‘ਗੁਰੂ ਰਵਿਦਾਸ ਜੀ ਅਤੇ ਉਸ ਦੇ ਸੇਵਕ’
ਮੇਜਰ ਸਿੰਘ ‘ਬੁਢਲਾਡਾ’, 94176 42327, 90414 06713
ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰੁ ੩
ੴ ਸਤਿਗੁਰ ਪ੍ਰਸਾਦਿ ॥
ਦੂਧੁ ਤ ਬਛਰੈ ਥਨਹੁ ਬਿਟਾਰਿਓ॥ ਫੂਲੁ ਭਵਰਿ ਜਲੁ ਮੀਨਿ ਬਿਗਾਰਿਓ॥੧॥ ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ॥ ਅਵਰੁ ਨ ਫੂਲੁ ਅਨੂਪੁ ਨ ਪਾਵਉ॥੧॥ ਰਹਾਉ॥ ਮੈਲਾਗਰ ਬੇਰ੍ਹੇ ਹੈ ਭੁਇਅੰਗਾ॥ ਬਿਖੁ ਅੰਮਿ੍ਰਤੁ ਬਸਹਿ ਇਕ ਸੰਗਾ ॥੨॥ ਧੂਪ ਦੀਪ ਨਈਬੇਦਹਿ ਬਾਸਾ॥ ਕੈਸੇ ਪੂਜ ਕਰਹਿ ਤੇਰੀ ਦਾਸਾ॥੩॥ ਤਨੁ ਮਨੁ ਅਰਪਉ ਪੂਜ ਚਰਾਵਉ॥ ਗੁਰ ਪਰਸਾਦਿ ਨਿਰੰਜਨੁ ਪਾਵਉ॥੪॥ ਪੂਜਾ ਅਰਚਾ ਆਹਿ ਨ ਤੋਰੀ॥ ਕਹਿ ਰਵਿਦਾਸ ਕਵਨ ਗਤਿ ਮੋਰੀ॥੫॥ ਗੂਜਰੀ (ਭ. ਰਵਿਦਾਸ/੫੨੫)
ਇਸ ਦੇਸ਼ ਦੇ ਸੱਚੇ-ਸੁੱਚੇ ਉਚ ਕੋਟੀ ਦੇ ਮਹਾਂਪੁਰਸ਼ਾਂ ਨੇ ਮੂਰਤੀ ਪੂਜਾ ਦਾ ਵਿਰੋਧ ਕੀਤਾ ਹੈ; ਜਿਹਨਾਂ ਵਿਚ ਗੁਰੂ ਰਵਿਦਾਸ ਜੀ ਵੀ ਆਉਂਦੇ ਹਨ। ਉਪਰੋਕਤ ਸਬਦ ਗੁਰੂ ਰਵਿਦਾਸ ਦਾ ਮੂਰਤੀ ਪੂਜਾ ਦੇ ਵਿਰੋਧ ਵਿਚ ਹੈ।
ਮੂਰਤੀ ਭਾਵੇਂ ਪੱਥਰ ਦੀ ਹੋਵੇ ਭਾਵੇਂ ਹੀਰੇ ਜਵਾਰਾਤ ਨਾਲ ਜੜ੍ਹੀ ਸੋਨੇ ਦੀ ਹੋਵੇ, ਭਾਵੇਂ ਕਿਸੇ (ਦੇਵੀ-ਦੇਵਤੇ) ਦੀ ਵੀ ਹੋਵੇ ਤੇ ਭਾਵੇਂ ਗੁਰੂ ਰਵਿਦਾਸ ਜੀ ਦੀ ਹੀ ਕਿਉਂ ਨਾ ਹੋਵੇ। ਉਪਰੋਕਤ ਸ਼ਬਦ ਸਾਰੀਆਂ ਹੀ ਮੂਰਤੀਆਂ ਲਈ ਹੈ, ਨਾ ਕਿ ਕਿਸੇ ਵਿਸ਼ੇਸ਼ ਮੂਰਤੀ ਲਈ ਕਿਉਂਕਿ ਮੂਰਤੀ ਕੋਈ ਵੀ ਹੋਵੇ ਕਿਸੇ ਦਾ ਕੁਝ ਸਵਾਰ ਤੇ ਵਿਗਾੜ ਨਹੀਂ ਸਕਦੀ। ਇਹਦੇ ਮੂਹਰੇ ਜਿਨੇ ਮਰਜੀ ਮਹਿੰਗੇ ਤੇ ਚੰਗੇ ਪਦਾਰਥ ਰੱਖੋ, ਜਿਨੇ ਮਰਜੀ ਸ਼ਬਦ ਗਾਓ, ਅਰਦਾਸ ਬੇਨਤੀਆਂ ਕਰੋ, ਕੋਈ ਅਸਰ ਨਹੀਂ ਹੋਵੇਗਾ ਕਿਉਂਕਿ ਇਹ ਬੇਜ਼ਾਨ ਹੈ। ਉਪਰੋਕਤ ਸ਼ਬਦ ਰਾਹੀਂ ਦੱਸਿਆ ਗਿਆ ਹੈ ਕਿ ਜਿਹਨਾਂ ਚੀਜ਼ਾਂ ਨਾਲ ਮੂਰਤੀਆਂ ਦੀ ਪੂਜਾ ‘ਧੂਫ, ਫੁੱਲ, ਦੁੱਧ, ਚੰਦਨ ਆਦਿ ਨਾਲ’ ਕੀਤੀ ਜਾਂਦੀ ਹੈ ਇਹ ਪਦਾਰਥ ਤਾਂ ਪਹਿਲਾਂ ਹੀ ਜੂਠੇ ਹੁੰਦੇ ਹਨ।
‘‘ਪਾਤੀ ਤੋਰੈ ਮਾਲਿਨੀ, ਪਾਤੀ ਪਾਤੀ ਜੀਉ॥ ਜਿਸੁ ਪਾਹਨ ਕਉ ਪਾਤੀ ਤੋਰੈ, ਸੋ ਪਾਹਨ ਨਿਰਜੀਉ॥’’ ਆਸਾ (ਭਗਤ ਕਬੀਰ/੪੭੯)
‘‘ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥ ਜੇ ਓਹੁ ਦੇਉ, ਤ ਓਹੁ ਭੀ ਦੇਵਾ॥ ਕਹਿ ਨਾਮਦੇਉ, ਹਮ ਹਰਿ ਕੀ ਸੇਵਾ॥’’ ਗੂਜਰੀ (ਭਗਤ ਨਾਮਦੇਵ/੫੨੫)
ਇਸ ਤਰ੍ਹਾਂ ਗੁਰਬਾਣੀ ਵਿਚ ਅਨੇਕਾਂ ਸ਼ਬਦ ਹਨ, ਜੋ ਮੂਰਤੀ ਪੂਜਾ ਦਾ ਖੰਡਨ ਕਰਦੇ ਹਨ। ਹੈਰਾਨੀ ਤੇ ਦੁੱਖ ਦੀ ਗੱਲ ਹੈ ਕਿ ਜਿਸ ਮਹਾਂਪੁਰਸ਼ ਨੇ ਮੂਰਤੀ ਪੂਜਾ ਦਾ ਵਿਰੋਧ ਕਰਕੇ ਬ੍ਰਾਹਮਣਵਾਦ ਵਿਰੁੱਧ ਬਗਾਵਤ ਕੀਤੀ ਤੇ ਅੱਜ ਉਸੇ ਮਹਾਂਪੁਰਸ਼ (ਗੁਰੂ ਰਵਿਦਾਸ ਜੀ) ਦੀਆਂ ਮੂਰਤੀਆਂ ਅੱਗੇ ਥਾਲ ਵਿਚ ਦੀਵੇ ਧਰ ਕੇ ਘੁੰਮਾਏ ਜਾ ਰਹੇ ਹਨ, ਆਰਤੀਆਂ ਉਤਾਰੀਆਂ ਜਾ ਰਹੀਆਂ ਹਨ। ਜਦੋਂ ਕਿ ‘ਰਵਿਦਾਸ ਜੀ’ ‘‘ਨਾਮ ਤੇਰੋ ਆਰਤੀ’’ ਸ਼ਬਦ ਵਿਚ ਇਹੋ ਜਿਹੀ ਆਰਤੀ ਦਾ ਖੰਡਨ ਕਰਦੇ ਹਨ। ਹੁਣ ਤਾਂ ਬ੍ਰਾਹਮਣੀ ਤਰਜ਼ ’ਤੇ ਪੂਜਾ ਹੀ ਨਹੀਂ ‘ਜਗਰਾਤੇ’ ਵੀ ਕਰਵਾਏ ਜਾ ਰਹੇ ਹਨ। ਇਹ ਲੋਕ ਨਾਲੇ ਬ੍ਰਾਹਮਣਵਾਦ ਨੂੰ ਪਾਣੀ ਪੀ-ਪੀ ਕੋਸਦੇ ਹਨ, ਨਾਲੇ ਉਹਨਾਂ ਵਾਲੇ ਸਾਰੇ ਕੰਮ ਵੀ ਕਰੀ ਜਾਂਦੇ ਹਨ ਅਤੇ ਅਖਵਾਉਂਦੇ ਨੇ ਗੁਰੂ ਰਵਿਦਾਸ ਜੀ ਦੇ ਸੇਵਕ।
ਬ੍ਰਾਹਮਣਵਾਦੀਆਂ ਨੇ ਗੁਰੂ ਰਵਿਦਾਸ ਜੀ ਨੂੰ ਆਪਣੇ ਖਿਲਾਫ ਪ੍ਰਚਾਰ ਤੋ ਰੋਕਣ ਲਈ ਅਨੇਕਾਂ ਯਤਨ ਕੀਤੇ, ਰਾਜ ਦਰਵਾਰੇ ਸ਼ਕਾਇਤਾਂ ਕੀਤੀਆਂ ਗਈਆਂ, ਜਿਥੇ ਗੁਰੂ ਰਵਿਦਾਸ ਜੀ ਦੀਆਂ ਦਲੀਲਾਂ ਅੱਗੇ ਬਿਪਰ ਲੋਕ ਖੜ੍ਹ ਨਾ ਸਕੇ, ਮਾਰਨ ਦੀਆਂ ਵਿਊਤਾਂ ਸਿਰੇ ਨਾ ਚੜ੍ਹੀਆਂ, ਸਾਧੂ ਦੇ ਭੇਸ ਵਿਚ ‘ਪਾਰਸ’ ਦੇ ਲਾਲਚ ਦਿੱਤੇ, ਸੋਨੇ ਦੀਆਂ ਮੋਹਰਾਂ ਵੀ ਡੇਗੀਆਂ ਜਾਂਦੀਆਂ ਰਹੀਆਂ ਪਰ ਗੁਰੂ ਰਵਿਦਾਸ ਜੀ, ਕਿਸੇ ਢੰਗ ਨਾਲ ਵੀ ਇਹਨਾਂ ਦੇ ਕਾਬੂ ਨਹੀਂ ਸੀ ਆਏ ਪਰ ਅੱਜ ਉਸ ਦੇ ਸੇਵਕ ਬਿਪਰ ਦੀ ਵਿਚਾਰਧਾਰਾ ਅਪਣਾਕੇ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਦੇ ਉਲਟ ਉਸ ਦੀਆਂ ਹੀ ਮੂਰਤੀਆਂ ਬਣਵਾ ਕੇ ਵੱਡੀ ਪੱਧਰ ’ਤੇ ‘ਬ੍ਰਾਹਮਣੀ ਕਰਮ’ ਕਰਨ ’ਤੇ ਲੱਗੇ ਹੋਏ ਹਨ।
ਮੂਰਤੀ ਪੂਜਾ ਦਾ ਜਿਹਨੇ ਵਿਰੋਧ ਕੀਤਾ, ਮੂਰਤੀ ਉਸੇ ਦੀ ਬਣਵਾ ਲੋਕੋ!
ਬਿੱਪਰਵਾਦ ਤਾੜੀਆਂ ਮਾਰ ਹੱਸੇ, ਰਿਹਾ ‘ਰਹਿਬਰਾਂ’ ਨੂੰ ਅੰਗੂਠਾ ਦਿਖਾ ਲੋਕੋ!