ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ॥ (ਭਾਗ ਦੂਜਾ)
CLICK HERE ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ? ॥ (ਭਾਗ ਪਹਿਲਾ)
ਗਿਆਨੀ ਅਵਤਾਰ ਸਿੰਘ
ਗੁਰੂ ਨਾਨਕ ਸਾਹਿਬ ਜੀ ਦੁਆਰਾ ‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ਕੁੱਝ ਕੁ ਸਰੀਰਕ ਕਰਮਾਂ/ਕਰਮਕਾਂਡਾਂ; ਜਿਵੇਂ ਕਿ ਤੀਰਥ ਇਸ਼ਨਾਨ, ਮੌਨ ਵਰਤ ਆਦਿ ਦੀ ਮਿਸਾਲ ਦੇਣ ਉਪਰੰਤ ਮਨ/ਅੰਤਹਿਕਰਣ ਦੀ ਸ਼ੁੱਧਤਾ ਨਾਲ਼ ਸੰਬੰਧਿਤ ਗੁਰਮਤਿ ਸਿਧਾਂਤ ਨੂੰ ਪ੍ਰਗਟ ਕਰਨ ਲਈ ਉਠਾਏ ਗਏ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਪਹਿਲੇ ਸਵਾਲ ‘‘ਕਿਵ ਕੂੜੈ ਤੁਟੈ ਪਾਲਿ ?॥’’ ਸਿਰਲੇਖ ਹੇਠਾਂ ਲਿਖੇ ਪਿਛਲੇ ਭਾਗ ’ਚ ਕੀਤੀ ਗਈ ਵਿਚਾਰ ਦਾ ਸੰਖੇਪ ਭਾਵ ਸੀ ਕਿ ਹਰ ਬੰਦੇ ਦੁਆਰਾ ਕੀਤੇ ਹੋਏ ਕੰਮਾਂ ਅਨੁਸਾਰ ਬਣਿਆ ਭਾਗ/ਨਸੀਬ ਹੀ ਹਰ ਜੀਵ ਦੀ ਤਕਦੀਰ ’ਚ ਬਚਪਨ ਤੋਂ ‘ਲਿਖਿਆ ਨਾਲਿ’ ਰੂਪ ਲੇਖ ਹੈ। ਇਸ ਲੇਖ ਮੁਤਾਬਕ ਹਰ ਇੱਕ ਲਈ ਰੱਬ ਦਾ ਹੁਕਮ ਵੱਖਰਾ-ਵੱਖਰਾ ਹੈ ਤਾਹੀਓਂ ਕੋਈ ਆਰਥਿਕ ਤੇ ਸਰੀਰਕ ਪੱਖੋਂ ਸੁਖੀ ਅਤੇ ਕੋਈ ਦੁਖੀ ਰਹਿੰਦਾ ਹੈ। ਹਰ ਮਨੁੱਖ ਨੇ ਸਮਝਣਾ ਹੈ ਕਿ ਮੇਰੇ ਅੰਦਰ ‘ਕੂੜ ਦੀ ਪਾਲਿ’; ਮੇਰੇ ਦੁਆਰਾ ਕੀਤੇ ਕਰਮਾਂ ਦਾ ਫਲ਼ ਹੈ, ਜਿਸ ਨੂੰ ਲਿਖਣ ਵਾਲ਼ੇ ਹੁਕਮ ਕਰਤਾ (ਮਾਲਕ) ਨੂੰ ਜਾਣਨਾ ਹੈ, ਉਸ ਨਾਲ਼ ਇਕਮਿਕਤਾ ਬਣਾਉਣੀ ਹੈ ਤਾਂ ਜੋ ਇਹ ਲੇਖ ਮਿਟ ਸਕੇ। ਕੂੜ ਦੀ ਦੀਵਾਰ ਢਹਿ ਜਾਵੇ; ਇਹੀ ਹੈ ‘‘ਹੁਕਮਿ ਰਜਾਈ ਚਲਣਾ॥’’ ਦਾ ਮਤਲਬ। ਇਸ ਪਿਛਲੇ ਭਾਗ ਨੂੰ ਪੜ੍ਹਨ ਤੋਂ ਬਾਅਦ, ਇਸ ਵਿਸ਼ੇ ਨੂੰ ਕੁੱਝ ਹੋਰ ਸਪਸ਼ਟ ਕਰਨ ਅਤੇ ਕੁੱਝ ਕੁ ਸਵਾਲ ਸ਼ਾਮਲ ਕਰਨ ਦੇ ਸੁਝਾਅ ਆਏ ਸਨ, ਇਸ ਲਈ ਇਹ ਵਿਸ਼ਾ ਥੋੜ੍ਹਾ ਹੋਰ ਵਿਚਾਰਨਾ ਜ਼ਰੂਰੀ ਸਮਝਿਆ ਗਿਆ ਹੈ।
ਜਦ ਮਾਲਕ ਆਪਣੇ ਨੌਕਰ ਨੂੰ ਕੋਈ ਪਦਾਰਥ ਦਿੰਦਾ ਹੈ ਤਾਂ ਨੌਕਰ ਵਾਸਤੇ ਉਹ, ਮਾਲਕ ਦੀ ਬਖ਼ਸ਼ਸ਼ ਹੈ, ਜੋ ਮਾਲਕ ਦੇ ਹੁਕਮ ਨਾਲ਼ ਮਿਲੀ ਹੈ; ਇਸੇ ਤਰ੍ਹਾਂ ‘ਕੂੜ ਦੀ ਪਾਲਿ’ ਵੀ ਸ਼ਰਧਾਲੂ ਬੰਦੇ ਲਈ ਰੱਬ ਦੀ ਮਿਹਰ ਹੈ, ਜੋ ਉਸ ਦੇ ਹੁਕਮ ’ਚ ਮਿਲੀ ਹੈ ਯਾਨੀ ਦੁੱਖ ਸੁੱਖ ਮਿਲਣੇ ਵੀ ਰੱਬ ਦੀ ਮਿਹਰ ਹੈ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ‘‘ਕੇਤਿਆ ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ; ਦਾਤਾਰ !..॥੨੫॥’’ (ਜਪੁ) ਗੁਰਬਾਣੀ ਅਨੁਸਾਰ ਜਗਤ ਰਚਨਾ ਇੱਕ ਖੇਡ ਹੈ ‘‘ਜੀਅ ਜੰਤ ਸਭਿ; ਤੇਰਾ ਖੇਲੁ ॥’’ (ਸੋ ਪੁਰਖੁ/ਮਹਲਾ ੪/੧੧), ਖੇਡ; ਸਦੀਵੀ ਨਹੀਂ ਹੁੰਦੀ, ਨਿਸ਼ਚਿਤ ਸਮੇਂ ਲਈ ਹੁੰਦੀ ਹੈ ਤਾਹੀਓਂ ਵਿਖਾਈ ਦਿੰਦੇ ਜਗਤ ਨੂੰ ਵਾਰ-ਵਾਰ ਨਾਸ਼ਵਾਨ ਕਿਹਾ ‘‘ਦ੍ਰਿਸਟਿਮਾਨ ਸਭੁ ਬਿਨਸੀਐ; ਕਿਆ ਲਗਹਿ, ਗਵਾਰ ! ॥ (ਮਹਲਾ ੫/੮੦੮), ਦ੍ਰਿਸਟਿਮਾਨ ਹੈ ਸਗਲ ਮਿਥੇਨਾ (ਨਾਸ਼ਵਾਨ) ॥ (ਮਹਲਾ ੫/੧੦੮੩), ਦ੍ਰਿਸਟਿਮਾਨ ਹੈ ਸਗਲ ਬਿਨਾਸੀ.. .. ॥੩॥ (ਮਹਲਾ ੫/੧੨੦੪), ਜਗ ਰਚਨਾ ਸਭ ਝੂਠ ਹੈ; ਜਾਨਿ ਲੇਹੁ ਰੇ ਮੀਤ ! ॥ ਕਹਿ ਨਾਨਕ ਥਿਰੁ ਨਾ ਰਹੈ; ਜਿਉ ਬਾਲੂ ਕੀ ਭੀਤਿ (ਰੇਤ ਦੀ ਕੰਧ) ॥’’ (ਮਹਲਾ ੯/੧੪੨੯), ਖੇਡ ਦੌਰਾਨ ਉਸ ਦਾ ਪ੍ਰਬੰਧਕ/ਸੰਚਾਲਕ; ਇੱਕ ਧੜੇ ਨਾਲ਼ ਪਿਆਰ, ਦੂਜੇ ਨਾਲ਼ ਨਫ਼ਰਤ ਨਹੀਂ ਕਰਦਾ ਹੁੰਦਾ ਤਾਹੀਓਂ ਇਹ ਬਚਨ ਹੋਏ ਕਿ ਰੱਬ ਦੇ ਗੁਣ ਗਾਉਣ ਨਾਲ਼ ਉਹ ਵੱਡਾ ਨਹੀਂ ਹੁੰਦਾ ਅਤੇ ਨਾ ਗਾਉਣ ਨਾਲ਼ ਉਹ ਛੋਟਾ ਨਹੀਂ ਹੁੰਦਾ ‘‘ਜੇ ਸਭਿ ਮਿਲਿ ਕੈ ਆਖਣ ਪਾਹਿ ॥ ਵਡਾ ਨ ਹੋਵੈ; ਘਾਟਿ ਨ ਜਾਇ ॥’’ (ਮਹਲਾ ੧/੯) ਯਾਨੀ ਰੱਬ ਦੀਆਂ ਨਜ਼ਰਾਂ ’ਚ ਉਸ ਨੂੰ ਯਾਦ ਕਰਨ ਵਾਲ਼ੇ ਅਤੇ ਨਾ ਯਾਦ ਕਰਨ ਵਾਲ਼ੇ ਬੰਦੇ; ਇੱਕ ਸਮਾਨ ਹਨ ਤਾਹੀਓਂ ਰੱਬ ਤੋਂ ਇਨਕਾਰੀ ਵੀ ਰੱਬ ਤੋਂ ਮਿਲੀਆਂ ਦਾਤਾਂ ਨਾਲ਼ ਸਭ ਸੁੱਖ ਭੋਗਦੇ ਪਏ ਹਨ। ਦੂਜੇ ਪਾਸੇ ਖਿਡਾਰੀ-ਬੰਦਾ; ਜਗਤ-ਖੇਡ ਨੂੰ ਵਕਤੀ ਨਹੀਂ, ਬੜੀ ਲੰਬੀ ਮੰਨਦਾ ਹੈ ਕਿਉਂਕਿ ਉਹ, ਜ਼ਿੰਦਗੀ ਦੇ ਦੁੱਖ-ਸੁੱਖ ਸਾਮ੍ਹਣੇ ਜਲਦੀ ਹਾਰ ਮੰਨ ਲੈਂਦਾ ਹੈ, ਥੱਕ ਜਾਂਦਾ ਹੈ ਜਦਕਿ ਖੇਡ ਨੂੰ ਰਚਨ ਵਾਲ਼ੇ (ਰੱਬ) ਲਈ ਅਰਬਾਂ ਸਾਲ ਦਾ ਸਮਾਂ ਅੱਖ ਦੇ ਫਰਕਣ ਜਿੰਨਾ ਹੀ ਹੈ; ਜਿਵੇਂ ਕੁਦਰਤ, ਵਿਕਾਸ ਹੁਣ ਵੀ ਕਰਦੀ ਪਈ ਹੈ, ਜਿਸ ਨੂੰ ਉਸ ਨੇ ਇੱਕ ਸਕਿੰਟ ’ਚ ਬਣਾ ਦਿੱਤਾ ‘‘ਕੀਤਾ ਪਸਾਉ ਏਕੋ ਕਵਾਉ ॥’’ (ਜਪੁ)
