ਆਓ, ਨਗਰ ਕੀਰਤਨ ਦੇ ਦਰਸ਼ਨ ਕਰੀਏ ।

0
837

ਆਓ, ਨਗਰ ਕੀਰਤਨ ਦੇ ਦਰਸ਼ਨ ਕਰੀਏ ।

-ਗੁਰਪ੍ਰੀਤ ਸਿੰਘ, ਵਾਸ਼ਿੰਗਟਨ ਸਟੇਟ ( ਯੂ.ਐਸ. ਏ )

ਗੁਰੂ ਦੀ ਸੰਗਤ ਆਪਣੇ ਪਿਆਰੇ ਗੁਰੂ ਦੇ ਦਰਸ਼ਨ ਨਾ ਪਾ ਕੇ ਬਹੁਤ ਬੇਚੈਨ ਹੋ ਰਹੀ ਸੀ; ਜਿਵੇਂ ਕਿ ਗੁਰੂ ਵਾਕ ਹੈ: ‘‘ਇਕ ਘੜੀ ਨ ਮਿਲਤੇ; ਤਾ ਕਲਿਜੁਗੁ ਹੋਤਾ ॥’’ (ਮ: ੫/੯੬)

ਛੇਵੀਂ ਪਾਤਸ਼ਾਹੀ ਗਵਾਲੀਅਰ ਦੇ ਕਿਲ੍ਹੇ ਅੰਦਰ ਸਨ ਪਰ ਸੰਗਤਾਂ ਕੋਲੋਂ ਉਹਨਾਂ ਦਾ ਵਿਛੋੜਾ ਸਹਿ ਨਹੀ ਹੋ ਰਿਹਾ ਸੀ, ਇਸ ਸਮੇਂ ਬਾਬਾ ਬੁੱਢਾ ਜੀ ਨੇ ਸੰਗਤ ਦੀ ਅਗਵਾਈ ਕਰਦਿਆਂ ਕਿਲ੍ਹੇ ਦੇ ਆਲੇ ਦੁਆਲੇ ਪ੍ਰਕਰਮਾ ਕਰਦਿਆਂ, ਕੀਰਤਨ ਕਰਕੇ ਜਿੱਥੇ ਆਪਣੇ ਤੇ ਸੰਗਤ ਦੇ ਪਿਆਰ ਨੂੰ ਪ੍ਰਗਟਾਇਆ, ਉੱਥੇ ਹੀ ਇਹ ਹਕੂਮਤ ਦੇ ਖਿਲਾਫ ਇਕ ਰੋਸ ਵੀ ਸੀ, ਇਸ ਨੂੰ ਸਿੱਖ ਇਤਿਹਾਸ ਵਿਚ ਪਹਿਲੀ ਪ੍ਰਭਾਤ ਫੇਰੀ ਕਰਕੇ ਜਾਣਿਆ ਜਾਂਦਾ ਹੈ। ਇਸ ਤਰ੍ਹਾਂ ਬਾਅਦ ਵਿਚ ਸਿੱਖ ਸੰਗਤ ਨੇ ਨਗਰ ਕੀਰਤਨ ਕਰਕੇ ਗੁਰੂ ਸਾਹਿਬਾਨ ਦੇ ਗੁਰ ਪੁਰਬ ਮਨਾਉਣੇ ਸ਼ੁਰੂ ਕਰ ਦਿੱਤੇ, ਜਿਸ ਦਾ ਮੁੱਖ ਮੰਤਵ ਪੰਥ ਦੀ ਏਕਤਾ ਨੂੰ ਦਰਸਾਉਣਾ ਤੇ ਆਪਸੀ ਰਿਸ਼ਤੇ ਮਜ਼ਬੂਤ ਕਰਨ ਦੇ ਨਾਲ ਨਾਲ ਧਰਮ ਪ੍ਰਚਾਰ ਕਰਨਾ ਵੀ ਸੀ।

ਅਜੋਕੇ ਸਮੇਂ ਵਿੱਚ ਵੀ ਹੋਲਾ-ਮਹੱਲਾ ਤੇ ਹੋਰ ਗੁਰ ਪੁਰਬਾਂ ’ਤੇ ਨਗਰ ਕੀਰਤਨ ਆਯੋਜਿਤ ਕੀਤੇ ਜਾਂਦੇ ਹਨ ਪਰ ਹਾਲੇ ਤੱਕ ਵੀ ਵਿਸਾਖੀ ਦਾ ਨਗਰ ਕੀਰਤਨ ਆਪਣੀ ਨਿਵੇਕਲੀ ਪਹਿਚਾਣ ਰੱਖਦਾ ਹੈ। ਰੱਖੇ ਵੀ ਕਿਉਂ ਨਾ, ਕੀ ਕਿਧਰੇ ਸਾਰੀ ਲੋਕਾਈ ਵਿਚ ਅਜਿਹੀ ਮਿਸਾਲ ਮਿਲਦੀ ਹੈ ਜਦੋਂ ਕਿਸੇ ਗੁਰੂ ਨੇ ਆਪਣੇ ਹੀ ਚੇਲਿਆਂ ਦੇ ਮੁਹਰੇ ਨਿਵ ਕੇ ਬੇਨਤੀ ਕੀਤੀ ਹੋਵੇ ਕਿ ਮੈਨੂੰ ਵੀ ਨਿਵਾਜ਼ ਦੇਵੋ ! ਇਸੇ ਹੀ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਪਿਆਰੇ ਸਿੱਖਾਂ ਦੇ ਜਾਤ-ਪਾਤ ਦੇ ਸੰਗਲ ਹਮੇਸ਼ਾ ਲਈ ਤੋੜ, ਪੰਜ ਕਕਾਰਾਂ ਦੀ ਦਾਤ ਬਖਸ਼ੀ ਤਾਂ ਕਿ ਗੁਰੂ ਦਾ ਸਿੰਘ ਸਭ ਤੋਂ ਨਿਆਰਾ ਹੋ ਨਿਬੜੇ।

ਸਾਰੀ ਲੋਕਾਈ ਨੂੰ ਬਰਾਬਰਤਾ ਦਾ ਦਰਜਾ ਭਾਵ ਸਰਬ ਸਾਂਝੀਵਾਲਤਾ ਤੇ ਵਿਸ਼ਵ-ਵਿਆਪੀ (cosmopolitan) ਭਰਾਤਰੀ ਭਾਵ ਪੈਦਾ ਕਰਕੇ ਇਕ ਮਹਾਨ ਸਮਾਜਿਕ ਇਨਕਲਾਬ ਲਿਆਉਣ ਵਾਲੇ, ਅਜਿਹੇ ਯੁੱਗ ਪਲਟਾਊ ਦਸਮ ਪਿਤਾ ਦੀ ਖ਼ਾਸ ਬਖ਼ਸ਼ਸ਼ ਵਾਲੇ ਖ਼ਾਲਸੇ ਦੇ ਜਨਮ ਦਿਹਾੜੇ ਵਿਸਾਖੀ ਨੂੰ, ਗੁਰੂ ਨਾਨਕ ਨਾਮ ਲੇਵਾ ਸੰਗਤਾਂ ਮੁੱਖ ਤੌਰ ’ਤੇ ਨਗਰ ਕੀਰਤਨ ਸਜਾ ਕੇ ਮਨਾਉਦੀਆਂ ਹਨ। ਨਿਰਮਲ ਪੰਥ ਦੇ ਨਿਆਰੇ ਗੁਰਸਿੱਖਾਂ ਨੂੰ ਇਹ ਨਗਰ ਕੀਰਤਨ ਸਜਾਉਣੇ ਵੀ ਜ਼ਰੂਰ ਚਾਹੀਦੇ ਹਨ ਤਾਂ ਜੋ ਬਾਕੀ ਸਾਰੀ ਖਲਕਤ ਨੂੰ ਖ਼ਾਲਸੇ ਦੇ ਜਾਹੋ ਜਲਾਲ ਦੇ ਖੁਲ੍ਹੇ ਦੀਦਾਰ ਹੋਣ ਤੇ ਉਹ ਇਸ ਪਰਿਵਾਰ ਦਾ ਅੰਗ ਬਣਨ ਲਈ ਇੰਤਜ਼ਾਰ ਨਾ ਕਰ ਸਕਣ।

