ਗੁਰੂ ਕੇ ਪਿਆਰੇ ਸਿੱਖ ਦੇ ਜੀਵਨ ਦੀਆਂ ਛੇ ਨਿਸ਼ਾਨੀਆਂ
ਬੀਬੀ ਸਤਵੰਤ ਕੌਰ ਖਾਲਸਾ
ਗੁਰੂ ਕੇ ਪਿਆਰੇ ਸਿੱਖ ਦੇ ਜੀਵਨ ਦੀਆਂ ਛੇ ਨਿਸ਼ਾਨੀਆਂ ਸਿੱਖ ਧਰਮ ਵਿੱਚ ਅੱਜ ਤੱਕ ਜਿੰਨੇ ਵੀ ਮਹਾਨ ਸਿੱਖ ਸ਼ਹੀਦ, ਸਿੰਘ ਸੂਰਮੇ, ਭਗਤ, ਸੰਤ ਤੇ ਮਹਾਂ ਪੁਰਸ਼ ਹੋਏ ਹਨ, ਉਨ੍ਹਾਂ ਦੇ ਜੀਵਨ ਨੂੰ ਪੜ੍ਹ ਕੇ ਵੇਖੀਏ ਤਾਂ ਸਾਨੂੰ ਉਹਨਾਂ ਦੇ ਕਮਾਈ ਵਾਲੇ ਜੀਵਨ ਤੋਂ ਸਦਾ ਸੇਧ ਮਿਲਦੀ ਹੈ। ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਪਾਵਨ ਅਤੇ ਪਵਿੱਤਰ ਗੁਰਬਾਣੀ ਨੂੰ ਢਾਲ਼ ਕੇ ਆਪਣੇ ਰੋਮ-ਰੋਮ ਵਿੱਚ ਗੁਰਬਾਣੀ ਰਾਹੀਂ ਪਰਮਜੋਤ ਨੂੰ ਪ੍ਰਗਟ ਕਰ ਲਿਆ, ਅਜਿਹੇ ਮਹਾਂ ਪੁਰਸ਼ਾਂ ਦੀ ਅਗਵਾਈ ਵਾਹਿਗੁਰੂ ਆਪ ਕਰਦੇ ਹਨ।
ਪਾਵਨ ਗੁਰਬਾਣੀ ਦਾ ਹਰੇਕ ਸ਼ਬਦ ਸਿੱਖ ਦੇ ਜੀਵਨ ਦੀ ਆਤਮਕ ਅਵਸਥਾ ਨੂੰ ਉੱਚਾ ਚੁੱਕਣ ਲਈ ਨਾਮ ਰੂਪੀ ਜਹਾਜ ਦਾ ਕੰਮ ਕਰਦਾ ਹੈ। ਇੱਕ ਗੁਰਸਿੱਖ ਦੇ ਜੀਵਨ ਦੀਆਂ ਪਿਆਰੀਆਂ ਛੇ ਨਿਸ਼ਾਨੀਆਂ ਬਹੁਤ ਹੀ ਪਿਆਰ ਨਾਲ ਪੜ੍ਹ ਕੇ ਅਮਲ ਕਰਨ ਦਾ ਯਤਨ ਜ਼ਰੂਰ ਕਰੋ, ‘‘ਹਉ ਤਿਸੁ ਘੋਲਿ ਘੁਮਾਇਆ, ਗੁਰਮਤਿ ਰਿਦੈ ਗਰੀਬੀ ਆਵੈ।’’ ਭਾਈ ਗੁਰਦਾਸ ਜੀ ਆਪਣੀ ਪਵਿੱਤਰ ਪਉੜੀ ਰਾਹੀਂ ਫੁਰਮਾਉਂਦੇ ਹਨ ਕਿ ਅਸੀਂ ਉਸ ਸਿੱਖ ਦੇ ਜੀਵਨ ਤੋਂ ਸਦਾ ਬਲਿਹਾਰ ਬਲਿਹਾਰ ਜਾਂਦੇ ਹਾਂ, ਜਿਸ ਸਿੱਖ ਦੇ ਹਿਰਦੇ ਅੰਦਰ ਨਿਮਰਤਾ ਦੀ ਪਿਆਰੀ ਦਾਤ ਪ੍ਰਗਟ ਹੋ ਜਾਂਦੀ ਹੈ। ਐਸੇ ਗੁਰਸਿੱਖ ਦੇ ਨਿਮਰਤਾ ਵਾਲੇ ਸੁਭਾਅ ਕਰਕੇ ਹੀ ਉਸ ਦੀ ਜ਼ਬਾਨ ਵਿੱਚੋਂ ਬਹੁਤ ਹੀ ਮਿੱਠੇ ਅਤੇ ਪਿਆਰੇ ਬਚਨ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਇਹ ਇੱਕ ਗੁਰੂ ਕੇ ਸਿੱਖ ਦੇ ਜੀਵਨ ਦੀ ਪਹਿਲੀ ਅਹਿਮ ਨਿਸ਼ਾਨੀ ਹੈ।
‘‘ਹਉ ਤਿਸੁ ਘੋਲਿ ਘੁਮਾਇਆ, ਪਰ ਨਾਰੀ ਦੇ ਨੇੜਿ ਨ ਜਾਵੈ।’’ ਭਾਈ ਸਾਹਿਬ ਜੀ ਅੱਗੇ ਫੁਰਮਾਉਂਦੇ ਹਨ ਕਿ ਅਸੀਂ ਉਸ ਸਿੱਖ ਦੇ ਜੀਵਨ ਤੋਂ ਬਹੁਤ ਹੀ ਕੁਰਬਾਨ ਜਾਂਦੇ ਹਾਂ, ਜਿਹੜਾ ਸਿੱਖ ਆਪ ਤੋਂ ਛੋਟੀ ਨੂੰ ਧੀ, ਬਰਾਬਰ ਦੀ ਨੂੰ ਭੈਣ ਅਤੇ ਆਪ ਤੋਂ ਵੱਡੀ ਨੂੰ ਮਾਂ ਦੇ ਬਰਾਬਰ ਸਮਝਦਾ ਹੈ ਅਤੇ ਕਦੇ ਵੀ ਕਿਸੇ ਧੀ ਭੈਣ ਵੱਲ ਮਾੜੀ ਨਜ਼ਰ ਨਾਲ ਨਹੀਂ ਵੇਖਦਾ। ਇਹ ਗੁਰੂ ਕੇ ਸਿੱਖ ਦੇ ਜੀਵਨ ਦੀ ਦੂਜੀ ਅਹਿਮ ਨਿਸ਼ਾਨੀ ਹੈ।
‘‘ਹਉ ਤਿਸੁ ਘੋਲਿ ਘੁਮਾਇਆ, ਪਰ ਦਰਬੈ ਨੋ ਹਥੁ ਨ ਲਾਵੈ।’’ ਭਾਈ ਸਾਹਿਬ ਜੀ ਪਉੜੀ ਦੀ ਅਗਲੀ ਪਿਆਰੀ ਪੰਗਤੀ ਵਿੱਚ ਫੁਰਮਾਉਂਦੇ ਹਨ ਕਿ ਅਸੀਂ ਉਸ ਸਿੱਖ ਦੇ ਜੀਵਨ ਤੋਂ ਸਦਾ ਵਾਰ-ਵਾਰ ਬਲਿਹਾਰ ਜਾਂਦੇ ਹਾਂ, ਜਿਹੜਾ ਸਿੱਖ ਕਦੇ ਵੀ ਕਿਸੇ ਨਾਲ ਠੱਗੀ ਨਹੀਂ ਮਾਰਦਾ ਅਤੇ ਮਾੜੇ ਪੈਸੇ ਨੂੰ ਕਦੇ ਹੱਥ ਤੱਕ ਨਹੀਂ ਲਾਉਂਦਾ। ਜਿਸ ਨਾਲ ਮਹਾਨ ਸਤਿਗੁਰੂ ਜੀ ਦੀ ਨਾਰਾਜਗੀ ਮਿਲ ਜਾਵੇ। ਇਹ ਗੁਰੂ ਕੇ ਸਿੱਖ ਦੇ ਜੀਵਨ ਦੀ ਤੀਜੀ ਅਹਿਮ ਨਿਸ਼ਾਨੀ ਹੈ।