ਆਸਤਿਕ ਬੰਦਾ ਕਿਵੇਂ ਕਹਿ ਸਕਦਾ ਹੈ ਕਿ ਰੱਬ ਨੂੰ ਕੇਵਲ ਚੰਗੇ ਗੁਣਾਂ ਵਾਲ਼ੇ ਬੰਦੇ ਪਸੰਦ ਹਨ ਜਾਂ ਬੰਦੇ ਕੋਲ਼ ਐਸੇ ਕੰਮ ਕਰਨ ਦੀ ਤਾਕਤ ਵੀ ਹੈ, ਜਿਸ ਨੂੰ ਵਰਤ ਕੇ ਰੱਬ ਤੋਂ ਦੂਰੀ ਬਣ ਜਾਂਦੀ ਹੈ। ਜੋ ਰੱਬ; ਅਰਬਾਂ-ਖਰਬਾਂ ਸਾਲ ਹਨ੍ਹੇਰਾ ਹੀ ਕਰੀ ਬੈਠਾ ਹੋਵੇ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ‘‘ਅਰਬਦ ਨਰਬਦ ਧੁੰਧੂਕਾਰਾ ॥ ਧਰਣਿ (ਧਰਤੀ) ਨ ਗਗਨਾ (ਅਕਾਸ਼); ਹੁਕਮੁ ਅਪਾਰਾ ॥ ਨਾ ਦਿਨੁ ਰੈਨਿ (ਰਾਤ); ਨ ਚੰਦੁ ਨ ਸੂਰਜੁ; ਸੁੰਨ ਸਮਾਧਿ ਲਗਾਇਦਾ ॥’’ (ਮਹਲਾ ੧/੧੦੩੫), ਹੁਣ ਉਸ ਦੇ ਗੁਣ ਨਾ ਗਾਉਣ ਨਾਲ਼ ਉਹ ਨਰਾਜ਼ ਹੋ ਜਾਂਦਾ ਹੈ। ਇਹ ਸੋਚ ਹੀ ਗ਼ਲਤ ਹੈ।
ਮਾਲਕ ਆਪਣੇ ਕੁੱਤੇ ਨੂੰ ਰੱਸੀ ਪਾ ਪਾਰਕ ’ਚ ਘੁਮਾਉਣ ਲੈ ਜਾਂਦਾ ਹੈ। ਓਥੇ ਥੋੜ੍ਹੀ ਦੇਰ ਲਈ ਰੱਸੀ ਉਤਾਰ ਦਿੰਦਾ ਹੈ ਤੇ ਕੁੱਤਾ ਗੰਦ ’ਚ ਮੂੰਹ ਮਾਰਨ ਲੱਗ ਜਾਂਦਾ ਹੈ (ਚੇਤੇ ਰਹੇ ਇਹ ‘ਗੰਦ’ ਸ਼ਬਦ; ਮਨੁੱਖ ਦਾ ਘੜਿਆ ਹੈ, ਨਾ ਕਿ ਰੱਬ ਨੇ ਗੰਦ ਮੰਨਿਐ)। ਹੁਣ ਵੇਖਣਾ ਹੈ ਕਿ ਗੰਦ ’ਚ ਮੂੰਹ ਮਾਰਨ ਦਾ ਅਧਿਕਾਰ ਕੁੱਤੇ ਨੂੰ ਕਿਸ ਨੇ ਦਿੱਤਾ ? ਜਵਾਬ ਹੈ ਜਿਸ ਨੇ ਰੱਸੀ ਉਤਾਰੀ। ਜੇ ਰੱਸੀ ਨਾ ਉਤਾਰੀ ਹੁੰਦੀ ਤਾਂ ਗੰਦ ’ਚ ਮੂੰਹ ਨਾ ਮਾਰਿਆ ਹੁੰਦਾ ਯਾਨੀ ਕੁੱਤੇ ਦੇ ਗ਼ਲਤ ਕੰਮ ਕਰਨ ਪਿੱਛੇ ਕੁੱਤੇ ਦੇ ਮਾਲਕ ਦਾ ਹੱਥ ਹੈ, ਨਾ ਕਿ ਕੁੱਤੇ ਦਾ। ਸੋ ਇਹ ਮੰਨਣਾ ਕਿ ਕੁੱਤੇ ਕੋਲ਼ ਗ਼ਲਤ ਕਰਨ ਦੀ ਸਮਰੱਥਾ ਹੈ, ਆਪਣੇ ਆਪ ਨੂੰ ਅੰਧੇਰੇ ’ਚ ਰੱਖਣਾ ਹੈ।
ਗੁਰਮਤਿ ਨੇ ਜਗਤ-ਖੇਡ ਦਾ ਵਜੂਦ ਹੀ ਮੈਲ਼ ਮੰਨਿਆ ਹੈ, ਅਗਿਆਨਤਾ ਮੰਨੀ ਹੈ। ਇਸ ਮੈਲ਼ ਨੂੰ ਹੀ ਸਿਰ ਦੇ ਲੇਖ ਕਿਹਾ ਹੈ। ਸਾਰੇ ਜੀਵ-ਜੰਤ ਇਸ ਮੈਲ਼-ਲੇਖ (ਕੂੜ ਦੀ ਪਾਲਿ) ਅਧੀਨ ਹਨ। ਮੈਲ਼-ਲੇਖ ਤੋਂ ਬਿਨਾਂ ਕੇਵਲ ਕਰਤਾਰ ਹੈ, ਜਿਸ ਨੇ ਸਾਰੇ ਜੀਵ-ਜੰਤ; ਮੈਲ਼-ਲੇਖ ਸਮੇਤ ਆਪਣੇ ਹੁਕਮ ’ਚ ਚਲਾਏ ਹਨ ‘‘ਸਰਬ ਜੀਆ ਸਿਰਿ ਲੇਖੁ ਧੁਰਾਹੂ; ਬਿਨੁ ਲੇਖੈ ਨਹੀ ਕੋਈ ਜੀਉ ॥ ਆਪਿ ਅਲੇਖੁ, ਕੁਦਰਤਿ ਕਰਿ ਦੇਖੈ; ਹੁਕਮਿ (’ਚ) ਚਲਾਏ ਸੋਈ ਜੀਉ ॥’’ (ਮਹਲਾ ੧/੫੯੮) ਭਗਤ ਕਬੀਰ ਜੀ ਦੇ ਸ਼ਬਦਾਂ ’ਚ ਇਹ ਮੈਲ਼; ਮਾਇਆ ਹੈ, ਜੋ ਹਰ ਉਸ ਜੀਵ ਨੂੰ ਚਿੰਬੜੀ ਹੈ, ਜਿਸ ਦੇ ਪੇਟ ਲੱਗਿਆ ਹੈ ‘‘ਕਹਿ ਕਬੀਰ ! ਜਿਸੁ ਉਦਰੁ, ਤਿਸੁ ਮਾਇਆ ॥’’ (ਭਗਤ ਕਬੀਰ ਜੀ/੧੧੬੦), ਪੇਟ ਤੋਂ ਬਿਨਾਂ ਕੋਈ ਜੀਵ ਨਹੀਂ ਯਾਨੀ ਲੇਖ ਬਿਨਾਂ ਕੋਈ ਜੀਵਨ ਨਹੀਂ।
ਅਕਸਰ ਸਵਾਲ ਉਠਦਾ ਹੈ ਕਿ ਜੇਕਰ ਸਭ ਕੁੱਝ ਰੱਬ ਦੇ ਹੁਕਮ ’ਚ ਹੈ ਤਾਂ ‘ਕੂੜ ਦੀ ਪਾਲਿ’ ਲਈ ਮਨੁੱਖ ਦੋਸ਼ੀ ਕਿਉਂ ?
ਜਵਾਬ : ਗੁਰਬਾਣੀ ਅੰਦਰ ਮਨੁੱਖ ਨੂੰ ਦੋਸ਼ੀ ਨਹੀਂ ਕਿਹਾ ਬਲਕਿ ਚੇਤਾ ਕਰਾਇਆ ਹੈ ਕਿ ਤੂੰ ਕਿਸ ਕਾਰਨ ਦੁਖੀ ਹੈਂ ਅਤੇ ਕਿਵੇਂ ਇਸ ਦਾ ਮੁਕਾਬਲਾ ਕਰ ਸਕਦਾ ਹੈਂ; ਇਸ ਤੋਂ ਮੁਕਤ ਹੋ ਸਕਦਾ ਹੈਂ। ਪੀੜਤ ਨੂੰ ਉਸ ਦੀ ਪੀੜਾ ਦਾ ਕਾਰਨ ਦੱਸਣਾ ਜਾਂ ਨਸ਼ੇ ਦਾ ਸਰੀਰ ’ਤੇ ਪੈਂਦਾ ਬੁਰਾ ਪ੍ਰਭਾਵ ਸਮਝ ਕੇ ਵੀ ਉਸ ਨੂੰ ਵਰਤਦਾ ਰਹੇ ਤਾਂ ਮੂਰਖ, ਅੰਨ੍ਹਾ ਆਦਿ ਸਖ਼ਤ ਸ਼ਬਦ ਵਰਤਣੇ, ਜਗਾਉਣਾ ਹੈ, ਨਾ ਕਿ ਦੋਸ਼ੀ ਮੰਨਣਾ ਕਿਉਂਕਿ ਉਹ ਸਚਾਈ ਦੀ ਵਿਆਖਿਆ ਆਪਣੇ ਅਨੁਸਾਰ ਕਰਦਾ ਪਿਆ ਹੈ। ਆਪਣੀ ਪੀੜਾ ਦਾ ਕਾਰਨ, ਆਪਣੇ ਉੱਤੇ ਨਾ ਲੈ ਕੇ ਹੋਰਾਂ ਸਿਰ ਲਾਉਂਦਾ ਹੈ ‘‘ਬਾਧਿਓ ਆਪਨ ਹਉ ਹਉ ਬੰਧਾ ॥ ਦੋਸੁ ਦੇਤ ਆਗਹ ਕਉ ਅੰਧਾ ॥’’ (ਮਹਲਾ ੫/੨੫੮) ਯਾਨੀ ਮਨੁੱਖ ਸੁੱਖ ਤਾਂ ਚਾਹੁੰਦਾ ਹੈ।
ਰੂਹਾਨੀਅਤ ਗਿਆਨ; ਵਿਕਾਰ-ਬਿਰਤੀ ਨੂੰ ਕਾਬੂ ਕਰਾ ਅੰਦਰੂਨੀ ਬਲ ਨਾਲ਼ ਸਰੀਰਕ, ਪਰਵਾਰਿਕ ਤੇ ਸਮਾਜਿਕ ਪੀੜਾ ਦਾ ਸਾਮ੍ਹਣਾ ਕਰਨ ਦੇ ਸਮਰੱਥਾ ਬਣਾਉਂਦਾ ਹੈ। ਵਿਕਾਰ-ਬਿਰਤੀ ਕਾਰਨ ਜੋ ਰੋਗ ਸਰੀਰ ਨੂੰ ਲੱਗਦੇ ਹਨ ਉਨ੍ਹਾਂ ਤੋਂ ਛੁਟਕਾਰਾ ਮਿਲਦਾ ਹੈ; ਜਿਵੇਂ ਕਿ ਇੰਦ੍ਰੀਆਂ ਦਾ ਚਸ਼ਕਾ, ਮਾਨਸਿਕ ਤਣਾਅ ਆਦਿ। ਅਸ਼ਰਧਕ ਬੰਦਾ ਇਹ ਲਾਭ ਨਹੀਂ ਉਠਾ ਸਕਦਾ।
