ਅੰਤਕ ‘ਹ’ ਮੁਕਤੇ ਦਾ ਉਚਾਰਨ (ਭਾਗ-2)

0
347

ਅੰਤਕ ‘ਹ’ ਮੁਕਤੇ ਦਾ ਉਚਾਰਨ (ਭਾਗ-2)

ਪਹਿਲੇ ਭਾਗ ਅੰਦਰ ਅਸਾਂ ਵਿਚਕਾਰਲੇ ‘ਹ’ ਮੁਕਤੇ ਦੇ ਉਚਾਰਣ ਸੰਬੰਧੀ ਸਮਝਣ ਦਾ ਯਤਨ ਕੀਤਾ ਸੀ। ਅੱਜ ਕਿਸੇ ਭੀ ਸ਼ਬਦ ਦੇ ਅੰਤ ਆਏ ‘ਹ’ ਮੁਕਤੇ ਦਾ ਉਚਾਰਣ ਸਮਝਣ ਦਾ ਯਤਨ ਕਰਾਂਗੇ।
ਗੁਰਬਾਣੀ ਅੰਦਰ ਅੰਤ ਮੁਕਤੇ ਅੱਖਰ ‘ਨਾਂਵ’ ਅਤੇ ‘ਕਿਰਿਆ-ਵਾਚੀ’ ਮਿਲਦੇ ਹਨ, ਇਹਨਾਂ ਸ਼ਬਦਾਂ ਦਾ ਉਚਾਰਣ ਆਉ ਕ੍ਰਮ-ਵਾਰ ਸਮਝੀਏ:-

1. ਜਿਸ ਸ਼ਬਦ ਵਿਚ ਵਰਤਮਾਨ ਕਾਲ ਕਿਰਿਆ ਜਦੋਂ ਉਤਮ ਪੁਰਖ ਵਿਚ ਹੋਵੇ ਤਾਂ ਉਸ ਸ਼ਬਦ ਦਾ ਅੰਤਲਾ ਅੱਖਰ ਮੁਕਤਾ ਹੁੰਦਾ ਹੈ, ਜਿਵੇਂ -:
‘‘ਜਨ ਨਾਨਕ ਕੇ ਪ੍ਰਭ! ਆਇ ਮਿਲੁ, ਹਮ ਗਾਵਹ ਹਰਿ ਗੁਣ ਛੰਤ॥’’ (ਪੰਨਾ 1315)
‘‘ਹਮ ਬਾਰਿਕ ਕਉ ਰਿਦ ਉਸਤਤਿ ਧਾਰਹੁ, ਹਮ ਕਰਹ ਪ੍ਰਭੂ ਸਿਮਰਣੇ॥’’ (ਪੰਨਾ 977)
‘‘ਜਿਵ ਤੂ ਚਲਾਇਹਿ ਤਿਵੈ ਚਲਹ, ਜਿਨਾ ਮਾਰਗਿ ਪਾਵਹੇ॥’’ (ਪੰਨਾ 919)

‘‘ਬੰਧਨ ਕਾਟਿ ਲੇਹੁ ਅਪੁਨੇ ਕਰਿ, ਕਬਹੂ ਨ ਆਵਹ ਹਾਰਿ॥’’ (ਪੰਨਾ 675)
‘‘ਗੁਣ ਗਾਇ ਜੀਵਹ ਹਰਿ ਅਮਿਉ ਪੀਵਹ, ਜਨਮ ਮਰਣਾ ਭਾਗਏ॥’’ (ਪੰਨਾ 1312)

‘‘ਹਰਿ ਕੀਰਤਨੁ ਕਰਹ ਹਰਿ ਜਸੁ ਸੁਣਹ, ਤਿਸੁ ਕਵਲਾ ਕੰਤਾ॥’’ (ਪੰਨਾ 650)

ਉਪਰੋਕਤ ਤਮਾਮ ਪੰਕਤੀਆਂ ਵਿੱਚ ਆਏ ਸ਼ਬਦ:

