ਜਹ ਗਿਆਨ ਪ੍ਰਕਾਸੁ, ਅਗਿਆਨੁ ਮਿਟੰਤੁ॥

0
629

ਜਹ ਗਿਆਨ ਪ੍ਰਕਾਸੁ, ਅਗਿਆਨੁ ਮਿਟੰਤੁ॥

ਪ੍ਰਿੰਸੀਪਲ ਬਲਜੀਤ ਸਿੰਘ-94170-18531

ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕੀਤੀ ਖਾਲਸੇ ਦੀ ਸਿਰਜਣਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੰਸਾਰ ਵਿਚ, ਸਰਬ ਮਾਨਵਤਾ ਲਈ ਸ੍ਰੇਸ਼ਟ ਤੇ ਅਲੌਕਿਕ ਗੁਣਾਂ ਦਾ ਸੁਮੇਲ ਹੈ। ਅਜਿਹੇ ਸਮਾਜ ਦੀ, ਜਿੱਥੇ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦੀ ਭਾਵਨਾ ਹੋਵੇ, ਦੀ ਸਿਰਜਣਾ ਲਈ ਗੁਰੂਆਂ ਨੇ ਜੀਵਨ ਭਰ ਘਾਲਣਾ ਘਾਲੀ, ਸ਼ਹਾਦਤਾਂ ਦਿੱਤੀਆਂ, ਸਰਬੰਸ ਦਾਨ ਕੀਤੇ। ਗੁਰੂ ਸਾਹਿਬਾਨ ਜੀ ਨੇ ਜਾਤਾਂ-ਪਾਤਾਂ, ਨਸਲੀ ਭੇਦਾਂ ਤੋਂ ਰਹਿਤ ਅਤੇ ਦੇਸ-ਕਾਲ ਦੀਆਂ ਹੱਦਾਂ ਤੋਂ ਪਰ੍ਹੇ, ਦੂਰ ਤੱਕ ਸਰਬੱਤ ਦੇ ਸੱਭਿਆਚਾਰਕ ਜੀਵਨ ਦਾ ਆਧਾਰ ਬਣਨ ਵਾਲੀ ਜੀਵਨ ਦ੍ਰਿਸ਼ਟੀ ਦੀ ਬਖਸ਼ਿਸ਼ ਕੀਤੀ।

ਮੂਲ ਰੂਪ ਵਿਚ ਸਮੂਹ ਧਰਮ ਹੀ ਸ਼ੁੱਭ ਗੁਣਾਂ ਤੇ ਮਨੁੱਖੀ ਭਾਈਚਾਰੇ ਦੇ ਹਿਤਾਂ ਦੀ ਰਾਖੀ ਦਾ ਦਾਅਵਾ ਕਰਦੇ ਹਨ ਪਰ ਸਮਾਜਿਕ ਤੇ ਵਿਅਕਤੀਗਤ ਅਮਲ ਦੇ ਪੱਧਰ ਤੇ ਪ੍ਰਗਟਾਵਾ ਹੀ ਕਿਸੇ ਧਰਮ ਦੇ ਅਸੂਲਾਂ ਦੇ ਦਾਅਵਿਆਂ ਦਾ ਮਾਪਦੰਡ ਹੋ ਨਿਬੜਦਾ ਹੈ, ਵਿਗਿਆਨ ਤੇ ਤਕਨੀਕੀ ਗਿਆਨ ਦੇ ਵਾਧੇ ਨਾਲ ਉਨ੍ਹਾਂ ਧਰਮ ਸਿਧਾਂਤਾਂ ਦੇ ਪੈਰ ਲੜ ਖੜਾ ਰਹੇ ਹਨ ਜਿਹੜੇ ਕੇਵਲ ਮਨਘੜਤ ਨਿਰੀਆਂ ਮਿਥਿਹਾਸਕ ਨੀਹਾਂ ’ਤੇ ਖੜ੍ਹੇ ਸਨ/ਹਨ। ਮਨੁੱਖ ਨੇ ਜਦੋਂ ਚੰਦਰਮਾ ਤੇ ਪੈਰ ਧਰਿਆ, ਇਸ ਨਾਲ ਚੰਦਰਮਾ ਬਾਰੇ ਬਣੀਆਂ ਥੋਥੀਆਂ ਧਾਰਨਾਵਾਂ ਤੇ ਵਿਸ਼ਵਾਸ ਟੁੱਟ ਗਏ, ਖੇਰੂੰ-ਖੇਰੂੰ ਹੋ ਗਏ। ਇਸ ਚੰਦਰਮਾ ਵਾਲੀ ਘਟਨਾ ਨੂੰ ਉਦਾਹਰਣ ਵਜੋਂ ਵੇਖਿਆ ਜਾ ਸਕਦਾ ਹੈ। ਕਾਲਪਨਿਕ ਕਹਾਣੀਆਂ ਵਿਚ ਬੱਝੇ ਵਿਸ਼ਵਾਸ ਨੂੰ ਵਿਗਿਆਨਕ ਖੋਜਾਂ ਝੁਠਲਾ ਰਹੀਆਂ ਹਨ ਪਰ ਸਿੱਖ ਧਰਮ ਦੇ ਬਾਨੀ ਦੇ ਪੰਜ ਸਦੀਆਂ ਤੋਂ ਵੀ ਪਹਿਲਾਂ ਕੀਤੇ ਬਚਨ ‘‘ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ॥ (ਜਪੁ), ਕੋਟਿ ਸੂਰ ਜਾ ਕੈ ਪਰਗਾਸ॥…. ਕੋਟਿ ਚੰਦ੍ਰਮੇ ਕਰਹਿ ਚਰਾਕ॥’’ (ਭਗਤ ਕਬੀਰ/੧੧੬੩) ਪੜ੍ਹ ਕੇ ਉਨ੍ਹਾਂ ਦੇ ਸਿੱਖ ਧਰਮ ਦੀ ਧਾਰਨੀ ਹਕੀਕਤ ਨੂੰ ਜਦੋਂ ਸਾਕਾਰ ਹੁੰਦਾ ਵੇਖਦਾ ਹੈ ਤਾਂ ਆਪਣੇ ਆਪ ਨੂੰ ਜੀਊਂਦੀਆਂ ਜਾਗਦੀਆਂ ਕਦਰਾਂ-ਕੀਮਤਾਂ ਅਤੇ ਮਹਾਨ ਨਿਆਰੀ ਕੌਮ ਦਾ ਵਾਰਸ ਅਨੁਭਵ ਕਰਦਾ ਹੈ, ਸਹਿਜ ਸੁਭਾਅ ਆਪ ਮੁਹਾਰੇ ਪੁਕਾਰ ਉਠਦਾ ਹੈ। ‘‘ਧੰਨ ਨਾਨਕ ਤੇਰੀ ਵਡੀ ਕਮਾਈ॥ ਵਡਾ ਪੁਰਖ ਪਰਗਟਿਆ, ਕਲਿਜੁਗ ਅੰਦਰਿ ਜੋਤਿ ਜਗਾਈ।’’ ਸਿੱਖ ਆਪਣੇ ਆਪ ਨੂੰ ਨਵੀਨ, ਅਗਾਂਹ-ਵਧੂ, ਵਿਗਿਆਨਕ ਜੁਗ ਦੇ ਧਰਮ ਦੇ ਧਾਰਨੀ ਹੋਣ ਦਾ ਗੌਰਵ ਮਹਿਸੂਸ ਕਰਦਾ ਹੈ, ਅਜਿਹਾ ਕਰਨਾ ਉਸ ਲਈ ਵਾਜਬ ਹੀ ਹੈ।