ਇਹ ਸੋਝੀ ਜ਼ਰੂਰੀ ਹੈ ਕਿ ਸੰਸਾਰਕ ਸੰਘਰਸ਼; ਵਜੂਦ ਨੂੰ ਕਾਇਮ ਰੱਖਣ ਲਈ ਜ਼ਰੂਰੀ ਹੈ। ਭੋਜਨ ਪ੍ਰਾਪਤ ਕਰਨ ਲਈ ਮਾਸਾਹਾਰੀ ਜੀਵਾਂ ਨੂੰ ਜਿੱਥੇ ਮਜ਼ਬੂਤ ਦੰਦ, ਤੇਜ਼ ਨਜ਼ਰ ਅਤੇ ਨੁਕੀਲੇ ਨਹੁੰ ਦਿੱਤੇ ਹਨ, ਓਥੇ ਆਪਣੀ ਹਿਫ਼ਾਜ਼ਤ ਲਈ ਸਾਕਾਹਾਰੀ ਜੀਵਾਂ ਨੂੰ ਵੀ ਸਿੰਗ, ਤੇਜ਼ ਰਫ਼ਤਾਰ, ਮੋਟੀ ਚਮੜੀ, ਵਧੇਰੇ ਨਫ਼ਰੀ ਰੂਪ ਸ਼ਕਤੀ ਮਿਲੀ ਹੈ। ਵਣ ਮਾਨਵ ਵੀ ਜੰਗਲ਼ਾਂ ’ਚ ਰਹਿੰਦਿਆਂ ਸੰਘਰਸ਼ ਕਰਕੇ ਆਪਣਾ ਵਜੂਦ ਬਚਾ ਸਕੇ ਸਨ। ਸੋ ਸਮਾਜਿਕ ਝੰਮੇਲੇ; ਰੱਬ ਦੀ ਖੇਡ ਹੀ ਹਨ; ਜਿਵੇਂ ਕਿ ਵਾਕ ਹੈ ‘‘ਭਗਤਾ ਤੈ ਸੈਸਾਰੀਆ; ਜੋੜੁ ਕਦੇ ਨ ਆਇਆ ॥’’ (ਮਹਲਾ ੧/੧੪੫) ਇਸ ਦਾ ਕਾਰਨ ਰੱਬ ਦਾ ਹੁਕਮ ਹੀ ਦੱਸਿਆ ਕਿਉਂਕਿ ਮਨਮੁਖ ਬੰਦਿਆਂ ਨੂੰ ਉਹ ਆਪ ਕੁਰਾਹੇ ਪਾਉਂਦਾ ਹੈ, ਲੜਾਉਂਦਾ ਹੈ ਅਤੇ ਉਨ੍ਹਾਂ ਦੀ ਵਧੀਕੀ ਰੋਕਣ ਲਈ ਗੁਰਮਖਿ ਬਣਾ ਆਪਣੀ ਅਥਾਹ ਸ਼ਕਤੀ ਦਿੰਦਾ ਹੈ ‘‘ਹੁਕਮੁ ਪਇਆ ਧੁਰਿ (ਤੋਂ) ਖਸਮ ਕਾ; ਅਤੀ ਹੂ ਧਕਾ ਖਾਇ ॥ ਗੁਰਮੁਖ ਸਿਉ ਮਨਮੁਖੁ ਅੜੈ; ਡੁਬੈ ਹਕਿ ਨਿਆਇ ॥ ਦੁਹਾ ਸਿਰਿਆ ਆਪੇ ਖਸਮੁ; ਵੇਖੈ ਕਰਿ ਵਿਉਪਾਇ ॥ ਨਾਨਕ ! ਏਵੈ ਜਾਣੀਐ; ਸਭ ਕਿਛੁ ਤਿਸਹਿ ਰਜਾਇ ॥’’ (ਮਹਲਾ ੨/੧੪੮) ਅਰਥ : ਦਰਗਾਹੋਂ ਮਾਲਕ ਦਾ ਇਹੀ ਹੁਕਮ ਹੈ (ਹੁਕਮੁ ਪਇਆ ਧੁਰਿ ਖਸਮ ਕਾ) ਕਿ (ਮਨਮੁਖ ਨੇ) ਮੂਰਖਤਾ ਕਾਰਨ ਧੱਕਾ ਖਾਣੈ, ਕੁਕਰਮ ਕਰਨੈ (ਅਤੀ ਹੂ ਧਕਾ ਖਾਇ)। ਰੱਬ ਦੇ ਅਟੱਲ ਇਨਸਾਫ਼ (ਹਕਿ ਨਿਆਇ) ਕਾਰਨ ਮਨਮੁਖ; ਗੁਰਮੁਖ ਨਾਲ਼ ਲੜਦਾ ਹੈ (ਅੜੈ) ਤੇ ਬਾਜ਼ੀ ਹਾਰਦਾ ਹੈ (ਡੁਬੈ; ਯਾਨੀ ਬਾਕੀ ਜੂਨਾਂ ਵਾਙ ਕੇਵਲ ਜੂਨ ਭੋਗਦਾ ਚਲਾ ਜਾਂਦਾ ਹੈ। ਖੇਡ ਦੇ ਮਾਲਕ ਨੂੰ ਨਾ ਜਾਣ ਸਕਿਆ, ਪਰ ਵਿਚਾਰੇ ਮਨਮੁਖ ਦਾ ਵੀ ਕੀ ਕਸੂਰ, ਜਦ) ਸੰਸਾਰ ਤੋਂ ਤੈਰਨਾ ਅਤੇ ਸੰਸਾਰ ’ਚ ਡੁੱਬਣਾ; ਦੋਵੇਂ ਪਾਸਿਆਂ ਦਾ ਮਾਲਕ ਇੱਕੋ ਰੱਬ ਹੈ (ਦੁਹਾ ਸਿਰਿਆ ਆਪੇ ਖਸਮੁ)। ਉਹ ਆਪ ਹੀ ਇਹ ਖੇਲ (ਮਨਮੁਖ ਤੇ ਗੁਰਮੁਖ ਬਣ) ਖੇਲਦਾ ਪਿਆ ਹੈ ਯਾਨੀ ਕੌਣ ਮਨਮੁਖ ਤੇ ਕੌਣ ਗੁਰਮੁਖ ਬਣਾਉਣੈ; ਇਹ ਨਿਰਣਾ (ਆਪ) ਕਰ ਕਰ ਵੇਖਦਾ ਹੈ (ਵੇਖੈ ਕਰਿ ਵਿਉਪਾਇ)। ਹੇ ਨਾਨਕ ! (ਇਹ ਸੱਚ) ਇਉਂ ਜਾਣਨਾ ਹੈ (ਨਾਨਕ ! ਏਵੈ ਜਾਣੀਐ) ਕਿ ਸੰਸਾਰ ’ਚ ਹਰ ਘਟਨਾ ਉਸ ਦੀ ਰਜ਼ਾ ’ਚ ਵਾਪਰਦੀ ਪਈ ਹੈ (ਸਭ ਕਿਛੁ ਤਿਸਹਿ ਰਜਾਇ)। ਇਹੀ ਖ਼ਿਆਲ ‘ਜਪੁ’ ਬਾਣੀ ਦੀ ਦੂਜੀ ਪਉੜੀ ’ਚ ਹਨ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ (ਜਪੁ)
ਉਕਤ ਵਿਚਾਰ ਤੋਂ ਸਾਫ਼ ਹੈ ਕਿ ਰੱਬ ਦੇ ਫ਼ੈਸਲੇ (ਹੁਕਮ) ਨਾਲ਼ ‘ਕੂੜ ਦੀ ਪਾਲਿ’ ਬਣਦੀ ਹੈ, ਜਿਸ ਨੂੰ ਸਤਿਗੁਰੂ ਨੇ ‘ਲਿਖਿਆ ਨਾਲਿ’ ਸ਼ਬਦਾਂ ਰਾਹੀਂ ਮੁੜ ਚੇਤੇ ਕਰਾਇਆ ਹੈ। ਰੱਬੀ ਹੁਕਮ ’ਚ ‘ਕੂੜ ਦੀ ਪਾਲਿ’ ਬਣ ਕੇ ਫਿਰ ਉਸ ਅਨੁਸਾਰ ਹੁਕਮ ਵਾਪਰਨਾ; ਇੱਕ ਖੇਡ ਦਾ ਪ੍ਰਤੀਕ ਹੀ ਹੈ। ਇਸ ਚੱਕਰਵਿਊ ਨੂੰ ਆਪਣੇ ਕਰਮਾਂ ਦਾ ਫਲ਼ ਸਮਝ ਕੇ ਚੱਕਰਵਿਊ ਦੇ ਰਚੇਤਾ (ਰੱਬ) ਨੂੰ ਪਛਾਣਨਾ ‘ਹੁਕਮਿ ਰਜਾਈ ਚਲਣਾ’ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਇੱਕ ਸ਼ਬਦ ’ਚ ਜਗਤ ਰਚਨਾ ਦੀ ਅਰੰਭਕ ਖੇਡ ਬਾਰੇ ਇਉਂ ਸਪਸ਼ਟ ਕੀਤਾ ਹੈ ‘‘ਸਭੇ ਬੁਧੀ ਸੁਧਿ ਸਭਿ; ਸਭਿ ਤੀਰਥ ਸਭਿ ਥਾਨ ॥ ਸਭਿ ਪਾਤਿਸਾਹੀਆ ਅਮਰ ਸਭਿ; ਸਭਿ ਖੁਸੀਆ ਸਭਿ ਖਾਨ ॥ ਸਭੇ ਮਾਣਸ ਦੇਵ ਸਭਿ; ਸਭੇ ਜੋਗ ਧਿਆਨ ॥ ਸਭੇ ਪੁਰੀਆ ਖੰਡ ਸਭਿ; ਸਭੇ ਜੀਅ ਜਹਾਨ ॥ ਹੁਕਮਿ ਚਲਾਏ ਆਪਣੈ; ਕਰਮੀ ਵਹੈ ਕਲਾਮ ॥ ਨਾਨਕ ! ਸਚਾ ਸਚਿ ਨਾਇ; ਸਚੁ ਸਭਾ ਦੀਬਾਨੁ ॥’’ (ਮਹਲਾ ੧/੧੨੪੧) ਅਰਥ : ਸਾਰੀਆਂ ਅਕਲਾਂ, ਸਾਰੀ ਸੂਝ, ਸਾਰੇ ਤੀਰਥ ਅਤੇ ਉਨ੍ਹਾਂ ਦੇ ਸਾਰੇ ਸਥਾਨ, ਸਾਰੇ ਬਾਦਸ਼ਾਹ, ਸਾਰੀਆਂ ਹਕੂਮਤਾਂ (ਸਰਕਾਰਾਂ), ਸਾਰੀਆਂ ਖ਼ੁਸ਼ੀਆਂ, ਸਾਰੇ ਖਾਣ-ਪੀਣ, ਸਾਰੇ ਮਨੁੱਖ, ਸਾਰੇ ਦੇਵਤੇ, ਸਾਰੇ ਯੋਗੀ ਅਤੇ ਉਨ੍ਹਾਂ ਦੁਆਰਾ ਲਗਾਏ ਜਾਂਦੇ ਸਾਰੇ ਧਿਆਨ, ਸਾਰੀਆਂ ਧਰਤੀਆਂ ਅਤੇ ਬ੍ਰਹਿਮੰਡ ਦੇ ਸਾਰੇ ਟੁਕੜੇ ਯਾਨੀ ਜਗਤ ਦੇ ਸਾਰੇ ਹੀ ਜੰਵ-ਜੰਤਾਂ ਆਦਿ ਨੂੰ (ਰੱਬ) ਆਪਣੇ ਹੁਕਮ ’ਚ ਚਲਾਉਂਦਾ ਹੈ (ਤੇ ਉਨ੍ਹਾਂ ਦੁਆਰਾ ਕੀਤੇ ਜਾਂਦੇ ਚੰਗੇ-ਮੰਦੇ) ਕਰਮਾਂ ਅਨੁਸਾਰ ਫਿਰ ਰੱਬੀ ਕਲਮ ਚੱਲਦੀ ਹੈ ਯਾਨੀ ਰੱਬੀ ਕਲਮ; ਸਿਰ ਦੇ ਲੇਖ ਲਿਖਦੀ ਹੈ, ਜੋ ਜਨਮ ਲੈਂਦਿਆਂ ‘ਕੂੜ ਦੀ ਪਾਲਿ’ ਬਣਦੀ ਹੈ (ਇਹੀ ਜਨਮ ਮਰਨ ਦਾ ਮੂਲ ਹੈ। ਇੱਕ ਦਿਨ ਸਾਰੀ ਕੁਦਰਤ ਨਾਸ਼ ਹੋਏਗੀ, ਕੇਵਲ ਉਹ ਰਚੇਤਾ) ਸਦਾ ਸਥਿਰ ਮਾਲਕ ਹੈ ਤੇ ਆਪਣੇ ਸਥਿਰ ਨਾਮ ’ਚ ਵੱਸਦਾ ਹੈ (ਸਚਾ ਸਚਿ ਨਾਇ) ਯਾਨੀ ਉਸ ਦਾ ਨਾਮ ਵੀ ਸਥਿਰ ਹੈ (ਜੋ ਉਸ ਨੂੰ ਹਿਰਦੇ ਵਸਾਉਂਦਾ ਹੈ ਉਹ ਵੀ ਸਥਿਰ ਹੋ ਜਾਂਦਾ ਹੈ)। ਸਥਿਰ ਰੱਬ ਦਾ ਇਨਸਾਫ਼ ਘਰ (ਅਦਾਲਤ) ਵੀ ਸਥਿਰ ਹੈ (ਸਚੁ ਸਭਾ ਦੀਬਾਨੁ) ਯਾਨੀ ਹਰ ਇੱਕ ਦੇ ਕੰਮਾਂ ਦਾ ਹਿਸਾਬ-ਕਿਤਾਬ ਹੋਣਾ ਨਿਸ਼ਚਿਤ ਹੈ।
