ਆਰ ਐੱਸ ਐੱਸ ਦੇ ਏਜੰਟਾਂ ਨੂੰ ਸਿੱਖ ਸੰਸਥਾਵਾਂ ਤੋਂ ਦੂਰ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।

1
254

ਆਰ ਐੱਸ ਐੱਸ ਦੇ ਏਜੰਟਾਂ ਨੂੰ ਸਿੱਖ ਸੰਸਥਾਵਾਂ ਤੋਂ ਦੂਰ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।

ਕਿਰਪਾਲ ਸਿੰਘ (ਬਠਿੰਡਾ)- 98554-80797

 ਇਹ ਬਿਲਕੁਲ ਠੀਕ ਹੈ ਕਿ ਸਿਆਸੀ ਪਾਰਟੀਆਂ ਦੀ ਸਿੱਖ ਸੰਸਥਾਵਾਂ ਵਿੱਚ ਵਧ ਰਹੀ ਦਖ਼ਲ ਅੰਦਾਜੀ ਸਿੱਖ ਧਰਮ ਦਾ ਬਹੁਤ ਨੁਕਸਾਨ ਕਰ ਰਹੀ ਹੈ ਪਰ ਇਹ ਵੀ ਧਿਆਨ ਰੱਖਣਯੋਗ ਗੱਲ ਹੈ ਕਿ ਆਰ ਐੱਸ ਐੱਸ ਦੀ ਵਧ ਰਹੀ ਦਖ਼ਲ ਅੰਦਾਜੀ ਸਿਆਸੀ ਪਾਰਟੀਆਂ ਨਾਲੋਂ ਵੀ ਕਿਤੇ ਵੱਧ ਖ਼ਤਰਨਾਕ ਹੈ। ਬਾਦਲ ਦਲ ਨੇ ਵੀ ਇਸੇ ਕਰਕੇ ਸਿੱਖ ਧਰਮ ਦਾ ਵੱਧ ਨੁਕਸਾਨ ਕੀਤਾ ਹੈ ਕਿਉਂਕਿ ਭਾਜਪਾ ਨਾਲ ਗੱਠਜੋੜ ਹੋਣ ਕਰਕੇ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਅਸਿੱਧੇ ਤੌਰ ’ਤੇ ਆਰ ਐੱਸ ਐੱਸ ਦੇ ਅਧੀਨ ਹੋ ਚੁੱਕੇ ਹਨ। ਆਰ ਐੱਸ ਐੱਸ ਦਾ ਇੱਕੋ ਏਜੰਡਾ ਹੈ ਕਿ ਘੱਟ ਗਿਣਤੀਆਂ ਦੇ ਧਰਮ ਦੇ ਫ਼ਲਸਫੇ ਅਤੇ ਇਤਿਹਾਸ ਵਿੱਚ ਮਿਲਾਵਟ ਕਰਕੇ ਉਸ ਨੂੰ ਸਿਧਾਂਤਕ ਤੌਰ ’ਤੇ ਕਮਜੋਰ ਕਰਨਾ ਤੇ ਅੰਤ ਹਿੰਦੂ ਧਰਮ ਵਿੱਚ ਹੀ ਜਜ਼ਬ ਕਰ ਲੈਣਾ। ਇਸ ਟੀਚੇ ਨੂੰ ਸਰ ਕਰਨ ਲਈ ਆਰ ਐੱਸ ਐੱਸ ਨੇ ਸਿੱਖ ਇਤਿਹਾਸ ਹਿੰਦੀ ਦੀ ਪੁਸਤਕ ਅਤੇ ਗੁਰ ਬਿਲਾਸ ਪਾਤਿਸਾਹੀ ਛੇਵੀਂ ਦੀ ਮੁੜ ਸੰਪਾਦਨਾ ਕਰਵਾ ਕੇ ਸ਼੍ਰੋਮਣੀ ਕਮੇਟੀ ਤੋਂ ਹੀ ਛਪਵਾ ਕੇ ਵੰਡਵਾਉਣੀਆਂ ਸ਼ੁਰੂ ਕਰ ਦਿੱਤੀਆਂ, ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਇਕਾ ਬਾਣੀ, ਇਕੁ ਗੁਰੁ ਇਕੋ ਸਬਦੁ ਵੀਚਾਰਿ  ਦੇ ਪ੍ਰਚਾਰ ਦੀ ਥਾਂ ਸਿੱਖਾਂ ਵਿੱਚ ਦੁਬਿਧਾ ਪੈਦਾ ਕਰਨ ਲਈ ਬਚਿੱਤਰ ਨਾਟਕ ਦੀ ਰਚਨਾ ਤੇ ਹੋਰ ਕੱਚੀਆਂ ਸਾਖੀਆਂ ਵਾਲੇ ਇਤਿਹਾਸ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਅਤੇ ਸਤਿਗੁਰ ਬਾਝਹੁ, ਅੰਧੁ ਗੁਬਾਰੁ ਥਿਤੀ ਵਾਰ ਸੇਵਹਿ, ਮੁਗਧ ਗਵਾਰ  ’ਤੇ ਅਮਲ ਕਰਦਿਆਂ;  ਥਿਤਾਂ ਵਾਰਾਂ ਵਿੱਚ ਉਲਝਾਉਣ ਵਾਲੇ ਬਿਕ੍ਰਮੀ ਕੈਲੰਡਰ ਦਾ ਤਿਆਗ ਕਰਕੇ ਸਿੱਖ ਕੌਮ ਵੱਲੋਂ ਲਾਗੂ ਕੀਤੇ ਨਾਨਕਸ਼ਾਹੀ ਕੈਲੰਡਰ ਨੂੰ ਅਕਾਲ ਤਖ਼ਤ ਰਾਹੀਂ ਕਤਲ ਕਰਵਾ ਕੇ ਮੁੜ ਬਿਕ੍ਰਮੀ ਕੈਲੰਡਰ ਲਾਗੂ ਕਰਵਾ ਦਿੱਤਾ। ਇਨ੍ਹਾਂ ਕੌਮ ਵਿਰੋਧੀ ਗਤੀਵਿਧੀਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਗੁਰਸਿੱਖ ਵਿਦਵਾਨਾਂ, ਪ੍ਰਚਾਰਕਾਂ ਤੇ ਪੰਥਕ ਜਥੇਬੰਦੀਆਂ ਦੀ ਆਵਾਜ਼ ਨੂੰ ਅਕਾਲ ਤਖ਼ਤ ਦੀ ਦੁਰਵਰਤੋਂ ਕਰਕੇ ਦਬਾਇਆ ਜਾ ਰਿਹਾ ਹੈ।

