ਕਬੀਰ ਨਉਬਤਿ ਆਪਨੀ

0
263

ਕਬੀਰ ਨਉਬਤਿ ਆਪਨੀ

ਸੁਰਜਨ ਸਿੰਘ-90414-09041, ਮੋਹਾਲੀ।

ਕਬੀਰ ਨਉਬਤਿ ਆਪਨੀ ਦਿਨ ਦਸ ਲੇਹੁ ਬਜਾਇ॥ ਪੰਨਾ ੧੩੬੮। ਹੇ ਕਬੀਰ! ਜੇ ਤੂੰ ਨਹੀਂ ਸੁਣਦਾ ਤਾਂ ਨਾ ਸੁਣ, ਤੇਰੀ ਮਰਜ਼ੀ। ਪਰ ਇਹ ਮਨਮਾਨੀ ਕੁਝ ਹੀ ਦਿਨਾਂ ਦੀ ਹੈ। ਮੌਤ ਦੇ ਠੇਂਗੇ ਦਾ ਖ਼ਿਆਲ ਰੱਖ। ਗੁਣਾਂ ਨੂੰ ਅਪਣਾ। ਔਗੁਣਾਂ ਨੂੰ ਛੱਡ। ਪਰ ਗੁਣ ਅਪਨਾਉਣ ਲਈ ਆਪਾ ਭਾਵ ਵਲੋਂ ਮਰਨਾ ਪੈਂਦਾ ਹੈ। ਗੁਨ ਕਉ ਮਰੀਅੇ ਰੋਇ (ਪੰਨਾ ੧੩੬੮)।

ਅਸੀਂ ਗੁਰਬਾਣੀ ਪੜ੍ਹਦੇ ਹਾਂ, ਅਰਥ ਵਿਆਖਿਆ ਵੀ ਕਰਦੇ ਹਾਂ। ਪਰਚਾਰ ਵੀ ਕਰਦੇ ਹਾਂ ਪਰ ਬੜੇ ਦੁਖ ਦੀ ਗੱਲ ਹੈ ਕਿ ਅਮਲੀ ਜਿੰਦਗੀ ਵਿੱਚ ਗੁਰਬਾਣੀ ਦੇ ਉਪਦੇਸ਼ ਨੂੰ ਕੁਝ ਗਿਣੇ ਚੁਣੇ ਪਰਚਾਰਕ ਹੀ ਖ਼ੁਦ ਅਪਣਾਉਂਦੇ ਹਨ। ਜ਼ਿਆਦਾਤਰ, ਪਰਚਾਰ ਕਰਨ ਵਾਲੇ ਇਹੋ ਸਮਝਦੇ ਹਨ ਕਿ ਇਨ੍ਹਾਂ ਦਾ ਕੰਮ ਦੂਜਿਆਂ ਨੂੰ ਸਮਝਾਉਣਾ ਹੈ (sermons are for others)। ਅਵਰ ਉਪਦੇਸੈ ਆਪਿ ਨ ਕਰੈ॥ ਆਵਤ ਜਾਵਤ ਜਨਮੈ ਮਰੈ॥ (ਪੰਨਾ ੨੬੯, ਗਉੜੀ ਸੁਖਮਨੀ)। ਕਿੰਨਾ ਸਪਸ਼ਟ ਹੈ ਸੁਖਮਨੀ ਸਾਹਿਬ ਦਾ ਉਪਦੇਸ਼। ਸੁਖਮਨੀ ਸਾਹਿਬ ਦਾ ਪਾਠ ਸਿੱਖ ਜਗਤ ਵਿੱਚ ਇੱਕ ਰਸਮ ਜਿਹੀ ਬਣ ਕੇ ਰਹਿ ਗਿਆ ਹੈ ਕਿਉਂਕਿ ਇਸ ਦਾ ਪਾਠ ਤਾਂ ਬਹੁਤ ਜਨਤਕ ਹੈ ਪਰ ਇਸ ਦੇ ਉਪਦੇਸ਼ ਨੂੰ ਕੋਈ ਕੋਈ ਸਿਖ ਹੀ ਅਮਲੀ ਤੌਰ ’ਤੇ ਅਪਣਾ ਰਿਹਾ ਹੈ।

