ਜ਼ਿੰਦੇ ਨੀ ! ਮੁੜ ਬਚਪਨ ਕਿੱਥੋਂ ਲੱਭੇ।
ਡਾ. ਹਰਮਿੰਦਰ ਸਿੰਘ ‘ਸਹਿਜ’-97819-93037
ਰਹੀਆਂ ਨਾ ਹੁਣ ਦਿਲ ਦੀਆਂ ਸਾਂਝਾ, ਨਾ ਉਹ ਪਿਆਰ ਕਲ਼ਾਵੇ।
ਜੰਗਲ਼ ਦੇ ਵਿੱਚ ਭੱਜੇ ਫਿਰਦੇ, ਕੋਈ ਨਾ ਕਿਸੇ ਬੁਲਾਵੇ।
ਆਪੋ ਧਾਪੀ ਦੇ ਆਲਮ ਵਿੱਚ, ਚਾਅ ਗਏ ਸਭ ਦੱਬੇ।
ਜਿੰਦੇ ਨੀ ! ਮੁੜ ਬਚਪਨ ਕਿੱਥੋਂ ਲੱਭੇ।
ਜੀਵਨ ਦਾ ਉਹ ਸਮਾਂ ਸੁਨਹਿਰਾ, ਮੁੜ ਕੇ ਕਦੇ ਨਾ ਆਇਆ।
ਓਸ ਸਮੇਂ ਦੀਆਂ ਯਾਦਾਂ ਨੇ ਹੈ, ਧੁਰ ਤਾਈਂ ਦਿਲ ਹਿਲਾਇਆ।
ਪੌਣ ਕੰਧਾੜੇ ਚੜ੍ਹ ਕੇ ਆਵਣ, ਯਾਦਾਂ ਭਰ ਭਰ ਥੱਬੇ।
ਜਿੰਦੇ ਨੀ ! ਮੁੜ ਬਚਪਨ ਕਿੱਥੋਂ ਲੱਭੇ।
ਜਿਸ ਮੌਲਾਂ ਨੇ ਸ੍ਰਿਸ਼ਟੀ ਸਾਜੀ, ਉਸ ਦੀ ਖੇਡ ਨਿਆਰੀ।
ਆਵਣ ਜਾਣਾ ਖੇਲ ਬਣਾਇਆ, ਸੱਚਾ ਹੁਕਮ ਅਪਾਰੀ।
ਉਸ ਦੀ ਮਹਿਮਾ ਉਚਿਓਂ ਉੱਚੀ, ਸਹਿਜ ਉਸੇ ਨੂੰ ਫੱਬੇ।
ਜਿੰਦੇ ਨੀ ! ਮੁੜ ਬਚਪਨ ਕਿੱਥੋਂ ਲੱਭੇ।
ਹਾਏ ਨੀ ! ਮੁੜ ਬਚਪਨ ਕਿੱਥੋਂ ਲੱਭੇ।