ਪਰ ਅਜੋਕੇ ਨਗਰ ਕੀਰਤਨ (ਖਾਸ ਕਰਕੇ ਵਿਦੇਸ਼ਾਂ ਵਿਚ) ਕੇਵਲ ਇਕ ਮੇਲੇ ਦਾ ਰੂਪ ਅਖ਼ਤਿਆਰ ਕਰਦੇ ਜਾ ਰਹੇ ਹਨ ਤੇ ਅਜਿਹੇ ਮੌਕੇ ਹੁੰਦੀਆਂ ਮਨਮਤਾਂ ਦਾ ਗੁਰਸਿੱਖੀ ਨਾਲ ਕੋਈ ਸਬੰਧ ਨਹੀ ਹੈ। ਕੀ ਸਾਨੂੰ ਇਹ ਸ਼ੋਭਾ ਦਿੰਦਾ ਹੈ ਕਿ ਅਸੀਂ ਗਾਣੇ ਵਜਾਈਏ ਤੇ ਨਗਰ ਕੀਰਤਨ ਵਿਚ ਭੰਗੜੇ, ਗਿੱਧੇ ਪਾਈਏ ? ਆਮ ਤੌਰ ’ਤੇ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਭੰਗੜਾ ਤਾਂ ਜੀ ਸਾਡੇ ਪੰਜਾਬੀ ਸਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਹੈ, ਨਾਲੇ ਅਸੀਂ ਤਾਂ ਸਿਰਫ ਆਪਣੇ ਮਨ ਦਾ ਚਾਉ ਪ੍ਰਗਟ ਕਰ ਰਹੇ ਹਾਂ। ਗੁਰੂ ਨਾਨਕ ਜੀ ਨੇ ਬਾਣੀ ਵਿਚ ਖੁਦ ਫੁਰਮਾਇਆ ਹੈ ਨਾ: ‘‘ਨਚਣੁ ਕੁਦਣੁ ਮਨ ਕਾ ਚਾਉ ॥’’ (ਮ: ੧/੪੬੫)

ਵਾਕਿਆ ਹੀ ਉਪਰੋਕਤ ਤੁਕ ਸਾਡੇ ਅੰਦਰਲਾ ਸੱਚ, ਅਵਸਥਾ ਤੇ ਸਾਡੀ ਮਨੋਬਿਰਤੀ ਨੂੰ ਉਜਾਗਰ ਕਰਦੀ ਹੈ। ਗੁਰੂ ਸਾਹਿਬ ਜੀ ਨੇ ਸਾਨੂੰ ਅਹਿਸਾਸ ਕਰਵਾਇਆ ਹੈ ਕਿ ਨੱਚਣਾ, ਟੱਪਣਾ ਕੇਵਲ ਮਨ ਪਰਚਾਵਾ ਹੀ ਹੈ, ਜੋ ਜੀਵ ਇਸ ਮਾਇਆ ਨਾਚ ਵਿਚ ਨੱਚ ਨੱਚ ਕੇ ਹੱਸਦੇ ਹਨ ਉਹ ਨੱਚ ਕੁੱਦ ਕੇ ਆਤਮਿਕ ਅਵਸਥਾ (ਅਡੋਲਤਾ, ਗੰਭੀਰਤਾ) ਨਹੀਂ ਪ੍ਰਾਪਤ ਕਰ ਸਕਦੇ; ਜਿਵੇਂ ਕਿ ਰੱਬੀ ਗੁਣ ਹਨ: ‘‘ਗਹਿਰ ਗਭੀਰ ਅਥਾਹੁ; ਹਾਥ ਨ ਲਭਈ ॥’’ (ਮ: ੧/੧੨੮੮)

ਸਿਰ ਨੰਗੇ ਰੱਖਣਾ, ਢੰਗ ਦੇ ਕੱਪੜੇ ਨਾ ਪਾਉਣਾ (‘‘ਵਾਊ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ ॥’’ ਮ: ੫/੩੧੮), ਆਪਣੇ ਵਿਉਪਾਰ ਦੀ ਮਸ਼ਹੂਰੀ ਕਰਨਾ, ਲੰਗਰ ਦੀ ਨਿਰਾਦਰੀ ਕਰਨਾ, ਧੱਕੇ ਮੁੱਕੀ ਕਰਨਾ ਤੇ ਫਿਰ ਖਾਲੀ ਪਲੇਟਾਂ ਸੜਕ ’ਤੇ ਹੀ ਸੁੱਟ ਆਪ ਗ਼ੈਰ ਜ਼ਿੰਮੇਵਾਰਾਂ ਵਾਂਗ ਤੁਰ ਜਾਣਾ, ਇਹ ਹੀ ਹੈ ਨਾ ਸਾਡੇ ਅਜੋਕੇ ਨੱਚਣ ਟੱਪਣ ਵਾਲੇ ਨਗਰ ਕੀਰਤਨ ਦੀ ਰੂਪ ਰੇਖਾ ?

ਅੱਜ ਤੋਂ ਕੁਝ ਅਰਸਾ ਪਹਿਲਾਂ, ਕੈਨੇਡਾ ਦੇ ਇਕ ਨਗਰ ਕੀਰਤਨ ਵਿਚ ਮੇਰੀ ਮੁਲਾਕਾਤ ਅਜਿਹੇ ਗੋਰੇ ਨਾਲ ਹੋਈ ਜਿਹੜਾ ਕਿ ਸਾਰੇ ਨਜ਼ਾਰੇ ਨੂੰ ਬਹੁਤ ਗਹੁ ਨਾਲ ਦੇਖ ਰਿਹਾ ਸੀ, ਪਰ ਨਾਲ ਹੀ ਉਸ ਦੇ ਚਿਹਰੇ ’ਤੇ ਨਿਰਾਸਤਾ ਵੀ ਸਾਫ ਝਲਕ ਰਹੀ ਸੀ। ਜਦੋਂ ਮੈ ਕੁਝ ਹਿੰਮਤ ਕਰਕੇ ਉਸ ਦਾ ਕਾਰਨ ਪੁੱਛਿਆ ਤਾਂ ਉਹ ਹੋਰ ਵੀ ਨਿਰਾਸ਼ ਹੋ ਸਿਰ ਫੇਰਿਆ ਤੇ ਕਿਹਾ: ‘ਮੈ ਹੁਣ ਤੱਕ ਸੱਤ ਅੱਠ ਜਾਣਿਆਂ ਤੋਂ ਪੁੱਛ ਬੈਠਾ ਹਾਂ ਕਿ ਪੰਜਾਂ ਪਿਆਰਿਆਂ ਨੇ ਹੱਥਾਂ ਵਿੱਚ ਨੰਗੀਆਂ ਕ੍ਰਿਪਾਨਾਂ ਕਿਉਂ ਫੜ੍ਹੀਆਂ ਨੇ ?, ਪਰ ਕਿਸੇ ਇੱਕਨੂੰ ਵੀ ਇਸ ਦਾ ਕਾਰਨ ਨਹੀ ਪਤਾ ਹੈ।’ ਇਹ ਸੁਣ ਕੇ ਮੇਰਾ ਮਨ ਵੀ ਉਦਾਸ ਹੋ ਗਿਆ ਤੇ ਅੰਦਰੋਂ ਅੰਦਰੀ ਮੈ ਬਹੁਤ ਹੀ ਸ਼ਰਮ ਮਹਿਸੂਸ ਕੀਤੀ।