ਗੁਰਮਤਿ ਦਾ ਗਿਆਨ ਸਿੱਖ ਤੋਂ ਸਵੈ ਪੜਚੋਲ ਕਰਾਉਂਦਾ ਹੈ ਤਾਹੀਓਂ ਰੂਹਾਨੀਅਤ ਗਿਆਨ ਅਖਵਾਇਆ। ਹਰ ਜੀਵਨ ਅੰਦਰ ਝੂਠ ਦੀ ਦੀਵਾਰ, ਅਗਿਆਨਤਾ ਦਾ ਪਰਦਾ ਹੈ, ਜੋ ਕਣ-ਕਣ ’ਚ ਵਿਆਪਕ ਰੱਬੀ ਜੋਤਿ (ਆਤਮਾ) ਦਾ ਹੂ-ਬਹੂ ਪ੍ਰਕਾਸ਼; ਮਨੁੱਖ ਦੀ ਬੁੱਧੀ ’ਤੇ ਨਹੀਂ ਪੈਣ ਦਿੰਦਾ ਯਾਨੀ ਅੰਦਰੂਨੀ ‘ਕੂੜ ਦੀ ਪਾਲਿ’ ਦੀ ਪਰਛਾਈ ਹੀ ਮਨੁੱਖ ਨੂੰ ਬੌਧਿਕ ਪੱਖੋਂ ਅਕਲਹੀਣ ਜਾਂ ਅਕਲਮੰਦ ਬਣਾਉਂਦੀ ਹੈ।
ਪੰਜ ਬਲਬਾਂ ’ਚ ਭਾਵੇਂ ਬਿਜਲੀ ਇੱਕੋ ਹੈ ਪਰ ਉਨ੍ਹਾਂ ’ਤੇ ਚੜ੍ਹੀ ਧੂਲ ਨੇ ਪੰਜ ਕਮਰਿਆਂ ’ਚ ਰੌਸ਼ਨੀ ਘਟਾ ਵਧਾ ਦਿੱਤੀ; ਇਉਂ ਹੀ ਹਰ ਸਰੀਰ ’ਚ ਰੱਬੀ ਜੋਤਿ/ਪ੍ਰਕਾਸ਼ ਇੱਕੋ ਹੈ, ਪਰ ਅੰਤਹਿਕਰਣ ਨਾਲ਼ ਲੱਗੀ ਮਲ਼ੀਨਤਾ (ਕੂੜ ਦੀ ਪਾਲਿ) ਨੇ ਬੁੱਧੀ ਨੂੰ ਇੱਕ ਸਮਾਨ ਨਹੀਂ ਹੋਣ ਦਿੱਤਾ। ਚੇਤੇ ਰਹੇ ਕਿ ਮੈਲ਼/ਧੂਲ, ਅੰਤਹਿਕਰਣ ’ਤੇ ਹੈ, ਨਾ ਕਿ ਆਤਮਾ ’ਚ। ਆਤਮਾ; ਰੱਬੀ ਚੇਤਨ ਸ਼ਕਤੀ ਹੈ ਤੇ ਅੰਤਹਿਕਰਣ; ਉਹ ਅੰਦਰੂਨੀ ਇੰਦ੍ਰੀ, ਜਿਸ ਮੁਤਾਬਕ ਬਾਹਰਲੀਆਂ ਚਾਰ ਇੰਦ੍ਰੀਆਂ (ਸੁਰਤਿ, ਮਤਿ, ਮਨਿ, ਬੁਧਿ) ਦੀ ਬਣਤਰ ਬਣਦੀ ਹੈ। ਅੰਤਹਿਕਰਣ ਦਾ ਪਾਰਦਰਸ਼ੀ ਹੋਣਾ ਹੀ ਇਨ੍ਹਾਂ ਇੰਦ੍ਰੀਆਂ ਨੂੰ ਘੜਨਾ ਹੈ।
‘ਕੂੜ ਦੀ ਪਾਲਿ’ ਨੂੰ ‘ਜਨਮ ਜਨਮ ਕੀ ਮੈਲ਼’ ਕਿਹਾ ਹੈ ‘‘ਜਨਮ ਜਨਮ ਕੀ ਇਸੁ ਮਨ (ਅੰਤਹਿਕਰਣ) ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ॥’’ (ਮਹਲਾ ੩/੬੫੧) ਯਾਨੀ ਇਹ ਮੈਲ਼; ਸਰਵ ਵਿਆਪਕ ਰੱਬੀ ਜੋਤਿ (ਆਤਮਾ/ਜੀਵਾਤਮਾ) ਦੇ ਨਾਲ਼-ਨਾਲ਼ ਸਦੀਆਂ ਤੋਂ ਚੱਲਦੀ ਆਈ ਹੈ। ਇਸ ਤੋਂ ਮੁਕਤੀ; ਪੰਜ ਤੱਤਾਂ ਦੇ ਸਰੀਰ ਨੂੰ ਇਸ਼ਨਾਨ ਕਰਾਇਆਂ, ਮੌਨ ਜਾਂ ਭੁੱਖੇ ਰੱਖਣ ਨਾਲ਼ ਨਹੀਂ ਮਿਲਦੀ। ‘ਕੂੜ ਦੀ ਪਾਲਿ’ ਹਟਾਉਣਾ ਜਾਂ ਮੁਕਤ ਹੋਣਾ ਜਾਂ ਅੰਤਹਿਕਰਣ ਨੂੰ ਪਾਰਦਰਸ਼ੀ ਕਰਨਾ ਹੀ ਸਚਖੰਡ ’ਚ ਨਿਵਾਸ ਹੈ, ਭਗਤੀ ਦਾ ਅਸਲ ਫਲ਼ ਹੈ। ਉੱਥੇ ਆਤਮ-ਪ੍ਰਕਾਸ਼; ਬੰਦਗੀ ਕਰਨ ਵਾਲ਼ੇ ਦੇ ਪਾਰਦਰਸ਼ੀ ਹੋਏ ਅੰਤਹਿਕਰਣ ’ਚੋਂ ਲੰਘ ਕੇ ਬੁੱਧੀ ’ਚ ਹੂ-ਬਹੂ ਬਿਬੇਕ ਬਣ ਰੱਬੀ ਹੋਂਦ ਦਾ ਹਰ ਥਾਂ ਅਹਿਸਾਸ ਕਰਾਉਂਦਾ ਹੈ ਯਾਨੀ ਮਹਿਸੂਸ ਹੋਣਾ ਕਿ ਹਰ ਕੋਈ ਰੱਬ ਦਾ ਪ੍ਰੇਰਿਆ ਹੋਇਆ ਜੀਵਨ ਬਸਰ ਕਰ ਰਿਹਾ ਹੈ। ਇਹ ਸਮਝਾਉਣਾ ਕਿ ਹਰ ਕੋਈ ਰੱਬੀ ਪ੍ਰੇਰਨਾ ਨਾਲ਼ (ਯਾਨੀ ਰੱਬੀ ਹੁਕਮ ’ਚ) ਚੱਲਦਾ ਪਿਆ ਹੈ; ਗੁਰਮਤਿ ਦਾ ਆਧਾਰ ਹੈ ਤਾਹੀਓਂ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ’ਚ, ‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ਦਰਜ ਕੀਤਾ ਹੈ। ਇਸ ਦੀ ਵਿਆਖਿਆ ਸਾਰੀ ਗੁਰਬਾਣੀ ਕਰਦੀ ਹੈ। ਜੇ ਸਿੱਖ ਇੱਥੋਂ ਹੀ ਖੁੰਝ ਗਿਆ, ਭਰੋਸਾ ਨਾ ਬਣਾ ਸਕਿਆ, ਇਹ ਨਿਯਮ ਆਪਣੇ ’ਤੇ ਢੁਕਾਅ ਕੇ ਸਵੈ ਪੜਚੋਲ ਨਾ ਕਰ ਸਕਿਆ ਤਾਂ ਹੋਰਾਂ ਪ੍ਰਤੀ ਹਮਦਰਦੀ ਕਿ ਸਾਰੇ ਜੀਵ-ਜੰਤ; ਰੱਬ ਦੇ ਹੁਕਮ ’ਚ ਹਨ, ਨਹੀਂ ਕਰ ਸਕਦਾ। ਦਿਮਾਗ਼ ਸਦਾ ਖ਼ੁਸ਼ਕ ਹੀ ਰਹੇਗਾ।
ਇੱਕ ਨਸੇੜੀ ਨੂੰ ਡਾਕਟਰ ਨੇ ਕਿਹਾ ਕਿ ਨਸ਼ਾ ਕਰਨ ਨਾਲ਼ ਮਰ ਜਾਏਂਗਾ। ਹੁਣ ਹਾਲਤ ਇਹ ਹੈ ਕਿ ਡਾਕਟਰ ਦੀ ਮਦਦ ਤੋਂ ਬਿਨਾਂ ਨਸ਼ਾ ਨਹੀਂ ਛੱਡ ਹੁੰਦਾ। ਸਰੀਰਕ ਬਲ ਵੀ ਨਹੀਂ, ਉੱਤੋਂ ਨਸ਼ੇ ਦਾ ਆਦਤ; ਇਸ ਭੈੜ ’ਚੋਂ ਕੱਢਣਾ ਕੇਵਲ ਡਾਕਟਰ ਦੀ ਸਲਾਹ ਤੇ ਦਵਾ ਦਾ ਕੰਮ ਹੈ। ਐਸੀ ਹਾਲਤ ਜਨਮ ਜਨਮ ਦੀ ਮੈਲ਼ ਕਾਰਨ ਸਦੀਆਂ ਤੋਂ ਹਨ੍ਹੇਰੇ ’ਚ ਖੜੇ ਬੰਦੇ ਦੀ ਹੈ। ਗੁਰੂ ਨੇ ਉਸ ਨੂੰ ਰੌਸ਼ਨੀ ਬਾਰੇ ਦੱਸ ਤਾਂ ਦਿੱਤਾ, ਪਰ ਓਥੇ ਪਹੁੰਚਣ ਯੋਗ ਉਹ ਹੈ ਨਹੀਂ। ਹਨ੍ਹੇਰੇ ’ਚ ਭੇਜਣ ਵਾਲ਼ਾ ਹੀ ਮੁੜ ਰੌਸ਼ਨੀ ’ਚ ਲਿਆ ਸਕਦਾ ਹੈ, ਜੇਕਰ ਉਸ ਅੱਗੇ ਆਪਣੀ ਲਾਚਾਰੀ ਬਿਆਨ ਕਰਨਾ ਸਿੱਖ ਲਵੇ । ਜੇ ਉਹ ਖ਼ੁਦ ਹਨ੍ਹੇਰੇ ’ਚ ਗਿਆ ਹੁੰਦਾ ਤਾਂ ਚਾਨਣ ’ਚ ਆਉਣ ਯੋਗੀ ਤਾਕਤ ਵੀ ਜ਼ਰੂਰ ਹੁੰਦੀ, ਜੋ ਕਿ ਉਸ ਕੋਲ਼ ਨਹੀਂ ਹੈ।
ਅੰਤ ’ਚ ਪਾਠਕਾਂ ਵੱਲੋਂ ਭੇਜੇ ਗਏ ਕੁੱਝ ਕੁ ਗੁਰਬਾਣੀ ਸ਼ਬਦ, ਜੋ ਹਥਲੇ ਵਿਸ਼ੇ ਨਾਲ਼ ਹੀ ਸੰਬੰਧਿਤ ਹਨ, ਨੂੰ ਵਿਚਾਰਨਾ ਜ਼ਰੂਰੀ ਹੈ।
