ਪੋਹ ਮਹੀਨੇ ਦਾ ਸ਼ਹੀਦੀ ਹਫ਼ਤਾ

0
20

ਪੋਹ ਮਹੀਨੇ ਦਾ ਸ਼ਹੀਦੀ ਹਫ਼ਤਾ

ਕਿਰਪਾਲ ਸਿੰਘ ਬਠਿੰਡਾ

ਵੈਸੇ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਜੀਵਨ ਹੀ ਸੰਘਰਸ਼ੀਲ ਰਿਹਾ ਹੈ, ਪਰ ੬ ਪੋਹ ਸੰਮਤ ੧੭੬੧ ਬਿਕ੍ਰਮੀ/5 ਦਸੰਬਰ 1704 ਜੂਲੀਅਨ ਤੋਂ ੧੩ ਪੋਹ ਸੰਮਤ ੧੭੬੧/12 ਦਸੰਬਰ 1704 ਜੂਲੀਅਨ ਤੱਕ ਦਾ ਹਫ਼ਤਾ ਮੁਗਲਾਂ, ਪਹਾੜੀ ਰਾਜਿਆਂ ਅਤੇ ਗੰਗੂ ਬ੍ਰਾਹਮਣ ਦਾ ਵਿਸ਼ਵਾਸਘਾਤ, ਪਰਵਾਰ ਦਾ ਦਰਦਨਾਕ ਵਿਛੋੜਾ, ਇਨ੍ਹਾਂ ਅਸਹਿਣਯੋਗ ਘਟਨਾਵਾਂ ਸਮੇਂ ਗੁਰੂ ਅਤੇ ਸਿੰਘਾਂ ਦਾ ਪ੍ਰਮਾਤਮਾ ’ਚ ਅਉੱਟ ਵਿਸ਼ਵਾਸ, ਬੇਮਿਸਾਲ ਬਹਾਦਰੀਆਂ ਤੇ ਲਾਸਾਨੀ ਕੁਰਬਾਨੀਆਂ ਦੀ ਦਾਸਤਾਨ ਹੈ, ਜੋ ਸਮੇਂ ਦੇ ਤਾਣੇ-ਬਾਣੇ ਵਿੱਚ ਨਵਾਂ ਸਿੱਖ ਇਤਿਹਾਸ ਸਿਰਜਦੀਆਂ ਹਨ; ਜਿਸ ਦਾ ਬਿਰਤਾਂਤ ਅੱਜ ਵੀ ਸੁਣਨ ਵਾਲੇ ਹਰ ਪ੍ਰਾਣੀ ਦੀਆਂ ਅੱਖਾਂ ਨਮ ਹੋਏ ਬਿਨਾਂ ਨਹੀਂ ਰਹਿ ਸਕਦੀਆਂ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਬਚਨ ਕਿ ਕੇਵਲ ਉਸ ਮਨੁੱਖ ਨੂੰ ਹੀ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਰੱਖਣ ਵਾਲਾ ਸਮਝਣਾ ਹੈ, ਜਿਸ ਨੂੰ ਨਾ ਕੋਈ ਦੁੱਖ ਤੇ ਨਾ ਕੋਈ ਸੁਖ ਆਪਣੇ ਪ੍ਰਭਾਵ ’ਚ ਬੰਨ੍ਹ ਸਕਦਾ ਹੈ : ‘‘ਦੁਖੁ ਸੁਖੁ ਬਾਧੇ ਜਿਹ ਨਾਹਨਿ; ਤਿਹ ਤੁਮ ਜਾਨਉ ਗਿਆਨੀ ’’ (ਮਹਲਾ /੨੨੦) ਅਤੇ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਇਹ ਪਾਵਨ ਬਚਨ ਕਿ (ਜੋ ਮਨੁੱਖ ਪ੍ਰਭੂ ਨੂੰ ਆਪਣੇ ਅੰਗ ਸੰਗ ਸਮਝਦਾ ਹੈ) ਉਸ ਦੇ ਹਿਰਦੇ ’ਚ ਦੁੱਖ ਤੇ ਸੁੱਖ ਇਕੋ ਜਿਹੇ ਜਾਪਣ ਲੱਗ ਪੈਂਦੇ ਹਨ : ‘‘ਦੁਖ ਸੁਖ ਉਆ ਕੈ ਸਮਤ ਬੀਚਾਰਾ ’’ (ਮਹਲਾ /੨੫੯) ਜਦੋਂ ਆਮ ਮਨੁੱਖ ਪੜ੍ਹਦਾ ਹੈ ਤਾਂ ਉਸ ਨੂੰ ਯਕੀਨ ਨਹੀਂ ਹੁੰਦਾ ਕਿ ਦੁੱਖ ਤੇ ਸੁੱਖ ਆਪਾ ਵਿਰੋਧੀ ਸ਼ਬਦਾਂ ਅਤੇ ਇਨ੍ਹਾਂ ਦੇ ਪੈਣ ਵਾਲੇ ਪ੍ਰਭਾਵਾਂ ਨੂੰ ਨਾ ਕੋਈ ਮਨੁੱਖ ਬਰਾਬਰ ਸਮਝ ਸਕਦਾ ਹੈ ਤੇ ਨਾ ਹੀ ਇਨ੍ਹਾਂ ਦਾ ਪ੍ਰਭਾਵ ਕਬੂਲੇ ਬਿਨਾਂ ਰਹਿ ਸਕਦਾ ਹੈ, ਪਰ ਪੋਹ ਮਹੀਨੇ ਦੇ ਸ਼ਹੀਦੀ ਹਫ਼ਤੇ ਦੀ ਦਾਸਤਾਨ ਦਰਸਾਉਂਦੀ ਹੈ ਕਿ ਜਿਹੜੇ ਗੁਰੂ ਗੋਬਿੰਦ ਸਿੰਘ ਜੀ; ਪ੍ਰਭੂ ਦਾ ਜਸ ਕੀਰਤ ਕਰਦੇ ਹੋਏ ਅਨੰਦਪੁਰ ਦੇ ਕਿਲ੍ਹੇ ’ਚ ਸੁੱਖ ਮਾਣਦੇ ਰਹੇ, ਉਹ ਸਰਸਾ ਨਦੀ ਦੇ ਕੰਢੇ ਜਦੋਂ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਪਿੱਛੋਂ ਮਾਰੋ ਮਾਰ ਕਰਦੀਆਂ ਆ ਰਹੀਆਂ ਸਨ, ਉਸ ਵੇਲੇ ਵੀ ‘ਆਸਾ ਦੀ ਵਾਰ’ ਦਾ ਕੀਰਤਨ ਕਰਕੇ ਪ੍ਰਭੂ ਦਾ ਸ਼ੁਕਰ ਕਰਦੇ ਹਨ। ਵੱਡੇ ਦੋਵੇਂ ਪੁੱਤਰਾਂ ਨੂੰ ਆਪਣੀਆਂ ਅੱਖਾਂ ਸਾਮ੍ਹਣੇ ਦੁਸ਼ਮਨ ਨਾਲ ਬਹਾਦਰੀ ਨਾਲ ਜੂਝ ਕੇ ਹੋਇਆ ਸ਼ਹੀਦ ਹੁੰਦੇ ਵੇਖਦਿਆਂ ਵੀ ਜੈਕਾਰਾ ਛੱਡਦੇ ਅਤੇ ਅਕਾਲ ਪੁਰਖ ਦਾ ਸ਼ੁਕਰ ਕਰਦੇ ਹਨ ਤਾਂ ਇਸ ਗੱਲ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ ਕਿ ਗੁਰਬਾਣੀ ਕੇਵਲ ਕਹਿਣ ਮਾਤਰ ਕਥਾ-ਕਹਾਣੀ ਨਹੀਂ ਬਲਕਿ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਸਿੱਖਾਂ ਨੇ ਆਪਣੇ ਸਰੀਰ ’ਤੇ ਗੁਰਮਤਿ ਨੂੰ ਹੰਢਾਇਆ ਭੀ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਐਸੇ ਵਿਵਹਾਰ ਨੇ ਸਿੱਖਾਂ ਨੂੰ ਹਰ ਦੁੱਖ ਸੁੱਖ ’ਚ ਹਮੇਸ਼ਾਂ ਚੜ੍ਹਦੀ ਕਲਾ ’ਚ ਰਹਿਣ ਦੀ ਪ੍ਰੇਰਣਾ ਦਿੱਤੀ। ਇਸ ਖੂਨੀ ਹਫ਼ਤੇ ਦਾ ਸੰਖੇਪ ਜਿਹਾ ਇਤਿਹਾਸ ਤਰਤੀਬ ਮੁਤਾਬਕ ਹੇਠਾਂ ਵਿਚਾਰਿਆ ਜਾ ਰਿਹਾ ਹੈ।

ਪਹਾੜੀ ਰਾਜਿਆਂ ਅਤੇ ਤੁਰਕਾਂ ਦੀਆਂ 10 ਲੱਖ ਫੌਜਾਂ ਨੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਕਾਫੀ ਲੰਬੇ ਸਮੇਂ ਤੋਂ ਘੇਰਾ ਪਾਇਆ ਹੋਇਆ ਸੀ। ਉਨ੍ਹਾਂ ਲਈ ਇਹ ਵਕਾਰ ਦਾ ਸਵਾਲ ਸੀ ਕਿ ਜੰਗੀ ਸਮਾਨ ਨਾਲ ਲੈਸ ਵੱਡੀ ਗਿਣਤੀ ਫੌਜਾਂ ਕੁਝ ਗਿਣਤੀ ਦੇ ਸਿੰਘਾਂ ਨੂੰ ਫੜ ਜਾਂ ਮਾਰ ਮੁਕਾ ਨਾ ਸਕੀਆਂ। ਉੱਧਰ ਕਿਲ੍ਹੇ ’ਚ ਲੰਗਰਾਂ ਲਈ ਰਸਦ ਪਾਣੀ ਅਤੇ ਘੋੜਿਆਂ ਲਈ ਚਾਰੇ ਦੀ ਵੱਡੀ ਘਾਟ ਹੋਣ ਕਾਰਨ ਸਿੰਘ ਅਤੇ ਘੋੜੇ ਭੁੱਖ ਨਾਲ ਮਰਨ ਲਗੇ ਸਨ। ਸ਼ਾਹੀ ਫੌਜਾਂ ਨੇ ਆਪਣਾ ਇੱਜ਼ਤ ਬਚਾਉਣ ਲਈ ਕੁਰਾਨ ਸ਼ਰੀਫ਼ ਅਤੇ ਪਹਾੜੀ ਹਿੰਦੂ ਰਾਜਿਆਂ ਨੇ ਗਊ ਦੀਆਂ ਸੌਹਾਂ ਚੁੱਕ ਕੇ ਅਨੰਦਪੁਰ ਕਿਲ੍ਹੇ ’ਚ ਸੁਨੇਹਾ ਭੇਜਿਆ ਕਿ ਜੇ ਗੁਰੂ ਜੀ ਕਿਲ੍ਹਾ ਖਾਲੀ ਕਰ ਦੇਣ ਤਾਂ ਉਨ੍ਹਾਂ ਨੂੰ ਸੁਰੱਖਿਅਤ ਰਾਹ ਦਿੱਤਾ ਜਾ ਸਕਦਾ ਹੈ। ਗੁਰੂ ਸਾਹਿਬ ਜੀ ਉਨ੍ਹਾਂ ਦੀ ਇਸ ਬਦਨੀਤੀ ਤੋਂ ਜਾਣੂ ਸਨ, ਪਰ ਕਿਲ੍ਹੇ ਅੰਦਰ ਲੰਗਰ ਅਤੇ ਚਾਰੇ ਦੀ ਘਾਟ ਹੋਣ ਕਾਰਨ ਸਿੰਘਾਂ ਦੀ ਇਹ ਸਲਾਹ ਕਿ ਅੰਦਰ ਭੁੱਖ ਨਾਲ ਮਰਨ ਨਾਲੋਂ ਜੰਗ ਦੇ ਮੈਦਾਨ ’ਚ ਲੜ ਕੇ ਮਰਨਾ ਚੰਗਾ ਹੈ; ਨੂੰ ਮੰਨਦੇ ਹੋਏ ੬-੭ ਪੋਹ ਸੰਮਤ 1761 (ਸੰਨ 1704) ਦੀ ਦਰਮਿਆਨੀ ਰਾਤ ਨੂੰ ਕਿਲ੍ਹਾ ਖਾਲੀ ਕਰਨ ਦਾ ਫੈਸਲਾ ਹੋਇਆ (ਕੁਝ ਇਤਿਹਾਸਕਾਰ ਸੰਮਤ 1762/ਸੰਨ 1705 ਭੀ ਲਿਖਦੇ ਹਨ) ਅਤੇ ਅੱਧੀ ਰਾਤ ਨੂੰ ਕਿਲ੍ਹਾ ਖਾਲੀ ਕਰਕੇ ਰੋਪੜ ਵੱਲ ਚਾਲੇ ਪਾ ਦਿੱਤੇ।  ੭ ਪੋਹ ਦੀ ਸਵੇਰ ਨੂੰ ਸਿੰਘਾਂ ਸਮੇਤ ਗੁਰੂ ਪਰਵਾਰ ਹਾਲੀ ਥੋੜ੍ਹੀ ਦੂਰ ਸਿਰਸਾ ਨਦੀ ਦੇ ਕੰਢੇ ਹੀ ਪਹੁੰਚਿਆ ਸੀ ਕਿ ਕਸਮਾਂ ਤੋੜ ਕੇ ਪਹਾੜੀ ਅਤੇ ਸ਼ਾਹੀ ਫੌਜਾਂ ਨੇ ਮਗਰੋਂ ਹੱਲਾ ਕਰ ਦਿੱਤਾ। ਦੁਨੀਆਂ ਦੇ ਇਤਿਹਾਸ ਵਿਚ ਇਸ ਦਰਦਨਾਕ ਘਟਨਾ ਦੀ ਇਹ ਵਿਸ਼ੇਸ਼ਤਾ ਹੈ ਕਿ ਇਕ ਪਾਸੇ ਤਾਂ ਗੁਰੂ ਸਾਹਿਬ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਭਾਈ ਜੀਵਨ ਸਿੰਘ, ਭਾਈ ਉਦੇ ਸਿੰਘ ਤੇ ਕੁਝ ਹੋਰ ਸਿੰਘਾਂ ਨੂੰ ਵੈਰੀਆਂ ਦਾ ਟਾਕਰਾ ਕਰਨ ਦਾ ਹੁਕਮ ਦਿੱਤਾ; ਜਿਨ੍ਹਾਂ ਨੇ ਕਾਫੀ ਸਮਾਂ ਸ਼ਾਹੀ ਫੌਜਾਂ ਨੂੰ ਅੱਗੇ ਵਧਣ ਤੋਂ ਰੋਕੀ ਰੱਖਿਆ। ਦੂਜੇ ਪਾਸੇ ਭਾਈ ਦਇਆ ਸਿੰਘ ਨੂੰ ਆਸਾ ਦੀ ਵਾਰ ਦਾ ਕੀਰਤਨ ਕਰਨ ਲਈ ਆਖਿਆ। ਅਜਿਹਾ ਸਿਰਫ ਦਸਮੇਸ਼ ਜੀ ਹੀ ਕਰ ਸਕਦੇ ਸਨ, ਜੋ ਦੁਨੀਆਂ ਦੇ ਇਤਿਹਾਸ ਵਿਚ ਇਕੋ ਇਕ ਲਾਮਿਸਾਲ ਘਟਨਾ ਹੈ। ਕੀਰਤਨ ਦੀ ਸਮਾਪਤੀ ਉਪਰੰਤ ਸਿੰਘਾਂ ਨੂੰ ਸਿਰਸਾ ਨਦੀ ਪਾਰ ਕਰਨ ਲਈ ਆਖਿਆ। ਇਸ ਯੁੱਧ ’ਚ ਭਾਵੇਂ ਸੈਂਕੜੇ ਬਹਾਦਰ ਸਿੰਘਾਂ ਸਮੇਤ ਭਾਈ ਜੀਵਨ ਸਿੰਘ ਤੇ ਭਾਈ ਉਦੇ ਸਿੰਘ ਸ਼ਹੀਦ ਹੋ ਗਏ ਅਤੇ ਭਾਈ ਬਚਿੱਤਰ ਸਿੰਘ ਸਖਤ ਜਖ਼ਮੀ ਹੋ ਗਏ, ਪਰ ਇਨ੍ਹਾਂ ਸੂਰਬੀਰਾਂ ਨੇ ਵਿਰੋਧੀ ਸੈਨਾ ਦਾ ਕਾਫ਼ੀ ਨੁਕਸਾਨ ਕਰ ਦਿੱਤਾ ਸੀ।

