Kavit No. 14 (Bhai Gurdas Ji)

0
199

ਕਬਿੱਤ ਨੰਬਰ 14 (ਭਾਈ ਗੁਰਦਾਸ ਜੀ)

ਪ੍ਰੀਤਮ ਸਿੰਘ (ਕਰਨਾਲ)

ਪ੍ਰੇਮਰਸ ਬਸਿ ਹੁਇ, ਪਤੰਗ ਸੰਗਮ ਨ ਜਾਨੈ; ਬਿਰਹ ਬਿਛੋਹ ਮੀਨ ਹੁਇ ਨ ਮਰਿ ਜਾਨੇ ਹੈ।

ਦਰਸ ਧਿਆਨ ਜੋਤਿ ਮੈ ਨ ਹੁਇ ਜੋਤੀ ਸਰੂਪ; ਚਰਨ ਬਿਮੁਖ ਹੋਇ ਪ੍ਰਾਨ ਠਹਰਾਨੇ ਹੈ।

ਮਿਲਿ ਬਿਛਰਤ ਗਤਿ ਪ੍ਰੇਮ ਨ ਬਿਰਹ ਜਾਨੀ; ਮੀਨ ਅਉ ਪਤੰਗ ਮੋਹਿ ਦੇਖਤ ਲਜਾਨੇ ਹੈ।

ਮਾਨਸ ਜਨਮ ਧ੍ਰਿਗੁ ਧੰਨਿ ਹੈ ਤ੍ਰਿਗਦ ਜੋਨਿ; ਕਪਟ ਸਨੇਹ ਦੇਹ ਨਰਕ ਨ ਮਾਨੇ ਹੈ॥੧੪॥

ਸ਼ਬਦ ਅਰਥ: ਸੰਗਮ=ਮਿਲਾਪ, ਬਿਛੋਹ=ਵਿਛੋੜਾ, ਲਜਾਨੇ=ਸ਼ਰਮਾਉਣਾ, ਤ੍ਰਿਗਦ ਜੋਨਿ=ਟੇਡੀਆਂ ਜੂਨੀਆਂ।

ਅਰਥ: ਪਤੰਗਾ; ਦੀਵੇ ਦੀ ਲਾਟ ਦੇ ਮਿਲਾਪ ਦਾ ਨਤੀਜਾ ਨਹੀਂ ਜਾਣਦਾ ਅਤੇ ਆਪਣੇ ਪ੍ਰੇਮੀ-ਦੀਵੇ ਦੀ ਲਾਟ ਤੋਂ ਵਿਛੁੜਨਾ ਨਹੀਂ ਚਾਹੁੰਦਾ, ਭਾਵੇਂ ਦੀਵੇ ਨਾਲ ਮਿਲ ਕੇ ਸੜ ਜਾਂਦਾ ਹੈ ਤੇ ਆਪਣੀ ਜਾਨ ਗੁਆ ਬੈਠਦਾ ਹੈ ਇਸੇ ਤਰ੍ਹਾਂ ਮੱਛੀ ਆਪਣੇ ਪ੍ਰੇਮੀ ਪਾਣੀ ਤੋਂ ਵਿਛੁੜਨਾ ਨਹੀਂ ਚਾਹੁੰਦੀ ਅਤੇ ਆਪਣੇ ਪਿਆਰੇ ਤੋਂ ਵਿਛੁੜਦੇ ਸਾਰ ਪ੍ਰਾਨ ਤਿਆਗ ਦੇਦੀਂ ਹੈ। ਮੱਛੀ ਤੇ ਪਤੰਗਾ ਆਪਣੇ ਪ੍ਰੇਮੀ ਤੋਂ ਵਿਛੁੜਨ ਨਾਲੋਂ ਪ੍ਰਾਨ ਤਿਆਗਣ ਨੂੰ ਪਹਿਲ ਦੇਂਦੇ ਹਨ।

