ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਅਤੇ ਸਿਧਾਂਤ

0
23205

ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਜੀਵਨ ਅਤੇ ਸਿਧਾਂਤ

ਕਿਰਪਾਲ ਸਿੰਘ (ਬਠਿੰਡਾ)-88378-13661

ਗੁਰੂ ਤੇਗ਼ ਬਹਾਦਰ ਸਾਹਿਬ ਜੀ ਸਿੱਖਾਂ ਦੇ ਨੌਵੇਂ ਐਸੇ ਗੁਰੂ ਹੋਏ ਹਨ, ਜਿਨ੍ਹਾਂ ਨੂੰ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਦੇ ਪੋਤਰੇ, ਚਾਰ ਸ਼ਹੀਦ ਸਾਹਿਬਜ਼ਾਦੇ (ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ) ਦੇ ਦਾਦਾ ਜੀ; ‘ਸੂਰਬੀਰ ਬਚਨ ਕੇ ਬਲੀ’ ਮੀਰੀ ਪੀਰੀ ਦੇ ਮਾਲਕ ਯੋਧੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਪੁੱਤਰ ਅਤੇ ‘‘ਸੂਰਾ ਸੋ ਪਹਿਚਾਨੀਐ, ਜੁ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟਿ ਮਰੈ, ਕਬਹੂ ਛਾਡੈ ਖੇਤੁ ’’ (ਭਗਤ ਕਬੀਰ ਜੀ/੧੧੦੫) ਵਚਨਾਂ ਨੂੰ ਅਮਲੀ ਜੀਵਨ ਵਿੱਚ ਪਹਿਰਾ ਦੇਣ ਵਾਲੇ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਹੋਣ ਦਾ ਮਾਣ ਹਾਸਲ ਹੈ। ਆਪ ਜੀ ਦਾ ਜਨਮ 5 ਵੈਸਾਖ ਸੰਮਤ 1678, ਚੰਦ੍ਰਮਾ ਦੇ ਹਿਸਾਬ ਨਾਲ ਵੈਸਾਖ ਸੁਦੀ ੫ ਮੁਤਾਬਕ 1 ਅਪ੍ਰੈਲ 1621 ਦਿਨ ਐਤਵਾਰ ਨੂੰ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ, ਜਿੱਥੇ ਅੱਜ ਕੱਲ ਗੁਰਦੁਆਰਾ ਗੁਰੂ ਕੇ ਮਹਲ ਸਥਿਤ ਹੈ, ਵਿਖੇ ਹੋਇਆ। ਸ਼੍ਰੋਮਣੀ ਕਮੇਟੀ ਵੱਲੋਂ 2003 ਵਿੱਚ ਲਾਗੂ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਇਨ੍ਹਾਂ ਦਾ ਪ੍ਰਕਾਸ਼ ਦਿਹਾੜਾ ਅੱਜ ਕੱਲ੍ਹ 5 ਵੈਸਾਖ 18 ਅਪ੍ਰੈਲ ਨੂੰ ਆਉਂਦਾ ਹੈ ਅਤੇ ਹਮੇਸ਼ਾਂ ਲਈ ਇਸੇ ਤਰੀਖ ਨੂੰ ਹੀ ਆਉਂਦਾ ਰਹੇਗਾ। ਆਪ ਜੀ ਛੇਵੇਂ ਨਾਨਕ ਸਰੂਪ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੰਜਵੇਂ ਅਤੇ ਸੱਭ ਤੋਂ ਛੋਟੇ ਸਪੁੱਤਰ ਸਨ। ਬਚਪਨ ਵਿੱਚ ਇਨ੍ਹਾਂ ਦਾ ਨਾਮ ਤਿਆਗ ਮੱਲ ਸੀ। ਗੁਰੂ ਜੀ ਦੇ ਭੈਣ ਭਰਾਵਾਂ ਦੇ ਨਾਮ ‘ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਟੱਲ ਰਾਏ ਜੀ, ਬਾਬਾ ਅਣੀ ਰਾਇ ਜੀ ਅਤੇ ਬੀਬੀ ਵੀਰੋ ਜੀ’ ਹਨ। ਦੁਨਿਆਵੀ ਵਿਦਿਆ ਤੇ ਸੰਗੀਤ ਵਿਦਿਆ ਹਾਸਲ ਕਰਨ ਤੋਂ ਇਲਾਵਾ ਉਨ੍ਹਾਂ ਭਾਈ ਗੁਰਦਾਸ ਜੀ ਦੀ ਰਹਿਨੁਮਾਈ ਹੇਠ ਗੁਰਬਾਣੀ ਅਤੇ ਹਿੰਦੂ ਮਿਥਿਹਾਸ ਪੜ੍ਹਿਆ ਅਤੇ ਤਲਵਾਰਬਾਜ਼ੀ, ਨੇਜ਼ਾਬਾਜ਼ੀ ਆਦਿਕ ਦੀ ਸਿਖਲਾਈ ਵੀ ਪ੍ਰਾਪਤ ਕੀਤੀ। ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਫ਼ੌਜ ਵਿੱਚ ਆਪ ਵੱਲੋਂ ਅੰਮ੍ਰਿਤਸਰ ਤੇ ਕਰਤਾਰਪੁਰ ਦੀ ਜੰਗ ਵਿੱਚ ਪੈਂਦੇ ਖਾਂ ਵਿਰੁੱਧ ਤੇਗ਼ ਦੇ ਜੌਹਰ ਵਿਖਾਉਣ ’ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਲਈ ਤਿਆਗ ਮੱਲ ਨਹੀਂ ਬਲਕਿ ਤੇਗ਼ ਬਹਾਦਰ ਹੋਣ ਦਾ ਲਕਬ ਵਰਤਿਆ ਤੇ ਫਿਰ ਇਸੇ ਨਾਮ ਨਾਲ ਪ੍ਰਸਿੱਧ ਹੋਏ।

ਛੋਟੀ ਉਮਰ ਵਿੱਚ ਹੀ (ਗੁਰੂ) ਤੇਗ਼ ਬਹਾਦਰ ਸਾਹਿਬ ਜੀ ਦਾ ਵਿਆਹ ਕਰਤਾਰਪੁਰ ਵਾਸੀ ਲਾਲ ਚੰਦ ਅਤੇ ਬਿਸ਼ਨ ਕੌਰ ਦੀ ਧਾਰਮਿਕ ਖ਼ਿਆਲਾਂ ਵਾਲੀ ਸਪੁੱਤਰੀ ਬੀਬੀ ਗੁਜਰੀ ਜੀ ਨਾਲ 15 ਅੱਸੂ ਸੰਮਤ 1689 ਮੁਤਾਬਕ 14 ਸਤੰਬਰ 1632 ਈ: ਨੂੰ ਹੋਇਆ।

ਗੁਰੂ ਹਰਿਰਾਇ ਜੀ ਨੇ 1644 ਈ: ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਨਾਨਕ-ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲ਼ੀ ਅਤੇ 7 ਜੁਲਾਈ ਸੰਨ 1661 ਈ: ਵਿੱਚ ਆਪਣੇ ਛੋਟੇ ਸਪੁੱਤਰ ਸ੍ਰੀ (ਗੁਰੂ) ਹਰਿਕ੍ਰਿਸਨ ਜੀ ਨੂੰ ਗੁਰੂ ਨਾਨਕ ਜੀ ਦੀ ਗੱਦੀ ਉੱਤੇ ਬਿਰਾਜਮਾਨ ਕਰ ਆਪ ਜੋਤੀ ਜੋਤ ਸਮਾ ਗਏ। ਗੁਰੂ ਹਰਿਕ੍ਰਿਸ਼ਨ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਜਾਣ ਕੇ ਸੰਗਤਾਂ ਨੂੰ ਗੁਰਿਆਈ ਬਾਰੇ ਹੁਕਮ ਦਿੱਤਾ ਕਿ ‘ਬਾਬਾ ਵਸੈ ਗ੍ਰਾਮ ਬਕਾਲੇ’ ਜਿਸ ਦਾ ਭਾਵ ਸੀ ਕਿ ਅਗਲਾ ਗੁਰੂ ਪਿੰਡ ਬਕਾਲੇ ਵਿਖੇ ਹੈ। ਗੁਰਗੱਦੀ ਦੇ ਵਾਰਸ ਬਣਨ ਦੀ ਦੌੜ ਵਿੱਚ 22 ਭੇਖੀ ਨਕਲੀ ਮੰਜੀਆਂ ਲਾ ਕੇ ਆਪਣੇ ਆਪ ਨੂੰ ਗੁਰੂ ਅਖਵਾਉਣ ਲਈ ਬੈਠ ਗਏ। ਬਾਬਾ ਧੀਰ ਮੱਲ, ਜੋ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪੋਤਰਾ, ਬਾਬਾ ਗੁਰਦਿੱਤਾ ਜੀ ਦਾ ਵੱਡਾ ਸਪੁੱਤਰ, ਗੁਰੂ ਹਰਿਰਾਇ ਜੀ ਦਾ ਵੱਡਾ ਭਰਾ ਤੇ ਗੁਰੂ ਹਰਿਕ੍ਰਿਸ਼ਨ ਜੀ ਦੇ ਤਾਇਆ ਹੋਣ ਦੇ ਹਵਾਲੇ ਨਾਲ ਆਪਣੇ ਆਪ ਨੂੰ ਅਸਲੀ ਵਾਰਸ ਹੋਣ ਦਾ ਪ੍ਰਮੁਖ ਦਾਅਵੇਦਾਰ ਮੰਨਦਾ ਸੀ। ਭਾਈ ਮੱਖਣ ਸ਼ਾਹ ਲੁਬਾਣਾ ਵੱਲੋਂ ਆਪਣੇ ਸੱਚੇ ਪ੍ਰੀਤਮ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਲੱਭ ਕੇ ‘ਗੁਰੂ ਲਾਧੋ ਰੇ’ ਦਾ ਨਾਅਰਾ ਮਾਰਨ ਵਾਲੀ ਸਾਖੀ ਤੋਂ ਸਾਰਾ ਸਿੱਖ ਜਗਤ ਵਾਕਫ਼ ਹੈ ਪਰ ਇਹ ਗੱਲ ਵੱਖਰੀ ਹੈ ਕਿ ਅੱਜ ਦਾ ਸਿੱਖ ਸ਼ਰਧਾਲੂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ’ਚ ਪ੍ਰਤੱਖ ਗੁਰੂ ਸਨਮੁਖ ਹੁੰਦਾ ਹੋਇਆ ਵੀ ਦੁੱਚਿਤੀ ਵਿੱਚ ਭਟਕਦਾ ਫਿਰਦਾ ਹੈ। ਗੁਰੂ ਹਰਿਕ੍ਰਿਸ਼ਨ ਜੀ ਦੇ ਜੋਤੀ ਜੋਤ ਸਮਾਉਣ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਗੁਰਗੱਦੀ ’ਤੇ ਬਿਰਾਜਮਾਨ ਹੋਣ ਦਾ ਦਿਹਾੜਾ 3 ਵੈਸਾਖ ਸੰਮਤ 1721 ਮੁਤਾਬਕ 30 ਮਾਰਚ 1664 ਈਸਵੀ ਹੈ, ਜੋ ਕਿ ਨਾਨਕਸਾਹੀ ਕੈਲੰਡਰ ਮੁਤਾਬਕ ਅੱਜ ਕੱਲ੍ਹ 3 ਵੈਸਾਖ ਹਰ ਸਾਲ 16 ਅਪ੍ਰੈਲ ਨੂੰ ਆਉਂਦਾ ਹੈ।

