ਕਬਿੱਤ ਨੰਬਰ 51 (ਭਾਈ ਗੁਰਦਾਸ ਜੀ)

0
539

ਕਬਿੱਤ ਨੰਬਰ 51 (ਭਾਈ ਗੁਰਦਾਸ ਜੀ)

ਪ੍ਰੀਤਮ ਸਿੰਘ, ਕਰਨਾਲ ਮੋਬਾਈਲ:੭੦੧੫੮-੨੧੧੬੨

ਗੁਰਮੁਖਿ ਸੰਧਿ ਮਿਲੇ ਬ੍ਰਹਮ ਧਿਆਨ ਲਿਵ, ਏਕੰਕਾਰ ਕੈ ਆਕਾਰ ਅਨਿਕ ਪ੍ਰਕਾਰ ਹੈ ।

ਗੁਰਮੁਖਿ ਸੰਧਿ ਮਿਲੇ ਬ੍ਰਹਮ ਗਿਆਨ ਲਿਵ, ਨਿਰੰਕਾਰ ਓਅੰਕਾਰ ਬਿਬਿਧਿ ਬਿਥਾਰ ਹੈ ।

ਗੁਰ ਸਿਖ ਸੰਧਿ ਮਿਲੇ ਸ੍ਵਾਮੀ ਸੇਵ ਸੇਵਕ ਹੁਇ, ਬ੍ਰਹਮ ਬਿਬੇਕ ਪ੍ਰੇਮ ਭਗਤਿ ਅਚਾਰ ਹੈ ।

ਗੁਰਮੁਖਿ ਸੰਧਿ ਮਿਲੇ ਪਰਮਦਭੁਤ ਗਤਿ, ਨੇਤ ਨੇਤ ਨੇਤ ਨਮੋ ਨਮੋ ਨਮਸਕਾਰ ਹੈ ॥੫੧॥

ਸ਼ਬਦ ਅਰਥ : ਏਕੰਕਾਰ=ਵਾਹਿਗੁਰੂ, ਪ੍ਰਮਾਤਮਾ।, ਨਿਰੰਕਾਰ=ਆਕਾਰ ਰਹਿਤ, ਨਿਰਗੁਣ ਸਰੂਪ ਪ੍ਰਭੂ।, ਓਅੰਕਾਰ= ਸਾਕਾਰ, ਸਰਗੁਣ ਸਰੂਪ ਪ੍ਰਭੂ।, ਬਿਬਿਧਿ=ਕਈ ਪ੍ਰਕਾਰ ਦੇ।, ਬ੍ਰਹਮ ਬਿਬੇਕ=ਬ੍ਰਹਮ ਦੀ ਵੀਚਾਰ।, ਪਰਮਦਭੁਤ=ਬਹੁਤ ਹੀ ਅਸਚੱਰਜ।, ਨੇਤ=ਇਹ ਨਹੀਂ ਹੈ ਭਾਵ ਬੇਅੰਤ ਹੈ।