ਖੈਰ, ਮੈ ਉਸ ਨੂੰ ਇਕ ਪਾਸੇ ਲਿਜਾ, ਸਿੱਖ ਧਰਮ ਵਿਚ ਸ਼ਸਤਰਾਂ ਦੀ ਮਹੱਤਤਾ, ਸੰਤ ਸਿਪਾਹੀ ਦਾ ਫ਼ਲਸਫ਼ਾ, ਕ੍ਰਿਪਾਨ ਕਿਵੇਂ ਸਿੱਖ ਦੀ ਅਜ਼ਾਦ ਹਸਤੀ ਦਾ ਪ੍ਰਤੀਕ ਹੈ ਤੇ ਜ਼ਫ਼ਰਨਾਮੇ ਵਿੱਚੋਂ ਹਵਾਲਾ ਦੇ ਕੇ ਸਮਝਾਇਆ ਕਿ ਕਿਵੇਂ ਗੁਰਸਿੱਖ ਵੱਲੋਂ ਕ੍ਰਿਪਾਨ ਕੇਵਲ ਉਦੋਂ ਹੀ ਉੱਠਦੀ ਹੈ ਜਦ ਸਮਝਾਉਣ ਦੇ ਬਾਕੀ ਸਾਰੇ ਹੀਲੇ ਵਿਅਰਥ ਹੋ ਜਾਂਦੇ ਨੇ। ਇਸ ਦੇ ਨਾਲ ਹੀ ਨਿਤਾਣਿਆਂ ਦੀ ਰੱਖਿਆ ਖਾਤਰ ਕਿਵੇਂ ਸਿੰਘ; ਆਪਣੀ ਜਾਨ ਵਾਰਨ ਲਈ ਤੱਤਪਰ ਤੇ ਤਿਆਰ ਬਰ ਤਿਆਰ ਰਹਿੰਦੇ ਹਨ। ਭਗਤੀ ਤੇ ਸ਼ਕਤੀ ਦੇ ਸੁਮੇਲ, ਸੋਹਣੇ ਸਜੇ ਪੰਜਾਂ ਪਿਆਰਿਆਂ ਨੂੰ ਹੁਣ ਗੋਰੇ ਨੇ ਸੀਸ ਨਿਵਾ ਆਪਣਾ ਆਦਰ ਪ੍ਰਗਟ ਕੀਤਾ। ਮੇਰੀ ਹੈਰਾਨੀ ਤੇ ਖੁਸ਼ੀ ਦਾ ਉਸ ਵਕਤ ਕੋਈ ਅੰਦਾਜ਼ਾ ਨਹੀਂ ਸੀ, ਜਦੋਂ ਵਾਪਸੀ ’ਤੇ ਮੈ ਦੇਖਿਆ ਕਿ ਉਹੀ ਗੋਰਾ ਬਾਕੀ (ਸ਼ਾਇਦ ਆਪਣੇ ਨਾਲ ਆਏ) ਕੁਝ ਗੋਰਿਆਂ ਨੂੰ ਪੰਜਾਂ ਪਿਆਰਿਆਂ ਬਾਰੇ ਬਹੁਤ ਬਾਖੂਬੀ ਨਾਲ ਸਮਝਾ ਰਿਹਾ ਸੀ। ਇਹ ਵੇਖ ਕੇ ਮੈ ਭਾਵੁਕ ਇਨਸਾਨ ਹੁਣ ਆਪਣੇ ਆਪ ’ਤੇ ਕਾਬੂ ਨਾ ਰੱਖ ਸਕਿਆ ਤੇ ਆਪ ਮੁਹਾਰੇ ਹੀ ਅੱਖਾਂ ਵਿੱਚੋ ਅੱਥਰੂ ਵਹਿ ਤੁਰੇ।

ਇੱਥੇ ਇਹ ਹੱਡ ਬੀਤੀ ਸਾਂਝੀ ਕਰਨ ਤੋਂ ਸਿਰਫ ਏਨਾ ਹੀ ਭਾਵ ਸੀ ਕਿ ਜੇ ਸਾਨੂੰ ਆਪ ਨੂੰ ਹੀ ਆਪਣੇ ਆਲਮਗਿਰੀ ਮੱਤ ਤੇ ਲਾਸਾਨੀ ਇਤਿਹਾਸ ਦੀ ਸਮਝ ਨਹੀਂ ਹੈ ਤਾਂ ਅਸੀ ਹੋਰਨਾਂ ਨੂੰ ਕੀ ਦੱਸਣਾ ਹੈ ? ਇਹ ਵਾਕਿਆ ਹੀ ਪੰਥ ਦਰਦੀਆਂ ਦੇ ਵਿਚਾਰਨ ਲਈ ਇਕ ਅਹਿਮ ਮੁੱਦਾ ਹੈ। ਗੱਲ ਭਾਵੇਂ ਪੰਜਾਬ, ਭਾਰਤ ਜਾਂ ਵਿਦੇਸ਼ਾਂ ਵਿਚ ਵੱਸਦੀ ਸੰਗਤ ਦੀ ਹੋਵੇ, ਸਾਨੂੰ ਸਾਰਿਆਂ ਨੂੰ ਹੀ ਆਪਣਾ ਮੁਲਾਂਕਣ ਕਰ, ਇਸ ਸੱਚ ਨੂੰ ਕਬੂਲਣਾ ਪਵੇਗਾ ਕਿ ਅਸੀਂ ਬਹੁਤੀ ਹੱਦ ਤੱਕ ਆਪਣੇ ਹੀ ਜੀਵਨ ਅਤੇ ਘਰ ਵਿਚ ਗੁਰਸਿੱਖੀ ਦੀ ਸੁਗੰਧੀ ਨਹੀਂ ਵਖੇਰ ਸਕੇ ਜਦਕਿ ਹੋਣਾ ਤਾਂ ਭਾਈ ਗੁਰਦਾਸ ਜੀ ਦੇ ਵਚਨਾਂ ਵਾਂਗ ਚਾਹੀਦਾ ਸੀ: ‘‘ਗੁਰਸਿਖੀ ਦੀ ਵਾਸੁ ਲੈ; ਹੁਇ ਦੁਰਗੰਧ-ਸੁਗੰਧ ਸਰੇਖੈ।’’ (ਭਾਈ ਗੁਰਦਾਸ ਜੀ/ਵਾਰ ੨੮ ਪਉੜੀ ੮)

ਕੇਵਲ ਰਾਜਨੀਤਕ ਸੁਆਰਥਾਂ ਲਈ ਨਗਰ ਕੀਰਤਨ ਵਿਚ ਸ਼ਾਮਲ ਹੋਣਾ ਸਾਡੇ ਲਈ ਸ਼ਰਮ ਦੀ ਬਜਾਏ ਅਖੌਤੀ ਸ਼ਾਨ ਬਣ ਗਿਆ ਹੈ ਭਾਵੇਂ ਕਿ ਉਹ ਮੌਕਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲਾ ਹੀ ਕਿਉਂ ਨਾ ਹੋਵੇ। ਅਸੀਂ ਵਿਦੇਸ਼ਾਂ ਵਿਚ ਵੀ ਆਪਣਾ ਸੁਆਰਥੀ ਤੇ ਮੌਕਾਪ੍ਰਸਤੀ ਵਾਲਾ ਰਾਜਸੀ ਅੰਦਾਜ਼ ਬਹੁਤ ਬਾਖੂਬੀ ਨਾਲ ਪ੍ਰਚਾਰਿਆ ਹੈ; ਤਾਹੀਓਂ ਤੇ ਉਹ ਸਮਝ ਚੁੱਕੇ ਹਨ ਕਿ ਕੁਝ ਘੰਟਿਆਂ ਲਈ ਦਸਤਾਰ ਸਜਾ ਕੇ, ਵਿਸਾਖੀ ਵਰਗੇ ਨਗਰ ਕੀਰਤਨ ਨੂੰ ਕਿਵੇਂ ਆਪਣੇ ਰਾਜਸੀ ਹਿੱਤਾਂ ਲਈ ਵਰਤਣਾ ਹੈ।ਫੋਕੀ ਚੌਧਰ ਦੀ ਭੁੱਖ ਵਾਲੇ ਸਾਡੇ ਆਪਣੇ ਹੀ ਭੁੱਲੜ ਵੀਰ, ਇਹਨਾਂ ਗੋਰਿਆਂ ਦੇ ਨਾਲ ਫੋਟੋਆਂ ਖਿਚਾਉਣ ਲਈ ਧੱਕਾ ਮੁੱਕੀ ਕਰਦੇ ਆਮ ਦੇਖੇ ਜਾ ਸਕਦੇ ਹਨ। ਕਿਹੜੀ ਸਟੇਜ ਤੋਂ ਕਿਸ ਨੂੰ ਬੋਲਣ ਦੇਣਾ ਹੈ ਜਾਂ ਨਹੀਂ ਤੇ ਕਿੰਨਾ ਸਮਾਂ, ਕਿੰਨੇ ’ਚ ਵੇਚਣਾ ਹੈ, ਇਹ ਹੀ ਹੈ ਨਾ ਸਾਡੇ ਉਤਸ਼ਾਹ ਨਾਲ ਭਰਪੂਰ ਨਗਰ ਕੀਰਤਨਾਂ ਦਾ ਰੂਹਾਨੀ ਸੱਚ! ਅਜਿਹੇ ਨਗਰ ਕੀਰਤਨ ਸਜਾਉਣ ਨਾਲ ਹੁਣ ਤੱਕ ਕੌਮ ਨੂੰ ਕਿਹੜਾ ਤੇ ਕਿੰਨਾ ਕੁ ਫਾਇਦਾ ਹੋਇਆ ਹੈ ?