1665 ਵਿੱਚ ਮਾਲਵੇ ਦੇ ਵੱਖ-ਵੱਖ ਇਲਾਕਿਆਂ ਵਿੱਚ ਧਰਮ ਪ੍ਰਚਾਰ ਕਰਦੇ ਹੋਏ ਗੁਰੂ ਤੇਗ਼ ਬਹਾਦਰ ਸਾਹਿਬ; ਅਪ੍ਰੈਲ 1665 ਦੇ ਅਖੀਰ ਵਿੱਚ, ਧਮਧਾਨ (ਹੁਣ ਜ਼ਿਲ੍ਹਾ ਜੀਂਦ, ਹਰਿਆਣਾ) ਪੁੱਜੇ। ਧਮਧਾਨ ਵਿੱਚ ਭਾਈ ਦੱਗੋ ਸਿੱਖ ਪੰਥ ਦਾ ਮਸੰਦ ਸੀ। ਭਾਈ ਦੱਗੋ ਦਾ ਇਲਾਕੇ ਵਿੱਚ ਬੜਾ ਚੰਗਾ ਰਸੂਖ਼ ਸੀ। ਉਸ ਨੇ ਇਸ ਇਲਾਕੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਸਿੱਖੀ ਨਾਲ਼ ਜੋੜਿਆ ਸੀ। ਸੰਨ 1665 ਤੱਕ ਧਮਧਾਨ ਉਨ੍ਹਾਂ ਇਲਾਕਿਆਂ ਵਿੱਚੋਂ ਇੱਕ ਸੀ, ਜਿਨ੍ਹਾਂ ਦੇ ਵਧੇਰੇ ਵਾਸੀ ਸਿੱਖ ਪੰਥ ਦਾ ਹਿੱਸਾ ਸਨ। ਗੁਰੂ ਤੇਗ਼ ਬਹਾਦਰ ਸਾਹਿਬ ਓਥੇ ਪੁੱਜੇ ਤਾਂ ਸੈਂਕੜੇ ਸਿੱਖ ਆਪ ਜੀ ਦੇ ਦਰਸ਼ਨਾਂ ਵਾਸਤੇ ਆ ਹਾਜ਼ਰ ਹੋਏ। ਗੁਰੂ ਸਾਹਿਬ ਹਰ ਰੋਜ਼ ਦੀਵਾਨ ਸਜਾਇਆ ਕਰਦੇ ਸਨ। ਕੁੱਝ ਦਿਨ ਧਮਧਾਨ ਰਹਿਣ ਮਗਰੋਂ ਗੁਰੂ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ।  ਅਕਤੂਬਰ 1665 ਈਸਵੀ ਵਿੱਚ ਗੁਰੂ ਤੇਗ਼ ਬਹਾਦਰ ਜੀ ਨੇ ਕਹਿਲੂਰ ਦੇ ਰਾਜੇ ਦੀਪ ਚੰਦ ਤੋਂ ਪਿੰਡ ਮਾਖੋਵਾਲ ਦੀ ਜ਼ਮੀਨ ਮੁੱਲ ਲੈ ਕੇ ਅਨੰਦਪੁਰ ਸਾਹਿਬ (ਜਿਸ ਦਾ ਪਹਿਲਾ ਨਾਮ ਚੱਕ ਨਾਨਕੀ ਸੀ) ਵਸਾਇਆ।  ਔਰੰਗਜ਼ੇਬ ਨੇ ਹਿੰਦੂਆਂ ਉੱਪਰ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਗੁਰੂ ਤੇਗ਼ ਬਹਾਦੁਰ ਜੀ; ਹਿੰਦੂ ਜਨਤਾ ਨੂੰ ਦਿਲਾਸਾ ਦੇਣ ਅਤੇ ਸਿੱਖੀ ਪ੍ਰਚਾਰ ਲਈ ਪੂਰਬ ਦੇਸ਼ ਵੱਲ ਚੱਲ ਪਏ। ਅਨੰਦਪੁਰ ਤੋਂ ਘਨੌਲੀ, ਰੋਪੜ, ਮੂਲੇਵਾਲ ਹੁੰਦੇ ਹੋਏ ਤਲਵੰਡੀ ਸਾਬੋ ਪੁੱਜੇ। ਇੱਥੋਂ ਧਮਧਾਨ, ਕੁਰਕਸ਼ੇਤਰ, ਮਥੁਰਾ, ਆਗਰਾ, ਕਾਨਪੁਰ, ਅਲਾਹਾਬਾਦ, ਪ੍ਰਯਾਗ, ਕਾਂਸ਼ੀ ਆਦਿ ਹਿੰਦੂ ਤੀਰਥਾਂ ’ਤੇ ਗਏ। ਇਕੱਠੇ ਹੋਏ ਲੋਕਾਂ ਨੂੰ ਗੁਰਮਤਿ ਦ੍ਰਿੜ੍ਹ ਕਰਵਾਈ ਤੇ ਦੱਸਿਆ ਕਿ ਸੱਚਾ ਤੀਰਥ ਸਤਿ ਸੰਗਤ ਹੀ ਹੈ। ਫਿਰ ਗਯਾ ਤੋਂ ਪਟਨਾ ਵਿਖੇ ਗਏ। ਇੱਥੇ ਭਾਈ ਜੈਤਾ ਹਲਵਾਈ ਦੇ ਘਰ ਮਾਤਾ ਗੁਜਰੀ ਜੀ (ਜੋ ਮਾਂ ਬਣਨ ਵਾਲ਼ੇ ਸਨ) ਨੂੰ ਛੱਡ ਕੇ ਆਪ ਪਟਨੇ ਤੋਂ ਰਾਜ ਮਹਲ, ਮਾਲਦਾ, ਮੁਰਸ਼ਿਦਾਬਾਦ ਹੁੰਦੇ ਹੋਏ ਢਾਕੇ ਪਹੁੰਚੇ। ਇਸੇ ਦੌਰਾਨ 9ਵੇਂ ਨਾਨਕ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਘਰ ਸਿੱਖਾਂ ਦੇ ਦਸਵੇਂ ਗੁਰੂ; (ਗੁਰੂ) ਗੋਬਿੰਦ ਰਾਇ ਜੀ (1699 ਤੋਂ ਬਾਅਦ ਨਾਮ ਗੁਰੂ ਗੋਬਿੰਦ ਸਿੰਘ ਜੀ) ਦਾ ਜਨਮ ਪੋਹ ਸੁਦੀ ੭, 23 ਪੋਹ ਬਿਕ੍ਰਮੀ ਸੰਮਤ 1723 (ਨਾਨਕਸ਼ਾਹੀ ਸੰਮਤ 198); 22 ਦਸੰਬਰ 1666 ਈ: ਨੂੰ ਪਟਨੇ ਸ਼ਹਿਰ (ਪੁਰਾਣਾ ਨਾਂ ਪਾਟਲੀ ਪੁੱਤਰ) ਬਿਹਾਰ ਵਿਖੇ (ਵਿਆਹ ਤੋਂ 34 ਸਾਲ ਬਾਅਦ) ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ।