ਗਾਵਹ -ਕਿਰਿਆ, ਵਰਤਮਾਨ ਕਾਲ, ਉਤਮ ਪੁਰਖ, ਬਹੁਵਚਨ, ਭਾਵ ਅਸੀਂ ਗਾਉਂਦੇ ਹਾਂ।
ਕਰਹ – ਕਿਰਿਆ, ਵਰਤਮਾਨ ਕਾਲ, ਉਤਮ ਪੁਰਖ, ਬਹੁਵਚਨ, ਭਾਵ ਅਸੀਂ ਕਰਦੇ ਹਾਂ।
ਚਲਹ – ਕਿਰਿਆ, ਵਰਤਮਾਨ ਕਾਲ, ਉਤਮ ਪੁਰਖ, ਬਹੁਵਚਨ, ਭਾਵ ਅਸੀਂ ਚਲਦੇ ਹਾਂ ਜਾਂ ਅਸੀਂ ਚਲੀਏ।
ਆਵਹ -ਕਿਰਿਆ, ਵਰਤਮਾਨ ਕਾਲ , ਉਤਮ ਪੁਰਖ, ਬਹੁਵਚਨ, ਭਾਵ ਅਸੀਂ ਆਉਂਦੇ ਹਾਂ।
ਜੀਵਹ, ਪੀਵਹ -ਕਿਰਿਆ, ਵਰਤਮਾਨ ਕਾਲ, ਉਤਮ ਪੁਰਖ, ਬਹੁਵਚਨ, ਭਾਵ ਅਸੀਂ ਜੀਂਵਦੇ ਹਾਂ, ਅਸੀਂ ਪੀਂਦੇ ਹਾਂ।
ਸੁਣਹ -ਕਿਰਿਆ, ਵਰਤਮਾਨ ਕਾਲ, ਉਤਮ ਪੁਰਖ, ਬਹੁ ਵਚਨ ਭਾਵ ਅਸੀਂ ਸੁਣਦੇ ਹਾਂ।
ਉਪਰੋਕਤ ਸਮੂਹ ਸ਼ਬਦਾਂ ਦਾ ਉਚਾਰਣ ਦੁਲਾਵਾਂ ਵੱਲ ਉਲ੍ਹਾਰ ਹੋ ਕੇ ਅਤੇ ਅੰਤ ਬਿੰਦੀ ਸਹਿਤ ਕਰਨਾ ਚਾਹੀਦਾ ਹੈ।
ਨੋਟ: ਜਦੋਂ ਉਕਤ ਸ਼ਬਦਾਂ ਦੇ ਅੰਤ ਸਿਹਾਰੀ ਆਵੇ ਤਾਂ ਅਰਥਾਂ ਵਿਚ ਤਬਦੀਲੀ ਆ ਜਾਂਦੀ ਹੈ, ਉਤਮ ਪੁਰਖ ਦੀ ਥਾਵੇਂ ਅਰਥ ‘ਅਨ ਪੁਰਖ’ ਵਿਚ ਕੀਤੇ ਜਾਂਦੇ ਹਨ।

2. ਨਾਂਵ ਬਹੁ ਵਚਨੀ ਸ਼ਬਦਾਂ ਦਾ ਅੰਤਲਾ ਅੱਖਰ ਭੀ ਮੁਕਤਾ ਹੁੰਦਾ ਹੈ, ਐਸੇ ਸ਼ਬਦਾਂ ਦਾ ਉਚਾਰਣ ਖੜੀ-ਤੜੀ ਧੁਨੀ ਵਿਚ ਕਰਨਾ ਚਾਹੀਦਾ ਹੈ :
‘‘ਸੁਖੁ ਪਾਇਆ ਲਗਿ ਦਾਸਹ ਪਾਇ॥’’ (ਪੰਨਾ 202)
‘‘ਥਿਤਿ ਪਾਵਹੁ ਗੋਬਿਦ ਭਜਹੁ, ਸੰਤਹ ਕੀ ਸਿਖ ਲੇਹੁ॥’’ (ਪੰਨਾ 257)

‘‘ਮੈ ਤਕੀ ਓਟ ਸੰਤਾਹ, ਲੇਹੁ ਉਬਾਰੀਆ॥’’ (ਪੰਨਾ 240)

