ਆਖਰੀ ਟਰੇਨ ਨਿਕਲ ਜਾਣ ਤੋਂ ਬਾਅਦ
ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਕਵਿਤਾ ਭਵਨ, ਮਾਛੀਵਾੜਾ ਰੋਡ ਸਮਰਾਲਾ-141114 ਮੋਬਾ: 94638-08697
ਆਖਰੀ ਟਰੇਨ (ਰੇਲ) ਵੀ ਨਿਕਲ ਗਈ ਸੀ। ਮੈਂ ਸਟੇਸ਼ਨ ਉੱਤੇ ਇਕੱਲਾ ਹੀ ਖੜਾ ਸਾਂ। ਹਨੇਰਾ ਹੋ ਗਿਆ ਸੀ। ਮੇਰਾ ਪਰਛਾਵਾਂ ਵੀ ਮੇਰਾ ਸਾਥ ਛੱਡ ਕੇ ਜਾ ਚੁੱਕਾ ਸੀ। ਟਿਕਟ ਮੇਰੇ ਹੱਥ ਵਿਚ ਸੀ। ਜਾ ਰਹੀ ਗੱਡੀ ਦੀ ਪਿੱਠ ਵੀ ਹਨੇਰੇ ਵਿਚ ਅਲੋਪ ਹੋ ਗਈ ਸੀ।
ਮੈਂ ਰੇਲਵੇ ਪਲੈਟਫਾਰਮ ਤੋਂ ਬਾਹਰ ਨਿਕਲਿਆ। ਰੈਮਪ-ਢਲਾਨ ਤੋਂ ਹੌਲੀ ਹੌਲੀ ਹੇਠਾਂ ਉੱਤਰ ਰਿਹਾ ਸਾਂ। ਮੇਰੀ ਸਹਾਇਕ ਸਟਿਕ ਮੇਰੇ ਹੱਥੋਂ ਖਿਸਕ ਗਈ। ਉਤਰਾਈ ਤੋਂ ਰਿੜਕੇ ਕਾਫੀ ਦੂਰ ਚਲੀ ਗਈ ਸੀ। ਮੈਂ ਦੋ ਕੁ ਕਦਮ ਹੇਠਾਂ ਨੂੰ ਪੁੱਟੇ। ਤਿਲਕਵੀਂ ਸਤਿਹ ਉੱਤੇ ਟੋਏ ਬਹੁਤ ਸਨ। ਮੇਰਾ ਪੈਰ ਟੋਏ ਵਿਚ ਪੈ ਗਿਆ। ਮੈਂ ਆਪਣਾ ਸੰਤੁਲਨ ਕਾਇਮ ਨਾ ਰੱਖ ਸਕਿਆ, ਡਿੱਗ ਪਿਆ। ਮੈਂ ਇੱਕ ਪਾਸੇ ਪਿਆ ਉਡੀਕਦਾ ਰਿਹਾ, ਕੋਈ ਆਵੇਗਾ। ਪਰ ਕੌਣ ਆਉਂਦਾ। ਪਿੰਡ ਦਾ ਨਿੱਕਾ ਜਿਹਾ ਰੇਲਵੇ ਸਟੇਸ਼ਨ ਸੀ। ਅਗਲੀ ਰੇਲ ਗੱਡੀ ਸਵੇਰੇ ਛੇ ਵਜੇ ਆਉਣੀ ਸੀ।
ਕੁਝ ਦਿਨ ਪਹਿਲਾਂ, ਅੱਧੀ ਰਾਤ ਨੂੰ ਮੈਨੂੰ ਆਪਣੇ ਵਾਸ਼ਰੂਮ ਜਾਣ ਦੀ ਲੋੜ ਪਈ। ਵਾਸ਼ਰੂਮ ਵਿਚ ਮੈਂ ਤਿਲਕ ਕੇ ਸੱਜੇ ਚੂਲੇ ਭਾਰ ਡਿੱਗ ਪਿਆ। ਵਾਸ਼ਰੂਮ ਦਾ ਦਰਵਾਜ਼ਾ ਖੁੱਲ੍ਹਾ ਸੀ। ਗਲੀ ਵਿੱਚ ਵਾਸ਼ਰੂਮ ਦਾ ਰੌਸ਼ਨਦਾਨ ਖੁੱਲ੍ਹਦਾ ਸੀ। ਮੈਂ ਬਹੁਤ ਆਵਾਜ਼ਾਂ ਦਿੱਤੀਆਂ, ਪਰ ਕੋਈ ਹੁੰਗਾਰਾ ਨਾ ਆਇਆ। ਘਰ ਵਿੱਚ ਮੈਂ ਇਕੱਲਾ ਸਾਂ। ਰਾਤ ਦੇ ਤਿੰਨ ਵੱਜੇ। ਗੁਆਂਢੀ ਸੁੱਤੇ, ਕੌਣ ਆਵਾਜ਼ ਸੁਣਦਾ। ਕੌਣ ਆਉਂਦਾ। ਕੁੱਤਿਆਂ ਦੇ ਰੋਣ ਦੀ ਆਵਾਜ਼ ਜ਼ਰੂਰ ਆ ਰਹੀ ਸੀ। ਮੈਂ ਸਵੇਰ ਹੋਣ ਦੀ ਇੰਤਜ਼ਾਰ ਕਰਨ ਲੱਗਾ।
ਕਾਫੀ ਦਿਨ ਤੋਂ ਮੇਰੀ ਪਿੱਠ ਦਰਦ ਕਰ ਰਹੀ ਹੈ। ਇਕ ਵਾਰ ਤਾਂ ਹਰਜਿੰਦਰਪਾਲ ਮੱਲ੍ਹਮ ਮਲ ਗਿਆ ਸੀ। ਰੋਜ਼ ਮੈਂ ਕਿਸ ਨੂੰ ਕਹਾਂ। ਮੇਰਾ ਤਾਂ ਪਿੱਠ ਉੱਤੇ ਹੱਥ ਨਹੀਂ ਪਹੁੰਚਦਾ। ਮਲ੍ਹਮ ਕੌਣ ਮਲੇ। ਹੌਲੀ ਹੌਲੀ ਵਿਹੜੇ ਵਿਚ ਤੁਰਦਿਆਂ, ਮੇਰੇ ਹੱਥ ਵਿਚ ਫੜੀ ਕੋਈ ਚੀਜ਼, ਗਿਲਾਸ ਆਦਿ ਡਿੱਗ ਪਵੇ ਤਾਂ ਉਹ ਚੀਜ਼ ਉਥੇ ਹੀ ਪਈ ਰਹਿੰਦੀ ਹੈ। ਜਿਨ੍ਹਾਂ ਚਿਰ ਅਗਲੇ ਦਿਨ ਆ ਕੇ ਮੇਰੀ ਸੇਵਾਦਾਰਨੀ ਨਹੀਂ ਚੁੱਕਦੀ। ਮੇਰੇ ਪਾਸੋਂ ਝੁਕਿਆ ਜਾਂਦਾ ਹੀ ਨਹੀਂ।
ਹਾਕਰ ਸਵੇਰੇ ਅਖ਼ਬਾਰ ਗੇਟ ਦੇ ਉੱਪਰ ਦੀ ਅੰਦਰ ਸੁੱਟ ਜਾਂਦਾ ਹੈ। ਸੇਵਾਦਾਰਨੀ ਅਖ਼ਬਾਰ ਚੁੱਕ ਕੇ ਮੈਨੂੰ ਫੜਾ ਦਿੰਦੀ ਹੈ। ਮੈਂ ਕਿਸੇ ਹੈਂਕੜਬਾਜ਼, ਅਫਸਰ, ਆਗੂ ਸਾਹਮਣੇ ਸਿਰ ਨਹੀਂ ਸੀ ਝੁਕਾਇਆ। ਹਾਂ ਸ਼ੁਕਰਾਨੇ ਵੇਲੇ ਮੇਰਾ ਮਸਤਕ ਆਪਣੇ ਇਸ਼ਟ ਸਾਹਮਣੇ ਜ਼ਰੂਰ ਝੁਕਦਾ ਸੀ।
ਕਈ ਸਾਲ ਮੈਂ ਰੋਜ਼ਾਨਾ ਕਈ ਕਈ ਘੰਟੇ ਕੁਰਸੀ ਉੱਤੇ ਬੈਠਾ ਪੜ੍ਹਦਾ ਰਹਿੰਦਾ ਸਾਂ। ਲਿਖਦਾ ਰਹਿੰਦਾ ਸਾਂ, ਸੋਚਦਾ ਰਹਿੰਦਾ ਸਾਂ। ਪਿੱਠ ਵਿੱਚ ਦਰਦ ਘਰ ਬਣਾ ਬੈਠਾ ਸੀ। ਹੁਣ ਨਹੀਂ ਲੰਮਾ ਸਮਾਂ ਮੇਰੇ ਪਾਸੋਂ ਕੁਰਸੀ ਉੱਤੇ ਬੈਠਿਆਂ ਜਾਂਦਾ। ਕੁਝ ਉਸਾਰੂ ਤੇ ਨਵਾਂ ਨਕੋਰ ਲਿਖਣ ਲਈ ਕਈ ਕਈ ਦਿਨ ਮੈਂ ਸੋਚਦਾ ਸਾਂ, ਪਰ ਮੇਰੀਆਂ ਸੋਚਾਂ ਨੇ ਜਗਾੜੂ, ਵਿਗਾੜੂ, ਲਿਤਾੜੂ, ਮਾਰੂ ਪਾਸੇ ਵੱਲ ਮੂੰਹ ਨਹੀਂ ਸੀ ਕੀਤਾ। ਚਲਾਕੀ, ਹੁਸ਼ਿਆਰੀ, ਮੱਕਾਰੀ, ਚਾਪਲੂਸੀ ਦੀ ਦੁਰ-ਕਲਾ ਮੈਂ ਨਾ ਸਿੱਖ ਸਕਿਆ।
ਕੁਰਸੀ ਉੱਤੇ ਜਾਂ ਚਾਰ ਪਾਈ ਉੱਤੇ ਬੈਠਾ, ਮੈਂ ਇਕ ਦੰਮ ਨਹੀਂ ਉੱਠ ਸਕਦਾ। ਤੀਜੀ ਕੋਸ਼ਿਸ਼ ਨਾਲ ਉੱਠਦਾ ਹਾਂ। ਸਿੱਧਾ ਖੂੰਡੀ ਨੂੰ ਹੱਥ ਪਾਉਂਦਾ ਹਾਂ। ਹੁਣ ਮੈਂ ਛਾਲ ਮਾਰ ਕੇ ਨਹੀਂ ਉੱਠ ਸਕਦਾ। ਪਰਵਾਜ਼ (ਉਡਾਰੀ) ਨਹੀਂ ਭਰ ਸਕਦਾ। ਕਾਸ਼ ! ਮੇਰੇ ਖਾਸ ਗਗਨੀ-ਖੰਭ ਹੁੰਦੇ।
ਗਮਲਿਆਂ ਵਿੱਚ ਲੱਗੇ ਫੁੱਲ ਜਦੋਂ ਪਾਣੀ ਮੰਗਦੇ ਹਨ। ਮੈਂ ਉਦਾਸ ਹੋ ਜਾਂਦਾ ਹਾਂ। ਫੁੱਲਾਂ ਦੀ ਪਿਆਸ ਮੈਂ ਕਿਵੇਂ ਮਿਟਾਵਾਂ ? ਮੇਰੀ ਅਜ਼ਲੀ (ਪਹਿਲਾਂ) ਪਿਆਸ ਕੌਣ ਮਿਟਾਵੇ ?
ਸ਼ਹਿਰ ਵਿਚ ਕੋਈ ਸਾਹਿਤਕ, ਸਮਾਜਿਕ, ਟਰੇਡ ਯੂਨੀਅਨ ਦਾ ਕੋਈ ਜਲਸਾ, ਜਲੂਸ, ਧਰਨਾ, ਮੁਜ਼ਾਹਰਾ ਐਸਾ ਨਹੀਂ ਸੀ ਜਿਸ ਵਿੱਚ ਮੇਰੀ ਸਰਗਰਮ ਸ਼ਮੂਲੀਅਤ ਨਾ ਹੋਵੇ। ਕਈ ਵਾਰ ਪੁਲਿਸ ਦੀਆਂ ਲਾਠੀਆਂ ਵੀ ਪੈਂਦੀਆਂ, ਪਰ ਪਿੱਠ ਦਿਖਾ ਕੇ ਭੱਜਦਾ ਨਹੀਂ ਸਾਂ। ਚਾਲੀ ਸਾਲ ਸੀ. ਆਈ. ਡੀ. ਦੀਆਂ ਫਾਈਲਾਂ ਵਿੱਚ ਮੇਰਾ ਨਾਮ ਜ਼ਿੰਦਾ ਰਿਹਾ। ਸਾਲ ਵਿੱਚ ਇਕ ਵਾਰ ਪੜਤਾਲੀਆ ਕਾਗਜ਼ ਮੇਰੇ ਕਾਲਜ ਜਾਂ ਘਰ ਆਉਂਦਾ। ਮੈਂ ਕੀ ਪੜ੍ਹਾਉਂਦਾ ਹਾਂ ? ਕੀ ਲਿਖਦਾ ਹਾਂ ? ਕਿਹੜੀ ਕਿਹੜੀ ਖੁਫੀਆਂ ਕਰਾਂਤੀਕਾਰੀ ਸਭਾ ਵਿੱਚ ਸ਼ਾਮਲ ਹੁੰਦਾ ਹਾਂ ?
