ਗੁਰਬਾਣੀ ਵਿਚ ਸਿਹਾਰੀ ਦੀ ਵਰਤੋਂ

0
359

ਗੁਰਬਾਣੀ ਵਿਚ ਸਿਹਾਰੀ ਦੀ ਵਰਤੋਂ

ਗੁਰਬਾਣੀ ਵਿਚ ਸਭ ਤੋਂ ਵੱਧ ਸਿਹਾਰੀ ਦੀ ਵਰਤੋਂ ਕੀਤੀ ਗਈ ਹੈ। ਸਿਹਾਰੀ ਦੇ ਨਿਯਮ ਤੋਂ ਅਨਜਾਨ ਸਜੱਣਾ ਵੱਲੋਂ ਬਹੁਤੇ ਸਿਹਾਰੀ-ਵਤ ਸ਼ਬਦਾਂ ਦਾ ਉਚਾਰਣ ਅਸ਼ੁਧ ਆਮ ਸੁਣਿਆ ਜਾ ਸਕਦਾ ਹੈ।ਇਸ ਕਰਕੇ ਸਿਹਾਰੀ ਦੀ ਵਰਤੋਂ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ।
1- ਗੁਰਬਾਣੀ ਵਿਚ ਆਮ ਕਰਕੇ ਸਿਹਾਰੀ ਨੂੰ, ਬਿਹਾਰੀ ਦੀ ਥਾਂ ਭੀ ਵਰਤਿਆ ਗਿਆ ਹੈ ਜਿਵੇਂ -:

ਕੁਆਰੀ ਦੀ ਥਾਂ ਕੁਆਰਿ
ਸੁਆਮੀ ਦੀ ਥਾਂ ਸੁਆਮਿ
ਹੋਈ ਦੀ ਥਾਂ ਹੋਇ ਆਦਿ

ਉਪਰੋਕਤ ਸ਼ਬਦਾਂ ਵਿਚ ਸਿਹਾਰੀ ਕੇਵਲ ਕਾਵਿ ਤੋਲ ਪੂਰਾ ਕਰਨ ਲਈ ਵਰਤੀ ਹੈ।
2- ਸ਼ਬਦਾਂ ਨੂੰ ਇਸਤਰੀਲਿੰਗ ਦਰਸਾਉਣ ਹਿਤ ਅੰਤਲੇ ਅੱਖਰ ਨਾਲ ਸਿਹਾਰੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ -:

“ਸਹਜ ਕਲਾਲਨਿ ਜਉ ਮਿਲਿ ਆਈ” (328)
“ਸਾ ਸਾਪਨਿ ਹੋਇ ਜਗ ਕਉ ਖਾਈ” (329)
“ ਦੇਹ ਤੇਜਣਿ ਜੀ ਰਾਮ ਉਪਾਈਆ ਰਾਮ” (575)
“ ਘਰ ਕੀ ਗੀਹਨਿ ਚੰਗੀ” (695)

ਉਪਰੋਕਤ ਪੰਗਤੀਆਂ ਵਿਚ ‘ਕਲਾਲਨਿ, ਸਾਪਨਿ, ਤੇਜਣਿ, ਗੀਹਨਿ’ ਆਦਿ ਸ਼ਬਦ ਇਸਤਰੀ ਲਿੰਗ ਨਾਂਵ ਹਨ।
3- ਹੋਰ ਭਾਸ਼ਾਵਾਂ ਤੋਂ ਆਏ ਕਈ ਤੱਤਸਮ ਸ਼ਬਦਾਂ ਨੂੰ ਗੁਰਬਾਣੀ ਵਿਚ ਮੂਲ ਰੂਪ ਵਿਚ ਹੀ ਰਖਿਆ ਗਿਆ ਹੈ। ਅਤੇ ਅੰਤਲੇ ਅੱਖਰ ਨੂੰ ਸਿਹਾਰੀ ਸਹਿਤ ਲਿਖਿਆ ਗਿਆ ਹੈ। ਅਜੋਕੀ ਸਿਹਾਰੀ ਵਿਚੋਂ ਕਾਰਕੀ ਜਾਂ ਸੰਬੰਧਕੀ ਅਰਥ ਨਹੀਂ ਨਿਕਲ ਸਕਦੇ। ਜਿਵੇਂ -:

“ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ” ( ਜਪੁ ਜੀ)
“ਮਨਿ ਜੂਠੈ ਤਨਿ ਜੂਠਿ ਹੈ ਜਿਹਵਾ ਜੂਠੀ ਹੋਇ” (55)
“ਨਉ ਨਿਧਿ ਉਪਜੈ ਨਾਮੁ ਏਕੁ ਕਰਮਿ ਪਵੈ ਨੀਸਾਣੁ” (13)