(1). ਪਹਿਲਾ ਸ਼ਬਦ ਗੁਰੂ ਅਰਜਨ ਸਾਹਿਬ ਜੀ ਦੁਆਰਾ ਉਚਾਰਿਆ ਗਿਆ ਹੈ, ਜਿਸ ਦੇ ਚਾਰ ਬੰਦ ਹਨ। ਪੂਰੇ ਸ਼ਬਦ-ਵਿਸ਼ੇ ਦਾ ਨਿਚੋੜ ‘ਰਹਾਉ’ ਤੁਕ ’ਚ ਹੁੰਦਾ ਹੈ, ਜੋ ਕਿ ਇਸ ਪ੍ਰਕਾਰ ਹੈ ‘‘ਮੇਰੇ ਰਾਮ ਰਾਇ ! ਮੁਝ ਤੇ ਕਛੂ ਨ ਹੋਈ ॥ ਆਪੇ ਕਰਤਾ ਆਪਿ ਕਰਾਏ; ਸਰਬ ਨਿਰੰਤਰਿ ਸੋਈ ॥੧॥ ਰਹਾਉ ॥’’ ਅਰਥ : ਹੇ ਮੇਰੇ ਰਾਮ-ਪ੍ਰਭੂ ਪਾਤਿਸ਼ਾਹ ! (ਤੇਰੀ ਮਦਦ ਤੋਂ ਬਿਨਾਂ/ਮਿਹਰ ਤੋਂ ਬਿਨਾਂ) ਮੇਰੇ ਕੋਲ਼ੋਂ ਕੋਈ ਜੀਵਨ ਤਬਦੀਲੀ ਨਹੀਂ ਹੋ ਸਕਦੀ। ਮੇਰਾ ਉਹ (ਰਾਮ ਰਾਇ; ਅਯੁਧਿਆ ਪਤੀ ਦਸ਼ਰਥ ਰਾਜੇ ਦਾ ਪੁੱਤਰ ਨਹੀਂ ਬਲਕਿ) ਕਣ-ਕਣ ’ਚ ਵਿਆਪਕ ਹੈ ਤਾਹੀਓਂ ਆਪ ਹੀ ਸਭ ਕੁੱਝ ਕਰਨ ਵਾਲ਼ਾ ਤੇ ਆਪ ਹੀ (ਹਰ ਇੱਕ ਜੀਵ ਅੰਦਰ ਬੈਠ ਕੇ) ਕਰਾਉਣ ਵਾਲ਼ਾ ਹੈ, ਪ੍ਰੇਰਨਾ ਕਰਨ ਵਾਲ਼ਾ ਹੈ।
ਇਸ ਦੇ ਪਹਿਲੇ ਬੰਦ ਰਾਹੀਂ ਸਮਝਾਇਆ ਗਿਆ ਹੈ ਕਿ (ਹੇ ਭਾਈ ! ਜੇ ਮੰਨ ਲਈਏ ਕਿ ਮਨੁੱਖ ਕੁੱਝ ਕਰਨ ਦੇ ਸਮਰੱਥ ਵੀ ਹੈ ਤਾਂ) ਜਦ ਸੰਸਾਰ ਹੀ ਨਹੀਂ ਸੀ ਤਦ ਬੰਦਾ ਕੀ ਕਰ ਸਕਦਾ ਸੀ। ਮਨੁੱਖ ਜੂਨੀ ’ਚ ਵੀ ਕਿਹੜਾ ਚੰਗਾ ਕੰਮ ਕਰਕੇ ਆਇਆ ਹੈ (ਯਾਨੀ ਮਨੁੱਖ ਦੇ ਹੱਥ-ਵੱਸ ਕੁੱਝ ਭੀ ਨਹੀਂ, ਜਿਸ ਕੋਲ਼ ਸਾਰੀ ਸਮਰੱਥਾ ਹੈ, ਉਸ) ਮਾਲਕ ਨੇ ਹੀ ਆਪਣਾ ਜਗਤ-ਰਚਨਾ (ਰੂਪ ਖੇਲ) ਰਚਿਆ ਹੈ। ਆਪ ਹੀ (ਸਾਰਿਆਂ ਅੰਦਰ ਬੈਠ ਕੇ ਇਹ ਖੇਡ) ਖੇਲ ਰਿਹਾ ਹੈ। ਆਪ ਹੀ ਖੇਡ ਅਰੰਭ ਕਰ ਉਸ ਨੂੰ ਵੇਖਦਾ ਹੈ/ਸੰਭਾਲ਼ਦਾ ਹੈ (ਯਾਨੀ ਪ੍ਰਬੰਧਕ ਵੀ ਆਪ ਹੈ ਤੇ ਖਿਡਾਰੀ ਵੀ ਆਪ) ‘‘ਜਬ ਕਛੁ ਨ ਸੀਓ; ਤਬ ਕਿਆ ਕਰਤਾ ? ਕਵਨ ਕਰਮ ਕਰਿ ਆਇਆ ॥ ਅਪਨਾ ਖੇਲੁ ਆਪਿ ਕਰਿ ਦੇਖੈ; ਠਾਕੁਰਿ ਰਚਨੁ ਰਚਾਇਆ ॥੧॥’’ ਇਹੀ ਸਿਧਾਂਤ ‘ਜਪੁ’ ਬਾਣੀ ਦੀ 33ਵੀਂ ਪਉੜੀ ’ਚ ਹੈ ‘‘ਜਿਸੁ ਹਥਿ (’ਚ) ਜੋਰੁ; ਕਰਿ ਵੇਖੈ ਸੋਇ॥’’ (ਜਪੁ)
ਦੂਸਰੇ ਪਦੇ ਰਾਹੀਂ ਬਚਨ ਕੀਤੇ ਹਨ ਕਿ (ਹੇ ਮੇਰੇ ਪਾਤਿਸ਼ਾਹ ! ਜੇ ਤੈਂ ਮਨੁੱਖ ਦੇ ਕੰਮਾਂ ਦਾ ਪੂਰਾ) ਹਿਸਾਬ-ਕਿਤਾਬ ਮੰਗਿਆ ਤਾਂ ਇਹ ਕਦੇ ਵੀ ਲੇਖ-ਮੁਕਤ ਨਹੀਂ ਹੋ ਸਕਦਾ ਕਿਉਂਕਿ ਅੰਞਾਣ/ਨਾਸਮਝ ਕਾਇਆਂ ਛੇਤੀ ਨਸ਼ਟ ਹੋ ਜਾਂਦੀ ਹੈ (ਯਾਨੀ ਉਮਰ ਥੋੜ੍ਹੀ ਹੈ ਤੇ ਮਨੁੱਖ ਦੁਆਰਾ ਕੀਤੇ ਮਾੜੇ ਕੰਮ ਵੱਧ, ਤਾਹੀਓਂ ਸਾਡੇ ’ਤੇ ਤੇਰੀ ਮਿਹਰ ਚਾਹੀਦੀ ਹੈ) ਹੇ ਸਭ ਕੁੱਝ ਕਰਨ ਦੇ ਸਮਰੱਥ ਪ੍ਰਭੂ ! ਮਿਹਰ ਕਰ। (ਤੇਰੇ ਦੁਆਰਾ ਦਿੱਤੀਆਂ ਜਾਂਦੀਆਂ ਅਨੇਕਾਂ ਦਾਤਾਂ ’ਚੋਂ) ਤੇਰੀ ਇਹ ਮਿਹਰ-ਦਾਤ ਹੀ ਅਨੋਖੀ ਹੈ (ਜੋ ਲੇਖਾ ਮੁਕਤ ਕਰਦੀ ਹੈ) ‘‘ਗਣਤੀ ਗਣੀ ਨ ਛੂਟੈ ਕਤਹੂ; ਕਾਚੀ ਦੇਹ ਇਆਣੀ ॥ ਕ੍ਰਿਪਾ ਕਰਹੁ ਪ੍ਰਭ ਕਰਣੈਹਾਰੇ ! ਤੇਰੀ ਬਖਸ ਨਿਰਾਲੀ ॥੨॥’’
ਤੀਜੇ ਪਦੇ ’ਚ ਬਚਨ ਕੀਤੇ ਹਨ ਕਿ (ਹੇ ਮੇਰੇ ਰਾਮ ਰਾਇ !) ਸਾਰੇ ਜੀਵ-ਜੰਤ ਤੈਂ ਹੀ ਪੈਦਾ ਕੀਤੇ ਹਨ। ਇਨ੍ਹਾਂ ’ਚ ਬੈਠ ਕੇ ਤੂੰ ਹੀ (ਆਪਣਾ) ਧਿਆਨ ਲਗਾਉਂਦਾ ਹੈਂ (ਯਾਨੀ ਮਨੁੱਖੀ ਸੋਚ ਤੈਂ ਹੀ ਘੜੀ ਹੈ)। ਤੇਰੀ ਉੱਚੀ ਅਵਸਥਾ ਅਤੇ ਮਿਣਤੀ (ਵਡੱਪਣ); ਤੂੰ ਹੀ ਜਾਣਦਾ ਹੈਂ। ਤੇਰੀ ਕੁਦਰਤਿ (ਯਾਨੀ ਸ਼ਕਤੀ) ਦਾ ਮੁੱਲ/ਅੰਦਾਜ਼ਾ ਨਹੀਂ ਲੱਗ ਸਕਦਾ ‘‘ਜੀਅ ਜੰਤ ਸਭ ਤੇਰੇ ਕੀਤੇ; ਘਟਿ ਘਟਿ ਤੁਹੀ ਧਿਆਈਐ ॥ ਤੇਰੀ ਗਤਿ ਮਿਤਿ ਤੂਹੈ ਜਾਣਹਿ; ਕੁਦਰਤਿ ਕੀਮ ਨ ਪਾਈਐ ॥੩॥’’
ਚੌਥੇ ਜਾਂ ਅੰਤਮ ਪਦੇ ’ਚ ਬਚਨ ਕੀਤੇ ਹਨ ਕਿ (ਹੇ ਮੇਰੇ ਰਾਮ ਰਾਇ !) ਮੇਰੇ ਅੰਦਰ ਕੋਈ ਗੁਣ ਨਹੀਂ, ਮੈ ਗਿਆਨਹੀਣ, ਅਣਜਾਣ ਤੇ ਮੂਰਖ ਹਾਂ। ਧਰਮ ਦੇ ਚੰਗੇ ਕੰਮ ਕਰਨ ਨਹੀਂ ਜਾਣਦਾ। ਮਿਹਰ ਕਰੋ ਤੇਰਾ ਦਾਸ ਨਾਨਕ ਤੇਰੇ ਗੁਣ ਗਾਉਂਦਾ ਰਹੇ ਤੇ ਤੇਰੀ ਰਜ਼ਾ ਚੰਗੀ ਲੱਗਦੀ ਰਹੇ (ਭਾਵੇਂ ਤੱਤੀ ਤਵੀ ’ਤੇ ਹੀ ਬੈਠਾ ਹੋਵਾਂ) ‘‘ਨਿਰਗੁਣੁ ਮੁਗਧੁ ਅਜਾਣੁ ਅਗਿਆਨੀ; ਕਰਮ ਧਰਮ ਨਹੀ ਜਾਣਾ ॥ ਦਇਆ ਕਰਹੁ ਨਾਨਕੁ ਗੁਣ ਗਾਵੈ; ਮਿਠਾ ਲਗੈ ਤੇਰਾ ਭਾਣਾ ॥੪॥’’ (ਮਹਲਾ ੫/੭੪੮)
ਦੂਸਰਾ ਸ਼ਬਦ ਭਗਤ ਕਬੀਰ ਜੀ ਦੁਆਰਾ ਉਚਾਰਿਆ ਹੋਇਆ ਹੈ, ਜਿਸ ਦੇ ਤਿੰਨ ਬੰਦ ਹਨ, ਜਿਸ ਵਿੱਚ ‘ਰਹਾਉ’ ਪੰਕਤੀ ਹੈ ‘‘ਮੋਹਿ ਬੈਰਾਗੁ ਭਇਓ ॥ ਇਹੁ ਜੀਉ; ਆਇ ਕਹਾ ਗਇਓ ॥੧॥ ਰਹਾਉ ॥’’ ਅਰਥ : ਮੇਰੇ ਅੰਦਰ ਬੈਰਾਗ/ਮਾਯਾ ਵੱਲੋਂ ਨਿਰਮੋਹ ਪੈਦਾ ਹੋ ਗਿਆ ਕਿਉਂਕਿ ਇਹ ਆਤਮਾ/ਰੂਹ; ਆ ਕੇ ਕਿਧਰ ਚਲਾ ਗਿਆ ਯਾਨੀ ਸਰੀਰਕ ਸ਼ਕਤੀ ਕਿੱਥੇ ਗਈ, ਜਿਸ ਤੋਂ ਬਿਨਾਂ ਸਰੀਰ ਮਰ ਗਿਆ ਹੈ।
