ਕੁੱਝ ਗੱਲਾਂ ਜਵਾਨ ਹੋ ਰਹੇ ਬੱਚਿਆਂ ਨਾਲ

0
313

ਕੁੱਝ ਗੱਲਾਂ ਜਵਾਨ ਹੋ ਰਹੇ ਬੱਚਿਆਂ ਨਾਲ

ਡਾ. ਹਰਸ਼ਿੰਦਰ ਕੌਰ, ਐਮ. ਡੀ.-0175-2216783

ਅੱਜ ਕੁੱਝ ਗੱਲਾਂ ਜਵਾਨ ਹੋ ਰਹੇ ਬੱਚਿਆਂ ਨਾਲ ਕਰਨ ਦੀ ਲੋੜ ਭਾਸਦੀ ਹੈ। ਕਾਰਣ ? ਇਸ ਖ਼ਬਰ ਵੱਲ ਧਿਆਨ ਕਰੋ-‘ਗਰਭ ਨਿਰੋਧਕ ਗੋਲੀਆਂ ਖਰੀਦਣ ਵਾਲਿਆਂ ’ਚ ਸਕੂਲੀ ਵਿਦਿਆਰਥੀ ਜ਼ਿਆਦਾ।’

ਕੈਮਿਸਟ ਐਸੋਸੀਏਸ਼ਨ ਦੇ ਕਈ ਮੈਂਬਰਾਂ ਨੇ ਬਿਆਨ ਦਿੱਤਾ ਹੈ ਕਿ ਲਗਭਗ ਰੋਜ਼ ਹੀ ਦੇਰ ਸ਼ਾਮ ਸਕੂਲੀ ਵਿਦਿਆਰਥੀ ਬਹੁਤ ਹੜਬੜਾਹਟ ਵਿੱਚ ਦੁਕਾਨ ’ਤੇ ਆਉਂਦੇ ਹਨ ਅਤੇ ਇਕ ਸਲਿੱਪ ਫੜਾ ਦਿੰਦੇ ਹਨ ਜਿਸ ਉੱਤੇ ਗਰਭ ਨਿਰੋਧਕ ਗੋਲੀਆਂ ਦੇ ਨਾਂ ਜਾਂ ਕੰਡੋਮ ਲਿਖਿਆ ਹੁੰਦਾ ਹੈ। ਇਨ੍ਹਾਂ ਵਿਦਿਆਰਥੀਆਂ ਵਿੱਚ ਸਕੂਲੀ ਵਿਦਿਆਰਥਣਾਂ ਵੀ ਸ਼ਾਮਲ ਹਨ ਜੋ ਮਾਸਿਕ ਧਰਮ ਗੜਬੜਾਉਣ, ਸਿਰਦਰਦ ਹੁੰਦੇ ਰਹਿਣ, ਭਾਰ ਵਧਣ ਆਦਿ ਦੀਆਂ ਸ਼ਿਕਾਇਤਾਂ ਦੇ ਨਾਲ ਖੰਘ ਵਾਲੇ ਸਿਰਪ, ਮਾਹਵਾਰੀ ਰੈਗੂਲਰ ਕਰਨ ਵਾਲੀਆਂ ਗੋਲੀਆਂ, ਆਇਓਡੈਕਸ, ਗਰਭ ਡੇਗਣ ਵਾਲੇ ਕੈਪਸੂਲ ਆਦਿ ਦੀ ਮੰਗ ਕਰਦੀਆਂ ਹਨ। ਇਨ੍ਹਾਂ ਵਿਦਿਆਰਥੀਆਂ ਵਿੱਚੋਂ ਕਿਸੇ ਕੋਲ ਡਾਕਟਰੀ ਪਰਚੀ ਨਹੀਂ ਹੁੰਦੀ। ਸਿਰਫ਼ ਇਕ ਨਿੱਕੀ ਪਰਚੀ ਉੱਤੇ ਗਰਭ ਨਿਰੋਧਕ ਗੋਲੀਆਂ ਜਾਂ ਨਵੇਂ ਤਰ੍ਹਾਂ ਦੇ ਕੰਡੋਮ ਦਾ ਨਾਂ ਹੀ ਲਿਖਿਆ ਹੁੰਦਾ ਹੈ।