‘‘ਸੁੰਦਰ ਸੁਆਮੀ ਧਾਮ ਭਗਤਹ, ਬਿਸ੍ਰਾਮ ਆਸਾ ਲਗਿ ਜੀਵਤੇ ਜੀਉ॥’’ (ਪੰਨਾ 80)

‘‘ਚਾਲਾ ਨਿਰਾਲੀ ਭਗਤਾਹ ਕੇਰੀ, ਬਿਖਮ ਮਾਰਗਿ ਚਲਣਾ॥’’ (ਪੰਨਾ 918)
‘‘ਇਹੁ ਦਾਨੁ ਮਾਨੁ ਨਾਨਕੁ ਪਾਏ, ਸੀਸੁ ਸਾਧਹ ਧਰਿ ਚਰਨੀ॥’’ (ਪੰਨਾ 456)
‘‘ਅਠਸਠਿ ਮਜਨੁ ਚਰਨਹ ਧੂਰੀ॥’’ (ਪੰਨਾ 224)

‘‘ਆਦਿ ਗੁਰਏ ਨਮਹ॥ ਜੁਗਾਦਿ ਗੁਰਏ ਨਮਹ॥ ਸਤਿ ਗੁਰਏ ਨਮਹ॥ ਸ੍ਰੀ ਗੁਰਦੇਵਏ ਨਮਹ॥’’ (ਪੰਨਾ 262)

ਉਪਰੋਕਤ ਪੰਗਤੀਆਂ ਵਿਚ ਆਏ ਸ਼ਬਦਾਂ ਦਾ ਉਚਾਰਣ -:

ਦਾਸਹ -ਨਾਂਵ ਪੁਲਿੰਗ ਬਹੁਵਚਨ, ਸੰਬੰਧ ਕਾਰਕ ਦਾਸਾਂ ਦੀ। ਉਚਾਰਣ-‘ਦਾਸਾਂ’ ਵਾਂਗ।

ਸੰਤਹ ਕੀ – ਨਾਂਵ ਪੁਲਿੰਗ ਬਹੁਵਚਨ, ਸੰਬੰਧ ਕਾਰਕ ਸੰਤਾਂ ਦੀ। ਉਚਾਰਣ –‘ਸੰਤਾਂ’ ਵਾਂਗ।
ਸੰਤਾਹ – ਨਾਂਵ ਪੁਲਿੰਗ ਬਹੁਵਚਨ, ਸੰਬੰਧ ਕਾਰਕ ਸੰਤਾਂ ਦੀ। ਉਚਾਰਣ -‘ਸੰਤ੍ਹਾਂ’ ਵਾਂਗ।
ਭਗਤਹ -ਨਾਂਵ ਪੁਲਿੰਗ ਬਹੁਵਚਨ, ਸੰਬੰਧ ਕਾਰਕ ਭਗਤਾਂ ਦੇ। ਉਚਾਰਣ- ਭਗਤਾਂ ਵਾਂਗ।
ਭਗਤਾਹ – ਨਾਂਵ ਪੁਲਿੰਗ ਬਹੁਵਚਨ,ਸੰਬੰਧ ਕਾਰਕਭਗਤਾਂ ਦੀ। ਉਚਾਰਣ –ਭਗਤ੍ਹਾਂ ਵਾਂਗ।
ਸਾਧਹ – ਨਾਂਵ ਪੁਲਿੰਗ ਬਹੁਵਚਨ, ਸੰਬੰਧ ਕਾਰਕ ਭਾਵ ਸਾਧਾਂ ਦੀ, ਗੁਰਸਿੱਖਾਂ ਦੀ। ਉਚਾਰਣ – ਸਾਧਾਂ ਵਾਂਗ।
ਚਰਨਹ – ਨਾਂਵ ਪੁਲਿੰਗ ਬਹੁ ਵਚਨ, ਸੰਬੰਧ ਕਾਰਕ ਭਾਵ ਚਰਨਾਂ ਦੀ। ਉਚਾਰਣ- ਚਰਨਾਂ ਵਾਂਗ।
ਨਮਹ – ਨਾਂਵ ਨਮਸ਼ਕਾਰ। ਉਚਾਰਣ – ਨਮ੍ਹਾ ਵਾਂਗ।
ਉਪਰੋਕਤ ਸੰਬੰਧਿਤ ਸਾਰੇ ਸ਼ਬਦ ਸੰਬੰਧ ਕਾਰਕ ਵਿਚ ਹੋਣ ਕਾਰਣ ਹੀ ਅੰਤ ਮੁਕਤਾ ਹੋਏ ਹਨ। ਨਾਲ-ਨਾਲ ਜਿਵੇਂ ਉਚਾਰਣ ਸੇਧ ਦਿੱਤੀ ਹੈ, ਉਸ ਤਰ੍ਹਾਂ ਹੀ ਖੜੀ-ਤੜੀ ਧੁਨੀ ਵਿਚ ਉਚਾਰਣ ਕਰਨਾ ਚਾਹੀਦਾ ਹੈ। ਇਹਨਾ ਸ਼ਬਦਾਂ ਦਾ ਉਚਾਰਣ ਕਿਰਿਆਵਾਚੀ ਸ਼ਬਦਾਂ ਵਾਂਗ ਦੁਲਾਵਾਂ ਵੱਲ ਉਲ੍ਹਾਰ ਹੋ ਕੇ ਕਰਨਾ ਦਰੁਸਤ ਨਹੀਂ।
ਵੈਸੇ ਭਾਸ਼ਾਈ ਤੌਰ ‘ਤੇ ‘ਹ’ ਮੁਕਤੇ ਅੱਖਰ ਉੱਪਰ ਬਿੰਦੀ ਨਹੀਂ, ਟਿੱਪੀ ਲਗਦੀ ਹੈ, ਪਰ ਸੰਬੰਧੀ ਨਾਂਵ ਵਿੱਚੋਂ ਸੰਬੰਧਕ ਨਿਕਲਦਾ ਹੋਵੇ ਫਿਰ ਬਿੰਦੀ ਦਾ ਪ੍ਰਯੋਗ ਕਰ ਲੈਣਾ ਚਾਹੀਦਾ ਹੈ।

3. ‘ਵਾਰ ਜੈਤਸਰੀ ਕੀ’, ‘ਸਹਸਕਿ੍ਰਤੀ’ ਅਤੇ ‘ਗਾਥਾ’ ਬਾਣੀਆਂ ਵਿੱਚ ਵਰਤੇ ਗਏ ਨਾਂਵ-ਵਾਚੀ ਸ਼ਬਦ ਅੰਤ ‘ਹ’ ਮੁਕਤਾ ਦਾ ਉਚਾਰਣ ਖੜਵਾਂ, ਭਾਵ ਖੜੀ-ਤੜੀ ਧੁਨੀ ਵਿਚ ਕਰਨਾ ਹੈ, ਜਿਵੇਂ : ‘‘ਆਦਿ ਪੂਰਨ ਮਧਿ ਪੂਰਨ, ਅੰਤਿ ਪੂਰਨ ਪਰਮੇਸੁਰਹ॥’’ (ਪੰਨਾ 705)

ਪਰਮੇਸੁਰਹ – ਨਾਂਵ ਭਾਵ ਪਰਮੇਸ਼ਰ। ਉਚਾਰਣ – ਪਰਮੇਸ਼ੁਰ੍ਹਾ ਵਾਂਗ।
ਨੋਟ : ਇਹ ਇਕ ਲਿਖਣ ਦਾ ਢੰਗ ਹੈ ਕਿ ਅੰਤਲੇ ਅੱਖਰ ਤੋਂ ਪਹਿਲੇ ਆਏ ਅੱਖਰ ਨੂੰ ‘ਕੰਨਾ’ ਲਾ ਕੇ ਦਰਸਾਇਆ ਗਿਆ ਹੈ, ਪਰ ਉਚਾਰਣ ਸਮੇਂ ਅੰਤਲੇ ਮੁਕਤੇ ਅੱਖਰ ਦੀ ਧੁਨੀ ਨੂੰ ਮੁਕਤੀ ਧੁਨੀ ਹੀ ਰੱਖਣਾ ਹੈ, ਕੰਨਾ ਨਹੀਂ ਬਨਾਉਣਾ ਚਾਹੀਦਾ। ਹਾਂ ਜੇਕਰ ‘ਕੰਨੇ’ ਦੀ ਧੁਨੀ ਨੂੰ ਅਰਧ ਕਰੀਏ ਪਿੱਛੇ ਮੁਕਤੇ ਦੀ ਧੁਨੀ ਰਹਿ ਜਾਂਦੀ ਹੈ।