ਭਾਰਤੀ ਹਵਾਈ ਸੈਨਾ ਵਿੱਚ ਜੇ ਮੈਂ ਪੰਦਰਾਂ ਸਾਲ ਸੇਵਾ ਕਰਦਾ ਤਾਂ ਪੈਨਸ਼ਨ ਮਿਲ ਜਾਣੀ ਸੀ। ਮੈਂ ਦਸ ਸਾਲਾਂ ਬਾਅਦ ਹੀ ਹਵਾਈ ਸੈਨਾ ਵਿੱਚੋਂ ਬਾਹਰ ਆ ਗਿਆ। ਸਿਵਲ ਦੀ ਨੌਕਰੀ ਲਈ ਕਿਤੇ ਓਵਰ ਏਜ ਨਾ ਹੋ ਜਾਵਾਂ।
ਮਾਣਤਾ ਪ੍ਰਾਪਤ ਗੈਰ-ਸਰਕਾਰੀ ਕਾਲਜ, ਵਿੱਚ ਮੈਂ ਪੂਰੇ ਦਿਲ ਨਾਲ, ਪੂਰੀ ਲਗਨ ਨਾਲ ਤਿੰਨ ਦਹਾਕੇ ਤੋਂ ਵੱਧ ਸਮਾਂ ਸੇਵਾ ਕੀਤੀ। ਵਿਦਿਆਰਥੀਆਂ ਵੱਲੋਂ ਸਦਾ ਇੱਜ਼ਤ ਤੇ ਸਤਿਕਾਰ ਮਿਲਿਆ। ਮੇਰੀ ਸੇਵਾ ਦੇ ਸਮੇਂ ਵਿੱਚ ਹੌਲੀ-ਹੌਲੀ ਕਾਲਜ ਉਸਰਿਆ। ਕਾਲਜ ਦੀ ਇਮਾਰਤ ਐਲ ਟਾਇਪ ਤੋਂ ਐਚ ਟਾਈਪ ਬਣੀ। ਇਲਾਕੇ ਦੇ ਪਿੰਡਾਂ ਵਿੱਚ, ਘਰ-ਘਰ ਜਾ ਕੇ ਕਾਲਜ ਵਿੱਚ ਵਧੀਆ ਪੜ੍ਹਾਈ, ਵਧੀਆ ਇਮਾਰਤ, ਵਧੀਆ ਲਾਇਬਰੇਰੀ, ਲੇਬਾਰਟਰੀ ਬਾਰੇ ਦੱਸਿਆ। ਮਾਪਿਆਂ ਨੂੰ ਪ੍ਰੇਰਿਆ ਕਿ ਆਪਣੇ ਬੱਚੇ ਬੱਚੀਆਂ ਨੂੰ ਉੱਚੇ ਤੇ ਮਿਆਰੀ ਪੜ੍ਹਾਈ ਲਈ ਕਾਲਜ ਭੇਜਣ। ਸਟਾਫ ਦੇ ਕੁਝ ਮੈਂਬਰਾਂ ਨਾਲ ਜੀਪ ਵਿੱਚ ਬੈਠਾ, ਲਾਊਡ ਸਪੀਕਰ ਨਾਲ ਹਰ ਸਾਲ ਦਾਖਲਿਆਂ ਬਾਰੇ ਮੈਂ ਹੀ ਸੱਦਾ ਦਿਆ ਕਰਦਾ ਸਾਂ। ਦਾਖ਼ਲਾ ਇਸ਼ਤਿਹਾਰ ਵੰਡਦਾ ਸਾਂ।
60 ਸਾਲ ਦੀ ਉਮਰ ਤੋਂ ਬਾਅਦ ਮੈਂ ਸੇਵਾ ਮੁਕਤ ਹੋ ਗਿਆ। ਕਾਲਜ ਨੇ ਆਪਣੀ ਉਮਰ ਦੇ 50 ਸਾਲ ਪੂਰੇ ਕਰ ਲਏ ਸਨ। ਇਸ ਵਿੱਚ 31 ਸਾਲ ਮੇਰੀ ਨਿਸ਼ਕਾਮ ਤੇ ਮਿਹਨਤ ਭਰਪੂਰ ਸੇਵਾ ਵੀ ਸ਼ਾਮਲ ਸੀ। ਕਾਲਜ ਦੀ ਗੋਲਡਨ ਜੁਬਲੀ ਆਈ। ਵੱਡਾ ਸਮਾਗਮ ਹੋਇਆ। ਮੈਂ ਘਰ ਬੈਠਾ ਮੋਹ ਭਰਿਆ ਸੱਦਾ ਪੱਤਰ ਉਡੀਕਦਾ ਰਿਹਾ, ਪਰ ਸੱਦਾ ਨਾ ਆਇਆ। ਘੱਟਾ ਉਡਾਉਂਦੀ, ਆਪਣੇ ਸਿਰ ਵਿਚਿ ਪਾਉਂਦੀ, ਆਖਰੀ ਟਰੇਨ ਲੰਘ ਗਈ ਸੀ।