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਧਰਮ ਵਿੱਚ ਮੀਰੀ ਅਤੇ ਪੀਰੀ, ਰਾਜ ਅਤੇ ਜੋਗ, ਧਰਮ ਤੇ ਰਾਜਨੀਤੀ ਨੂੰ ਮੁੱਢ ਤੋਂ ਹੀ ਜੋੜਿਆ ਗਿਆ ਹੈ। ਧਰਮ ਅਤੇ ਰਾਜਨੀਤੀ ਨੂੰ ਬਰਾਬਰ ਚਲਾ ਕੇ ਗੁਰੂ ਸਾਹਿਬਾਨਾਂ ਨੇ ਭਗਤੀ ਤੇ ਸ਼ਕਤੀ ਦੇ ਸਕੰਲਪ ਨੂੰ ਸਾਰਥਿਕਤਾ ਪ੍ਰਦਾਨ ਕੀਤੀ ਹੈ, ਪਰ ਯਕੀਨ ਜਾਣਿਓ, ਜਿਹੜੀ ਰਾਜਨੀਤੀ ਧਰਮ ਦੀ ਬੁਨਿਆਦ ’ਤੇ ਨਾ ਉਸਰੀ ਹੋਵੇ, ਉਹ ਬਹੁਤਾ ਚਿਰ ਸਥਿਰ ਨਹੀਂ ਰਹਿੰਦੀ ਹੈ। ਬਾਬੇ ਨਾਨਕ ਨੇ ਤਾਂ ਨਿਰਮਲ ਪੰਥ ਚਲਾਉਣ ਲਈ ਉਦਾਸੀਆਂ ਕਰ ਬਿਖੜੇ ਪੈਂਡੇ ਗਾਹੇ ਪਰ ਕੀ ਸਾਡੇ ਅਜੋਕੇ ਨਗਰ ਕੀਰਤਨ ਦਾ ਮੰਤਵ ਧਰਮ ਪ੍ਰਚਾਰ ਕਰਨਾ ਬਿਲਕੁਲ ਹੀ ਨਹੀਂ ਹੈ ? ਅੱਜ ਸਿਰਫ ਵੱਧ ਤੋ ਵੱਧ ਗਿਣਤੀਆਂ ਦੇ ਦਾਅਵੇ ਕਰ ਅਸੀਂ ਹੋਰ ਕਿੰਨਾ ਕੁ ਚਿਰ ਆਪਣੀ ਹਉਮੈ ਨੂੰ ਪੱਠੇ ਪਾਉਂਦੇ ਰਹਾਂਗੇ ?

ਬਹੁਤੀਆਂ ਥਾਂਵਾਂ ’ਤੇ (ਖਾਸ ਕਰ ਵਿਦੇਸ਼ਾਂ ’ਚ) ਨਗਰ ਕੀਰਤਨ ਆਯੋਜਿਤ ਕਰਨ ਲਈ, ਉਸ ਸ਼ਹਿਰ ਨੂੰ ਮੋਟੀ ਰਕਮ ਤਾਰਨੀ ਪੈਂਦੀ ਹੈ, ਜਿਸ ਨਾਲ ਅਸੀਂ ਸਥਾਨਿਕ ਆਰਥਿਕਤਾ ਨੂੰ ਤਾਂ ਫਾਇਦਾ ਪਹੁੰਚਾ ਜਾਂਦੇ ਹਾਂ ਪਰ ਗੁਰਸਿੱਖੀ ਦੀ ਮਹਿਕ ਫੈਲਾਉਣ ਤੋਂ ਫਿਰ ਵਾਂਝੇ ਰਹਿ ਜਾਂਦੇ ਹਾਂ। ਦੂਜੇ ਪਾਸੇ, ਗੁਰੂ ਘਰ ਦੀ ਚਾਰ-ਦੀਵਾਰੀ ਅੰਦਰ ਹੀ ਸਜਾਏ ‘ਨਗਰ ਕੀਰਤਨ’ ਦਾ ਕੀ ਮਕਸਦ ਤੇ ਫਾਇਦਾ ਹੈ ? ਗੁਰੂ ਘਰ ਦੀ ਹੱਦ ਅੰਦਰ ਅਜਿਹੇ ‘ਨਗਰ ਕੀਰਤਨ’ ਕਰਕੇ ਹੋਰਨਾਂ ਧਰਮਾਂ ਦੇ ਜਾਂ ਧਰਮ ਤੋਂ ਸੱਖਣੇ ਲੋਕਾਂ ਨਾਲ ਕਿਵੇਂ ਆਪਣੀ ਵਿਲੱਖਣਤਾ ਸਾਂਝੀ ਕਰ ਸਕਦੇ ਹਾਂ ? ਕੀ ਸਾਡੇ ਕਿਸੇ ਇਕ ਦੇ ਜੀਵਨ ’ਚ ਵੀ ਅਜਿਹੇ ਨਗਰ ਕੀਰਤਨ ਤੋਂ ਬਾਅਦ ਕੋਈ ਸਾਰਥਿਕ ਬਦਲਾਵ ਆਇਆ ਹੈ ? ਯਕੀਨਨ ਨਹੀਂ! ਕਿਉਂਕਿ ਅਡੰਬਰਾਂ ਨਾਲ ਜੀਵਨ ਨਹੀਂ ਬਦਲਦੇ ਤੇ ਨਾ ਹੀ ਬਣਦੇ ਹਨ। ਇਸੇ ਲਈ ਗੁਰੂ ਸਾਹਿਬ ਜੀ ਸਾਨੂੰ ਤਾੜਨਾ ਕਰਦੇ ਹੋਏ ਫ਼ੁਰਮਾਉਂਦੇ ਨੇ : ‘‘ਦੇਖਾ ਦੇਖੀ ਸਭ ਕਰੇ; ਮਨਮੁਖਿ ਬੂਝ ਨ ਪਾਇ ॥’’ (ਮ: ੩/੨੮)

ਗੁਰੂ ਸਾਹਿਬਾਨ ਦੇ ਗੁਰ ਪੁਰਬ ਤੇ ਸਿੱਖ ਇਤਿਹਾਸ ਨਾਲ ਸਬੰਧਤ ਦਿਹਾੜੇ ਸਹੀ ਢੰਗ ਨਾਲ ਮਨਾਉਣੇ ਮੁਬਾਰਕ ਤੇ ਬਹੁਤ ਹੀ ਸ਼ਲਾਘਾਯੋਗ ਹਨ ਤੇ ਤੁਹਾਡੀ ਭਾਵਨਾ ਦੀ ਪੂਰੀ ਕਦਰ ਕਰਦੇ ਹਨ। ਨਿਰਪੱਖ ਹੋ ਕੇ ਵਿਚਾਰੀਏ ਤਾਂ ਝੱਟ ਹੀ ਸਮਝ ਆ ਜਾਏਗਾ ਕਿ ਦਿਖਾਵੇ ਦੇ ਅਜਿਹੇ ਇਕ ਬੇਅਸਰ ‘ਨਗਰ ਕੀਰਤਨ’ ਦੀ ਥਾਂ ਜੇਕਰ ਅਸੀਂ ਰਲ਼ ਮਿਲ ਕੇ ਗੁਰਮਤਿ ਦਾ ਇੱਕ ਵੀ ਨੁਕਤਾ ਵਿਚਾਰ ਕੇ ਅਮਲ ’ਚ ਲਿਆਵਾਂਗੇ ਤਾਂ ਸ਼ਾਇਦ ਸਾਡਾ ਇੰਝ ਗੁਰ ਪੁਰਬ ਮਨਾਉਣਾ ਗੁਰੂ ਸਾਹਿਬ ਨੂੰ ਜ਼ਿਆਦਾ ਭਾਵੇ। ਨਗਰ ਕੀਰਤਨ ਵੇਲੇ ਹੇਠ ਲਿਖੀਆਂ ਕੁਝ ਕੁ ਮਨਮਤਾਂ ਤੇ ਅਡੰਬਰਾਂ ਤੋਂ ਪ੍ਰਹੇਜ਼ ਕਰਨਾ ਜ਼ਰੂਰੀ ਹੈ ਤੇ ਨਾਲ ਹੀ ਕੁੱਝ ਸੁਝਾਵਾਂ ’ਤੇ ਗੌਰ ਕਰਦਿਆਂ ਆਓ, ਨਗਰ ਕੀਰਤਨ ਨੂੰ ਖਿੱਚ ਭਰਪੂਰ ਤੇ ਪ੍ਰਭਾਵਸ਼ਾਲੀ ਬਣਾਈਏ:

