ਸਿਰਲੇਖ ‘ਮਹਲਾ ੯’ ਦਾ ਉਚਾਰਨ ‘ਮਹਲਾ ਨਾਵਾਂ’ ਜਾਂ ‘ਮਹਲਾ ਨੌਵਾਂ’

0
502

ਸਿਰਲੇਖ ‘ਮਹਲਾ ੯’ ਦਾ ਉਚਾਰਨ ‘ਮਹਲਾ ਨਾਵਾਂ’ ਜਾਂ ‘ਮਹਲਾ ਨੌਵਾਂ’

ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸਿਰਲੇਖ ‘ਮਹਲਾ ੯’ ਨੂੰ ਆਮ ਤੌਰ ’ਤੇ ਕੁੱਝ ਸੱਜਣ ‘ਮਹਲਾ ਨੌਵਾਂ’ ਅਤੇ ਕੁੱਝ ‘ਮਹਲਾ ਨਾਵਾਂ’ਉਚਾਰਦੇ ਹਨ। ਉਕਤ ਦੋਵੇਂ ਉਚਾਰਣ ਸੇਧਾਂ ਵਿੱਚੋਂ ਕਿਹੜੀ ਦਰੁਸਤ ਹੈ ਅਤੇ ਕਿਹੜੀ ਨਹੀਂ, ਇਸ ਸੰਬੰਧੀ ਆਪਣਾ ਵੀਚਾਰ ਸਾਂਝਾ ਕਰਣ ਦਾ ਮਨ ਬਣਾਇਆ ਹੈ।
ਭਾਸ਼ਾਈ ਗਿਆਨ ਦੀ ਤਰਤੀਬ ਅਨੁਸਾਰ ‘ਪਹਿਲਾ, ਦੂਜਾ, ਤੀਜਾ, ਚਉਥਾ, ਪੰਜਵਾਂ, ਛੇਵਾਂ, ਸਤਵਾਂ, ਅਠਵਾਂ’ ਆਦਿ ਸੰਖਿਆਵਾਚਕ ਸ਼ਬਦਾਂ ਤੋਂ ਉਪਰੰਤ ‘ਨੌਵਾਂ’ ਉਚਾਰਨ ਨਹੀਂ ਬਣ ਸਕਦਾ ਕਿਉਂਕਿ ‘ਨ’ ਮੁਕਤੇ ਸ੍ਵਰੀ ਅੱਖਰ ਤੋਂ ਬਾਅਦ ‘ਉ’ ਸ੍ਵਰੀ ਅੱਖਰ ਨਹੀਂ ਲਗਦਾ ਬਲਕਿ ‘ਨਾ’ ਅੱਖਰ ਤੋਂ ਬਾਅਦ ਹੀ ‘ਉ’ ਸ੍ਵਰੀ ਅੱਖਰ ਆ ਸਕਦਾ ਹੈ। ਇਸ ਲਈ ‘ਮਹਲਾ ੯’ ਦਾ ਸਹੀ ਉਚਾਰਨ ‘ਮਹਲਾ ਨਾਵਾਂ’ ਹੋਵੇਗਾ, ਨਾ ਕਿ ‘ਮਹਲਾ ਨੌਵਾਂ’। ਇਸ ਵੀਚਾਰ ਦੀ ਵਧੇਰੇ ਪੁਸ਼ਟੀ ਲਈ ਗੁਰਬਾਣੀ ਵਿਚ ਭੀ ਕੁਝ ਲਫਜ਼ ਮੌਜ਼ੂਦ ਹਨ। ਜਿਵੇਂ ਕਿ:

(1). ਅਠੀ ਪਹਰੀ ਅਠ ਖੰਡ, ‘ਨਾਵਾ’ ਖੰਡੁ ਸਰੀਰੁ॥ (ਮ:੨/੧੪੬)

‘ਨਾਵਾਂ’ ਸ਼ਬਦ ਕ੍ਰਮ-ਵਾਚਕ ਸੰਖਿਅਕ ਵਿਸ਼ੇਸ਼ਣ ਸ਼ਬਦ ਹੈ, ਜਿਸ ਦਾ ਉਚਾਰਨ ਹੈ ‘ਨਾਵਾਂ’

(2). ਨਾਵੈ, ਧਉਲੇ ਉਭੇ ਸਾਹ॥ (ਮ:੧/੧੩੭)

‘ਨਾਵੈ’ ਸ਼ਬਦ ਕ੍ਰਮ-ਵਾਚਕ ਸੰਖਿਅਕ ਵਿਸ਼ੇਸ਼ਣ ਅਤੇ ਅਧਿਕਰਣ ਕਾਰਕ ਸ਼ਬਦ ਹੈ, ਜਿਸ ਦਾ ਉਚਾਰਨ ਹੈ ‘ਨਾਵੈਂ’ ਭਾਵ ਉਮਰ ਦੇ ਨਾਵੇਂ ਹਿੱਸੇ ਵਿੱਚ।