ਗੁਰੂ ਤੇਗ਼ ਬਹਾਦਰ ਸਾਹਿਬ; ਮਾਰਚ 1673 ਦੇ ਆਖ਼ਰੀ ਹਫ਼ਤੇ ਤੋਂ 10 ਜੁਲਾਈ 1675 ਤੱਕ ਚੱਕ ਨਾਨਕੀ ਵਿੱਚ ਰਹੇ। ਓਨੀਂ ਦਿਨੀਂ ਔਰੰਗਜ਼ੇਬ ਤਲਵਾਰ ਦੇ ਜ਼ੋਰ ਨਾਲ਼ ਹਰੇਕ ਭਾਰਤੀ ਨੂੰ ਮੁਸਲਮਾਨ ਬਣਾ ਰਿਹਾ ਸੀ। ਔਰੰਗਜ਼ੇਬ ਦੇ ਜ਼ੁਲਮ ਦਾ ਸ਼ਿਕਾਰ ਬਣੇ ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ ਕਿਸੇ ਪਾਸੇ ਨਾ ਸੁਣੀ ਗਈ ਤਾਂ ਉਨ੍ਹਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਰਨ ਲੈਣ ਦਾ ਨਿਸ਼ਚਾ ਕੀਤਾ।  25 ਮਈ 1675 ਈਸਵੀ ਦੇ ਦਿਨ 16 ਕਸ਼ਮੀਰੀ ਬ੍ਰਾਹਮਣਾਂ ਦਾ ਇੱਕ ਜੱਥਾ ਇੱਕ ਮੋਹਤਬਰ ਸਿੱਖ ਆਗੂ ਭਾਈ ਕਿਰਪਾ ਰਾਮ ਦੱਤ ਦੀ ਮਦਦ ਨਾਲ਼ ਚੱਕ ਨਾਨਕੀ ਵਿਖੇ ਆਇਆ ਅਤੇ ਗੁਰੂ ਸਾਹਿਬ ਦੇ ਦਰਬਾਰ ’ਚ ਉਨ੍ਹਾਂ ਫ਼ਰਿਆਦ ਕੀਤੀ ਕਿ ਅਸੀਂ, ਕਸ਼ਮੀਰ ਦੇ ਨਵੇਂ ਮੁਸਲਮਾਨ ਗਵਰਨਰ ਇਫ਼ਤਿਖ਼ਾਰ ਖ਼ਾਨ ਦੇ ਜ਼ੁਲਮ ਤੋਂ ਤੰਗ ਆ ਚੁੱਕੇ ਹਾਂ। ਉਹ ਹਰ ਰੋਜ਼ ਸੈਂਕੜੇ ਬ੍ਰਾਹਮਣਾਂ ਨੂੰ ਜਬਰੀ ਮੁਸਲਮਾਨ ਬਣਾ ਰਿਹਾ ਹੈ। ਅਸੀਂ ਔਰੰਗਜ਼ੇਬ ਦੇ ਹਿੰਦੂ-ਰਾਜਪੂਤ ਵਜ਼ੀਰਾਂ ਤੱਕ ਵੀ ਪਹੁੰਚ ਕੀਤੀ ਹੈ। ਉਨ੍ਹਾਂ ਨੇ ਆਪਣੀ ਬੇਵੱਸੀ ਜ਼ਾਹਰ ਕੀਤੀ ਹੈ। ਅਸੀਂ ਕੇਦਾਰ ਨਾਥ, ਬਦਰੀ ਨਾਥ, ਪੁਰੀ, ਦੁਆਰਕਾ, ਕਾਂਚੀ, ਮਥੁਰਾ ਤੇ ਹੋਰ ਸਾਰੇ ਹਿੰਦੂ ਕੇਂਦਰਾਂ ਤੋਂ ਹੋ ਆਏ ਹਾਂ, ਪਰ ਕਿਸੇ ਨੇ ਸਾਡੀ ਬਾਂਹ ਨਹੀਂ ਫੜੀ। ਹੁਣ ਸਾਡੀ ਆਖ਼ਰੀ ਆਸ ਸਿਰਫ਼ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਹੀ ਬਚੀ ਹੈ। ਗੁਰੂ ਤੇਗ਼ ਬਹਾਦਰ ਸਾਹਿਬ ਨੇ ਬ੍ਰਾਹਮਣਾਂ ਦੀ ਨਿੰਮੋਝੂਣਤਾ ਵੇਖ ਉਨ੍ਹਾਂ ਨੂੰ ਕਿਹਾ ਕਿ ‘ਗੁਰੂ ਨਾਨਕ ਸਾਹਿਬ ਦੇ ਦਰ ਤੋਂ ਕਦੇ ਕੋਈ ਖ਼ਾਲੀ ਨਹੀਂ ਜਾਂਦਾ। ਵਾਹਿਗੁਰੂ ਤੁਹਾਡੀ ਮਦਦ ਕਰਨਗੇ। ਜਾਓ, ਸੂਬੇਦਾਰ ਨੂੰ ਆਖ ਦਿਓ ਕਿ ਜੇ ਉਹ ਗੁਰੂ ਤੇਗ਼ ਬਹਾਦਰ ਨੂੰ ਮੁਸਲਮਾਨ ਬਣਾ ਲਵੇ ਤਾਂ ਸਾਰੇ ਕਸ਼ਮੀਰੀ ਬ੍ਰਾਹਮਣ ਮੁਸਲਮਾਨ ਬਣ ਜਾਣਗੇ।’

ਗੁਰੂ ਸਾਹਿਬ ਦੀ ਗੱਲ ਸੁਣ ਕੇ ਬ੍ਰਾਹਮਣਾਂ ਦੀ ਜਾਨ ਵਿੱਚ ਜਾਨ ਆ ਗਈ। ਆਪ ਜੀ ਦੇ ਵਚਨ ਸੁਣ ਕੇ ਪੂਰੇ ਦਰਬਾਰ ਵਿੱਚ ਸਨਾਟਾ ਛਾ ਗਿਆ। ਆਪ ਜੀ ਦੇ ਸਪੁੱਤਰ ਬਾਲ ਗੋਬਿੰਦ ਰਾਇ ਜੀ ਨੇ ਆਪ ਜੀ ਤੋਂ ਇਸ ਖ਼ਾਮੋਸ਼ੀ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਜਵਾਬ ਦਿੱਤਾ ਕਿ ਅਤਿਆਚਾਰ ਦੇ ਭਾਂਬੜ ਬਹੁਤ ਉੱਚੇ ਚਲੇ ਗਏ ਹਨ। ਜਿਸ ਵਿੱਚ ਇਹ ਨਿਤਾਣੇ ਬਾਲਣ ਦੀ ਥਾਂ ਝੋਕੇ ਜਾ ਰਹੇ ਹਨ। ਹੁਣ ਕਿਸੇ ਮਹਾਂ ਪੁਰਖ ਦੇ ਬਲੀਦਾਨ ਦੀ ਲੋੜ ਹੈ, ਜੋ ਆਪਣੇ ਪਵਿੱਤਰ ਖ਼ੂਨ ਦੇ ਛਿੱਟੇ ਮਾਰ ਕੇ ਬਲਦੇ ਭਾਂਬੜਾਂ ਨੂੰ ਸ਼ਾਂਤ ਕਰ ਸਕੇ। ਬਾਲ ਗੋਬਿੰਦ ਰਾਇ ਜੀ ਨੇ ਕਿਹਾ ਕਿ ਆਪ ਜੀ ਤੋਂ ਬਿਨਾਂ ਹੋਰ ਮਹਾਂ ਪੁਰਖ ਕੌਣ ਹੋ ਸਕਦਾ ਹੈ ? ਆਪ ਆਪਣਾ ਬਲੀਦਾਨ ਦੇ ਕੇ ਇਨ੍ਹਾਂ ਦੇ ਅਲੋਪ ਹੁੰਦੇ ਧਰਮ ਦੀ ਰੱਖਿਆ ਕਰੋ। ਆਪਣੇ ਬਾਲ ਦੇ ਮੂੰਹੋਂ ਐਨੀ ਵੱਡੀ ਗੱਲ ਸੁਣ ਕੇ ਗੁਰੂ ਜੀ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਬਾਲਕ ਆਉਣ ਵਾਲੀ ਹਰ ਔਖੀ ਤੋਂ ਔਖੀ ਘੜੀ ਦਾ ਸਾਮ੍ਹਣਾ ਕਰਨ ਲਈ ਹਰ ਪੱਖੋਂ ਸਮਰੱਥ ਹੈ। ਆਪ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦੇਣ ਦਾ ਫ਼ੈਸਲਾ ਕਰ ਲਿਆ। ਗੁਰੂ ਜੀ ਨੇ ਕਸ਼ਮੀਰੀ ਪੰਡਿਤਾਂ ਨੂੰ ਕਿਹਾ ਕਿ ਤੁਸੀਂ ਨਿਸ਼ਚਿੰਤ ਹੋ ਕੇ ਜਾਓ ਤੇ ਕਹਿ ਦਿਓ ਕਿ ਪਹਿਲਾਂ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਲਵੇ।  ਜੇ ਉਨ੍ਹਾਂ ਨੇ ਇਸਲਾਮ ਧਰਮ ਕਬੂਲ ਕਰ ਲਿਆ ਤਾਂ ਅਸੀਂ ਵੀ ਖ਼ੁਸ਼ੀ-ਖ਼ੁਸ਼ੀ ਮੁਸਲਮਾਨ ਬਣ ਜਾਵਾਂਗੇ।