(1). ਭੰਗੜੇ, ਗਿੱਧੇ ਤੇ ਹੋਰ ਨਾਚ ਗਾਣਿਆਂ ਦੀ ਥਾਂ ਗੱਤਕੇ ਦੇ ਜੌਹਰ ਵਿਖਾਉਣੇ ਜ਼ਰੂਰੀ ਤਾਂ ਕਿ ਹੋਰਨਾਂ ਵਰਗਾਂ ਦੇ ਲੋਕਾਂ ਨੂੰ ਵੀ ਪਤਾ ਲੱਗੇ ਕਿ ਸਿੱਖਾਂ ਕੋਲ ਸਿਰਫ ਨਾਮ ਨਾਲ ਰੰਗੇ ਠੋਸ ਮਨ ਹੀ ਨਹੀਂ, ਬਲਕਿ ਸਰੀਰਕ ਤੌਰ ’ਤੇ ਵੀ ਉਹ ਉਨ੍ਹੇ ਹੀ ਫੁਰਤੀਲੇ ਤੇ ਮਜ਼ਬੂਤ ਹਨ।

(2). ਨਗਰ ਕੀਰਤਨ ਨੂੰ ਆਪਣੇ ਕੰਮ, ਧੰਦਿਆਂ ਦੀ ਮਸ਼ਹੂਰੀ ਲਈ ਕਦੀ ਵੀ ਨਾ ਵਰਤੀਆ ਜਾਏ, ਯਾਦ ਰੱਖੀਏ: ‘‘ਅਵਰਿ ਕਾਜ, ਤੇਰੈ ਕਿਤੈ ਨ ਕਾਮ ॥’’ (ਮ: ੫/੧੨)

ਕੀ ਅਸੀਂ ਬਾਕੀ ਸਾਰਾ ਕੁੱਝ ਭੁਲਾ ਕੇ ਇੱਕ ਦਿਨ ਵੀ ਨਿਰੋਲ ਗੁਰਮਤਿ ਦਾ ਪ੍ਰਚਾਰ ਨਹੀਂ ਕਰ ਸਕਦੇ ? ਕ੍ਰਿਪਾ ਕਰਕੇ ਇਸ ਦਿਨ ਸਿਰਫ ਗੁਰਮਤਿ ਦੇ ਪਿਆਰ-ਰੰਗ ’ਚ ਰੱਤਿਆਂ ਹੀ ਨਗਰ ਕੀਰਤਨ ’ਚ ਸ਼ਾਮਲ ਹੋਈਏ ਤੇ ਹਮੇਸ਼ਾ ਮੁਸਕਰਾਓ ਤਾਂ ਕਿ ਸਾਡੀ ਵੱਖਰੀ ਪਹਿਚਾਣ ਨੂੰ ਹੋਰ ਵੀ ਚਾਰ ਚੰਨ ਲੱਗਣ।

(3). ਨਗਰ ਕੀਰਤਨ ’ਤੇ ਰਾਜਨੀਤਿਕ ਬਿਆਨਬਾਜ਼ੀ ਜਾਂ ਨਫਰਤ ਦੀ ਭਾਵਨਾ ਵਿਅਕਤ ਨਹੀਂ ਹੋਣੀ ਚਾਹੀਦੀ। ਜੇਕਰ ਕਿਸੇ ਵੀ ਮੰਚ ਤੋਂ ਸਿਰਫ ਰਾਜਨੀਤੀ ਨਾਲ ਸਬੰਧਤ ਤਕਰੀਰਾਂ ਹੀ ਦੇਣੀਆਂ ਹੋਣ ਤਾਂ ਅਜਿਹੇ ਪ੍ਰੋਗਰਾਮਾਂ ਤੇ ਸੰਚਾਲਕਾਂ ਦਾ ਮੁਕੰਮਲ ਬਾਈਕਾਟ ਕਰੋ। ਇਸ ਮੌਕੇ ਜੇਕਰ ਤੁਸੀਂ ਰਾਜਸੀ ਸਰਕਾਰਾਂ ਜਾਂ ਸੰਗਠਨਾਂ ਨੂੰ ਆਪਣੇ ਰਾਜਨੀਤਕ ਖ਼ੇਤਰ ’ਚ ਦਿਲਚਸਪੀ, ਗਿਣਤੀ, ਸ਼ਮੂਲੀਅਤ ਤੇ ਅਸਰ ਰਸੂਖ ਵਿਖਾਉਣ ਲਈ ਬੁਲਾਉਣਾ ਚਾਹੁੰਦੇ ਹੋ, ਤਾਂ ਨਗਰ ਕੀਰਤਨ ਦੀ ਸਮਾਪਤੀ ਉਪਰੰਤ ਜਾਂ ਕੋਈ ਅਲਹਿਦਾ ਪ੍ਰੋਗਰਾਮ ਉਲੀਕ ਸਕਦੇ ਹੋ ਪਰ ਸਿਆਸਤ ਕਰਕੇ ਆਪੋ ਆਪਣੀਆਂ ਪਾਰਟੀਆਂ ਦੇ ਪ੍ਰਚਾਰ ਨੂੰ ਨਗਰ ਕੀਰਤਨ ਦੀ ਸੰਗਤ ’ਤੇ ਥੋਪਣ ਤੋਂ ਅੱਜ ਹੀ ਤੋਬਾ ਕਰੋ।

(4). ਦੇਗ ਤੇਗ ਫ਼ਤਹਿ; ਲੰਗਰ ਦੀ ਪ੍ਰਥਾ ਸਿੱਖ ਧਰਮ ਦੀ ਇੱਕ ਉੱਤਮ ਰਵਾਇਤ ਹੈ, ਗੁਰੂ ਘਰ ਅਤੇ ਗੁਰਸਿੱਖਾਂ ਦੇ ਵਿਹੜੇ ਆਏ ਮਹਿਮਾਨ ਤੇ ਹਰ ਕਿਸੇ ਲੋੜਵੰਦ ਦੀ ਪ੍ਰਸ਼ਾਦੇ ਪਾਣੀ ਨਾਲ ਹਮੇਸ਼ਾ ਸੇਵਾ ਕੀਤੀ ਜਾਂਦੀ ਹੈ, ਪਰ ਨਗਰ ਕੀਰਤਨ ਤੇ ਭਾਂਤ-ਭਾਂਤ ਦੇ ਖਾਣੇ ਖੁਆਉਣਾ, ਅਸਲ ਵਿੱਚ ਸੰਗਤ ਦੀ ਸੇਵਾ ਨਹੀਂ ਬਲਕਿ ਬਿਰਤੀ ਨੂੰ ਖਿੰਡਾਉਣਾ ਤੇ ਜੀਭ ਰਸ ਨੂੰ ਟਪਕਾਉਣਾ ਹੈ। ਇਹੀ ਸਭ ਤੋਂ ਵੱਡਾ ਕਾਰਨ ਹੈ ਕਿ ਅਜੋਕਾ ਨਗਰ ਕੀਰਤਨ ਇਕ ਨਗਰ ਕੀਰਤਨ ਘੱਟ ਤੇ ਮੇਲਾ ਜ਼ਿਆਦਾ ਲੱਗਦਾ ਹੈ। ਵੰਨ ਸੁਵੰਨੇ ਖਾਣਿਆਂ ਦੇ ਅਨੇਕਾਂ ਹੀ ਵੱਖੋ-ਵੱਖਰੇ ਬੂਥ (ਸਟਾਲ) ਲਗਾਉਣ ਦੀ ਥਾਂ ਦੂਰੋਂ ਆਈ ਸੰਗਤ ਵਾਸਤੇ ਸਿਰਫ ਪ੍ਰਸ਼ਾਦੇ ਤੇ ਦਾਲ ਸਬਜ਼ੀ ਦਾ ਹੀ ਲੰਗਰ ਤਿਆਰ ਕੀਤਾ ਜਾਣਾ ਚਾਹੀਦਾ ਹੈ। ਸਥਾਨਿਕ ਸੰਗਤ ਨੂੰ ਆਪਣੇ ਘਰੋਂ ਹੀ ਪ੍ਰਸ਼ਾਦਾ ਪਾਣੀ ਛੱਕ ਕੇ ਨਗਰ ਕੀਰਤਨ ’ਚ ਸ਼ਾਮਲ ਹੋਣਾ ਚਾਹੀਦਾ ਹੈ।

ਬਹੁਤਾਤ ਸੰਗਤ ਤੇ ਪ੍ਰਬੰਧਕਾਂ ਨੂੰ ਸਟਾਲ ਬੰਦ ਕਰਨ ਦਾ ਸੁਝਾਅ ਯਕੀਨਨ ਨਾਖੁਸ਼ਗਵਾਰ ਲੱਗੇਗਾ। ਸੰਗਤ ਵਿਚੋਂ ਕਈਆਂ ਨੂੰ ਰੰਗ-ਬਰੰਗੇ ਖਾਣਿਆਂ ਬਿਨਾਂ ਨਗਰ ਕੀਰਤਨ ’ਚ ਸ਼ਾਮਲ ਹੋਣਾ ਹੀ ਦੁਸ਼ਵਾਰ (ਮੁਸ਼ਕਲ) ਤੇ ਬੇਅਰਥ ਲੱਗੇਗਾ, ਕਿਸੇ ਨੂੰ ਆਪਣੀ ਗੋਲਕ ਦਾ ਫ਼ਿਕਰ ਪੈ ਜਾਣਾ ਹੈ ਤੇ ਕਿਸੇ ਪ੍ਰਬੰਧਕ ਵੀਰ ਨੂੰ ਨਗਰ ਕੀਰਤਨ ’ਚ ਸ਼ਾਮਲ ਸੰਗਤ ਦੀ ਘੱਟ ਗਿਣਤੀ ਨੂੰ ਲੈ ਨਮੋਸ਼ੀ ਝੱਲਣੀ ਪਵੇਗੀ ਤੇ ਸ਼ਾਇਦ ਸੇਵਾਦਾਰੀ ਤੋਂ ਵੀ ਹੱਥ ਧੋਣਾ ਪੈ ਜਾਏ। ਗੁਰੂ ਪਿਆਰਿਓ! ਤੁਸੀਂ ਵੀ ਮੰਨੋਗੇ ਕਿ ਦਰਖ਼ਤ ਨਾਲੋਂ ਸੁੱਕੇ ਪੱਤੇ ਝਾੜਨ ਲਈ ਕਈ ਵਾਰ ਹਲੂਣਾ ਦੇਣਾ ਹੀ ਪੈਂਦਾ ਹੈ। ਵੈਸੇ ਵੀ ਰੱਜਿਆਂ ਨੂੰ ਰਜਾਉਣਾ ਗੁਰਮਤਿ ਦਾ ਅਸੂਲ ਨਹੀਂ ਹੈ। ਪ੍ਰਬੰਧਕ ਵੀਰਾਂ ਨੂੰ ਦੂਰਅੰਦੇਸ਼ੀ ਤੋਂ ਕੰਮ ਲੈਂਦਿਆਂ ਕੌਮ ਦੇ ਚਿਰ ਸਥਾਈ ਭਲੇ ਲਈ ਅਜਿਹੇ ਸਟਾਲਾਂ ’ਤੇ ਪਾਬੰਧੀ ਲਗਾ ਦੇਣੀ ਚਾਹੀਦੀ ਹੈ। ਜਿਹੜੇ ਵੀਰਾਂ ਭੈਣਾਂ ਨੂੰ ਚਾਉ ਹੈ ਕਿ ਉਨ੍ਹਾਂ ਅੱਜ ਦੇ ਦਿਨ ਹੀ ਆਪਣਾ ਦਸਵੰਧ ਗੁਰੂ ਦੇ ਲੇਖੇ ਲਾਉਣਾ ਹੈ, ਉਹ ਚੁੱਪ-ਚਾਪ ਜਾ ਕੇ ਗੁਰੂ ਦੀ ਗੋਲਕ ਵਿੱਚ ਮਾਇਆ ਪਾ ਆਉਣ। ਇਸ ਨਾਲ ਜਿੱਥੇ ਗੁਰੂ ਘਰ ਨੂੰ ਮਾਲੀ ਮਦਦ ਮਿਲੇਗੀ, ਉੱਥੇ ਹੀ ਪ੍ਰਬੰਧਕ ਵੀਰ ਗੁਰੂ ਕੇ ਲੰਗਰ ਦਾ ਪ੍ਰਬੰਧ ਖੁੱਦ ਕਮੇਟੀ ਵਲੋਂ ਯੋਜਨਾਬੱਧ ਤਰੀਕੇ ਨਾਲ ਕਰ ਸਕਦੇ ਹਨ।

ਸੰਗਤ ਦੀ ਲੋੜ ਤੇ ਸੰਖਿਆ ਨੂੰ ਮੁੱਖ ਰੱਖਦਿਆਂ ਲੰਗਰ ਇਕ ਤੋਂ ਵੱਧ ਥਾਵਾਂ ’ਤੇ ਵੀ ਛਕਾਇਆ ਜਾ ਸਕਦਾ ਹੈ ਪਰ ਕੋਸ਼ਿਸ਼ ਕਰੋ ਕਿ ਸਾਰਿਆਂ ਦੀ ਸੁਵਿਧਾ ਵਾਲੀ ਕਿਸੇ ਇੱਕ ਕੇਂਦਰੀ ਥਾਂ ਦੀ ਭਾਲ (ਚੋਣ) ਕੀਤੀ ਜਾਵੇ। ਅਜਿਹਾ ਕੀਤਿਆਂ ਬੇਹਤਰੀਨ ਪ੍ਰਭਾਵ ਬਣਨ ਦੇ ਨਾਲ ਨਾਲ ਬਾਅਦ ਵਿੱਚ ਸਫ਼ਾਈ ਕਰਨਾ ਵੀ ਸੋਖਾ ਰਹੇਗਾ। ਲੰਗਰ ਹਮੇਸ਼ਾਂ ਸਿਰ ਢੱਕ ਕੇ ਅਤੇ ਪੰਗਤ ’ਚ ਬੈਠ ਕੇ ਹੀ ਛੱਕਿਆ ਜਾਣਾ ਚਾਹੀਦਾ ਹੈ। ਜਦੋਂ ਅਸੀਂ ਇੱਕ ਹੱਥ ’ਚ ਫ਼ੋਨ ਤੇ ਦੂਜੇ ਵਿੱਚ ਸੋਡੇ ਦੀਆ ਬੋਤਲਾਂ ਫੜ੍ਹ ਇੱਧਰ ਉੱਧਰ ਗੁਆਚੇ ਜਿਹੇ ਘੁੰਮਦੇ ਫਿਰਦੇ ਹਾਂ ਤਾਂ ਵਾਕਿਆ ਹੀ ਇਕ ਮੇਲੇ ਦਾ ਅਹਿਸਾਸ ਹੁੰਦਾ ਹੈ। ਭੁੱਲ ਕੇ ਵੀ ਕਦੀ ਲੰਗਰ ਦਾ ਨਿਰਾਦਰ ਨਾ ਕਰੋ ਤੇ ਉਨ੍ਹਾਂ ਹੀ ਲਵੋ ਜਿੰਨਾਂ ਤੁਸੀਂ ਆਸਾਨੀ ਨਾਲ ਖ਼ਪਤ ਹੋ ਸਕੇ।

