ਗੁਰੂ ਗ੍ਰੰਥ ਸਾਹਿਬ ਜੀ ਦੀ ਸਾਹਿਤਕ ਵਿਸ਼ੇਸ਼ਤਾ
ਗਿਆਨੀ ਬਲਜੀਤ ਸਿੰਘ ਜੀ
ਗੁਰੂ ਗ੍ਰੰਥ ਸਾਹਿਬ ਜੀ ਵਿਸ਼ਵ ਵਿਆਪੀ ਸਾਹਿਤਕ ਰਚਨਾਵਾਂ ਵਿਚੋਂ ਸਰਬ ਉੱਚ ਰਚਨਾ ਹੈ। ਗੁਰਬਾਣੀ ਦੀ ਮੁੱਢਲੀ ਵਿਚਾਰਧਾਰਾ ਮਨੁੱਖੀ ਜੀਵਨ ਦੀ ਰਹੱਸਵਾਦੀ ਜਾਂ ਆਦਰਸ਼ਕ ਉਸਾਰੀ ਕਰਨ ਲਈ ਹੀ ਹੈ, ਪਰ ਨਾਲ ਹੀ ਸੰਗੀਤ ਕਾਵਿ ਅਤੇ ਦਰਸ਼ਨ ਦੇ ਸੁਮੇਲ ਰਾਹੀਂ ਜੋ ਵਿਗਿਆਨਕ ਤੇ ਮਨੋ ਵਿਗਿਆਨਕ ਪ੍ਰਗਟਾਅ ਇਸ ਗ੍ਰੰਥ ਵਿਚ ਅੰਕਿਤ ਹੈ, ਉਹ ਸ਼ਾਇਦ ਹੀ ਭਾਰਤੀ ਜਾਂ ਅਭਾਰਤੀ (ਵਿਦੇਸ਼ੀ) ਕਿਸੇ ਸਾਹਿਤਕ ਗ੍ਰੰਥ ਵਿੱਚ ਮਿਲੇ। ਧਾਰਮਿਕ ਸਾਹਿਤ ਅਤੇ ਦਰਸ਼ਨ ਦਾ ਸੁਮੇਲ; ਕੇਵਲ ਗੁਰੂ ਗ੍ਰੰਥ ਸਾਹਿਬ ਵਿਚੋਂ ਹੀ ਮੂਰਤੀਮਾਨ ਹੁੰਦਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਬੁਨਿਆਦੀ ਤੌਰ ’ਤੇ ਅਨੁਭਵੀ ਗਿਆਨ ਦਾ ਅਨੂਪਮ, ਅਮੁੱਕ ਭੰਡਾਰ ਹਨ। ਇਹ ਅਨੁਭਵ ਬ੍ਰਹਮ ਨੂੰ ਮਿਲਣ ਦਾ ਸੀ, ਉਨ੍ਹਾਂ ਅਨੁਭਵੀ ਆਤਮਾਵਾਂ ਵਿੱਚ ਸਫੁੱਟ ਹੋਇਆ ਅਮੁੱਕ ਅਤੇ ਅਮੁੱਲ ਕਾਵਿ ਪ੍ਰਕਾਸ਼ ਹੈ। ਗੁਰੂ ਨਾਨਕ ਦੇਵ ਜੀ; ਆਪਣੇ ਆਪ ਪ੍ਰਤੱਖ ਤੌਰ ’ਤੇ ਇਨ੍ਹਾਂ ਬਚਨਾਂ ‘‘ਨਾਨਕੁ ਸਾਇਰੁ ਏਵ ਕਹਤੁ ਹੈ; ਸਚੇ ਪਰਵਦਗਾਰਾ ॥’’ (ਮਹਲਾ ੧/੬੬੦) ਰਾਹੀਂ ਕਵੀ ਮੰਨਦੇ ਹਨ। ਕਦੇ ਆਪਣੇ ਆਪ ਨੂੰ ‘‘ਹਉ ਢਾਢੀ ਕਾ ਨੀਚ ਜਾਤਿ.. ॥’’ (ਮਹਲਾ ੧/੪੬੮) ਫੁਰਮਾਉਂਦੇ ਹਨ। ਗੁਰੂ ਗ੍ਰੰਥ ਸਾਹਿਬ ਦੇ ਕਵੀ; ਲੋਕ ਕਵੀ ਹਨ, ਲੋਕਾਂ ਵਿਚ ਰਹਿਣਾ, ਬਹਿਣਾ, ਖਲੋਣਾ, ਹੱਸਣਾ, ਖੇਡਣਾ, ਕੁਝ ਲੈਣਾ ਤੇ ਕੁਝ ਦੇਣਾ ‘‘ਜਬ ਲਗੁ ਦੁਨੀਆ ਰਹੀਐ; ਨਾਨਕ ! ਕਿਛੁ ਸੁਣੀਐ, ਕਿਛੁ ਕਹੀਐ ॥’’ (ਮਹਲਾ ੧/੬੬੧) ਦੀ ਵਿਹਾਰਿਕ ਤੇ ਸੁਹਿਰਦ ਜ਼ਿੰਦਗੀ ਦੇ ਧਾਰਨੀ ਸਨ। ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ; ਲੋਕ ਜਜ਼ਬਿਆਂ ਦਾ ਕਾਵਿ ਪ੍ਰਕਾਸ਼ ਹੈ, ਲੋਕ ਜ਼ਿੰਦਗੀ ਦਾ ਕਾਵਿਕ ਇਤਿਹਾਸ ਹੈ ਕਿਉਂਕਿ ‘‘ਗੁਰ ਮਹਿ ਆਪੁ ਸਮੋਇ..॥’’ (ਮਹਲਾ ੧/੧੨੭੯) ਬੋਲਾਂ ਮੁਤਾਬਕ ਪ੍ਰਮਾਤਮਾ ਨੇ ਗੁਰੂ ਦੁਆਰਾ ਪ੍ਰਗਟ ਕੀਤੀ ‘ਧੁਰ ਕੀ ਬਾਣੀ’ ਹੈ, ‘ਖ਼ਸਮ ਕੀ ਬਾਣੀ’ ਹੈ। ਗੁਰੂ ਸਾਹਿਬਾਨ, ਭਗਤ ਸਾਹਿਬਾਨ, ਭੱਟ ਸਾਹਿਬਾਨ ਆਦਿਕ ਸਾਰੇ ਪਿਆਰ-ਭਾਵਨਾ ਵਾਲੇ ਕਵੀ ਸਨ।
ਜਿੱਥੇ ਕਿੱਥੇ ਵੀ ਜ਼ਿੰਦਗੀ ਹੈ, ਉੱਥੇ ਪਿਆਰ ਦੀ ਹੋਂਦ ਜ਼ਰੂਰੀ ਹੈ, ਇਸ ਲਈ ਉਨ੍ਹਾਂ ਨੇ ਮਾਨਵ ਪਿਆਰ ਤੇ ਲੋਕਾਂ ਦੀ ਭਾਵਕ ਸਾਂਝ ਵੀ ਪਾਈ। ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ; ਪਿਆਰ ਪੱਧਰ ਅਤੇ ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲੇ ਵਿਸ਼ਵ ਵਿਆਪੀ ਗ੍ਰੰਥ ਬਣੇ ਹਨ ਕਿਉਂਕਿ ਹਰ ਮਨੁੱਖ ਮਾਤਰ ਨੂੰ ਇਸ ਰਾਹੀਂ ‘‘ਸਤਿ ਸੁਹਾਣੁ; ਸਦਾ ਮਨਿ ਚਾਉ ॥’’ (ਜਪੁ) ਭਰਪੂਰ ਅਨੰਦ ਮਿਲਦਾ ਹੈ। ਇਸ ਦੇ ਰਚਨਹਾਰ ਕਵੀਆਂ ਦਾ ਇੱਕ ਵਿਸ਼ੇਸ਼ ਧਾਰਾ ਵੱਲ ਉਲਾਰ ਨਹੀਂ ਸੀ, ਇਸ ਲਈ ਇਹ ਇਲਾਹੀ ਬਾਣੀ ਮਨੁੱਖ ਮਾਤਰ ਨੂੰ ਬੌਧਿਕ ਤੇ ਭਾਵਕ ਦੋਹੀਂ ਪਾਸੀਂ ਟੁੰਬਦੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਸੰਪਾਦਿਤ ਕਰਨ ਸਮੇਂ ਇਕ ਵਿਸ਼ੇਸ਼ ਸ਼ੈਲੀ ਕੰਮ ਕਰ ਰਹੀ ਹੈ। ਸੰਗੀਤ, ਕਾਵਿ, ਰੂਪ ਰਸ, ਛੰਦ, ਅਲੰਕਾਰ, ਬੋਲੀ ਤੇ ਵਿਆਕਰਨ; ਇਸ ਸ਼ੈਲੀ ਦੇ ਮੁੱਖ ਤੱਤ ਹਨ।