ਸਿੱਖ ਪਰਚਾਰਕਾਂ ਨੂੰ ਆਪਣੇ ਆਪ ਨੂੰ ਸਿੱਖ ਗੁਰੂ ਸਾਹਿਬਾਨ ਦੀ ਸਿਰਜੀ ਸਿੱਖੀ ਵਿੱਚ ਢਾਲਣ ਦੀ ਲੋੜ ਹੈ (ਬਾਹਰੀ ਪਹਿਰਾਵੇ ਦੇ ਨਾਲ-ਨਾਲ ਧੁਰ ਅੰਦਰੋਂ ਵੀ)। ਸਿੱਖ ਪਰਚਾਰਕ ਜੇ ਆਪਣੇ ਆਪ ਨੂੰ ਸਾਧ ਲੈਣ ਤਾਂ ਸਿੱਖ ਜਗਤ ’ਚ ਆ ਚੁੱਕੀ ਗਿਰਾਵਟ ਬਹੁਤ ਹੱਦ ਤਕ ਦੂਰ ਹੋ ਸਕਦੀ ਹੈ। ਪਰ ਪਰਚਾਰਕਾਂ ਦੀਆਂ ਆਪੋ ਆਪਣੀਆਂ ਮਜਬੂਰੀਆ ਹਨ। ਕਈ ਪਰਚਾਰਕ ਸਿਆਸੀ ਪਾਰਟੀਆਂ ਦੇ ਦਬਾਅ ਥੱਲੇ ਹਨ ਅਤੇ ਕਈਆਂ ਨੇ ਇਹ ਕਿੱਤਾ ਬਤੌਰ ਪੇਸ਼ਾ ਫੜਿਆ ਹੈ। ਇਨ੍ਹਾਂ ਸ਼ਰੇਣੀਆਂ ਦੇ ਪਰਚਾਰਕ ਉਹੀ ਬੋਲਦੇ ਹਨ ਜੋ ਸਿਆਸੀ ਪਾਰਟੀਆਂ ਜਾਂ ਸ੍ਰੋਤਿਆਂ ਦੀ ਬਹੁਗਿਣਤੀ ਨੂੰ ਅਤੇ ਪ੍ਰਬੰਧਕਾਂ ਨੂੰ ਚੰਗਾ ਲਗਦਾ ਹੈ। ਗੁਰਦੁਆਰਿਆਂ ਵਿੱਚ ਨਿਯੁਕਤ ਗ੍ਰੰਥੀ / ਰਾਗੀ, ਸਿੱਖ ਮਰਯਾਦਾ ਵਿਰੁੱਧ ਪ੍ਰਬੰਧਕਾਂ ਦੀਆਂ ਗਤੀਵਿਧੀਆ ’ਤੇ ਨਹੀਂ ਬੋਲ ਸਕਦੇ ਕਿਉਂਕਿ ਨੌਕਰੀ ਜਾਣ ਦਾ ਖ਼ਤਰਾ ਹੁੰਦਾ ਹੈ। ਧਾਰਮਿਕ ਸਮਾਗਮਾਂ ’ਤੇ ਪਰਚਾਰਕ ਆਮ ਤੌਰ ’ਤੇ ਪ੍ਰਬੰਧਕਾਂ ਦੇ ਸਿੱਖੀ ਵਿਰੁੱਧ ਰੱਵਈਏ ’ਤੇ ਨਹੀਂ ਬੋਲ ਸਕਦੇ ਕਿਉਂਕਿ ਇਸ ਤਰ੍ਹਾਂ ਨਾਲ ਉਨ੍ਹਾਂ ਨੂੰ ਸਮਾਗਮਾਂ ਲਈ ਬੁਲਾਉਣ ਵਾਲਿਆਂ ਦੀ ਗਿਣਤੀ ਘੱਟਣ ਦਾ ਖ਼ਦਸ਼ਾ ਹੁੰਦਾ ਹੈ ਅਤੇ ਆਮਦਨ ਵੀ ਘੱਟ ਸਕਦੀ ਹੈ।