ਜਦੋਂ ਗੁਰੂ ਜੀ ਦਾ ਸੁਨੇਹਾ ਇਸਲਾਮ ਦੇ ਨਸ਼ੇ ਵਿੱਚ ਧੁੱਤ ਔਰੰਗਜ਼ੇਬ ਨੂੰ ਦਿੱਤਾ ਗਿਆ ਤਾਂ ਉਸ ਨੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਦੂਸਰੇ ਪਾਸੇ ਗੁਰੂ ਜੀ ਨੇ ਕੁਝ ਚੋਣਵੇਂ ਸਿੱਖ (ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਆਦਿਕ) ਸਮੇਤ ਆਪ ਹੀ ਦਿੱਲੀ ਵੱਲ ਜਾਣ ਦੀ ਤਿਆਰੀ ਕਰ ਲਈ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਗੁਰੂ ਜੀ ਦੇ ਦਿੱਲੀ ਵੱਲ ਜਾਣ ਤੋਂ ਪਹਿਲਾਂ ਬਾਲਕ ਗੋਬਿੰਦ ਰਾਇ ਜੀ ਨੂੰ 8 ਜੁਲਾਈ 1675 ਨੂੰ ਗੁਰਿਆਈ ਸੌਂਪ ਦਿੱਤੀ ਸੀ। ਕੇਸਰ ਸਿੰਘ ਛਿਬਰ ਬੰਸਾਵਲੀਨਾਮਾ ਮੁਤਾਬਕ ਗੁਰੂ ਜੀ ਨੂੰ ਦਿੱਲੀ ਵੱਲ ਜਾਂਦਿਆਂ ਰੋਪੜ ਦੇ ਥਾਣੇਦਾਰ ਮਿਰਜ਼ਾ ਨੂਰ ਮੁਹੰਮਦ ਖ਼ਾਨ ਨੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਤਿੰਨ ਮਹੀਨੇ ਬੱਸੀ ਪਠਾਣਾ ਦੇ ਕਿਲ੍ਹੇ ਵਿੱਚ ਰੱਖਿਆ ਗਿਆ ਕਿਉਂਕਿ ਔਰੰਗਜ਼ੇਬ ਹਸਨ ਅਬਦਾਲ (ਪਾਕਿਸਤਾਨ) ਵਿੱਚ ਸੀ। ਇੱਥੇ ਕਿਲ੍ਹੇ ਵਿੱਚ ਹੀ ਔਰੰਗਜ਼ੇਬ ਦੇ ਹੁਕਮਾਂ ਮੁਤਾਬਕ ਸੈਫ਼-ਉਦ-ਦੀਨ ਨੇ ਗੁਰੂ ਜੀ ਨਾਲ਼ ਕਈ ਵਾਰ ਧਾਰਮਿਕ ਚਰਚਾਵਾਂ ਕੀਤੀਆਂ ਅਤੇ ਇਸਲਾਮ ’ਚ ਲਿਆਉਣ ਲਈ ਦਬਾਅ ਬਣਾਇਆ ਗਿਆ, ਪਰ ਗੁਰੂ ਜੀ ਨੇ ਉਨ੍ਹਾਂ ਦੀ ਉਮੀਦ ਦੇ ਉਲ਼ਟ ਉੱਤਰ ਦਿੱਤਾ ਕਿ ਧਰਮ ਜ਼ਬਰਦਸਤੀ ਤਲਵਾਰਾਂ ਦੀ ਨੋਕ ਉੱਤੇ ਨਹੀਂ ਬਦਲਾਇਆ ਜਾ ਸਕਦਾ। ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਕੇ ਨਾ ਤਾਂ ਤੁਸੀਂ ਸੱਚੇ ਮੁਸਲਮਾਨ ਹੋਣ ਦਾ ਸੰਕੇਤ ਦੇ ਰਹੇ ਹੋ, ਨਾ ਹੀ ਰੱਬ ਦੀ ਰਜ਼ਾ ਅਨੁਸਾਰ ਚੱਲ ਰਹੇ ਹੋ ਅਤੇ ਨਾ ਹੀ ਆਪਣੀ ਪਰਜਾ ਪ੍ਰਤੀ ਆਪਣੇ ਕਰਤੱਵ ਦਾ ਪਾਲਣ ਕਰ ਰਹੇ ਹੋ। ਬਾਦਸ਼ਾਹ ਹੋਣ ਦੇ ਨਾਂ ’ਤੇ ਤੁਹਾਡਾ ਫ਼ਰਜ਼ ਹੈ ਕਿ ਤੁਸੀਂ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਬਰਾਬਰ ਸਮਝੋ, ਪਰ ਇਸ ਦੇ ਉਲ਼ਟ ਤੁਸੀਂ ਤਾਂ ਹਿੰਦੂਆਂ ਨੂੰ ਆਪਣੇ ਅੰਨ੍ਹੇ ਜ਼ੁਲਮ ਦਾ ਸ਼ਿਕਾਰ ਬਣਾਇਆ ਹੈ। ਤੁਹਾਡੇ ਇਸ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਅਤੇ ਮਜ਼ਲੂਮਾਂ (ਹਿੰਦੂਆਂ) ਦੀ ਰੱਖਿਆ ਲਈ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ। ਤੁਸੀਂ ਬਾਦਸ਼ਾਹ ਹੋਣ ਦੇ ਨਾਂ ’ਤੇ ਆਪਣੀ ਪਰਜਾ ਤੋਂ ਮੂੰਹ ਮੋੜੀ ਬੈਠੇ ਹੋ ਪਰ ਅਸੀਂ ਇਨ੍ਹਾਂ ਦੀ ਬਾਂਹ ਪਕੜਨ ਲਈ ਆਏ ਹਾਂ। ਕਵੀ ਕੇਸ਼ਵ ਭੱਟ; ਗੁਰੂ ਜੀ ਦੀ ਕਥਨੀ ਅਤੇ ਕਰਨੀ ਬਾਰੇ ਲਿਖਦਾ ਹੈ ਬਾਂਹਿ ਜਿਨਾਂ ਦੀ ਪਕੜੀਏ, ਸਿਰ ਦੀਜੈ ਬਾਂਹਿ ਛੋੜੀਏ ਤੇਗ਼ ਬਹਾਦਰ ਬੋਲਿਆ, ਧਰ ਪਈਐ ਧਰਮ ਛੋੜੀਏ

ਗੁਰੂ ਜੀ ਨੂੰ ਚੜ੍ਹਦੀ ਕਲਾ ਵਿੱਚ, ਉਨ੍ਹਾਂ ਦੁਆਰਾ ਇਸਲਾਮ ਨਾ ਕਬੂਲਣ ਅਤੇ ਕੁਰਬਾਨੀ ਲਈ ਤਿਆਰ ਅਟੱਲ ਨਿਸ਼ਚੇ ਨੂੰ ਵੇਖ ਕੇ ਔਰੰਗਜ਼ੇਬ ਤੱਕ ਸਭ ਹਾਕਮ ਗੁੱਸੇ ਵਿੱਚ ਸਨ। ਉਨ੍ਹਾਂ ਦੇ ਮਨਸੂਬਿਆਂ ਦੀਆਂ ਨੀਹਾਂ ਹਿੱਲ ਰਹੀਆਂ ਸਨ। ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਚੌਥੇ ਮਹੀਨੇ ਤਿੰਨੇ ਸਿੱਖਾਂ ਸਮੇਤ ਗੁਰੂ ਜੀ ਨੂੰ ਦਿੱਲੀ ਲਿਜਾਇਆ ਗਿਆ। ਆਪਣੀ ਹਾਰ ਹੁੰਦੀ ਵੇਖ ਆਖ਼ਿਰ ਹੁਕਮ ਸੁਣਾਇਆ ਗਿਆ ਕਿ ਗੁਰੂ ਅਤੇ ਇਸ ਦੇ ਮੁਰੀਦਾਂ ਨੂੰ ਤਸੀਹੇ ਦੇ-ਦੇ ਕੇ ਮਾਰ ਦਿੱਤਾ ਜਾਵੇ।

ਪਹਿਲਾਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਦਿਆਲਾ ਜੀ ਨੂੰ ਗਰਮ ਪਾਣੀ ਦੀ ਉਬਲਦੀ ਦੇਗ ਵਿੱਚ ਉਬਾਲ਼ਿਆ ਗਿਆ ਅਤੇ ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ। ਇਸ ਪ੍ਰਕਾਰ ਇੱਕ-ਇੱਕ ਕਰ ਕੇ ਗੁਰੂ ਜੀ ਦੇ ਮੁਰੀਦਾਂ ਨੂੰ ਦਿੱਤੇ ਅਣਮਨੁੱਖੀ ਤਸੀਹਿਆਂ ਨੂੰ ਵੇਖ ਕੇ ਵੀ ਗੁਰੂ ਜੀ ਅਡੋਲ ਰਹੇ ਸਗੋਂ ਸਿਦਕ ਹੋਰ ਵੀ ਦ੍ਰਿੜ੍ਹ ਹੋ ਗਿਆ।