ਸਿਰਸਾ ਨਦੀ ’ਚ ਹੜ੍ਹ ਆਇਆ ਹੋਇਆ ਸੀ, ਜਿਸ ਕਾਰਨ ਪਾਰ ਕਰਦੇ ਸਮੇਂ ਗੁਰੂ ਜੀ ਦਾ ਪਰਵਾਰ ਆਪਸ ’ਚ ਵਿਛੜ ਗਿਆ। ਬਹੁਤ ਸਾਰੇ ਸਿੰਘ ਅਤੇ ਕੀਮਤੀ ਸਮਾਨ ਨਦੀ ਦੀ ਭੇਟ ਚੜ੍ਹ ਗਿਆ। ਗੁਰੂ ਜੀ ਨੇ ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਸਮੇਤ ਰਾਤ ਦਾ ਕੁਝ ਸਮਾਂ ਰੋਪੜ ਦੇ ਲਾਗੇ ਨਿਹੰਗ ਖਾਂ ਦੀ ਗੜ੍ਹੀ ਵਿਚ ਬਿਤਾਇਆ। ਇੱਥੇ ਜ਼ਖਮੀ ਹਾਲਤ ਵਿੱਚ ਭਾਈ ਬਚਿੱਤਰ ਸਿੰਘ ਨੂੰ ਨਿਹੰਗ ਖਾਨ ਦੇ ਸਪੁਰਦ ਕਰਕੇ ਆਪ ਚਮਕੌਰ ਸਾਹਿਬ ਵੱਲ ਚੱਲ ਪਏ। ਜਖ਼ਮਾਂ ਦੀ ਤਾਬ ਨਾ ਝਲਦੇ ਹੋਏ ਭਾਈ ਬਚਿੱਤਰ ਸਿੰਘ ਅਗਲੇ ਦਿਨ ਸ਼ਹੀਦੀ ਪਾ ਗਏ। ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਨੂੰ ਕੁਝ ਸੇਵਾਦਾਰਾਂ ਦੇ ਨਾਲ ਦਿੱਲੀ ਵੱਲ ਭੇਜ ਦਿੱਤਾ। ਪਰਵਾਰ ਤੋਂ ਵਿਛੜ ਕੇ ਮਾਤਾ ਗੁਜਰੀ ਤੇ ਛੋਟੇ ਲਾਲ ਪੂਰਾ ਦਿਨ ਕੰਡਿਆਲੇ ਤੇ ਰੇਤਲੇ ਰਾਹਾਂ ਦਾ ਲੰਮਾ ਪੈਂਡਾ ਤੈਅ ਕਰਦੇ ਹੋਏ ਰਾਤ ਨੂੰ ਮਲਾਹ ਕੁੰਮਾ ਮਾਸ਼ਕੀ ਦੀ ਕਾਨਿਆਂ ਦੀ ਛੰਨ ’ਚ ਜਾ ਪਹੁੰਚੇ, ਜਿੱਥੇ ਮਾਤਾ ਲਛਮੀ ਨੇ ਸਾਹਿਬਜ਼ਾਦਿਆਂ ਨੂੰ ਭੋਜਨ ਛਕਾਇਆ ਤੇ ਇੱਥੇ ਹੀ ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਮਾਤਾ ਗੁਜਰੀ ਨੂੰ ਮਿਲਿਆ।

ਮੁਗਲ ਫੌਜਾਂ ਵੀ ਆਪ ਦਾ ਪਿੱਛਾ ਕਰਦੀਆਂ ਆ ਰਹੀਆਂ ਸਨ। ਚਮਕੌਰ ਵਿੱਚ ਗੁਰੂ ਸਾਹਿਬ ਨੇ ਇੱਕ ਜ਼ਿੰਮੀਦਾਰ ਬੁੱਧੀ ਚੰਦ ਦੀ ਹਵੇਲੀ ’ਚ ਜਾ ਡੇਰਾ ਲਾਇਆ ਤੇ ਆਪਣੇ ਸੀਮਤ ਸਾਧਨਾਂ ਨਾਲ ਇਸ ਹਵੇਲੀ ਨੂੰ ਇੱਕ ਗੜ੍ਹੀ ਦਾ ਰੂਪ ਦੇ ਦਿੱਤਾ। ਇਹ ਹਵੇਲੀ ਇੱਕ ਉੱਚੇ ਟਿੱਬੇ ’ਤੇ ਬਣੀ ਹੋਈ ਸੀ।  ੮ ਪੋਹ ਸੰਮਤ ੧੭੬੧/7 ਦਸੰਬਰ 1704 ਨੂੰ ਗੁਰੂ ਸਾਹਿਬ ਨੇ ਮੁੱਠੀਭਰ ਯੋਧਿਆਂ ਨਾਲ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਨਾਲ ਡੱਟ ਕੇ ਮੁਕਾਬਲਾ ਕੀਤਾ। ਸੰਸਾਰ ਦਾ ਇੱਕ ਅਨੋਖਾ ਜੰਗ ਸ਼ੁਰੂ ਹੋਇਆ। ਇੱਕ ਪਾਸੇ ਭੁੱਖਣ ਭਾਣੇ 40 ਸਿੰਘ ਤੇ ਦੂਜੇ ਪਾਸੇ 10 ਲੱਖ ਫੌਜੀ ਸੀ। ਜਿਹੜੇ ਸੂਰਮੇ ਇਸ ਜੰਗ ਵਿੱਚ ਬਹਾਦਰੀ ਨਾਲ ਲੜੇ ਤੇ ਸ਼ਹੀਦ ਹੋਏ, ਉਨ੍ਹਾਂ ਵਿੱਚ ਦੋਵੇਂ ਵੱਡੇ ਸਾਹਿਬਜ਼ਾਦੇ (ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ) ਅਤੇ ਪੰਜ ਪਿਆਰਿਆਂ ’ਚੋਂ ਤਿੰਨ ਪਿਆਰੇ (ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ) ਸਮੇਤ ਚਮਕੌਰ ਦੀ ਇਸ ਜੰਗ ’ਚ ਕੁੱਲ 32 ਸਿੰਘ ਸ਼ਹੀਦੀ ਜ਼ਾਮ ਪੀ ਗਏ। 

 ਬਾਬਾ ਅਜੀਤ ਸਿੰਘ ਚੜ੍ਹਦੀ ਜਵਾਨੀ ਵਿੱਚ ਇਕ ਵਿਲੱਖਣ ਸੂਰਮਾ ਸੀ। ਪਿਤਾ ਗੁਰੂ ਤੋਂ ਆਗਿਆ ਲੈ ਕੇ 17 ਸਾਲ ਦੀ ਉਮਰ ਦਾ ਇਹ ਗਭਰੂ ਅਨੇਕਾਂ ਹੀ ਦੁਸ਼ਮਣ ਫੌਜੀਆਂ ਨੂੰ ਮਾਰਨ ਉਪਰੰਤ ਸ਼ਹੀਦੀ ਦਾ ਜਾਮ ਪੀ ਗਿਆ। ਵੀਹਵੀਂ ਸਦੀ ਦੇ ਉਰਦੂ ਦੇ ਕਵੀ ਮਿਰਜ਼ਾ ਮੁਹੰਮਦ ਅਬਦੁਲ ਗਨੀ ‘ਜ਼ੋਹਿਰ ਤੇਗ’ ਨੇ ਆਪਣੀ ਨਜ਼ਮ ਵਿੱਚ ਚਮਕੌਰ ਦੀ ਜੰਗ ਦਾ ਦਿਲ ਟੁੰਬਵਾ ਵਰਣਨ ਕੀਤਾ ਹੈ। ਬਾਬਾ ਅਜੀਤ ਸਿੰਘ ਬਾਰੇ ਉਹ ਲਿਖਦਾ ਹੈ :

‘ਨਾਮ ਕਾ ਅਜੀਤ ਹੂੰ; ਜੀਤਾ ਨਾ ਜਾਊਂਗਾ। ਜੀਤਾ ਤੋ ਖੈਰ; ਹਾਰ ਕੇ ਜੀਤਾ ਨਾ ਆਊਂਗਾ।’

ਸਾਹਿਬਜ਼ਾਦੇ ਦੇ ਸ਼ਹੀਦ ਹੋ ਜਾਣ ’ਤੇ ਗੁਰੂ ਸਾਹਿਬ ਦੇ ਪ੍ਰਤੀਕਰਮ ਨੂੰ ਸ਼ਾਇਰ ਇਸ ਤਰ੍ਹਾਂ ਬਿਆਨ ਕਰਦਾ ਹੈ :

‘ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੁਈ। ਬੇਟੇ ਕੀ ਜਾਂ ਧਰਮ ਕੀ ਖਾਤਰ ਫ਼ਿਦਾ ਹੂਈ।’

ਦੂਜੇ ਸਾਹਿਬਜ਼ਾਦੇ (ਬਾਬਾ ਜੁਝਾਰ ਸਿੰਘ) ਦੀ ਉਮਰ ਕੇਵਲ 15 ਸਾਲ ਦੀ ਸੀ। ਉਹ ਵੀ ਪਿਤਾ ਗੁਰੂ ਤੋਂ ਆਗਿਆ ਲੈ ਕੇ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਉੱਤੇ ਟੁੱਟ ਪਿਆ। ਬਹਾਦਰੀ ਨਾਲ ਲੜਦਾ ਹੋਇਆ ਕਈਆਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹੀਦੀ ਜਾਮ ਪੀ ਗਿਆ। ਗੁਰੂ ਸਾਹਿਬ ਨੇ ਆਪਣੀਆਂ ਅੱਖਾਂ ਦੇ ਸਾਮ੍ਹਣੇ ਦੋਵੇਂ ਸਪੁੱਤਰ ਸ਼ਹੀਦ ਹੁੰਦੇ ਦੇਖ ਜੈਕਾਰੇ ਛੱਡੇ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਇਸੇ ਲਈ ਯੋਗੀ ਅੱਲਾ ਯਾਰ ਖਾਨ ਲਿਖਦਾ ਹੈ ਕਿ ਜੇ ਹਿੰਦੋਸਤਾਨ ਵਿੱਚ ਕੋਈ ਤੀਰਥ ਹੈ ਤਾਂ ਉਹ ਚਮਕੌਰ ਹੈ, ਜਿੱਥੇ ਬਾਪ ਨੇ ਧਰਮ ਖਾਤਰ ਬੱਚਿਆਂ ਦੇ ਸੀਸ ਕਟਵਾਏ :