 ਸੂਝਵਾਨ ਸਿੱਖਾਂ ਦੇ ਮਨਾਂ ਵਿੱਚ ਇਹ ਸ਼ੰਕੇ ਉਪਜ ਰਹੇ ਹਨ ਕਿ ਆਰ ਐੱਸ ਐੱਸ ਦੇ ਮਨ ਵਿੱਚ ਇਸ ਵੇਲੇ ਇਹ ਖ਼ਿਆਲ ਬਣ ਚੁੱਕਾ ਹੈ ਉਨ੍ਹਾਂ ਦੇ ਹੱਥਾਂ ਦਾ ਸਭ ਤੋਂ ਵਧੀਆਂ ਹਥਿਆਰ ਬਣ ਚੁੱਕੇ ਅਕਾਲੀ ਦਲ ਬਾਦਲ ਦੀ ਸ਼ਾਖ਼ ਇਤਨੀ ਗਿਰ ਚੁੱਕੀ ਹੈ ਕਿ ਉਹ ਮੁੜ ਸ਼੍ਰੋਮਣੀ ਕਮੇਟੀ ’ਤੇ ਦਿੱਲੀ ਗੁਰਦੁਆਰਾ ਕਮੇਟੀ ’ਤੇ ਮੁੜ ਕਾਬਜ਼ ਨਹੀਂ ਹੋ ਸਕਦਾ; ਇਸ ਲਈ ਆਪਣਾ ਏਜੰਡਾ ਲਾਗੂ ਕਰਵਾਉਣ ਲਈ ਬਾਦਲ ਦੇ ਬਦਲ ਵਡਾਲਾ ਦੀ ਅਗਵਾਈ ਹੇਠ ਐਸੇ ਧੜੇ ਨੂੰ ਪਰਮੋਟ ਕਰ ਰਹੀ ਹੈ ਜਿਸ ਨੂੰ ਇਮਾਨਦਾਰ ਤੇ ਸਿਆਸਤ ਤੋਂ ਮੁਕਤ ਧਾਰਮਿਕ ਸਖ਼ਸ਼ੀਅਤ ਦੱਸ ਕੇ ਉਭਾਰਿਆ ਜਾਵੇ ਤੇ ਇਸ ਰਾਹੀਂ ਸਿੱਖਾਂ ਦੀਆਂ ਦੋ ਪ੍ਰਮੁੱਖ ਸਿੱਖ ਸੰਸਥਾਵਾਂ ’ਤੇ ਕਾਬਜ਼ ਰਿਹਾ ਜਾ ਸਕੇ। ਬਲਦੇਵ ਸਿੰਘ ਵਡਾਲਾ ਦੀਆਂ ਹਰਨਾਮ ਸਿੰਘ ਧੁੰਮੇ ਰਾਹੀਂ ਆਰ ਐੱਸ ਐੱਸ ਨਾਲ ਤਾਰਾਂ ਜੁੜੀਆਂ ਹਨ। ਤਾਰਾਂ ਦੇ ਸੰਕੇਤ ਭਾਈ ਗੁਰਸੇਵਕ ਸਿੰਘ ਧੌਲਾ ਦੇ ਲੇਖ ਵਡਾਲਾ ਗੁਰੱਪ” ਅਸਲ ਵਿੱਚ ਬਾਬਾ “ਧੁੰਮਾ ਗਰੁੱਪ” ਹੀ ਹੈ : ਤੋਂ ਮਿਲਦਾ ਹੈ। ਜਿਸ ਦਾ ਸਪਸ਼ਟੀਕਰਨ ਹਾਲੀ ਤੱਕ ਵਡਾਲਾ ਗਰੁੱਪ ਵੱਲੋਂ ਨਹੀਂ ਦਿੱਤਾ ਗਿਆ। ਵਡਾਲਾ ਦੇ ਹੁਣ ਤੱਕ ਦੇ ਪ੍ਰਚਾਰ ਤੋਂ ਵੀ ਇਹੀ ਸਿੱਧ ਹੁੰਦਾ ਹੈ ਕਿ ਉਹ ਬਚਿੱਤਰ ਨਾਟਕ ਦਾ ਵੱਡਾ ਸਮਰਥਕ ਹੈ। ਸੋ ਵੱਧ ਲੋੜ ਇਸ ਗੱਲ ਦੀ ਨਹੀਂ ਹੈ ਕਿ ਚੋਣਾਂ ਤੋਂ ਬਾਅਦ ਵਡਾਲਾ ਧੜਾ ਬਾਦਲ ਦਲ ਨਾਲ ਮਿਲਦਾ ਹੈ ਜਾਂ ਨਹੀਂ; ਸਗੋਂ ਇਹ ਵਿਸ਼ਵਾਸ ਦਿਵਾਉਣ ਦੀ ਹੈ ਕਿ ਕੀ ਸਤਾ ’ਤੇ ਕਾਬਜ਼ ਹੋਣ ੳਪ੍ਰੰਤ ਨਾਨਕਸ਼ਾਹੀ ਕੈਲੰਡਰ ਬਹਾਲ ਕਰਵਾਏਗਾ ? ਕੀ ਬਚਿੱਤਰ ਨਾਟਕ ਦੀ ਕਥਾ ਬੰਦ ਕਰਵਾ ਕੇ ਨਿਰੋਲ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਕਰਨ ਦਾ ਪ੍ਰਬੰਧ ਕਰੇਗਾ ? ਕੀ ਮਿਲਾਵਟੀ ਸਿੱਖ ਇਤਿਹਾਸ ਨੂੰ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਸਵੱਟੀ ’ਤੇ ਪਰਖ਼ ਕੇ ਮੁੜ ਲਿਖਵਾਉਣ ਲਈ ਵਿਦਵਾਨਾਂ ਦੇ ਪੈੱਨਲ ਦਾ ਗੱਠਨ ਕਰੇਗਾ ?