ਮਨੁੱਖ ਜੇ ਇਸ ਤਰ੍ਹਾਂ ਆਪਣੇ ਪਿਆਰੇ ਪ੍ਰੇਮੀ-ਗੁਰੂ ਤੋਂ ਜਾਨ ਨਿਛਾਵਰ ਕਰੇ ਤਾਂ ਉਹ ਉਸ ਜੋਤਿ ਸਰੂਪ ਵਾਹਿਗੁਰੂ ਵਿੱਚ ਹੀ ਲੀਨ ਹੋ ਸਕਦਾ ਹੈ ਪਰ ਇਸ ਦੇ ਵਿਪ੍ਰੀਤ ਉਹ ਆਪਣੀ ਜਾਨ ਬਚਾਉਣ ਨੂੰ ਹੀ ਪਹਿਲ ਦੇਂਦਾ ਹੈ। ਮਨੁੱਖਾਂ ਵਿੱਚ ਇਹ ਕਪਟ ਦੇਖ ਕੇ ਟੇਡੀਆਂ ਜੂਨੀਆਂ ਵੀ ਸ਼ਰਮਾਉਂਦੀਆਂ ਹਨ ਕਿ ਸਭ ਤੋਂ ਉਚੀ ਜ਼ਾਤ ਅਤੇ ਜੀਵਾਂ ਵਿਚ ਸ਼੍ਰੋਮਣੀ ਜੀਵ ਹੁੰਦੇ ਹੋਏ ਵੀ ਮਨੁੱਖ ਆਪਣੇ ਪਿਆਰੇ ਦੇ ਸਨਮੁਖ ਹੋਣ ਦੀ ਬਜਾਏ ਉਸ ਤੋਂ ਬੇਮੁਖ ਹੋ ਜਾਂਦਾ ਹੈ। ਇਸ ਦਾ ਨਤੀਜਾ ਹੀ ਕਿਹਾ ਜਾ ਸਕਦਾ ਹੈ ਕਿ ਇਹ ਭਾਵਨਾ ਦੇਖ ਕੇ ਨਰਕ ਵੀ ਇਹੋ ਜਿਹੇ ਮਨੁੱਖਾਂ ਨੂੰ ਆਪਣੇ ਵਿੱਚ ਥਾਂ ਦੇਣ ਤੋਂ ਇਨਕਾਰੀ ਹੁੰਦੇ ਹਨ ਭਾਵ ਨਰਕ ਦਾ ਮਨ ਵੀ ਨਹੀਂ ਮੰਨਦਾ ਕਿ ਇਹੋ ਜਿਹੇ ਅਕ੍ਰਿਤਘਣਾਂ ਨੂੰ ਆਪਣੇ ਵਿਚ ਰੱਖਿਆ ਜਾਵੇ।