ਅੰਤ ਮਿਤੀ 11 ਮੱਘਰ ਸੰਮਤ 1732 ਮੁਤਾਬਕ 11 ਨਵੰਬਰ, 1675 ਈ: ਨੂੰ ਚਾਂਦਨੀ ਚੌਕ; ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸੀਸ ਗੰਜ ਸੁਸ਼ੋਭਿਤ ਹੈ, ਵਿਖੇ ਕਾਜ਼ੀ ਨੇ ਫਤਵਾ ਪੜ੍ਹਿਆ। ਜੱਲਾਦ ਜਲਾਲ-ਉ-ਦੀਨ ਨੇ ਤਲਵਾਰ ਨਾਲ ਵਾਰ ਕੀਤਾ ਅਤੇ ਗੁਰੂ ਸਾਹਿਬ ਜੀ ਦਾ ਸੀਸ ਧੜ ਨਾਲੋਂ ਅਲੱਗ ਕਰ ਦਿੱਤਾ, ਪਰ ਉਨ੍ਹਾਂ ਆਪਣੇ ਮੂੰਹੋਂ ਸੀ ਨਾ ਉਚਾਰੀ। ਆਪ ਜੀ ਦੀ ਲਾਸਾਨੀ ਸ਼ਹਾਦਤ ਨਾਲ ਦਿੱਲੀ ਦਾ ਦਿਲ ਕੰਬ ਉੱਠਿਆ ਅਤੇ ਲੋਕਾਂ ਅੰਦਰ ਤਰਥੱਲੀ ਮੱਚ ਉੱਠੀ। ਜੱਲਾਦ ਦਾ ਦਿਲ ਦਹਿਲ ਗਿਆ ਤੇ ਉਹ ਤਲਵਾਰ ਸੁੱਟ ਜਾਮਾ ਮਸਜਿਦ ਵੱਲ ਭੱਜ ਗਿਆ।

ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦੇਣ ਦੇ ਨਾਲ਼-ਨਾਲ਼ ਔਰੰਗਜ਼ੇਬ ਦਾ ਇਹ ਵੀ ਹੁਕਮ ਸੀ ਕਿ ਗੁਰੂ ਸਾਹਿਬ ਦੀ ਦੇਹ ਦੇ ਟੁਕੜੇ ਕਰ ਕੇ ਸ਼ਹਿਰ ਦੇ ਚਾਰੇ ਪਾਸੇ ਲਟਕਾ ਦਿੱਤੇ ਜਾਣ ਪਰ ਹਨ੍ਹੇਰਾ ਪੈ ਚੁੱਕਾ ਹੋਣ ਕਰ ਕੇ ਅਤੇ ਸਖ਼ਤ ਹਨ੍ਹੇਰੀ ਆਉਣ ਕਰ ਕੇ ਉਸ ਦੇ ਇਸ ਹੁਕਮ ’ਤੇ ਅਮਲ ਨਾ ਹੋ ਸਕਿਆ। ਉੱਧਰ ਭਾਈ ਜੈਤਾ, ਭਾਈ ਨਾਨੂਰਾਮ, ਭਾਈ ਤੁਲਸੀ ਤੇ ਭਾਈ ਊਦੇ ਜੀ ਨੇ ਗੁਰੂ ਸਾਹਿਬ ਦਾ ਸੀਸ ਚੁੱਕ ਕੇ ਲਿਆਉਣ ਦੀ ਤਰਕੀਬ ਘੜ ਰੱਖੀ ਸੀ। ਭਾਈ ਜੈਤਾ ਜੀ ਰਾਤ ਦੇ ਹਨ੍ਹੇਰੇ ਵਿੱਚ ਗੁਰੂ ਸਾਹਿਬ ਦਾ ਸੀਸ ਚੁੱਕ ਲਿਆਇਆ। ਦੂਜੇ ਪਾਸੇ ਭਾਈ ਲੱਖੀ ਸ਼ਾਹ ਵਣਜਾਰਾ (ਭਾਈ ਮਨੀ ਸਿੰਘ ਦੇ ਸਹੁਰਾ) ਨੇ ਆਪਣੇ ਪੁੱਤਰਾਂ (ਭਾਈ ਨਿਗਾਹੀਆ, ਹੇਮਾ ਤੇ ਹਾੜੀ) ਦੀ ਮਦਦ ਨਾਲ, ਗੁਰੂ ਸਾਹਿਬ ਦਾ ਧੜ ਚੁੱਕ ਲਿਆਂਦਾ ਅਤੇ ਆਪਣੇ ਘਰ ਅੰਦਰ ਹੀ ਧੜ ਦਾ ਸਸਕਾਰ ਕਰ ਦਿੱਤਾ। ਗੁਰੂ ਜੀ ਦੇ ਸਸਕਾਰ ਵਾਲੇ ਅਸਥਾਨ ’ਤੇ ਹੁਣ ਗੁਰਦਵਾਰਾ ਰਕਾਬ ਗੰਜ ਸੁਸ਼ੋਭਿਤ ਹੈ।

ਤਦ ਰਾਇਸੀਨਾ ਪਿੰਡ ਦੀ ਸਾਰੀ ਜ਼ਮੀਨ; ਜਿਸ ਜਗ੍ਹਾ ਅੱਜ ਰਾਸਟਰਪਤੀ ਭਵਨ ਅਤੇ ਪਾਰਲੀਮੈਂਟ ਹਨ, ਭਾਈ ਲੱਖੀ ਸ਼ਾਹ ਜੀ ਦੀ ਸੀ। ਅੰਗਰੇਜ਼ਾਂ ਦੁਆਰਾ 1913 ਵਿੱਚ ਦਿੱਲੀ ਨੂੰ ਰਾਜਧਾਨੀ ਬਣਾਉਣ ਸਮੇਂ ਇਹ ਜਬਰਨ ਲੈ ਲਈ ਗਈ।  14 ਜਨਵਰੀ 1914 ਨੂੰ ਗੁਰਦਵਾਰਾ ਰਕਾਬ ਗੰਜ ਦੀ ਬਾਹਰਲੀ ਕੰਧ ਵੀ ਢਾਹ ਦਿੱਤੀ ਸੀ ਅਤੇ ਇਸ ਦਾ ਕੁੱਝ ਹਿੱਸਾ ਕਬਜ਼ੇ ਵਿੱਚ ਲੈਣਾ ਚਾਹੁੰਦੇ ਸਨ ਪਰ ਸਿੱਖਾਂ ਨੇ ਇਸ ਦਾ ਵਿਰੋਧ ਕੀਤਾ। ਇਸ ਵਿਰੁਧ ਮੋਰਚਾ ਵੀ ਲਾਇਆ। ਦਬਾਅ ’ਚ ਆਈ ਅੰਗਰੇਜ਼ ਸਰਕਾਰ ਨੇ ਆਪਣਾ ਫ਼ੈਸਲਾ ਵਾਪਸ ਲੈ ਲਿਆ।

ਵਿਸ਼ਵ-ਇਤਿਹਾਸ ਵਿੱਚ ਗੁਰੂ ਜੀ ਦੀ ਕੁਰਬਾਨੀ ਵਿਲੱਖਣ ਹੈ ਅਤੇ ਵਿਸ਼ੇਸ਼ ਅਰਥ ਰੱਖਦੀ ਹੈ। ਵਿਲੱਖਣਤਾ ਇਸ ਗੱਲ ਵਿੱਚ ਹੈ ਕਿ ਇਹ ਕੁਰਬਾਨੀ ਆਪਣੇ ਲਈ ਨਹੀਂ, ਆਪਣੇ ਭਾਈਚਾਰੇ ਲਈ ਨਹੀਂ ਬਲਕਿ ਮਾਨਵਤਾ ਨੂੰ ਬਚਾਉਣ ਖ਼ਾਤਰ ਦਿੱਤੀ ਗਈ ਸੀ। ਇਉਂ ਇਸ ਗੌਰਵਮਈ ਸ਼ਹਾਦਤ ਨੇ ਸਿਰਫ਼ ਸਿੱਖ ਇਤਿਹਾਸ ਨੂੰ ਹੀ ਨਵਾਂ ਮੋੜ ਨਹੀਂ ਦਿੱਤਾ ਸਗੋਂ ਪੂਰੇ ਵਿਸ਼ਵ ਨੂੰ ਹੱਕ, ਸੱਚ, ਇਨਸਾਫ਼ ਅਤੇ ਧਰਮ ਲਈ ਲੜਨ ਲਈ ਬਲ ਬਖ਼ਸ਼ਿਆ। ਗੁਰੂ ਜੀ ਦੀ ਸ਼ਹਾਦਤ ਨੇ ਉਸ ਸਮੇਂ ਦੇ ਮਜਲੂਮਾਂ, ਨਿਤਾਣਿਆਂ, ਨਿਓਟਿਆਂ ਅਤੇ ਨਿਮਾਣਿਆਂ ਦੇ ਹਿਰਦੇ ਵਿੱਚ ਇੱਕ ਨਵੀਂ ਊਰਜਾ ਭਰ ਦਿੱਤੀ, ਜਿਸ ਨੇ ਅਗਾਂਹ ਜਾ ਕੇ ਮੁਗਲ ਹਕੂਮਤ ਨਾਲ਼ ਯੁੱਧ ਲੜੇ ਤੇ ਜਿੱਤੇ। ਆਪ ਜੀ ਦੀ ਕੁਰਬਾਨੀ ਨਾ ਸਿਰਫ਼ ਸਮਕਾਲੀਨ ਸਮਾਜ ਲਈ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪ੍ਰੇਰਨਾ-ਸਰੋਤ ਬਣੀ ਰਹੇਗੀ।