ਸੈਕਸ ਰੋਗਾਂ ਦੇ ਮਾਹਰ ਡਾਕਟਰ ਗੁਰਿੰਦਰ ਸਿੰਘ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਪੋਰਨੋਗ੍ਰਾਫੀ ਪ੍ਰਤੀ ਸਕੂਲੀ ਬੱਚਿਆਂ ਦਾ ਰੁਝਾਨ ਏਨਾ ਜ਼ਿਆਦਾ ਹੋ ਚੁੱਕਿਆ ਹੈ ਕਿ ਬੱਚੇ ਸੈਕਸ ਅਪਰਾਧਾਂ ਵਿਚ ਸ਼ਾਮਲ ਹੋ ਚੁੱਕੇ ਹਨ ਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਬਾਰੇ ਉੱਕਾ ਖ਼ਬਰ ਨਹੀਂ। ਜਦੋਂ ਗਰਭ ਠਹਿਰ ਜਾਏ ਜਾਂ ਬਲਾਤਕਾਰ ਦਾ ਕੇਸ ਸਾਹਮਣੇ ਆ ਜਾਏ, ਤਾਂ ਹੀ ਅਜਿਹੇ ਬੱਚਿਆਂ ਦੇ ਮਾਪੇ ਡਾਕਟਰਾਂ ਕੋਲ ਭੱਜਦੇ ਹਨ।

ਡਾ. ਗੁਰਿੰਦਰ ਸਿੰਘ ਕੋਲ ਜਿੰਨੇ ਸਕੂਲੀ ਬੱਚਿਆਂ ਦੇ ਕੇਸ ਪਹੁੰਚੇ ਹਨ, ਉਨ੍ਹਾਂ ਵਿਚ ਸਕੂਲਾਂ ਵਿਚ ਪੋਰਨੋਗ੍ਰਾਫੀ ਵੇਖਣ ਬਾਅਦ ਮੁੰਡੇ ਪਹਿਲਾ ਸ਼ਿਕਾਰ ਆਪਣੀਆਂ ਸਹਿਪਾਠੀ ਕੁੜੀਆਂ ਜਾਂ ਕਲਾਸ ਦੇ ਮੁੰਡਿਆਂ ਨੂੰ ਹੀ ਬਣਾਉਂਦੇ ਹਨ। ਹਾਲਾਤ ਇਹ ਹਨ ਕਿ ਸਕੂਲਾਂ ਦੇ ਮੁੰਡੇ ਸੈਕਸ ਵਰਕਰਾਂ ਕੋਲ ਵੀ ਜਾਣ ਤੋਂ ਗੁਰੇਜ਼ ਨਹੀਂ ਕਰ ਰਹੇ ਜਿਸ ਨਾਲ ਉਹ ਜਿਸਮਾਨੀ ਸੰਬੰਧਾਂ ਰਾਹੀਂ ਹੋ ਰਹੇ ਭਿਆਨਕ ਰੋਗ ਪਾਲ ਬੈਠੇ ਹੋਏ ਹਨ।

ਸੈਕਸ ਸਪੈਸ਼ਲਿਸਟਾਂ ਕੋਲ ਤਾਂ ਕਈ ਕੇਸ ਅਜਿਹੇ ਵੀ ਪਹੁੰਚੇ ਹਨ ਜੋ ਆਪਣੀਆਂ ਅਧਿਆਪਿਕਾਵਾਂ ਨਾਲ ਵੀ ਛੇੜਖ਼ਾਨੀ ਕਰ ਚੁੱਕੇ ਹੋਏ ਹਨ ਜੋ ਲੱਚਰਤਾ ਵਿਚ ਹੋ ਰਹੇ ਵਾਧੇ ਦਾ ਖ਼ਤਰਨਾਕ ਰੁਝਾਨ ਬਿਆਨ ਕਰ ਰਹੇ ਹਨ।