ਨੋਟ : ਚੇਤੇ ਰਹੇ ਕਿ ਉਕਤ ਪੰਕਤੀ ’ਚ ‘ਆਤਮਾ’ ਦਾ ਵਜੂਦ ਰੱਦ ਨਹੀਂ ਕੀਤਾ ਬਲਕਿ ਮੰਨਿਆ ਹੈ। ਭਗਤ ਕਬੀਰ ਜੀ; ਆਤਮਾ/ ਰੂਹ ਨੂੰ ਰਾਮ ਕੀ ਅੰਸ਼ ਕਹਿੰਦੇ ਸਮਝਾਉਂਦੇ ਹਨ ਕਿ ਜਿਵੇਂ ਕਾਗਜ਼ ’ਤੇ ਲਿਖਿਆ ਨਹੀਂ ਮਿਟਦਾ ਭਾਵੇਂ ਕਾਗਜ਼ ਸੜ ਜਾਵੇ; ਇਉਂ ਆਤਮਾ ਨਹੀਂ ਮਰਦਾ ਭਾਵੇਂ ਸਰੀਰ ਨਸ਼ਟ ਹੋ ਜਾਵੇ ‘‘ਕਹੁ ਕਬੀਰ ! ਇਹੁ ਰਾਮ ਕੀ ਅੰਸੁ ॥ ਜਸ ਕਾਗਦ ਪਰ ਮਿਟੈ ਨ ਮੰਸੁ ॥’’ (ਭਗਤ ਕਬੀਰ ਜੀ/੮੭੧)
ਉਕਤ ਤੁਕ ’ਚ ਜੋ ਨੁਕਤਾ ਬਿਆਨ ਕੀਤਾ ਹੈ, ਉਸੇ ਨੂੰ ਗੁਰੂ ਅਰਜਨ ਸਾਹਿਬ ਜੀ ਇਉਂ ਸਮਝਾਉਂਦੇ ਹਨ ‘‘ਕਿਥਹੁ ਉਪਜੈ ? ਕਹ ਰਹੈ ? ਕਹ ਮਾਹਿ ਸਮਾਵੈ ? ॥ ਜੀਅ ਜੰਤ ਸਭਿ ਖਸਮ ਕੇ; ਕਉਣੁ ਕੀਮਤਿ ਪਾਵੈ ?॥’’ (ਮਹਲਾ ੫/੧੧੯੩) ਅਰਥ : ਜੀਵਾਤਮਾ ਕਿੱਥੋਂ (ਸਰੀਰ ’ਚ) ਪੈਦਾ ਹੋਇਆ ਤੇ ਸਰੀਰਕ ਮੌਤ ਉਪਰੰਤ ਕਿੱਥੇ ਚਲਾ ਗਿਆ ? (ਇਹ ਰਾਜ਼ ਕੋਈ ਨਹੀਂ ਜਾਣਦਾ) ਸਾਰੇ ਜੀਵ-ਜੰਤ ਮਾਲਕ ਦੁਆਰਾ ਪੈਦਾ ਕੀਤੇ ਹਨ (ਉਹੀ ਇਹ ਭੇਤ ਜਾਣਦਾ ਹੈ)। ਇਸ ਸ਼ਬਦ ਦੇ ਅੰਤ ’ਚ ਗੁਰੂ ਅਰਜਨ ਸਾਹਿਬ ਜੀ ਨੇ ਦ੍ਰਿੜ੍ਹਤਾ ਨਾਲ਼ ਕਿਹਾ ਕਿ ਇਹ ਸਚਾਈ; ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਉਤਾਂਹ ਵੱਸਦੇ ਮਾਲਕ ਪੂਰਨ ਸਤਿਗੁਰੂ, ਜਿਸ ਵਰਗਾ ਹੋਰ ਕੋਈ ਨਹੀਂ, ਉਸ ਨੇ (ਮੈਨੂੰ) ਸਮਝਾਈ ਤੇ ਹੁਣ ਨਾਨਕ ਤੁਹਾਨੂੰ ਦੱਸ ਰਿਹਾ ਹੈ ‘‘ਅਗਮੁ ਅਗੋਚਰੁ ਸਾਹਿਬੋ; ਦੂਸਰੁ ਲਵੈ ਨ ਲਾਵੈ ॥ ਸਚੁ, ਪੂਰੈ ਗੁਰਿ ਉਪਦੇਸਿਆ; ਨਾਨਕੁ ਸੁਣਾਵੈ ॥੩॥੧॥’’ (ਬਸੰਤੁ ਕੀ ਵਾਰ/ਮਹਲਾ ੫/੧੧੯੩)
ਭਗਤ ਕਬੀਰ ਜੀ ਨੇ ਆਪਣੇ ਪਹਿਲੇ ਬੰਦ ’ਚ ਸਪਸ਼ਟ ਵੀ ਕੀਤਾ ਹੈ ਕਿ ਉਹ ਚੇਤਨ-ਸੱਤਾ (ਜੀਉ/ਆਤਮਾ ਦਾ ਸੋਮਾ ਪ੍ਰਭੂ) ਆਕਾਸ਼ ਵਿੱਚ ਹੈ, ਪਾਤਾਲ ਵਿੱਚ ਹੈ। ਚਾਰੇ ਦਿਸ਼ਾਵਾਂ ’ਚ ਮੌਜੂਦ ਹੈ। (ਭਾਵੇਂ ਸਰੀਰ, ਚਿਖ਼ਾ ’ਚ ਅੱਗ ਦਾ ਸੇਕ ਸਹਾਰਦੈ, ਪਰ ਇਸ ਅੰਦਰ ਵੱਸਣ ਵਾਲ਼ਾ ਆਤਮਾ, ਜਿਸ ਨੂੰ ਪਹਿਲਾਂ ਕਿੱਥੇ ਗਿਆ, ਕਿਹਾ ਹੈ) ਸਦਾ ਅਨੰਦ ਦੇ ਮੂਲ ਪਰਮ ਪੁਰਖ ਪ੍ਰਮਾਤਮਾ-ਜੋਤਿ ਹੈ ਤਾਹੀਓਂ ਭਾਵੇਂ ਸਰੀਰ ਨਾਸ਼ ਹੋ ਗਿਆ ਪਰ ਉਹ ਨਹੀਂ ਮਰਿਆ ‘‘ਆਕਾਸਿ ਗਗਨੁ ਪਾਤਾਲਿ ਗਗਨੁ ਹੈ; ਚਹੁ ਦਿਸਿ ਗਗਨੁ ਰਹਾਇਲੇ ॥ ਆਨਦ ਮੂਲੁ ਸਦਾ ਪੁਰਖੋਤਮੁ; ਘਟੁ ਬਿਨਸੈ, ਗਗਨੁ ਨ ਜਾਇਲੇ ॥੧॥’’
ਨੋਟ : ਉਕਤ ਪਦੇ ’ਚ ‘ਜੀਉ/ਜਿੰਦ/ਆਤਮਾ’ ਨੂੰ ‘ਗਗਨ’ ਇਸ ਲਈ ਕਿਹਾ ਹੈ ਕਿਉਂਕਿ ਸਰੀਰਕ ਮੌਤ ਸਮੇਂ ਹਰ ਕੋਈ ਅਕਾਸ਼ ਵੱਲ ਪ੍ਰਭੂ ਦੀ ਹੋਂਦ ਮੰਨਦਾ ਹੈ। ਭਗਤ ਜੀ; ‘ਗਗਨ’ ਸ਼ਬਦ ਰਾਹੀਂ ਰੱਬੀ ਹੋਂਦ; ਕਣ ਕਣ ’ਚ ਮੌਜੂਦ ਹੈ, ਸਾਬਤ ਕਰ ਰਹੇ ਹਨ।
ਸ਼ਬਦ ਦੇ ਦੂਸਰੇ ਪਦੇ ’ਚ ਬਚਨ ਕੀਤੇ ਹਨ ਕਿ ਹੇ ਪੰਡਿਤ ! ਤੁਸੀਂ ਕਹਿੰਦੇ ਹੋ ਕਿ ਪੰਜ ਤੱਤਾਂ (ਅੱਗ, ਪਾਣੀ, ਹਵਾ, ਧਰਤੀ ਤੇ ਅਕਾਸ਼) ਨੇ ਮਿਲ ਕੇ ਸਰੀਰ ਬਣਾਇਆ ਹੈ। ਜ਼ਰਾ ਦੱਸੋਂ ਕਿ ਇਹ ਤੱਤ ਕਿੱਥੋਂ ਆਏ (ਯਾਨੀ ਜੇ ਸਰੀਰ ਬਣਾਉਣ ਵਾਲ਼ੀ ਕੋਈ ਦੈਵੀ ਸ਼ਕਤੀ ਨਹੀਂ, ਬ੍ਰਹਮਾ-ਦੇਵਤਾ ਹੀ ਹੈ ਤਾਂ ਪੰਜ ਤੱਤ ਕਿਸ ਨੇ ਬਣਾਏ ? ਜਿਨ੍ਹਾਂ ਦਾ ਪੁਤਲਾ ਬ੍ਰਹਮਾ ਵੀ ਸੀ) ਤੁਸੀਂ ਕਹਿੰਦੇ ਹੋ ਕਿ ਆਤਮਾ; ਪਿਛਲੇ ਜਨਮ ’ਚ ਕੀਤੇ ਹੋਏ ਕੰਮਾਂ ਦੇ ਫਲ਼ ਦਾ ਬੰਨ੍ਹਿਆ ਹੋਇਆ ਹੈ ਤਾਂ ਜ਼ਰਾ ਦੱਸੋ ਕਿ ਪਿਛਲੇ ਕਰਮਾਂ ’ਚ ਜਿੰਦ ਕਿਸ ਨੇ ਦਿੱਤੀ (ਯਾਨੀ ਜਿੰਦ ਨੂੰ ਕਰਮਾਂ ਅਧੀਨ ਕਰਨ ਵਾਲ਼ੀ ਗ਼ੈਬੀ ਸ਼ਕਤੀ; ਰੱਬ ਹੈ, ਉਸ ਦਾ ਹੁਕਮ ਹੈ, ਨਾ ਕਿ ਕਰਮ) ‘‘ਪੰਚ ਤਤੁ ਮਿਲਿ ਕਾਇਆ ਕੀਨ੍ਹੀ; ਤਤੁ ਕਹਾ ਤੇ ਕੀਨੁ ਰੇ ॥ ਕਰਮ ਬਧ ਤੁਮ ਜੀਉ ਕਹਤ ਹੌ; ਕਰਮਹਿ ਕਿਨਿ ਜੀਉ ਦੀਨੁ ਰੇ ?॥੨॥’’
ਨੋਟ : ਭਗਤ ਕਬੀਰ ਜੀ ਦੇ ਉਕਤ ਵਾਕ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਇਸ ਸ਼ਬਦ ਨਾਲ਼ ਮੇਲ ਕੇ ਵਿਚਾਰਨਾ ਚਾਹੀਦਾ ਹੈ ‘‘ਹੁਕਮਿ ਚਲਾਏ ਆਪਣੈ; ਕਰਮੀ ਵਹੈ ਕਲਾਮ ॥’’ (ਮਹਲਾ ੧/੧੨੪੧) ਯਾਨੀ ਰੱਬ; ਸਾਰੇ ਜੀਵ-ਜੰਤਾਂ ਨੂੰ ਪਹਿਲਾਂ ਆਪਣੇ ਹੁਕਮ ’ਚ (ਮੈਲ਼ ਭਰ ਕੇ/ ਆਪਣੇ ਵਜੂਦ ਤੋਂ ਅੰਨ੍ਹਾ ਕਰ/ ਭੁਲਾ ਕੇ) ਚਲਾਉਂਦਾ ਹੈ, ਫਿਰ ਜੀਵਾਂ ਦੁਆਰਾ ਕੀਤੇ ਕੰਮਾਂ ਨਾਲ਼ ਨਸੀਬ ਬਣਦਾ ਹੈ। ਰੱਬ ਦੀ ਕਲਮ ਨਾਲ਼ ਬੰਦੇ ਦੀ ਤਕਦੀਰ ’ਚ ਲੇਖ ਲਿਖਿਆ ਜਾਂਦਾ ਹੈ।