ਗੈਰ ਸਰਕਾਰੀ ਮਾਨਤਾ ਪ੍ਰਾਪਤ ਕਾਲਜ ਅਧਿਆਪਕਾਂ ਲਈ ਪੈਨਸ਼ਨ ਤੇ ਗਰੈਚੂਟੀ ਦਾ ਨੋਟੀਫਿਕੇਸ਼ਨ ਸਾਰੇ ਗੈਰ ਸਰਕਾਰੀ ਕਾਲਜਾਂ ਵਿਚਿ ਭੇਜਿਆ ਗਿਆ ਸੀ, ਪਰ ਕਰੈਡਿਟ ਲੈਣ ਲਈ ਕਾਲਜ ਯੂਨੀਅਨ ਦੇ ਦੋ ਗਰੁੱਪ ਆਪਸ ਵਿੱਚ ਉਲਝੇ ਰਹੇ। ਗਜ਼ਟਿੰਗ ਨਾ ਕਰਵਾ ਸਕੇ। ਸਰਕਾਰ ਬਦਲ ਗਈ। ਪੈਨਸ਼ਨ ਕੇਸ ਖੱਡੇ ਵਿੱਚ ਡਿੱਗ ਪਿਆ। ਪ੍ਰਿੰਸੀਪਲ ਤੁਲੀ ਦੀ ਅਗਵਾਈ ਵਿੱਚ, ਮੇਰੇ ਸਮੇਤ ਕੁਝ ਕਾਲਜਾਂ ਤੋਂ ਸੇਵਾ ਮੁਕਤ ਪ੍ਰੋਫੈਸਰਾਂ ਨੇ, ਪੈਨਸ਼ਨ ਲਈ ਕੋਰਟ ਵਿੱਚ ਕੇਸ ਕਰ ਦਿੱਤਾ। ਚਾਰ ਸਾਲਾਂ ਬਾਅਦ ਆਖਰੀ ਫੈਸਲਾ ਜਿਹੜਾ ਕਿ ਸਾਡੇ ਹੱਕ ਵਿਚਿ ਲਿਖਿਆ ਜਾਣ ਹੀ ਵਾਲਾ ਸੀ। ਹੁਸ਼ਿਆਰਪੁਰ ਦੇ ਇਕ ਕਾਲਜ ਵੱਲੋਂ ਵਕੀਲ ਅਨੂਪਮ ਗੁਪਤਾ, ਜੱਜ ਸਾਹਿਬ ਨਾਲ ਬਹਿਸਣ ਲੱਗ ਪਿਆ। ਪ੍ਰੋਫੈਸਰਾਂ ਦੇ ਹੱਕ ਵਿਚਿ ਫੈਸਲਾ ਲਿਖ ਰਹੇ ਜੱਜ ਨੇ ਆਪਣੀ ਕਲਮ ਰੋਕ ਲਈ। ਇਹ ਫੈਸਲਾ ਹੁਣ ਅਗਲਾ ਬੈਂਚ ਕਰੇਗਾ। ਕੋਰਟ ਉੱਠਾ ਦਿੱਤੀ ਗਈ।
ਪੈਨਸ਼ਨ ਕੇਸ ਦਾ ਅੱਜ ਤੱਕ ਫੈਸਲਾ ਨਹੀਂ ਹੋਇਆ- ਵੀਹ ਸਾਲ ਬੀਤ ਗਏ ਹਨ।
ਆਖਰੀ ਟਰੇਨ ਨਿਕਲ ਚੁੱਕੀ ਸੀ। ਹੁਣ ਤਾਂ ਟਿਕਟ ਜੋਗੇ ਪੈਸੇ ਵੀ ਨਹੀਂ ਬਚੇ।
ਸੀਨੀਅਰ ਲੇਖਕ ਹੋਣ ਕਰ ਕੇ ਕੁਝ ਸਾਲਾਂ ਤੋਂ ਮੇਰਾ ਨਾਮ ਪੰਜਾਬੀ ਸਾਹਿਤ ਅਕਾਡਮੀ ਦੇ ਧਾਲੀਵਾਲ ਪੁਰਸਕਾਰ ਲਈ ਵਿਚਾਰ ਅਧੀਨ ਸੀ, ਪਰ ਹਰ ਵਾਰ ਮੇਰੇ ਨਾਲੋਂ ਕਿਤੇ ਜੂਨੀਅਰ, ਕੁਝ ਚੱਲਦੇ ਪੁਰਜ਼ੇ ਲੇਖਕ, ਕਹਿ ਸੁਣ ਕੇ, ਪੁਰਸਕਾਰ ਲੈ ਜਾਂਦੇ ਸਨ। ਹਰ ਵਾਰ ਮੇਰਾ ਨਾਮ ਖਿਸਕ ਕੇ ਹੇਠਾਂ ਆ ਜਾਂਦਾ ਸੀ। ਇਸ ਵਾਰ ਮੈਨੂੰ ਪੱਕੀ ਉਮੀਦ ਸੀ ਕਿ ਧਾਲੀਵਾਲ ਪੁਰਸਕਾਰ ਮੇਰੇ ਹਿੱਸੇ ਆ ਜਾਵੇਗਾ, ਪਰ ਧਾਲੀਵਾਲ ਪਰਿਵਾਰ ਨੇ ਅਕੈਡਮੀ ਨੂੰ ਫੰਡ ਦੇਣੇ ਹੀ ਬੰਦ ਕਰ ਦਿੱਤੇ। ਉਸੇ ਫੰਡ ਵਿੱਚੋਂ ਪੰਜਾਬੀ ਸਾਹਿਤ ਅਕਾਡਮੀ ਲੇਖਕਾਂ ਨੂੰ ਸਾਲਾਨਾ ਪੁਰਸਕਾਰ ਦਿਆ ਕਰਦੀ ਸੀ। ਮੇਰੇ ਲਈ ਆਖਰੀ ਟਰੇਨ ਸਦਾ ਲਈ ਨਿਕਲ ਚੁੱਕੀ ਸੀ।
ਕਈ ਸਾਲਾਂ ਤੋਂ ਸੁਣਨ ਵਿੱਚ ਆ ਰਿਹਾ ਸੀ ਕਿ ਇਸ ਵਾਰ ਹੇਮਜਯੋਤੀ ਪੁਰਸਕਾਰ ਮੈਨੂੰ ਦਿੱਤਾ ਜਾਵੇਗਾ। ਸਾਰੀ ਉਮਰ ਮੈਂ ਅਗਾਂਹਵਧੂ, ਸਮਾਜਵਾਦੀ ਨਜ਼ਰੀਏ ਤੋਂ ਹਜ਼ਾਰਾਂ ਵਿਦਿਆਰਥੀਆਂ ਨੂੰ ਪੜ੍ਹਾਇਆ ਸੀ, ਲਿਖਿਆ ਸੀ, ਬੋਲਿਆ ਸੀ। ਹੇਮਜਯੋਤੀ ਸਾਲਾਨਾ ਪੁਰਸਕਾਰ ਸਮਾਗਮ ਵਿਚਿ ਦੋ ਵਾਰ ਮੈਨੂੰ ਪਰਧਾਨਗੀ ਮੰਡਲ ਵਿਚਿ ਥਾਂ ਦਿੱਤੀ ਗਈ ਸੀ। ਇਸ ਵਾਰ ਮੈਨੂੰ ਇਹ ਪੁਰਸਕਾਰ ਦਿੱਤਾ ਜਾਣਾ ਸੀ, ਪਰ ਪੁਰਸਕਾਰ ਦੇਣ ਦਾ ਫੈਸਲਾ ਡੇ ਅਤੇ ਨਾਈਟ ਟੀ. ਵੀ. ਚੈਨਲ ਦੇ ਇੱਕ ਨੌਜਵਾਨ ਕਰਤਾ-ਧਰਤਾ ਨੂੰ ਦੇਣ ਦਾ ਫੈਸਲਾ ਹੋ ਗਿਆ। ਨੌਜਵਾਨ ਪਰੋਡਿਊਸਰ ਨੇ ਯੋ ਯੋ ਉੱਤੇ ਤਿੰਨ ਘੰਟੇ ਭਾਸ਼ਨ ਦਿੱਤਾ। ਭਾਸ਼ਨ ਸੁਣਨਾ ਹੀ ਪੈਣਾ ਸੀ ਕਿਉਂਕਿ ਉਸ ਦੇ ਹੱਥ ਵਿਚ ਟੀ. ਵੀ. ਚੈਨਲ ਉੱਤੇ ਸਮਾਂ ਦੇਣ ਦੀ ਡੋਰ ਸੀ।
ਕਰਾਂਤੀਕਾਰੀ ਅਹੁਦੇਦਾਰਾਂ ਨੂੰ ਨਿੱਜੀ ਚੈਨਲ ਤੋਂ ਕੋਈ ਵੀ ਬੁਲਾਵਾ ਆਉਣ ਦੀ ਪੂਰੀ ਆਸ ਸੀ। ਭਿ੍ਰਸ਼ਟਾਚਾਰ, ਭੂਮੀ ਮਾਫੀਆ, ਡਰੱਗ ਮਾਫੀਆ ਉੱਤੇ ਬਹਿਸ ਹੋਣੀ ਸੀ। ਮੋਟਾ ਚੈੱਕ ਤੇ ਸ਼ੋਹਰਤ। ਮੈ ਭਲਾ ਕਿਹੜੇ ਬਾਗ ਦੀ ਮੂਲੀ ਸਾਂ। ਮੇਰੇ ਲਈ ਆਖਰੀ ਟਰੇਨ ਨਿਕਲ ਗਈ ਸੀ। ਸਟੇਸ਼ਨ ਉੱਤੇ ਫੇਰ ਮੁੜ ਕੇ ਟਰੇਨ ਹਾਲੀ ਤੱਕ ਨਹੀਂ ਆਈ।