ਅਰਥ : ਜਦੋਂ ਸਿੱਖ ਦਾ ਮੇਲ ਗੁਰੂ ਨਾਲ ਹੁੰਦਾ ਹੈ ਤਾਂ ਉਸ ਦਾ ਧਿਆਨ ਪ੍ਰਭੂ ਵਿੱਚ ਜੁੜਦਾ ਹੈ ਅਤੇ ਉਸ ਨੂੰ ਸਮਝ ਆਉਂਦੀ ਹੈ ਕਿ ਪ੍ਰਮਾਤਮਾ ਦਾ ਸਰੂਪ ਇੱਕ ਨਹੀਂ। ਉਸ ਨਿਰਾਕਾਰ ਦੇ ਕਈ ਪ੍ਰਕਾਰ ਦੇ ਸਰੂਪ ਵੇਖਣ ਨੂੰ ਮਿਲ ਜਾਂਦੇ ਹਨ।  ਜਦੋਂ ਗੁਰੂ ਨੂੰ ਮਿਲ ਕੇ ਸਿੱਖ ਗੁਰੂ ਦੇ ਗਿਆਨ ਵਿੱਚ ਸੁਰਤੀ ਜੋੜਦਾ ਹੈ ਤਦੋਂ ਉਹ ਜਾਣ ਜਾਂਦਾ ਹੈ ਕਿ ਸਰਗੁਣ ਤੇ ਨਿਰਗੁਣ ਇੱਕੋ ਹੀ ਪ੍ਰਭੂ ਦੇ ਦੋ ਸਰੂਪ ਹਨ ਤੇ ਸਾਰਾ ਦਿੱਸਦਾ ਪਸਾਰਾ; ਨਿਰਗੁਣ ਦਾ ਸਰਗੁਣ ਸਰੂਪ ਹੈ।  ਗੁਰੂ ਦੇ ਸਨਮੁਖ ਹੋਇਆਂ ਹੀ ਸਿੱਖ ਆਪਣੇ ਸੁਆਮੀ ਦੀ ਸੇਵਾ ਕਰਨ ਵਾਲਾ ਸੇਵਕ ਬਣਦਾ ਹੈ ਅਤੇ ਉਸ ਦੇ ਅੰਦਰ ਬ੍ਰਹਮ ਦੀ ਵੀਚਾਰ ਪੈਦਾ ਹੁੰਦੀ ਹੈ, ਜਿਸ ਦਾ ਸਦਕਾ ਉਸ ਦਾ ਆਚਰਨ ਪ੍ਰਭੂ ਦੀ ਪ੍ਰੇਮਾ ਭਗਤੀ ਵਾਲਾ ਬਣ ਜਾਂਦਾ ਹੈ।  ਗੁਰੂ ਦੇ ਮਿਲਾਪ ਤੋਂ ਹੀ ਸਿੱਖ ਦੀ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ ਕਿ ਪ੍ਰਮਾਤਮਾ ਵਾਂਗ ਹੀ ਉਹ ਬੇਅੰਤ-ਬੇਅੰਤ (ਭਾਵ ਬੇਅੰਤ ਗੁਣਾਂ ਵਾਲਾ) ਅਤੇ ਨਮਸਕਾਰ ਕਰਨਜੋਗ ਹੋ ਜਾਂਦਾ ਹੈ।

ਪਰਮਾਤਮਾ ਬੇਅੰਤ ਹੈ। ਉਸ ਬੇਅੰਤ ਪਰਮਾਤਮਾ ਦੀ ਰਚਨਾ ਵੀ ਬੇਅੰਤ ਹੈ। ਨਿਰਾਕਾਰ ’ਚ ਆਪ ਉਹ ਅਦ੍ਰਿਸ਼ਟ ਹੈ ਪਰ ਉਸ ਦੀ ਰਚਨਾ (ਸਰਗੁਣ) ਨੂੰ ਅਸੀਂ ਦੇਖ ਸਕਦੇ ਹਾਂ। ਰਚਨਾ ਨੂੰ ਦੇਖਣ ਦਾ ਮਤਲਬ ਇਸ ਦਾ ਅੰਤ ਪਾਉਣਾ ਨਹੀਂ, ਕਿ ਇਹ ਕਿੰਨੀ ਕੁ ਹੈ। ‘ਜਪੁ’ ਜੀ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਫ਼ਰਮਾਨ ਕਰਦੇ ਹਨ ‘‘ਅੰਤੁ ਨ ਜਾਪੈ, ਕੀਤਾ ਆਕਾਰ। ਅੰਤੁ ਨ ਜਾਪੈ, ਪਾਰਾਵਾਰੁ॥’’ (ਜਪੁ ਜੀ ਸਾਹਿਬ/ਅੰਕ ੫)