‘ਬੱਸ, ਹਿੰਦ ਮੇਂ ਏਕ ਤੀਰਥ ਹੈ, ਯਾਤਰਾ ਕੇ ਲੀਏ।  ਕਟਾਏ ਬਾਪ ਨੇ ਬੱਚੇ ਜਹਾਂ, ਖ਼ੁਦਾ ਕੇ ਲੀਏ।’

ਯੋਗੀ ਅੱਲਾ ਯਾਰ ਖਾਨ ਇਸ ਧਰਤੀ ਨੂੰ ਸਿਜਦਾ ਕਰਦੇ ਲਿਖਦੇ ਹਨ : ‘ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ੱਰੋਂ ਮੇਂ’। ਉਹ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਦੀ ਚੰਦ ਨਾਲ ਤੁਲਨਾ ਕਰਦੇ ਹੋਏ ਲਿਖਦੇ ਹਨ ਕਿ ਅਸਮਾਨ ਵਿੱਚ ਇੱਕ ਚੰਦਰਮਾ ਹੈ, ਪਰ ਚਮਕੌਰ ਦੀ ਧਰਤੀ ਉੱਪਰ ਦੋ ਚੰਦਰਮਾ ਇੱਕੋ ਸਮੇਂ ਚਮਕਦੇ ਹਨ; ਉਹ ਹਨ ‘ਅਜੀਤ ਸਿੰਘ ਤੇ ਜੁਝਾਰ ਸਿੰਘ’ :

‘ਗੁਰੂ ਗੋਬਿੰਦ ਕੇ ਲਖਤਿ-ਜਿਗਰ ਅਜੀਤ ਜੁਝਾਰ।

ਫ਼ਲਕ ਪਿ ਇੱਕ ਯਹਾਂ, ਦੋ ਚਾਂਦ ਜ਼ਿਯਾ (ਰੌਸ਼ਨੀ) ਕੇ ਲਿਯੇ।’

ਯੋਗੀ ਜੀ ਖਾਲਸੇ ਦੀ ਇਸ ਚਮਕੌਰ ਦੀ ਧਰਤੀ ਨੂੰ ਇਸਲਾਮ ਦੇ ਸਭ ਤੋਂ ਪਵਿੱਤਰ ਅਸਥਾਨ ਕਾਅਬੇ ਨਾਲ ਤੁਲਨਾ ਕਰਦੇ ਹੋਏ ਲਿਖਦੇ ਹਨ :

‘ਭਟਕਤੇ ਫਿਰਤੇ ਹੋ ਕਿਉਂ  ? ਹਜ ਕਰੇ ਯਹਾਂ ਆ ਕਰ,

ਯਹ ਕਾਬਾ ਪਾਸ ਹੈ ਹਰ ਇਕ ਖਾਲਸਾ ਕੇ ਲਿਯੇ।’

ਇਸ ਤਰ੍ਹਾਂ ਯੋਗੀ ਜੀ ਚਮਕੌਰ ਦੀ ਧਰਤੀ ਨੂੰ ਗੰਜਿ-ਸ਼ਹੀਦਾਂ ਵਜੋਂ ਲਿਖਦੇ ਹਨ ਭਾਵ ਉਹ ਥਾਂ, ਜਿੱਥੇ ਵੱਡੀ ਗਿਣਤੀ ਵਿੱਚ ਸ਼ਹਾਦਤਾਂ ਹੋਈਆਂ ਹੋਣ। ਫ਼ਰਿਸ਼ਤੇ ਵੀ ਐਸੀ ਧਰਤੀ ਦੀ ਖਾਕ ਨੂੰ ਲੋਚਦੇ ਹਨ। ਉਹ ਲਿਖਦੇ ਹਨ :

‘ਮਿਜ਼ਾਰ ਗੰਜ ਸ਼ਹੀਦਾਂ ਹੈ, ਉਨ ਸ਼ਹੀਦੋਂ ਕਾ। ਫਰਿਸ਼ਤੇ ਜਿਨ ਕੀ ਤਰਸਤੇ ਬੇ ਖਾਕਿ-ਪਾ ਕੇ ਲਿਯੇ।

ਗੁਰੂ ਗੋਬਿੰਦ ਕੇ ਲਖਤਿ-ਜਿਗਰ ਅਜੀਤ ਜੁਝਾਰ।’

੮ ਪੋਹ-੯ ਪੋਹ ਦੀ ਵਿਚਕਾਰਲੀ ਰਾਤ ਨੂੰ ਗੜ੍ਹੀ ’ਚ ਗੁਰੂ ਗੋਬਿੰਦ ਸਿੰਘ ਜੀ ਤੋਂ ਇਲਾਵਾ ਭਾਈ ਸੰਗਤ ਸਿੰਘ, ਪੰਜ ਪਿਆਰੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ, ਸਮੇਤ 8 ਕੁ ਸਿੰਘ ਬਾਕੀ ਬਚੇ ਸਨ। ਇਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਸਾਡੇ ਵਰਗੇ ਅਨੇਕਾਂ ਸਿੰਘ ਤਿਆਰ ਕਰ ਸਕਦੇ ਹੋ, ਪਰ ਅਸੀਂ ਸਾਰੇ ਮਿਲ ਕੇ ਵੀ ਤੁਹਾਡੇ ਵਰਗਾ ਗੁਰੂ ਪੈਦਾ ਨਹੀਂ ਕਰ ਸਕਦੇ, ਇਸ ਲਈ ਤੁਸੀਂ ਗੜ੍ਹੀ ’ਚੋਂ ਸੁਰੱਖਿਅਤ ਬਾਹਰ ਨਿਕਲ ਜਾਵੋ ਕਿਉਂਕਿ ਤੁਹਾਡੀ ਅਜੇ ਪੰਥ ਨੂੰ ਲੋੜ ਹੈ। ਪਹਿਲਾਂ ਤਾਂ ਗੁਰੂ ਜੀ ਨੇ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਆਪਣੇ ਪਿਆਰੇ ਸਿੰਘਾਂ ਨੂੰ ਸ਼ਹੀਦ ਕਰਵਾ ਕੇ ਮੈਂ ਆਪਣੀ ਜਾਨ ਬਚਾ ਕੇ ਕਿਸ ਤਰ੍ਹਾਂ ਨਹੀਂ ਜਾ ਸਕਦਾ। ਗੁਰੂ ਜੀ ਵੱਲੋਂ ਇਨਕਾਰ ਕਰਨ ’ਤੇ ਉਨ੍ਹਾਂ ਨੇ ਆਪਣੇ ’ਚੋਂ ਪੰਜ ਪਿਆਰਿਆਂ ਦੀ ਚੋਣ ਕੀਤੀ, ਜਿਨ੍ਹਾਂ ਨੇ ਗੁਰਮਤਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਹੁਕਮ ਕੀਤਾ ਕਿ ਤਿੰਨ ਸਿੰਘ ਨਾਲ ਲੈ ਕੇ ਤੁਸੀਂ ਗੜ੍ਹੀ ’ਚੋਂ ਸੁਰੱਖਿਅਤ ਬਾਹਰ ਨਿਕਲ ਜਾਵੋ। ਅਸੀਂ ਅੰਤਮ ਸਮੇਂ ਤੱਕ ਦੁਸ਼ਮਨ ਦੀਆਂ ਫੌਜਾਂ ਦਾ ਟਾਕਰਾ ਕਰਾਂਗੇ।

