ਕਤਲ ਕਰਨੇ ਕਰਾਉਣੇ ਸੂਰਮਗਤੀ ਨਹੀਂ

0
267

ਕਤਲ ਕਰਨੇ ਕਰਾਉਣੇ ਸੂਰਮਗਤੀ ਨਹੀਂ

ਰਸ਼ਪਾਲ ਸਿੰਘ ਹੁਸ਼ਿਆਰਪੁਰ- 98554-40151

ਗੁਰੂਆਂ, ਭਗਤਾਂ ਅਤੇ ਸੰਤ ਸਿਪਾਹੀਆਂ ਦੀ ਧਰਤੀ ਦਾ ਬਾਸ਼ਿੰਦਾ ਸੂਰਮਗਤੀ ਦੇ ਗਿਆਨ ਤੋਂ ਵਾਂਝਾ ਹੋ ਕੁਰਾਹੇ ਪੈ ਗਿਆ ਜਾਪਦਾ ਹੈ। ਕਾਰਨ ਕਿ ਉਸ ਦਾ ਮਾਰਗ-ਦਰਸ਼ਕ ਹਿੰਸਕ ਗਾਉਣ-ਵਜਾਉਣ ਅਤੇ ਅਨੈਤਿਕ ਸੱਤਾ ਦੀ ਸ਼ਕਤੀ ਬਣ ਗਏ ਹਨ। ਵਿਕਰਮਜੀਤ ਸਿੰਘ ਵਿੱਕੀ ਮਿੱਡੂ ਖੇੜਾ ਦੇ ਕਤਲ ਦਾ ਦ੍ਰਿਸ਼ ਦੇਖ ਕੇ ਦਿਲ ਦਹਿਲਦਾ ਹੈ ਕਿ ਕਿੰਨੀ ਜ਼ਹਿਰ ਨਾਲ ਕਹਿਰ ਕੀਤਾ ਗਿਆ। ਇਕ ਫ਼ਿਲਮ ਜਾਂ ਨਾਟਕ ਦੀ ਹੁਬਹੂ ਨਕਲ ਨਜ਼ਰ ਪੈਂਦੀ ਹੈ। ਭੱਜੇ ਜਾਂਦੇ ਨੌਜਵਾਨ ’ਤੇ ਦਇਆ ਤਰਸ ਕਰਕੇ ਜਾਨ ਬਖਸ਼ ਦੇਂਦੇ। ਬੇਸ਼ੱਕ ਲਲਕਾਰਾ ਮਾਰ ਭਵਿੱਖ ਲਈ ਚਿਤਾਵਨੀ ਦੇ ਦੇਂਦੇ ਜੇ ਕਿਤੇ ਉਹ ਗੁਨਾਹਗਾਰ ਵੀ ਸੀ। ਗੁਰੂ ਨਾਨਕ ਸਾਹਿਬ ਜੀ ਵੱਲੋਂ ਧਰਮ ਦੀ ਵਿਆਖਿਆ ਵਿੱਚ ਧਰਮ ਨੂੰ ਦਇਆ ਦਾ ਪੁੱਤਰ ਪ੍ਰਵਾਨਿਆ ਗਿਆ ਹੈ। ਮਸਲਾ ਇਕੱਲੇ ਵਿੱਕੀ ਮਿੱਡੂ ਖੇੜਾ ਦੇ ਕਤਲ ਦਾ ਨਹੀਂ ਬਲਕਿ ਨਿਰੰਤਰ ਸਿਲਸਲੇਵਾਰ ਕਤਲ ਕਰਨ ਕਰਾਉਣ ਦੇ ਰੁਝਾਨਾਂ ਦਾ ਹੈ। ਮਾਪਿਆਂ ਅਤੇ ਭੈਣਾਂ-ਭਰਾਵਾਂ ਦੀਆਂ ਜ਼ਖ਼ਮੀ ਜ਼ਿੰਦੜੀਆਂ ਦੀਆਂ ਕਲੇਜੇ ਧੂਹ ਪਾਉਂਦੀਆਂ ਚੀਖਾਂ ਬਾਰੇ ਸੋਚ ਕੇ ਦੇਖੀਏ। ਰੁੱਸੇ ਨੂੰ ਮਨਾਇਆ ਨਹੀਂ, ਡਿੱਗਦੇ ਨੂੰ ਉਠਾਇਆ ਨਹੀਂ ਅਤੇ ਰੋਂਦੇ ਨੂੰ ਹਸਾਇਆ ਨਹੀਂ ਤਾਂ ਫਿਰ ਸੂਰਮੇ ਕਾਹਦੇ।

ਸ਼ਾਂਤੀ ਦੇ ਪੁੰਜ ਅਤੇ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਨੇ ਸੂਰਮੇ ਦੀ ਡੂੰਘੀ ਤੇ ਬੜੀ ਸਰਲ ਪਰਿਭਾਸ਼ਾ ਮਨੁੱਖਤਾ ਦੇ ਸਾਮ੍ਹਣੇ ਰੱਖੀ ਹੈ। ਫੁਰਮਾਨ ਹੈ ‘‘ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ; ਸੋ ਕਹੀਅਤ ਹੈ ਸੂਰਾ   ਆਤਮ ਜਿਣੈ, ਸਗਲ ਵਸਿ ਤਾ ਕੈ; ਜਾ ਕਾ ਸਤਿਗੁਰੁ ਪੂਰਾ ’’ (ਮਹਲਾ /੬੭੯)

ਜਿਸ ਦੇ ਹਿਰਦੇ ਅੰਦਰ ਪ੍ਰਭੂ ਦਾ ਪਿਆਰ ਪੈਦਾ ਹੋ ਗਿਆ, ਉਹ ਹੀ ਇਸ ਯੁੱਗ ਵਿੱਚ ਸੂਰਮਾ ਹੈ। ਪੂਰੇ ਗੁਰੂ ਦੀ ਬਦੌਲਤ ਉਹ ਆਪਣੇ ਮਨ ਨੂੰ ਜਿੱਤ ਲੈਂਦਾ ਹੈ। ਸਾਰੀ ਸ੍ਰਿਸ਼ਟੀ ਉਸ ਦੇ ਵਸ ਵਿੱਚ ਆ ਜਾਂਦੀ ਹੈ। ਆਤਮ-ਮੰਥਨ ਕਰੀਏ ਕਿ ਕੀ ਸਾਡੇ ਕੋਲ ਅਜਿਹੀ ਸੂਰਮਗਤੀ ਹੈ ? ਜੇ ਕੋਈ ਭਰਮ-ਭੁਲੇਖਾ ਹੈ ਤਾਂ ਭਗਤ ਕਬੀਰ ਸਾਹਿਬ ਜੀ ਨਾਲ ਗੱਲ ਕਰ ਲਈਏ ‘‘ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ   ਪੁਰਜਾ ਪੁਰਜਾ ਕਟਿ ਮਰੈ; ਕਬਹੂ ਛਾਡੈ ਖੇਤੁ ’’ (ਭਗਤ ਕਬੀਰ/੧੧੦੫) ਭਾਵ ਸੂਰਮਾ ਉਹ ਹੈ ਜੋ ਗਰੀਬਾਂ ਦੀ ਖ਼ਾਤਰ ਲੜਦਾ ਹੈ। ਟੋਟੇ ਟੋਟੇ ਹੋ ਮਰ ਜਾਂਦਾ ਹੈ ਪਰ ਗ਼ਰੀਬ ਦੀ ਫੜੀ ਹੋਈ ਬਾਂਹ ਨਹੀਂ ਛੱਡਦਾ। ਭਗਤ ਕਬੀਰ ਸਾਹਿਬ ਜੀ ਇਹ ਵੀ ਜ਼ਿਕਰ ਕਰਦੇ ਹਨ ਕਿ ਅਜਿਹੇ ਸੂਰਮੇ ਆਪਣੇ ਅੰਦਰਲੇ ਵਿਕਾਰਾਂ ਨੂੰ ਵੀ ਮਾਰ ਚੁੱਕੇ ਹੁੰਦੇ ਹਨ।

ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ, ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ, ਚਾਰ ਸਾਹਿਬਜ਼ਾਦੇ ਅਤੇ ਸ਼ਹੀਦਾਂ ਨੂੰ ਨਤਮਸਤਕ ਹੋਣ ਵਾਲੇ ਕੁਝ ਨੌਜਵਾਨੀ ਦੀ ਅੱਜ ਜੋ ਬਹਾਦਰੀ ਦੀ ਸੀਮਾ ਨਜ਼ਰ ਆ ਰਹੀ ਹੈ ਉਹ ਬੁਜ਼ਦਿਲੀ ਤੱਕ ਸੀਮਤ ਹੈ। ਇਕ ਪਾਸੇ ਨੌਜਵਾਨੀ ਉਲੰਪਿਕ ਖੇਡਾਂ ਵਿੱਚ ਨਾਮਣਾ ਖੱਟ ਕੇ ਆਈ ਹੈ ਤੇ ਉਸ ਦਾ ਸ਼ਾਨਦਾਰ ਸਵਾਗਤ ਹੋ ਰਿਹਾ ਹੈ। ਦੂਜੇ ਪਾਸੇ ਨੌਜਵਾਨਾਂ ਹੱਥੋਂ ਨੌਜਵਾਨੀ ਦੇ ਕਤਲਾਂ ਦੇ ਵਰਤਾਰੇ ਵਸ ਵੈਣ ਪੈ ਰਹੇ ਹਨ। ਕੋਈ ਜਿੱਤ ਨਹੀਂ ਹੈ ਬਲਕਿ ਹਾਰ ਹੈ। ਸੋਚੀਏ, ਸਮਝੀਏ ਤੇ ਜਿਊਣ ਦੀ ਦਿਸ਼ਾ ਬਦਲੀਏ।

ਇੱਕ ਤੱਥ ਨਾਲ ਗੱਲ ਨੇੜੇ ਲਿਆਵਾਂ। ਨਸ਼ਾ-ਮੁਕਤ ਪ੍ਰੋਗਰਾਮ ਪ੍ਰੋਜੈਕਟ ਵਿੱਚ ਨਿਰੰਤਰ ਨਸ਼ਾ-ਗ੍ਰਸਤ ਵਿਅਕਤੀਆਂ ਨਾਲ ਬਤੌਰ ਕੌਂਸਲਰ ਬੈਠਣਾ ਪੈਂਦਾ ਅਤੇ ਉਹਨਾਂ ਦੀ ਕੇਸ ਹਿਸਟਰੀ ਲੈਣੀ ਹੁੰਦੀ। ਇਕ ਬਿਦਰ ਦੇ ਇੰਜਨੀਅਰਿੰਗ ਕਾਲਜ ਤੋਂ ਪੜ੍ਹ ਚੁੱਕੇ ਨੌਜਵਾਨ ਨੂੰ ਨਸ਼ਾ ਕਰਨ ਦਾ ਕਾਰਨ ਪੁੱਛਿਆ। ਉਸ ਪੰਜਾਬੀ ਨੌਜਵਾਨ ਨੇ ਕਿਹਾ ਕਿ ਮੈਂ ਸੱਚੋ ਸੱਚ ਦੱਸਾਂ ਤਾਂ ਕਾਰਨ ਹੈ ਕਿ ਅਸੀਂ ਕੁਝ ਨੌਜਵਾਨਾਂ ਨੂੰ ਤੰਗ ਪਰੇਸ਼ਾਨ ਕਰਦੇ ਧੜ੍ਹੇਬੰਦੀ ਬਣ ਗਈ। ਸਿੱਟੇ ਵਜੋਂ ਲੜਾਈ ਹੋਈ ਤਾਂ ਇਕ ਨੌਜਵਾਨ ਦਾ ਕਤਲ ਹੋ ਗਿਆ। ਉਸ ਕਤਲ ਮੌਕੇ ਮੈਂ ਵੀ ਸ਼ਾਮਲ ਸਾਂ। ਕਾਨੂੰਨ ਦੇ ਘੇਰੇ ਵਿੱਚ ਵੀ ਆਇਆ, ਪਰ ਮੇਰੇ ਦਿਮਾਗ ਤੋਂ ਉਹ ਪਰਛਾਵਾਂ ਦੂਰ ਨਹੀਂ ਹੁੰਦਾ। ਉਹ ਪਾਪ ਮੈਨੂੰ ਸਤਾਉਂਦਾ ਹੈ। ਫਿਰ ਮੈਂ ਭੁੱਲਣ ਲਈ ਨਸ਼ਾ ਕਰਦਾ ਹਾਂ।