‘‘ਹਉ ਤਿਸੁ ਘੋਲਿ ਘੁਮਾਇਆ, ਪਰ ਨਿੰਦਾ ਸੁਣਿ ਆਪੁ ਹਟਾਵੈ।’’ ਭਾਈ ਸਾਹਿਬ ਜੀ ਅਗਲੀ ਪਿਆਰੀ ਪੰਗਤੀ ਵਿੱਚ ਫੁਰਮਾਉਂਦੇ ਹਨ ਕਿ ਅਸੀਂ ਉਸ ਸਿੱਖ ਦੇ ਜੀਵਨ ਤੋਂ ਸਦਾ ਹੀ ਕੁਰਬਾਨ ਜਾਂਦੇ ਹਾਂ, ਜਿਹੜਾ ਸਿੱਖ ਪਰਾਈ ਨਿੰਦਿਆ ਮੂਲੋਂ ਹੀ ਨਹੀਂ ਕਰਦਾ ਹੈ। ਜੇ ਕੋਈ ਪ੍ਰਾਣੀ ਕਿਸੇ ਦੀ ਨਿੰਦਿਆ, ਉਸ ਸਿੱਖ ਦੇ ਸਾਹਮਣੇ ਕਰਦਾ ਹੈ ਤਾਂ ਉਹ ਕਿਸੇ ਦੀ ਨਿੰਦਿਆ ਕਰਨੀ ਬੰਦ ਵੀ ਕਰਵਾਉਂਦਾ ਹੈ। ਇਹ ਗੁਰੂ ਕੇ ਸਿੱਖ ਦੇ ਜੀਵਨ ਦੀ ਚੌਥੀ ਅਹਿਮ ਨਿਸ਼ਾਨੀ ਹੈ।
‘‘ਹਉ ਤਿਸੁ ਘੋਲਿ ਘੁਮਾਇਆ, ਸਤਿਗੁਰ ਦਾ ਉਪਦੇਸ ਕਮਾਵੈ।’’ ਭਾਈ ਗੁਰਦਾਸ ਜੀ ਅਗਲੀ ਪਿਆਰੀ ਪੰਗਤੀ ਵਿੱਚ ਫੁਰਮਾਉਂਦੇ ਹਨ ਕਿ ਅਸੀਂ ਉਸ ਸਿੱਖ ਦੇ ਜੀਵਨ ਨੂੰ ਵੇਖ ਕੇ ਬਹੁਤ ਹੀ ਖੁਸ਼ ਅਤੇ ਪ੍ਰਸੰਨ ਹੁੰਦੇ ਹਾਂ। ਜਿਹੜਾ ਸਿੱਖ ਪਾਵਨ ਗੁਰਬਾਣੀ ਦੇ ਉਪਦੇਸ਼ਾਂ ਨੂੰ ਨਿਰਾ ਪੜ੍ਹਨ ਤੱਕ ਹੀ ਸੀਮਤ ਨਹੀਂ ਰਹਿੰਦਾ, ਸਗੋਂ ਪਾਵਨ ਗੁਰਬਾਣੀ ਦੇ ਪਵਿੱਤਰ ਸ਼ਬਦ ਦੇ ਉਪਦੇਸ਼ ’ਤੇ ਸਦਾ ਅਮਲ ਕਰਨ ਦਾ ਉਪਰਾਲਾ ਕਰਦਾ ਰਹਿੰਦਾ ਹੈ। ਗੁਰੂ ਸ਼ਬਦ ਅਭਿਆਸ ਕਰਨ ਵਿੱਚ ਜਿਹੜਾ ਸਿੱਖ ਸਦਾ ਆਪਣੇ ਮਨ ਵਿੱਚ ਜੱਦੋ ਜਹਿਦ ਕਰਦਾ ਰਹਿੰਦਾ ਹੈ। ਮਹਾਨ ਸਤਿਗੁਰੂ ਜੀ ਐਸੇ ਪਿਆਰੇ ਗੁਰਸਿੱਖ ’ਤੇ ਸਦਾ ਨਿਹਾਲ ਹੁੰਦੇ ਰਹਿੰਦੇ ਹਨ। ਇਹ ਗੁਰੂ ਕੇ ਸਿੱਖ ਦੇ ਜੀਵਨ ਦੀ ਪੰਜਵੀਂ ਅਹਿਮ ਨਿਸ਼ਾਨੀ ਹੈ।
‘‘ਹਉ ਤਿਸੁ ਘੋਲਿ ਘੁਮਾਇਆ, ਥੋੜਾ ਸਵੈ ਥੋੜਾ ਹੀ ਖਾਵੈ। ਗੁਰਮੁਖਿ ਸੋਈ ਸਹਜਿ ਸਮਾਵੈ।’’ ਭਾਈ ਗੁਰਦਾਸ ਜੀ ਆਪਣੀ ਪਵਿੱਤਰ ਪਉੜੀ ਦੀ ਅਖੀਰਲੀ ਪੰਕਤੀ ਵਿੱਚ ਫੁਰਮਾਉਂਦੇ ਹਨ ਕਿ ਅਸੀਂ ਐਸੇ ਸਿੱਖ ਦੇ ਜੀਵਨ ਤੋਂ ਸਦਾ ਕੁਰਬਾਨ ਜਾਂਦੇ ਹਾਂ ਜਿਹੜਾ ਸਿੱਖ ਖਾਂਦਾ ਵੀ ਸੰਜਮ ਵਿੱਚ ਹੈ ਅਤੇ ਸੌਂਦਾ ਵੀ ਸੰਜਮ ਵਿੱਚ ਹੈ ਯਾਨੀ ਕਿ ਜਿਸ ਗੁਰਸਿੱਖ ਦਾ ਖਾਣਾ, ਪੀਣਾ, ਪਹਿਨਣਾ, ਬੋਲਣਾ, ਸੁਣਨਾ ਅਤੇ ਵੇਖਣਾ ਸਿੱਖੀ ਦੀ ਮਰਿਆਦਾ ਵਿੱਚ ਹੋ ਗਿਆ। ਐਸੇ ਸਿੱਖ ਦੇ ਜੀਵਨ ਤੋਂ ਅਸੀਂ ਸਦਾ ਬਲਿਹਾਰ ਜਾਂਦੇ ਹਾਂ। ਇਹ ਗੁਰੂ ਕੇ ਸਿੱਖ ਦੇ ਜੀਵਨ ਦੀ ਛੇਵੀਂ ਅਹਿਮ ਨਿਸ਼ਾਨੀ ਹੈ।
ਐਸੇ ਛੇ ਗੁਣਾਂ ਵਾਲੇ ਪਿਆਰੇ ਗੁਰਸਿੱਖ ਦਾ ਜੀਵਨ ਬਹੁਤ ਹੀ ਸਾਦਾ ਨਿਮਰਤਾ ਵਾਲਾ, ਸਹਿਜ ਅਵਸਥਾ ਵਾਲਾ ਅਤੇ ਨਾਮ ਸਿਮਰਨ ਵਾਲਾ ਬਣ ਜਾਂਦਾ ਹੈ। ਹੁਣ ਸਾਨੂੰ ਬਹੁਤ ਹੀ ਗੌਰ ਨਾਲ ਆਪੋ ਆਪਣੇ ਹਿਰਦੇ ਅੰਦਰ ਵਿਚਾਰਨਾ ਚਾਹੀਦਾ ਹੈ ਕਿ ਸਾਡਾ ਜੀਵਨ ਇੱਕ ਗੁਰਸਿੱਖ ਦੇ ਜੀਵਨ ਦੀਆਂ ਇਹਨਾਂ ਛੇ ਨਿਸ਼ਾਨੀਆਂ ਮੁਤਾਬਕ ਅਜੇ ਕਿੱਥੇ ਕੁ ਖੜ੍ਹਾ ਹੈ। ਸਾਨੂੰ ਹਰ ਸਿੱਖ ਨੂੰ ਇਸ ਬਾਰੇ ਆਪੋ ਆਪਣੇ ਹਿਰਦੇ ਅੰਦਰ ਅੱਜ ਬਹੁਤ ਹੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਕੋਈ ਵੀ ਪਿਆਰਾ ਸਿੱਖ ਅੱਜ ਤੋਂ ਇਸ ਪਵਿੱਤਰ ਸ਼ਬਦ ਦੀ ਪੂਰੀ ਕਮਾਈ ਆਪਣੇ ਹਿਰਦੇ ਅੰਦਰ ਕਰਨ ਲੱਗ ਜਾਵੇ ਅਤੇ ਦ੍ਰਿੜ੍ਹ ਕਰਕੇ ਆਪਣੇ ਅੰਦਰ ਧਾਰ ਲਵੇ ਕਿ ਅੱਜ ਤੋਂ ਬਾਅਦ ਮੈਂ ਆਪਣੇ ਪਿਆਰੇ ਸਤਿਗੁਰੂ ਜੀ ਦਾ ਪਿਆਰਾ ਸਿੱਖ ਬਣਨਾ ਹੈ ਅਤੇ ਇੱਕ ਗੁਰੂ ਕੇ ਸਿੱਖ ਦੇ ਜੀਵਨ ਦੀਆਂ ਇਹ ਛੇ ਅਹਿਮ ਨਿਸ਼ਾਨੀਆਂ ਆਪਣੇ ਹਿਰਦੇ ਅੰਦਰ ਪੂਰੀ ਤਰ੍ਹਾਂ ਧਾਰਨ ਕਰਨੀਆਂ ਹਨ।