ਕਾਮਿ ਕਰੋਧਿ ਨਗਰੁ ਬਹੁ ਭਰਿਆ
ਪ੍ਰੋਫ਼ੈਸਰ ਮਨਮੋਹਨ ਸਿੰਘ
ਰਾਗੁ ਗਉੜੀ ਪੂਰਬੀ ਮਹਲਾ ੪ ॥
ਕਾਮਿ ਕਰੋਧਿ ਨਗਰੁ ਬਹੁ ਭਰਿਆ; ਮਿਲਿ ਸਾਧੂ, ਖੰਡਲ ਖੰਡਾ ਹੇ ॥
ਪੂਰਬਿ ਲਿਖਤ ਲਿਖੇ, ਗੁਰੁ ਪਾਇਆ; ਮਨਿ ਹਰਿ ਲਿਵ ਮੰਡਲ ਮੰਡਾ ਹੇ ॥੧॥
ਕਰਿ ਸਾਧੂ ਅੰਜੁਲੀ; ਪੁਨੁ ਵਡਾ ਹੇ ॥ ਕਰਿ ਡੰਡਉਤ; ਪੁਨੁ ਵਡਾ ਹੇ ॥੧॥ ਰਹਾਉ ॥
ਸਾਕਤ, ਹਰਿ ਰਸ ਸਾਦੁ ਨ ਜਾਣਿਆ; ਤਿਨ ਅੰਤਰਿ ਹਉਮੈ ਕੰਡਾ ਹੇ ॥
ਜਿਉ ਜਿਉ ਚਲਹਿ, ਚੁਭੈ, ਦੁਖੁ ਪਾਵਹਿ; ਜਮਕਾਲੁ ਸਹਹਿ ਸਿਰਿ ਡੰਡਾ ਹੇ ॥੨॥
ਹਰਿ ਜਨ, ਹਰਿ ਹਰਿ ਨਾਮਿ ਸਮਾਣੇ; ਦੁਖੁ ਜਨਮ ਮਰਣ ਭਵ ਖੰਡਾ ਹੇ ॥
ਅਬਿਨਾਸੀ ਪੁਰਖੁ ਪਾਇਆ ਪਰਮੇਸਰੁ; ਬਹੁ ਸੋਭ ਖੰਡ ਬ੍ਰਹਮੰਡਾ ਹੇ ॥੩॥
ਹਮ ਗਰੀਬ ਮਸਕੀਨ ਪ੍ਰਭ ! ਤੇਰੇ; ਹਰਿ ਰਾਖੁ ਰਾਖੁ ਵਡ ਵਡਾ ਹੇ ॥
ਜਨ ਨਾਨਕ ਨਾਮੁ ਅਧਾਰੁ ਟੇਕ ਹੈ; ਹਰਿ ਨਾਮੇ ਹੀ ਸੁਖੁ ਮੰਡਾ ਹੇ ॥੪॥੪॥ (ਸੋਹਿਲਾ ਗਉੜੀ/ਮਹਲਾ ੪/੧੩)
ਉਚਾਰਨ ਸੇਧ : ਪੁਨੁ- ਪੁੰਨ (ਭਾਵ ਲਾਭ)। ਤਿਨ-ਤਿਨ੍। ਚਲਹਿ- ਚਲਹਿਂ। ਪਾਵਹਿ-ਪਾਵਹਿਂ। ਸਹਹਿ-ਸਹਹਿਂ। ਸੋਭ-ਸ਼ੋਭ। ਗਰੀਬ-ਗ਼ਰੀਬ। ਵਡਾ-ਵੱਡਾ।
ਪਦ ਅਰਥ : ਕਾਮਿ ਕਰੋਧਿ- ਕਾਮ-ਵਾਸ਼ਨਾ ਵਿੱਚ ਤੇ ਕਰੋਧ ਵਿੱਚ। ਨਗਰੁ- ਸਰੀਰ। ਸਾਧੂ-ਗੁਰੂ (ਨੋਟ : ਗੁਰਬਾਣੀ ’ਚ ‘ਸਾਧੁ’ ਦਾ ਜ਼ਿਆਦਾਤਰ ਅਰਥ ‘ਗੁਰੂ’ ਹੁੰਦਾ ਹੈ)। ਖੰਡਲ ਖੰਡਾ- ਟੋਟੇ ਟੋਟੇ ਕਰ, ਮਿਟਾ ਦੇਹ। ਪੂਰਬਿ ਲਿਖੇ ਲਿਖਤ-ਪਿਛਲੇ ਕੀਤੇ ਕੰਮਾਂ ਦੇ ਸੰਜੋਗ (ਸੰਸਕਾਰ) ਅਨੁਸਾਰ। ਲਿਖਤ-ਲੇਖ। ਮਨਿ- ਮਨ ਵਿੱਚ। ਮੰਡਲ ਮੰਡਾ-ਮਿਲਿਆ ਹੈ, ਜੜਿਆ ਹੈ, ਭਰਿਆ ਹੈ ਭਾਵ (ਪ੍ਰਭੂ ਨਾਲ਼) ਪ੍ਰੀਤ ਉਪਜੀ ਹੈ। ਅੰਜੁਲੀ-ਦੋਵੇਂ ਹੱਥ ਜੋੜ ਕੀਤੀ ਬੇਨਤੀ। ਡੰਡਉਤ-ਡੰਡੇ ਵਾਙ ਲੰਬਾ ਲੇਟ ਕੇ ਕੀਤੀ ਅਰਦਾਸ ਭਾਵ ਕਾਮਨਾ ਰਹਿਤ ਭਾਵਨਾ ਨਾਲ਼ ਕੀਤੀ ਬੇਨਤੀ। ਸਾਕਤ-ਪ੍ਰਭੂ ਤੋਂ ਟੁੱਟੇ/ਵਿਛੁੜੇ ਮਨੁੱਖ। ਸਾਦੁ-ਅਨੰਦ। ਤਿਨ- ਉਨ੍ਹਾਂ ਦੇ। ਹਉਮੈ ਕੰਡਾ- ਅਹੰਕਾਰ ਭਰਪੂਰ ਆਕੜ (ਕਿ ਮੈ ਕਿਸੇ ਅੱਗੇ ਬੇਨਤੀ ਕਿਉਂ ਕਰਾਂ, ਕਿਉਂ ਝੁਕਾਂ)। ਚਲਹਿ- ਚੱਲਦੇ ਹਨ (ਬਹੁ ਵਚਨ ਕਿਰਿਆ)। ਚੁਭੈ-(ਅਹੰਕਾਰ ਰੂਪ ਕੰਡਾ) ਚੁਭਦਾ ਹੈ, ਦੁਖ ਦਿੰਦਾ ਹੈ (ਇੱਕ ਵਚਨ ਕਿਰਿਆ)। ਪਾਵਹਿ-(ਦੁੱਖ) ਪਾਉਂਦੇ ਹਨ (ਬਹੁ ਵਚਨ ਕਿਰਿਆ)। ਜਮਕਾਲੁ- ਮੌਤ, ਆਤਮਕ ਪੀੜਾ, ਵਿਕਾਰ-ਵਾਸ਼ਨਾ ਅੱਗੇ ਹੋਈ ਹਾਰ। ਸਿਰਿ- ਸਿਰ ਉੱਤੇ ਭਾਵ ਰੂਹਾਨੀਅਤ ਮਾਰਗ/ਜੀਵਨ ਵਿੱਚ। ਨਾਮਿ- ਨਾਮ ਵਿੱਚ। ਜਨਮ ਮਰਣ ਭਵ- ਜਨਮ ਤੋਂ ਮਰਨ ਤੱਕ ਵਾਲ਼ੇ ਭਵਸਾਗਰ ਦਾ, ਸੰਸਾਰ ਸਮੁੰਦਰ ਦਾ। ਖੰਡਾ- ਟੁੱਟ ਗਿਆ, ਮੁੱਕ ਗਿਆ। ਅਬਿਨਾਸੀ ਪੁਰਖੁ- ਨਾਸ ਰਹਿਤ ਅਕਾਲ ਪੁਰਖ। ਬਹੁ-ਬਹੁਤ ਜ਼ਿਆਦਾ, ਕਾਫ਼ੀ। ਸੋਭ- ਸ਼ੋਭਾ, ਸਤਿਕਾਰ। ਖੰਡ ਬ੍ਰਹਮੰਡਾ- ਧਰਤੀ ਅਤੇ ਅਕਾਸ਼ ਵਿੱਚ ਭਾਵ ਲੋਕ ਪ੍ਰਲੋਕ ਵਿੱਚ। ਹਮ ਗਰੀਬ ਮਸਕੀਨ- ਅਸੀਂ ਅਤਿ ਦਰਜੇ ਦੇ ਲਾਚਾਰ ਭਾਵ ਰੂਹਾਨੀਅਤ ਗੁਣਾਂ ਤੋਂ ਸੱਖਣੇ (ਨੋਟ : ਗੁਰਬਾਣੀ ’ਚ ‘ਗਰੀਬ’ ਦਾ ਅਰਥ ‘ਗੁਣਹੀਣ’ ਅਤੇ ‘ਅਮੀਰ’ ਦਾ ਅਰਥ ‘ਗੁਣਾਂ ਵਾਲ਼ਾ ਜੀਵਨ’ ਹੁੰਦਾ ਹੈ)। ਪ੍ਰਭ- ਹੇ ਪ੍ਰਭੂ ਜੀ। ਤੇਰੇ- (ਪਰ) ਤੇਰੇ (ਸੇਵਕ ਹਾਂ)। ਰਾਖੁ ਰਾਖੁ- ਸਾਨੂੰ ਬਚਾ ਲੈ, ਬਚਾ ਲੈ। ਵਡ ਵਡਾ- ਤੂੰ ਹੀ ਵੱਡਾ ਪਿਤਾ ਹੈਂ, ਰਖਵਾਲਾ ਹੈਂ, ਮਦਦਗਾਰ ਹੈਂ। ਨਾਨਕ- ਹੇ ਨਾਨਕ ! (ਆਖ ਕਿ)। ਨਾਮੁ ਅਧਾਰੁ ਟੇਕ- ਨਾਮ ਹੀ ਆਸਰਾ ਹੈ, (ਜੀਵਨ ਦਾ) ਆਧਾਰ ਹੈ, ਸਹਾਈ ਹੈ। ਹਰਿ ਨਾਮੇ ਹੀ- ਹਰੀ ਦੇ ਨਾਮ ਨਾਲ਼ ਹੀ। ਮੰਡਾ-ਮਿਲਦਾ ਹੈ, ਸੰਜੋਗ ਬਣਦਾ ਹੈ।
ਸੋਹਿਲਾ ਸਾਹਿਬ ਅੰਦਰ ਇਹ ਸ਼ਬਦ, ਗੁਰੂ ਰਾਮਦਾਸ ਸਾਹਿਬ ਜੀ ਦੁਆਰਾ ਉਚਾਰਿਆ ਗਿਆ ਹੈ। ਸੋਹਿਲਾ ਬਾਣੀ ਦੀ ਸ਼ਬਦ-ਤਰਤੀਬ ਲੜੀ ’ਚ ਇਹ ਸ਼ਬਦ ਚੌਥੇ ਨੰਬਰ ’ਤੇ ਦਰਜ ਹੈ। ਇਸ ਸ਼ਬਦ ਦੇ ਚਾਰ ਬੰਦ ਹਨ, ਜਿਨ੍ਹਾਂ ਵਿੱਚ ਇੱਕ ਰਹਾਉ ਦਾ ਪਦਾ ਹੈ, ਜੋ ਪੂਰੇ ਸ਼ਬਦ ਦਾ ਕੇਂਦਰੀ-ਭਾਵ ਹੁੰਦਾ ਹੈ। ਸ਼ਬਦ ਦੇ ਬਾਕੀ ਸਾਰੇ ਬੰਦ; ਰਹਾਉ ਪਦੇ ਦਾ ਹੀ ਵਿਸਥਾਰ ਹੁੰਦੇ ਹਨ। ਥੋੜ੍ਹੇ ਜਿਹੇ ਲਗ (ਮਾਤਰੀ) ਅੰਤਰ ਨਾਲ ਇਹੀ ਸ਼ਬਦ; ਪਾਵਨ ਅੰਕ 171 ’ਤੇ ਗਾਉੜੀ ਰਾਗ ਵਿੱਚ ਦੁਬਾਰਾ ਦਰਜ ਕੀਤਾ ਹੈ।
ਜਿਸ ਤਰ੍ਹਾਂ ਸ਼ਬਦ ਦੇ ਰਹਾਉ ਬੰਦ ਰਾਹੀਂ ਸਤਿਗੁਰੂ ਜੀ; ਸੱਚੇ ਗੁਰੂ ਅੱਗੇ ਬੇਨਤੀ, ਜੋਦੜੀ ਕਰਨ ਦਾ ਢੰਗ ਸਿਖਾ ਰਹੇ ਹਨ ਤਾਂ ਜੋ ਸਤਿਗੁਰੂ ਦੀ ਕਿਰਪਾ-ਦ੍ਰਿਸ਼ਟੀ ਨਾਲ਼ ਅਸਲ ਪਤੀ-ਪਰਮੇਸ਼ਰ ਮਾਲਕ ਨਾਲ਼; ਬੇਨਤੀ ਕਰਤਾ ਸਿੱਖ ਦਾ ਮਿਲਾਪ ਹੋ ਜਾਵੇ, ‘‘ਕਰਿ ਸਾਧੂ ਅੰਜੁਲੀ; ਪੁਨੁ ਵਡਾ ਹੇ ॥ ਕਰਿ ਡੰਡਉਤ; ਪੁਨੁ ਵਡਾ ਹੇ ॥੧॥ ਰਹਾਉ ॥’’ ਅਰਥ : (ਹੇ ਭਾਈ !) ਤੂੰ ਸਤਿਗੁਰੂ ਅੱਗੇ ਦੋਵੇਂ ਹੱਥ ਜੋੜ ਕੇ ਬੇਨਤੀ ਕਰ, ਡੰਡੇ ਵਾਙ ਸਿੱਧਾ ਹੋ ਕੇ ਅਰਦਾਸ ਕਰ ਭਾਵ ਨਿਮਾਣਾ ਬਣ ਕੇ ਇਕਾਗਰ ਚਿਤ ਨਾਲ਼ ਅਰਦਾਸ ਕਰ; ਐਸਾ ਕਰਨਾ ਬਹੁਤ ਹੀ ਵੱਡਾ, ਬਹੁਤ ਹੀ ਜ਼ਿਆਦਾ ਪੁੰਨ ਕਰਮ ਹੈ, ਗੁਣਕਾਰੀ ਕਾਰਜ ਹੈ ਭਾਵ ਆਪਣੀ ਮਾੜੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਨੂੰ ਧਾਰਨ ਕਰਨਾ; ਵੱਡਾ ਪੁੰਨ ਹੈ, ਬਹੁਤ ਹੀ ਭਲਾ ਕੰਮ ਹੈ। ਸਮੁੱਚੀ ਗੁਰਬਾਣੀ ਅੰਦਰ ਮੂਲ ਮੰਤਰ ਦੀ ਸਮਾਪਤੀ ਭੀ ‘ਗੁਰ ਪ੍ਰਸਾਦਿ’ ਸ਼ਬਦ ਨਾਲ਼ ਕੀਤੀ ਗਈ ਹੈ। ਜਿਨ੍ਹਾਂ ਦਾ ਅਰਥ ਹੈ ਕਿ ‘ਗੁਰੂ ਦੀ ਕਿਰਪਾ ਨਾਲ਼ ‘ੴ’ ਮਿਲਦਾ ਹੈ। ਗੁਰੂ ਤੋਂ ਬਿਨਾਂ ਮਨੁੱਖ ਕੋਲ਼ ਉਸ ਅਦ੍ਰਿਸ਼ ਅਤੇ ਨਿਰਾਕਾਰ; ਜਗਤ ਨੂੰ ਸਿਰਜਣਹਾਰ ਪ੍ਰਭੂ ਨੂੰ ਵੇਖਣ ਦੀ ਸਮਰੱਥਾ ਨਹੀਂ ਹੁੰਦੀ। ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ‘ਜਪੁ’ ਬਾਣੀ ਦੀ 30ਵੀਂ ਪਉੜੀ ’ਚ ਬਿਆਨ ਕੀਤਾ ਹੈ ਕਿ ‘‘ਓਹੁ ਵੇਖੈ, ਓਨਾ ਨਦਰਿ ਨ ਆਵੈ; ਬਹੁਤਾ ਏਹੁ ਵਿਡਾਣੁ ..॥੩੦॥ (ਜਪੁ) ਅਰਥ : ਉਹ (ਅਕਾਲ ਪੁਰਖ ਸਾਰਿਆਂ ਦੀ ਹਰ ਹਰਕਤ ਨੂੰ) ਵੇਖਦਾ ਹੈ, ਪਰ ਉਨ੍ਹਾਂ (ਜੀਵਾਂ ਨੂੰ ਉਹ) ਨਜ਼ਰ ਨਹੀਂ ਆਉਂਦਾ। ਇਹ, ਬੜਾ ਵੱਡਾ ਅਸਚਰਜ ਹੈ, ਹੈਰਾਨ ਕਰਨ ਵਾਲ਼ਾ ਵਤੀਰਾ ਹੈ। ਗੁਰੂ ਅੰਗਦ ਸਾਹਿਬ ਜੀ ਨੇ ਭੀ ਆਸਾ ਦੀ ਵਾਰ ਦੇ ਅਰੰਭ ’ਚ ਫ਼ੁਰਮਾਇਆ ਹੈ, ‘‘ਜੇ ਸਉ ਚੰਦਾ ਉਗਵਹਿ; ਸੂਰਜ ਚੜਹਿ ਹਜਾਰ ॥ ਏਤੇ ਚਾਨਣ ਹੋਦਿਆਂ; ਗੁਰ ਬਿਨੁ ਘੋਰ ਅੰਧਾਰ ॥੨॥’’ (ਆਸਾ ਕੀ ਵਾਰ/ਮਹਲਾ ੨/੪੬੩) ਅਰਥ : ਜੇਕਰ ਅਕਾਸ਼ ਵਿੱਚ ਹਜ਼ਾਰਾਂ ਚੰਦ (ਰਾਤ ਦੇ ਹਨ੍ਹੇਰੇ ’ਚ) ਉਗ ਪੈਣ ਤੇ ਸੂਰਜ ਚੜ੍ਹ ਜਾਣ ਤਾਂ ਭੀ ਐਨੀ ਰੌਸ਼ਨੀ ਹੋਣ ਦੇ ਬਾਵਜੂਦ ਮਨੁੱਖ ਦੇ ਹਿਰਦੇ ਅੰਦਰ ਅਗਿਆਨਤਾ ਦਾ ਹਨ੍ਹੇਰਾ ਰਹਿੰਦਾ ਹੈ। ਭੱਟ ਨਲ੍ਹ ਜੀ ਭੀ ਮਨੁੱਖ ਜਾਤੀ ਲਈ ਸਤਿਗੁਰੂ ਦੀ ਅਹਿਮੀਅਤ ਨੂੰ ਇਉਂ ਬਿਆਨ ਕਰਦੇ ਹਨ, ‘‘ਗੁਰ ਬਿਨੁ ਘੋਰੁ ਅੰਧਾਰੁ; ਗੁਰੂ ਬਿਨੁ, ਸਮਝ ਨ ਆਵੈ ॥ ਗੁਰ ਬਿਨੁ ਸੁਰਤਿ ਨ ਸਿਧਿ; ਗੁਰੂ ਬਿਨੁ ਮੁਕਤਿ ਨ ਪਾਵੈ ॥ (ਭਟ ਨਲੵ/੧੩੯੯)
ਸੋ ਗੁਰੂ ਅੱਗੇ ਡੰਡੌਤ ਕਰ, ਅਰਦਾਸ ਕਰ ਉਨ੍ਹਾਂ ਪਾਸੋਂ ਪਰਮਾਤਮਾ ਦੇ ਨਾਮ ਦੀ ਦਾਤ ਮੰਗਣੀ ਚਾਹੀਦਾ ਹੈ ਕਿਉਂਕਿ ਉਸੇ ਨਾਲ ਆਤਮਕ ਸੁੱਖ ਮਿਲਦਾ ਹੈ, ਜੋ ਪੰਜਾਂ ਦੂਤਾਂ ਨੂੰ ਅੰਮ੍ਰਿਤ ਨਾਮ ਰੂਪੀ ਜ਼ਹਰ ਦੇ ਕੇ ਖ਼ਤਮ ਕਰਦਾ ਹੈ। ਜੀਵ ਅੰਦਰ ਇਹੀ ਮਨਸ਼ਾ ਹੋਣੀ ਚਾਹੀਦੀ ਹੈ ਕਿ ਜੀਵਾਤਮਾ ਅਤੇ ਪਰਮਾਤਮਾ ਇੱਕ ਦੂਸਰੇ ਵਿੱਚ ਸਮਾ ਜਾਣ ਅਤੇ ਆਤਮਕ ਅਨੰਦ ਪ੍ਰਾਪਤ ਹੋ ਜਾਏ; ਜਿਵੇਂ ਕਿ ਬਚਨ ਹਨ, ‘‘ਸਤਿਗੁਰ ਅਗੈ ਅਰਦਾਸਿ ਕਰਿ; ਸਾਜਨੁ ਦੇਇ ਮਿਲਾਇ ॥ ਸਾਜਨਿ ਮਿਲਿਐ ਸੁਖੁ ਪਾਇਆ; ਜਮਦੂਤ ਮੁਏ ਬਿਖੁ ਖਾਇ ॥ ਨਾਵੈ ਅੰਦਰਿ ਹਉ ਵਸਾਂ; ਨਾਉ ਵਸੈ ਮਨਿ ਆਇ ॥’’ (ਮਹਲਾ ੧/੫੫) ਅਰਥ : ਹੇ ਭਾਈ ! ਗੁਰੂ ਦੇ ਦਰ ਉੱਤੇ ਅਰਦਾਸ ਕਰ ਕਿਉਂਕਿ ਉਹੀ ਪਿਆਰੇ ਸੱਜਣ ਪ੍ਰਭੂ ਨੂੰ ਮਿਲਾਉਂਦਾ ਹੈ। ਉਸ ਸੱਜਣ ਦੇ ਮਿਲਣ ਨਾਲ਼ ਮਨ ’ਚ ਅਨੰਦ ਉਪਜਦਾ ਹੈ। ਫਿਰ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਮੈ ਨਾਮ-ਅੰਮ੍ਰਿਤ ਵਿੱਚ ਵੱਸਦਾ ਹਾਂ ਅਤੇ ਨਾਮ-ਅੰਮ੍ਰਿਤ ਮੇਰੇ ਅੰਦਰ ਵੱਸਦਾ ਹੈ ਭਾਵ ਨਾਮ-ਅੰਮ੍ਰਿਤ ਰੂਪ ਸ਼ਾਂਤੀ ਵਰਗੀ ਹਿਰਦੇ ਅੰਦਰ ਠੰਢ ਪੈ ਜਾਂਦੀ ਹੈ।
ਸ਼ਬਦ ਦੇ ਅਰੰਭਕ ਪਦੇ ’ਚ ਗੁਰੂ ਜੀ ਸਿੱਖਿਆ ਦਿੰਦੇ ਹਨ ਕਿ ਮਨੁੱਖ ਦਾ ਸਰੀਰ ਰੂਪ ਸ਼ਹਰ; ਕਾਮ, ਕ੍ਰੋਧ (ਆਦਿਕ ਹਨ੍ਹੇਰੇ) ਨਾਲ ਭਰਿਆ ਪਿਆ ਹੈ। ਗੁਰੂ ਦੀ ਸੰਗਤ ’ਚ ਮਿਲ ਕੇ ਇਨ੍ਹਾਂ ਵਿਕਾਰਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ, ਸਰੀਰ-ਨਗਰ ਨੂੰ ਪਵਿੱਤਰ ਬਣਾਇਆ ਜਾ ਸਕਦਾ ਹੈ, ਨਿਰਮਲ ਹੋਏ ਅੰਤਹਿਕਰਣ ਨਾਲ਼ ਅਦ੍ਰਿਸ਼ ਪ੍ਰਭੂ ਦਾ ਦੀਦਾਰ ਕੀਤਾ ਜਾ ਸਕਦਾ ਹੈ, ‘‘ਕਾਮਿ ਕਰੋਧਿ ਨਗਰੁ ਬਹੁ ਭਰਿਆ; ਮਿਲਿ ਸਾਧੂ, ਖੰਡਲ ਖੰਡਾ ਹੇ ॥’’ ਅਰਥ : ਕਾਮ-ਕਰੋਧ ਨਾਲ਼ ਸਰੀਰ-ਨਗਰ ਬਹੁਤ ਭਰਿਆ ਪਿਆ ਹੈ, ਇਸ ਲਈ (ਹੇ ਭਾਈ !) ਗੁਰੂ ਨੂੰ ਮਿਲ ਕੇ ਇਸ ਨੂੰ ਨਾਸ ਕਰ ਭਾਵ ਮਨ ਨੂੰ ਨਿਰਮਲ ਕਰ ਲੈ।
ਵਿਕਾਰ; ਸਰੀਰ ਨੂੰ ਬਿਲਕੁਲ ਨਿਰਬਲ ਕਰ ਦਿੰਦੇ ਹਨ। ਗੁਰੂ ਨਾਨਕ ਸਾਹਿਬ ਜੀ ਨੇ ‘ਓਅੰਕਾਰ’ ਬਾਣੀ ਰਾਹੀਂ ਭੀ ਉਪਦੇਸ਼ ਦਿੱਤਾ ਹੈ ਕਿ ‘‘ਕਾਮੁ ਕ੍ਰੋਧੁ; ਕਾਇਆ ਕਉ ਗਾਲੈ ॥ ਜਿਉ, ਕੰਚਨ ਸੋਹਾਗਾ ਢਾਲੈ ॥’’ (ਓਅੰਕਾਰ/ਮਹਲਾ ੧/੯੩੨) ਅਰਥ : ਕਾਮ, ਕਰੋਧ ਆਦਿ ਵਿਕਾਰ ਨੂੰ ਸਰੀਰ ਨੂੰ (ਇਉਂ) ਗਲ਼ਾ, ਪਿਘਲ਼ਾ ਦਿੰਦੇ ਹਨ; ਜਿਵੇਂ ਸੋਹਾਗਾ (ਖਾਰਾ ਪਦਾਰਥ; ਕੁਠਾਲੀ ’ਚ ਪਾਏ) ਸੋਨੇ ਨੂੰ ਪਿਘਲ਼ਾ ਦਿੰਦਾ ਹੈ, ਨਰਮ ਕਰ ਦਿੰਦਾ ਹੈ।
ਵਿਕਾਰ-ਵਾਸ਼ਨਾ; ਮਨੁੱਖ ਦੀ ਸੁਰਤਿ ਨੂੰ ਪਰਮਾਤਮਾ ਨਾਲੋਂ ਤੋੜਦੀ ਹੈ ਅਤੇ ਮਨੁੱਖ; ਆਤਮਕ ਰੌਸ਼ਨੀ/ਸ਼ਾਂਤੀ ਅਤੇ ਮਾਨਸਿਕ ਬਲ ਪੱਖੋਂ ਕਮਜ਼ੋਰ ਹੁੰਦਾ ਜਾਂਦਾ ਹੈ। ਇਹ ਭੀ ਸੱਚ ਹੈ ਕਿ ਸਤਿਗੁਰੂ ਦੀ ਉਜਲ ਦ੍ਰਿਸ਼ਟੀ ਅਤੇ ਨਿਰਮਲ ਗਿਆਨ ਦਾ ਹਰ ਕੋਈ ਲਾਭ ਨਹੀਂ ਉਠਾ ਸਕਦਾ। ਗੁਰੂ ਗਿਆਨ ਮਨੁੱਖ ਦੀ ਪਕੜ ਦੇ ਉੱਪਰ ਦੀ ਲੰਘ ਜਾਂਦਾ ਹੈ। ਜਿਨ੍ਹਾਂ ਦੇ ਨਸੀਬ ਵਿੱਚ ਪਿਛਲੇ ਭਾਗ ਲਿਖੇ ਹੋਣ; ਉਹੀ ਸਤਿਗੁਰੂ ਦੀ ਸ਼ਰਨ ’ਚ ਆ ਕੇ ਜ਼ਿੰਦਗੀ ਦਾ ਅਸਲ ਲਾਹਾ ਖੱਟਦੇ ਹਨ। ਇਸੇ ਉਪਦੇਸ਼ ਨਾਲ਼ ਗੁਰੂ ਜੀ ਪਹਿਲੇ ਬੰਦ ਨੂੰ ਸਮਾਪਤ ਕਰਦੇ ਹਨ, ‘‘ਪੂਰਬਿ ਲਿਖਤ ਲਿਖੇ, ਗੁਰੁ ਪਾਇਆ; ਮਨਿ ਹਰਿ ਲਿਵ ਮੰਡਲ ਮੰਡਾ ਹੇ ॥੧॥’’ ਅਰਥ : ਜਿਨ੍ਹਾਂ ਨੇ ਪੂਰਵਲੇ ਕਰਮਾਂ (ਲੇਖ/ਨਸੀਬ) ਨਾਲ਼ ਸਤਿਗੁਰੂ ਨੂੰ ਪ੍ਰਾਪਤ ਕੀਤਾ ਉਨ੍ਹਾਂ ਦੇ ਹੀ ਮਨ ਵਿੱਚ ਹਰੀ ਨਾਲ਼ ਲਿਵ ਜੁੜ ਕੇ (ਰੱਬੀ ਰੰਗ) ਭਰਿਆ ਜਾਂਦਾ ਹੈ।
ਇਸ ਸ਼ਬਦ ਵਿੱਚ ਗੁਰੂ ਜੀ ਨੇ ਜਿਸ ਤਰ੍ਹਾਂ ਸਰੀਰ ਨੂੰ ਇੱਕ ਨਗਰ ਮੰਨ ਕੇ ਇਸ ਨੂੰ ਪਵਿੱਤਰ ਕਰਨ ਦਾ ਢੰਗ ਬਿਆਨ ਕੀਤਾ; ਉਸੇ ਤਰ੍ਹਾਂ ਭਗਤ ਕਬੀਰ ਜੀ ਨੇ ਸਰੀਰ ਨੂੰ ਇੱਕ ਪਿੰਡ/ਗ੍ਰਾਮ ਮੰਨ ਕੇ ਇਲਾਹੀ ਗਿਆਨ ਬਖ਼ਸ਼ਸ਼ ਕੀਤਾ ਹੈ। ਭਗਤ ਜੀ ਆਪਣੇ ਸ਼ਬਦ ਵਿੱਚ ਕਹਿੰਦੇ ਹਨ ਕਿ ਮਨੁੱਖ ਦਾ ਸਰੀਰ ਇੱਕ ਨਗਰ ਹੈ, ਜਿਸ ਦਾ ਚੌਧਰੀ ਮਨੁੱਖ ਹੈ, ਜੀਵ ਹੈ। ਇਸ ਨਗਰ ਵਿੱਚ ਪੰਜ ਕਿਸਾਨ (ਅੱਖਾਂ, ਨੱਕ, ਕੰਨ, ਜੀਭ ਤੇ ਸਪਰਸ ਇੰਦ੍ਰੀ/ਚਮੜੀ) ਵੱਸਦੇ ਹਨ, ਜੋ ਜੀਵ-ਚੌਧਰੀ ਦੀ ਗੱਲ ਨਹੀਂ ਮੰਨਦੇ ਅਤੇ ਆਪਣੀ ਮਨਮਰਜ਼ੀ ਕਰਦੇ ਹਨ। ਭਗਤ ਜੀ ਪਰਮਾਤਮਾ ਅੱਗੇ ਬੇਨਤੀ ਕਰਦੇ ਹਨ ਕਿ ਮੈ ਐਸੇ ਪਿੰਡ ’ਚ ਨਹੀਂ ਵੱਸਣਾ ਚਾਹੁੰਦਾ। ਜਿੱਥੇ ਪੰਜੇ ਕਿਸਾਨ (ਗਿਆਨ ਇੰਦ੍ਰੇ) ਅਵਗੁਣਾਂ ਨਾਲ ਭਰੇ ਹੋਣ ਅਤੇ ਚਿਤਰ ਗੁਪਤ ਨਾਮੀ ਪਟਵਾਰੀ; ਇਨ੍ਹਾਂ ਦੇ ਬੁਰੇ ਕੰਮਾਂ ਦਾ ਹਿਸਾਬ-ਕਿਤਾਬ ਰੱਖਦਾ ਹੋਵੇ ਕਿਉਂਕਿ ਧਰਮਰਾਇ ਨੇ ਜਦੋਂ ਲੇਖਾ ਮੰਗਣਾ ਹੈ ਤਾਂ ਇਨ੍ਹਾਂ ਪੰਜ ਕਿਸਾਨਾਂ ਦੁਆਰਾ ਕੀਤੇ ਕਰਮਾਂ ਦਾ ਲੇਖਾ ਦੇਣਾ ਪੈਣਾ ਹੈ। ਇਹ ਮੇਰੇ ਅੰਦਰ ਕੋਈ ਗੁਣ ਪੈਦਾ ਨਹੀਂ ਹੋਣ ਦਿੰਦੇ। ਇਹ ਅਵਗੁਣ; ਮੇਰੇ ਗੁਣਾਂ ’ਤੇ ਭਾਰੀ ਪੈ ਜਾਂਦੇ ਹਨ। ਅੰਤਮ ਸਮੇਂ ਜਦੋਂ ਮੌਤ ਆਉਣੀ ਹੈ ਤਾਂ ਇਨ੍ਹਾਂ ਨੇ ਸਾਥ ਨਹੀਂ ਦੇਣਾ ਭਾਵ ਸਰੀਰਕ ਮੌਤ ਦੇ ਨਾਲ਼ ਇਨ੍ਹਾਂ ਨੇ ਭੀ ਖ਼ਤਮ ਹੋ ਜਾਣਾ ਹੈ ਅਤੇ ਮੇਰੇ ਜੀਵਾਤਮਾ ਨੂੰ ਦਰਬਾਰੀਆਂ ਨੇ ਜਕੜ ਕੇ ਬੰਨ੍ਹ ਲੈਣਾ ਹੈ। ਕਬੀਰ ਜੀ ਕਹਿੰਦੇ ਹਨ ਕਿ ਹੇ ਸੰਤ ਜਨੋ ! ਇਸ ਲਈ ਤੂੰ ਇਸੇ ਜਨਮ ਵਿੱਚ ਆਪਣੇ ਪਿਛਲੇ ਮਾੜੇ ਲੇਖੇ ਦਾ ਨਿਬੇੜਾ ਕਰ ਲੈ ਤਾਂ ਕਿ ਦੁਬਾਰਾ ਇਸ ਦੁਨੀਆ ’ਚ ਨਾ ਆਉਣਾ ਪਵੇ, ‘‘ਦੇਹੀ ਗਾਵਾ, ਜੀਉ ਧਰ ਮਹਤਉ; ਬਸਹਿ ਪੰਚ ਕਿਰਸਾਨਾ ॥ ਨੈਨੂ ਨਕਟੂ, ਸ੍ਰਵਨੂ ਰਸਪਤਿ; ਇੰਦ੍ਰੀ ਕਹਿਆ ਨ ਮਾਨਾ ॥੧॥ ਬਾਬਾ ! ਅਬ ਨ ਬਸਉ ਇਹ ਗਾਉ ॥ ਘਰੀ ਘਰੀ ਕਾ ਲੇਖਾ ਮਾਗੈ; ਕਾਇਥੁ ਚੇਤੂ ਨਾਉ ?॥੧॥ ਰਹਾਉ ॥ ਧਰਮਰਾਇ ਜਬ ਲੇਖਾ ਮਾਗੈ; ਬਾਕੀ ਨਿਕਸੀ ਭਾਰੀ ॥ ਪੰਚ ਕ੍ਰਿਸਾਨਵਾ ਭਾਗਿ ਗਏ; ਲੈ ਬਾਧਿਓ ਜੀਉ ਦਰਬਾਰੀ ॥੨॥ ਕਹੈ ਕਬੀਰੁ ਸੁਨਹੁ ਰੇ ਸੰਤਹੁ ! ਖੇਤ ਹੀ ਕਰਹੁ ਨਿਬੇਰਾ ॥ ਅਬ ਕੀ ਬਾਰ ਬਖਸਿ ਬੰਦੇ ਕਉ; ਬਹੁਰਿ ਨ ਭਉਜਲਿ ਫੇਰਾ ॥੩॥’’ (ਭਗਤ ਕਬੀਰ/੧੧੦੪), ਇਸੇ ਲੇਖੇ ਨੂੰ ਖ਼ਤਮ ਕਰਨ ਲਈ ਇਸ ਸ਼ਬਦ ਦੇ ਪਹਿਲੇ ਬੰਦ ’ਚ ਗੁਰੂ ਰਾਮਦਾਸ ਜੀ ਨੇ ਬਚਨ ਕੀਤੇ ਹਨ ਕਿ ਜਦੋਂ ਗੁਰੂ ਨਾਲ ਮਿਲਾਪ ਹੋ ਜਾਏਗਾ ਤਾਂ ਗੁਰੂ ਸਿੱਖਿਆ ਨਾਲ਼ ਵਿਕਾਰ-ਵਾਸ਼ਨਾ ਦਾ ਪ੍ਰਭਾਵ ਖ਼ਤਮ ਹੋ ਜਾਂਦਾ ਹੈ, ‘‘ਮਿਲਿ ਸਾਧੂ, ਖੰਡਲ ਖੰਡਾ ਹੇ ॥’’
ਅੱਜ ਕੱਲ੍ਹ ਬਹੁਤਾਤ ਸਿੱਖ ਗੁਰੂ ਘਰ ਕੇਵਲ ਹਾਜ਼ਰੀ ਲਵਾਉਣ ਜਾਂਦੇ ਹਨ। ਕਈ ਸੁੱਖਣਾ ਸੁੱਖਣ ਲਈ ਜਾਂਦੇ ਹਨ ਜਾਂ ਉਸ ਦੇ ਪੂਰਾ ਹੋਣ ’ਤੇ ਮੱਥਾ ਟੇਕਣ ਜਾਂਦੇ ਹਨ। ਕਈ ਮੰਗ ਪੂਰੀ ਨਾ ਹੋਣ ’ਤੇ ਗੁਰੂ ਘਰ ਤੋਂ ਨਿਰਾਸ਼ ਹੋ ਬੈਠਦੇ ਹਨ। ਗੁਰੂ ਤੋਂ ਬੇਮੁਖ ਹੋ ਜਾਂਦੇ ਹਨ। ਕਈ ਗੁਰੂ ਦੇ ਦਰ ’ਤੇ ਗਏ, ਪਰ ਗੁਰੂ ਦੀ ਸਿੱਖਿਆ ਗ੍ਰਹਿਣ ਨਹੀਂ ਕਰਦੇ ਜਦਕਿ ਗੁਰੂ ਸਾਹਿਬ ਫ਼ਰਮਾ ਰਹੇ ਹਨ, ‘‘ਗਾਵੀਐ, ਸੁਣੀਐ; ਮਨਿ ਰਖੀਐ ਭਾਉ ॥ ਦੁਖੁ ਪਰਹਰਿ; ਸੁਖੁ ਘਰਿ ਲੈ ਜਾਇ.. ॥੫॥’’ (ਜਪੁ) ਭਾਵ ਗੁਰਬਾਣੀ ਨੂੰ ਪਿਆਰ ਨਾਲ਼ ਪੜ੍ਹਨਾ ਹੈ, ਸੁਣਨਾ ਹੈ ਅਤੇ ਆਪਣੇ ਮਨ ਵਿੱਚ ਗੁਰੂ ਉਪਦੇਸ਼ ਪ੍ਰਤੀ ਪਿਆਰ ਪੈਦਾ ਕਰਨਾ ਹੈ ਤਾਂ ਹੀ ਸਰੀਰਕ ਅਤੇ ਮਾਨਸਿਕ ਪੀੜ ਦੂਰ ਕਰਕੇ ਆਤਮਕ ਅਨੰਦ ਮਿਲਦਾ ਹੈ। ਕੇਵਲ ਦਿਖਾਵੇ ਮਾਤਰ ਗੁਰੂ ਘਰ ਜਾਣ ਦਾ ਬਾਣੀ ਨੇ ਹਮੇਸ਼ਾਂ ਖੰਡਨ ਕੀਤਾ ਹੈ।
ਸ਼ਬਦ ਦੇ ਦੂਸਰੇ ਪਦੇ ਵਿੱਚ ਗੁਰੂ ਜੀ ਪਰਮਾਤਮਾ ਨੂੰ ਭੁੱਲ ਚੁੱਕੇ ਜੀਵ (ਸਾਕਤ) ਦੀ ਬੜੀ ਯੋਗ ਵਿਆਖਿਆ ਕਰਦੇ ਹਨ ਕਿਉਂਕਿ ਜੋ ਮਨੁੱਖ ਪਰਮਾਤਮਾ ਤੋਂ ਟੁੱਟੇ ਹੋਏ ਹਨ, ਉਹ ਹਰੀ ਰਸ ਵਾਲ਼ਾ ਇਹ ਸਵਾਦ/ਅਨੰਦ ਨਹੀਂ ਸਮਝ ਸਕਦੇ। ਉਨ੍ਹਾਂ ਦੇ ਹਿਰਦੇ ਵਿੱਚ ਨਾਮ-ਅੰਮ੍ਰਿਤ ਨਹੀਂ ਵੱਸ ਸਕਦਾ। ਉਨ੍ਹਾਂ ਨੇ ਆਪਣੀ ਹਉਮੈ ਕਾਰਨ ਆਪਣਾ ਆਤਮਕ ਜੀਵਨ ਬਰਬਾਦ ਕਰ ਲਿਆ ਹੁੰਦਾ ਹੈ। ਉਹ ਦੁਨਿਆਵੀ ਰਸਾਂ ਕਸਾਂ ’ਚ ਗ੍ਰਸਤ ਰਹਿੰਦੇ ਹਨ। ਅਸਲੀ ਨਾਮ-ਰਸ ਨੂੰ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਹਉਮੈ ਵਾਲ਼ਾ ਕੰਡਾ ਉਨ੍ਹਾਂ ਨੂੰ ਸਦਾ ਚੁਭਦਾ ਰਹਿੰਦਾ ਹੈ, ਦੁਖੀ ਕਰਦਾ ਰਹਿੰਦਾ ਹੈ, ‘‘ਸਾਕਤ ਹਰਿ ਰਸ ਸਾਦੁ ਨ ਜਾਣਿਆ; ਤਿਨ ਅੰਤਰਿ ਹਉਮੈ ਕੰਡਾ ਹੇ ॥ ਜਿਉ ਜਿਉ ਚਲਹਿ; ਚੁਭੈ, ਦੁਖੁ ਪਾਵਹਿ; ਜਮਕਾਲੁ ਸਹਹਿ ਸਿਰਿ ਡੰਡਾ ਹੇ ॥੨॥’’ ਅਰਥ : ਰੱਬ ਤੋਂ ਟੁੱਟੇ ਬੰਦੇ; ਹਰੀ ਨਾਮ-ਰਸ ਦਾ ਅਨੰਦ ਨਹੀਂ ਮਾਣ ਸਕਦੇ ਕਿਉਂਕਿ ਉਨ੍ਹਾਂ ਅੰਦਰ ਅਹੰਕਾਰ ਰੂਪ ਜਿੱਦ (ਕੰਡਾ) ਹੁੰਦਾ ਹੈ। ਜਿਵੇਂ ਜਿਵੇਂ ਉਹ ਮਨਮੁਖ ਹੋ ਕੇ ਜੀਵਨ ਬਸਰ ਕਰਦੇ ਹਨ, ਅਹੰਕਾਰ ਰੂਪ ਕੰਡਾ ਉਨ੍ਹਾਂ ਦੇ ਮਨ ’ਚ ਚੁਭਦਾ ਹੈ, ਜਿਸ ਨਾਲ਼ ਪੀੜਾ ਸਹਾਰਦੇ ਹਨ। ਉਨ੍ਹਾਂ ਦੇ ਸਿਰ ’ਤੇ ਭਾਵ ਮਾਨਸਿਕ ਅਵਸਥਾ ਉੱਤੇ ਮੌਤ ਦੇ ਡਰ-ਭੈ ਵਾਲ਼ਾ ਡੰਡਾ ਵੱਜਦਾ ਰਹਿੰਦਾ ਹੈ ਭਾਵ ਉਹ ਕਦੇ ਸ਼ਾਂਤ ਚਿੱਤ ਨਹੀਂ ਰਹਿ ਸਕਦੇ। ਇੱਥੇ ਗੁਰੂ ਸਾਹਿਬ ਨੇ ਕੰਡੇ ਨੂੰ ਇੱਕ ਅਲੰਕਾਰ ਵਜੋਂ ਵਰਤਿਆ ਹੈ ਕਿ ਜਿਵੇਂ ਕੰਡਾ ਚੁਭਣ ’ਤੇ ਚੱਲਣ ਸਮੇਂ ਦਰਦ ਹੁੰਦਾ ਹੈ; ਵੈਸਾ ਹੀ ਜੀਵਨ ਬਸਰ ਕਰਦਿਆਂ ਮਨਮੁਖ ਦੇ ਸਦਾ ਅਹੰਕਾਰ ਰੂਪ ਕੰਡਾ ਚੁਭਦਾ ਰਹਿੰਦਾ ਹੈ।
ਗੁਰੂ ਨਾਨਕ ਸਾਹਿਬ ਨੇ ਸਿਰੀਰਾਗੁ ਅੰਦਰ ਉਚਾਰਨ ਕੀਤੇ ਇੱਕ ਸ਼ਬਦ ’ਚ ਨੂੰ ਰਸਾਂ ਦਾ ਜ਼ਿਕਰ ਕੀਤਾ ਹੈ। ਇਹ ਰਸ ਹਨ : ‘ਸੋਨਾ, ਚਾਂਦੀ, ਇਸਤਰੀ, ਸੁਗੰਧੀਆਂ, ਘੋੜਿਆਂ ਦੀ ਸਵਾਰੀ, ਨਰਮ ਸੇਜਾਂ ’ਤੇ ਸੌਣਾ, ਸੋਹਣੇ ਘਰ, ਮਿੱਠੇ ਪਦਾਰਥ ਚੱਖਣਾ ਤੇ ਮਾਸ ਖਾਣ ਦਾ ਚਸਕਾ’। ਜਿਸ ਮਨੁੱਖ ਅੰਦਰ ਐਨੇ ਰਸ ਹੋਣ, ਉਸ ਅੰਦਰ ਪਰਮਾਤਮਾ ਦਾ ਨਿਵਾਸ ਕਿਵੇਂ ਹੋ ਸਕਦਾ ਹੈ, ‘‘ਰਸੁ ਸੁਇਨਾ, ਰਸੁ ਰੁਪਾ ਕਾਮਣਿ; ਰਸੁ ਪਰਮਲ ਕੀ ਵਾਸੁ ॥ ਰਸੁ ਘੋੜੇ, ਰਸੁ ਸੇਜਾ ਮੰਦਰ; ਰਸੁ ਮੀਠਾ, ਰਸੁ ਮਾਸੁ ॥ ਏਤੇ ਰਸ ਸਰੀਰ ਕੇ; ਕੈ ਘਟਿ ਨਾਮ ਨਿਵਾਸੁ ?॥੨॥’’ (ਮਹਲਾ ੧/੧੫), ਪਰ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ-ਰਸ ਪ੍ਰਾਪਤ ਹੋ ਗਿਆ, ਫਿਰ ਉਨ੍ਹਾਂ ਨੂੰ ਹੋਰ ਰਸ ਚੰਗੇ ਨਹੀਂ ਲੱਗਦੇ। ਉਨ੍ਹਾਂ ਦਾ ਮਨ, ਨਾਮ ਰਸ ਵਿੱਚ ਹੀ ਮਗਨ ਰਹਿੰਦਾ ਹੈ, ‘‘ਜਾ ਕਉ ਰਸੁ; ਹਰਿ ਰਸੁ ਹੈ ਆਇਓ ॥ ਸੋ ਅਨ ਰਸ; ਨਾਹੀ ਲਪਟਾਇਓ ॥’’ (ਮਹਲਾ ੫/੧੮੬), ਪਰ ਜਿਨ੍ਹਾਂ ਨੇ ਨਾਮ-ਰਸ ਨਾ ਚਖਿਆ। ਜੋ ਜੀਵ ਪਰਮਾਤਮਾ ਦੇ ਨਾਮ ਤੋਂ ਸੱਖਣੇ ਰਹੇ। ਉਹ ਹੋਰ ਰਸਾਂ ਭਰਪੂਰ ਜ਼ਹਰ ਨੂੰ ਖਾਂਦੇ ਰਹਿੰਦੇ ਹਨ। ਉਨ੍ਹਾਂ ਦੇ ਔਗੁਣਾਂ ਦਾ ਬਕਾਇਆ ਵਧਦਾ ਰਹਿੰਦਾ ਹੈ। ਉਨ੍ਹਾਂ ਨੂੰ ਇਹ ਪਤਾ ਨਹੀਂ ਚੱਲਦਾ ਕਿ ਇਹ ਸਰੀਰ ਅਤੇ ਆਤਮਾ; ਪਰਮਾਤਮਾ ਦੀ ਅਮਾਨਤ ਹਨ। ਜਿਨ੍ਹਾਂ ਸਵਾਸਾਂ ਨਾਲ਼ ਮਨੁੱਖ ਮਾਇਆ ਮਗਰ ਦੌੜ ਭੱਜ ਕਰਦਾ ਰਹਿੰਦਾ ਹੈ ਤੇ ਹਿਰਦੇ ਅੰਦਰ ਹਉਮੈ ਵਾਲ਼ਾ ਕੰਡਾ ਚੁਭਦਾ ਰਹਿੰਦਾ ਹੈ, ਜਦੋਂ ਸੁਆਸਾਂ ਵਾਲ਼ੀ ਪੂੰਜੀ ਖ਼ਤਮ ਹੋ ਗਈ ਤਾਂ ਸਹੁਰੇ ਘਰ ਜਾ ਕੇ ਕਰਮਾਂ ਵਾਲ਼ੇ ਲੇਖੇ ਦਾ ਹਿਸਾਬ ਦੇਣਾ ਪਏਗਾ। ਜਿਵੇਂ ਜਿਵੇਂ ਮਨੁੱਖ ਮਾਇਆਵੀ ਰਸਤੇ ’ਤੇ ਚੱਲ-ਚੱਲ ਵਿਕਾਰ ਕਮਾਉਂਦਾ ਹੈ, ਓਤਨਾ ਹੀ ਅਹੰਕਾਰ-ਕੰਡਾ ਵਧੇਰੇ ਚੁਭਦਾ ਹੈ, ਦੁਖੀ ਕਰਦਾ ਹੈ। ਮਰਨ ਉਪਰੰਤ ਜਦੋਂ ਜੀਵਾਤਮਾ ਧਰਮਰਾਜ ਕੋਲ਼ ਪਹੁੰਚਦਾ ਹੈ ਤਾਂ ਦਰਬਾਰੀ ਉਸ ਨੂੰ ਬੰਨ੍ਹ ਲੈਂਦੇ ਹਨ ਤੇ ਸਿਰ ਉੱਤੇ ਡੰਡੇ ਪੈਂਦੇ ਹਨ ਭਾਵ ਆਵਾਗਮਣ ਵਾਲ਼ੀ ਮਾਰਗ ਪੈ ਕੇ ਵਾਰ-ਵਾਰ ਜਨਮ ਮਰਨ ਹੁੰਦਾ ਰਹਿੰਦਾ ਹੈ।
