ਕਿਉਂ ਪਟਰਾਣੀ ਹੋਈ ਪਰਾਹੁਣੀ ?

0
397

ਕਿਉਂ ਪਟਰਾਣੀ ਹੋਈ ਪਰਾਹੁਣੀ ?

ਗੁਰਜੀਤ ਸਿੰਘ ਗੀਤੂ, ਪਿੰਡ: ਕੋਲਿਆਂ ਵਾਲੀ, ਤਹਿ. ਮਲੋਟ, ਜਿਲਾ: ਸ੍ਰੀ ਮੁਕਤਸਰ ਸਾਹਿਬ (152107) ਮੋਬਾ. 94653-10052

ਭਾਸ਼ਾ ਇਕ ਸਾਧਨ ਹੈ, ਜੋ ਲੋਕ ਮਨਾਂ ਵਿਚ ਪ੍ਰਗਟ ਹੋਏ ਵਿਚਾਰਾਂ ਨੂੰ ਦੂਜਿਆਂ ਤੱਕ ਪਹੁੰਚਾਉਣ ਵਿਚ ਮਦਦਗਾਰ ਸਾਬਿਤ ਹੁੰਦੀ ਹੈ। ਇਸ ਭਾਸ਼ਾ ਦੇ ਅਨੇਕਾਂ ਲਿਪੀਆਂ ਵਿਚ ਅਨੇਕਾਂ ਰੂਪ ਮਿਲ ਜਾਣਗੇ, ਲੇਕਿਨ ਇਹ ਹਰ ਇਕ ਰੂਪ ਆਪਣੇ ਕਬੀਲੇ, ਰਾਜ ਅਤੇ ਦੇਸ਼ ਵਿਚ ਵੱਸਦੇ ਲੋਕਾਂ ਦਾ ਵੱਖਰਾ ਮਾਣ ਹੁੰਦਾ ਹੈ। ਇਸ ਤਰ੍ਹਾਂ ਭਾਰਤ ਦੇਸ਼ ਵਿਚ ਵੱਸਦੇ ਪੰਜਾਬ ਦੇ ਲੋਕ ਦਿਲਾਂ ਵਿਚ ਵੀ ਪੰਜਾਬੀ-ਬੋਲੀ ਪ੍ਰਤੀ ਫ਼ਕਰ ਮਹਿਸੂਸ ਹੁੰਦਾ ਹੈ। ਸਮੇਂ ਦੀ ਕਰਵਟ ਨਾਲ ਕਈ ਲਿਪੀਆਂ ਆਪਣੀ ਹੋਂਦ ਨੂੰ ਖੋਹ ਦਿੰਦੀਆ ਹਨ, ਜਿਸ ਕਰ ਕੇ ਉਹ ਕਬੀਲੇ ਜਾਂ ਰਾਜ ਆਪਣਾ ਵਿਰਸਾ ਗੁਆ ਬੈਠਦੇ ਹਨ। ਹਰ ਇਨਸਾਨ ਦੀ ਇਹ ਇੱਛਾ ਹੁੰਦੀ ਹੈ ਕਿ ਉਹ ਆਪਣੇ ਵਿਚਾਰਾਂ ਨੂੰ ਦੁਨੀਆ ਦੇ ਹਰ ਖਿੱਤੇ ਤੱਕ ਪਹੁੰਚਾ ਸਕੇ ਜਿਸ ਲਈ ਉਸ ਨੂੰ ਤਿੰਨ ਭਾਸ਼ਾਵਾਂ ਦਾ ਗਿਆਨ ਹੋਣਾ ਵੀ ਜ਼ਰੂਰੀ ਹੈ। ਇਨਸਾਨ ਪਹਿਲੀ ਲਿਪੀ ਮਾਂ ਦੀ ਗੋਦ ’ਚੋਂ ਪੈਰਾਂ ’ਤੇ ਖੜੇ ਹੋਣ ਤੱਕ ਮਾਂ ਦੇ ਬੋਲਾਂ ਰਾਹੀ ਸਿੱਖਦਾ ਹੈ, ਜਿਸ ਮਾਂ-ਬੋਲੀ ਨੂੰ ਬੱਚਾ ਆਪਣੇ ਆਖਰੀ ਸਾਹ ਤੱਕ ਵੀ ਨਹੀਂ ਭੁੱਲਣਾ ਚਾਹੁੰਦਾ। ਦੂਸਰੀ ਲਿਪੀ ਆਪਣੇ ਰਾਸ਼ਟਰ ਦੀ ਹੁੰਦੀ ਹੈ, ਜਿਸ ਨਾਲ ਆਪਣੇ ਵਿਚਾਰਾਂ ਨੂੰ ਆਪਣੇ ਦੇਸ਼ ਦੇ ਲੋਕਾਂ ਤੱਕ ਪਹੁੰਚਾ ਸਕਦਾ ਹੈ ਤੇ ਤੀਸਰੀ ਲਿਪੀ ਅੰਤਰ-ਰਾਸ਼ਟਰੀ ਹੁੰਦੀ ਹੈ, ਜਿਸ ਨਾਲ ਦੁਨੀਆ ਦੇ ਹਰ ਕੋਨੇ ’ਚ ਬੈਠੇ ਇਨਸਾਨ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਜਾ ਸਕਦੀ ਹੈ। ਇਥੇ ਇਸ ਗੱਲ ਦਾ ਧਿਆਨ ਵੀ ਰਹੇ ਕਿ ਹਰ ਕਬੀਲੇ ਜਾਂ ਰਾਜ ਦਾ ਇਨਸਾਨ ਪੂਰੇ ਦੇਸ਼ ਦਾ ਭ੍ਰਮਣ ਨਹੀਂ ਕਰਦਾ ਤੇ ਨਾ ਇਕ ਦੇਸ਼ ਦਾ ਹਰ ਇਨਸਾਨ ਪੂਰੀ ਦੁਨੀਆ ਦਾ ਭ੍ਰਮਣ ਕਰਦਾ ਹੈ। ਹਰ ਰਾਜ ਜਾਂ ਦੇਸ ਦੇ 15 ਪ੍ਰਤੀਸ਼ਤ ਲੋਕਾਂ ਨੂੰ ਛੱਡ ਕੇ ਬਾਕੀ ਸਾਰੇ ਆਪਣੇ ਰਾਜ ਜਾਂ ਦੇਸ ਤੱਕ ਹੀ ਸੀਮਿਤ ਹੁੰਦੇ ਹਨ, ਪਰ ਫਿਰ ਵੀ ਕਿਤੇ ਨ ਕਿਤੇ ਉਹਨਾਂ ਦੇ ਨਾ-ਚਾਹੁੰਣ ਦੇ ਬਾਵਜੂਦ ਵੀ ਉਹਨਾਂ ਦੀ ਲਿਪੀ ਖੋਹ ਕੇ ਉਹਨਾਂ ’ਤੇ ਜ਼ਬਰੀ ਰਾਸ਼ਟਰੀ ਜਾਂ ਅੰਤਰ-ਰਾਸ਼ਟਰੀ ਲਿਪੀ ਨੂੰ ਥੋਪ ਦਿੱਤਾ ਜਾਂਦਾ ਹੈ, ਜਦ ਕਿ ਇਹ ਇਨਸਾਨ ਦੀ ਆਪਣੀ ਇੱਛਾ ’ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਲਿਪੀ ਨੂੰ ਗ੍ਰਹਿਣ ਕਰਨਾ ਚਾਹੁੰਦਾ ਹੈ। ਇਸ ਤਰ੍ਹਾਂ ਦਾ ਇਕ ਖਿੱਤਾ ਪੰਜਾਬ ਹੈ, ਜੋ ਆਪਣੀ ਵਿਖੱਲਣ ਲਿਪੀ ਦੇ ਬਾਵਜੂਦ ਵੀ ਰਾਸ਼ਟਰੀ ਲਿਪੀ ਦਾ ਜ਼ਬਰੀ ਸ਼ਿਕਾਰ ਹੋ ਰਿਹਾ ਹੈ। ਪੰਜਾਬ ਦੇ ਲੋਕ ਆਪਣੀ ਮਾਂ-ਬੋਲੀ ਪੰਜਾਬੀ ਹੋਣ ਦੇ ਬਾਵਜੂਦ ਵੀ ਆਪਣੇ ਬੱਚਿਆ ਦੇ ਭਵਿੱਖ ਲਈ ਅੰਗਰੇਜ਼ੀ ਮਾਧਿਅਮ ਦੀ ਚੋਣ ਕਰਦੇ ਹਨ, ਜਿਸ ਦਾ ਸਿੱਟਾ ਪੰਜਾਬ ਦੀ ਪਟਰਾਣੀ (ਮਾਂ-ਬੋਲੀ) ਨੂੰ ਪਰਾਹੁਣੀ ਕਰ ਕੇ ਪੰਜਾਬ ਵਿਚ 99 ਪ੍ਰਤੀਸ਼ਤ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਦਾ ਹੋਣਾ ਚਿੰਤਾ ਜਨਕ ਹੈ। ਅਗਰ ਸੱਚ ਵਿਚ ਹੀ ਪੰਜਾਬ ਦੇ ਲੋਕ ਪੰਜਾਬ ਦੀ ਪਟਰਾਣੀ (ਮਾਂ-ਬੋਲੀ) ਨੂੰ ਪਰਾਹੁਣੀ ਨਹੀਂ ਹੋਣ ਦੇਣਾ ਚਾਹੁੰਦੇ ਤਾਂ ਅੱਜ ਸੜਕਾਂ ’ਤੇ ਲੱਗੇ ਦਿਸ਼ਾ ਦਰਸਾਉਣ ਵਾਲੇ ਮੀਲ-ਪੱਥਰਾਂ ’ਤੇ ਪੋਚਾਂ ਫੇਰਨ ਨਾਲ ਕੁਝ ਨਹੀਂ ਹੋਣਾ, ਜਦ ਕਿ ਸਾਡੇ ਆਪਣੇ ਬੱਚੇ ਪੰਜਾਬੀ ਮਾਧਿਅਮ ਦੀ ਚੋਣ ਕਰ ਕੇ ਆਪਣੇ ਭਵਿੱਖ ਲਈ ਸੰਘਰਸ਼ ਸ਼ੁਰੂ ਨਹੀਂ ਕਰਦੇ। ਆਉਣ ਵਾਲੇ ਚੰਦ ਕੁ ਸਾਲਾਂ ਵਿਚ ਹੀ ਅਲੋਪ ਹੋਣ ਜਾ ਰਹੀ ਪੰਜਾਬੀ ਨੂੰ ਬਚਾਉਣ ਲਈ ਪੰਜਾਬ ਵਿਚ 99 ਪ੍ਰਤੀਸ਼ਤ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਦਾ ਮੁੱਖ ਵਿਸ਼ਾ ਪੰਜਾਬੀ ਮਾਧਿਅਮ ਹੋਣਾ ਲਾਜ਼ਮੀ ਹੈ। ਬੱਚਿਆਂ ਦੇ ਭਵਿੱਖ ਨੂੰ ਮੁੱਖ ਰੱਖ ਕੇ ਇਸ ਵਿਸ਼ੇ ’ਤੇ ਚਰਚਾ ਕਰਨ ਦੀ ਅੱਜ ਲੋੜ ਹੈ ਕਿ ਕਿਸ ਤਰ੍ਹਾਂ ਪੰਜਾਬ ਵਿਚ ਪੰਜਾਬੀ ਮਾਧਿਅਮ ਵਾਲਾ ਬੱਚਾ ਆਪਣੀ ਡਾਕਟਰੀ ਦੀ ਪੜਾਈ ਨੂੰ ਪੰਜਾਬੀ ਮਾਧਿਅਮ ਵਿਚ ਪੂਰਾ ਕਰੇ, ਇੰਜਨੀਅਰ ਦੀ ਪੜਾਈ ਹੋਵੇ ਜਾਂ ਕਾਨੂੰਨ ਦੀ, ਅੰਗਰੇਜ਼ੀ ਮਾਧਿਅਮ ਦੇ ਨਾਲ ਪੰਜਾਬੀ ਮਾਧਿਅਮ ਵਿਚ ਹੋਣੀ ਵੀ ਲਾਜ਼ਮੀ ਹੈ। ਪੰਜਾਬ ਦੀ ਧਰਤੀ ’ਤੇ ਰਹਿੰਦੇ ਹਰ ਬੱਚੇ ਨੂੰ ਆਪਣੀ ਲਿਪੀ ਵਿਚ ਯੂ. ਪੀ. ਐੱਸ. ਸੀ ਦੇ ਟੈਸਟਾਂ ਸਮੇਤ ਹਰ ਪ੍ਰਕਾਰ ਦਾ ਟੈਸਟ ਪੰਜਾਬੀ ਵਿਚ ਕਰਨ ਦੀ ਅਨੁਮਤੀ ਹੋਣੀ ਚਾਹੀਦੀ ਹੈ। ਜਿਸ ਨਾਲ ਹਰ ਬੱਚੇ ਨੂੰ ਆਪਣੇ ਮੁਕਾਮ ’ਤੇ ਪਹੁੰਚਣ ਵਿਚ ਕੋਈ ਮੁਸ਼ਕਿਲ ਵੀ ਨਹੀਂ ਆਵੇਗੀ ਤੇ ਸਾਡੇ ਪੰਜਾਬ ਦੀ ਮਾਂ-ਬੋਲੀ ਦੇ ਨਾਲ-ਨਾਲ ਸਾਡਾ ਵਿਰਸਾ ਵੀ ਬਲਵਾਨ ਹੋ ਜਾਵੇਗਾ।