ਜਿਹਨਾਂ ਨੇ ਦੋ ਚਾਰ ਕਵਿਤਾਵਾਂ, ਗ਼ਜ਼ਲਾਂ ਲਿਖ ਕੇ ਫੇਰ 30-35 ਸਾਲਾਂ ਤੱਕ ਇਕ ਸਤਰ ਤੱਕ ਨਹੀਂ ਲਿਖੀ ਹੰੁਦੀ। ਜਿਹੜੇ ਤਿੰਨ ਚਾਰ ਮਹੀਨਿਆਂ ਬਾਅਦ, ਵਿਦੇਸ਼ੀ ਡਾਲਰਾਂ ਜਾਂ ਪਾਊਡਾਂ ਦੀ ਡੰਗੋਰੀ ਨਾਲ ਪਰਚਾ ਪ੍ਰਕਾਸ਼ਤ ਕਰਦੇ ਸਨ। ਵਕਤੀ ਸੰਪਾਦਕੀਆਂ ਤੋਂ ਵਧ ਕੁਝ ਵੀ ਮੌਲਿਕ ਨਹੀਂ ਲਿਖਿਆ ਹੁੰਦਾ। ਉਹ ਵੀ ਸ੍ਰੋਮਣੀ ਸਾਹਿਤ ਪੁਰਸਕਾਰ ਹੜੱਪ ਕਰ ਗਏ।
ਕਈ ਸਾਲਾਂ ਤੋਂ ਮੈਨੂੰ ਕਰੀਬ ਹਰ ਅੰਕ ਵਿੱਚ ਬੜੀ ਇੱਜ਼ਤ ਤੇ ਮਾਣ ਨਾਲ ਛਾਪਣ ਵਾਲਾ ਪਰਚਾ ਹਰਕਾਰਾ ਲਈ ਮੈਂ ਕੁਝ ਵਿਸ਼ੇਸ਼ ਲਿਖ ਰਿਹਾ ਸਾਂ। ਸ਼ੁਕਰਾਨਾ ਕਰਨਾ ਚਾਹੁੰਦਾ ਸਾਂ ਕਿ ਹਰਕਾਰਾ ਦਾ ਨਵਾਂ ਅੰਕ ਮਿਲਿਆ। ਟਾਈਟਲ ਸਫੇ ਉੱਤੇ ਐਲਾਨ ਸੀ। ਤੁਹਾਡੇ ਹੱਥਾਂ ਵਿੱਚ ਇਹ ਅੰਕ ਹਰਕਾਰਾ ਦਾ ਆਖਰੀ ਅੰਕ ਹੋਵੇਗਾ। ਹਰਕਾਰਾ ਤੁਹਾਡੇ ਪਾਸੋਂ ਵਿਦਾ ਹੰੁਦਾ ਹੈ। ਸਲਾਹਕਾਰਾਂ ਦੀ ਲੰਮੀ ਧਾੜ ਮੌਨ ਹੋ ਗਈ ਸੀ। ਹਰਕਾਰਾ ਨੇ ਹੋਕਾ ਦੇਣਾ ਬੰਦ ਕਰ ਦਿੱਤਾ ਸੀ। ਮੇਰਾ ਸਾਹਿਤ-ਮਿੱਤਰ ਵਿਛੋੜਾ ਦੇ ਗਿਆ ਸੀ। ਆਖਰੀ ਟਰੇਨ ਡੀ-ਰੇਲ ਹੋ ਗਈ ਸੀ।
ਦਰਸ਼ਨ ਸਿੰਘ ਮੇਰੀ ਕੋਈ ਰਚਨਾ ਪੜ੍ਹਦਾ। ਜ਼ਰੂਰ ਫੋਨ ਕਰਦਾ। ਮੈਂ ਤੁਹਾਡੇ ਪਾਸ ਆਵਾਂਗਾ। ਆਪਣੇ ਬੋਲਾਂ ਨਾਲ ਤੁਹਾਡੀ ਤਨਹਾਈ ਦੂਰ ਕਰਾਂਗਾ। ਕੈਨੇਡਾ ਤੋਂ ਮੈਂ ਵਧੀਆ ਵਿਸਕੀ ਦੀ ਬੋਤਲ ਲਈ ਆਵਾਂਗਾ। ਮੈਂ ਤੇ ਪੀਂਦਾ ਨਹੀਂ। ਤੁਸੀਂ ਤਾਂ ਪੀਂਦੇ ਹੋ। ਮੈਨੂੰ ਮੇਰੀਆਂ ਸਹੇਲੀਆਂ ਮਿਲਣ ਆਇਆ ਕਰਨਗੀਆਂ। ਤੁਹਾਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਵੱਖ ਵੱਖ ਸਮੇਂ ਟੈਲੀਫੋਨ ਉੱਤੇ ਦਰਸ਼ਨ ਨੇ ਘੱਟੋਂ ਘੱਟ ਅੱਠ ਦਸ ਵਾਰ ਏਹੋ ਸ਼ਬਦ ਕਹੇ-ਮੈਂ ਵਿਸਕੀ ਦੀ ਬੋਤਲ ਲਈ ਆਵਾਂਗਾ। ਮੈਂ ਤਾਂ ਪੀਂਦਾ ਨਹੀਂ। ਤੁਸੀਂ ਤਾਂ ਪੀਂਦੇ ਹੋ।