ਵੀਚਾਰ: ਮਨੁੱਖਾ ਜੀਵਨ ਪਸ਼ੂਆਂ ਤੇ ਦੇਵਤਿਆਂ ਦੇ ਵਿਚਕਾਰ ਦਾ ਜੀਵਨ ਮੰਨਿਆ ਜਾਂਦਾ ਹੈ। ਮਨੁੱਖ ਨੂੰ ਰੱਬ ਨੇ ਬੁਧੀ (ਅਕਲ) ਤੇ ਪਰਖ ਕਰਨ ਦੀ ਸਮਰੱਥਾ ਦਿੱਤੀ ਹੋਈ ਹੈ ਤਾਂ ਕਿ ਉਹ ਚੰਗੇ-ਮੰਦੇ ਸੰਗ ਦੀ, ਚੰਗੇ ਮੰਦੇ ਕੰਮ ਦੀ ਪਰਖ ਕਰ ਸਕੇ। ਜੀਵਨ ਰਾਹ ਨੂੰ ਉਸ ਪੱਧਰ ’ਤੇ ਲਿਆ ਸਕੇ ਤਾਂ ਕਿ ਅਖੀਰ ਵੇਲੇ ਉਸ ਨੂੰ ਕਿਸੇ ਕਿਸਮ ਦਾ ਪਛੁਤਾਵਾ ਨਾ ਰਹੇ ਕਿ ਉਹ ਮਨੁੱਖਾ ਜੀਵਨ ਦਾ ਪ੍ਰਯੋਜਨ ਪ੍ਰਾਪਤ ਕਰਨ ਵਿੱਚ ਸਫਲ ਨਹੀਂ ਹੋਇਆ। ਮਨੁੱਖ ਅਗਰ ਅਕਲ ਦੀ ਵਰਤੋਂ ਨਹੀਂ ਕਰਦਾ ਤਾਂ ਉਹ ਪਸ਼ੂਆਂ ਦੇ ਬਰਾਬਰ ਹੀ ਜੀਵਨ ਬਸਰ ਕਰ ਰਿਹਾ ਹੁੰਦਾ ਹੈ। ਪਸ਼ੂਆਂ ਕੋਲ ਅਕਲ ਨਹੀਂ ਹੁੰਦੀ, ਜਿਸ ਕਾਰਨ ਚੰਗੇ ਮੰਦੇ ਦੀ ਪਰਖ ਕਰਨ ਦੀ ਸਮਰੱਥਾ ਨਹੀਂ ਰਹਿੰਦੀ। ਇਸੇ ਕਰ ਕੇ ਪਸ਼ੂ ਕਿਸੇ ਮੰਜ਼ਲ ਦੀ ਪ੍ਰਾਪਤੀ ਤੋਂ ਬਿਨਾ ਹੀ ਆਪਣੀ ਜੂਨੀ ਭੋਗ ਕੇ ਚਲੇ ਜਾਂਦੇ ਹਨ ਪਰ ਅਗਰ ਮਨੁੱਖ ਵੀ ਆਪਣੀ ਮੰਜ਼ਲ (ਰੱਬੀ ਮਿਲਾਪ) ਦੀ ਪ੍ਰਾਪਤੀ ਤੋਂ ਬਿਨਾ ਹੀ ਆਪਣੀ ਮਨੁੱਖਾ-ਜੂਨੀ ਭੋਗ ਕੇ ਚਲਾ ਗਿਆ ਤਾਂ ਵੀਚਾਰਨਾ ਪਵੇਗਾ ਕਿ ਅਜਿਹੇ ਮਨੁੱਖ ਤੇ ਪਸ਼ੂ ਵਿੱਚ ਕੀ ਅੰਤਰ ਹੈ ? ਅਜਿਹੇ ਅਸਫਲ ਜੀਵਨ ਲਈ ਹੀ ਗੁਰੂ ਜੀ ਫ਼ੁਰਮਾਨ ਸੁਣਾ ਰਹੇ ਹਨ ਕਿ ‘‘ਕਰਤੂਤਿ ਪਸੂ ਕੀ, ਮਾਨਸ ਜਾਤਿ ॥’’ (ਮ: ੫/੨੬੭) ਭਾਵ ਜ਼ਿਆਦਾਤਰ ਮਨੁੱਖ ਕੇਵਲ ਜੂਨੀ ਹੀ ਭੋਗ ਰਹੇ ਹਨ ਤੇ ਇਸ ਨੂੰ ਅਜਾਈਂ ਭੋਗ ਕੇ ਇੱਕ ਦਿਨ ਇੱਥੋਂ ਕੂਚ ਕਰ ਜਾਣਗੇ।