‘‘ਕਤੰਚ ਮਾਤਾ ਕਤੰਚ ਪਿਤਾ, ਕਤੰਚ ਬਨਿਤਾ ਬਿਨੋਦ ਸੁਤਹ॥’’ (ਪੰਨਾ 1353)

ਸੁਤਹ -ਨਾਂਵ ਭਾਵ ਪੁੱਤਰ। ਉਚਾਰਣ –ਸੁਤ੍ਹਾ ਵਾਂਗ।
‘‘ਧਿ੍ਰਗੰਤ ਮਾਤ ਪਿਤਾ ਸਨੇਹੰ, ਧਿ੍ਰਗ ਸਨੇਹੰ ਭ੍ਰਾਤ ਬਾਂਧਵਹ॥’’ (ਪੰਨਾ 1354)

ਬਾਂਧਵਹ -ਨਾਂਵ ਭਾਵ ਸਨਬੰਧੀ, ਰਿਸ਼ਤੇਦਾਰ। ਉਚਾਰਣ –ਬਾਂਧਵ੍ਹਾ।
‘‘ਨਚ ਬਿਦਿਆ ਨਿਧਾਨ ਨਿਗਮੰ, ਨਚ ਗੁਣਗ ਨਾਮ ਕੀਰਤਨਹ॥’’ (ਪੰਨਾ 1356)

ਕੀਰਤਨਹ -ਨਾਂਵ ਭਾਵ ਕੀਰਤਨ। ਉਚਾਰਣ – ਕੀਰਤਨ੍ਹਾ।
‘‘ਮੁਕਤੇ ਰਮਣ ਗੋਬਿੰਦਹ, ਨਾਨਕ! ਲਬਧੰ ਬਡ ਭਾਗਣਹ॥’’ (ਪੰਨਾ 1360)

ਭਾਗਣਹ – ਨਾਂਵ ਭਾਵ ਭਾਗ। ਉਚਾਰਣ – ਭਾਗਣ੍ਹਾ

ਸਾਰੀ ਵੀਚਾਰ ਦਾ ਭਾਵ ਇਹ ਹੈ ਕਿ ਜਦੋਂ ਕੋਈ ਭੀ ਸ਼ਬਦ ਜਿਸ ਦਾ ਅੰਤਲਾ ਅੱਖਰ ਮੁਕਤਾ ਹੋਵੇ, ਜੇਕਰ ਉਹ ਸ਼ਬਦ ਕਿਰਿਆਵੀ ਹੈ ਤਾਂ ਅੰਤਲੇ ‘ਹ’ਮੁਕਤੇ ਦਾ ਉਚਾਰਣ ‘ਦੁਲਾਵਾਂ’ ਵੱਲ ਉਲ੍ਹਾਰ ਹੋ ਕੇ ਕਰਨਾ ਹੈ। ਪਰ ਜੇਕਰ ਅੰਤਕ ‘ਹ’ ਮੁਕਤੇ ਵਾਲੇ ਸ਼ਬਦ ‘ਨਾਂਵ’ ਵਾਚੀ ਹੈ, ਤਾਂ ਉਚਾਰਣ ਖੜੀ-ਤੜੀ ਧੁਨੀ ਵਿੱਚ ਕਰਨਾ ਹੈ।
ਉਪਰੋਕਤ ਨਿਯਮ ਅਨੁਸਾਰ ਆਏ ਸਮੂਹ ਸ਼ਬਦਾਂ ਦਾ ਉਚਾਰਣ ਕੇਵਲ ਦੁਲਾਵਾਂ ਵੱਲ ਉਲ੍ਹਾਰ ਹੋ ਕੇ ਨਹੀਂ ਕਰਨਾ।

ਭੁੱਲ-ਚੁਕ ਦੀ ਖਿਮਾ