 ਸਿੱਖ ਸੰਗਤਾਂ ਨੂੰ ਵੀ ਹੁਣ ਗੁਰੂ ਸਾਹਿਬ ਜੀ ਦੇ ਪਾਵਨ ਬਚਨ ਅਬ, ਮਨ ! ਜਾਗਤ ਰਹੁ ਰੇ ਭਾਈ ! ਗਾਫਲੁ ਹੋਇ ਕੈ, ਜਨਮੁ ਗਵਾਇਓ ;   ਚੋਰੁ ਮੁਸੈ ਘਰੁ ਜਾਈ ਰਹਾਉ ਤੋਂ ਬਿਬੇਕ ਬੁੱਧੀ ਰਾਹੀਂ ਸੇਧ ਲੈ ਕੇ ਐਸੇ ਕਿਸੇ ਵੀ ਗਰੁੱਪ ਨੂੰ ਸਿੱਖ ਸੰਸਥਾਵਾਂ ਤੋਂ ਦੂਰ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸ ਦੀਆਂ ਤਾਰਾਂ ਆਰ ਐੱਸ ਐੱਸ ਜਾਂ ਉਸ ਦੇ ਏਜੰਟ ਹਰਨਾਮ ਸਿੰਘ ਧੁੰਮੇ ਨਾਲ ਜੁੜਦੀਆਂ ਹੋਣ।