ਪੰਜ ਪਿਆਰਿਆਂ ਦੇ ਹੁਕਮ ਨੂੰ ਗੁਰੂ ਜੀ ਮੋੜ ਨਾ ਸਕੇ। ਆਪਣੀ ਪੁਸ਼ਾਕ ਅਤੇ ਕਲਗੀ ਆਪਣੇ ਹਮ ਸ਼ਕਲ ਤੇ ਹਮ ਉਮਰ ਭਾਈ ਸੰਗਤ ਸਿੰਘ ਨੂੰ ਸਜਾ ਕੇ ਹਿਦਾਇਤ ਕੀਤੀ ਕਿ ਉਹ ਗੜ੍ਹੀ ਦੇ ਸਭ ਤੋਂ ਉੱਪਰ ਬੈਠ ਕੇ ਬਾਕੀ ਸਿੰਘਾਂ ਨੂੰ ਜੰਗ ’ਚ ਜੂਝਨ ਦੀਆਂ ਹਿਦਾਇਤਾਂ ਦਿੰਦੇ ਰਹਿਣ ਤਾਂ ਕਿ ਦੁਸ਼ਮਨ ਨੂੰ ਭੁਲੇਖਾ ਬਣਿਆ ਰਹੇ ਕਿ ਗੁਰੂ, ਗੜ੍ਹੀ ਵਿੱਚ ਹੀ ਹਨ। ਇਸ ਤੋਂ ਬਾਅਦ ਆਪਣੇ ਨਾਲ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੂੰ ਨਾਲ ਲੈ ਕੇ ਬਾਹਰ ਨਿਕਲ ਗਏ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਗੁਰੂ ਜੀ ਤਾੜੀ ਮਾਰ ਕੇ ਨਿਕਲੇ ਸਨ, ਜਿਸ ਨਾਲ ਦੁਸ਼ਮਨ ਫੌਜਾਂ ’ਚ ਹਫੜਾ ਦਫੜੀ ਮੱਚ ਗਈ ਤੇ ਵੱਡੀ ਗਿਣਤੀ ਆਪਸ ’ਚ  ਲੜ ਕੇ ਮਾਰੇ ਗਏ। ਗੁਰੂ ਸਾਹਿਬ ਅਤੇ ਤਿੰਨੇ ਸਿੱਖ ਮਾਛੀਵਾੜੇ ਦੇ ਜੰਗਲਾਂ ’ਚ ਜਾ ਇਕੱਤਰ ਹੋਏ, ਜਿੱਥੇ ਇੱਕ ਰਾਤ ਕੱਟੀ ਅਤੇ ਅਗਲੇ ਦਿਨ ਭਾਈ ਨਬੀ ਖਾਂ ਗਨੀ ਖਾਂ ਨੇ ਉੱਚ ਦਾ ਪੀਰ ਬਣਾ ਕੇ ਗੁਰੂ ਜੀ ਨੂੰ ਮਾਲਵੇ ਵੱਲ ਸੁਰੱਖਿਅਤ ਕੱਢ ਦਿੱਤਾ। ਪਿੱਛੇ ਰਹੇ ਸਿੰਘਾਂ ਨਾਲ ੯ ਪੋਹ/8 ਦਸੰਬਰ ਨੂੰ ਭਾਈ ਸੰਗਤ ਸਿੰਘ ਦੀ ਕਮਾਂਡ ਹੇਠ ਘਸਮਾਨ ਦੀ ਜੰਗ ਹੋਈ ਤੇ ਅੰਤ ਨੂੰ ਸਾਰੇ ਹੀ ਸਿੰਘ ਸ਼ਹੀਦੀਆਂ ਪਾ ਗਏ। ਇੱਕ ਵੀ ਸਿੰਘ ਜਿਊਂਦਿਆਂ ਦੁਸ਼ਮਨ ਦੇ ਹੱਥ ਨਾ ਆਇਆ।

ਉੱਧਰ ੮ ਪੋਹ/7 ਦਸੰਬਰ ਨੂੰ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਗੰਗੂ ਦੇ ਨਾਲ ਸਹੇੜੀ ਵੱਲ ਨੂੰ ਚਾਲੇ ਪਾ ਦਿੱਤੇ। ਮਾਤਾ ਗੁਜਰੀ ਤੇ ਛੋਟੇ ਲਾਲਾਂ ਨੇ ਗੰਗੂ ਪਾਪੀ ਸਮੇਤ ਪਿੰਡ ਕਾਇਨੌਰ ਦੇ ਤਲਾਅ ’ਤੇ ਇਹ ਰਾਤ ਗੁਜ਼ਾਰੀ।  ੯ ਪੋਹ/8 ਦਸੰਬਰ ਨੂੰ ਕਾਇਨੌਰ ਤੋਂ ਚੱਲ ਕੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਨੂੰ ਗੰਗੂ ਬੀਆਬਾਨ ਜੰਗਲ ’ਚ ਇਕ ਫਕੀਰ ਦੀ ਕੁਟੀਆ ’ਚ ਛੱਡ ਕੇ ਆਪ ਪਿੰਡ ਸਹੇੜੀ, ਮਾਹੌਲ ਦੀ ਛੂਹ ਲੈਣ ਚਲਾ ਗਿਆ। ਸ਼ਾਮ ਨੂੰ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਅਪਣੇ ਘਰ ਪਿੰਡ ਸਹੇੜੀ ਵਿਖੇ ਲੈ ਆਇਆ। ਜਦੋਂ ਗੰਗੂ ਨੂੰ ਇਹ ਪਤਾ ਲੱਗਾ ਕਿ ਮਾਤਾ ਜੀ ਕੋਲ ਕੁਝ ਕੀਮਤੀ ਸਾਮਾਨ (ਮੋਹਰਾਂ ਆਦਿਕ) ਦੀ ਭਰੀ ਹੋਈ ਖੁਰਜੀ ਹੈ ਤਾਂ ਉਸ ਦਾ ਮਨ ਬੇਈਮਾਨ ਹੋ ਗਿਆ, ਉਹ ਇਸ ਤਾਕ ’ਚ ਰਿਹਾ ਕਿ ਕਦੋਂ ਮਾਤਾ ਜੀ ਸੌਣ ਤੇ ਮੈਂ ਇਹ ਖੁਰਜੀ ਚੁਰਾ ਲਵਾਂ। ਜਦੋਂ ਸਵੇਰੇ ਮਾਤਾ ਜੀ ਉੱਠੇ ਤਾਂ ਉਨ੍ਹਾਂ ਨੇ ਖੁਰਜੀ ਨਾ ਦੇਖੀ ਤਾਂ ਗੰਗੂ ਨੂੰ ਇਸ ਬਾਰੇ ਪੁੱਛਿਆ। ਗੰਗੂ ਨੇ ਆਪਣੀ ਚੋਰੀ ਛੁਪਾਉਣ ਲਈ ੧੦ ਪੋਹ/9 ਦਸੰਬਰ ਨੂੰ ਸਵੇਰੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਸਹੇੜੀ ਹੋਣ ਦੀ ਖ਼ਬਰ ਮੋਰਿੰਡੇ ਦੀ ਕੋਤਵਾਲੀ ਵਿਚ ਜਾ ਦਿੱਤੀ। ਹੌਲਦਾਰ ਜਾਨੀ ਖ਼ਾਂ ਤੇ ਮਾਨੀ ਖ਼ਾਂ ਆ ਕੇ ਮਾਂ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰ ਕੇ ਮੋਰਿੰਡੇ ਲੈ ਗਏ ਤੇ ਬਿਨ੍ਹਾਂ ਕੁਝ ਖਾਧੇ ਪੀਤੇ ਇੱਕ ਰਾਤ ਮੋਰਿੰਡੇ ਦੀ ਜੇਲ੍ਹ ਵਿਚ ਗੁਜ਼ਾਰੀ।  ੧੧ ਪੋਹ/10 ਦਸੰਬਰ ਨੂੰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੇ ਮੋਰਿੰਡੇ ਜੇਲ੍ਹ ਵਿਚ ਹੋਣ ਦੀ ਖ਼ਬਰ ਜਦ ਵਜ਼ੀਰ ਖਾਂ ਤੱਕ ਪਹੁੰਚੀ ਤਾਂ ਉਹ ਬਹੁਤ ਖੁਸ਼ ਹੋਇਆ ਤੇ ਤੁਰੰਤ ਹੀ ਕੈਦ ਕਰਕੇ ਲਿਆਉਣ ਲਈ ਸਿਪਾਹੀ ਭੇਜ ਦਿੱਤੇ; ਜੋ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਸਰਹੰਦ ਲੈ ਆਏ। ਸਾਹਿਬਜ਼ਾਦਿਆਂ ਨੂੰ ਸਿੱਧਾ ਸੂਬਾ ਸਰਹੰਦ ਵਜ਼ੀਰ ਖ਼ਾਂ ਦੀ ਕਚਹਿਰੀ ’ਚ ਪੇਸ਼ ਕੀਤਾ ਗਿਆ। ਸਾਹਿਬਜ਼ਾਦਿਆਂ ਨੇ ਸੂਬੇ ਨੂੰ ਝੁਕ ਕੇ ਸਲਾਮ ਨਾ ਕੀਤਾ ਬਲਕਿ ਬੜੀ ਅਡੋਲਤਾ ਨਾਲ ਫ਼ਤਿਹ ਬੁਲਾਈ। ਜਿਸ ਦਾ ਬਦਲਾ ਲੈਣ ਲਈ ਗੁਰੂ ਕੇ ਲਾਲਾਂ ਤੇ ਮਾਤਾ ਨੂੰ ੧੧ ਪੋਹ/10 ਦਸੰਬਰ ਦੀ ਅੱਤ ਠੰਢੀ ਰਾਤ ਨੂੰ ਬਿਨਾਂ ਕੁਝ ਖਵਾਏ-ਪਿਆਏ, ਭੁੰਜੇ-ਨੰਗੇ ਫਰਸ਼ ’ਤੇ ਸਖ਼ਤ ਪਹਿਰੇ ਵਿਚ ਚਾਰੇ ਪਾਸਿਆਂ ਤੋਂ ਆਉਂਦੀਆਂ ਠੰਢੀਆਂ ਸੀਤ ਹਵਾਵਾਂ ਵਿਚ ਠੰਢੇ ਬੁਰਜ ਵਿਚ ਰੱਖਿਆ ਗਿਆ।

