ਕਬਿੱਤ ਨੰਬਰ 38 (ਭਾਈ ਗੁਰਦਾਸ ਜੀ)
ਸ. ਪ੍ਰੀਤਮ ਸਿੰਘ ਕਰਨਾਲ-94164-05173
ਪੂਰਨ ਬ੍ਰਹਮ ਗੁਰ ਬਿਰਖ ਬਿਥਾਰ ਧਾਰ, ਮੂਲ ਕੰਦ ਸਾਖਾ ਪਤ੍ਰ ਅਨਿਕ ਪ੍ਰਕਾਰ ਹੈ।
ਤਾ ਮੈ ਨਿਜ ਰੂਪ ਗੁਰਸਿਖ ਫਲ ਕੋ ਪ੍ਰਗਾਸ, ਬਾਸਨਾ ਸੁਬਾਸ ਅਉ ਸ੍ਵਾਦ ਉਪਕਾਰ ਹੈ।
ਚਰਨ ਕਮਲ ਮਕਰੰਦ ਰਸ ਰਸਿਕ ਹੁਇ, ਚਾਖੇ ਚਰਨਾਮ੍ਰਿਤ ਸੰਸਾਰ ਕੋ ਉਧਾਰ ਹੈ।
ਗੁਰਮੁਖਿ ਮਾਰਗ ਮਹਾਤਮ ਅਕਥ ਕਥਾ, ਨੇਤ ਨੇਤ ਨੇਤ ਨਮੋ ਨਮੋ ਨਮਸਕਾਰ ਹੈ॥੩੮॥
ਪਦ ਅਰਥ: ਕੰਦ=ਜੜ੍ਹ ਦੇ ਉਪਰ ਦਾ ਹਿੱਸਾ। ਤਾ ਮੈ=ਉਨ੍ਹਾਂ ਵਿੱਚ। ਰਸਿਕ=ਰਸੀਆ। ਨੇਤਿ=ਬੇਅੰਤ। ਨਮੋ=ਨਮਸ਼ਕਾਰ।
ਅਰਥ: ਭਾਈ ਗੁਰਦਾਸ ਜੀ ਆਪਣੇ ਕਬਿੱਤ ਨੰਬਰ 38 ’ਚ ਇੱਕ ਸੱਚੇ ਗੁਰਸਿੱਖ ਦੇ ਆਦਰਸ਼ ਜੀਵਨ ਬਾਰੇ ਬਿਆਨ ਕਰਦੇ ਹਨ ਕਿ ਪਾਰਬ੍ਰਹਮ ਪਰਮੇਸ਼ਰ ਨੇ ਆਪ ਹੀ ਗੁਰੂ ਰੂਪ ਧਾਰਨ ਕੀਤਾ ਹੈ ਜੋ ਇਕ ਬੜੇ ਵਡੇ ਰੁੱਖ ਦੀ ਨਿਆਈਂ ਹੈ। ਗੁਰੂ ਦੇ ਸਿੱਖ, ਉਸ ਰੁੱਖ ਦੇ ਹਿੱਸੇ ਹਨ ਭਾਵ ਟਾਹਣੀਆਂ, ਪੱਤੇ, ਫੁਲ, ਫਲ ਆਦਿ ਹਨ। ਇਸ ਤਰ੍ਹਾਂ ਗੁਰੂ ਦਾ ਸਰੂਪ ਬਹੁ ਵਿਸਥਾਰ ਧਾਰ ਗਿਆ ਭਾਵ ਫਲ, ਫੁੱਲ ਆਦਿ ਸਿੱਖ; ਗੁਰੂ (ਰੁੱਖ) ਦਾ ਆਪਣਾ ਹੀ ਵਿਸਥਾਰ ਰੂਪ ਹਨ। ਗੁਰਸਿੱਖਾਂ ਵਿੱਚ ਗੁਰੂ ਪ੍ਰਕਾਸ਼ਮਾਨ ਹੋ ਰਿਹਾ ਹੈ ਅਤੇ ਉਪਕਾਰ ਰੂਪ ਗੁਰੂ ਸੁਗੰਧੀ ਗੁਰਸਿੱਖਾਂ ਰਾਹੀਂ ਆਉਂਦੀ ਹੈ ਭਾਵ ਕਿ ਸਿੱਖ ਪਰਉਪਕਾਰ ਕਰਨ ਹਿਤ ਹਮੇਸ਼ਾਂ ਚਾਹਵਾਨ ਰਹਿੰਦੇ ਹਨ, ਜੋ ਗੁਰੂ ਉਪਦੇਸ਼ ਹੈ। ਗੁਰੂ ਦੇ ਸ਼ਬਦ (ਚਰਨ ਕੰਵਲ) ਦੇ ਰਸ ਵਿੱਚ ਮਸਤ ਹੋਏ ਚਰਨਾਮ੍ਰਿਤ ਚੱਖਦੇ ਤੇ ਸੰਸਾਰ ਦੇ ਨਿਸਤਾਰੇ ਦਾ ਕਾਰਨ ਬਣਦੇ ਹਨ। ਗੁਰੂ ਉਪਦੇਸ਼ ਦੀ ਪੂਰਨ ਕਮਾਈ ਵਾਲੇ ਗੁਰਸਿੱਖਾਂ ਦੀ ਕਰਣੀ ਦਾ ਵਖਿਆਨ ਕਰਨਾ ਬਹੁਤ ਹੀ ਔਖਾ ਹੈ: ‘‘ਮੰਨੇ ਕੀ ਗਤਿ ਕਹੀ ਨ ਜਾਇ ॥’’ (ਜਪੁ /ਮ: ੧) ਕੇਵਲ ਬੇਅੰਤ ਬੇਅੰਤ ਕਹਿ ਕੇ ਨਮਸ਼ਕਾਰ ਕਰਨੀ ਹੀ ਬਣਦੀ ਹੈ।
ਜਿਸ ਤਰ੍ਹਾਂ ਕੋਈ ਮਾਲਕ ਆਪਣੇ ਬਾਗ਼ ’ਚ ਕੋਈ ਫਲਦਾਰ ਪੌਦਾ ਲਗਾਂਦਾ ਹੈ ਤੇ ਉਸ ਦੀ ਦੇਖ ਰੇਖ ਵਾਸਤੇ ਮਾਲੀ ਨੂੰ ਜ਼ਿੰਮੇਵਾਰੀ ਸੌਂਪਦਾ ਹੈ। ਮਾਲੀ ਉਸ ਦੀ ਹਰ ਤਰ੍ਹਾਂ ਨਾਲ ਦੇਖ ਰੇਖ ਕਰਦਾ ਹੈ। ਵਕਤ ਸਿਰ ਪਾਣੀ ਨਾਲ ਸਿੰਜਦਾ ਹੈ, ਨਦੀਨ ਵਗੈਰਾ ਬਾਹਰ ਕੱਢਦਾ ਹੈ। ਸਮਾਂ ਬੀਤਣ ਤੇ ਉਹ ਪੌਦਾ ਇਕ ਰੁੱਖ ਦਾ ਰੂਪ ਲੈ ਲੈਂਦਾ ਹੈ ਤੇ ਫਿਰ ਇਕ ਐਸਾ ਸਮਾਂ ਆਉਂਦਾ ਹੈ ਜਦੋਂ ਉਹ ਰੁੱਖ ਮਿੱਠੇ ਫਲ ਦੇਣ ਲਗ ਜਾਂਦਾ ਹੈ। ਉਹ ਫਲ, ਰੁੱਖ ਆਪ ਨਹੀਂ ਖਾਂਦਾ, ਲੋਕਾਂ ਨੂੰ ਵੰਡਦਾ ਹੈ। ਇਸੇ ਤਰ੍ਹਾਂ ਇਸ ਸੰਸਾਰ ਦਾ ਸਭ ਤੋਂ ਵੱਡਾ ਬਾਗ਼ਬਾਨ ਪਰਮਾਤਮਾ ਗੁਰੂ ਨੂੰ ਸੰਸਾਰ ਵਿੱਚ ਇਕ ਮਾਲੀ ਦੀ ਜ਼ਿੰਮੇਵਾਰੀ ਦੇ ਕੇ ਭੇਜਦਾ ਹੈ। ਗੁਰੂ, ਸਿੱਖਾਂ (ਬਾਗ਼) ਦੀ ਬੜੀ ਨੇੜਿਓਂ ਦੇਖ ਰੇਖ ਕਰਦਾ ਹੈ ‘‘ਸਤਿਗੁਰੁ, ਸਿਖ ਕੀ ਕਰੇ ਪ੍ਰਤਿਪਾਲਿ॥’’ (ਮ:੫/੨੮੬) ਸਿੱਖ ਦੇ ਜੀਵਨ ਨੂੰ ਗੁਣਾਂ ਦੇ ਪਾਣੀ ਨਾਲ ਸਿੰਜਦਾ ਹੈ। ਵਿਕਾਰਾਂ ਤੇ ਔਗੁਣਾਂ ਰੂਪ ਨਦੀਨ ਉਸ ਦੇ ਅੰਦਰੋਂ ਕੱਢਦਾ ਰਹਿੰਦਾ ਹੈ: ‘‘ਸਤਿਗੁਰ ਸਿਖ ਕੇ ਬੰਧਨ ਕਾਟੈ॥ ਗੁਰ ਕਾ ਸਿੱਖ ਬਿਕਾਰ ਤੇ ਹਾਟੈ॥’’ (ਮ:੫/੨੮੬) ਗੁਰੂ, ਸਿੱਖਾਂ ਦੇ ਅੰਦਰੋਂ ਸਾਰੇ ਔਗੁਣ ਦੂਰ ਕਰਨ ਦਾ ਪਰਉਪਕਾਰ (ਭਲਾਈ ਦਾ ਕੰਮ) ਕਰਦਾ ਹੈ। ਗੁਰਬਾਣੀ ਫੁਰਮਾਨ ਹੈ: ‘‘ਅਉਗਣ ਸਭ ਮਿਟਾਇ ਕੈ, ਪਰਉਪਕਾਰੁ ਕਰੇਇ॥’’ (ਮ:੫/੨੧੮) ਗੁਰੂ ਦਾ ਸਿੱਖ ਗੁਰੂ ਦੇ ਉਪਦੇਸ਼ ’ਤੇ ਪੂਰੀ ਤਰ੍ਹਾਂ ਪਹਿਰਾ ਦੇਂਦਾ ਹੈ ਭਾਵ ਨਾਮ ਨਾਲ ਜੁੜਿਆ ਹੁੰਦਾ ਹੈ ਤੇ ਹੋਰਨਾਂ ਨੂੰ ਗੁਰੂ ਦੇ ਸ਼ਬਦ (ਨਾਮ) ਨਾਲ ਜੁੜਨ ਦੀ ਪ੍ਰੇਰਨਾ ਕਰਦਾ ਰਹਿੰਦਾ ਹੈ। ਇਸ ਤਰ੍ਹਾਂ ਉਸ ਦਾ ਆਪਣਾ ਜੀਵਨ ਤਾਂ ਸੰਵਰਦਾ ਹੀ ਹੈ ਹੋਰਨਾਂ ਦਾ ਜੀਵਨ ਵੀ ਸੰਵਾਰ ਦੇਂਦਾ ਹੈ। ਇਹ ਉਪਦੇਸ਼ ਗੁਰੂ ਅਰਜੁਨ ਦੇਵ ਜੀ ਬਾਰਹ ਮਾਹਾਂ ਬਾਣੀ ਵਿਚ ਮਾਘ ਦੇ ਮਹੀਨੇ ਅੰਦਰ ਕਰਦੇ ਹੋਏ ਫੁਰਮਾਉਂਦੇ ਹਨ: ‘‘ਹਰਿ ਕਾ ਨਾਮੁ ਧਿਆਇ ਸੁਣਿ, ਸਭਨਾ ਨੋ ਕਰਿ ਦਾਨੁ॥’’ (ਮ:੫/੧੩੫) ਸਿੱਖ ਦਾ ਜੀਵਨ ਗੁਣਾਂ ਦੀ ਸੁਗੰਧੀ ਵਾਂਗ ਹੋ ਜਾਂਦਾ ਹੈ ਜੋ ਉਹ ਆਪਣੇ ਆਲੇ ਦੁਆਲੇ ਮਨੁੱਖਾਂ ਵਿੱਚ ਫੈਲਾਉਂਦਾ ਹੈ। ਇਕ ਪਾਸੇ ਉਹ ਗੁਰੂ ਦੇ ਸ਼ਬਦ ਨਾਲ ਜੁੜਿਆ ਹੁੰਦਾ ਹੈ ਦੂਜੇ ਪਾਸੇ ਉਹ ਇਕ ਪਰਉਪਕਾਰੀ ਜੀਵਨ ਗੁਜ਼ਾਰਦਾ ਹੈ ਤੇ ਲੋੜ ਪੈਣ ’ਤੇ ਆਪਣਾ ਆਪਾ ਵੀ ਕੁਰਬਾਨ ਕਰ ਦੇਂਦਾ ਹੈ। ਭਾਈ ਗੁਰਦਾਸ ਜੀ ਆਪਣੀ ਆਖ਼ਰੀ ਪੰਕਤੀ ’ਚ ਬਿਆਨ ਕਰ ਰਹੇ ਹਨ ਕਿ ਸੱਚੇ ਗੁਰਸਿੱਖ ਦੇ ਮਾਰਗ (ਗੁਰੂ ਉਪਦੇਸ਼) ਦੀ ਕੀਤੀ ਗਈ ਕਮਾਈ ਦੀ ਮਹਾਨਤਾ ਇਤਨੀ ਵੱਡੀ ਹੈ ਕਿ ਉਸ ਬਾਰੇ ਕੁਝ ਕਿਹਾ ਹੀ ਨਹੀਂ ਜਾ ਸਕਦਾ, ਸਿਰਫ਼ ਨਮਸ਼ਕਾਰ ਹੀ ਕਰਨੀ ਬਣਦੀ ਹੈ: ‘‘ਨੇਤ ਨੇਤ ਨੇਤ ਨਮੋ ਨਮੋ ਨਮਸਕਾਰ ਹੈ।’’ (ਭਾਈ ਗੁਰਦਾਸ ਜੀ)