ਪਰ ਭਾਈ ਸਾਹਿਬ ਜੀ ਇੱਥੇ ਪਤੰਗੇ ਅਤੇ ਮੱਛੀ ਦੇ ਪ੍ਰੇਮ ਦੀ ਮਿਸਾਲ ਦੇ ਕੇ ਮਨੁੱਖ ਨੂੰ ਅਗਿਆਨਤਾ ਵਿੱਚੋਂ ਜਗਾਉਣ ਦਾ ਯਤਨ ਕਰਦੇ ਹਨ ਕਿ ਮਨੁੱਖ ਨਾਲੋਂ ਇਹਨਾਂ ਟੇਡੀਆਂ ਜੂਨੀਆਂ ਦੀ ਪ੍ਰੀਤ, ਇੱਛਾ ਰਹਿਤ ਹੁੰਦੀ ਹੈ ਭਾਵ ਨਿਹਕਰਮੀ (ਕਾਮਨਾ ਰਹਿਤ) ਹਨ ਪਰ ਮਨੁੱਖ ਨੂੰ ‘‘ਸੇਵਾ ਕਰਤ ਹੋਇ ਨਿਹਕਾਮੀ ॥’’ (ਮ: ੫/੨੮੬) ਸਮਝਾਉਣ ਦੇ ਬਾਵਜ਼ੂਦ ਵੀ ਗੁਰੂ ਨਾਲ ਪ੍ਰੀਤ ਕਰਨ ਦੇ ਬਦਲੇ ਪਦਾਰਥਾਂ ਦੀ ਮੰਗ ਰੱਖਦਾ ਹੈ। ਗੁਰੂ ਅੰਗਦ ਦੇਵ ਜੀ ਫੁਰਮਾਨ ਕਰਦੇ ਹਨ ‘‘ਜਿਸੁ ਪਿਆਰੇ ਸਿਉ ਨੇਹੁ, ਤਿਸੁ ਆਗੈ ਮਰਿ ਚਲੀਐ॥ ਧ੍ਰਿਗ ਜੀਵਣੁ ਸੰਸਾਰਿ, ਤਾ ਕੈ ਪਾਛੈ ਜੀਵਣਾ॥”(ਮ:੨/੮੩) ਭਾਵ ਕਿ ਜਿਸ ਨਾਲ ਪਿਆਰ ਪਾ ਲਿਆ ਜਾਵੇ ਤਾਂ ਕਿਸੇ ਕਿਸਮ ਦਾ ਸ਼ੰਕਾ, ਕਾਮਨਾ ਜਾਂ ਅਹੰਕਾਰ ਮਨ ਵਿੱਚ ਨਹੀਂ ਰੱਖਣਾ ਚਾਹੀਦਾ। ਪਿਆਰੇ ਤੋਂ ਬਗੈਰ ਦੇ ਜੀਵਨ ਨੂੰ ਫਿਟਕਾਰ ਵਾਲਾ ਜੀਵਨ ਕਿਹਾ ਜਾਂਦਾ ਹੈ।