(ੳ). ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸੰਗੀਤ ਪ੍ਰਣਾਲੀ : ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗੀਤ ਪ੍ਰਣਾਲੀ ਨਿਰੋਲ ਮੌਲਿਕ (ਅਸਲੀ) ਹੈ। ਇਸ ਨੂੰ ਕੇਵਲ ਗੁਰਮਤਿ ਸੰਗੀਤ ਪ੍ਰਣਾਲੀ ਹੀ ਕਹਿਣਾ ਬਣਦਾ ਹੈ। ਇਹ ਪ੍ਰਣਾਲੀ ਕੇਵਲ ਰਾਗ ਤਾਨਾ, ਸੁਰ, ਲੈਅ, ਤਾਲ ਤੱਕ ਹੀ ਸੀਮਿਤ ਨਹੀਂ ਸਗੋਂ ਵਿਸ਼ਵ ਲਈ ਪਸਰੀ ਇਕਾਗਰਤਾ ਹੈ। ਇਹ ਉਹ ਗਤੀ ਹੈ, ਜਿਸ ਦੀ ਤਾਲ ਤੇ ਲੈਅ ਵਿਚ ਸਾਰਾ ਵਿਸ਼ਵ ਵਿਚਰ ਰਿਹਾ ਹੈ। ਉਸ ਸਮੇਂ ਦੀ ਹਕੂਮਤ ਤੇ ਧਾਰਮਿਕ ਦਿਸ਼੍ਰਟੀ, ਜਿੱਥੇ ਰਾਗ ਨੂੰ ਹਰਾਮ ਕਹਿੰਦੀ ਹੈ, ਪਰ ਗੁਰੂ ਸਾਹਿਬਾਨ, ਭਗਤ ਸਾਹਿਬਾਨ ਆਦਿਕ ਬਾਣੀਕਾਰਾਂ ਨੇ ਇਸ ਰਾਹੀਂ ਰੱਬੀ ਤਾਲ ਨੂੰ ਸਮਝਣ ਦਾ ਸਰਬੋਤਮ ਸਾਧਨ ਮੰਨਿਆ ਹੈ।
ਸੰਗੀਤ ਅਤੇ ਰਾਗ ਭਾਵ; ਰੁੱਤ, ਸਮਾਂ ਤੇ ਸਥਾਨ ਦੀ ਸੀਮਾਂ ਵਿਚ ਬੱਧਾ ਹੁੰਦਾ ਹੈ। ਇਸ ਸੀਮਾਂ ਦੇ ਆਧਾਰ ’ਤੇ ਹੀ ਰਾਗਾਂ ਵਿਚ ਭਾਵਾਂ, ਸਮਿਆਂ, ਰੁੱਤਾਂ ਤੇ ਸਥਾਨਾਂ ਦਾ ਅੰਤਰ ਪ੍ਰਤੀਤ ਹੁੰਦਾ ਹੈ। ਮਿਸਾਲ ਵੱਜੋਂ ਸੂਹੀ ਰਾਗ ਮੰਗਲਚਾਰੀ, ਖੁਸ਼ੀਆਂ ਦਾ ਰਾਗ ਹੈ। ਬਸੰਤ ਅਤੇ ਮਲਾਰ ਰਾਗ; ਰੁੱਤਾਂ ਨਾਲ ਸੰਬੰਧਿਤ ਹਨ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਮੁੱਖ ਤੌਰ ’ਤੇ 31 ਰਾਗ ਹਨ। ਗੁਰੂ ਨਾਨਕ ਸਾਹਿਬ ਜੀ ਗੁਰਮਤਿ ਸੰਗੀਤ ਪ੍ਰਣਾਲੀ ਦੇ ਮੋਢੀ ਹਨ। ਗੁਰਬਾਣੀ ਦੀਆਂ ਹੇਠਲੀਆਂ ਪਾਵਨ ਪੰਕਤੀਆਂ ਹਰ ਗੁਰੂ ਦੇ ਰਾਗ ਪ੍ਰਤੀ ਸੰਕਲਪ ਨੂੰ ਉਜਾਗਰ ਕਰਦੀਆਂ ਹਨ :
(1). ਰਾਗਾ ਵਿਚਿ ਸ੍ਰੀਰਾਗੁ ਹੈ; ਜੇ, ਸਚਿ ਧਰੇ ਪਿਆਰੁ ॥ (ਮਹਲਾ ੩/੮੩)
(2). ਗਉੜੀ ਰਾਗਿ ਸੁਲਖਣੀ; ਜੇ, ਖਸਮੈ ਚਿਤਿ ਕਰੇਇ ॥ (ਮਹਲਾ ੩/੩੧੧) ਜਾਂ ਇੰਜ ਆਖ ਲਈਏ ‘‘ਸਭਨਾ ਰਾਗਾਂ ਵਿਚਿ ਸੋ ਭਲਾ ਭਾਈ! ਜਿਤੁ, ਵਸਿਆ ਮਨਿ ਆਇ ॥’’ (ਮਹਲਾ ੪/੧੪੨੩) ਇਹੀ ਗੁਰਮਤਿ ਸੰਗੀਤ ਪ੍ਰਣਾਲੀ ਦਾ ਸੰਕਲਪ ਹੈ। ਪੰਜਵੇਂ ਪਾਤਿਸ਼ਾਹ ਜੀ ਨੇ ਸਪਸ਼ਟ ਰੂਪ ਵਿਚ ਸੰਗੀਤ ਦਾ ਗੁਰਮਤਿ ਆਸ਼ਾ ਉਲੀਕ ਦਿੱਤਾ ਹੈ, ‘‘ਭਲੋ ਭਲੋ ਰੇ ਕੀਰਤਨੀਆ ॥ ਰਾਮ ਰਮਾ ਰਾਮਾ ਗੁਨ ਗਾਉ ॥ ਛੋਡਿ ਮਾਇਆ ਕੇ ਧੰਧ ਸੁਆਉ ॥੧॥ ਰਹਾਉ ॥… ਜੇ ਕੋ ਅਪਨੇ ਠਾਕੁਰ ਭਾਵੈ ॥ ਕੋਟਿ ਮਧਿ ਏਹੁ ਕੀਰਤਨੁ ਗਾਵੈ ..॥੪॥’’ (ਮਹਲਾ ੫/੮੮੫)
ਗੁਰੂ, ਭਗਤ, ਭੱਟ ਆਦਿ, ਜਿਨ੍ਹਾਂ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹੈ, ਭਗਤੀ ਮੰਡਲ ਦੇ ਵਾਸੀ ਸਨ, ਜਿਸ ਨੂੰ ਉਹ ‘‘ਬੇਗਮ ਪੁਰਾ ਸਹਰ ਕੋ ਨਾਉ ॥’’ (ਭਗਤ ਰਵਿਦਾਸ/੩੪੫) ਜਾਂ ‘‘ਨਾਨਕ ! ਬਧਾ ਘਰੁ ਤਹਾਂ; ਜਿਥੈ ਮਿਰਤੁ ਨ ਜਨਮੁ ਜਰਾ ॥’’ (ਮਹਲਾ ੫/੪੪) ਆਖਦੇ ਹਨ।