ਆਖਰ ਦਰਸ਼ਨ ਟੈਕਸੀ ਲੈ ਕੇ ਮੇਰੇ ਪਾਸ ਆਇਆ। ਮੁਸ਼ਕਲ ਨਾਲ ਖੂੰਡੀ ਨਾਲ ਤੁਰਦਾ ਸੀ। ਅੱਸੀ ਸਾਲਾਂ ਤੋਂ ਵਧ ਉਮਰ। ਚਿਪਕਿਆ ਚਿਹਰਾ। ਖੁਰੀਆਂ ਅੱਖਾਂ।
ਦਰਸ਼ਨ ਸਿੰਘ ਜੀ ਕਿੱਥੇ ਹੈ ਉਹ ਤੁਹਾਡੀ ਬੇਸ਼ਕੀਮਤੀ ਵਿਸਕੀ ਦੀ ਬੋਤਲ। ਨਾਯਾਬ ਤੋਹਫਾ ! ਕਾਰੂੰ ਦਾ ਖਜ਼ਾਨਾ ! ਭਾਵੇਂ ਮੈਨੂੰ ਪੀਣ ਦਾ ਰੱਤਾ ਭਰ ਵੀ ਸ਼ੌਕ ਨਹੀਂ। ਕਿੱਥੇ ਹਨ ਉਹ ਅਪਸ਼ਰਾਂ, ਪਰੀਆਂ ਜਿਹੜੀਆਂ ਤੁਹਾਨੂੰ ਮਿਲਣ ਆਉਂਦੀਆਂ ਹਨ ਤੇ ਫੇਰ ਦਰਸ਼ਨ ਸਿੰਘ ਦਾ ਕੋਈ ਫੋਨ ਨਹੀਂ ਆਇਆ। ਸ਼ਾਇਦ ਉਹ ਆਖਰੀ ਟਰੇਨ ਉੱਤੇ ਸਵਾਰ ਹੋ ਕੇ ਪਰੀਆਂ ਪਾਸ ਚਲਾ ਗਿਆ ਸੀ। ਖਿਆਲ ਹੈ ਦਰਸ਼ਨ ਸਿੰਘ ਉਹ ਦੁਰਲਭ ਵਿਸਕੀ ਦੀ ਬੋਤਲ ਵੀ ਨਾਲ ਹੀ ਲੈ ਕੇ ਗਿਆ ਹੋਵੇਗਾ।
ਚੁਮਾਸਾ ਹੈ। ਘੁਟਨ ਹੈ। ਸਹਾਰਾ ਥਲ ਮੇਰੇ ਵਲ ਵਧ ਰਿਹਾ ਹੈ। ਕਿੱਧਰ ਚੱਲੀਆਂ ਗਈਆਂ ਛਾਵਾਂ – ਪਿੱਪਲਾਂ ਬੋਹੜਾਂ ਦੀਆਂ। ਕਿੱਥੇ ਗਈਆਂ ਪੀਂਘਾਂ – ਕੁੜੀਆਂ ਮੁਟਿਆਰਾਂ ਦੀਆਂ। ਕਿੱਥੇ ਗਏ ਬੱਦਲਾਂ ਦੇ ਝਝਕਾਰੇ, ਹਵਾ ਦੇ ਹੁਲਾਰੇ।
ਨਾ ਮੋਹ ਭਿੱਜੇ ਬੋਲ਼। ਨਾ ਗੋਡੀ ਹੱਥ। ਨਾ ਅਸ਼ੀਰਵਾਦੀ ਚਾਹਤ। ਨਾ ਪਿਆਰ ਸਾਥ ਦੀ ਰਾਹਤ।
ਮੈਂ ਜੰਗਲ ਦਾ ਫੁੱਲ ਹਾਂ। ਕੋਈ ਦੇਖੇ, ਨਾ ਦੇਖੇ, ਮੈਂ ਖਿੜਦਾ ਰਹਾਂਗਾ। ਹਵਾ ਵਿਚ ਖ਼ੁਸ਼ਬੂ ਮਿਲਾਂਦਾ ਰਹਾਂਗਾ। ਮੈਂ ਸੱਚੀ ਕਿਰਤ ਦਾ ਪਰਚਮ ਲਹਿਰਾਦਾਂ ਰਹਾਂਗਾ। ਮੈਂ ਰੇਲ ਗੱਡੀ ਦਾ ਆਖਰੀ ਸਟੇਸ਼ਨ ਹਾਂ।