ਕਬਿੱਤ ਨੰਬਰ 33 (ਭਾਈ ਗੁਰਦਾਸ ਜੀ)
ਪ੍ਰੀਤਮ ਸਿੰਘ, ਕਰਨਾਲ- 94164-05173
ਚਰਨ ਕਮਲ ਭਜਿ ਕਮਲ ਪ੍ਰਗਾਸ ਭਏ, ਦਰਸ ਦਰਸਿ ਸਮ ਦਰਸ ਦਿਖਾਏ ਹੈ।
ਸਬਦ ਸੁਰਤਿ ਅਨਹਦ ਲਿਵਲੀਨ ਭਏ, ਓਨਮਨ ਮਗਨ ਗਗਨ ਪੁਰ ਛਾਏ ਹੈ।
ਪ੍ਰੇਮਰਸ ਬਸਿ ਹੁਇ ਬਿਸਮ ਬਿਦੇਹ ਭਏ, ਅਤਿ ਅਸਚਰਜ ਮੋ ਹੇਰਤ ਹਿਰਾਏ ਹੈ।
ਗੁਰਮੁਖਿ ਸੁਖਫਲ ਮਹਿਮਾ ਅਗਾਧਿ ਬੋਧਿ, ਅਕਥ ਕਥਾ ਬਿਨੋਦ ਕਹਤ ਨ ਆਏ ਹੈ॥੩੩॥
ਸ਼ਬਦ ਅਰਥ: ਭਜਿ=ਭਜ ਕੇ, ਜਪ ਕੇ।, ਬਿਦੇਹ=ਸਰੀਰ ਦੀ ਸੁਧ ਨਾ ਰਹਿਣੀ, ਆਪਾ ਭੁਲ ਜਾਣਾ।, ਹੇਰਤ=ਦੇਖ ਕੇ।, ਹਿਰਾਏ=ਹੈਰਾਨ ਹੋਣਾ। ਅਗਾਧਿ=ਜਿਸ ਦੀ ਥਾਹ ਨਾ ਪਾਈ ਜਾ ਸਕੇ।, ਬੋਧਿ=ਸਮਝ।
ਅਰਥ: ਚਰਨ ਤੋਂ ਭਾਵ ਗੁਰੂ ਦਾ ਸ਼ਬਦ ਹੈ। ਗੁਰੂ ਦੇ ਸ਼ਬਦ ਨੂੰ ਜਪ ਕੇ ਸਿੱਖ ਦਾ ਹਿਰਦਾ ਕਮਲ ਵਾਂਗ ਖਿੜ ਜਾਂਦਾ ਹੈ ਗੁਰੂ ਦਾ ਦਰਸ਼ਨ ਕਰਕੇ ਉਸ ਵਿੱਚੋਂ ਕਿਸੇ ਪ੍ਰਤੀ ਵੀ ਬਣੀ ਹੋਈ ਵੈਰ ਭਾਵਨਾ ਖ਼ਤਮ ਹੋ ਕੇ ਸਮ ਦ੍ਰਿਸ਼ਟੀ ’ਚ ਤਬਦੀਲ ਹੋ ਜਾਂਦੀ ਹੈ। ਸ਼ਬਦ ਵਿੱਚ ਸੁਰਤਿ ਜੁੜੀ ਹੋਣ ਕਾਰਨ ਉਹ ਉੱਚੀ ਆਤਮਕ ਅਵਸਥਾ ਦਾ ਅਨੰਦ ਮਾਣਦਾ ਹੈ। ਉਹ ਗੁਰੂ ਦੇ ਪ੍ਰੇਮ ਰਸ ਵਿਚ ਇਤਨਾ ਮੁਗਧ ਹੋ ਜਾਂਦਾ ਹੈ ਕਿ ਉਸ ਨੂੰ ਆਪਣੇ ਸਰੀਰ ਦੀ ਵੀ ਕੋਈ ਸੁਧ-ਬੁਧ ਨਹੀਂ ਰਹਿੰਦੀ। ਇਹ ਅਵਸਥਾ ਸਭ ਨੂੰ ਹੈਰਾਨ ਕਰ ਦੇਣ ਵਾਲੀ ਹੈ ਪਰ ਇਸ ਬਾਰੇ ਕੋਈ ਕੁਝ ਕਹਿ ਨਹੀਂ ਸਕਦਾ ਕਿ ਉਹ ਅਵਸਥਾ ਕਿਹੋ ਜਿਹੀ ਹੈ। ਜਦੋਂ ਸਿੱਖ ਤਨ ਮਨ ਕਰਕੇ ਗੁਰੂ ਦੇ ਸਨਮੁਖ ਹੁੰਦਾ ਹੈ ਭਾਵ ਗੁਰੂ ਅਨੁਸਾਰੀ ਹੁੰਦਾ ਹੈ ਤਾਂ ਉਹ ਹਾਲਤ ਕਥਨ ਤੋਂ ਬਾਹਰ ਹੈ। ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਜਦੋਂ ਅਸੀਂ ਗੁਰੂ ਜਾਂ ਪ੍ਰਭੂ ਦੇ ਚਰਨਾਂ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਮਝ ਨਹੀਂ ਸਕਦੇ ਕਿ ਗੁਰੂ ਜਾਂ ਪਰਮਾਤਮਾ ਦੇ ਚਰਨ ਕੀ ਹਨ। ਅਕਾਲ ਪੁਰਖ ਤਾਂ ਹੈ ਹੀ ਵਰਨ ਚਿਹਨ ਤੋਂ ਬਾਹਰਾ। ਉਸ ਦਾ ਸਰੂਪ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਵਿਚ ਮੰਗਲਾ ਚਰਨ ਵਿਚ ਹੀ ਬਿਆਨ ਕਰ ਦਿੱਤਾ ਹੈ। ਜਦੋਂ ਪਰਮਾਤਮਾ ਦਾ ਕੋਈ ਚਿਹਨ ਚੱਕਰ ਹੈ ਹੀ ਨਹੀਂ ਤਾਂ ਉਸ ਦੇ ਚਰਨ ਕਿੱਥੋਂ ਹੋਏ ? ਗੁਰੂ ਗੋਬਿੰਦ ਸਿੰਘ ਜੀ ਨੇ ਵੀ ਜਾਪੁ ਸਾਹਿਬ ਆਰੰਭ ’ਚ ਫੁਰਮਾਇਆ ਹੈ: ‘‘ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ॥ ਰੂਪ ਰੰਗ ਅਰੁ ਰੇਖ ਭੇਖ, ਕੋਊ ਕਹਿ ਨ ਸਕਤਿ ਕਿਹ॥’’ ਉਸ ਦਾ ਜਦ ਕੋਈ ਰੂਪ ਰੰਗ ਜਾਂ ਰੇਖ ਭੇਖ ਹੀ ਨਹੀਂ ਹੈ ਤਾਂ (ਆਕਾਰ ਰੂਪ) ਚਰਨਾਂ ਵਾਲੀ ਗੱਲ ਤਾਂ ਸਮਝ ਤੋਂ ਬਾਹਰੀ ਹੈ।
ਦੂਸਰਾ ਜਦੋਂ ਗੁਰੂ ਸਾਹਿਬਾਨ ਦੇਹ ਵਿਚ ਸਨ ਉਦੋਂ ਕੁਝ ਸਿੱਖਾਂ ਵੱਲੋਂ ਚਰਨਾਂ ਦੀ ਗੱਲ ਮੰਨੀ ਜਾ ਸਕਦੀ ਹੋਵੇਗੀ ਪਰ ਅੱਜ ਸਾਡੇ ਸਾਹਮਣੇ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਸੁਭਾਇਮਾਨ ਹਨ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰਗੱਦੀ ਬਖ਼ਸ਼ਸ਼ ਕੀਤੀ ਗਈ ਹੈ। ਇਸ ਕਰ ਕੇ ਵਰਤਮਾਨ ਗੁਰੂ ਦੇ (ਸਰੀਰਕ ਆਕਾਰ ਰੂਪ) ਚਰਨ ਵੀ ਨਹੀਂ। ਕਈ ਅਗਿਆਨਤਾ ਵੱਸ ਵਿਅਕਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੀੜੇ ਦੇ ਪਾਵਿਆਂ ਨੂੰ ਹੀ ਗੁਰੂ ਦੇ ਚਰਨ ਸਮਝ ਲੈਂਦੇ ਹਨ ਤੇ ਪਾਵਿਆਂ ਦੀਆਂ ਹੀ ਮੁੱਠੀਆਂ ਭਰਨ ਲੱਗ ਜਾਂਦੇ ਹਨ। ਗੁਰਬਾਣੀ ਵਿਚ ਥਾਂ ਥਾਂ ’ਤੇ ‘ਗੁਰ ਚਰਨ’ ਜਾਂ ‘ਚਰਨ ਕਮਲਾਂ’ ਦਾ ਜ਼ਿਕਰ ਆਇਆ ਹੈ। ਭਾਈ ਗੁਰਦਾਸ ਜੀ ਨੇ ਵੀ ਇਸ ਕਬਿੱਤ ਵਿਚ ਚਰਨਾਂ ਦੀ ਤਸ਼ਬੀਹ ਦਿੱਤੀ ਹੈ। ਇਸ ਦਾ ਨਿਪਟਾਰਾ ਗੁਰਬਾਣੀ ਆਪ ਹੀ ਕਰਦੀ ਹੈ ਅਤੇ ਫੁਰਮਾਨ ਕਰਦੀ ਹੈ ਕਿ ਚਰਨ ਕਮਲ ਤੋਂ ਭਾਵ ਗੁਰੂ ਦੇ ਸ਼ਬਦ ਤੋਂ ਹੀ ਹੈ: ‘‘ਹਿਰਦੈ ਚਰਣ ਸਬਦੁ ਸਤਿਗੁਰ ਕੋ, ਨਾਨਕ ਬਾਂਧਿਓ ਪਾਲ॥’’ (ਮ: ੫/ਅੰਕ ੬੮੦)
ਜਦੋਂ ਸਿੱਖ ਗੁਰੂ ਦੇ ਸ਼ਬਦ ਦੀ ਅਰਾਧਨਾ ਕਰਦਾ ਹੈ, ਭਜਨ ਕਰਦਾ ਹੈ ਤਾਂ ਗੁਰੂ ਦੇ ਗੁਣ ਉਸ (ਸ਼ਬਦ) ਵਿੱਚ ਹੀ ਆਉਣੇ ਸ਼ੁਰੂ ਹੋ ਜਾਂਦੇ ਹਨ। ਸ਼ਬਦ ਦੀ ਕਮਾਈ ਤੋਂ ਭਾਵ ਗੁਰੂ ਦੇ ਹੁਕਮ ਅਨੁਸਾਰ ਜੀਵਨ ਜੀਉਣਾ ਹੈ। ਆਮ ਤੌਰ ’ਤੇ ਅਸੀਂ ਕਈ ਵਾਰੀ ਆਖ ਦੇਂਦੇ ਹਾਂ: ‘ਜੈਸੀ ਸੰਗਤ ਤੈਸੀ ਰੰਗਤ।’ ਇਨ੍ਹਾਂ ਬੋਲਾਂ ਨੂੰ ਗੁਰੂ ਸਾਹਿਬ ਆਪਣੇ ਲਹਿਜੇ ਨਾਲ ਆਖਦੇ ਹਨ ਕਿ ‘‘ਜੈਸਾ ਸੇਵੈ, ਤੈਸੋ ਹੋਇ॥’’ (ਮ:੧/ਅੰਕ ੨੨੩)
ਮਨੁੱਖ ਦੀ ਸੰਗਤ ਅਗਰ ਭੈੜੇ ਬੰਦਿਆਂ ਨਾਲ ਹੈ ਤਾਂ ਕੁਦਰਤੀ ਗੱਲ਼ ਹੈ ਕਿ ਭੈੜੀ ਮਤ ਹੀ ਆਵੇਗੀ। ਜੇ ਸੰਗਤ ਗੁਰੂ ਧਾਰਨੀ ਹੈ ਤਾਂ ਫਿਰ ਗੁਰੂ ਤਾਂ ਗੁਣਾਂ ਦਾ ਖਜ਼ਾਨਾ ਹੈ ਅਤੇ ਜੀਵ ਵੀ ਗੁਣਾਂ ਦਾ ਧਾਰਨੀ ਹੋ ਜਾਵੇਗਾ। ਜਿਵੇਂ ਲੋਹੇ ਨੂੰ ਚੁੰਬਕ ਨਾਲ ਬਾਰ ਬਾਰ ਘਸਾਈਏ ਤਾਂ ਲੋਹੇ ਵਿਚ ਚੁੰਬਕੀ ਗੁਣ ਆ ਜਾਂਦੇ ਹਨ। ਇਸੇਤਰ੍ਹਾਂ ਪਾਰਸ ਦੀ ਸੰਗਤ ਨਾਲ ਲੋਹਾ ਸੋਨਾ ਬਣ ਜਾਂਦਾ ਮੰਨੀਦਾ ਹੈ। ਗੁਰੂ ਸਮਦ੍ਰਿਸ਼ਟੀ ਹੈ। ਜੋ ਗੁਰੂ ਦੀ ਸੰਗਤ ਕਰਦਾ ਹੈ ਉਹ ਗੁਰੂ ਵਾਂਗ ਹੀ ਸਮ-ਦ੍ਰਿਸ਼ਟੀ ਬਣ ਜਾਂਦਾ ਹੈ। ਉਸ ਨੂੰ ਸਾਰੇ ਆਪਣੇ ਹੀ ਭਾਸਦੇ ਹਨ: ‘‘ਸਭੇ ਸਾਝੀਵਾਲ ਸਦਾਇਨਿ, ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥’’ (ਮ:੫/ਅੰਕ ੯੭) ਭਾਵ ਕੋਈ ਗ਼ੈਰ ਨਹੀਂ ਲਗਦਾ। ਸਿੱਖ ਇਤਿਹਾਸ ਵਿੱਚ ਸਭ ਤੋਂ ਢੁੱਕਵੀਂ ਮਿਸਾਲ ਭਾਈ ਘਨਈਆ ਜੀ ਦੀ ਸਾਡੇ ਸ੍ਹਾਮਣੇ ਹੈ। ਉਸ ਦੀ ਅਵਸਥਾ ਜਪੁ ਬਾਣੀ ਦੇ ਸਰਮ ਖੰਡ ਵਾਲੀ ਮੰਨੀ ਜਾ ਸਕਦੀ ਹੈ, ਜਿੱਥੇ ਉਸ ਦੇ ਰੂਪ, ਸੁੰਦਰਤਾ, ਤੇ ਗੁਣਾਂ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਮਦਾ। ਉੱਥੇ ਉਸ ਦੀ ਘਾੜਤ ਹੀ ਐਸੀ ਘੜੀ ਜਾਂਦੀ ਹੈ: ‘‘ਸਰਮ ਖੰਡ ਕੀ ਬਾਣੀ ਰੂਪੁ॥ ਤਿਥੈ, ਘਾੜਤਿ ਘੜੀਐ ਬਹੁਤੁ ਅਨੂਪੁ॥ ਤਾ ਕੀਆ ਗਲਾ, ਕਥੀਆ ਨਾ ਜਾਹਿ॥ ਜੇ ਕੋ ਕਹੈ, ਪਿਛੈ ਪਛੁਤਾਇ॥’’ (ਜਪੁ/ਅੰਕ ੮) ਉਸ ਅਵਸਥਾ ਵਿੱਚ ਪਹੁੰਚੇ ਹੋਏ ਸਿੱਖ ਦੇ ਗੁਣਾਂ ਬਾਰੇ ਜੇ ਕੋਈ ਬਿਆਨ ਕਰੇ ਵੀ ਤਾਂ ਉਸ ਨੂੰ ਅਖੀਰ ’ਤੇ ਇਹ ਕਹਿ ਕੇ ਪਛਤਾਣਾ ਪੈਂਦਾ ਹੈ ਕਿ ਮੈਂ ਉਸ ਬਾਰੇ ਬਹੁਤ ਘੱਟ ਕਿਹਾ ਹੈ। ਜਿਸ ਦੀ ਸੰਗਤ ਵਿਚ ਜੀਵ ਹਮੇਸ਼ਾਂ ਰਹਿੰਦਾ ਹੋਵੇ, ਉਸ ਨਾਲ ਪਿਆਰ ਵੀ ਚੋਖਾ ਹੋ ਜਾਂਦਾ ਹੈ ਤੇ ਕਈ ਵਾਰੀ ਹਾਲਤ ਐਸੀ ਹੋ ਜਾਂਦੀ ਹੈ ਕਿ ਉਸ ਮਿੱਤਰ ਤੋਂ ਬਗ਼ੈਰ ਜੀਣਾ ਮੁਹਾਲ ਹੋ ਜਾਂਦਾ ਹੈ। ਇਹੀ ਅਵਸਥਾ ਗੁਰੂ ਦੀ ਸੰਗਤ ਕਰਨ ਕਰਕੇ ਹਿਰਦੇ ਦੀ ਤਹਿ ’ਤੇ ਪਏ ਉਸ ਦੇ ਪ੍ਰਭਾਵ ਦਾ ਹੁੰਦਾ ਹੈ ਭਾਵ ਉਸ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਗੂੰਗੇ ਮਨੁੱਖ ਦੇ ਗੁੜ ਖਾਣ ਵਾਲੀ ਗੱਲ ਬਣ ਜਾਂਦੀ ਹੈ। ਸੁਆਦ ਤਾਂ ਮਾਣਿਆ ਜਾ ਸਕਦਾ ਹੈ, ਦੱਸਿਆ ਨਹੀਂ ਜਾ ਸਕਦਾ। ਇਹਹੈ ਗੁਰੂ ਦੇ ਸ਼ਬਦ ਵਿੱਚ ਜੁੜਨ ਦਾ ਫਲ ਜੋ ਭਾਈ ਸਾਹਿਬ ਨੇ ਆਪਣੇ ਇਸ ਕਬਿੱਤ ਰਾਹੀਂ ਸਾਨੂੰ ਸਮਝਾਇਆ ਹੈ।