ਭਗਤੀ ਭਾਵਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਰਾਗ ਦੀ ਵਰਤੋਂ ਜ਼ਰੂਰੀ ਸੀ। ਇਸ ਤਰਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗੀਤ ਪ੍ਰਣਾਲੀ ਨਾ ਕਿਸੇ ਪ੍ਰਣਾਲੀ ਦੀ ਨਕਲ ਹੈ, ਨਾ ਹੀ ਇਹ ਭਾਰਤੀ ਹਣਵੰਤ ਜਾਂ ਕ੍ਰਿਸ਼ਨਮਾਲਾ ਦੀ ਸੰਗੀਤ ਪ੍ਰਣਾਲੀ ਨਾਲ ਮੇਲ ਖਾਂਦੀ ਹੈ। ਇਹ ਨਿਰੋਲ ਮੌਲਿਕ ਹੈ, ਇਸ ਨੂੰ ਗੁਰਮਤਿ ਸੰਗੀਤ ਪ੍ਰਣਾਲੀ ਕਹਿਣਾ ਹੀ ਵਧੇਰੇ ਢੁੱਕਦਾ ਹੈ।
(ਅ). ਕਾਵਿ ਰੂਪ : ਸਤਿਗੁਰੂ ਜੀ ਲੋਕ ਜੀਵਨ ਨੂੰ ਉਤਸ਼ਾਹ ਜਨਕ ਤੇ ਗੌਰਵਮਈ ਬਣਾਉਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਸਾਰਿਆਂ ਨੇ ਪ੍ਰਚਲਿਤ ਕਾਵਿ ਰੂਪਾਂ ਤੇ ਭਾਵ ਭੇਦਾਂ ਵਿਚ ਹੀ ਰਚਨਾ ਕੀਤੀ; ਜਿਵੇਂ ਕਿ ਬਾਰ੍ਹਾਮਾਹਾ, ਪੱਟੀ, ਵਾਰ, ਤਿਥੀ, ਅਲਾਹਣੀਆਂ, ਗੋਸਟਿ, ਆਦਿ, ਜੋ ਉਸ ਸਮੇਂ ਦੇ ਪ੍ਰਚਲਿਤ ਕਾਵਿ ਰੂਪ ਹਨ। ਸਤਿਗੁਰੂ ਜੀ ਦੀ ਸਾਹਿਤਕ ਪਰੰਪਰਾ ਵੀ ਜੀਵਨ ਨੂੰ ਉਤਮ ਤੇ ਸ਼੍ਰੇਸਟ ਬਣਾਉਣ ਲਈ ਹੀ ਸੀ, ਇਸ ਲਈ ਉਨ੍ਹਾਂ ਸਾਰਿਆਂ ਨੇ ਆਪਣੇ ਭਾਵਾਂ ਤੇ ਵਿਚਾਰਾਂ ਨੂੰ ਮੂਰਤੀਮਾਨ ਕਰਨ ਲਈ ਉਹੀ ਕਾਵਿ ਰੂਪ ਵਰਤੇ, ਜੋ ਲੋਕਾਂ ਵਿਚ ਹਰਮਨ ਪਿਆਰੇ ਸਨ, ਲੋਕ ਜ਼ਿੰਦਗੀ ਦਾ ਹਿੱਸਾ ਸਨ। ਸੋ ਗੁਰੂ ਗ੍ਰੰਥ ਸਾਹਿਬ ਜੀ; ਭਾਰਤੀ ਤੇ ਪੰਜਾਬੀ ਕਾਵਿ ਰੂਪ ਦੀ ਪਰੰਪਰਾ ਨੂੰ ਵੀ ਆਪਣੇ ਵਿਚ ਸਾਂਭੀ ਬੈਠੇ ਹਨ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਸ਼ੇਸ਼ਤਾ ਹੈ।
(ੲ). ਗੁਰੂ ਗ੍ਰੰਥ ਸਾਹਿਬ ਜੀ ਅੰਦਰ ‘ਛੰਦ ਰੂਪ’ : ਸਮੁੱਚੀ ਗੁਰਬਾਣੀ; ਛੰਦ ਬੱਧ ਰਚਨਾ ਹੈ। ਕਵਿਤਾ ਲਈ ਛੰਦ ਇਕ ਅਤਿ ਜ਼ਰੂਰੀ ਬੰਧਨ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਅੰਦਰ ਦੁਤੁਕੀਏ ਸਲੋਕ ਵੀ ਹਨ ਤੇ 20-20 ਤੁੱਕਾਂ ਵਾਲੇ ਸਲੋਕ ਵੀ ਲਿਖੇ ਹਨ। ਇਸ ਦੇ ਰਚੇਤੇ (ਬਾਣੀਕਾਰ); ਛੰਦ ਸ਼ਾਸਤ੍ਰ ਦੇ ਪੂਰਨ ਗਿਆਨੀ ਸਨ। ਉਦਾਹਰਨ ਵਜੋਂ ਝੋਲਨਾ, ਤਾਟੰਟ, ਤੋਮਰ, ਦੇਵਯਾ, ਦੋਹਰਾ, ਪ੍ਰਮਾਣਕਾ, ਪਉੜੀ, ਰਾਧਿਕਾ, ਨਿਸ਼ਾਨੀ, ਹੰਸਗਤਿ, ਕਜਲ ਗੀਤਾ, ਗੀਤਕਾ, ਚਿਤ੍ਰਕਲਾ, ਘਨਾਛਰੀ, ਚੌਪਈ, ਛਪੈ ਸਿਰਖੰਡੀ, ਅੰਮ੍ਰਿਤ ਘਟ, ਸੋਰਠਾ, ਅਸਟਪਦੀ ਆਦਿ ਛੰਦ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਗਏ ਹਨ। ਉਦਾਹਰਨ ਵਜੋਂ ‘‘ਸੁਭ ਬਚਨ ਬੋਲਿ; ਗੁਨ ਅਮੋਲ ॥ ਕਿੰਕਰੀ ਬਿਕਾਰ ॥ ਦੇਖੁ ਰੀ ਬੀਚਾਰ ॥ ਗੁਰ ਸਬਦੁ ਧਿਆਇ; ਮਹਲੁ ਪਾਇ ॥ ਹਰਿ ਸੰਗਿ ਰੰਗ; ਕਰਤੀ ਮਹਾ ਕੇਲ ॥੧॥ ਰਹਾਉ ॥’’ (ਮਹਲਾ ੫/੧੨੨੯) ਅਰਥ : ਹੇ ਵਿਕਾਰਾਂ ਦੀ ਦਾਸੀ (ਬਣ ਚੁੱਕੀ ਜੀਵ ਇਸਤ੍ਰੀ! ਰੱਬ ਦੇ) ਗੁਣ ਅਤੇ ਬਚਨ; ਬੜੇ ਅਮੋਲਕ ਤੇ ਸ਼ੁੱਭ ਹਨ (ਇਨ੍ਹਾਂ ਨੂੰ) ਜਪਿਆ ਕਰ। ਗਹੁ ਨਾਲ਼ ਵਿਚਾਰ ਕਰ ਵੇਖ। ਗੁਰੂ ਸ਼ਬਦ ਨੂੰ (ਮਨ ’ਚ) ਟਿਕਾ ਕੇ (ਪ੍ਰਭੂ ਚਰਨਾਂ ’ਚ) ਨਿਵਾਸ ਹੁੰਦਾ ਹੈ। (ਜੋ ਪ੍ਰਭੂ ਚਰਨਾਂ ’ਚ ਜੁੜ ਗਈ ਉਹ, ਉਸ ਦੇ) ਪ੍ਰੇਮ-ਰੰਗ ’ਚ ਰੰਗੀ ਹੋਈ ਸਦਾ ਅਨੰਦ ਮਾਣਦੀ ਹੈ। ਸੋ ਗੁਰਬਾਣੀ ਦੀ ਇਹ ਛੰਦ ਬੰਦੀ ਕਵੀਆਂ ਤੇ ਵਿਦਵਾਨਾਂ ਲਈ ਛੰਦ ਦਿਵਾਕਰ ਦਾ ਰੂਪ ਹੈ।