ਅਕਸਰ ਨਸ਼ਾ-ਗ੍ਰਸਤ ਵਿਅਕਤੀ ਖ਼ਲਾਸਾ ਕਰਦੇ ਹਨ ਕਿ ਜਿਸ ਪ੍ਰੇਰਨਾ ਭਰੇ ਉੱਤਮ ਵਿਚਾਰ ਕੌਂਸਲਿੰਗ ਸ਼ੈਸ਼ਨਾਂ ਵਿੱਚ ਮਿਲੇ ਜੇਕਰ ਪਿੰਡ ਦੇ ਗੁਰਦੁਆਰੇ ਮੰਦਰ ਤੋਂ ਸੁਣ ਜਾਂਦੇ ਤਾਂ ਸ਼ਾਇਦ ਅਸੀਂ ਗੁਮਰਾਹ ਨਾ ਹੁੰਦੇ। ਅੱਜ ਸਾਡੇ ਵਿਦਿਅਕ ਮੰਦਰਾਂ ਦੀਆਂ ਕੰਧਾਂ ਤੋਂ ਗੂਰੂ ਨਾਨਕ ਸਾਹਿਬ ਜੀ ਦਾ ਵਿਚਾਰ ‘‘ਮਨਿ ਜੀਤੈ ਜਗੁ ਜੀਤੁ’’ ਅਲੋਪ ਹੁੰਦਾ ਨਜ਼ਰ ਆ ਰਿਹਾ ਹੈ। ਹੱਥ ਆਇਆ ਮੋਬਾਇਲ ਵਿਸ਼ਵ ਭਰ ਦਾ ਗਿਆਨ-ਵਿਗਿਆਨ ਪ੍ਰਦਾਨ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਦੇ ਨਾਲ ਹੀ ਅਗਿਆਨ ਦੇ ਖੂਹ ਵਿੱਚ ਸੁੱਟਣ ਵਾਲਾ ਜਮ ਵੀ ਵਿੱਚ ਹੀ ਬੈਠਾ ਹੈ। ਜੋ ਕਿ ਕਿਸੇ ਸੰਪਾਦਕ ਦੇ ਮੁਥਾਜ ਨਹੀਂ ਹੈ। ਹੱਥਾਂ ਵਿੱਚ ਹਥਿਆਰਾਂ ਲਈ ਵੀ ਹੱਲਾਸ਼ੇਰੀ ਦੇਂਦਾ ਹੈ।