ਅੱਜ 21ਵੀਂ ਸਦੀ ਦੇ ਸੰਦਰਭ ਵਿੱਚ ਇਸ ਸ਼ਹਾਦਤ ਦੀ ਮਹੱਤਤਾ ਹੋਰ ਵੀ ਦ੍ਰਿੜ੍ਹ ਹੋ ਜਾਂਦੀ ਹੈ ਕਿਉਂਕਿ ਅੱਜ ਫਿਰ ਸਾਡਾ ਸਮਾਜ ਭਾਸ਼ਾ ਦੇ ਨਾਂ ’ਤੇ, ਧਰਮ ਦੇ ਨਾਂ ’ਤੇ ਅਣਗਿਣਤ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਗੁਰੂ ਜੀ ਦੀ ਲਾਸਾਨੀ ਸ਼ਹਾਦਤ ਦੀ ਰੌਸ਼ਨੀ ਹੀ ਇਨ੍ਹਾਂ ਕੱਟੜਤਾ ਦੇ ਨਸ਼ੇ ਵਿੱਚ ਅੰਨ੍ਹੇ ਹੋਏ ਹਿੰਸਾਵਾਦੀਆਂ ਨੂੰ ਚਾਨਣ ਦੀ ਕਿਰਨ ਪ੍ਰਦਾਨ ਕਰਦੀ ਹੈ। ਅੱਜ ਦੇ ਸਮੇਂ ਉਸ ਮਹਾਨ ਸ਼ਹੀਦ ਨੂੰ ਸਾਡੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਮਨੁੱਖ ਦੇ ਬਣਾਏ ਧਰਮ ਤੋਂ ਉੱਪਰ ਉੱਠ ਕੇ ਸਰਬ ਸਾਂਝੇ ਧਰਮ ਅਰਥਾਤ ਮਾਨਵਤਾ, ਅਹਿੰਸਾ, ਦਇਆ, ਅਮਨ ਅਤੇ ਅਖੰਡਤਾ ਦੇ ਰਸਤੇ ਉੱਪਰ ਕਦਮ ਧਰਦੇ ਜਾਈਏ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ‘ਮਹਲਾ ੯’ ਦੇ ਸਿਰਲੇਖ ਹੇਠਾਂ 15 ਰਾਗਾਂ ਵਿੱਚ 59 ਸ਼ਬਦਾਂ ਹਨ, ਜਿਨ੍ਹਾਂ ਦਾ ਵੇਰਵਾ ਇਉਂ ਹੈ : ਰਾਗ ਗਉੜੀ ’ਚ 9 ਸ਼ਬਦ, ਰਾਗ ਆਸਾ ’ਚ 1 ਸ਼ਬਦ, ਰਾਗ ਦੇਵਗੰਧਾਰੀ ’ਚ 3 ਸ਼ਬਦ, ਰਾਗ ਬਿਹਾਗੜਾ ’ਚ 1 ਸ਼ਬਦ, ਰਾਗ ਸੋਰਠਿ ’ਚ 12 ਸ਼ਬਦ, ਰਾਗ ਧਨਾਸਰੀ ’ਚ 4 ਸ਼ਬਦ, ਰਾਗ ਜੈਤਸਰੀ ’ਚ 3 ਸ਼ਬਦ, ਰਾਗ ਟੋਡੀ ’ਚ 1 ਸ਼ਬਦ, ਰਾਗ ਤਿਲੰਗ ’ਚ 3 ਸ਼ਬਦ, ਰਾਗ ਰਾਮਕਲੀ ’ਚ 3 ਸ਼ਬਦ, ਰਾਗ ਮਾਰੂ ’ਚ 3 ਸ਼ਬਦ, ਰਾਗ ਬਿਲਾਵਲ ’ਚ 3 ਸ਼ਬਦ, ਰਾਗ ਬਸੰਤੁ ’ਚ 5 ਸ਼ਬਦ, ਰਾਗ ਸਾਰੰਗ ’ਚ 4 ਸ਼ਬਦ, ਰਾਗ ਜੈਜਾਵੰਤੀ ’ਚ 4 ਸ਼ਬਦ। ਇਨ੍ਹਾਂ ਸ਼ਬਦਾਂ ਤੋਂ ਇਲਾਵਾ ਰਾਗ ਮੁਕਤ 57 ਸਲੋਕ ਹਨ, ਜੋ ‘ਸਲੋਕ ਵਾਰਾਂ ਤੇ ਵਧੀਕ’ ਤੋਂ ਬਾਅਦ ਦਰਜ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤ ’ਚ ਦਰਜ ਹੋਣ ਕਾਰਨ ਇਨ੍ਹਾਂ ਸਲੋਕਾਂ ਨੂੰ ਭੋਗ ਦੇ ਸਮੇਂ ਪੜ੍ਹੇ ਜਾਣ ਵਾਲ਼ੇ ਸਲੋਕ ਵੀ ਕਿਹਾ ਜਾਂਦਾ ਹੈ। ਇਸ ਬਾਣੀ ਰਾਹੀਂ ਗੁਰੂ ਸਾਹਿਬ ਜੀ ਦੇ ਮਹਾਨ ਜੀਵਨ ਅਤੇ ਸਿੱਖਿਆ ਤੋਂ ਸੇਧ ਲੈਣ ਦੀ ਬਜਾਏ ਕੁਝ ਲੋਕਾਂ ਨੇ ਇੱਕ ਗਿਣੀ ਮਿਥੀ ਸਾਜਸ਼ ਅਧੀਨ ਮਨਮਤੀ ਕਥਾਵਾਂ ਜੋੜ ਦਿੱਤੀਆਂ, ਜਿਨ੍ਹਾਂ ਵਿੱਚੋਂ ਖ਼ਾਸ ਕਰ ਦੋ ਸਾਖੀਆਂ ਦਾ ਇੱਥੇ ਜ਼ਿਕਰ ਕਰਨਾ ਜ਼ਰੂਰੀ ਹੈ।

ਪਹਿਲੀ ਇਹ ਹੈ ਕਿ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਨੇ ਬਾਬਾ ਬਕਾਲਾ ਵਿਖੇ ਇੱਕ ਭੋਰੇ ਵਿੱਚ ਬੈਠ ਕੇ 26 ਸਾਲ ਤਪੱਸਿਆ ਕੀਤੀ। ਭਾਈ ਮੱਖਣ ਸ਼ਾਹ ਲੁਬਾਣੇ ਨੇ ਇਸ ਭੋਰੇ ਵਿੱਚੋਂ ਹੀ ਗੁਰੂ ਜੀ ਨੂੰ ਲੱਭ ਕੇ ਪ੍ਰਗਟ ਕੀਤਾ ਸੀ। ਗੁਰੂ ਸਿੱਖਿਆ ਤੋਂ ਉਲਟ ਘੜੀ ਇਸ ਸਾਖੀ ਨੂੰ ਭੋਲ਼ੇ ਸ਼ਰਧਾਲੂ ਸਿੱਖ; ਗੁਰੂ ਦੀ ਬਾਣੀ ਤੋਂ ਵੀ ਵੱਧ ਸੱਚੀ ਮੰਨੀ ਬੈਠੇ ਹਨ। ਜਦੋਂ ਅਸੀਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਅੱਠਵੀਂ ਪਾਤਸ਼ਾਹੀ ਗੁਰੂ ਹਰਿਕ੍ਰਿਸ਼ਨ ਜੀ ਤੱਕ ਦੀ ਸਿੱਖਿਆ ਵੱਲ ਧਿਆਨ ਮਾਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਹਰੇਕ ਗੁਰੂ ਸਾਹਿਬਾਨ ਜੀ ਨੇ ਭੋਰਿਆਂ ਅਤੇ ਪਹਾੜਾਂ ਦੀਆਂ ਕੁੰਦਰਾਂ ਵਿੱਚ ਛੁਪ ਕੇ ਭਗਤੀ ਕਰਨ ਜਾਂ ਜੰਗਲ਼ਾਂ ਵਿੱਚ ਰੱਬ ਲੱਭਣ ਵਾਲੇ ਪਾਖੰਡ ਦਾ ਖੰਡਨ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ ਦੀ ਸਿੱਧਾਂ ਨਾਲ ਹੋਈ ਵਾਰਤਲਾਪ ਦੌਰਾਨ ਉਨ੍ਹਾਂ ਨੇ ਗੁਰੂ ਜੀ ਨੂੰ ਪੁੱਛਿਆ ਕਿ ਮਾਤ ਲੋਕ ਵਿੱਚ ਕਿਸ ਤਰ੍ਹਾਂ ਦਾ ਵਰਤਾਰਾ ਵਰਤ ਰਿਹਾ ਹੈ ‘‘ਫਿਰਿ ਪੁਛਣਿ ਸਿਧ  ਨਾਨਕਾਮਾਤ ਲੋਕ ਵਿਚਿ ਕਿਆ ਵਰਤਾਰਾ  ? ॥’’ (ਭਾਈ ਗੁਰਦਾਸ ਜੀ, ਵਾਰ ੧ ਪਉੜੀ ੨੯) 