ਚੰਡੀਗੜ੍ਹ ਦੇ ਕੁੱਝ ਸਕੂਲਾਂ ਦੇ ਪ੍ਰਿੰਸੀਪਲ ਵੀ ਮੰਨਦੇ ਹਨ ਕਿ ਜਦੋਂ ਅਜਿਹੇ ਬੱਚਿਆਂ ਦੇ ਮਾਪਿਆਂ ਨੂੰ ਤਾੜਨਾ ਕੀਤੀ ਜਾਂਦੀ ਹੈ ਤਾਂ ਉਹ ਸਾਰਾ ਕਸੂਰ ਸਕੂਲ ਦੇ ਅਧਿਆਪਿਕਾਂ ਦਾ ਕੱਢ ਕੇ, ਆਪ ਜ਼ਿੰਮੇਵਾਰੀ ਤੋਂ ਸੁਰਖ਼ਰੂ ਹੋ ਜਾਂਦੇ ਹਨ।

ਹੁਣ ਜਦੋਂ ਪਿੰਡਾਂ ਵਿਚਲੇ ਬਜ਼ੁਰਗ ਵੀ ਮੰਨਣ ਕਿ ਹਾਲਾਤ ਵਿਗੜ ਚੁੱਕੇ ਹਨ, ਡਾਕਟਰ ਤੇ ਅਧਿਆਪਕ ਵੀ ਕਹਿਣ ਕਿ ਲਗਭਗ ਦੋ-ਤਿਹਾਈ ਸਕੂਲੀ ਵਿਦਿਆਰਥੀ ਸੈਕਸ ਪ੍ਰਤੀ ਅਤੇ ਨਸ਼ਿਆਂ ਪ੍ਰਤੀ ਰੁਝਾਨ ਵਿਖਾ ਰਹੇ ਹਨ, ਪਰ ਮਾਪੇ ਇਨਕਾਰੀ ਹੋ ਜਾਣ ਕਿ ਉਨ੍ਹਾਂ ਦੇ ਬੱਚਿਆਂ ਵਿਚ ਕੋਈ ਨੁਕਸ ਨਹੀਂ ਅਤੇ ਸਾਰਾ ਕਸੂਰ ਸਮਾਜ ਦਾ ਹੀ ਹੈ, ਤਾਂ ਫਿਰ ਗੱਲ ਬੱਚਿਆਂ ਨਾਲ ਹੀ ਕਰਨੀ ਪਵੇਗੀ।

ਜੇ ਸਾਰਾ ਕਸੂਰ ਸਿਰਫ਼ ਸਮਾਜ ਦਾ ਹੀ ਹੁੰਦਾ, ਤਾਂ ਸਭ ਤੋਂ ਵੱਧ ਵਿਗੜ ਜਾਣ ਦੇ ਆਸਾਰ ਯਤੀਮਖ਼ਾਨੇ ਵਿਚ ਪਲ ਰਹਿਆਂ ਵਿਚ ਹੁੰਦੇ! ਉੱਥੇ ਨਾ ਮਾਪੇ ਤੇ ਨਾ ਕੋਈ ਜ਼ਿੰਦਗੀ ਭਰ ਰਿਸ਼ਤਿਆਂ ਦੇ ਸੰਗਲਾਂ ਵਿਚ ਬੰਨ੍ਹ ਕੇ ਰੱਖਣ ਵਾਲਾ! ਕਮਾਲ ਹੈ ਕਿ ਅਜਿਹੇ ਮਾਹੌਲ ਵਿੱਚੋਂ ਵੀ ਊਧਮ ਸਿੰਘ ਵਰਗਾ ਗਭਰੂ ਨਿਕਲਿਆ ਜੋ ਸ਼ਹੀਦ ਹੋ ਕੇ ਇਤਿਹਾਸ ਸਿਰਜ ਗਿਆ। ਅਜਿਹੇ ਸ਼ਹੀਦਾਂ ਦੀ ਸੋਚ ਨੂੰ ਅਸੀਂ ਸੀਮਤ ਕਰ ਕੇ ਬੱਚਿਆਂ ਲਈ ਸਿਰਫ਼ ਇਕ ਛੁੱਟੀ ਦਾ ਦਿਨ ਬਣਾ ਕੇ ਰੱਖ ਛੱਡਿਆ ਹੈ।