ਨਗਰ ਕੀਰਤਨ ’ਚ ਖਾਣੇ ਦੇ ਸਟਾਲਾਂ ਦੀ ਬਜਾਏ ਗੁਰਮਤਿ ਨਾਲ ਭਰਪੂਰ ਲਿਟਰੇਚਰ ਦੇ ਸਟਾਲ ਲਗਾਓ, ਖ਼ਾਸ ਕਰ ਜਿਹੜਾ ਵੀ ਗੁਰ ਪੁਰਬ ਮਨਾ ਰਹੇ ਹੋ, ਉਸ ਬਾਰੇ ਕਿਤਾਬਚੇ ਜ਼ਰੂਰ ਵੰਡੋ ਜੀ। ਹਰ ਸਟਾਲ ’ਤੇ ਗੁਰਸਿੱਖੀ ’ਚ ਪ੍ਰਪੱਕ ਇਕ ਦੋ ਵੀਰ/ਭੈਣਾਂ ਜ਼ਰੂਰ ਮੌਜੂਦ ਹੋਣੇ ਚਾਹੀਦੇ ਹਨ ਜੋ ਕਿ ਕਿਸੇ ਵੀ ਸਵਾਲ ਦਾ ਜਵਾਬ ਗੁਰਮਤਿ ਅਨੁਸਾਰ ਤੱਤਪਰਤਾ ਨਾਲ ਦੇਣ ’ਚ ਅਥਾਹ ਖੁਸ਼ੀ ਮਹਿਸੂਸ ਕਰਨ। ਦੇਗ ਲੈਣ ਆਈ ਸੰਗਤ ਨੂੰ ਦੇਗ ਦੇ ਨਾਲ ਹੀ ਗੁਰਮਤਿ ਵਾਲਾ ਲਿਟ੍ਰੇਚਰ ਵੀ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ। ਬਾਕੀ ਦਿਨਾਂ ’ਚ ਵੀ ਪ੍ਰਚਾਰ ਵਾਸਤੇ ਟ੍ਰੈਕਟ ਆਦਿ ਹਮੇਸ਼ਾਂ ਆਪਣੇ ਕੋਲ ਰੱਖੋ। ਆਪਣੇ ਘਰ ਦੇ ਮੁੱਖ ਦਰਵਾਜ਼ੇ ਦੇ ਲਾਗੇ ਹੀ ਇਕ ਬਕਸਾ ਰੱਖੋ, ਜਿਹੜਾ ਕਿ ਧਾਰਮਿਕ ਲਿਟਰੇਚਰ ਨਾਲ ਸਦਾ ਭਰਿਆ ਰਹੇ ਤਾਂ ਕਿ ਤੁਸੀਂ ਆਸਾਨੀ ਨਾਲ ਹਰ ਆਏ ਗਏ ਨੂੰ ਇੱਕ ਅਰਥ ਭਰਪੂਰ ਤੋਹਫ਼ਾ ਦੇ ਸਕੋ। ਯਾਦ ਰਹੇ ਕਿ ਸਾਡੇ ਬਾਰੇ ਮਸ਼ਹੂਰ ਕੀਤਾ ਹੋਇਆ ਹੈ ਕਿ ਸਿੱਖ ਸਿਰ ਦੇਣਾ ਤਾਂ ਜਾਣਦਾ ਹੈ ਪਰ ਵਰਤਨਾ ਨਹੀਂ। ਸੋ ਆਪ ਪੜੋ, ਵੀਚਾਰੋ ਅਤੇ ਜੇਕਰ ਹੋਰਨਾਂ ਨੂੰ ਵੀ ਪ੍ਰੇਰਿਤ ਕਰੋਗੇ ਤਾਂ ਇਹ ਨਜ਼ਰੀਆ ਵੀ ਹਮੇਸ਼ਾ ਲਈ ਬਦਲ ਜਾਇਗਾ।

(5). ਕਿਉਂ ਨਾ ਹਰ ਨਗਰ ਕੀਰਤਨ (ਖਾਸ ਕਰ ਵਿਸਾਖੀ); ਅਗਾਂਹ ਤੋਂ ਅਜਿਹੇ ਨਿਵੇਕਲੇ ਢੰਗ ਨਾਲ ਮਨਾਈਏ ਕਿ ਸਾਰਾ ਸਥਾਨਿਕ ਭਾਈਚਾਰਾ (society) ਹੀ ਬਾਕੀ ਸਾਰਾ ਸਾਲ ਬੜੀ ਸ਼ਿੱਦਤ ਨਾਲ ਇੰਤਜ਼ਾਰ ਕਰੇ ਕਿ ਇਸ ਸਾਲ ਇਹਨਾਂ ਵੱਖਰੀ ਦਿੱਖ ਵਾਲੇ ਭਲੇ ਲੋਕਾਂ ਕਿਹੜਾ ਭਲਾ ਕਾਰਜ ਕਰਨਾ ਹੈ ? ਜੀ ਹਾਂ ! ਹਰ ਸਾਲ ਆਪਣੇ ਸਥਾਨਿਕ ਭਾਈਚਾਰੇ ਲਈ ਕੁੱਝ ਵੱਖਰਾ ਕਰੋ। ਤੁਸੀਂ ਹੈਰਾਨ ਰਹਿ ਜਾਉਂਗੇ ਕਿ ਕੁੱਝ ਹੀ ਸਮੇਂ ’ਚ ਵਿਸਾਖੀ ਸਿਰਫ ਸਾਡਾ ਹੀ ਨਹੀਂ ਬਲਕਿ ਸਮੁੱਚੀ ਕਮਿਊਨਟੀ ਦਾ ਮਨ ਪਸੰਦ ਤੇਚੋਣਵਾਂ ਸਮਾਗਮ ਬਣ ਜਾਵੇਗਾ।

ਜਿੱਥੇ ਨਗਰ ਕੀਰਤਨ ਕਰਨਾ ਹੈ, ਕਿਉਂ ਨਾ ਇਕ ਵਿਸਾਖੀ ਸਾਰੀ ਸੰਗਤ ਵਾਹਿਗੁਰੂ ਦਾ ਜਾਪ ਕਰਦਿਆਂ ਉਸ ਨਗਰ ਦੀ ਵਿਸਥਾਰ ਨਾਲ ਸਫ਼ਾਈ ਕਰ ਦੇਵੇ ਤੇ ਨਾਲ ਹੀ ਛੋਟੇ-ਛੋਟੇ ਨਾਅਰਿਆਂ ਦੇ ਸਟਿੱਕਰ ਬਣਾ ਕੇ ਵੰਡ ਦਿਤੇ ਜਾਣ, ਜਿਵੇਂ ਕਿ

‘ਸਾਡਾ ਨਗਰ ਸਭ ਤੋਂ ਪਿਆਰਾ, ਖਾਲਸਾ ਸਭ ਤੋਂ ਨਿਆਰਾ, ਆਦਿ ।

ਹਰ ਕਮਿਊਨਟੀ ਵਿੱਚ ਘਰਾਂ ਤੋਂ ਸੱਖਣੇ ਲੋਕਾਂ ਲਈ ਸਹਾਰਾ ਘਰ (Hermitage) ਹੁੰਦੇ ਹਨ, ਇੱਕ ਸਾਲ ਉਹਨਾਂ ਨੂੰ ਕੱਪੜੇ, ਕੰਬਲ ਆਦਿ ਦੇ ਕੇ ਦਰਸਾ ਸਕਦੇ ਹਾਂ ਕਿ ਸਿੱਖ ਕੌਮ ਕਿੰਨੀ ਕੁ ਦਿਆਲੂ ਕੌਮ ਹੈ ਤੇ ਆਪਣੀ ਕਮਾਈ/ਦਸਵੰਧ ਸਭ ਨਾਲ ਸਾਂਝਾ ਕਰਨ ’ਚ ਯਕੀਨ ਰੱਖਦੀ ਹੈ। ਇਸੇ ਤਰ੍ਹਾਂ ਭੋਜਨ ਬੈਂਕਾਂ ’ਚ ਖੁਲ੍ਹਦਿਲੀ ਨਾਲ ਭੋਜਨ ਦੇ ਕੇ ਅਸੀਂ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਦੇ ਸਿਧਾਂਤ ਨੂੰ ਪ੍ਰਤੱਖ ਕਰ ਸਕਦੇ ਹਾਂ। ਖੂਨ ਦਾਨ ਕੈਂਪ ਲਗਾ ਕੇ ਭਾਈ ਘੱਨਈਆ ਜੀ ਵਾਂਗ ਅੱਜ ਵੀ ‘‘ਨਾ ਕੋ ਬੈਰੀ ਨਹੀ ਬਿਗਾਨਾ; ਸਗਲ ਸੰਗਿ ਹਮ ਕਉ ਬਨਿ ਆਈ ॥ (ਮ: ੫/੧੨੯੯), ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਨ ਦਿਸਹਿ, ਬਾਹਰਾ ਜੀਉ ॥’’ (ਮ: ੫/੯੭), ਆਦਿ ਵਚਨਾਂ ’ਤੇ ਪਹਿਰਾ ਦੇ ਸਕਦੇ ਹਾਂ।