ਅਸਲ ਵਿੱਚ ਮਨੁੱਖ ਦੀ ਬਿ੍ਰਤੀ ਇਹੋ ਜਿਹੀ ਹੈ ਕਿ ਇਹ ਪ੍ਰੀਤ ਉਸ ਨਾਲ ਪਾਂਦਾ ਹੈ ਜਿਸ ਤੋਂ ਕੁਝ ਪਦਾਰਥ (ਲਾਭ) ਮਿਲਦਾ ਹੋਵੇ। ਗੁਰਬਾਣੀ ਅਨੁਸਾਰ ਤਾਂ ਇਸਤ੍ਰੀ ਤੇ ਦੋਸਤ (ਪਤੀ) ਦੀ ਪ੍ਰੀਤ ਵਿੱਚ ਵੀ ਖੋਟ ਹੈ; ਫੁਰਮਾਨ ਹੈ: ‘‘ਕਾਮਣਿ ਲੋੜੈ ਸੁਇਨਾ ਰੁਪਾ, ਮਿਤ੍ਰ ਲੁੜੇਨਿ ਸੁ ਖਾਧਾਤਾ॥’’ (ਮ:੧/੧੫੫) ਭਾਵ ਇਸਤ੍ਰੀ ਦੀ ਪਤੀ ਨਾਲ ਪ੍ਰੀਤ ਸੋਨਾ, ਚਾਂਦੀ ਪ੍ਰਾਪਤ ਕਰਨ ਤੱਕ ਹੈ ਤੇ ਦੋਸਤ ਦੀ ਖਾਣ ਪੀਣ ਤੱਕ। ਇਸ ਲਈ ਮਨੁੱਖ ਦੀ ਪ੍ਰੀਤ ਕਪਟ ਭਰੀ ਹੀ ਹੈ। ਗੁਰਬਾਣੀ ਅਨੁਸਾਰ ਇਸ ਤਰ੍ਹਾਂ ਦੇ ਮਨੁੱਖ ਨੂੰ ਆਸ਼ਕ ਨਹੀਂ ਮੰਨਿਆ ਜਾਂਦਾ: ‘‘ਆਸਕੁ ਇਹੁ ਨ ਆਖੀਐ, ਜਿ ਲੇਖੈ ਵਰਤੈ ਸੋਇ॥’’ (ਮ:੨/੪੭੪) ਪਰ ਮਨੁੱਖ ਇਨ੍ਹਾਂ ਕੀਮਤੀ ਬਚਨਾਂ ਤੋਂ ਲਾਭ ਉਠਾਉਣ ਦੀ ਬਜਾਏ ਪਸ਼ੂ ਬ੍ਰਿਤੀ ਨੂੰ ਜਿਉਂ ਦਾ ਤਿਉਂ ਬਣਾਏ ਰੱਖਣਾ ਚਾਹੁੰਦਾ ਹੈ ਇਸ ਨੂੰ ਇਤਨੀ ਸਮਝ ਨਹੀਂ ਕਿ ਜੇ ਗੁਰੂ ਨਾਲ ਵਾਸ਼ਨਾ ਰਹਿਤ ਤੇ ਸੱਚੀ ਪ੍ਰੀਤ ਪਾਈ ਜਾਵੇ ਤਾਂ ਗੁਰੂ, ਮਨੁੱਖ ਨੂੰ ਦੇਵਤਿਆਂ ਦੇ ਪੱਧਰ ’ਤੇ ਲੈ ਜਾਂਦਾ ਹੈ: ‘‘ਬਲਿਹਾਰੀ ਗੁਰ ਆਪਣੇ, ਦਿਉਹਾੜੀ ਸਦ ਵਾਰ॥ ਜਿਨਿ ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ॥’’ (ਮ:੧/੪੬੨) ਸਿਰਫ ਇਤਨਾ ਹੀ ਨਹੀਂ, ਸਗੋਂ ਗੁਰੂ, ਉਸ ਦੀ ਪਰਮਾਤਮਾ ਵਿਚ ਲੀਨਤਾ ਕਰਾ ਦੇਂਦਾ ਹੈ ਅਤੇ ਉਸ ਦਾ (ਵਾਰ-ਵਾਰ ਪਸ਼ੂਆਂ ਵਾਂਗ) ਜਨਮ ਮਰਨ ਦੇ ਗੇੜ ਤੋਂ ਛੁਟਕਾਰਾ ਹੋ ਜਾਂਦਾ ਹੈ ਜਿਸ ਨਰਕ (ਗੇੜ) ਪ੍ਰਤੀ ਭਾਈ ਗੁਰਦਾਸ ਜੀ ਆਗਾਹ ਕਰਦੇ ਹੋਏ ਬਿਆਨ ਕਰਦੇ ਹਨ ਕਿ ਅਜਿਹੇ ਮਨੁੱਖਾਂ ਨੂੰ ਨਰਕ ਵੀ ਸ਼ਰਨ ਦੇਣ ਤੋਂ ਮੁਨਕਰ ਹਨ।