ਗੁਰੂ ਜੀ ਸ਼ਬਦ ਦੇ ਤੀਜੇ ਬੰਦ ’ਚ ਫ਼ੁਰਮਾ ਰਹੇ ਹਨ, ‘‘ਹਰਿ ਜਨ ਹਰਿ ਹਰਿ ਨਾਮਿ ਸਮਾਣੇ; ਦੁਖੁ ਜਨਮ ਮਰਣ ਭਵ ਖੰਡਾ ਹੇ ॥ ਅਬਿਨਾਸੀ ਪੁਰਖੁ ਪਾਇਆ ਪਰਮੇਸਰੁ ਬਹੁ ਸੋਭ ਖੰਡ ਬ੍ਰਹਮੰਡਾ ਹੇ ॥੩॥’’ ਅਰਥ : (ਪਰ) ਜਿਹੜੇ ਹਰੀ ਦੇ ਸੇਵਕ; ਹਰੀ ਦੇ ਨਾਮ-ਰੰਗ ’ਚ ਰੰਗੇ ਜਾਂਦੇ ਹਨ, ਉਹ ਨਾਸ ਰਹਿਤ ਪਤੀ-ਪਰਮੇਸ਼ਰ ਨੂੰ ਪਾ ਲੈਂਦੇ ਹਨ। ਉਹ ਵਾਰ ਵਾਰ ਜਨਮ ਮਰਨ ਹੋਣ ਵਾਲ਼ੇ ਸੰਸਾਰ ਤੋਂ ਮੁਕਤ ਹੋ ਜਾਂਦੇ ਹਨ। ਉਨ੍ਹਾਂ ਦੀ ਲੋਕ-ਪ੍ਰਲੋਕ ਵਿੱਚ ਸ਼ੋਭਾ ਹੁੰਦੀ ਹੈ। ਉਨ੍ਹਾਂ ਨੂੰ ਇਹੀ ਰਸ ਮਿੱਠਾ ਲੱਗਣ ਲੱਗਦਾ ਹੈ। ਉਨ੍ਹਾਂ ਅੰਦਰ ਐਸੀ ਅਵਸਥਾ ਬਣੀ ਰਹਿੰਦੀ ਹੈ, ‘‘ਨਾਵੈ ਅੰਦਰਿ ਹਉ ਵਸਾਂ; ਨਾਉ ਵਸੈ ਮਨਿ ਆਇ ॥’’ (ਮਹਲਾ ੧/੫੫) ਭਾਵ ਉਹ ਨਾਮ ਵਿੱਚ ਸਦਾ ਟਿਕੇ ਰਹਿੰਦੇ ਹਨ ਅਤੇ ਨਾਮ ਉਨ੍ਹਾਂ ਅੰਦਰ ਸਦਾ ਲਈ ਆ ਵੱਸਦਾ ਹੈ। ਉਹ ਸੁਖੀ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਨੇ ਨਾਸ ਰਹਿਤ ਸਰਬ ਵਿਆਪਕ ਪਰਮੇਸ਼ਰ ਨੂੰ ਪਾ ਲਿਆ ਹੁੰਦਾ ਹੈ। ਪਰਮਾਤਮਾ ਉਨ੍ਹਾਂ ਦੀ ਹਮੇਸ਼ਾਂ ਸਹਾਇਤਾ ਕਰਦਾ ਹੈ, ਉਨ੍ਹਾਂ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਦਾ ਹੈ। ਉਨ੍ਹਾਂ ਦੀ ਲੋਕ ਪਰਲੋਕ ਵਿੱਚ ਸ਼ੋਭਾ ਹੁੰਦੀ ਹੈ।
ਗੁਰੂ ਜੀ ਅੰਤਮ ਪਦੇ ਵਿੱਚ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਹੇ ਪ੍ਰਭੂ ! ਅਸੀਂ ਤੇਰੇ ਦਰ ਦੇ ਬਹੁਤ ਹੀ ਗ਼ਰੀਬ ਅਤੇ ਨਿਮਾਣੇ ਜਿਹੇ ਮੰਗਤੇ ਹਾਂ ਭਾਵ ਸਾਡਾ ਤੇਰੇ ਉੱਤੇ ਕੋਈ ਅਧਿਕਾਰ ਨਹੀਂ ਬਲਕਿ ਇੱਕ ਫ਼ਰਿਆਦ ਹੀ ਕਰ ਸਕਦੇ ਹਾਂ ਕਿ ਹੇ ਪ੍ਰਭੂ ! ਤੂੰ ਸਾਨੂੰ ਰੱਖ ਲੈ, ਬਚਾ ਲੈ। ਤੂੰ ਸਰਬ ਸ਼ਕਤੀਮਾਨ ਹੈਂ। ਜਿਹੜਾ ਤੇਰੇ ਦਰ ’ਤੇ ਆਉਂਦਾ ਹੈ, ਤੂੰ ਉਸ ਦੇ ਸਾਰੇ ਗੁਨਾਹ ਮਾਫ਼ ਕਰ ਦਿੰਦਾ ਹੈਂ ਕਿਉਂਕਿ ਤੂੰ ਸਾਡੇ ਔਗੁਣ ਵੇਖ ਕਰੋਧਿਤ ਨਹੀਂ ਹੁੰਦਾ ਬਲਕਿ ਤੇਰਾ ਬਿਰਦ ਬੜਾ ਕਿਰਪਾਲੂ ਹੈ। ਤੂੰ ਸਭ ਉੱਤੇ ਰਹਿਮਤ ਕਰਨ ਵਾਲ਼ਾ ਹੈਂ। ਗੁਰੂ ਰਾਮਦਾਸ ਪਾਤਿਸ਼ਾਹ ਐਸੀ ਨਿਮਰ ਭਾਵਨਾ ਨਾਲ਼ ਫ਼ੁਰਮਾਉਂਦੇ ਹਨ ਕਿ ਹੇ ਪ੍ਰਭੂ ! ਤੇਰੇ ਨਾਨਕ ਦਾਸ ਨੂੰ ਤੇਰੇ ਨਾਮ ਦਾ ਹੀ ਸਹਾਰਾ ਹੈ। ਤੇਰੇ ਨਾਮ ਨੂੰ ਹਿਰਦੇ ਰੂਪੀ ਘਰ ਅੰਦਰ ਵਸਾ ਕੇ, ਤੇਰੀ ਯਾਦ ਨਾਲ ਜੁੜ ਕੇ ਹੀ ਅਨੰਦਿਤ ਰਿਹਾ ਜਾ ਸਕਦਾ ਹੈ, ‘‘ਹਮ ਗਰੀਬ ਮਸਕੀਨ ਪ੍ਰਭ ! ਤੇਰੇ; ਹਰਿ ਰਾਖੁ ਰਾਖੁ, ਵਡ ਵਡਾ ਹੇ ॥ ਜਨ ਨਾਨਕ ਨਾਮੁ ਅਧਾਰੁ ਟੇਕ ਹੈ; ਹਰਿ ਨਾਮੇ ਹੀ ਸੁਖੁ ਮੰਡਾ ਹੇ ॥੪॥੪॥’’