ਉਪਰੋਕਤ ਪੰਗਤੀਆਂ ਵਿਚ ‘ਰਿਧਿ, ਸਿਧਿ, ਜੂਠਿ, ਨਿਧਿ’ ਆਦਕ ਇਸਤਰੀ ਲਿੰਗ ਨਾਂਵ ਹਨ । ਸਿਹਾਰੀ ਮੂਲਕ ਤੌਰ ‘ਤੇ ਸੰਸਕ੍ਰਿਤ ਤੋਂ ਆਈ ਹੈ।
4- ਕਾਲਵਾਚਕ ਅਤੇ ਸਥਾਨਕ ਵਾਚੀ ਕਿਰਿਆ ਵਿਸ਼ੇਸ਼ਣ ਸ਼ਬਦਾਂ ਦੇ ਅੰਤਲੇ ਅੱਖਰਾਂ ਨੂੰ ਸਿਹਾਰੀ ਵਰਤੀ ਜਾਂਦੀ ਹੈ। ਇਹਨਾਂ ਵਿਚੋਂ ਭੀ ਕਾਰਕੀ ਜਾਂ ਸੰਬੰਧਕ ਅਰਥ ਨਹੀਂ ਨਿਕਲ ਸਕਦੇ ਕੇਵਲ ਸਥਾਨ ਵਾਚੀ ਜਾਂ ਕਾਲ ਵਾਚੀ ਦਰਸਾਉਣ ਹਿਤ ਸਿਹਾਰੀ ਦਾ ਪ੍ਰਯੋਗ ਕੀਤਾ ਹੈ -:

“ ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ” (ਜਪੁ ਜੀ)
“ ਹੁਣਿ ਹੁਕਮੁ ਹੋਆ ਮਿਹਰਵਾਣ ਦਾ” (74)

ਆਦਿਕ ਪੰਗਤੀਆਂ ਵਿਚ ‘ਬਾਹਰਿ, ਹੁਣਿ’ ਕਿਰਿਆ ਵਿਸ਼ੇਸ਼ਣ ਹਨ।
5- ਨਿਸ਼ਚਿਤ ਸੰਖਿਅਕ ਕਿਰਿਆ ਵਿਸ਼ੇਸ਼ਣਾਂ ਦੇ ਅੰਤਲੇ ਅਖੱਰਾਂ ਨੂੰ ਭੀ ਸਿਹਾਰੀ ਆਉਂਦੀ ਹੈ। ਜਿਵੇਂ -:

“ਕਈ ਕੋਟਿ ਹੋਏ ਪੂਜਾਰੀ” (275)
“ ਕਰੋੜਿ ਹਸਤ ਤੇਰੀ ਟਹਲ ਕਮਾਵਹਿ “ (781)
“ ਤੀਨਿ ਸੇਰ ਕਾ ਦਿਹਾੜੀ ਮਿਹਮਾਨੁ” (374)

‘ਕੋਟਿ, ਕਰੋੜਿ, ਤੀਨਿ’ ਆਦਿ ਸ਼ਬਦ ਨਿਸ਼ਚਿਤ ਸੰਖਿਅਰ ਵਿਸ਼ੇਸ਼ਣ ਹਨ।
6-ਸੰਖਿਅਕ ਵਿਸ਼ੇਸ਼ਣ ਜਾਂ ਅਨਿਸਚਿਤ ਪੜਨਾਵਾਂ ਦੇ ਅੰਤਲੇ ਅੱਖਰਾਂ ਨਾਲ ਲੱਗੀ ਸਿਹਾਰੀ ਬਹੁਵਚਨ ਦੀ ਸੂਚਕ ਹੁੰਦੀ ਹੈ -:

“ਹੋਰਿ ਸਾਦ ਸਭਿ ਫਿਕਿਆ ਤਨੁ ਮਨੁ ਫਿਕਾ ਹੋਇ” (218)
“ ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ” (558)
“ ਹਿਕਨੀ ਲਦਿਆ ਹਿਕਿ ਲਦਿ ਗਏ ਹਿਕਿ ਭਾਰੇ ਭਰਨਾਲਿ (1015)

ਇਤਿਆਦਿਕ ਪੰਗਤੀਆਂ ਅੰਦਰ ‘ਹੋਰਿ’ ਪੜਨਾਂਵ ਅਤੇ ‘ਏਕਿ, ਹਿਕਿ’ ਸੰਖਿਅਕ ਵਿਸ਼ੇਸ਼ਣ ਹਨ।
7-ਵਰਤਮਾਨ ਕਾਲ ਦੇ ਕਿਰਿਆਵਾਚੀ ਸ਼ਬਦਾਂ ਨਾਲ ਸਿਹਾਰੀ ਆਵੇ ਤਾਂ ਬਹੁਵਚਨ ਦੀ ਸੂਚਕ ਹੁੰਦੀ ਹੈ ਜਿਵੇਂ -:

“ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ” (ਜਪੁ ਜੀ)
“ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ” (ਜਪੁ ਜੀ)
“ ਅਸੰਖ ਨਿਦੰਕ ਸਿਰਿ ਕਰਹਿ ਭਾਰੁ” (ਜਪੁ ਜੀ)

ਉਪਰੋਕਤ ਪੰਗਤੀਆਂ ਵਿਚ ‘ਭਵਾਈਅਹਿ, ਗਾਵਹਿ, ਕਰਹਿ’ ਆਦਿ ਸ਼ਬਦ ਕਿਰਿਆ ਵਰਤਮਾਨ ਕਾਲ ਅਨਪੁਰਖ ਬਹੁਵਚਨ ਹਨ।
8- ਕਿਰਿਆਵਾਚੀ ਸ਼ਬਦਾਂ ਦੇ ਅੰਤ ‘ਇ’ ਆਵੇ ਤਾਂ ਉਹ ਸ਼ਬਦ ਵਰਤਮਾਨ ਕਾਲ ਦਾ ਸੂਚਕ ਹੁੰਦਾ ਹੈ।ਜਿਵੇਂ -:

“ਸਤਗੁਰ ਕੈ ਪਰਸਾਦਿ ਸਹਜ ਸੇਤੀ ਮਾਣਇ” (1397)
“ ਬਸਇ ਕਰੋਧੁ ਸਰੀਰ ਚੰਡਾਰਾ” (759)
‘ਮਾਣਇ, ਜਾਣਇ, ਆਦਿਕ ਸ਼ਬਦ ਕਿਰਿਆ ਇਕਵਚਨ ਅਨਪੁਰਖ ਵਰਤਮਾਨ ਕਾਲ ਹਨ ਅਤੇ ਗੁਰਬਾਣੀ ਵਿਚ ਕੇਵਲ ਇਕ ਵਾਰ ਹੀ ਵਰਤੇ ਹਨ।

9- ਕਿਰਿਆਤਿਮਕ ਸ਼ਬਦਾਂ ਦੇ ਅੰਤ ਅੱਖਰ ‘ਸ’ ਜਾਂ ‘ਨ’ ਨੂੰ ਲੱਗੀ ਸਿਹਾਰੀ ਭੀ ਵਰਤਮਾਨ ਕਾਲ ਦੀ ਸੂਚਕ ਹੁੰਦੀ ਹੈ। ਜਿਵੇਂ -:

“ ਮਨ ਏਕੁ ਨ ਚੇਤਸਿ ਮੂੜ ਮਨਾ” (12) ਚੇਤਸਿ- ਕਿਉਂ ਨਹੀਂ ਯਾਦ ਕਰਦਾ
“ ਚਿਰੀ ਵਿਛੁੰਨੇ ਭੀ ਮਿਲਨਿ ਜੋ ਸਤਿਗੁਰੁ ਸੇਵੰਨਿ” (756) ਸੇਵੰਨਿ- ਸ਼ਰਨ ਪੈਂਦੇ ਹਨ।

10- ਕਿਰਿਆਵਾਚੀ ਸ਼ਬਦਾਂ ਨਾਲ ਅੰਤਲੀ ਸਿਹਾਰੀ ਕਾਰਕੀ ਅਰਥ ਦਿੰਦੀ ਹੈ। ਭਾਵ ਪੂਰਬ ਪੂਰਣ ਕਿਰਦੰਤ ਦੀ ਵਾਚਕ ਹੁੰਦੀ ਹੈ -:

“ਸੁਣਿ ਸੁਣਿ ਆਖਣੁ ਆਖਣਾ ਜੇ ਭਾਵੈ ਕਰੇ ਤਮਾਇ” (14) ਸੁਣਿ ਸੁਣਿ-(ਪੂਰਬ ਪੂਰਣ ਕਿਰਦੰਤ) ਸੁਣ ਸੁਣ ਕੇ
“ਡਰਿ ਡਰਿ ਮਰਤੇ ਜਬ ਜਾਨੀਐ ਦੂਰਿ” (186) ਡਰਿ ਡਰਿ-(ਪੂਰਬ ਪੂਰਣ ਕਿਰਦੰਤ) ਡਰ ਡਰ ਕੇ।
“ ਕਰਿ ਕਰਿ ਕਰਣਾ ਲਿਖਿ ਲੈ ਜਾਹੁ” (ਜਪੁ ਜੀ) ਕਰਿ ਕਰਿ-(ਪੂਰਬ ਪੂਰਣ ਕਿਰਦੰਤ) ਕਰ ਕੇ।
“ ਕੁਟਿ ਕੁਟਿ ਮਨੁ ਕਸਵਟੀ ਲਾਵੈ” (872) (ਪੂਰਬ ਪੂਰਣ ਕਿਰਦੰਤ) ਕੁੱਟ ਕੁੱਟ ਕੇ।
“ ਮੁਸਿ ਮੁਸਿ ਰੋਵੈ ਕਬੀਰ ਕੀ ਮਾਈ” (524) ਮੁਸਿ ਮੁਸਿ-(ਪੂਰਬ ਪੂਰਣ ਕਿਰਦੰਤ) ਡੁਸਕ ਡੁਸਕ ਕੇ।