ਕਿਉਂ ਸਾਡੇ ਬੱਚਿਆਂ ਨੂੰ ਸਿਰਫ 15 ਅਗਸਤ ਨੂੰ ਹੀ ਆਜ਼ਾਦੀ ਦੇ ਗੀਤ ਚੇਤੇ ਕਰਨ ਦੀ ਲੋੜ ਪੈਂਦੀ ਹੈ? ਕਿਉਂ ਸਾਡੇ ਬੱਚਿਆਂ ਦੀ ਸੋਚ ਸੌੜੀ ਹੋ ਕੇ ਸਿਰਫ਼ ਸੈਕਸ ਜਾਂ ਨਸ਼ਿਆਂ ਉੱਤੇ ਕੇਂਦਿ੍ਰਤ ਹੋ ਚੁੱਕੀ ਹੈ? ਕਿਉਂ ਸਾਡੇ ਬੱਚਿਆਂ ਨੂੰ ਆਪਣਾ ਆਲਾ-ਦੁਆਲਾ ਦਿਸਣਾ ਬੰਦ ਹੋ ਚੁੱਕਿਆ ਹੈ? ਸਮਾਜ ਸੇਵਾ ਦਾ, ਬਜ਼ੁਰਗਾਂ ਦੀ ਸੇਵਾ ਦਾ, ਦੇਸ਼ ਪ੍ਰੇਮ ਦਾ, ਆਪਣੇ ਚੁਫ਼ੇਰੇ ਦੀ ਸਫ਼ਾਈ ਦਾ, ਕਿਰਦੇ ਜਾਂਦੇ ਦਰਖ਼ਤਾਂ ਨੂੰ ਸਾਂਭਣ ਦਾ, ਪਾਣੀਆਂ ਵਿਚ ਰਲਦੇ ਜਾਂਦੇ ਜ਼ਹਿਰ ਨੂੰ ਰੋਕਣ ਦਾ, ਹਵਾ ਵਿਚਲੇ ਪ੍ਰਦੂਸ਼ਣ ਦਾ, ਘਰਾਂ ਵਿਚ ਹੋ ਰਹੀਆਂ ਭਰੂਣ ਹੱਤਿਆਵਾਂ ਦਾ, ਵਧਦੇ ਜਾਂਦੇ ਬਲਾਤਕਾਰੀਆਂ ਦਾ, ਮਿਲਾਵਟਖੋਰੀ ਦਾ, ਰਿਸ਼ਵਤਖ਼ੋਰੀ ਦਾ, ਕਾਲਾ ਬਜ਼ਾਰੀ ਦਾ, ਕਾਲੇ ਧਨ ਦਾ, ਮੁਨਾਫ਼ਾਖੋਰੀ ਦਾ ਅਤੇ ਹੋਰ ਬੇਅੰਤ ਅਜਿਹੇ ਮਕੜਜਾਲ ਬੁਣ ਕੇ ਦੇਸ ਨੂੰ ਅੰਦਰੋਂ ਖੋਖਲਾ ਕਰ ਰਹੇ ਚੰਡਾਲਾਂ ਨੂੰ ਸੋਧਣ ਦਾ ਵਿਚਾਰ ਕਿਉਂ ਨਹੀਂ ਆਉਂਦਾ ?

ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ਉੱਤੇ ਪੀਲੀ ਪੱਗ ਬੰਨ੍ਹ ਕੇ-‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾ ਕੇ, ‘ਜੋ ਖੰਘੇ ਸੀ, ਉਹ ਟੰਗੇ ਸੀ’, ਕਹਿ ਕੇ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ!

ਪਿਆਰੇ ਬੱਚਿਓ! ਇਹ ਆਜ਼ਾਦੀ ਜਿਹੜੀ ਤੁਸੀਂ ਮਾਣ ਰਹੇ ਹੋ, ਬੜੀਆਂ ਕੁਰਬਾਨੀਆਂ ਬਾਅਦ ਮਿਲੀ ਹੈ। ਉਨ੍ਹਾਂ ਸ਼ਹੀਦਾਂ ਦੇ ਡੁੱਲੇ ਲਹੂ ਦੇ ਕਰਜ਼ਾਂ ਦੀ ਪੰਡ ਤੁਹਾਡੇ ਸਿਰਾਂ ਉੱਤੇ ਹੈ। ਵੀਰ !

ਭਗਤ ਸਿੰਘ ਭਾਵੇਂ ਮਰ ਚੁੱਕਿਆ ਹੋਵੇ, ਪਰ ਉਸ ਦੀ ਸੋਚ ਹਾਲੇ ਵੀ ਜ਼ਿੰਦਾ ਹੈ। ਉਸ ਦੇ ਕਹੇ ਹਰਫ਼ ਹਾਲੇ ਵੀ ਹਵਾਵਾਂ ਵਿਚ ਸੁਣੀਂਦੇ ਹਨ ਜੋ ਕਦੇ ਮਿਟਾਏ ਨਹੀਂ ਜਾ ਸਕਦੇ। ਉਸ ਸੋਚਿਆ ਸੀ ਕਿ ਜੋ ਕੰਮ ਮੇਰੇ ਕੋਲੋਂ ਜਾਂ ਮੇਰੇ ਸਾਥੀਆਂ ਕੋਲੋਂ ਅਧੂਰੇ ਰਹਿ ਗਏ, ਉਹ ਆਉਣ ਵਾਲੀਆਂ ਨਸਲਾਂ ਵਿਚਲੇ ਮੁੱਛਫੁੱਟ ਗਭਰੂ ਪੂਰੇ ਕਰਨਗੇ।

ਉਸ ਦੀ ਸੋਚ ਸੀ, ਪੂਰਨ ਰੂਪ ਵਿਚ ਆਜ਼ਾਦੀ! ਸਿਰਫ਼ ਅੰਗਰੇਜ਼ਾਂ ਕੋਲੋਂ ਨਹੀਂ, ਬਲਕਿ ਮੁਲਕ ਦੇ ਅੰਦਰਲੇ ਮੁਨਾਫ਼ਾਖੋਰਾਂ ਤੇ ਦੇਸ ਨੂੰ ਸਿਉਂਕ ਵਾਂਗ ਚਟ ਰਹੇ ਰਿਸ਼ਵਤਖੋਰਾਂ ਤੋਂ ਵੀ! ਜਾਤ-ਪਾਤ ਤੇ ਧਰਮ ਦੇ ਪਾਏ ਪਾੜਾਂ ਤੋਂ ਮੁਕਤ ਸਮਾਜ! ਇਹ ਆਜ਼ਾਦੀ ਕੌਣ ਦਵਾਏਗਾ? ਆਪਣੇ ਚੁਫ਼ੇਰੇ ਝਾਤ ਮਾਰ ਕੇ ਵੇਖੋ ਕਿੰਨੇ ਤਰ੍ਹਾਂ ਦੇ ਦੁਸ਼ਮਨ ਸਾਡੇ ਮੁਲਕ ਨੂੰ ਅੰਦਰੋਂ ਖੋਖਲਾ ਕਰਨ ਲਈ ਜੁਟੇ ਪਏ ਹਨ। ਇਹ ਸਾਡੀ ਸੋਚ ਨੂੰ ਗ਼ੁਲਾਮ ਬਣਾ ਰਹੇ ਹਨ ਤਾਂ ਜੋ ਸਾਡੇ ਮੁੱਛਫੁਟ ਗਭਰੂ ਤੇ ਮੁਟਿਆਰਾਂ ਇਨ੍ਹਾਂ ਜ਼ਿੰਮੇਵਾਰੀਆਂ ਤੋਂ ਉੱਕ ਕੇ, ਸਿਰਫ ਨਸ਼ਿਆਂ ਅਤੇ ਸੈਕਸ ਵਿਚ ਰੁੱਝ ਕੇ ਪੂਰਨ ਰੂਪ ਵਿਚ ਨਕਾਰਾ ਹੋ ਜਾਣ। ਇੰਜ ਇਹ ਮੁਲਕ ਫਿਰ ਗ਼ੁਲਾਮ ਬਣ ਕੇ ਰਹਿ ਜਾਏਗਾ ਤੇ ਗਭਰੂਆਂ ਦੇ ਲਹੂ ਵਿਚਲਾ ਉਬਾਲ ਪੈਦਾ ਹੋਣੋਂ ਹਟ ਜਾਏਗਾ।