ਨੌਜਵਾਨੀ ਦੀ ਪਰਪੱਕਤਾ ਦੀ ਲੋੜ ਹੈ ਤੇ ਸਪੱਸ਼ਟ ਕਹਿਣਾ ਬਣਦਾ ਹੈ ਕਿ ਨਸ਼ੇ ਕਰਨੇ ਤੇ ਕਤਲ ਕਰਨੇ, ਬਹਾਦਰੀ ਨਹੀਂ ਹੈ। ਬਹਾਦਰੀ ਦੇ ਕੇਵਲ ਇੱਕ ਦੋ ਨਮੂਨੇ ਸਾਂਝੇ ਕਰ ਲੈਂਦੇ ਹਾਂ ਜੋ ਨੌਜਵਾਨੀ ਦੀ ਦਿਸ਼ਾ ਬਦਲ ਸਕਦੇ ਹਨ। ਸੰਨ 1797 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਉਮਰ 17 ਸਾਲ ਸੀ। ਅਹਿਮਦ ਸ਼ਾਹ ਅਬਦਾਲੀ ਖ਼ਾਨਦਾਨ ਦੇ ਸ਼ਾਸਕ ਸ਼ਾਹ ਜ਼ਮਾਨ ਨੇ ਪੰਜਾਬ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਰਣਜੀਤ ਸਿੰਘ ਨੇ ਮੂੰਹ ਤੋੜਵਾਂ ਜਵਾਬ ਦਿੱਤਾ।  ਸੰਨ 1798 ਵਿੱਚ ਫਿਰ ਲਾਹੌਰ ’ਤੇ ਹਮਲਾਵਰ ਹੋ ਕੇ ਆਏ। ਰੋਕਿਆ ਨਹੀਂ ਤੇ ਦਾਖ਼ਲ ਹੋ ਜਾਣ ਦਿੱਤਾ। ਬੱਸ ਆਪਣੀ ਸੈਨਾ ਨਾਲ ਅਫ਼ਗਾਨਾਂ ਨੂੰ ਘੇਰ ਲਿਆ। ਖਾਣਾ-ਦਾਣਾ ਰੋਕ ਦਿੱਤਾ। ਅਫ਼ਗਾਨ ਮਜ਼ਬੂਰ ਹੋ ਕੇ ਵਾਪਸ ਭੱਜੇ।

ਸੰਨ 1881 ਦੇ ਲਗਭਗ ਅੰਗਰੇਜ਼ ਤੇ ਫਰਾਂਸੀਸੀ ਅਖ਼ਬਾਰਾਂ ਵਿੱਚ ਚਰਚਾ ਛਿੜੀ ਕਿ ਸੰਸਾਰ ਦਾ ਸਭ ਤੋਂ ਵੱਡਾ ਤੇ ਕਾਮਯਾਬ ਜਰਨੈਲ ਕੌਣ ਹੈ। ਨਿਪੋਲੀਅਨ, ਮਾਰਸ਼ਲ ਹੈਂਡਬਰਗ, ਲਾਰਡ ਕਿਚਨਰ, ਜਰਨੈਲ ਕਰੋਬਜ਼ੇ ਜਾਂ ਡਯੂਕ ਆਫ ਵਲਿੰਗਟਨ ਹੋੋ ਸਕਦੇ ਹਨ ? ਯੂਰਪ ਦੇ ਵੱਡੇ ਜਰਨੈਲਾਂ ਤੋਂ ਬਾਅਦ ਏਸ਼ੀਆ ਦੇ ਜਰਨੈਲਾਂ ਹਲਾਕੂ ਖਾਨ, ਚੰਗੇਜ਼ ਖਾਨ, ਰਿਚਰਡ ਤੇ ਅਲਾਉਦੀਨ ਵੀ ਗਿਣੇ, ਪਰ ਜਦ ਹਰੀ ਸਿੰਘ ਨਲੂਏ ਦਾ ਜ਼ਿਕਰ ਆਇਆ ਤਾਂ ਅੰਗਰੇਜ਼ ਲਿਖਾਰੀ ਨੇ ਸਿਰ ਨਿਵਾ ਦਿੱਤਾ। ਕਹਿੰਦਾ ਜਿਸ ਮਾਮੂਲੀ ਗਿਣਤੀ ਨਾਲ ਜਿਸ ਤਰ੍ਹਾਂ ਅਫ਼ਗ਼ਾਨਿਸਤਾਨ ਨੂੰ ਫਤਿਹ ਕੀਤਾ ਉਹ ਨਿਵੇਕਲਾ ਸਥਾਨ ਹੈ। ਹਰੀ ਸਿੰਘ ਨਲ਼ੂਏ ਕੋਲ ਅੰਗਰੇਜ਼ਾਂ ਜਿੰਨੇ ਸਾਧਨ ਹੁੰਦੇ ਤਾਂ ਸਾਰੇ ਏਸ਼ੀਆ ਤੇ ਯੂਰਪ ਨੂੰ ਮੱਲ ਲੈਂਦਾ। ਇਹ ਹਨ ਸੂਰਮਗਤੀ ਦੀਆ ਨਿਸ਼ਾਨੀਆਂ। ਨਲੂਆ ਨਾਮ ਪੈਣ ਪਿੱਛੇ ਵੀ ਦਿਲਚਸਪ ਬਹਾਦਰੀ ਖੜ੍ਹੀ ਹੈ। ਮਹਾਰਾਜਾ ਰਣਜੀਤ ਸਿੰਘ ਨਾਲ ਸ਼ਿਕਾਰ ਖੇਡਣ ਜਾਣ ਦਾ ਮੌਕਾ ਮਿਲਿਆ। ਅਜੇ ਸ਼ਿਕਾਰ ਗਾਹ ਵਿੱਚ ਵੜੇ ਹੀ ਸਨ ਕਿ ਇਕ ਸ਼ੇਰ ਆਪ ਉੱਤੇ ਟੁੱਟ ਪਿਆ। ਪੂਰੀ ਤਾਕਤ ਨਾਲ ਸ਼ੇਰ ਦਾ ਜਬਾੜਾ ਪਕੜ ਜ਼ਮੀਨ ’ਤੇ ਪਟਕਾ ਮਾਰਿਆ। ਸ਼ੇਰ ਦੇ ਸੰਭਲਣ ਤੋਂ ਪਹਿਲਾਂ ਆਪਣੀ ਸ੍ਰੀ ਸਾਹਿਬ ਦਾ ਅਜਿਹਾ ਵਾਰ ਕੀਤਾ ਕਿ ਸ਼ੇਰ ਦੀ ਗਰਦਨ ਧੜ ਨਾਲੋਂ ਵੱਖ ਕਰਕੇ ਰੱਖ ਦਿੱਤੀ।