ਗੁਰੂ ਨਾਨਕ ਸਾਹਿਬ ਜੀ ਨੇ ਸੁਮੇਰ ਪਰਬਤ ਦੀਆਂ ਚੋਟੀਆਂ ’ਤੇ ਬਣੀਆਂ ਗੁਫ਼ਾਵਾਂ ਵਿੱਚ ਛੁਪੇ ਜੋਗੀਆਂ ਨੂੰ ਉਪਦੇਸ਼ ਦਿੱਤਾ ਹੈ ਕਿ ਤੁਹਾਨੂੰ ਤਾਂ ਕੁਝ ਸੋਝੀ ਹੈ, ਜਿਸ ਦੀ ਸੁਚੱਜੀ ਵਰਤੋਂ ਰਾਹੀਂ ਜਗਤ ਨੂੰ ਸੇਧ ਦੇ ਕੇ ਉਨ੍ਹਾਂ ਨੂੰ ਦੁੱਖਾਂ ਤੋਂ ਮੁਕਤ ਕਰਵਾਉਣਾ ਚਾਹੀਦਾ ਸੀ, ਪਰ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭਗੌੜੇ ਹੋ ਕੇ ਛੁਪੇ ਬੈਠੇ ਹੋ ਤਾਂ ਫਿਰ ਜਗਤ ਦਾ ਪਾਰ ਉਤਾਰਾ ਕੌਣ ਕਰੇਗਾ ? ਇਸ ਵਾਰਤਾ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਇੰਝ ਕੀਤਾ ਹੈ ‘‘ਸਿਧ ਛਪਿ ਬੈਠੇ ਪਰਬਤੀ; ਕਉਣੁ ਜਗਤ੍ਰਿ ਕਉ ਪਾਰਿ ਉਤਾਰਾ’’ (ਵਾਰ ਪਉੜੀ ੨੯)

ਗੁਰੂ ਨਾਨਕ ਜੀ ਦੇ ਵਚਨ ਹਨ ਕਿ ਜੇ ਹਾਥੀ ਵਰਗੇ ਮਨ ਦੇ ਸਿਰ ’ਤੇ ਗੁਰੂ-ਕੁੰਡਾ ਨਹੀਂ ਹੈ ਤਾਂ ਜਿਹੋ ਜਿਹਾ ਅਮੋੜ ਇਹ ਗ੍ਰਹਿਸਤ ਵਿੱਚ ਰਹਿੰਦਿਆਂ ਹੈ, ਉਹੋ ਜਿਹਾ ਅਮੋੜ ਇਹ ਬਾਹਰ ਜੰਗਲ਼ਾਂ (ਇਕਾਂਤ) ਵਿੱਚ ਰਹਿੰਦਿਆਂ ਹੁੰਦਾ ਹੈ। ਪਹਾੜ ਦੀ ਗੁਫ਼ਾ ਵਿੱਚ ਭੀ ਬੈਠ ਕੇ ਮੈਂ ਕੀ ਆਖਾਂ ਕਿ ਕਿਹੋ ਜਿਹਾ ਬਣ ਗਿਆ ਹਾਂ  ? ਭਾਵ ਗੁਫ਼ਾ ਵਿੱਚ ਟਿਕੇ ਰਿਹਾਂ ਭੀ ਇਹ ਮਨ ਅਮੋੜ ਹੀ ਰਹਿੰਦਾ ਹੈ। ਸਮੁੰਦਰ ਵਿੱਚ ਵੜੇ (ਤੀਰਥਾਂ ’ਚ ਚੁੱਭੀ ਲਾਏ, ਚਾਹੇ) ਪਹਾੜ (ਦੀ ਗੁਫ਼ਾ) ਵਿੱਚ ਬੈਠੇ, ਫਿਰ ਵੀ ਨਿਰੰਤਰ ਬੇਫ਼ਿਕਰ (ਅਹੰਕਾਰੀ) ਬਣਿਆ ਰਹਿੰਦਾ ਹੈ ਜੈਸਾ ਘਰਿ, ਬਾਹਰਿ ਸੋ ਤੈਸਾ ਬੈਸਿ ਗੁਫਾ ਮਹਿ, ਆਖਉ ਕੈਸਾ  ? ਸਾਗਰਿ, ਡੂਗਰਿ, ਨਿਰਭਉ ਐਸਾ ” (ਮਹਲਾ / ੨੨੧) ਹੁਣ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਗੁਰੂ ਤੇਗ਼ ਬਹਾਦਰ ਜੀ 26 ਸਾਲ ਕਿਸੇ ਭੋਰੇ ਵਿੱਚ ਬੈਠ ਕੇ ਤਪ ਕਰਦੇ ਰਹੇ ਹੋਣ।

ਭੱਟ ਵਹੀਆਂ ਦਾ ਹਵਾਲਾ ਦਿੰਦੇ ਹੋਏ ਕੁਝ ਇਤਿਹਾਸਕਾਰਾਂ ਨੇ ਵੀ ਲਿਖਿਆ ਹੈ ਕਿ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਗੁਰੂ ਪਦਵੀ ਹਾਸਲ ਹੋਣ ਤੋਂ ਪਹਿਲਾਂ ਬਾਬਾ ਬਕਾਲਾ ਨੂੰ ਆਪਣਾ ਪ੍ਰਚਾਰ ਕੇਂਦਰ ਬਣਾਇਆ ਸੀ, ਜਿੱਥੋਂ ਉਹ ਗੁਰੂ ਹਰਿਰਾਇ ਸਾਹਿਬ ਜੀ ਦੀਆਂ ਹਦਾਇਤਾਂ ’ਤੇ ਵੱਖ ਵੱਖ ਥਾਵਾਂ ’ਤੇ ਪ੍ਰਚਾਰ ਕਰਨ ਜਾਇਆ ਕਰਦੇ ਸਨ ਅਤੇ ਪ੍ਰਚਾਰ ਉਪਰੰਤ ਵਾਪਸ ਬਾਬਾ ਬਕਾਲੇ ਆ ਜਾਂਦੇ ਸਨ। ਸ਼੍ਰੋਮਣੀ ਕਮੇਟੀ ਦੀ ਔਫੀਸ਼ਲ ਵੈੱਬਸਾਈਟ ’ਤੇ ਵੀ ਇਉਂ ਦਰਜ ਹੈ ਕਿ (ਗੁਰੂ) ਤੇਗ਼ ਬਹਾਦਰ ਜੀ ਨੇ ਬਾਬਾ ਬਕਾਲਾ ਵਿਖੇ ਠਹਿਰਾਉ ਸਮੇਂ ਗੋਇੰਦਵਾਲ, ਕੀਰਤਪੁਰ, ਹਰਿਦਵਾਰ, ਮਥੁਰਾ, ਆਗਰਾ, ਪ੍ਰਯਾਗ, ਕਾਸ਼ੀ (ਬਨਾਰਸ), ਗਯਾ, ਪਟਨਾ ਆਦਿਕ ਵੱਖ ਵੱਖ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦਾ ਪ੍ਰਚਾਰਕ ਦੌਰਾ ਕੀਤਾ। ਇਸ ਦੌਰੇ ਦੌਰਾਨ ਹੀ ਉਨ੍ਹਾਂ ਨੂੰ ਗੁਰੂ ਹਰਿਰਾਇ ਸਾਹਿਬ ਜੀ ਦੇ ਮਿਤੀ 6 ਅਕਤੂਬਰ 1661 ਨੂੰ ਜੋਤੀ ਜੋਤ ਸਮਾਉਣ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਕੀਰਤਪੁਰ ਵੱਲ ਚਾਲੇ ਪਾ ਦਿੱਤੇ।  ਵਾਪਸੀ ’ਤੇ 21 ਮਾਰਚ 1664 ਨੂੰ ਦਿੱਲੀ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਰੂ ਹਰਿਕ੍ਰਿਸ਼ਨ ਜੀ ਉੱਥੇ ਹੀ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਹਨ ਤਾਂ ਉਹ 22 ਮਾਰਚ ਨੂੰ ਗੁਰੂ ਜੀ ਨੂੰ ਦਿੱਲੀ ਵਿਖੇ ਮਿਲੇ। ਗੁਰੂ ਹਰਿਕ੍ਰਿਸਨ ਸਾਹਿਬ ਜੀ ਨੇ ਉਨ੍ਹਾਂ ਨੂੰ ਦੋ ਕੁ ਦਿਨ ਉੱਥੇ ਠਹਿਰਨ ਵਾਸਤੇ ਆਖਿਆ। ਇਹ ਦੋ ਦਿਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਨ੍ਹਾਂ ਨਾਲ ਸਮਾਜਿਕ ਹਾਲਾਤਾਂ ਬਾਰੇ ਵਿਚਾਰਾਂ ਕਰਦੇ ਰਹੇ। ਉਨ੍ਹਾਂ ਦੇ ਟੁਰਨ ਵੇਲ਼ੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉਨ੍ਹਾਂ ਨੂੰ ਕਿਹਾ ਮੈਨੂੰ ਇਲਮ ਹੋ ਰਿਹਾ ਹੈ ਕਿ ਮੈਨੂੰ ਅਕਾਲ ਪੁਰਖ ਦਾ ਬੁਲਾਵਾ ਰਿਹਾ ਹੈ ਤੇ ਜੇ ਅਜਿਹਾ ਹੋਇਆ ਤਾਂ ਗੁਰਗੱਦੀ ਤੁਸੀਂ ਸੰਭਾਲ਼ਨੀ ਹੈ  ਗੁਰੂ ਤੇਗ਼ ਬਹਾਦਰ ਸਾਹਿਬ ਪਹਿਲਾਂ ਤਾਂ ਚੁੱਪ ਰਹੇ। ਫਿਰ ‘ਜੋ ਭਾਵੈ ਕਰਤਾਰ’ ਕਹਿ ਕੇ ਅਤੇ ਗੁਰੂ ਜੀ ਤੋਂ ਆਗਿਆ ਲੈ ਕੇ ਬਕਾਲੇ ਨੂੰ ਚੱਲ ਪਏ। ਇਸ ਦੇ ਬਾਵਜੂਦ ਵੀ ਗੁਰੂ ਘਰ ਦੀਆਂ ਸਟੇਜਾਂ ’ਤੇ ਗੁਰੂ ਤੇਗ਼ ਬਹਾਦਰ ਜੀ ਵੱਲੋਂ 26 ਸਾਲ ਭੋਰੇ ਵਿੱਚ ਬੈਠ ਕੇ ਭਗਤੀ ਕਰਨ ਦਾ ਮਨਮਤੀ ਪ੍ਰਚਾਰ ਹੁੰਦਾ ਵੇਖੀਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਗੁਰਮਤਿ ਸਿਧਾਂਤ ਨਾਲੋਂ ਮਨਮਤਿ ਨੂੰ ਕਿੰਨੀ ਦ੍ਰਿੜ੍ਹਤਾ ਨਾਲ ਅਪਣਾਈ ਬੈਠੇ ਹਾਂ।