ਮੇਰੇ ਪਿਆਰੇ ਬੱਚਿਓ ਤੇ ਬੇਟੀਓ! ਜਾਗੋ, ਮੰਥਨ ਕਰੋ ਤੇ ਆਪਣਾ ਫ਼ਰਜ਼ ਪਛਾਣੋ। ਸਰੀਰਕ ਵਿਗਿਆਨ ਬਾਰੇ ਜਾਣਕਾਰੀ ਮਾੜੀ ਨਹੀਂ। ਨਾ ਹੀ ਸਹੀ ਵਕਤ ਉੱਤੇ ਕੋਈ ਤੁਹਾਨੂੰ ਸਰੀਰਕ ਸੰਬੰਧ ਬਣਾਉਣ ਤੋਂ ਰੋਕ ਰਿਹਾ ਹੈ। ਆਪਣਾ ਟੀਚਾ ਮਿੱਥ ਕੇ ਉਸ ਨੂੰ ਪੂਰਾ ਕਰਨ ਅਤੇ ਸਮਾਜ ਸੇਵਾ ਰਾਹੀਂ ਕਿਸੇ ਮਕਸਦ ਨੂੰ ਅਪਣਾਉਣ ਤੋਂ ਜੇ ਉੱਕ ਗਏ ਤਾਂ ਇਕ ਕੀੜੇ ਮਕੌੜੇ ਦੀ ਜ਼ਿੰਦਗੀ ਜੀਅ ਕੇ ਖ਼ਤਮ ਹੋ ਜਾਓਗੇ!

ਇਤਿਹਾਸ ਤੁਹਾਨੂੰ ਕਦੇ ਵੀ ਮੁਆਫ਼ ਨਹੀਂ ਕਰਨ ਲੱਗਿਆ। ਨਾ ਕੁਰਬਾਨ ਹੋਏ ਸ਼ਹੀਦਾਂ ਦੀ ਰੂਹ ਤੁਹਾਨੂੰ ਮੁਆਫ਼ ਕਰੇਗੀ। ਚੇਤੇ ਰੱਖਿਓ, ਜਿਸ ਮੁਲਕ ਦੇ ਨੌਜਵਾਨ ਨਕਾਰਾ ਹੋ ਜਾਣ ਅਤੇ ਉਨ੍ਹਾਂ ਦੇ ਲਹੂ ਵਿਚ ਨਸ਼ੇ ਦੌੜ ਰਹੇ ਹੋਣ ਤਾਂ ਉਸ ਮੁਲਕ ਨੂੰ ਗ਼ੁਲਾਮ ਬਣ ਜਾਣ ਤੋਂ ਕੋਈ ਨਹੀਂ ਰੋਕ ਸਕਦਾ!