ਇਸ ਨਜ਼ਾਰੇ ਨੂੰ ਸ਼ੇਰਿ-ਪੰਜਾਬ ਨੇ ਬੜੇ ਨੇੜਿਉਂ ਦੇਖਿਆ ਤੇ ਬੜੇ ਖੁਸ਼ ਹੋਏ। ਆਪ ਨੂੰ ਸ਼ੇਰ ਦਿਲ ਰੈਜ਼ਮੈਂਟ ਦਾ ਸਰਦਾਰ ਬਣਾ ਦਿੱਤਾ। ਜਿਸ ਵਿੱਚ 800 ਘੋੜ ਸਵਾਰ ਅਤੇ ਪੈਦਲ ਨੌਜਵਾਨ ਸਨ। ਸ਼ੇਰ ਨੂੰ ਨਰੜ ਦੇਣ ਕਰ ਕੇ ਹੀ ਨਲੂਆ ਨਾਮ ਮਸ਼ਹੂਰ ਹੋ ਗਿਆ।

ਅਮੀਰ ਵਿਰਸੇ ਦੀ ਵਾਰਸ ਨੌਜਵਾਨੀ ਆਪਣੀ ਦਿਸ਼ਾ ਤੇ ਦਸ਼ਾ ਬਾਰੇ ਆਤਮ-ਮੰਥਨ ਕਰੇ। ਅਜਿਹੀ ਰਾਜਨੀਤੀ ਦਾ ਹਿੱਸਾ ਬਣੇ ਤੇ ਰਾਜਨੀਤੀ ਸਿਰਜੇ, ਜੋ ਸੁਨਹਿਰੀ ਇਤਿਹਾਸ ਬਣੇ। ਨਸ਼ੇ ਕਰਕੇ ਅਤੇ ਕਤਲ ਕਰਕੇ ਕਲੰਕਿਤ ਹੋਣ ਵਾਲੇ ਵਰਤਾਰੇ ਦਾ ਅੱਜ ਹੀ ਤਿਆਗ ਕਰੋ।