ਗੁਰੂ ਨਾਨਕ ਸਾਹਿਬ ਜੀ; ਰੱਬ ਦੇ ਹੁਕਮ ਨੂੰ ਪ੍ਰਧਾਨ ਅਤੇ ਕਰਮਾਂ ਨੂੰ ਉਸ ਦੇ ਅਧੀਨ ਮੰਨਦੇ ਹਨ, ਪਰ ਸਨਾਤਨੀ ਆਚਾਰੀਅ/ਪੰਡਿਤ; ਬੰਦੇ ਦੇ ਕੰਮਾਂ ਨੂੰ ਪ੍ਰਧਾਨ ਮੰਨਦਾ ਹੈ, ਜਿਨ੍ਹਾਂ ਦੀ ਕੈਦ ’ਚ ਬੱਝੇ ‘ਆਤਮਾ’ ਨੂੰ ਮੁਕਤ ਕਰਨ ਲਈ 68 ਤੀਰਥ ਬਣਾਏ।, ਗਰੁੜ ਪੁਰਾਣ ਅਨੁਸਾਰ ਮਰਨ ਉਪਰੰਤ ਪਿੰਡ-ਪੱਤਲ ਕਿਰਿਆ ਅਤੇ ਗਾਂ ਦੀ ਪੂਛ ਪਕੜਾ ਕਲਪਿਤ ਵੈਤਰਣੀ ਨਦੀ ਪਾਰ ਕਰਾਉਂਦਾ ਹੈ, ਜੋ ਖ਼ੂਨ, ਪੀਕ ਤੇ ਖ਼ੂੰਖਾਰ ਜਾਨਵਰਾਂ ਨਾਲ਼ ਭਰੀ ਹੈ ਤੇ ਪਾਪੀ ਆਤਮਾ ਨੂੰ ਵੇਖ ਉਬਲਣ ਲੱਗਦੀ ਹੈ। ਇਸਲਾਮਿਕ ਮੱਤ ਅਨੁਸਾਰ ਇਹ ਪੁਰਸਲਾਤ ਪੁਲ ਹੈ, ਜੋ ਦੋਜ਼ਖ਼ ’ਤੇ ਬਣਿਆ ਹੈ। ਇਸ ਦੇ ਚਾਰੋਂ ਤਰਫ਼ ਵੀ ਪੰਡਿਤ ਵਾਲ਼ਾ ਭਿਆਨਕ ਦ੍ਰਿਸ਼ ਹੈ ‘‘ਜਿੰਦੁ ਨਿਮਾਣੀ ਕਢੀਐ; ਹਡਾ ਕੂ ਕੜਕਾਇ ॥… ਵਾਲਹੁ ਨਿਕੀ ਪੁਰਸਲਾਤ; ਕੰਨੀ ਨ ਸੁਣੀ ਆਇ ?॥ ਫਰੀਦਾ ! ਕਿੜੀ ਪਵੰਦੀਈ (ਚੀਕਾਂ ਪੈਂਦੀਐਂ); ਖੜਾ ਨ ਆਪੁ ਮੁਹਾਇ (ਆਪ ਨੂੰ ਨਾ ਲੁਟਾ)॥’’ (ਬਾਬਾ ਫਰੀਦ ਜੀ/੧੩੭੭)
ਪੰਡਿਤ ਮੁਤਾਬਕ ਮਾੜੇ ਕੰਮਾਂ ਲਈ ਦੋਸ਼ੀ; ਆਤਮਾ ਹੈ, ਪਰ ਗੁਰਬਾਣੀ ਅਨੁਸਾਰ ਇਹ, ਰੱਬੀ ਜੋਤਿ ਹੈ ‘‘ਨਾ ਇਹੁ ਤਪਾ ਕਹਾਵੈ ਸੇਖੁ ॥ ਨਾ ਇਹੁ ਜੀਵੈ; ਨ ਮਰਤਾ ਦੇਖੁ ॥.. ਕਹੁ ਕਬੀਰ ਇਹੁ ਰਾਮ ਕੀ ਅੰਸੁ ॥ ਜਸ (ਜਿਵੇਂ) ਕਾਗਦ ਪਰ ਮਿਟੈ ਨ ਮੰਸੁ (ਸਿਆਹੀ)॥੪॥’’ (ਭਗਤ ਕਬੀਰ ਜੀ/੮੭੧), ਜਿਹੜਾ ਨਾ ਸੌਂਦਾ ਹੈ, ਨਾ ਮਰਦਾ ਹੈ, ਨਾ ਥੱਕਦਾ ਹੈ, ਉਹ ਰੱਬ ਜਾਂ ਰੱਬ ਦੀ ਜੋਤਿ ਹੈ। ਉਸ ਨੂੰ ਆਪਣੇ ਅੰਦਰੋਂ ਪਛਾਨਣਾ ਹੈ। ਅੰਤਹਿਕਰਣ ਨੂੰ ਪਾਰਦਰਸ਼ੀ ਕਰ ਅੰਦਰੋਂ ਉਸ ਦੇ ਦਰਸ਼ਨ ਕਰਨੇ ਹਨ ‘‘ਜਨ ਨਾਨਕ ਕਉ ਹਰਿ ਦਰਸੁ ਦਿਖਾਇਆ ॥ ਆਤਮੁ ਚੀਨਿ੍; ਪਰਮ ਸੁਖੁ ਪਾਇਆ ॥’’ (ਮਹਲਾ ੫/੩੭੫) ਯਾਨੀ ਹਰੀ ਦਾ ਦਰਸ਼ਨ ਕੀ ਹੈ ? ਜਵਾਬ ਹੈ ‘ਪਰਮ ਸੁੱਖ’, ਜੋ ਆਤਮਾ ਨੂੰ ਪਛਾਣ ਕੇ ਮਿਲਿਆ। ਉਹ, ਸਰਬ ਵਿਆਪਕ ਜੋਤਿ ਹੀ ਹੈ ‘‘ਜਿਨਿ ਸਤਿਗੁਰੁ ਜਾਤਾ; ਤਿਨਿ ਏਕੁ ਪਛਾਤਾ ॥ ਸਰਬੇ ਰਵਿ ਰਹਿਆ; ਸੁਖਦਾਤਾ ॥ ਆਤਮੁ ਚੀਨਿ; ਪਰਮ ਪਦੁ ਪਾਇਆ; ਸੇਵਾ ਸੁਰਤਿ ਸਮਾਈ ਹੇ ॥’’ (ਮਹਲਾ ੪/੧੦੭੦), ਸੋ ਭਗਤ ਕਬੀਰ ਜੀ ਨਾਲ਼ ਸੰਵਾਦ ਕਰਨ ਵਾਲ਼ੇ ਪੰਡਿਤ ਦੀ ਸੋਚ ’ਚ ਨਿਰਾਕਾਰ ਅਤੇ ਸਰਬ ਵਿਆਪਕ ਰੱਬ ਦੀ ਹੋਂਦ ਦਾ ਕੋਈ ਜ਼ਿਕਰ ਨਹੀਂ, ਅਲੋਪ ਹੈ, ਇਸ ਲਈ।
ਸ਼ਬਦ ਦੇ ਤੀਜੇ ਅਤੇ ਅੰਤਮ ਪਦੇ ਰਾਹੀਂ ਭਗਤ ਕਬੀਰ ਜੀ; ਪੰਡਿਤ ਦੁਆਰਾ ਅਣਡਿੱਠ ਕੀਤੇ ਰੱਬ ਦੀ ਹੋਂਦ ਬਾਰੇ ਸਪਸ਼ਟ ਕਰਦੇ ਹਨ ਕਿ ਹੇ ਪੰਡਿਤ ! ਰੱਬ ਦੀ ਹੋਂਦ ’ਚ ਹਰ ਇੱਕ ਸਰੀਰ ਹੈ ਅਤੇ ਹਰ ਇੱਕ ਸਰੀਰ ਅੰਦਰ ਰੱਬ ਦੀ ਹੋਂਦ ਹੈ। ਓਹੀ ਕਣ-ਕਣ ’ਚ ਵਿਆਪਕ ਹੈ। ਮੈ ਉਸ ਸਰਬ ਵਿਆਪਕ ਰਾਮ ਦੇ ਨਾਮ ਨੂੰ ਨਹੀਂ ਭੁਲਾਉਂਦਾ ਕਿਉਂਕਿ ਜਗਤ ’ਚ ਜੋ ਕੁੱਝ ਵੀ ਵਾਪਰ ਰਿਹਾ ਹੈ, ਉਸ ਚੇਤਨ-ਸੱਤਾ ਦੀ ਰਜ਼ਾ ਮੁਤਾਬਕ ਹੀ ਹੋ ਰਿਹਾ ਹੈ ‘‘ਹਰਿ ਮਹਿ ਤਨੁ ਹੈ; ਤਨ ਮਹਿ ਹਰਿ ਹੈ; ਸਰਬ ਨਿਰੰਤਰਿ ਸੋਇ ਰੇ ॥ ਕਹਿ ਕਬੀਰ ! ਰਾਮ ਨਾਮੁ ਨ ਛੋਡਉ; ਸਹਜੇ ਹੋਇ ਸੁ ਹੋਇ ਰੇ ॥੩॥’’ (ਭਗਤ ਕਬੀਰ/੮੭੦)
ਸੋ ਉਕਤ ਦੋਵੇਂ ਸ਼ਬਦਾਂ ਦੀ ਵਿਚਾਰ ਕਰਦਿਆਂ ਬਿਲਕੁਲ ਵੀ ਐਸਾ ਪ੍ਰਤੀਤ ਨਹੀਂ ਹੁੰਦਾ ਕਿ ਗੁਰਬਾਣੀ; ਆਤਮਾ/ਰੂਹ ਦੀ ਹੋਂਦ, ਕਰਮਾਂ ਦਾ ਫਲ਼ ਅਤੇ ਰੱਬ ਦੇ ਹੁਕਮ ਵਿੱਚੋਂ ਕਿਸੇ ਇੱਕ ਦੇ ਵਜੂਦ ਨੂੰ ਵੀ ਰੱਦ ਕਰਦੀ ਹੈ ਜਾਂ ਮੰਨਣ ਤੋਂ ਇਨਕਾਰੀ ਹੈ, ਪਰ ਇਨ੍ਹਾਂ ਵਿੱਚੋਂ ਰੱਬ ਦੇ ਹੁਕਮ ਨੂੰ ਜ਼ਰੂਰ ਪ੍ਰਧਾਨਤਾ ਮਿਲਦੀ ਪ੍ਰਤੀਤ ਹੁੰਦੀ ਹੈ।
ਇੱਕ ਸੱਜਣ ਦਾ ਸਵਾਲ ਸੀ ਕਿ ਗੁਰਬਾਣੀ ਦੇ ਬਚਨ ਹਨ ‘‘ਲੇਖੁ ਨ ਮਿਟਈ ਹੇ ਸਖੀ ! ਜੋ ਲਿਖਿਆ ਕਰਤਾਰਿ (ਨੇ) ॥’’ ਫਿਰ ਉਸ ਦੁਆਰਾ ਬਣਾਈ ਗਈ ‘ਕੂੜ ਦੀ ਪਾਲਿ’ ਕਿਵੇਂ ਢਹਿ ਸਕਦੀ ਹੈ ? ਜਵਾਬ : ਇਸ ਤੁਕ ਨਾਲ਼ ਸੰਬੰਧਿਤ ਪੂਰੇ ਸ਼ਬਦ ’ਚ ‘ਮਨਮੁਖ’ ਤੇ ‘ਗੁਰਮੁਖ’ ਜੀਵਨ ਦੀ ਤੁਲਨਾਤਮਿਕ ਵਿਚਾਰ ਕਰਦਿਆਂ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਹਨ ਕਿ ਜਗਤ ਖੇਡ ਦੇ ਮਾਲਕ ਕਰਤਾਰ ਦੇ ਹੱਥ ’ਚ ਸਾਰੀ ਸਮਰੱਥਾ ਹੈ। ਉਹ ਜਿਸ ਨੂੰ ਚਾਹੇ ਗੁਰੂ ਨਾਲ਼ ਮਿਲਾਉਂਦਾ ਹੈ, ਜਿਸ ਨੂੰ ਚਾਹੇ ਮਨਮੁਖ ਬਣਾਉਂਦਾ ਹੈ। ਜੋ ਸਤਿਗੁਰੂ ਦੀ ਚਰਨੀਂ ਲੱਗ ਗਿਆ ਉਸ ਨੂੰ ਹਿਰਦੇ ’ਚੋਂ ਹੀ ਅਕਾਲ ਪੂਰਖ (ਰੱਬੀ ਜੋਤਿ/ਆਤਮਾ) ਦਾ ਦਰਸ਼ਨ ਹੋ ਗਿਆ ਯਾਨੀ ਉਸ ਦਾ ਲੇਖ ਮਿਟ ਗਿਆ, ਪਰ ਗੁਰੂ ਦੀ ਸ਼ਰਨ ਨਾ ਲੈਣ ਵਾਲ਼ੇ ਮਨਮੁਖ ਦਾ ਲੇਖ (ਜੋ ‘ਲਿਖਿਆ ਨਾਲਿ’ ਹੈ) ਆਪਣੀ ਸਿਆਣਪ ਨਾਲ਼ ਨਹੀਂ ਮਿਟਦਾ। ਪੂਰਾ ਸ਼ਬਦ ਹੈ ‘‘ਲੇਖੁ ਨ ਮਿਟਈ ਹੇ ਸਖੀ ! ਜੋ ਲਿਖਿਆ ਕਰਤਾਰਿ (ਨੇ) ॥ ਆਪੇ ਕਾਰਣੁ (ਸਬੱਬ/ਖੇਲ) ਜਿਨਿ (ਨੇ) ਕੀਆ; ਕਰਿ ਕਿਰਪਾ ਪਗੁ ਧਾਰਿ (ਅਕਲ ਪਾ ਕੇ) ॥ ਕਰਤੇ ਹਥਿ (’ਚ) ਵਡਿਆਈਆ; ਬੂਝਹੁ ਗੁਰ ਬੀਚਾਰਿ (ਨਾਲ਼, ਨਹੀਂ ਤਾਂ) ॥ ਲਿਖਿਆ ਫੇਰਿ ਨ ਸਕੀਐ; ਜਿਉ ਭਾਵੀ (ਪਸੰਦ) ਤਿਉ ਸਾਰਿ (ਸੰਭਾਲ਼) ॥ ਨਦਰਿ ਤੇਰੀ ਸੁਖੁ ਪਾਇਆ; ਨਾਨਕ ! ਸਬਦੁ ਵੀਚਾਰਿ (ਕੇ) ॥ ਮਨਮੁਖ ਭੂਲੇ ਪਚਿ ਮੁਏ; ਉਬਰੇ ਗੁਰ ਬੀਚਾਰਿ (ਨਾਲ਼) ॥ ਜਿ ਪੁਰਖੁ ਨਦਰਿ ਨ ਆਵਈ; ਤਿਸ ਕਾ ਕਿਆ ਕਰਿ ਕਹਿਆ ਜਾਇ ?॥ ਬਲਿਹਾਰੀ ਗੁਰ ਆਪਣੇ; ਜਿਨਿ, ਹਿਰਦੈ (’ਚ) ਦਿਤਾ ਦਿਖਾਇ ॥੫੨॥’’ (ਓਅੰਕਾਰ/ਮਹਲਾ ੧/੯੩੭)