ਹਾਲੇ ਵੀ ਵੇਲਾ ਜੇ, ਸੰਭਲ ਜਾਓ ਅਤੇ ਆਪੋ ਆਪਣਾ ਟੀਚਾ ਮਿੱਥ ਕੇ ਪੰਜਾਬ ਅੰਦਰਲੀਆਂ ਢੇਰਾਂ ਦੀਆਂ ਢੇਰ ਸਮੱਸਿਆਵਾਂ ਵੱਲ ਧਿਆਨ ਕਰ ਕੇ ਉਨ੍ਹਾਂ ਨੂੰ ਠੀਕ ਕਰਨ ਲਈ ਆਪੋ ਆਪਣਾ ਗਰੁੱਪ ਤਿਆਰ ਕਰੋ। ਜੇ ਤੁਸੀਂ ਅਜਿਹਾ ਕਰ ਸਕੇ ਤਾਂ ਇਤਿਹਾਸ ਦੇ ਪੰਨੇ, ਜੋ ਹਮੇਸ਼ਾਂ ਬਾਹਵਾਂ ਖਿਲਾਰ ਕੇ ਅਜਿਹੇ ਜਾਗਦੇ ਜ਼ਮੀਰਾਂ ਵਾਲਿਆਂ ਦਾ ਸਵਾਗਤ ਕਰਦੇ ਹਨ, ਤੁਹਾਨੂੰ ਆਪਣੇ ਵਿਚ ਸਮੋ ਲੈਣਗੇ।

ਇੰਜ ਤੁਹਾਡਾ ਨਾਂ ਵੀ ਅਸਮਾਨ ਉੱਤੇ ਉਕਰਿਆ ਜਾਵੇਗਾ ਅਤੇ ਪੁਸ਼ਤ ਦਰ ਪੁਸ਼ਤ ਲੋਕਾਂ ਦਿਆਂ ਮਨਾਂ ਵਿਚ ਵਸ ਕੇ ਤੁਸੀਂ ਵੀ ਅਮਰ ਹੋ ਸਕਦੇ ਹੋ।

ਆਓ ਬੱਚਿਓ !  ਭਗਤ ਸਿੰਘ ਬਣੋ। ਰਾਜਗੁਰੂ, ਸੁਖਦੇਵ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਚਮਕੌਰ ਦੀ ਗੜ੍ਹੀ ਦੇ ਸ਼ਹੀਦ, ਬੰਦਾ ਸਿੰਘ ਬਹਾਦਰ, ਸਾਰਾਗੜੀ ਦੇ ਸ਼ਹੀਦ, ਰਾਣੀ ਝਾਂਸੀ, ਮਾਈ ਭਾਗੋ ਤੇ ਅਣਗਿਣਤ ਹੋਰਾਂ ਦੀਆਂ ਰੂਹਾਂ ਇਸੇ ਉਡੀਕ ਵਿਚ ਹਨ ਕਿ ਕਿਤੇ ਸਾਡੀ ਕੁਰਬਾਨੀ ਅਜਾਈਂ ਨਾ ਚਲੀ ਜਾਏ !

