ ਬਲਕਿ ਕੌਮੀ ਭਾਸ਼ਾ ਵੀ ਹੈ। ਇਸ ਲਈ ਹਰ ਪੰਜਾਬੀ ਅਤੇ ਖਾਸ ਕਰਕੇ ਹਰ ਸਿੱਖ ਦਾ ਫਰਜ ਬਣਦਾ ਹੈ ਕਿ ਉਹ ਆਪਣੀ ਮਾਂ ਬੋਲੀ ਨੂੰ ਪਿਆਰ ਕਰਨ, ਪੰਜਾਬੀ ਬੋਲਣ ਅਤੇ ਗੁਰਮੁਖੀ ਲਿਪੀ ’ਚ ਲਿਖਣ ਨੂੰ ਪਹਿਲ ਦੇਣ ਕਿਉਂਕਿ ਸਾਡਾ ਗੁਰੂ ਗ੍ਰੰਥ ਸਾਹਿਬ, ਗੁਰਮੁਖੀ ਲਿਪੀ ’ਚ ਲਿਖਿਆ ਹੋਇਆ ਹੈ।  ਜਿਹੜੇ ਸਕੂਲਾਂ ’ਚ ਪੰਜਾਬੀ ਬੋਲਣ ’ਤੇ ਹੀ ਪਾਬੰਦੀ ਹੋਵੇ, ਉਨ੍ਹਾਂ ਸਕੂਲਾਂ ’ਚ ਸਿੱਖਾਂ ਨੂੰ ਆਪਣੇ ਬੱਚੇ ਦਾਖ਼ਲ ਨਹੀਂ ਕਰਵਾਉਣੇ ਚਾਹੀਦੇ।

ਚੋਣਾਂ ਤੋਂ ਪਹਿਲਾਂ ਕੇਜਰੀਵਲ ਨੇ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ’ਤੇ 24 ਘੰਟਿਆਂ ’ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ਼ ਦਿੱਤਾ ਜਾਵੇਗਾ, ਪਰ ਅਜੇ ਤੱਕ ਨਾ ਡੇਰਾ ਮੁਖੀ ਤੋਂ ਪੁੱਛਗਿੱਛ ਕੀਤੀ ਗਈ ਹੈ ਅਤੇ ਨਾ ਹੀ  ਬੇਅਦਬੀ ਕੇਸ ਦੇ ਭਗੌੜੇ ਹਰਸ਼ ਧੂਰੀ ਅਤੇ ਸੰਦੀਪ ਨੂੰ ਗ੍ਰਿਫ਼ਤਾਰ ਕਰ ਸਕੇ।  ਸੋ ‘ਆਪ’ ਸਰਕਾਰ ਦਾ ਫ਼ਰਜ ਬਣਦਾ ਹੈ ਕਿ ਉਹ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਕੇ ਲੋਕਾਂ ਦਾ ਵਿਸ਼ਵਾਸ ਹਾਸਲ ਕਰੇ।

ਭਾਈ ਪੰਥਪ੍ਰੀਤ ਸਿੰਘ ਤੋਂ ਇਲਾਵਾ ਗੁਰਮਤਿ ਸੇਵਾ ਲਹਿਰ ਨਾਲ ਜੁੜੇ ਸਿੱਖ ਪ੍ਰਚਾਰਕ ਬੀਬੀ ਗਗਨਦੀਪ ਕੌਰ, ਭਾਈ ਸਤਿਨਾਮ ਸਿੰਘ ਚੰਦੜ, ਡਾ: ਹਰਦੀਪ ਸਿੰਘ ਖ਼ਿਆਲੀਵਾਲਾ, ਭਾਈ ਰਘਬੀਰ ਸਿੰਘ ਖਿਆਲੀਵਾਲਾ, ਭਾਈ ਕੁਲਵਿੰਦਰ ਸਿੰਘ ਬੀਬੀਵਾਲਾ, ਢਾਡੀ ਜਥਾ ਭਾਈ ਗੁਰਭਾਗ ਸਿੰਘ ਮਰੂੜ, ਮੱਖਣ ਸਿੰਘ ਰੌਂਤਾ, ਭਾਈ ਪਰਗਟ ਸਿੰਘ ਮੁੱਦਕੀ, ਆਦਿਕ ਹੋਰ ਪ੍ਰਚਾਰਕਾਂ ਨੇ ਵੀ ਸੰਬੋਧਨ ਕੀਤਾ। ਭਾਈ ਪਰਗਟ ਸਿੰਘ ਮੁੱਦਕੀ ਵਾਲਿਆਂ ਨੇ ਸਮਾਗਮ ਦੀ ਸਮੁੱਚੀ ਕਾਰਵਾਈ ਨੂੰ ਆਪਣੀਆਂ ਵੈੱਬਸਾਈਟਾਂ ਰਾਹੀਂ ਲਾਈਵ ਟੈਲੀਕਾਸਟ ਵੀ ਕੀਤਾ।