ਸੋ ‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ‘‘ਕਿਵ ਕੂੜੈ ਤੁਟੈ ਪਾਲਿ ॥’’ ਸ਼ਬਦਾਂ ਰਾਹੀਂ ਗੁਰੂ ਨਾਨਕ ਸਾਹਿਬ ਜੀ ਨੇ ਉਨ੍ਹਾਂ ਧਾਰਮਿਕ ਅਖਵਾਉਂਦੇ ਬੰਦਿਆਂ, ਜੋ ਕੇਵਲ ਸਰੀਰਕ ਪਵਿੱਤਰਤਾ (ਸਰੀਰਕ ਇਸ਼ਨਾਨ, ਮੌਨ ਵਰਤ ਆਦਿ) ਨੂੰ ਹੀ ਸੱਚਾ ਧਰਮ ਕਰਮ ਮੰਨੀ ਬੈਠੇ ਸਨ, ਨੂੰ ਅੰਦਰਲੀ ‘ਕੂੜ ਦੀ ਪਾਲਿ’ ਨੂੰ ਸਮਝਣ ਵੱਲ ਪ੍ਰੇਰਿਆ ਹੈ ਤਾਂ ਜੋ ਸਵੈ ਪੜਚੋਲ ਕਰ ਸੰਸਾਰਕ ਖੇਡ ਨੂੰ ਸਮਝ ਸਕਣ, ਉਸ ਨਾਲ਼ ਜੁੜ ਸਕਣ ਤਾਂ ਹੀ ਅੰਦਰਲਾ ਮਨ/ਅੰਤਹਿਕਰਣ; ਸ਼ਾਂਤ ਹੋਏਗਾ, ਪਾਰਦਰਸ਼ੀ ਹੋਵੇਗਾ, ‘ਕੂੜ ਦੀ ਪਾਲਿ’ ਹਟੇਗੀ, ਨਾ ਕਿ ਇਨ੍ਹਾਂ ਫੋਕਟ ਕਰਮਾਂ ਨਾਲ਼।
ਕਈ ਸਿੱਖਾਂ ਦਾ ਮੰਨਣਾ ਹੈ ਕਿ ‘‘ਹੁਕਮਿ ਰਜਾਈ ਚਲਣਾ’’ ਤੋਂ ਭਾਵ ਸ਼ੁਭ ਗੁਣ (ਸਤ, ਸੰਤੋਖ, ਦਯਾ, ਧਰਮ, ਧੀਰਜ ਆਦਿ) ਗ੍ਰਹਿਣ ਕਰਨਾ ਹੈ। ਇਹੀ ਗੁਣ; ਰੱਬ ਨੂੰ ਪਸੰਦ ਹਨ। ਇਨ੍ਹਾਂ ਗੁਣਾਂ ਤੋਂ ਦੂਰੀ; ‘ਕੂੜ ਦੀ ਪਾਲਿ’ ਹੈ, ਜੋ ਰੱਬ ਨੂੰ ਪਸੰਦ ਨਹੀਂ ਯਾਨੀ ‘ਕੂੜ ਦੀ ਪਾਲਿ’; ਰੱਬ ਦੇ ਹੁਕਮ ’ਚ ਨਹੀਂ ਬਣੀ। ਐਸੀ ਸੋਚ; ਆਪਣੇ ਆਪ ਨੂੰ ਸਦਾ ਰੱਬੀ ਗੁਣਾਂ ਦਾ ਧਾਰਨੀ ਤੇ ਹੋਰਾਂ ਨੂੰ ਇਨ੍ਹਾਂ ਗੁਣਾਂ ਤੋਂ ਸੱਖਣਾ ਮੰਨਦੀ ਹੈ। ਗੁਰਮਤਿ ਦੇ ਮੂਲ ਤੋਂ ਟੁੱਟਿਆ (ਅਸ਼ਰਧਕ ਸਿੱਖ); ਹੋਰਾਂ ਨੂੰ ਧਰਮ ਨਾਲ਼ ਨਹੀਂ ਜੋੜ ਸਕਦਾ ਤਾਹੀਓਂ ਸਤਿਗੁਰੂ ਜੀ ਨੇ ਬਚਨ ਕੀਤੇ ਸਨ ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ॥’’ (ਮਹਲਾ ੫/੩੮੧) ਭਾਵ ਪਹਿਲਾਂ ਆਪ ਗੁਰੂ ਉਪਦੇਸ਼ ਨੂੰ ਕਮਾ ਕੇ ਸਚਾਈ ਨੂੰ ਪਰਖ, ਫਿਰ ਹੋਰਾਂ ਅੰਦਰ ਧਾਰਮਿਕ ਲਗਨ ਪੈਦਾ ਕਰ। ਖ਼ੁਦ ਅੰਦਰ ਸੱਚਾ ਧਰਮੀ ਹੋਣ ਦਾ ਭਰਮ ਪਾਲ਼ ਕੇ ‘‘ਇਕ ਦੂ ਇਕੁ ਸਿਆਣਾ .. ॥੨੧॥’’ (ਜਪੁ) ਰੋਗ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ, ਜੋ ਜਨਮ-ਮਰਨ ਦਾ ਮੂਲ ਹੈ, ‘ਕੂੜ ਦੀ ਪਾਲਿ’ ਹੈ। ਆਪਣੇ ਆਪ ਨੂੰ ਰੱਬੀ ਗੁਣਾਂ ਦਾ ਧਾਰਨੀ ਸਮਝ ਬੈਠਣਾ, ਖ਼ੁਦ ਨਾਲ਼ ਧੋਖਾ ਹੈ। ਗੁਰਬਾਣੀ ਦੇ ਹਵਾਲੇ ਨਾਲ਼ ਆਪਣੇ ਅਹੰਕਾਰ (ਕੂੜ ਦੀ ਪਾਲਿ) ਨੂੰ ਸਹੀ ਠਹਿਰਾਉਣਾ ਹੈ।
ਗੁਰੂ ਨਾਨਕ ਜੀ ਦੇ ਬਚਨ ਹਨ ਕਿ ਸਰੀਰ ਇੱਕ ਕਾਗਜ਼ (ਜਲਦੀ ਨਾਸ਼ ਹੋਣ ਵਾਲ਼ਾ) ਹੈ, ਜਿਸ ’ਤੇ ਲਿਖਿਆ ਲੇਖ (ਕਾਲ਼ਾ ਹੋਇਆ ਮਨ) ਰੱਬੀ ਸੁਨੇਹਾ ਹੈ। ਨਾਸਮਝ ਬੰਦਾ ਆਪਣੇ ਲੇਖ ਨੂੰ ਨਹੀਂ ਪੜ੍ਹਦਾ। ਭਾਵੇਂ ਕਿ ਦਰਗਾਹੋਂ ਹੀ ਮਾਇਆ ਦੇ ਤਿੰਨੇ ਗੁਣ (ਰਜੋ, ਤਮੋ, ਸਤੋ) ਘੜੇ ਗਏ ਹਨ, ਤਕਦੀਰ ’ਚ ਪਾਏ ਗਏ ਹਨ ਪਰ ਮੁੜ ਉਸੇ ਦਰਗਾਹ ’ਚ ਇਨ੍ਹਾਂ ’ਚੋਂ ਇੱਕ ਗੁਣ (ਖੋਟਾ ਲੇਖ) ਕੰਮ ’ਚ ਨਹੀਂ ਆਉਂਦਾ, ਇਸ ਸਚਾਈ ਨੂੰ ਸਮਝ ‘‘ਕਾਇਆ ਕਾਗਦੁ; ਮਨੁ ਪਰਵਾਣਾ ॥ ਸਿਰ ਕੇ ਲੇਖ ਨ ਪੜੈ; ਇਆਣਾ ॥ ਦਰਗਹ ਘੜੀਅਹਿ ਤੀਨੇ ਲੇਖ ॥ ਖੋਟਾ ਕਾਮਿ (’ਚ) ਨ ਆਵੈ; ਵੇਖੁ ॥ (ਮਹਲਾ ੧/੬੬੨) ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਮਾਲਕ-ਰੱਬ ਹੀ ਆਪਣੇ ਹੁਕਮ ’ਚ ਜੀਵਾਂ ਨੂੰ ਅੰਨ੍ਹਾ ਕਰ ਜਗਤ ’ਚ ਭੇਜਦਾ ਹੈ ਓਹੀ ਮੁੜ ਸੁਜਾਖਾ ਕਰੇਗਾ। ਬੰਦੇ ! ਉਸ ਨੂੰ ਯਾਦ ਕਰ ‘‘ਸਹ ਦੇਖੇ ਬਿਨੁ ਪ੍ਰੀਤਿ ਨ ਊਪਜੈ; ਅੰਧਾ ਕਿਆ ਕਰੇਇ ॥ ਨਾਨਕ ! ਜਿਨਿ ਅਖੀ ਲੀਤੀਆ; ਸੋਈ ਸਚਾ ਦੇਇ ॥੨॥’’ (ਮਹਲਾ ੩/੮੩) ਅਰਥ : ਅਦ੍ਰਿਸ਼ ਮਾਲਕ ਨਾਲ਼ ਪੰਜ ਗਿਆਨ ਇੰਦ੍ਰਿਆਂ ਰਾਹੀਂ ਲਗਾਅ ਨਹੀਂ ਪੈਦਾ ਹੁੰਦਾ ਤੇ ਨਿਰੀ ਮਾਇਆ ’ਚ ਗ਼ਲਤਾਨ ਮਨ ਨੂੰ ਕਿਵੇਂ ਧਰਵਾਸ ਹੋਵੇ ਕਿ ਉਹ ਹੈ ਵੀ ਜਾਂ ਨਹੀਂ। ਇਹ ਅੰਨ੍ਹਾ ਮਨ ਕੀ ਕਰੇ, ਕਿਧਰ ਜਾਵੇ। ਸਚਾਈ ਇਹੀ ਹੈ ਕਿ ਜਿਸ ਮਾਲਕ ਨੇ ਰੂਹਾਨੀਅਤ ਅੱਖਾਂ ਖੋਹੀਆਂ ਹਨ, ਓਹੀ ਸੁਜਾਖਾ ਕਰ ਸਕਦਾ ਹੈ। ਸਿਰਫ਼ ਉਸ ਪ੍ਰਤੀ ਲਗਨ ਅਤੇ ਸਤਿਗੁਰੂ ਦੇ ਬਚਨ ’ਤੇ ਭਰੋਸਾ ਰੱਖਣਾ ਹੈ।