੧੨ ਪੋਹ/11 ਦਸੰਬਰ ਨੂੰ ਆਖਰੀ ਕਚਿਹਰੀ ਲੱਗੀ। ਜਦੋਂ ਸਾਹਿਬਜ਼ਾਦਿਆਂ ਕਿਸੇ ਲਾਲਚ ਜਾਂ ਡਰ ਵਿੱਚ ਨਾ ਆਏ ਤਾਂ ਉਨ੍ਹਾਂ ਨੂੰ ਤਸੀਹੇ ਦੇਣ ਦਾ ਮਨ ਬਣਾਇਆ। ਇਕ ਖਮਚੀ (ਤੂਤ ਦੀ ਪਤਲੀ ਸੋਟੀ) ਲੈ ਕੇ ਸਾਹਿਬਜ਼ਾਦਿਆਂ ਨੂੰ ਕੁੱਟਿਆ ਗਿਆ ਤਾਂ ਜੋ ਸੱਟ ਲੱਗਣ ਦੇ ਡਰ ਨਾਲ ਇਸਲਾਮ ਕਬੂਲ ਕਰ ਲੈਣ। ਇਸ ਨਾਲ ਉਨ੍ਹਾਂ ਦਾ ਮਾਸ ਉੱਭਰ ਗਿਆ ਅਤੇ ਕੋਮਲ ਸਰੀਰਾਂ ’ਤੇ ਨਿਸ਼ਾਨ ਪੈ ਗਏ। ਭਾਈ ਦੋਨਾ ਸਿੰਘ ਹੰਡੂਰੀਆ ਲਿਖਦੇ ਹਨ :

‘ਖਮਚੀ ਸਾਥ ਜੁ ਲਗੈ ਤਬੈ ਦੁਖ ਦੇਵਨੰ, ਏਹ ਸੁ ਬਾਲਕ ਫੂਲ ਧੂਪ ਨਾ ਖੇਵਨੰ।’

ਜਦੋਂ ਕਾਜ਼ੀ ਨੂੰ ਫਤਵਾ ਦੇਣ ਲਈ ਕਿਹਾ ਗਿਆ ਤਾਂ ਉਸ ਨੂੰ ਸਾਹਿਬਜ਼ਾਦਿਆਂ ਦਾ ਕੋਈ ਕਸੂਰ ਨਾ ਮਿਲਿਆ। ਫਿਰ ਸੁੱਚਾ ਨੰਦ ਨੇ ਆਪਣਾ ਰੋਲ ਨਿਭਾਇਆ ਕਿ ਸਾਹਿਬਜ਼ਾਦਿਆਂ ਨੂੰ ਪੁੱਛਿਆ ਜਾਏ ਕਿ ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਕੀ ਕਰੋਗੇ  ? ਉਨ੍ਹਾਂ ਨੇ ਕਿਹਾ ਕਿ ਆਪਣੇ ਪਿਤਾ ਵਾਙ ਸਿੰਘ ਇਕੱਠੇ ਕਰਾਂਗੇ ਤੇ ਜ਼ੁਲਮ ਵਿਰੁਧ ਸੰਘਰਸ਼ ਕਰਾਂਗੇ। ਸਾਰਿਆਂ ਪਾਸੋਂ ਅਵਾਜ਼ ਆਈ ਬਾਗੀ-ਬਾਗੀ। ਕਾਜ਼ੀ ਨੇ ਫ਼ੈਸਲਾ ਸੁਣਾ ਦਿੱਤਾ ਕਿ ਹਕੂਮਤ ਦੇ ਇਨ੍ਹਾਂ ਬਾਗੀਆਂ ਨੂੰ ਨੀਹਾਂ ਵਿੱਚ ਚਿਣ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ।

ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਹੈ ਕਿ ਸ਼ਹੀਦ ਕਰਨ ਤੋਂ ਪਹਿਲਾਂ ਇਕ ਬਜ਼ਾਰ ਸਜਾਇਆ ਗਿਆ, ਜਿਸ ਵਿੱਚ ਮਠਿਆਈ ਦੀਆਂ ਦੁਕਾਨਾਂ, ਖਿਡੌਣਿਆਂ ਦੀਆਂ ਦੁਕਾਨਾਂ ਅਤੇ ਸ਼ਸਤਰਾਂ ਦੀਆਂ ਦੁਕਾਨਾਂ ਲਗਾਈਆਂ ਗਈਆਂ। ਸਾਹਿਬਜ਼ਾਦਿਆਂ ਨੂੰ ਉੱਥੇ ਭੇਜਿਆ ਗਿਆ। ਉਨ੍ਹਾਂ ਨੇ ਮਠਿਆਈਆਂ ਤੇ ਖਿਡੌਣਿਆਂ ਦੀਆਂ ਦੁਕਾਨਾਂ ਵੱਲ ਵੇਖਿਆ ਤੱਕ ਨਹੀਂ ਤੇ ਬਾਰ ਬਾਰ ਸ਼ਸਤਰਾਂ ਦੀਆਂ ਦੁਕਾਨਾਂ ਤੇ ਜਾ ਕੇ ਉਨ੍ਹਾਂ ਨੂੰ ਹੀ ਵੇਖਦੇ ਰਹੇ। ਇਸ ਤੋਂ ਵਜੀਰ ਖਾਨ ਨੇ ਅੰਦਾਜ਼ਾ ਲਾ ਲਿਆ ਕਿ ਜੇ ਇਨ੍ਹਾਂ ਨੂੰ ਛੱਡ ਦਿੱਤਾ ਤਾਂ ਵੱਡੇ ਹੋ ਕੇ ਇਹ ਸਾਡੇ ਵਿਰੁੱਧ ਜੰਗ ਲੜਨਗੇ। ਇਸ ਉਪਰੰਤ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਪਾਸ ਭੇਜ ਦਿੱਤਾ।

੧੩ ਪੋਹ ਬਿਕ੍ਰਮੀ ਸੰਮਤ ੧੭੬੧/12 ਦਸੰਬਰ 1704 ਜੂਲੀਅਨ ਨੂੰ ਮਾਤਾ ਗੁਜਰੀ ਨੇ ਸਾਹਿਬਜ਼ਾਦਿਆਂ ਨੂੰ ਅਪਣੇ ਹੱਥੀਂ ਤਿਆਰ ਕੀਤਾ, ਸੁੰਦਰ ਪੁਸ਼ਾਕਾਂ ਪਵਾ ਅਤੇ ਸੀਸ ’ਤੇ ਕਲਗੀਆਂ ਸਜਾ ਕੇ ਸੂਬੇ ਦੀ ਕਚਹਿਰੀ ਵੱਲ ਤੋਰ ਦਿੱਤਾ। ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ, ਜੋ ਨੇਕ ਦਿਲ ਇਨਸਾਨ ਸੀ, ਨੂੰ ਵਜੀਰ ਖਾਨ ਨੇ ਕਿਹਾ ਕਿ ਤੇਰਾ ਭਰਾ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਮਾਰਿਆ ਗਿਆ ਹੈ, ਤੂੰ ਸਾਹਿਬਜ਼ਾਦਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ਦਾ ਬਦਲਾ ਲੈ। ਉਸ ਨੇ ਅੱਗੋਂ ਉੱਤਰ ਦਿੱਤਾ ਕਿ ਜੇ ਮੈਂ ਬਦਲਾ ਲੈਣਾ ਹੋਇਆ ਤਾਂ ਜੰਗ ਦੇ ਮੈਦਾਨ ਵਿੱਚ ਹੀ ਲਵਾਂਗਾ। ਮੈਂ ਇਨ੍ਹਾਂ ਬੱਚਿਆਂ ਨੂੰ ਮਾਰ ਕੇ ਅੱਲ੍ਹਾ ਨੂੰ ਕੀ ਮੂੰਹ ਦਿਖਾਵਾਂਗਾ ? ਯੋਗੀ ਜੀ ਨੇ ਨਵਾਬ ਮਲੇਰਕੋਟਲੇ ਦੇ ਜਵਾਬ ਨੂੰ ਇਸ ਤਰ੍ਹਾਂ ਬਿਆਨ ਕੀਤਾ :

‘ਬਦਲਾ ਹੀ ਲੇਨਾ ਹੋਗਾ ਤੋ ਹਮ ਲੇਂਗੇ ਬਾਪ ਸੇ। ਮਹਿਫੂਜ਼ ਰਖੇ ਹਮ ਕੋ ਖੁਦਾ ਐਸਾ ਪਾਪ ਸੇ।’

ਜੋਗੀ ਜੀ ਅੱਗੇ ਲਿਖਦੇ ਹਨ –

‘ਝਾੜੂ ਖਾ ਕਰ ਦੋਨੋ ਸ਼ਰਮਸਾਰ ਹੋ ਗਏ। ਜਲਾਦ ਸਾਰੇ ਕਤਲ ਸੇ ਬੇਜ਼ਾਰ ਹੋ ਗਏ।’