ਦੂਸਰੀ ਕਹਾਣੀ ਹੈ ਕਿ ਜਦੋਂ ਵਿਆਹ ਤੋਂ 33 ਸਾਲ ਪਿਛੋਂ ਵੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਘਰ ਕਿਸੇ ਬਾਲ ਨੇ ਜਨਮ ਨਾ ਲਿਆ ਤਾਂ ਉਨ੍ਹਾਂ ਨੇ ਪੂਰਬ ਵੱਲ ਜਾ ਕੇ ਹਿੰਦੂ ਤੀਰਥਾਂ ’ਤੇ ਭਾਂਤ-ਭਾਂਤ ਦੇ ਤੀਰਥ ਇਸ਼ਨਾਨ ਕੀਤੇ; ਜਦੋਂ ਇਸੇ ਤਰ੍ਹਾਂ ਕਰਦੇ (ਤ੍ਰਿਬੇਣੀ) ਪ੍ਰਯਾਗਰਾਜ ਪੁੱਜੇ ਤੇ ਦਾਨ ਪੁੰਨ ਕਰਦਿਆਂ ਕਈ ਦਿਨ ਬਿਤਾ ਦਿੱਤੇ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ, ਸੁਣਾਇਆ ਜਾਂਦਾ ਹੈ ਕਿਉਂਕਿ ਬਚਿਤਰ ਨਾਟਕ ’ਚ ਇਉਂ ਦਰਜ ਹੈ ‘‘ਮੁਰ ਪਿਤ ਪੂਰਬਿ ਕਿਯਸਿ ਪਯਾਨਾ ਭਾਂਤਿ ਭਾਂਤਿ ਕੇ ਤੀਰਥ ਨ੍ਹਾਨਾ ਜਬ ਹੀ ਜਾਤ ਤ੍ਰਿਬੇਣੀ ਭਏ ਪੁੰਨ ਦਾਨ ਦਿਨ ਕਰਤ ਬਿਤਏ ਤਹੀ ਪ੍ਰਕਾਸ ਹਮਾਰਾ ਭਯੋ ਪਟਨਾ ਸਹਰ ਬਿਖੈ ਭਵ ਲਯੋ ..’’ (ਬਚਿਤਰ ਨਾਟਕ), ਪਰ ਤੀਰਥ ਇਸ਼ਨਾਨ ਤੇ ਪੁਜਾਰੀਆਂ ਨੂੰ ਪੁੰਨ ਦਾਨ ਦੇਣ ਬਾਬਤ ਨਿਤਨੇਮ ਰਾਹੀਂ ਅਸੀਂ ਰੁਜ਼ਾਨਾ ਪੜ੍ਹਦੇ ਹਾਂ ‘‘ਤੀਰਥੁ ਤਪੁ ਦਇਆ ਦਤੁ ਦਾਨੁ ਜੇ ਕੋ ਪਾਵੈ ਤਿਲ ਕਾ ਮਾਨੁ’’ (ਜਪੁ ਜੀ ਸਾਹਿਬਭਾਵ ਤੀਰਥ ਇਸ਼ਨਾਨ, ਤਪ ਸਾਧਨਾ, ਅਹਿੰਸਾ ਦਾ ਪੁਜਾਰੀ ਬਣਨਾ, ਦਾਨ ਆਦਿਕ ਭੇਟਾ ਦੇਣ ਬਦਲੇ ਜੋ ਕੁਝ ਲੈਣਾ ਚਾਹੇ ਤਾਂ ਨਾਮਾਤਰ ਸਤਿਕਾਰ ਮਿਲਦਾ ਹੈ ਭਾਵ ਵੇਖ ਕੇ ਕੋਈ ਕਹਿ ਸਕਦਾ ਹੈ ਕਿ ਇਹ ਬੰਦਾ ਧਰਮੀ ਹੈ, ਪਰ ਰੱਬੀ ਦਰਗਾਹ ਵਿੱਚ ਇਸ ਦਾ ਕੋਈ ਮੁੱਲ ਨਹੀਂ ‘‘ਤੀਰਥਿ ਨਾਇ ਅਰੁ ਧਰਨੀ ਭ੍ਰਮਤਾ ਆਗੈ ਠਉਰ ਪਾਵੈ   ਊਹਾ ਕਾਮਿ ਆਵੈ ਇਹ ਬਿਧਿ ਓਹੁ ਲੋਗਨ ਹੀ ਪਤੀਆਵੈ (ਮਹਲਾ /੨੧੬),  ਤਟਿ ਤੀਰਥਿ ਦਿਸੰਤਰਿ ਭਵੈ ਅਹੰਕਾਰੀ; ਹੋਰੁ ਵਧੇਰੈ ਹਉਮੈ ਮਲੁ ਲਾਵਣਿਆ (ਮਹਲਾ /੧੧੬), ਪੂਜਾ ਵਰਤ ਤਿਲਕ ਇਸਨਾਨਾ; ਪੁੰਨ ਦਾਨ ਬਹੁ ਦੈਨ   ਕਹੂੰ ਭੀਜੈ ਸੰਜਮ ਸੁਆਮੀ; ਬੋਲਹਿ ਮੀਠੇ ਬੈਨ ’’ (ਮਹਲਾ /੬੭੪) ਆਦਿਕ।

ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਆਪਣੇ ਹੀ ਵਚਨ ਹਨ ‘‘ਤੀਰਥ ਬਰਤ ਅਰੁ ਦਾਨ ਕਰਿ; ਮਨ ਮੈ ਧਰੈ ਗੁਮਾਨੁ   ਨਾਨਕ  ! ਨਿਹਫਲ ਜਾਤ ਤਿਹ; ਜਿਉ ਕੁੰਚਰ ਇਸਨਾਨੁ ’’ (ਮਹਲਾ /੧੪੨੮), ਆਦਿਕ ਅਨੇਕਾਂ ਵਚਨਾਂ ਦੇ ਪ੍ਰਤੱਖ ਸਾਮ੍ਹਣੇ ਹੁੰਦਿਆਂ ਵੀ ਅਗਰ ਕੋਈ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਨਿਰਮਲ ਕਿਰਦਾਰ ਨਾਲ ਫੋਕਟ ਤੀਰਥਾਂ ਦਾ ਸੰਬੰਧ ਜੋੜਨ ਲਈ ਪੜ੍ਹੀ ਅਤੇ ਸੁਣੀ ਜਾਵੇ ‘‘ਮੁਰ ਪਿਤ ਪੂਰਬਿ ਕਿਯਸਿ ਪਯਾਨਾ ਭਾਂਤਿ ਭਾਂਤਿ ਕੇ ਤੀਰਥ ਨ੍ਹਾਨਾ ਜਬ ਹੀ ਜਾਤ ਤ੍ਰਿਬੇਣੀ ਭਏ ਪੁੰਨ ਦਾਨ ਦਿਨ ਕਰਤ ਬਿਤਏ ਤਹੀ ਪ੍ਰਕਾਸ ਹਮਾਰਾ ਭਯੋ ਪਟਨਾ ਸਹਰ ਬਿਖੈ ਭਵ ਲਯੋ ..’’  ਤਾਂ ਉਸ ਦੀ ਮਾਨਸਿਕਤਾ ਬਾਰੇ ਕੀ ਕਹੀਏ ?