ਅੱਜ ਕਲ ਸਮਾਜ ’ਚ ਪਦਾਰਥਵਾਦ ਪ੍ਰਧਾਨ ਹੈ ਅਤੇ ਇਸ ਦੇ ਪ੍ਰਭਾਵ ਤੋਂ ਬਚਣਾ ਕੋਈ ਸੌਖੀ ਗੱਲ ਨਹੀਂ। ਅਜੋਕੇ ਸਮੇਂ ਵਿੱਚ ਜ਼ਿੰਦਗੀ ਦੀਆਂ ਜਾਇਜ਼ ਲੋੜਾਂ ਪੂਰੀਆਂ ਕਰਨ ਲਈ ਪੈਸਾ ਚਾਹੀਦਾ ਹੈ। ਗੁਰਦੁਆਰਿਆਂ ਕੋਲ ਪੈਸੇ ਦੀ ਕਮੀ ਨਹੀਂ ਅਤੇ ਗੁਰਦੁਆਰੇ ਪੈਸੇ ਨੂੰ ਭਲੇ ਕੰਮਾਂ ਲਈ ਵਰਤਦੇ ਵੀ ਹੋਣਗੇ। ਪਰ ਗ੍ਰੰਥੀਆਂ / ਰਾਗੀਆਂ ਨੂੰ ਵਾਜਬ ਤਨਖਾਹ ਦੇਣਾ ਵੀ ਗੁਰਦੁਵਾਰਿਆਂ ਦੀ ਜ਼ਰੂਰੀ ਜ਼ਿੰਮੇਵਾਰੀ ਹੈ। ਗ੍ਰੰਥੀਆਂ / ਰਾਗੀਆਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਅਗਰ ਉਨ੍ਹਾਂ ਨੂੰ ਵਾਜਬ ਤਨਖਾਹ ਮਿਲਦੀ ਹੈ ਤਾਂ ਉਨ੍ਹਾਂ ਨੂੰ ਤਿ੍ਰਸਨਾਵੀ ਰੁਚੀ ਤੋਂ ਬਚਣ ਦੀ ਲੋੜ ਹੈ ਕਿਉਂਕਿ ਉਹ ਸਿੱਖ ਧਰਮ ਦੇ ਪਰਚਾਰਕ ਹਨ। ਪ੍ਰਬੰਧਕਾਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਗ੍ਰੰਥੀ / ਪਰਚਾਰਕ ਸਿੱਖ ਮਰਯਾਦਾ ਦਾ ਪਰਚਾਰ ਕਰਨ ਲਈ ਹਨ ਨਾ ਕਿ ਉਨ੍ਹਾਂ ਦੀ ਗ਼ਲਤ ਵਿਚਾਰਧਾਰਾ ਨੂੰ ਟੋ (toe) ਕਰਨ ਵਾਸਤੇ। ਪਰਚਾਰ ਪੱਖੋਂ ਇਹ ਸੁਧਾਰ ਜ਼ਰੂਰੀ ਹੈ ਕਿਉਂਕਿ ਪਰਚਾਰ ਇੱਕ ਕਾਰਗਰ ਸਾਧਨ ਹੈ। ਸਿਰਫ ਲੇਖ ਲਿਖ-ਲਿਖ ਕੇ ਜਾਂ ਲੈਕਚਰ ਦੇ-ਦੇ ਕੇ ਇਹ ਸੁਧਾਰ ਹੋ ਜਾਣਾ ਅਸੰਭਵ ਹੈ ਭਾਵੇਂ ਲੇਖ ਲਿਖਣੇ, ਲੈਕਚਰ ਦੇਣੇ ਵੀ ਜ਼ਰੂਰੀ ਹਨ ਪਰ ਇਸ ਸੁਧਾਰ ਵਾਸਤੇ ਸਿੱਖੀ ਨੂੰ ਸਮਰਪਿਤ ਗਿਆਨਵਾਨ ਸਿੱਖਾਂ ਨੂੰ ਇੱਕ ਜੁੱਟ ਹੋ ਕੇ ਜ਼ਮੀਨੀ ਸਤਹ ਤੇ ਕੰਮ ਕਰਨ ਦੀ ਯੋਜਨਾ ਬਨਾਉਣ ਦੀ ਲੋੜ ਹੈ। ਇਸ ਸਮੇਂ ਦਾ ਸਭ ਤੋਂ ਜ਼ਰੂਰੀ ਮੁੱਦਾ ਸਿੱਖੀ ਨੂੰ ਪਤਨ ਤੋਂ ਬਚਾਉਣਾ ਹੈ। ਜਿੰਨਾਂ ਚਿਰ ਸਿੱਖੀ ਦੇ ਪਤਨ ਵਿੱਚ ਸੁਧਾਰ ਹੋਣਾ ਸ਼ੁਰੂ ਨਹੀਂ ਹੋ ਜਾਂਦਾ ਉਨਾ ਚਿਰ ਸਾਨੂੰ ਇਸ ਮੁੱਦੇ ਦੇ ਮੁਕਾਬਲੇ ਤੇ ਗ਼ੈਰ ਜ਼ਰੂਰੀ ਮੁੱਦਿਆਂ ਨੂੰ ਗੌਣ ਸ਼ਰੇਣੀ ਵਿੱਚ ਰੱਖ ਲੈਣਾ ਚਾਹੀਦਾ ਹੈ। ਸਾਨੂੰ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਕਿਤੇ ਦੂਜਿਆਂ ਮੁੱਦਿਆਂ ਵਿੱਚ ਉਲਝੇ ਰਹਿਣ ਕਰਕੇ ਸਿੱਖੀ ਪਤਨ ਵਲ ਨੂੰ ਹੀ ਨਾ ਤੁਰੀ ਜਾਵੇ। ਐਸਾ ਨਾ ਹੋ ਕਿ ‘ਕਾਰਵਾਂ ਗੁਜ਼ਰ ਗਿਆ ਗ਼ੁਬਾਰ ਦੇਖਤੇ ਰਹੇ।’