ਸਾਹਿਬਜ਼ਾਦਿਆਂ ਨੂੰ ਸਜ਼ਾ ਦੇਣ ਲਈ ਕੋਈ ਜਲਾਦ ਤਿਆਰ ਨਾ ਹੋਇਆ ਤਾਂ ਵਜੀਰ ਖ਼ਾਨ ਦਾ ਧਿਆਨ ਸਾਸ਼ਲ ਬੇਗ ਤੇ ਬਾਸ਼ਲ ਬੇਗ ਵੱਲ ਗਿਆ, ਜਿਨ੍ਹਾਂ ਦਾ ਮੁਕੱਦਮਾ ਸਰਹਿੰਦ ਦੀ ਕਚਿਹਰੀ ਵਿੱਚ ਚੱਲ ਰਿਹਾ ਸੀ। ਉਹ ਇਸ ਸ਼ਰਤ ’ਤੇ ਸਜ਼ਾ ਦੇਣ ਲਈ ਤਿਆਰ ਹੋ ਗਏ ਕਿ ਉਨ੍ਹਾਂ ਦਾ ਮੁਕੱਦਮਾ ਖਾਰਜ ਕੀਤਾ ਜਾਵੇ। ਇਸ ਤੋਂ ਬਾਅਦ ਦੋਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ, ਪਰ ਉਸਾਰੀ ਜਾ ਰਹੀ ਕੰਧ ਅਚਾਨਕ ਡਿੱਗ ਪਈ ਤੇ ਬੱਚੇ ਬੇਹੋਸ਼ ਹੋ ਗਏ। ਦੋਨਾਂ ਸਾਹਿਬਜ਼ਾਦਿਆਂ ਨੂੰ ਜਲਾਦਾਂ ਨੇ ਆਪਣੇ ਗੋਡਿਆਂ ਥੱਲੇ ਲਿਆ ਅਤੇ ਉਨ੍ਹਾਂ ਦੀ ਸਾਹ ਨਾਲੀ ਕੱਟ ਦਿੱਤੀ। ਇਤਿਹਾਸਕ ਗ੍ਰੰਥ ਬੰਸਾਵਲੀਨਾਮੇ ’ਚ ਲਿਖਿਆ ਹੈ ਕਿ ਬਾਬਾ ਜ਼ੋਰਾਵਰ ਸਿੰਘ ਢਾਈ ਮਿੰਟਾਂ ਵਿੱਚ ਹੀ ਸ਼ਹੀਦ ਹੋ ਗਏ ਤੇ ਬਾਬਾ ਫ਼ਤਿਹ ਸਿੰਘ ਲਗਭਗ ਅੱਧੀ ਘੜੀ ਭਾਵ 12 ਮਿੰਟ ਪੈਰ ਮਾਰਦੇ ਰਹੇ ਤੇ ਖ਼ੂਨ ਨਿਕਲਦਾ ਰਿਹਾ, ਹੌਲੀ ਹੌਲੀ ਚਰਨ ਹਿੱਲਣੇ ਬੰਦ ਹੋ ਗਏ। ਕੁੱਝ ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਮਾਤਾ ਗੁਜਰੀ ਜੀ ਨੂੰ ਦੀਵਾਨ ਟੋਡਰ ਮੱਲ ਨੇ ਜਾ ਕੇ ਦਿੱਤੀ। ਇਸ ਤੋਂ ਬਾਅਦ ਠੰਡ ਅਤੇ ਭੁੱਖ ਕਾਰਨ ਉਹ ਵੀ ਸਰੀਰ ਤਿਆਗ ਗਏ। ਕੁੱਝ ਇਤਿਹਾਸਕਾਰ ਮੰਨਦੇ ਹਨ ਕਿ ਮਾਤਾ ਜੀ ਨੂੰ ਠੰਡੇ ਬੁਰਜ ਤੋਂ ਧੱਕਾ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਫਿਰ ਪਾਵਨ ਦੇਹਾਂ ਦੀ ਬੇਅਦਬੀ ਕਰਨ ਲਈ ਹੰਸਲਾ ਨਦੀ ਦੇ ਕਿਨਾਰੇ ਉਜਾੜ ਥਾਂ ਲਿਜਾ ਕੇ ਸਰੀਰਾਂ ਨੂੰ ਸੁੱਟਵਾ ਦਿੱਤਾ ਗਿਆ।

ਜਦੋਂ ਸ਼ਹਰ ਵਿੱਚ ਵੱਸਦੇ ਗੁਰੂ ਪਿਆਰ ਵਾਲਿਆਂ ਨੂੰ ਵਜ਼ੀਰਖ਼ਾਨ ਦੇ ਇਸ ਕੁਕਰਮ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਖ਼ੂਨ ਦੇ ਹੰਝੂ ਵਹਾਏ, ਪਰ ਸਰਕਾਰੀ ਕਹਰ ਤੋਂ ਡਰਦਿਆਂ ਕਿਸੇ ਦੀ ਹਿੰਮਤ ਨਾ ਪਈ ਕਿ ਸਤਿਕਾਰ ਸਹਿਤ ਸਸਕਾਰ ਕੀਤਾ ਜਾਵੇ। ਇਸ ਤੋਂ ਬਾਅਦ ਗੁਰੂ ਘਰ ਦੇ ਸੇਵਕ ਦੀਵਾਨ ਟੋਡਰ ਮਲ ਨੇ ਜ਼ੁਰਅਤ ਦੀ ਮਿਸਾਲ ਪੈਦਾ ਕੀਤੀ ਅਤੇ ਪਾਵਨ ਦੇਹਾਂ ਦਾ ਸਸਕਾਰ ਕਰਨ ਦੀ ਇਜਾਜ਼ਤ ਮੰਗੀ। ਵਜ਼ੀਰ ਖਾਨ ਦੇ ਸ਼ਾਤਰ ਦਿਮਾਗ ਨੇ ਟੋਡਰ ਮੱਲ ਨੂੰ ਸੋਨੇ ਦੀਆਂ ਮੋਹਰਾਂ ਵਿਛਾ ਕੇ ਜ਼ਮੀਨ ਖਰੀਦਨ ਦੀ ਪੇਸ਼ਕਸ਼ ਕੀਤੀ। ਵਜ਼ੀਰ ਖਾਨ ਦਾ ਖ਼ਿਆਲ ਸੀ ਕਿ ਟੋਡਰ ਮੱਲ ਏਨੀ ਮਹਿੰਗੀ ਜ਼ਮੀਨ ਖਰੀਦ ਨਹੀਂ ਸਕੇਗਾ, ਪਰ ਉਸ ਮੂਰਖ ਨੂੰ ਇਹ ਨਹੀਂ ਸੀ ਪਤਾ ਕਿ ਨੇਕ ਹਿੰਦੂ ਤੇ ਮੁਸਲਮਾਨ ਗੁਰੂ ਸਾਹਿਬ ਨਾਲ ਕਿਸ ਕਦਰ ਪਿਆਰ ਰੱਖਦੇ ਹਨ। ਗੁਰੂ ਪਿਆਰ ਵਿੱਚ ਭਿੱਜੇ ਹੋਏ ਟੋਡਰ ਮੱਲ ਨੇ ਆਪਣੀ ਪਤਨੀ ਦੇ ਗਹਿਣੇ, ਆਪਣਾ ਘਰ ਬਾਰ, ਜ਼ਮੀਨ ਜਾਇਦਾਦ ਸਭ ਕੁੱਝ ਵੇਚ ਕੇ ਸੋਨੇ ਦੀਆਂ ਮੋਹਰਾਂ ਇਕੱਠੀਆਂ ਕਰ ਜ਼ਮੀਨ ’ਤੇ ਵਿਛਾ ਕੇ ਸਸਕਾਰ ਲਈ ਜਗ੍ਹਾ ਖਰੀਦੀ। ਇਹ, ਦੁਨੀਆਂ ਦੀ ਸਭ ਤੋਂ ਮਹਿੰਗੀ ਜਗ੍ਹਾ ਬਣ ਗਈ, ਜੋ ਅੱਜ ਦੇ ਸਮੇਂ ਸਾਢੇ ਤਿੰਨ ਅਰਬ ਰੁਪਏ ਬਣਦੀ ਹੈ। ਇਸ ਤਰ੍ਹਾਂ ਮਾਤਾ ਜੀ ਅਤੇ ਦੋਵੇਂ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ ਗਿਆ। ਸਸਕਾਰ ਲਈ ਜੰਗਲ ਵਿੱਚੋਂ ਲੱਕੜਾਂ ਲਿਆਉਣ ਦੀ ਸੇਵਾ ਬਾਬਾ ਮੋਤੀ ਰਾਮ ਜੀ ਮਹਿਰਾ ਨੇ ਕੀਤੀ।