ਤਿਲੰਗ ਰਾਗ ਵਿੱਚ ਭਗਤ ਨਾਮਦੇਵ ਜੀ ਦਾ ਭੀ ਬਹੁਤ ਪਿਆਰਾ ਸ਼ਬਦ ਹੈ, ਜੋ ਕਿ ਉਪਰੋਕਤ ਵਿਸ਼ੇ ਨਾਲ ਕਾਫ਼ੀ ਮੇਲ ਖਾਂਦਾ ਹੈ। ਭਗਤ ਜੀ ਆਪਣੇ ਸ਼ਬਦ ਰਾਹੀਂ ਆਪਣੇ ਆਪ ਨੂੰ ਨੇਤ੍ਰਹੀਣ ਅਤੇ ਪ੍ਰਭੂ ਦੇ ਨਾਮ ਨੂੰ ਸੋਟੀ (ਸਹਾਰਾ) ਮੰਨਦੇ ਹਨ। ਭਗਤ ਜੀ ਸਮਝਾਉਂਦੇ ਹਨ ਕਿ ਮੈ ਪ੍ਰਭੂ ਦੇ ਗਿਆਨ ਤੋਂ ਬਿਨਾਂ ਇੱਕ ਅੰਨ੍ਹੇ ਮਨੁੱਖ ਦੀ ਤਰ੍ਹਾਂ ਹਾਂ, ਜਿਸ ਨੂੰ ਹਰ ਪਾਸੇ ਹਨ੍ਹੇਰਾ ਨਜ਼ਰੀਂ ਪੈਂਦਾ ਹੈ। ਐਸੀ ਹਾਲਤ ’ਚ ਕੇਵਲ ਪਰਮਾਤਮਾ ਦਾ ਨਾਮ ਹੀ ਚਾਨਣ ਹੈ, ਜੋ ਸਹਾਰਾ ਬਣਦਾ ਹੈ ਤੇ ਸਹੀ ਰਾਹ ਦਿਖਾਂਦਾ ਹੈ। ਮੈਂ ਮੰਨਦਾ ਹਾਂ ਕਿ ਮੈਂ ਅੰਦਰੂਨੀ ਗੁਣਾਂ ਤੋਂ ਸੱਖਣਾ ਰਹਿਣ ਕਾਰਨ ਗ਼ਰੀਬ ਹਾਂ, ਨਿਮਾਣਾ ਹਾਂ, ਇਸ ਲਈ ਤੇਰੇ ਨਾਮ ਹੀ ਸਹਾਰਾ ਬਣ ਭਵਜਲ ਤਾਰ ਸਕਦਾ ਹੈ, ‘‘ਮੈ ਅੰਧੁਲੇ ਕੀ ਟੇਕ; ਤੇਰਾ ਨਾਮੁ ਖੁੰਦਕਾਰਾ ॥ ਮੈ ਗਰੀਬ, ਮੈ ਮਸਕੀਨ; ਤੇਰਾ ਨਾਮੁ ਹੈ ਅਧਾਰਾ ॥੧॥ ਰਹਾਉ ॥’’ (ਭਗਤ ਨਾਮਦੇਵ/੭੨੭), ਪਰ ਜਦ ਅੰਦਰ ਹਉਮੈ ਰੂਪ ਕੰਡਾ ਚੁਭ ਰਿਹਾ ਹੋਵੇ ਤਾਂ ਮਨੁੱਖ ਨਿਮਾਣਾ ਬਣ ਕੇ ਗੁਰੂ ਅੱਗੇ ਝੁਕ ਨਹੀਂ ਸਕਦਾ। ਉਹੀ ਜਨ; ਸਰੀਰਕ ਤੇ ਮਾਨਸਿਕ ਸੁੱਖ ਮਾਣਦੇ ਹਨ, ਜਿਨ੍ਹਾਂ ਕੋਲ਼ ਪਰਮਾਤਮਾ ਦੇ ਨਾਮ ਦਾ ਸਹਾਰਾ (ਡੰਡਾ) ਹੈ। ਫਿਰ ਉਨ੍ਹਾਂ ਅੰਦਰ ਰੂਹਾਨੀਅਤ ਬਲ ਐਨੀ ਬਲਵਾਨ ਰਹਿੰਦਾ ਹੈ, ਜਿਸ ਨਾਲ਼ ਆਪਣੇ ਕਰਮਾਂ ਦਾ ਲੇਖਾ ਜੋਖਾ ਇੱਥੇ ਹੀ ਨਿਬੇੜ ਲੈਂਦੇ ਹਨ ਤੇ ਪਰਮਾਤਮਾ ਨਾਲ ਮਿਲ ਕੇ, ਇਕ-ਮਿਕ ਹੋ ਕੇ ਸੁੱਖ ਪਾਉਂਦੇ ਹਨ। ਪਰਮਾਤਮਾ ਉਨ੍ਹਾਂ ਨੂੰ ਬਖ਼ਸ਼ ਦਿੰਦਾ ਹੈ ਅਤੇ ਜਨਮ ਮਰਨ ਦੇ ਗੇੜ ਤੋਂ ਮੁਕਤ ਕਰ ਦਿੰਦਾ ਹੈ। ਐਸੀ ਹੀ ਫ਼ਰਿਆਦ ਭਗਤ ਕਬੀਰ ਜੀ ਅਤੇ ਭਗਤ ਰਵੀਦਾਸ ਜੀ ਕਰਦੇ ਹਨ, ‘‘ਅਬ ਕੀ ਬਾਰ ਬਖਸਿ ਬੰਦੇ ਕਉ; ਬਹੁਰਿ ਨ ਭਉਜਲਿ ਫੇਰਾ ॥ (ਭਗਤ ਕਬੀਰ/੧੧੦੪), ਬਹੁਤ ਜਨਮ ਬਿਛੁਰੇ ਥੇ ਮਾਧਉ ! ਇਹੁ ਜਨਮੁ ਤੁਮ੍ਹਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ; ਚਿਰ ਭਇਓ ਦਰਸਨੁ ਦੇਖੇ ॥’’ (ਭਗਤ ਰਵਿਦਾਸ/੬੯੪), ਐਸਾ ਮਨੁੱਖ ਸਦਾ ਮਹਿਸੂਸ ਕਰਦਾ ਹੈ ਕਿ ‘‘ਅਨੰਦੁ ਭਇਆ ਮੇਰੀ ਮਾਏ ! ਸਤਿਗੁਰੂ ਮੈ ਪਾਇਆ ॥ ਸਤਿਗੁਰੁ ਤ ਪਾਇਆ ਸਹਜ ਸੇਤੀ; ਮਨਿ ਵਜੀਆ ਵਾਧਾਈਆ ॥’’ (ਅਨੰਦ/ਮਹਲਾ ੩/੯੧੭) ਅਰਥ : ਹੇ ਮੇਰੀ ਮਾਂ ! ਮੇਰੇ ਅੰਦਰ ਸੱਚਾ ਅਨੰਦ ਬਣ ਗਿਆ ਹੈ ਕਿਉਂਕਿ ਮੈ ਸਤਿਗੁਰੂ ਦੀ ਸ਼ਰਨ ਪ੍ਰਾਪਤ ਕੀਤੀ ਹੈ। ਜੋ ਸਤਿਗੁਰੂ ਦੀ ਸ਼ਰਨ ਲੈਂਦਾ ਉਸ ਅੰਦਰ ਸੁੱਤੇ ਹੀ ਅਡੋਲ ਅਵਸਥਾ ਅਤੇ ਮਨ ਵਿੱਚ ਅਨੰਦ ਭਰਪੂਰ ਤਰੰਗਾਂ ਪੈਦਾ ਹੋ ਜਾਂਦੀਆਂ ਹਨ।
ਸਾਰ : ਸੋਹਿਲਾ ਬਾਣੀ ਦੇ ਇਸ ਸ਼ਬਦ ਅੰਦਰ ਗੁਰੂ ਜੀ ਨੇ ਸਾਕਤ ਅਤੇ ਗੁਰਮੁਖ; ਦੋ ਵਿਅਕਤੀਆਂ ਦੇ ਜੀਵਨ ਨੂੰ ਤੁਲਨਾਤਮਿਕ ਵਿਚਾਰ ਕੇ ਅਨੰਦਮਈ ਅਤੇ ਦੁਖਦਾਈ ਜੀਵਨ ਦੀ ਵਿਆਖਿਆ ਕੀਤੀ ਹੈ ਕਿ ਕਿਵੇਂ ਇੱਕ ਪਰਮਾਤਮਾ ਤੋਂ ਟੁੱਟਿਆ ਮਨੁੱਖ; ਅੰਮ੍ਰਿਤ ਨਾਮ-ਰਸ ਤੋਂ ਸੱਖਣਾ ਰਹਿੰਦਾ ਹੈ ਅਤੇ ਗੁਰਮੁਖ; ਗ਼ਰੀਬ ਤੇ ਮਸਕੀਨ (ਨਿਮਾਣਾ) ਬਣ ਪਰਮਾਤਮਾ ਵੱਲੋਂ ਮਿਲੀਆਂ ਬੇਸ਼ੁਮਾਰ ਦਾਤਾਂ ਨਾਲ਼ ਤ੍ਰਿਪਤ ਰਹਿ ਆਤਮਕ ਅਨੰਦ ਮਾਣਦਾ ਹੈ।