(ਸ). ਗੁਰੂ ਗ੍ਰੰਥ ਸਾਹਿਬ ਅੰਦਰ ਅਲੰਕਾਰ ਰੂਪ : ਗੁਰਬਾਣੀ ਰਚਨਾ ਅਲੰਕਾਰਾਂ ਨਾਲ ਜੜੀ ਤੇ ਸ਼ਿੰਗਾਰੀ ਹੋਈ ਹੈ। ਇਸ ਵਿਚ ਵਰਤੇ ਅਲੰਕਾਰ; ਵਿਸ਼ਾਲ ਅਨੁਭਵ ਨਾਲ ਸੰਬੰਧ ਰੱਖਦੇ ਹਨ। ਸਾਹਿਬ ਜੀ ਦੀ ਦ੍ਰਿਸ਼ਟੀ ਸਮੁੱਚੇ ਬ੍ਰਹਿਮੰਡ (ਆਕਾਰ) ’ਤੇ ਝਾਤ ਮਾਰਦੀ ਹੈ। ਉਨ੍ਹਾਂ ਨੇ ਆਪਣੇ ਭਾਵਾਂ ਜਾਂ ਵਿਚਾਰਾਂ ਨੂੰ ਸਪਸ਼ਟ, ਸੁਹਜਮਈ ਤੇ ਸੰਕੇਤਮਈ ਬਣਾਉਣ ਹਿਤ ਦ੍ਰਿਸ਼ਮਾਨ ਜਗਤ ਵਿੱਚੋਂ ਅਲੰਕਾਰਾਂ ਦੀ ਚੌਣ ਕੀਤੀ। ਵਿਸ਼ੇਸ਼ ਤੌਰ ’ਤੇ ਸਮਾਜਿਕ ਤੇ ਘਰੋਗੀ ਜ਼ਿੰਦਗੀ ਵਿਚੋਂ ਜਿਹੜੇ ਅਲੰਕਾਰ ਅਤੇ ਸੰਕੇਤ ਬਿੰਬ ਉਨ੍ਹਾਂ ਨੇ ਚੁਣੇ ਹਨ; ਉਹ, ਬਾਣੀਕਾਰਾਂ ਦੀ ਸਮਾਜ ਪ੍ਰਤੀ ਵਿਸ਼ਾਲ ਸੂਝ ਦੇ ਲਖਾਇਕ ਹਨ। ਉਦਾਹਰਨ ਵਜੋਂ ਮਨੁੱਖੀ ਹਿਰਦਾ ਜਦੋਂ ਪ੍ਰਭੂ ਪਤੀ ਨੂੰ ਆਪਣੇ ਘਰ ਆਇਆਂ ਅਨੁਭਵ ਕਰੇ ਤਾਂ ਉਸ ਅਵਸਥਾ ਨੂੰ ਸਾਹਿਬ ਜੀ ਨੇ ਇਉਂ ਸ਼ਿੰਗਾਰਿਆਂ ਹੈ, ‘‘ਆਂਗਨਿ ਮੇਰੈ; ਸੋਭਾ ਚੰਦ ॥ ਨਿਸਿ ਬਾਸੁਰ; ਪ੍ਰਿਅ ਸੰਗਿ ਅਨੰਦ ॥੨॥ ਬਸਤ੍ਰ ਹਮਾਰੇ ਰੰਗਿ ਚਲੂਲ ॥ ਸਗਲ ਆਭਰਣ; ਸੋਭਾ ਕੰਠਿ ਫੂਲ .. ॥੩॥’’ (ਮਹਲਾ ੫/੩੭੨) ਅਰਥ : ਮੇਰੇ ਹਿਰਦੇ-ਘਰ ਅੰਦਰ ਪ੍ਰਤਿਸ਼ਠਾ ਵਾਲ਼ਾ ਚੰਦ ਚੜ੍ਹ ਗਿਆ (ਕਿਉਂਕਿ) ਦਿਨ ਰਾਤ ਪਿਆਰੇ-ਪਤੀ ਨਾਲ਼ ਅਨੰਦ ਮਾਣਦੀ ਹਾਂ। ਮੇਰੇ ਕੱਪੜੇ ਭੀ ਗੂੜ੍ਹੇ ਰੰਗ ’ਚ ਰੰਗੇ ਗਏ ਭਾਵ ਮੇਰਾ ਸਮਾਜਿਕ ਵਿਹਾਰ ਭੀ ਪਿਆਰ ਭਰਿਆ ਹੈ। ਮਾਨੋ ਸਾਰੇ ਹੀ ਗਹਿਣੇ ਅਤੇ ਸ਼ੋਭਨੀਕ ਫੁੱਲ; ਮੇਰੇ ਗਲ਼ ’ਚ ਪੈ ਗਏ ਹਨ। ਇਸ ਦੇ ਵਿਪਰੀਤ ਜੀਵਨ ਹੈ, ‘‘ਲਬੁ ਅਧੇਰਾ ਬੰਦੀਖਾਨਾ; ਅਉਗਣ ਪੈਰਿ ਲੁਹਾਰੀ ॥੩॥ ਪੂੰਜੀ ਮਾਰ ਪਵੈ ਨਿਤ ਮੁਦਗਰ; ਪਾਪੁ ਕਰੇ ਕੁੋਟਵਾਰੀ ..॥੪॥’’ (ਮਹਲਾ ੧/੧੧੯੧) ਅਰਥ : ਮਨੁੱਖ ਲਈ ਲੋਭ ਮਾਨੋ ਹਨ੍ਹੇਰਾ ਭਰਪੂਰ ਕੈਦਖ਼ਾਨਾ ਹੈ। ਇਸ ਦੇ ਪੈਰ ’ਚ ਪਾਪ ਰੂਪ ਲੋਹੇ ਦੀ ਬੇੜੀ ਹੈ। ਜਿਸ ਦਾ ਨਤੀਜਾ ਮਾਨੋ ਮੁਹਲਿਆਂ ਦੀ ਮਾਰ ਪੈਂਦੀ ਹੈ ਕਿਉਂਕਿ ਇਸ ਦਾ ਕਮਾਇਆ ਪਾਪ ਹੀ ਕੋਤਵਾਲ (ਦੰਡ ਦੇਣ ਵਾਲ਼ਾ) ਬਣਿਆ ਹੈ। ਸਾਡੀ ਐਸੀ ਹਾਲਤ ਨੂੰ ਅਲੰਕ੍ਰਿਤ (ਬਿਆਨ) ਕੀਤਾ ਹੈ। ਉਪਮਾ ਅਲੰਕਾਰ ਲਈ ਸਾਹਿਬ ਦੀ ਦ੍ਰਿਸ਼ਟੀ ਸਮੁੱਚੇ ਬ੍ਰਹਿਮੰਡ ਵੱਲ ਤੱਕਦੀ ਹੈ। ਕ੍ਰਿਸਾਨੀ ਜ਼ਿੰਦਗੀ ਵਿਚੋਂ ਕਿਵੇਂ ਸੁਚੱਜੀ ਜੀਵਨ ਜਾਚ ਬਖ਼ਸ਼ਦੇ ਹਨ, ‘‘ਕਰ ਹਰਿਹਟ ਮਾਲ ਟਿੰਡ ਪਰੋਵਹੁ; ਤਿਸੁ ਭੀਤਰਿ ਮਨੁ ਜੋਵਹੁ ॥ ਅੰਮ੍ਰਿਤੁ ਸਿੰਚਹੁ, ਭਰਹੁ ਕਿਆਰੇ; ਤਉ ਮਾਲੀ ਕੇ ਹੋਵਹੁ ॥’’ (ਮਹਲਾ ੧/੧੧੭੧) ਅਰਥ : ਹੇ ਮਨੁੱਖ! ਮਿਹਨਤਕਸ਼ ਹੱਥਾਂ ਨੂੰ (ਖੂਹ ’ਚੋਂ ਪਾਣੀ ਕੱਢਣ ਵਾਲ਼ਾ) ਹਰ੍ਹਟ, ਹਰ੍ਹਟ ਦੀ ਮਾਲ੍ਹ ਅਤੇ ਉਸ ਮਾਲ੍ਹ ਵਿੱਚ ਜੁੜੀਆਂ ਟਿੰਡਾਂ ਬਣਾ ਭਾਵ ਹੱਥੀਂ ਕਮਾਈ ਕਰ। (ਸਰੀਰ ਰੂਪ ਖੂਹ ਵਿੱਚੋਂ) ਨਾਮ-ਅੰਮ੍ਰਿਤ ਪਾਣੀ ਕੱਢਣ ਲਈ ਮਨ (ਰੂਪ ਬਲਦ) ਨੂੰ ਜੋੜੋ, ਜੋਤੋ ਭਾਵ ਧਿਆਨ ਇਕਾਗਰ ਕਰ ਭਗਤੀ ਕਰੋ ਅਤੇ ਇਸ ਨਾਮ-ਅੰਮ੍ਰਿਤ ਪਾਣੀ ਨਾਲ਼ ਗਿਆਨ ਇੰਦ੍ਰੇ ਰੂਪ ਕਿਆਰੇ ਭਰ ਲੇਵੋ ਤਾਂ ਹੀ ਇਸ ਸਰੀਰ-ਬਾਗ਼ ਦੇ ਮਾਲਕ (ਪ੍ਰਭੂ) ਨਾਲ਼ ਪਿਆਰ ਵਧੇਗਾ।