ਦੂਜੇ ਪਾਸੇ ਜਿਸ ਧਨ ਦੇ ਲਾਲਚ ਵਿੱਚ ਗੰਗੂ ਨੇ ਐਡਾ ਵੱਡਾ ਪਾਪ ਕੀਤਾ ਸੀ, ਉਹੀ ਧਨ ਉਸ ਦੀ ਮੌਤ ਦਾ ਕਾਰਨ ਬਣਿਆ। ਇੱਕ ਰਿਪੋਰਟ ਦੇ ਆਧਾਰ ’ਤੇ ਜਾਨੀ ਖਾਂ ਅਤੇ ਮਾਨੀ ਖਾਂ ਨੇ ਨਵਾਬ ਵਜੀਰ ਖ਼ਾਨ ਨੂੰ ਦੱਸਿਆ ਕਿ ਮਾਤਾ ਗੁਜਰੀ ਜੀ, ਜੋ ਮੋਹਰਾਂ ਦੀ ਖੁਰਜੀ ਨਾਲ ਲੈ ਕੇ ਆਏ ਸਨ, ਉਹ ਗੰਗੂ ਕੋਲ ਹੈ। ਵਜ਼ੀਰ ਖਾਂ ਨੇ ਉਹ ਰਕਮ ਸਰਕਾਰੀ ਖਜ਼ਾਨੇ ਵਿੱਚ ਜਮ੍ਹਾ ਕਰਵਾਉਣ ਲਈ ਕਿਹਾ। ਗੰਗੂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਹਾਕਮਾਂ ਵੱਲੋਂ ਉਸ ਦੀ ਮਾਰ-ਕੁਟਾਈ ਸ਼ੁਰੂ ਕੀਤੀ ਗਈ। ਕੁੱਟ ਦਾ ਮਾਰਿਆ ਗੰਗੂ ਮੋਹਰਾਂ ਦੇਣੀਆਂ ਮੰਨ ਗਿਆ। ਉਸ ਨੇ ਕਈ ਥਾਵਾਂ ਵਿਖਾਈਆਂ, ਜਿੱਥੇ ਉਸ ਨੇ ਮੋਹਰਾਂ ਦੱਬੀਆਂ ਸਨ, ਪਰ ਉਹ ਕਿਤੋਂ ਵੀ ਨਾ ਮਿਲੀਆਂ ਕਿਉਂਕਿ ਉਹ ਹੜ੍ਹ ਦੇ ਪਾਣੀ ਨਾਲ ਰੁੜ੍ਹ ਗਈਆਂ ਸਨ। ਹਾਕਮਾਂ ਨੇ ਸਮਝਿਆ ਕਿ ਗੰਗੂ ਜਾਣ-ਬੁੱਝ ਕੇ ਉਨ੍ਹਾਂ ਨੂੰ ਧੋਖਾ ਦੇ ਰਿਹਾ ਹੈ। ਸਿਪਾਹੀਆਂ ਨੇ ਫਿਰ ਗੰਗੂ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।

ਸਾਕਾ ਸਰਹਿੰਦ ਦੀ ਘਟਨਾ ਮੁਗਲ ਹਕੂਮਤ ਵੱਲੋਂ ਤਾਕਤ ਦੇ ਨਸ਼ੇ ਵਿੱਚ ਕੀਤੀ ਅਜਿਹੀ ਗ਼ਲਤੀ ਸੀ, ਜਿਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਨਹੀਂ ਮਿਲਦੀ। ਪ੍ਰਸਿੱਧ ਇਤਿਹਾਸਕਾਰ ਬ੍ਰਾਊਨ ਲਿਖਦਾ ਹੈ ਕਿ ਨਵੇਂ ਧਾਰਮਿਕ ਅਸੂਲਾਂ ਦਾ ਪ੍ਰਚਾਰ ਕਰਨ ਵਾਲਿਆਂ ਉੱਤੇ ਢਾਹੇ ਜੁਲਮਾਂ ਦੀਆਂ ਸਾਰੀਆਂ ਮਿਸਾਲਾਂ ਵਿੱਚੋਂ ਇਹ ਸਾਕਾ ਸਭ ਤੋਂ ਜ਼ਿਆਦਾ ਕਠੋਰ, ਉਪੱਦਰ, ਨਿਰਦਈ ਅਤੇ ਅੱਤਿਆਚਾਰੀ ਹੈ। ਇਸ ਘਟਨਾ ਪ੍ਰਤੀ ਸਿੱਖਾਂ ਦਾ ਗੁੱਸਾ ਵੀ ਇਤਨਾ ਹੀ ਸਖਤ ਸੀ। ਇਹ ਕਹਿਣ ਵਿੱਚ ਕੋਈ ਅਤਿਕਥਨੀ ਨਹੀਂ ਕਿ ਤਿੰਨ ਸਦੀਆਂ ਤੋਂ ਵੱਧ ਸਮਾਂ ਬੀਤ ਜਾਣ ’ਤੇ ਵੀ ਇਸ ਘਟਨਾ ਪ੍ਰਤੀ ਸਿੱਖਾਂ ਦਾ ਗੁੱਸਾ ਅਜੇ ਵੀ ਠੰਡਾ ਨਹੀਂ ਪਿਆ।

ਅੱਲਾ ਯਾਰ ਖਾਂ ਜੋਗੀ ਲਿਖਦਾ ਹੈ ਕਿ ਸਾਕਾ ਸਰਹਿੰਦ ਦੀ ਘਟਨਾ ਤੋਂ ਬਾਅਦ ਸਿੱਖ ਕੌਮ ਤਾਜੋ ਤਖ਼ਤ ਦੀ ਪ੍ਰਾਪਤੀ ਵੱਲ ਵਧਣ ਲੱਗੀ। ਉਹ ਲਿਖਦਾ ਹੈ :

‘ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ। ਗੱਦੀ ਸੇ ਤਾਜੋ-ਤਖਤ ਬਸ ਅਬ ਕੌਮ ਪਾਏਗੀ।

ਦੁਨੀਆਂ ਸੇ ਜ਼ਾਲਿਮੋਂ ਕਾ ਨਿਸ਼ਾਂ ਤਕ ਮਿਟਾਏਗੀ।’

ਸੋ ਇਹ ਸਰਹਿੰਦ ਤੇ ਚਮਕੌਰ ਸਾਹਿਬ ਦੇ ਸਾਕਿਆਂ ਦੇ ਤਿੱਖੇ ਪ੍ਰਤੀਕਰਮ ਵਜੋਂ ਹੀ ਸੰਭਵ ਹੋ ਸਕਿਆ ਹੈ ਕਿ ਸਿੱਖਾਂ ਨੇ ਮੁਗਲਾਂ ਤੇ ਫ਼ਤਿਹ ਹਾਸਲ ਕਰਕੇ ਗਜਨਵੀ, ਤੈਮੂਰ ਤੇ ਬਾਬਰ ਦੇ ਖਾਨਦਾਨ ਵਿੱਚੋਂ ਅਖਵਾਉਣ ਵਾਲਿਆਂ ਦੀ ਆਨ ਤੇ ਸ਼ਾਨ ਮਿੱਟੀ ਵਿੱਚ ਮਿਲਾ ਦਿੱਤੀ ਸੀ। ਗੱਲ ਕੀ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੀਆਂ ਅਦੁੱਤੀ ਘਟਨਾਵਾਂ ਨੇ ਇਤਿਹਾਸ ਨੂੰ ਨਵੀਆਂ ਲੀਹਾਂ ’ਤੇ ਤੁਰਨ ਲਈ ਮਜਬੂਰ ਕੀਤਾ। ਅਸਲ ਵਿੱਚ ਸਿੱਖ ਰਾਜ ਦੀ ਸਥਾਪਨਾ ਦਾ ਮੁੱਢ ਹੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਬੰਨ੍ਹਿਆ ਹੈ।

ਹਿੰਦੀ ਦਾ ਕਵੀ ਮੈਥਲੀ ਸ਼ਰਨ ਗੁਪਤਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਪ੍ਰਤੀ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੋਇਆ ਲਿਖਦਾ ਹੈ :

‘ਜਿਸ ਕੁਲ ਜਾਤਿ ਦੇਸ ਕੇ ਬੱਚੇ ਦੇ ਸਕਤੇ ਹੈ ਯੋਂ ਬਲਿਦਾਨ। 

ਉਸ ਕਾ ਵਰਤਮਾਨ ਕੁਛ ਭੀ ਹੋ, ਪਰ ਭਵਿਸ਼ਯ ਹੈ ਮਹਾਂ ਮਹਾਨ।’

ਸਾਕਾ ਸਰਹੰਦ ਸਿੱਖਾਂ ਨੂੰ ਅਣਖ ਤੇ ਗ਼ੈਰਤ ਨਾਲ ਜਿਊਣ ਦਾ ਬਲ ਪ੍ਰਦਾਨ ਕਰਦਾ ਹੈ। ਸਾਕਾ ਸਰਹਿੰਦ; ਜ਼ੁਲਮ ਉੱਤੇ ਨਿਆਂ ਦੀ ਫ਼ਤਿਹ, ਝੂਠ ਉੱਤੇ ਸੱਚ ਦੀ ਫ਼ਤਿਹ ਅਤੇ ਲਾਲਚ ਉੱਤੇ ਤਿਆਗ ਦੀ ਫ਼ਤਿਹ ਦਾ ਪ੍ਰਤੀਕ ਹੈ। ਅਜਿਹੀਆਂ ਘਟਨਾਵਾਂ ਦੇ ਪ੍ਰਤੀਕਰਮ ਵਜੋਂ ਜਦੋਂ ਕੌਮਾਂ ਕਰਵਟ ਲੈਂਦੀਆਂ ਹਨ ਤਾਂ ਇਤਿਹਾਸ ਵੀ ਥਰਥਰਾਉਣ ਲੱਗਦਾ ਹੈ। ਇਸ ਘਟਨਾ ਤੋਂ ਕੇਵਲ ਚਾਰ ਸਾਲ ਬਾਅਦ ਹੀ ਇਤਿਹਾਸ ਨੇ ਮੋੜ ਲਿਆ ਤੇ ਸਰਹੰਦ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਕਾਇਮ ਕੀਤਾ।