ਚਲੋ, ਵਹੀਰਾਂ ਘੱਤੀਏ ਤੇ ਆਜ਼ਾਦ ਕਰੀਏ ਆਪਣੇ ਮਨਾਂ ਨੂੰ-ਵਿਕਾਰਾਂ ਤੋਂ, ਆਜ਼ਾਦ ਕਰੀਏ ਆਪਣੇ ਦਿਲਾਂ ਨੂੰ-ਨਫ਼ਰਤ ਤੋਂ। ਆਜ਼ਾਦ ਕਰੀਏ ਆਪਣੀ ਸੋਚ ਨੂੰ-ਜਾਤ-ਪਾਤ ਦੇ ਸੰਗਲਾਂ ਤੋਂ ! ਇਕ ਦੂਜੇ ਦੀਆਂ ਬਾਹਵਾਂ ਬਣ ਕੇ ਦੇਸ਼ ਦੀ ਤਰੱਕੀ ਵਿਚ ਹੱਥ ਵੰਡਾਈਏ ਅਤੇ ਵਿਗਿਆਨ ਰਾਹੀਂ ਆਪਣੇ ਮੁਲਕ ਨੂੰ ਦੁਨੀਆਂ ਦੀ ਚੋਟੀ ਉੱਤੇ ਲੈ ਜਾਈਏ। ਆਓ, ਆਜ਼ਾਦ ਕਰਾਈਏ ਆਪਣੇ ਦੇਸ ਨੂੰ ਘੁਣ ਵਾਂਗ ਚੱਟ ਜਾਣ ਵਾਲਿਆਂ ਤੋਂ। ਇਹੀ ਸੱਚੀ ਸ਼ਰਧਾਂਜਲੀ ਹੋਵੇਗੀ ਸਾਡੀ ਸ਼ਹੀਦਾਂ ਲਈ। ਇਹੀ ਰਸਤਾ ਹੈ ਸਿਰਾਂ ਉੱਤੇ ਕਰਜ਼ੇ ਦੀ ਚੁੱਕੀ ਪੰਡ ਨੂੰ ਲਾਹੁਣ ਦਾ!

ਜੇ ਮਾਪਿਆਂ ਨੂੰ ਸਮਝ ਆ ਗਈ ਹੋਵੇ ਤਾਂ ਉਨ੍ਹਾਂ ਨੂੰ ਅਸਲੀਅਤ ਨਕਾਰ ਦੇਣੀ ਛੱਡ ਕੇ ਆਪਣੇ ਬੱਚਿਆਂ ਨੂੰ ਸਹੀ ਸੇਧ ਦੇਣ ਦੀ ਲੋੜ ਹੈ।

ਅਧਿਆਪਿਕ ਵੀ ਵਿਦਿਆਰਥੀਆਂ ਨੂੰ ਸਿਰਫ਼ ਡਾਕਟਰ ਇੰਜੀਨੀਅਰ ਬਣਾਉਣ ਦੀ ਥਾਂ ਬੱਚਿਆਂ ਨੂੰ ਇਨ੍ਹਾਂ ਤੱਥਾਂ ਲਈ ਜਾਗਰੂਕ ਕਰ ਕੇ ਉਨ੍ਹਾਂ ਨੂੰ ਟੀਚਾ ਮਿੱਥ ਕੇ ਦੇਣ, ਤਾਂ ਸੋਨੇ ਉੱਤੇ ਸੁਹਾਗੇ ਵਾਲੀ ਗੱਲ ਹੋਵੇਗੀ।

ਜੇ ਸਾਡੇ ਬੱਚੇ ਵਿਗੜ ਰਹੇ ਹਨ ਤਾਂ ਇਹ ਜ਼ਿੰਮੇਵਾਰੀ ਸਾਡੀ ਸਭ ਦੀ ਹੈ। ਸੋ ਉਨ੍ਹਾਂ ਨੂੰ ਸਹੀ ਰਾਹੇ ਪਾਉਣ ਦੀ ਜ਼ਿੰਮੇਵਾਰੀ ਵੀ ਸਾਡੀ ਹੀ ਹੈ।

ਆਓ, ਵੇਲੇ ਸਿਰ ਜਾਗ ਕੇ ਆਪਣੇ ਬੱਚਿਆਂ ਨੂੰ ਸੰਭਾਲ ਲਈਏ, ਨਹੀਂ ਤਾਂ ਫੇਰ ਜਾਗਣ ਦਾ ਫ਼ਾਇਦਾ ਨਹੀਂ ਹੋਣਾ !