(6). ਵਾਤਾਵਰਨ ਪ੍ਰਤੀ ਆਪਣੀ ਸੁਹਿਰਦਤਾ ਤੇ ਵਚਨਬੱਧਤਾ ਨੂੰ ਸਾਬਤ ਕਰਨ ਲਈ ਕਿਸੇ ਵੀ ਕੁਦਰਤ ਬਚਾਓ ਸੰਸਥਾ ਨਾਲ ਮਿਲ ਕੇ ਕੰਮ ਕੀਤਾ ਜਾ ਸਕਦਾ ਹੈ। ਸਮੇਂ ਦੀ ਲੋੜ ਅਨੁਸਾਰ ਸਾਰੀ ਕਮਿਊਨਟੀ ਨੂੰ ਪੀਣ ਲਈ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾ ਸਕਦੇ ਹਾਂ। ਗੱਤਕੇ, ਤਬਲੇ, ਆਦਿ ਦੀ ਬਿਨਾਂ ਭੇਟਾ ਸਿੱਖਿਆ ਦੇ ਸਕਦੇ ਹਾਂ। ਸਾਰੀ ਗੱਲ ਦਾ ਭਾਵ ਇਹੀ ਹੈ ਕਿ ਨਗਰ ਕੀਰਤਨ ਸਜਾਉਣ ਦੇ ਨਾਲ ਹੀ, ਆਪ ਵੀ ਸਥਾਨਿਕ ਭਾਈਚਾਰੇ ’ਚ ਸ਼ਾਮਲ ਹੋਈਏ ਤੇ ਕਮਿਊਨਟੀ ਦੇ ਹਰ ਬਸ਼ਿੰਦੇ ਨੂੰ ਆਪਣੇ ’ਚ ਸ਼ਾਮਲ ਹੋਣ ਲਈ ਹਾਰਦਿਕ ਸੱਦਾ ਤੇ ਖੁੱਲਾ ਮੌਕਾ ਦੇਈਏ। ਅਜਿਹਾ ਕਰਨ ਨਾਲ ਸਾਡੇ ਵਿਰੁੱਧ ਕੀਤੇ ਜਾ ਰਹੇ ਹਰ ਮਾਰੂ ਤੇ ਨਾ ਪੱਖੀ ਪ੍ਰਾਪੇਗੰਡੇ ਨੂੰ ਪੂਰੀ ਕਮਿਊਨਟੀ ਝੱਟ ਹੀ ਰੱਦ ਕਰ ਦੇਵੇਗੀ।

ਯਕੀਨਨ ਹੀ ਇੱਕ ਸੁਚੱਜੇ ਨਗਰ ਕੀਰਤਨ ਦੇ ਬਹੁਤ ਲਾਭ ਹੋ ਸਕਦੇ ਹਨ ਬਸ਼ਰਤੇ ਹੈ ਕਿ ਇਹ ਨਿਰੋਲ ਗੁਰਮਤਿ ਰੰਗ ’ਚ ਰੰਗਿਆ ਹੋਵੇ; ਜਿਵੇਂ ਇੱਕ ਵਧੀਆਂ ਸੁਗੰਧੀ ਵਾਲਾ ਫੁੱਲ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦਾ, ਇਸੇ ਤਰ੍ਹਾਂ ਸਾਡੀ ਰਹਿਤ, ਸ਼ਾਨ, ਜਾਹੋ ਜਲਾਲ ਤੇ ਚੜ੍ਹਦੀ ਕਲਾ ਨੂੰ ਵੇਖ ਬਾਕੀ ਲੁਕਾਈ ਆਪਣੇ ਆਪ ਹੀ ਸਾਡੇ ਬਾਰੇ ਜਾਣਨਾ ਲੋਚੇਗੀ। ਵੇਖੋ ਈਸਾਈ ਲੋਕ, ਕਿਵੇਂ ਘਰ-ਘਰ ਜਾ ਕੇ ਆਪਣੇ ਇੱਕ ਸ਼ਹੀਦ (ਈਸਾ ਜੀ) ਦਾ ਪ੍ਰਚਾਰ ਕਰਦੇ ਹਨ। ਬੇਅੰਤ ਸ਼ਹੀਦਾਂ ਦੀ ਕੌਮ ਦੇ ਵਾਰਸੋ ! ਕੀ ਅਸੀਂ ਘਰ-ਘਰ ਜਾਣ ਦੀ ਬਜਾਏ ਏਨਾ ਵੀ ਨਹੀਂ ਕਰ ਸਕਦੇ ਕਿ ਨਗਰ ਕੀਰਤਨ ਮੌਕੇ ਹੀ ਗੁਰਸਿੱਖੀ ਦੀ ਖ਼ੁਸ਼ਬੂ ਫੈਲਾ ਸਕੀਏ ?

ਸਾਡੇ ਕੋਲ ਇਸ ਤੋਂ ਵਧੀਆ ਹੋਰ ਕਿਹੜਾ ਮੌਕਾ ਹੋ ਸਕਦਾ ਹੈ, ਜਿੱਥੇ ਇਤਨੀ ਸੰਗਤ ਇਕੱਠਿਆਂ, ਇੱਕੋ ਵੇਲੇ ਗੁਰਬਾਣੀ ਗਾਇਨ ਕਰਨ ਦੇ ਨਾਲ ਹੀ ਸੰਸਾਰ ’ਚ ਅਮਨ-ਸ਼ਾਂਤੀ ਲਈ ਸਮੂਹਿਕ ਮਾਨਵਤਾ ਲਈ ਅਰਦਾਸ ਕੀਤੀ ਜਾ ਸਕਦੀ ਹੋਵੇ ! ਅਜਿਹੇਮੰਤਰ ਮੁਗਧ ਕਰਨ ਵਾਲੇ ਗੁਰਮਤਿ ਭਰਪੂਰ ਇਕੱਠ ਵਿੱਚ ਗੁਰਸਿੱਖਾਂ ਦੀ ਏਕਤਾ ਤੇ ਬੇਮਿਸਾਲ ਭਰਾਤਰੀ ਭਾਵ ਨੂੰ ਵੇਖ ਕੇ ਸਹਿਜੇ ਹੀ ਸਭ ਦੇ ਮੁੱਖੋਂ ਨਿਕਲ ਪਏਗਾ: ‘‘ਤਹਾ ਬੈਕੁੰਠੁ, ਜਹ ਕੀਰਤਨੁ ਤੇਰਾ.. ॥’’ (ਮ: ੫/੭੪੯) ਅਤੇ ‘‘ਸਭ ਤੇ ਵਡਾ ਸਤਿਗੁਰੁ ਨਾਨਕੁ..॥’’ (ਮ: ੫/੭੫੦), ਇਹੀ ਗੁਰਮਤਿ, ਗੁਰਸਿੱਖ ਤੇ ਮਾਨਵਤਾ ਦੀ ਭਲਾਈ ਲਈ ਕਾਰਗਰ ਤਰੀਕਾ ਹੈ, ਜਿਸ ਲਈ ਯੋਗ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਲੈ ਸਕਦੇ ਹਾਂ।