11-ਅੰਤਲੀ ਸਿਹਾਰੀ ਤੋਂ ਸੰਬੰਧਕੀ ਅਤੇ ਕਾਰਕੀ ਅਰਥ ਭੀ ਨਿਕਲਦੇ ਹਨ -:

“ਦੁਖੁ ਪਰਹਰਿ ਸੁਖੁ ਘਰਿ ਲੈ ਜਾਇ” (ਜਪੁ ਜੀ) ਘਰਿ-(ਨਾਂਵ ਅਧਿਕਰਨ ਕਾਰਕ ਇਕਵਚਨ) ਹਿਰਦੇ ਘਰ ਵਿਚ।
“ਗੁਰਿ ਰਾਖੈ ਸੇ ਉਬਰੇ ਹੋਰਿ ਮੁਠੀ ਧੰਧੈ ਠਗਿ” (19) ਗੁਰਿ-(ਨਾਂਵ ਕਰਤਾ ਕਾਰਕ ਇਕਵਚਨ ਸੰਬੰਧਕੀ ਰੂਪ) ਗੁਰੂ ਨੇ।
“ ਮਨਿ ਮੁਖਿ ਸੂਚੇ ਜਾਣੀਅਹਿ ਗੁਰਮੁਖਿ ਜਿਨਾ ਗਿਆਨੁ” (55)
ਮਨਿ-(ਨਾਂਵ ਕਰਮ ਕਾਰਕ ਇਕਵਚਨ) ਮਨ ਕਰਕੇ। ਮੁਖਿ-(ਨਾਂਵ ਕਰਮ ਕਾਰਕ ਇਕਵਚਨ) ਮੁਖ ਕਰਕੇ।
“ਪੰਚੇ ਸੋਹਹਿ ਦਰਿ ਰਾਜਾਨ” (ਜਪੁ ਜੀ) ਦਰਿ-(ਨਾਂਵ ਅਪਾਦਾਨ ਕਾਰਕ ਇਕਵਚਨ) ਦਰ ‘ਤੇ।
“ਬਿਟਵਹਿ ਰਾਮ ਰਮਊਆ ਲਾਵਾ” (484) ਬਿਟਵਹਿ-(ਨਾਂਵ ਸੰਪਰਦਾਨ ਕਾਰਕ ਇਕਵਚਨ) ਅਞਾਣ ਮਨ ਨੂੰ।
“ਨਾਨਕ ਕਾਮਣਿ ਪਿਰਹਿ ਪਿਆਰੀ ਵਿਚਹੁ ਆਪੁ ਗਵਾਏ” (245) ਪਿਰਹਿ-(ਨਾਂਵ ਸੰਬੰਧ ਕਾਰਕ ਇਕਵਚਨ) ਪ੍ਰਭੂ ਪਤੀ ਦੀ।

ਉਪਰੋਕਤ ਲੇਖ ਵਿਚ ਗੁਰਬਾਣੀ ‘ਚ’ ਹ੍ਰਸ੍ਵ-ਸ੍ਵਰ (ਸਿਹਾਰੀ) ਦੀ ਜਿਸ-ਜਿਸ ਤਰੀਕੇ ਨਾਲ ਜਾਂ ਜਿਸ ਭੀ ਨਿਯਮ ਤਹਿਤ ਵਰਤੋਂ ਹੋਈ ਹੈ ਉਹ ਉਪਰ ਇਕ-ਇਕ ਕਰਕੇ ਸਰਲ ਤਰੀਕੇ ਨਾਲ ਸਾਂਝੀ ਕੀਤੀ ਹੈ। ਆਸ ਹੈ ਗੁਰਬਾਣੀ ਵਿਆਕਰਣ ਨੂੰ ਸਮਝਣ ਵਾਲੇ ਪਾਠਕ ਪਸੰਦ ਕਰਨਗੇ।

ਭੁੱਲ-ਚੁਕ ਮੁਆਫ