ਅਕਾਸ਼ੀ ਅਲੰਕਾਰ ਦੀ ਸਮੱਗਰੀ ਰਾਹੀਂ ਫ਼ੁਰਮਾਇਆ ਹੈ ‘‘ਨਾਨਕ ! ਬਿਜੁਲੀਆ ਚਮਕੰਨਿ; ਘੁਰਨਿ੍ ਘਟਾ ਅਤਿ ਕਾਲੀਆ ॥ ਬਰਸਨਿ ਮੇਘ ਅਪਾਰ; ਨਾਨਕ ! ਸੰਗਮਿ ਪਿਰੀ ਸੁਹੰਦੀਆ ॥’’ (ਮਹਲਾ ੫/੧੧੦੨) ਅਰਥ : (ਸਾਵਣ ਰੁੱਤ ’ਚ) ਬਹੁਤ ਕਾਲ਼ੀਆਂ ਘਟਾਵਾਂ ਡਰਾਉਣੀਆਂ ਹੁੰਦੀਆਂ ਹਨ। ਰਾਤ ਨੂੰ ਅਕਾਸ਼ੀ ਬਿਜਲੀਆਂ ਚਮਕਦੀਆਂ ਹਨ। ਬੜੇ ਬੱਦਲ ਵਰ੍ਹਦੇ ਹਨ। ਐਸਾ ਮੌਸਮ ਪਤੀ ਦੇ ਮਿਲਾਪ ਵਾਲ਼ੀ ਲਈ ਹੀ ਸੁਹਾਵਣਾ ਹੁੰਦਾ ਹੈ (ਕਿਉਂਕਿ ਉਸ ਦਾ ਪਤੀ ਕੋਲ਼ ਹੋਣ ਕਾਰਨ ਉਸ ਨੂੰ ਡਰ ਨਹੀਂ ਲੱਗਦਾ)। ਇਹ, ਸਤਿਗੁਰੂ ਜੀ ਦੀ ਪ੍ਰਕ੍ਰਿਤੀ ਪ੍ਰਤੀ ਵਿਸ਼ਾਲ ਦ੍ਰਿਸ਼ਟੀ ਵੱਲ ਸੰਕੇਤ ਹੈ; ਜਿਵੇਂ ਕਿ ਹੋਰ ਭੀ ਬਚਨ ਹਨ, ‘‘ਊਨਵਿ ਘਨਹਰੁ ਗਰਜੈ, ਬਰਸੈ; ਕੋਕਿਲ ਮੋਰ ਬੈਰਾਗੈ ॥ ਤਰਵਰ ਬਿਰਖ ਬਿਹੰਗ ਭੁਇਅੰਗਮ; ਘਰਿ ਪਿਰੁ ਧਨ ਸੋਹਾਗੈ ॥’’ (ਮਹਲਾ ੧/੧੧੯੭) ਅਰਥ : (ਜਦੋਂ ਸਾਵਣ ਰੁੱਤ ’ਚ) ਬੱਦਲ ਝੁਕ ਝੁਕ ਕੇ ਬਹੁਤ ਗਰਜਦੇ ਹਨ, ਵਰ੍ਹਦੇ ਹਨ ਤਦੋਂ ਮੋਰ, ਕੋਇਲ, ਰੁੱਖ, ਪੌਦੇ, ਪੰਛੀ, ਸੱਪ (ਆਦਿਕ) ਹੁਲਾਰੇ ’ਚ ਭਾਵ ਮਸਤੀ ਵਿੱਚ ਹੁੰਦੇ ਹਨ; ਇਉਂ ਹੀ ਉਹ ਸੁਹਾਗਣ ਇਸਤਰੀ ਅਨੰਦ ਮਾਣਦੀ ਹੈ, ਜਿਸ ਦੇ ਹਿਰਦੇ-ਘਰ ਵਿੱਚ ਪਤੀ-ਪਰਮੇਸ਼ਰ ਵੱਸਦਾ ਹੈ। ਗੁਰੂ ਸਾਹਿਬਾਨ ਨੇ ਇਸ ਰੂਪਕ ਅਲੰਕਾਰ ਰਾਹੀਂ ਦ੍ਰਿਸ਼ਟਮਾਨ (ਬ੍ਰਹਿਮੰਡ) ਵਿਚੋਂ ਆਪਣੇ ਪਿਆਰੇ ਦੀ ਰਚਨਾ ਦਾ ਕਮਾਲ ਇੰਜ ਭੀ ਰੂਪਮਾਨ ਕੀਤਾ ਹੈ, ‘‘ਗਗਨ ਮੈ ਥਾਲੁ, ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ, ਜਨਕ ਮੋਤੀ ॥’’ (ਮਹਲਾ ੧/੧੩) ਇਸ ਤਰ੍ਹਾਂ ਡਾ: ਗੋਪਾਲ ਸਿੰਘ ਜੀ ਦੇ ਸਬਦਾਂ ਵਿੱਚ ਪਰਮ ਸੱਚ ਹੈ ਕਿ ਗੁਰੂ ਜੀ ਨੇ ਰੂਪਕ ਅਲੰਕਾਰ; ਨਿਪਟ ਉਪਮਾਨ ਤੇ ਉਪਮੇਯ ਨੂੰ ਅਭੇਦ ਕਰਨ ਲਈ ਹੀ ਨਹੀਂ ਵਰਤਿਆ ਸਗੋਂ ਕਿਸੇ ਆਤਮਿਕ ਤਜਰਬੇ ਦਾ ਚਿਤਰ ਖਿੱਚਣ ਲਈ ਵਰਤਿਆ ਹੈ। ਅਜਿਹੀ ਅਲੰਕਾਰੀ ਵਿਸ਼ੇਸ਼ਤਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਵਿਚੋਂ ਹੀ ਲੱਭੀ ਜਾ ਸਕਦੀ ਹੈ।
(ਹ). ਗੁਰੂ ਗ੍ਰੰਥ ਸਾਹਿਬ ਅੰਦਰ ਅਖਾਣ ਜਾਂ ਮੁਹਾਵਰਾ ਭੰਡਾਰ : ਕਿਸੇ ਵੀ ਸਾਹਿਤ ਵਿੱਚ ਅਖਾਣ ਤੇ ਮੁਹਾਵਰੇ; ਵਿਸ਼ੇਸ਼ ਥਾਂ ਰੱਖਦੇ ਹਨ। ਅਖਾਣਾਂ, ਮੁਹਾਵਰਿਆਂ ਵਿੱਚ ਕਿਸੇ ਭਾਸ਼ਾ ਜਾਂ ਰਚਨਾ ਦਾ ਪੂਰਾ ਵਿਕਸਿਤ ਰੂਪ ਦਰਸ਼ਨ ਦਿੰਦਾ ਹੈ। ਅਖਾਣਾਂ ਦੀ ਸੰਖੇਪਤਾ ਤੇ ਸੁਚੱਜੀ ਸ਼ਬਦ ਚੋਣ ਅਤਿ ਕਲਾਤਮਿਕ ਹੁੰਦੀ ਹੈ। ਇਕ ਜਾਂ ਦੋ ਵਾਕਾਂ ਰਾਹੀਂ ਜੀਵਨ ਦੇ ਕਿਸੇ ਤਤਸਾਰ ਨੂੰ ਕੁੱਜੇ ਵਿਚ ਸਮੁੰਦਰ ਵਾਙ ਬੰਦ ਕੀਤਾ ਹੁੰਦਾ ਹੈ। ਪੜ੍ਹਨ, ਸੁਣਨ ਵਾਲਾ ਵੀ ਅਖਾਣ ਅੱਗੇ ਨਿਰੁੱਤਰ ਹੋ ਜਾਂਦਾ ਹੈ ਕਿਉਂਕਿ ਇਨ੍ਹਾਂ ਵਿੱਚ ਵਿਸ਼ਾਲ ਜੀਵਨ ਤਜਰਬੇ, ਸਿਆਣਪ ਅਤੇ ਦੂਰ ਦ੍ਰਿਸ਼ਟੀ ’ਤੇ ਆਧਾਰਿਤ ਅਨਮੋਲ ਸਚਾਈਆਂ ਭਰੀਆਂ ਹੁੰਦੀਆਂ ਹਨ, ਜੋ ਮਨੁੱਖਤਾ ਨੂੰ ਕਦਮ-ਕਦਮ ’ਤੇ ਸੇਧ ਪ੍ਰਦਾਨ ਕਰਦੀਆਂ ਹਨ। ਅਖਾਣ ਤੇ ਮੁਹਾਵਰੇ ਭਾਸ਼ਾ ਤੇ ਵਿਚਾਰ ਨੂੰ ਸ਼ਿੰਗਾਰਨ ਅਤੇ ਉਸ ਦੇ ਪ੍ਰਭਾਵ ਨੂੰ ਤੇਜ਼ ਕਰਨ ਵਿਚ ਸਹਾਈ ਹੁੰਦੇ ਹਨ। ਗੁਰਬਾਣੀ ਵਿਚੋਂ ਕੁਝ ਕੁ ਉਦਾਹਰਨਾਂ ਹਨ, ‘‘ਕਥਨਾ ਕਥੀ; ਨ ਆਵੈ ਤੋਟਿ ॥ (ਜਪੁ), ਸਚੈ ਮਾਰਗਿ ਚਲਦਿਆ; ਉਸਤਤਿ ਕਰੇ ਜਹਾਨੁ ॥ (ਮਹਲਾ ੫/੧੩੬), ਪਰਮੇਸਰ ਤੇ ਭੁਲਿਆਂ; ਵਿਆਪਨਿ ਸਭੇ ਰੋਗ ॥ (ਮਹਲਾ ੫/੧੩੫), ਮੂਰਖ ਗੰਢੁ ਪਵੈ; ਮੁਹਿ ਮਾਰ ॥ (ਮਹਲਾ ੧/੧੪੩), ਮੂਰਖੈ ਨਾਲਿ ਨ ਲੁਝੀਐ ॥ (ਮਹਲਾ ੧/੪੭੩), ਮਿਠਤੁ ਨੀਵੀ ਨਾਨਕਾ! ਗੁਣ ਚੰਗਿਆਈਆ ਤਤੁ ॥ (ਮਹਲਾ ੧/੪੭੦), ਨਾਲਿ ਇਆਣੇ ਦੋਸਤੀ; ਕਦੇ ਨ ਆਵੈ ਰਾਸਿ ॥ (ਮਹਲਾ ੨/੪੭੪), ਵਿਦਿਆ ਵੀਚਾਰੀ ਤਾਂ; ਪਰਉਪਕਾਰੀ ॥ (ਮਹਲਾ ੧/੩੫੬), ਭਗਤਾ ਕੀ ਚਾਲ, ਨਿਰਾਲੀ ॥ (ਮਹਲਾ ੩/੯੧੮), ਬਹੁਤਾ ਬੋਲਣੁ; ਝਖਣੁ ਹੋਇ ॥’’ (ਮਹਲਾ ੧/੬੬੧) ਆਦਿਕ ਹਜ਼ਾਰਾਂ ਅਨਮੋਲ ਬਚਨ, ਇਸ ਰੂਪ ਵਿਚ ਸੁਭਾਇਮਾਨ ਹਨ, ਜੋ ‘‘ਜਿਥੈ ਬੋਲਣਿ ਹਾਰੀਐ; ਤਿਥੈ ਚੰਗੀ ਚੁਪ ॥’’ (ਮਹਲਾ ੧/੧੪੯) ਜਾਂ ‘‘ਨਾਨਕ ! ਦੁਖੀਆ ਸਭੁ ਸੰਸਾਰੁ ॥’’ (ਮਹਲਾ ੧/੯੫੪) ਦੇ ਰੂਪ ਵਿਚ ਬੋਲੀ ਦਾ ਹਿੱਸਾ ਬਣ ਚੁੱਕੇ ਹਨ। ਇਨ੍ਹਾਂ ਦੀ ਵਿਸ਼ੇਸ਼ਤਾ ਇਹ ਭੀ ਹੈ ਕਿ ਗੁਰਬਾਣੀ ਵਿਚ ਆਏ ਅਖਾਣਾ ਜਾਂ ਮੁਹਾਵਰਿਆਂ ਦੀ ਸਿਖਿਆ; ਵਿਸ਼ਵ ਪੱਧਰੀ ਹੈ। ਇਹ ਮਨੁੱਖਤਾ ਨੂੰ ਸੰਕੀਰਣ ਦ੍ਰਿਸ਼ਟੀਕੋਣ ਬਦਲ ਕੇ ਵਿਸ਼ਵ ਦ੍ਰਿਸ਼ਟੀਕੋਣ ਬਣਾ ਕੇ ‘‘ਕੁਦਰਤਿ ਕੇ ਸਭ ਬੰਦੇ ॥’’ (ਭਗਤ ਕਬੀਰ/੧੩੪੯) ਵਾਲ਼ੇ ਅਮੋਲਕ ਸਿਧਾਂਤ ਦੇ ਪਹਿਰੇਦਾਰ ਬਣਨ ਲਈ ਪ੍ਰੇਰਦੀ ਹੈ।
(ਕ). ਗੁਰਬਾਣੀ ਵਿਚ ਰਸ ਰੂਪ : ਬੇਰਸੀ ਕੋਈ ਵਸਤੂ ਮਨੁੱਖਤਾ ਵਿਚ ਪਸੰਦ ਨਹੀਂ । ਵਿਦਿਆ ਦੇ ਖੇਤਰ ਵਿਚ ਰਚੇਤਾ; ਰਸ ਭਰਨ ਲਈ ਤਤਪਰ ਰਹਿੰਦਾ ਹੈ। ਖ਼ਾਸਕਰ ਕਾਵਿ ਰਚਨਾ ਲਈ 9 ਰਸ ਮੰਨੇ ਜਾਂਦੇ ਹਨ; ਜਿਵੇਂ ‘ਸ਼ਾਂਤ, ਸ਼ਿੰਗਾਰ, ਕਰੁਣਾ, ਭਯਾਨਕ, ਰੋਦਰ, ਬੀਰ, ਅਦਭੁਤ, ਹਾਸ ਰਸ ਤੇ ਬੀਭਤਸ ਰਸ’। ਗੁਰੂ ਗ੍ਰੰਥ ਸਾਹਿਬ ਵਿਚ ਇਹ ਸਾਰੇ ਰਸ ਮੌਜੂਦ ਹਨ; ਜਿਵੇਂ ਕਿ ‘‘ਹਰਿ ਅੰਮ੍ਰਿਤ ਭਿੰਨੇ ਲੋਇਣਾ.. ॥ (ਮਹਲਾ ੪/੪੪੮) ਸ਼ਾਤ ਰਸ ਹੈ, ‘‘ਮਨੁ ਮੋਤੀ ਜੇ ਗਹਣਾ ਹੋਵੈ .. ॥’’ (ਮਹਲਾ ੧/੩੫੯) ਸ਼ਿੰਗਾਰ ਰਸ ਹੈ, ‘‘ਨੈਣੀ ਮੇਰੇ ਪਿਆਰਿਆ ! ਨੈਣੀ ਮੇਰੇ ਗੋਵਿਦਾ ! ਕਿਨੈ ਹਰਿ ਪ੍ਰਭੁ ਡਿਠੜਾ ਨੈਣੀ ਜੀਉ ॥ ਮੇਰਾ ਮਨੁ ਤਨੁ ਬਹੁਤੁ ਬੈਰਾਗਿਆ; ਮੇਰੇ ਗੋਵਿੰਦਾ !.. ॥ (ਮਹਲਾ ੪/੧੭੪), ਉਡੀਨੀ ਉਡੀਨੀ ਉਡੀਨੀ ॥ ਕਬ ਘਰਿ ਆਵੈ ਰੀ ॥੧॥ ਰਹਾਉ ॥’’ (ਮਹਲਾ ੫/੮੩੦) ਕਰੁਣਾ ਰਸ ਦੇ ਪ੍ਰਤੀਕ ਹਨ, ‘‘ਪਾਪ ਕਮਾਵਦਿਆ; ਤੇਰਾ ਕੋਇ ਨ ਬੇਲੀ ਰਾਮ ॥’’ (ਮਹਲਾ ੫/੫੪੬) ਭਯਾਨਕ ਰਸ ਹੈ; ਰੋਦਰ ਰਸ ਨੂੰ ‘‘ਏਤੀ ਮਾਰ ਪਈ ਕਰਲਾਣੇ..॥’’ (ਮਹਲਾ ੧/੩੬੦) ਰਾਹੀਂ ਰੂਪਮਾਨ ਕਰਦੇ ਹਨ, ‘‘ਪੁਰਜਾ ਪੁਰਜਾ ਕਟਿ ਮਰੈ; ਕਬਹੂ ਨ ਛਾਡੈ ਖੇਤੁ ॥’’ (ਭਗਤ ਕਬੀਰ/੧੧੦੫) ਕਹਿ ਕੇ ਮਨੁੱਖੀ ਜੀਵਨ ਵਿਚ ਬੀਰ ਰਸ ਭਰਦੇ ਹਨ, ‘‘ਹਉ ਬਿਸਮੁ ਭਈ ਜੀ! ਹਰਿ ਦਰਸਨੁ ਦੇਖਿ ਅਪਾਰਾ ॥ ਮੇਰਾ ਸੁੰਦਰੁ ਸੁਆਮੀ ਜੀ ! ਹਉ ਚਰਨ ਕਮਲ ਪਗ ਛਾਰਾ ॥’’ (ਮਹਲਾ ੫/੭੮੪) ਬਿਸਮਾਦੀ ਰਸ ਭਰਪੂਰ ਬਚਨ ਹਨ, ‘‘ਧੋਤੀ ਖੋਲਿ ਵਿਛਾਏ ਹੇਠਿ ॥ ਗਰਧਪ ਵਾਂਗੂ ਲਾਹੇ ਪੇਟਿ ॥’’ (ਮਹਲਾ ੫/੨੦੧), ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ..॥’’ (ਮਹਲਾ ੧/੧੪੯) ਜਾਂ ‘‘ਹਰਿ ਕੇ ਨਾਮ ਬਿਨਾ; ਸੁੰਦਰਿ ਹੈ ਨਕਟੀ ॥’’ (ਮਹਲਾ ੪/੫੨੮) ਆਦਿ ਬੀਭਤਸ ਜਾਂ ਘ੍ਰਿਣਾਤਮਿਕ ਰਸ ਵਾਲ਼ੇ ਵਿਚਾਰ ਹਨ।
(ਖ). ਗੁਰੂ ਗ੍ਰੰਥ ਸਾਹਿਬ ਦਾ ਭਾਸ਼ਾ ਸਰੂਪ : ਭਾਸ਼ਾ ਵਿਗਿਆਨ ਦੇ ਪੱਖ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਭਾਸਾਈ ਦ੍ਰਿਸ਼ਟੀਕੋਣ ਬੜਾ ਮਹੱਤਵ ਪੂਰਨ ਹੈ। ਵਿਸ਼ਵ ਭਰ ਵਿਚ ਕੋਈ ਵੀ ਅਜਿਹਾ ਗ੍ਰੰਥ ਨਹੀਂ, ਜਿਸ ਵਿਚ ਵੱਖ ਵੱਖ ਪ੍ਰਾਂਤਕ ਬੋਲੀਆਂ ਨੂੰ ਸਥਾਨ ਪ੍ਰਾਪਤ ਹੋਵੇ। ਟਰੰਪ ਦਾ ਕਥਨ ਠੀਕ ਹੈ – The Chief importance of the SIKH GRANTH (Adi Granth) lies in the Linguistic line as being the treasury of old Hindvi dialeets (introduction to the ADI GRANTH by Dr. TRUMAR) ਭਾਵ ਗੁਰੂ ਗ੍ਰੰਥ ਸਾਹਿਬ ਜੀ ਦੀ ਮਹੱਤਤਾ ਭਾਸ਼ਾਈ ਖੇਤਰ ਵਿਚ ਹੈ। ਪ੍ਰਾਚੀਨ ਹਿੰਦਵੀ ਉਪ ਭਾਸ਼ਾਵਾਂ ਦਾ ਖ਼ਜ਼ਾਨਾ ਹੋਣ ਕਰਕੇ ਇਹ ਰਚਨਾ ਮੱਧ ਕਾਲੀਨ ਦੀਆਂ ਪੰਜਾਬ ਭਾਰਤੀ ਭਾਸ਼ਾਵਾਂ ਦਾ ਇਕ ਸਾਂਝਾ ਗ੍ਰੰਥ ਹੈ।
ਗੁਰੂ ਸਾਹਿਬਾਨ, ਭਗਤ ਸਾਹਿਬਾਨ, ਭੱਟ ਬਲਵੰਡ ਸਤਾ ਅਤੇ ਬਾਬਾ ਸੁੰਦਰ ਜੀ; ਪੰਜਾਬ ਅਤੇ ਵੱਖ ਵੱਖ ਪ੍ਰਾਤਾਂ ਦੇ ਵਾਸੀ ਹਨ। ਆਮ ਧਾਰਨਾ ਹੈ ਕਿ ਬਾਰ੍ਹਾਂ ਕੋਹ ’ਤੇ ਬੋਲੀ ਬਦਲ ਜਾਂਦੀ ਹੈ। ਵਿਦਵਾਨਾਂ ਦੀ ਰਾਇ ਅਨੁਸਾਰ ਅੱਜ ਤੱਕ ਬਾਰ੍ਹਾਂ ਬੋਲੀਆਂ ਗੁਰਬਾਣੀ ਵਿਚੋਂ ਲੱਭੀਆਂ ਜਾਂ ਚੁੱਕੀਆਂ ਹਨ। ਭਾਸ਼ਾ; ਆਪਣੇ ਆਲੇ ਦੁਆਲੇ ਦੀ ਬੋਲ-ਚਾਲ ਤੋਂ ਜਨਮ ਲੈਂਦੀ ਹੈ। ਭੱਟ ਸਾਹਿਬਾਨ; ਆਪਣੀ ਬ੍ਰਾਹਮਣੀ ਪੱਧਰ ’ਤੇ ਸੰਸਕ੍ਰਿਤਨੁਮਾ ਪੰਜਾਬੀ ਉਚਾਰਦੇ ਤੇ ਲਿਖਦੇ ਹਨ।
ਸੰਸਕ੍ਰਿਤ, ਅਰਬੀ, ਫਾਰਸੀ, ਪ੍ਰਾਕ੍ਰਿਤਾਂ ਅਭਰੰਸ਼ਾਂ, ਪੰਜਾਬੀ, ਹਿੰਦੀ, ਮਰਾਠੀ, ਸਿੰਧੀ ਤੇ ਬ੍ਰਿਜ ਆਦਿ ਭਾਸ਼ਾਵਾਂ ਦੀ ਸ਼ਬਦਾਵਲੀ ਇਸ ਰਚਨਾ ਵਿੱਚ ਮੌਜੂਦ ਹੈ, ਇਸ ਲਈ ਹਰ ਭਾਸ਼ਾ ਵਾਲਾ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਦਾ ਲਾਭ ਲੈ ਸਕਦਾ ਹੈ। ਪੰਜਾਬੀ ਰਚੇਤੇ ਨਿਰੋਲ ਪੰਜਾਬੀ ਰਾਹੀਂ ਵੀ ਬਖ਼ਸ਼ਸ਼ ਕਰਦੇ ਹਨ। ਉਨ੍ਹਾਂ ਦੀ ਰਚਨਾ ’ਚ ਪ੍ਰਧਾਨ ਰੰਗ ਪੰਜਾਬੀ ਹੀ ਹੈ। ਉਦਾਹਰਨ ਵਜੋਂ ‘‘ਬਿਰਖੈ ਹੇਠਿ; ਸਭਿ ਜੰਤ ਇਕਠੇ ॥ ਇਕਿ ਤਤੇ; ਇਕਿ ਬੋਲਨਿ ਮਿਠੇ ॥ ਅਸਤੁ ਉਦੋਤੁ ਭਇਆ, ਉਠਿ ਚਲੇ; ਜਿਉ ਜਿਉ ਅਉਧ ਵਿਹਾਣੀਆ ॥’’ (ਮਹਲਾ ੫/੧੦੧੯) ਪਦ ਅਰਥ : ਅਸਤੁ ਉਦੋਤੁ ਭਇਆ – ਛਿਪਿਆ ਹੋਇਆ (ਸੂਰਜ) ਜਦ ਅਕਾਸ਼ ’ਚ ਚੜ੍ਹਿਆ ਭਾਵ ਜਦ ਕਾਲ਼ੇ ਧੌਲ਼ਿਆਂ ਤੋਂ ਸਫ਼ੈਦ ਬਾਲ (ਬੁਢੇਪਾ) ਆਇਆ। ਇਸ ਲਈ ਵੱਖੋ ਵੱਖ ਭਾਸ਼ਾਵਾਂ ਦੇ ਪ੍ਰਭਾਵ; ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਲੱਭੇ ਜਾ ਸਕਦੇ ਹਨ। ਭਾਸ਼ਾ ਪੱਖ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਲੱਖਣਤਾ ਹੈ ਕਿ ਇਸ ਦਾ ਇੱਕ ਇੱਕ ਸ਼ਬਦ; ਬੜਾ ਸੋਚ ਸਮਝ ਕੇ, ਤੋਲ ਅਤੇ ਤੁਕਾਂਤ ਮਿਲਾ ਕੇ ਬੀੜੀਆ ਹੋਇਆ ਹੈ; ਮਿਸਾਲ ਹੈ, ‘‘ਖੰਭ ਵਿਕਾਂਦੜੇ ਜੇ ਲਹਾਂ; ਘਿੰਨਾ ਸਾਵੀ ਤੋਲਿ ॥ ਤੰਨਿ ਜੜਾਂਈ ਆਪਣੈ; ਲਹਾਂ ਸੁ ਸਜਣੁ ਟੋਲਿ ॥’’ (ਮਹਲਾ ੫/੧੪੨੬) ਅਰਥ : ਮੈ ਆਪਣੇ ਭਾਰ ਬਰਾਬਰ (ਕੀਮਤ) ਤੋਲ ਕੇ ਕਿਤੇ ਵਿਕਦੇ ਹੋਏ ਖੰਭ ਜੇਕਰ ਲੱਭ ਲਵਾਂ ਤੇ ਉਨ੍ਹਾਂ ਨੂੰ ਖ਼ਰੀਦ ਲਵਾਂ ਤਾਂ ਜੋ ਆਪਣੇ ਸਰੀਰ ਉੱਤੇ ਲਗਾ ਲਵਾਂ (ਜਿਨ੍ਹਾਂ ਦੀ ਮਦਦ ਨਾਲ਼ ਉੱਡ ਕੇ) ਉਸ ਸੱਜਣ-ਪ੍ਰਭੂ ਨੂੰ ਲੱਭਾਂ, ਪ੍ਰਾਪਤ ਕਰ ਲਵਾਂ ਭਾਵ ਆਪਾ ਭਾਵ ਮਿਟਾ ਕੇ, ਉੱਚੀ ਸੁਰਤਿ ਕੀਤਿਆਂ ਹੀ ਉਹ ਸੱਜਣ-ਮਿੱਤਰ ਮਿਲਦਾ ਹੈ ਕਿਉਂਕਿ ਉਹ ਆਪ ਬੜਾ ਉੱਚਾ ਹੈ, ਮਾਇਆ ਤੋਂ ਨਿਰਲੇਪ ਹੈ, ‘‘ਵਡਾ ਸਾਹਿਬੁ; ਊਚਾ ਥਾਉ ॥ ਊਚੇ ਉਪਰਿ ਊਚਾ ਨਾਉ ॥ ਏਵਡੁ ਊਚਾ; ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ..॥੨੪॥’’ (ਜਪੁ)
ਭਾਸ਼ਾ ਵਿਚ ਭਾਰਤੀ ਵਿਆਕਰਨ ਕਦੇ ਵੀ ਇਕ ਨਹੀਂ ਹੋ ਸਕਿਆ, ਪਰ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਕਰਨਿਕ ਏਕਤਾ ਵਿਚ ਗੁਰੂ ਅਰਜੁਨ ਦੇਵ ਜੀ ਦਾ ਉਸਤਾਦੀ ਹੱਥ ਲੱਗਾ ਹੋਇਆ ਹੈ। ਸਾਰੰਸ਼ ਰੂਪ ਵਿਚ ਇਹ ਕਹਿਣਾ ਠੀਕ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਹਿਤਕ ਖੇਤਰ ਵਿਚ ਵਿਸ਼ੇਸ਼ ਮਹੱਤਤਾ ਰੱਖਦੇ ਹਨ।
ਸੋ ਗੁਰੂ ਗ੍ਰੰਥ ਸਾਹਿਬ ਜੀ; ਭਾਰਤ ਦੇ ਰਾਗ ਕਾਵਿ, ਛੰਦ ਅਲੰਕਾਰ, ਰਸ ਤੇ ਭਾਸ਼ਾਵਾਂ ਦੀਆਂ ਅਨੇਕਾਂ ਪਰੰਪਰਾਵਾਂ ਨੂੰ ਆਪਣੇ ਆਪ ਵਿਚ ਸਾਂਭੀ ਬੈਠੇ ਹਨ। ਡੰਕਨ ਗ੍ਰੀਨ ਲੀਜ ਦੇ ਕਹਿਣ ਵਿਚ ਸਿਖਰਾਂ ਦਾ ਸੱਚ ਹੈ :
Among the world’s Scriptures few if any attain so high a Literary Level or so constant a hight of inspiration (page 12). The Gospel of the GURU GRANTH SAHIB by Duncan Greenlees.
ਭਾਵ ਗੁਰੂ ਗ੍ਰੰਥ ਸਾਹਿਬ ਜੀ ਬੁਨਿਆਦੀ ਤੌਰ ’ਤੇ ਅਨੁਭਵੀ ਗਿਆਨ ਦਾ ਅਨੂਪਮ, ਅਮੁੱਕ ਭੰਡਾਰ ਹੈ। ਸਾਹਿਤਕ ਖ਼ੂਬਸੂਰਤੀ ਵਿਸ਼ਵ ਦੀਆਂ ਗ੍ਰੰਥ ਰਚਨਾਵਾਂ ਵਿਚ ਸਭ ਤੋਂ ਵੱਧ ਅਤੇ ਵਿਸ਼ੇਸ਼ ਹੈ, ਜੋ ਪੂਰੇ ਵਿਸ਼ਵ ਪੱਧਰ ’ਤੇ ਅਟੱਲ ਸਚਾਈ ਹੈ।