ਲਫਜ਼ ‘ਨਾਵੈ’ ਭੀ ਅਸਲ ਵਿਚ ਸ਼ਬਦ ‘ਨਾਵਾਂ’ ਹੀ ਹੈ ਜੋ ਕਿ ਅਧੀਕਰਣ ਕਾਰਕ ’ਚ ਹੋਣ ਕਾਰਣ ਇਸ ਦਾ ਪਿਛੇਤਰ ‘ਕੰਨਾ’, ‘ਦੋਲਾਵਾਂ’ ਵਿਚ ਤਬਦੀਲ ਹੋ ਗਿਆ ਹੈ।

ਸੋ, ਗੁਰਬਾਣੀ ਵਿਚ ਉਕਤ ਲਫਜ਼ ਦੀ ਉਚਾਰਣ ਸੇਧ ‘ਨਾਵਾਂ’ ਹੀ ਕਰਕੇ ਮਿਲਦੀ ਹੈ। ਇਸ ਲਫਜ਼ ਦਾ ਗੁਰਬਾਣੀ ਵਿਚ ਇਕ ਰੂਪ ਹੋਰ ‘ਨਉਮੀ’ ਭੀ ਮਿਲਦਾ ਹੈ, ਜੋ ਕਿ ਸੰਸਕਿ੍ਰਤ ਭਾਸ਼ਾ ਤੋਂ ਇਸਤਰੀ ਲਿੰਗ ਸੰਖਿਅਕ ਵਿਸ਼ੇਸ਼ਣ ਹੈ:

‘‘ਨਉਮੀ, ਨਵੈ ਦੁਆਰ ਕਉ ਸਾਧਿ॥’’ (ਭ. ਕਬੀਰ/੩੪੩) ਜਾਂ ‘‘ਨਉਮੀ, ਨੇਮੁ ਸਚੁ ਜੇ ਕਰੈ॥’’ (ਮ:੩/੧੨੪੫)

ਪ੍ਰੋ. ਸਾਹਿਬ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦਰਪਨ ਦੀ ਦੂਜੀ ਪੋਥੀ ਦੇ ਪੰਨਾ ੯੫੧ ਉੱਪਰ ਸਿਰਲੇਖ ‘ਗਉੜੀ ੯’ ਦੀ ਵਿਆਖਿਆ ‘ਘਰ ਨਾਵਾਂ’ ਅਤੇ ਦਰਪਨ ਸਟੀਕ ਦੀ ਨਉਵੀਂ ਪੋਥੀ ਨੂੰ ‘ਨਾਵੀਂ ਪੋਥੀ’ ਕਰਕੇ ਲਿਖਦੇ ਹਨ।

ਭਾਈ ਜੋਗਿੰਦਰ ਸਿੰਘ ਤਲਵਾੜਾ ਜੀ ਭੀ ‘ਮਹਲਾ ੯’ ਦਾ ਉਚਾਰਣ ‘ਮਹਲਾ ਨਾਵਾਂ’ ਨੂੰ ਹੀ ਦਰੁਸਤ ਮੰਨਦੇ ਹਨ।
ਅਜੋਕੀ ਪੰਜਾਬੀ ਦੇ ਗ਼ਲਤ ਉਚਾਰਣ ਪ੍ਰਭਾਵ ਅਧੀਨ ਹੀ, ਇਸ ਲਫਜ਼ ਦਾ ਅਸੀਂ ਗੁਰਬਾਣੀ ਵਿਚ ਭੀ ਸਿਰਲੇਖ ‘ਮਹਲਾ ੯’ ਦਾ ਉਚਾਰਣ ‘ਮਹਲਾ ਨੌਵਾਂ’ ਹੀ ਪ੍ਰਚੱਲਤ ਕਰ ਦਿੱਤਾ ਹੈ ਜੋ ਕਿ ਭਾਸ਼ਾਈ ਨਿਯਮਾਂ ਅਤੇ ਗੁਰਬਾਣੀ ਦੀ ਲ਼ਿਖਣ ਸ਼ੈਲੀ ਅਨੁਸਾਰ ਦਰੁਸਤ ਨਹੀਂ ਮੰਨਿਆ ਜਾ ਸਕਦਾ। ਇਸ ਲਈ ‘ਮਹਲਾ ੯’ ਦਾ ਸ਼ੁੱਧ ਉਚਾਰਣ ‘ਮਹਲਾ ਨਾਵਾਂ’ ਹੀ ਯੋਗ ਹੈ, ਨਾ ਕਿ ‘ਮਹਲਾ ਨੌਵਾਂ’।

ਭੁੱਲ-ਚੁਕ ਦੀ ਖਿਮਾ