ਗੁਰੂ ਅਰਜੁਨ ਪਾਤਸ਼ਾਹ ਇੱਕ ਸਲੋਕ ਅੰਦਰ ਕਥਨ ਕਰਦੇ ਹਨ ‘‘ਉਸਤਤਿ ਕਰਹਿ ਅਨੇਕ ਜਨ, ਅੰਤੁ ਨ ਪਾਰਾਵਾਰ॥ ਨਾਨਕ ! ਰਚਨਾ ਪ੍ਰਭਿ ਰਚੀ, ਬਹੁ ਬਿਧਿ ਅਨਿਕ ਪ੍ਰਕਾਰ॥’’ (ਮ:੫/ਅੰਕ ੨੭੫) ਜਿਵੇਂ ਪ੍ਰਮਾਤਮਾ ਦਾ ਆਪਣਾ ਕੋਈ ਅੰਤ ਨਹੀਂ ਤਿਵੇਂ ਉਸ ਦੀ ਰਚਨਾ ਦਾ ਵੀ ਕੋਈ ਅੰਤ ਨਹੀਂ ਕਿ ਉਹ ਕਿੰਨੀ ਵਿਆਪਕ ਤੇ ਕਿੰਨੇ ਪ੍ਰਕਾਰ ਦੀ ਹੈ। ਉਸ ਦੀ ਰਚਨਾ ਵਿੱਚ ਮਨੁੱਖਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਜੂਨੀਆਂ ਹਨ, ਜਿਨ੍ਹਾਂ ਨੂੰ ਆਮ ਤੌਰ ’ਤੇ ਚੁਰਾਸੀ ਲੱਖ ਵੀ ਕਿਹਾ ਜਾਂਦਾ ਹੈ, ਪਰ ਚੁਰਾਸੀ ਲੱਖ ਵੀ ਸਿਰਫ਼ ਕਹਿਣ ਮਾਤਰ ਹੈ।  ਗਿਆਨ ਖੰਡ  ਵਿੱਚ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਦੀ ਇਸ ਬੇਅੰਤ ਰਚਨਾ ਬਾਰੇ ਜਦੋਂ ਇਹ ਦਸਦੇ ਹਨ ‘‘ਕੇਤੇ ਬਰਮੇ ਘਾੜਤਿ ਘੜੀਅਹਿ, ਰੂਪ ਰੰਗ ਕੇ ਵੇਸ॥……ਕੇਤੇ ਸਿਧ ਬੁਧ ਨਾਥ ਕੇਤੇ, ਕੇਤੇ ਦੇਵੀ ਵੇਸ॥…..ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ॥ ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ! ਅੰਤੁ ਨ ਅੰਤੁ॥’’ (ਜਪੁ ਜੀ ਸਾਹਿਬ/ਅੰਕ ੭) ਤਦੋਂ ਅਗਾਂਹ ਸਰਮਖੰਡ ਵਿੱਚ ਨਾਲ ਇਹ ਵੀ ਆਖ ਦੇਂਦੇ ਹਨ ‘‘ਗਿਆਨ ਖੰਡ ਮਹਿ ਗਿਆਨ ਪਰਚੰਡੁ॥ ਤਿਥੈ, ਨਾਦ ਬਿਨੋਦ ਕੋਡ ਅਨੰਦੁ॥’’ (ਜਪੁ ਜੀ ਸਾਹਿਬ/ਅੰਕ ੭) ਜਦੋਂ ਸਿੱਖ ਨੂੰ ਗੁਰੂ ਤੋਂ ਇਹ ਸਾਰਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਤਾਂ ਫਿਰ ਉਸ ਦੇ ਹਿਰਦੇ ਵਿੱਚ ਪ੍ਰਭੂ ਲਈ ਇੱਕ ਖਿੱਚ, ਇੱਕ ਅਨੂਠਾ ਪ੍ਰੇਮ ਪੈਦਾ ਹੋ ਜਾਂਦਾ ਹੈ ਤੇ ਉਹ ਵਾਹਿਗੁਰੂ ਦੀ ਸੇਵਾ ਤੇ ਸਿਮਰਨ ਵਿੱਚ ਤਨੋਂ ਮਨੋਂ ਜੁੱਟ ਜਾਂਦਾ ਹੈ, ਜਿਵੇਂ ਜਿਵੇਂ ਉਹ ਭਗਤੀ ਕਰਦਾ ਹੈ, ਤਿਵੇਂ ਤਿਵੇਂ ਪ੍ਰਮਾਤਮਾ ਦੇ ਗੁਣਾਂ ਦੀ ਉਸ ਦੇ ਅੰਦਰ ਸਮਾਈ ਹੁੰਦੀ ਜਾਂਦੀ ਹੈ, ਪ੍ਰਵੇਸ ਹੁੰਦਾ ਜਾਂਦਾ ਹੈ। ਉਸ ਦਾ ਆਚਰਨ ਬਹੁਤ ਉੱਚਾ ਤੇ ਸੁੱਚਾ ਹੁੰਦਾ ਜਾਂਦਾ ਹੈ।  ਉਸ ਦੇ ਕਰਮ ਬੜੇ ਪਵਿੱਤਰ ਹੋ ਜਾਂਦੇ ਹਨ।  ਗੱਲ ਕੀ ‘‘ਤਾ ਕੀਆ ਗਲਾ, ਕਥੀਆ ਨਾ ਜਾਹਿ॥ ਜੇ ਕੋ ਕਹੈ, ਪਿਛੈ ਪਛੁਤਾਇ॥’’ (੮) ਵਾਲੀ ਹਾਲਤ ਬਣ ਜਾਂਦੀ ਹੈ।