1 COMMENT

  1. ਵੀਰ ਜੀ ਹਿੰਦੁਸਤਾਨ ਤੋਂ ਬਾਹਰ ਤਾਂ ਗੁਰਦੁਆਰਿਆ ਵਿੱਚ ਤਾਂ ਆਰ ਆਰ ਇਸ ਦਾ ਅਸਿਦਾ ਬਹੁਤ ਭਰਵਾਵ ਹੈ । ਆਮ ਸੰਗਤ ਤਾਂ ਅਨੀੰ ਸ਼ਰਦਾ ਦੇ ਅਧੀਨ ਵੱਸ ਵਿੱਚ ਹੈ । ੳਹਨਾਂ ਦੀ ਅੰਧੀ ਸ਼ਰਦਾ ਦੀ ਪੂਰਤੀ ਹੋਈ ਜਾਏ ਉਹਨਾਂ ਵਾਸਤੇ ਤਾਂ ਗੁਰਦੁਆਰੇ ਜਾਣਾ ਇਥੋ ਤੱਕ ਹੀ ਸੀਮਤ । ਪਰਬੰਧਕ ਸੱਜਣਾਂ ਦਾ ਗੁਰੂ ਗਰਿੰਥ ਸਾਹਿਬ ਦੇ ਪ੍ਰਚਾਰ ਦੇ ਨਾਲ ਕੋਈ ਸੰਬੰਧ ਨਹੀਂ ਪ੍ਰਚਾਰਕ ਸਟੇਜ ਉਪਰੌ ਜੋ ਮਰਜ਼ੀ ਬੁਲੀ ਜਾਣ ਸਰਿਫ ਗੋਲਕ ਭਰਨੀ ਚਾਹੀਦੀ ਹੈ । ਕਰਮਕਾਂਡ ਗੁਰਦੁਆਰਿਆ ਿਵਚ ਬੁਹਤ ਜਿਆਦਾ ਦਿਨ ਬੇ ਦਿਨ ਬੜ ਰਹੇ ਹਨ । ਪ੍ਰਚਾਰ ਇਹ ਹੋ ਰਿਹਾ ਕਿ ਕਨੇਡਾ ਅਮਿਰੀਕਾ ਵਿੱਚ ਸਿੱਖੀ ਬੁਹਤ ਬੜ ਰਹੀ ਹੈ ਪਰ ਅਸਲੀਅਤ ਕੁਛ ਹੋਰ ਹੈ । ਹਾਂ ਇਕ ਗੱਲ ਜ਼ਰੂਰ ਹੈ ਕਿ ਨਗਰ ਕੀਰਤਨ ਵੇਖਣ ਕੇਸਰੀ ਦਸਤਾਰਾਂ ਬੰਨ ਕੇ ਲੋਕੀਂ ਬੁਹਤ ਜਾਂਦੇ ਹਨ ਜੇ ਅਗਰ ਇਸ ਨੂੰ ਸਿੱਖੀ ਬਦ ਰਹੀ ਕਹਿੰਦੇ ਹੋ ਤਾਂ ਫਿਰ ਤੁਸੀਂ ਠੀਕ ਹੋ । ਪਰ ਗੁਰੂ ਨਾਨਕ ਸਾਿਹਬ ਦੀ ਸਿੱਖੀ ਇਹ ਨਹੀਂ ਹੈ । ਇਹ ਸਿਰਫ ਕਰਮਕਾਂਡੀ ਹੀ ਸਿੱਖੀ ਹੈ । ਸਤਿਗੁਰ ਮਿਹਰ ਕਰਨ ।

Comments are closed.