ਧਰਮਾਂ ਦੇ ਇਤਿਹਾਸ ਦਾ ਦੁਖਦਾਈ ਪਹਿਲੂ ਹੈ ਕਿ ਪਰਸਪਰ ਵੰਡੀਆਂ, ਵੈਰ-ਵਿਰੋਧ, ਲੜਾਈ ਝਗੜੇ, ਕੁਝ ਲੋਕਾਂ ਨੂੰ ਆਪਣੇ, ਕੁਝ ਨੂੰ ਬੇਗਾਨੇ ਸਮਝਣਾ, ਇਹ ਵਤੀਰਾ ਧਰਮ ਮਾਰਗ ਵਿਚ ਸੰਕਟ ਰੂਪ ਬਣ ਜਾਂਦਾ ਹੈ। ਜ਼ੁਬਾਨੀ ਵਾਦ-ਵਿਵਾਦ ਤੋਂ ਅੱਗੇ ਵਧ ਕੇ, ਤੇਗਾਂ ਤਲਵਾਰਾਂ ਵਾਲੇ ਲਹੂ ਪੀਣੇ ਮੈਦਾਨ ਤੱਕ ਵੀ ਪੁੱਜ ਜਾਂਦਾ ਹੈ ਤੇ ਪੁੱਜਦਾ ਰਹੇਗਾ। ਬਹੁਤ ਵਾਰ ਇਕੋ ਧਰਮ ਦੇ ਧਾਰਨੀ ਵੱਖੋ-ਵੱਖਰੇ ਫਿਰਕਿਆਂ, ਸੰਪ੍ਰਦਾਵਾਂ ਦਾ ਰੂਪ ਧਾਰ ਕੇ ਆਪਸੀ ਵੈਰ-ਵਿਰੋਧ ਦਾ ਸ਼ਿਕਾਰ ਹੋ ਜਾਂਦੇ ਹਨ। ਨਸਲੀ ਭੇਦਭਾਵ ਕਾਰਨ ਇਕ ਕੌਮ ਨੂੰ ਦੂਜੀ ਮਜ਼੍ਹਬੀ ਕੌਮ ਦੇ ਖ਼ਤਮ ਕਰ ਦੇਣ ਦੇ ਮਾਰੂ ਹਮਲੇ ਨਵੇਂ ਪੁਰਾਣੇ ਇਤਿਹਾਸ ਦੇ ਦੁਖਦਾਈ ਕਾਂਡ ਹਨ। ਪੂਰੇ ਸੰਸਾਰ ਦਾ ਅੱਧਾ ਹਿੱਸਾ ਇਸਤਰੀ ਜਾਤੀ ਨੂੰ ਅਧਿਕਾਰ ਰਹਿਤ ਰੱਖਣਾ ਧਰਮੀ ਮਾਣ ਮਰਯਾਦਾ ਦਾ ਪਹਿਲੂ ਮੰਨਦਾ ਹੈ। ਸਿੱਖ ਧਰਮ ਅਜਿਹੀ ਰੋਕ ਟੋਕ ਭੇਦਭਾਵ ਜਨੂੰਨੀ ਜ਼ਬਰ ਤੇ ਬਿਖਾਧਾਂ ਵਿਚ ਬੁਨਿਆਦੀ ਤੌਰ ਤੇ ਯਕੀਨ ਨਹੀਂ ਕਰਦਾ, ਸਗੋਂ ‘‘ਸਗਲੇ ਜੀਅ ਤੁਮਾਰੇ’’ ਦਾ ਵਿਸ਼ਵਾਸੀ ਹੈ, ਨਾ ਹੀ ਕਦੇ ਤਲਵਾਰ ਤੇ ਜ਼ਬਰ-ਜ਼ੁਲਮ ਨਾਲ ਧਰਮ ਦਾ ਵਾਧਾ ਕਰਨ ਦਾ ਕਾਇਲ ਹੈ। ਗੁਰ ਇਤਿਹਾਸ ਤੇ ਸਿੱਖ ਇਤਿਹਾਸ ਵਿਚ ਕੋਈ ਐਸੀ ਜੰਗ ਸ਼ਾਮਿਲ ਨਹੀਂ ਜੋ ਸਿੱਖ ਧਰਮ ਦੇ ਵਾਧੇ ਲਈ ਲੜੀ ਗਈ ਹੋਵੇ ਤਾਂ ਆਪਣੀ ਹੋਂਦ ਜਾਂ ਵਜੂਦ ਦੀ ਰਾਖੀ ਤੇ ਸੰਭਾਲ ਲਈ ‘‘ਸਵਾ ਲਾਖ ਸੇ ਏਕ ਲੜਾਊਂ॥’’ ਦੇ ਸਿਧਾਂਤ ਨੂੰ ਮੰਨਦਿਆਂ ਲੱਖਾਂ ਸਾਹਮਣੇ ਇਕ ਦਾ ਰਣ ਵਿਚ ਜੂਝ ਮਰਨਾ ਧਰਮ ਦਾ ਅੰਗ ਜ਼ਰੂਰ ਸਮਝਿਆ ਜਾਂਦਾ ਹੈ। ਧਰਮ ਦਾ ਪਤਨ ਉਦੋਂ ਹੁੰਦਾ ਹੈ ਜਦੋਂ ਗੁਣਾਂ ਅਤੇ ਸੋਹਣੀਆਂ ਕਦਰਾਂ-ਕੀਮਤਾਂ ਦੇ ਧਾਰਨੀ ਲੋਕਾਂ ਦੀ ਗਿਣਤੀ ਘਟ ਜਾਂਦੀ ਹੈ, ਉਨ੍ਹਾਂ ਦੀ ਥਾਂ ਰੀਤਾਂ, ਰਿਵਾਜ਼, ਕਰਮਕਾਂਡ ਜੰਤਰ-ਮੰਤਰ, ਸੁਖਣਾ, ਚੜ੍ਹਾਵੇ, ਟੂਣੇ-ਟਾਮਣ ਦੇਵੀ-ਦੇਵਤਿਆਂ, ਪੀਰਾਂ-ਫ਼ਕੀਰਾਂ, ਮੜ੍ਹੀਆਂ ਬੁੱਤਾਂ ਦੀ ਪੂਜਾ ਜਾਂ ਕਿਰਤਮ ਪੂਜਾ ਜਿਹੇ ਖੁਸ਼ਕੇ ਮਾਰੂਥਲਾਂ ਵਿਚ ਮਨੁੱਖੀ ਰੂਹ ਭਟਕਣ ਲੱਗ ਜਾਂਦੀ ਹੈ। ਧਰਮਾਂ ਦੀ ਇਹ ਗਿਰਾਵਟ ਇਤਿਹਾਸ ਦੀ ਤੈਹ ਫਰੋਲਣ ਬਿਨਾਂ ਵੀ ਸੁਭਾਵਕ ਹੀ ਦਿੱਸ ਪੈਂਦੀ ਹੈ। ਇਸ ਤਰ੍ਹਾਂ ਦੀ ਧਰਮ ਹੀਣਤਾ ਦੀ ਜ਼ਿੰਮੇਵਾਰੀ ਧਰਮ ਤੇ ਨਹੀਂ ਸਗੋਂ ਧਰਮ ਦੇ ਮੰਨਣਹਾਰਿਆਂ ਤੇ ਆਉਂਦੀ ਹੈ ਜਿਨ੍ਹਾਂ ਦੀ ਬੇ-ਪਰਵਾਹੀ ਤੇ ਅਣਗਹਿਲੀ ਕਾਰਨ ਧਰਮ ਪਾਖੰਡ ਦਾ ਰੂਪ ਧਾਰ ਕੇ ਆਪਣੇ ਖ਼ਾਤਮੇ ਵੱਲ ਵਧਦਾ ਹੈ।

ਕਿਸੇ ਵੀ ਧਰਮ ਵਿਚੋਂ ਅਧਿਆਤਮਕ ਗੁਣ ਅਲੋਪ ਹੋ ਜਾਣ ਕਾਰਨ ਧਰਮ ਮੱਧਮ ਪੈ ਜਾਂਦਾ ਹੈ, ਧਰਮ ਦੇ ਗੁਣ ਸਮਾਜ ਲਈ ਪ੍ਰਭਾਵਹੀਣ ਹੋਣ ਕਰਕੇ ਉਹ ਧਰਮ ਜਿਉਂਦਾ ਨਹੀਂ ਰਹਿੰਦਾ। ਜੀਵੰਤ ਧਰਮ ਨੂੰ ਨਿੱਤ ਜੀਵਨ ਕਰਮਾਂ ਉੱਤੇ ਪ੍ਰਭਾਵੀ ਹੋਣ ਲਈ ਕਈ ਵਾਰੀ ਆਪਣੇ ਸਿਧਾਂਤਾਂ ਤੇ ਰਵਾਇਤਾਂ ਨੂੰ ਉਘਾੜਨ ਹਿਤ ਕੁਰਬਾਨੀ ਦੇ ਸਾਕੇ ਵਾਰ-ਵਾਰ ਦੁਹਰਾਣੇ ਪੈਂਦੇ ਹਨ। ਅਜਿਹਾ ਆਪਾ ਵਾਰਨ ਲਈ ਸ਼ਰਤ ਇਹ ਹੁੰਦੀ ਹੈ ਕਿ ਕੁਰਬਾਨੀ ਕਿਸੇ ਸੱਚੇ ਸਿਧਾਂਤ ਦੀ ਪੁਸ਼ਟੀ ਕਰਨ ਲਈ ਹੋਵੇ ਨਾ ਕਿ ਕਿਸੇ ਹੂੜ ਮਤਿ ਜਾਂ ਨਿਜੀ ਸਵਾਰਥ ਦੀ ਪੂਰਤੀ ਲਈ। ਜੇਕਰ ਇਹ ਕਾਰਜ ਗਿਆਨ ਦੇ ਵਾਧੇ ਤੇ ਸੁਧਾਰ ਦੀ ਹੱਦ ਵਿਚ ਆ ਜਾਂਦਾ ਹੈ ਤਾਂ ਉਹ ਸਿੱਖਾਂ ਵਿਚ ਸੰਕੇਤਕ ਰੂਪ ਵਿਚ ਅਰਦਾਸ ਦਾ ਹਿੱਸਾ ਪ੍ਰਵਾਨਿਆ ਜਾਂਦਾ ਹੈ। ਗਿਆਨ ਵਿਹੂਣੀ ਸ਼ਰਧਾ ਤੇ ਜਜ਼ਬਾ ਅੰਨ੍ਹਾ ਹੁੰਦਾ ਹੈ ਕੇਵਲ ਗਿਆਨ ਦੇ ਖੜਗ ਨਾਲ ਹੀ ਆਲ ਜੰਜਾਲ, ਕਰਮਕਾਂਡੀ ਕੂੜਾ ਕਰਕਟ ਪਰੇ ਕਰਕੇ ਅਨੰਦਮਈ ਜੀਵਨ ਤੱਕ ਪੁੱਜਣਾ, ‘‘ਬਿਖ ਛੇਦਿ ਛੇਦਿ ਰਸ ਪੀਜੈ’’ ਹੀ ਸਿੱਖੀ ਮਾਰਗ ਦਰਸ਼ਨ ਹੈ। ਫ਼ੁਰਮਾਨ ਹੈ : ‘‘ਗੁਰ ਤੇ ਗਿਆਨ ਪਾਇਆ ਅਤਿ ਖੜਗ ਕਰਾਰਾ॥ ਦੂਜਾ ਭ੍ਰਮ ਗੜ ਕਟਿਆ ਮੋਹ ਲੋਭ ਅਹੰਕਾਰਾ॥ ਹਰਿ ਕਾ ਨਾਮੁ ਮਨਿ ਵਸਿਆ, ਗੁਰ ਸਬਦਿ ਵੀਚਾਰਾ॥ ਸਚ ਸੰਜਮਿ ਮਤਿ ਊਤਮਾ ਹਰਿ ਲਾਗਾ ਪਿਆਰਾ॥ ਸਭੁ ਸਚੋ ਸਚੁ ਵਰਤਦਾ, ਸਚੁ ਸਿਰਜਣਹਾਰਾ॥ (ਮਾਰੂ ਮ: ੪, ਪੰਨਾ ੧੦੮੧)

ਅਜਿਹੀ ਵਿੱਦਿਆ ਤੇ ਗਿਆਨ ਦੇ ਵੀਚਾਰ ਆਪਣੇ ਆਪ ਵਿਚ ਪਰਉਪਕਾਰੀ ਹਨ। ਇਸ ਦੇ ਤੱਤ ਨੂੰ ਵੀਚਾਰਨ ਵਾਲੇ ‘‘ਬ੍ਰਹਮ ਗਿਆਨੀ ਪਰਉਪਕਾਰ ਉਮਾਹਾ’’ ਨਾਲ ਭਰਪੂਰ ਤੇ ਇਸੇ ਰਾਹ ਤੇ ਤੁਰਨ ਵਾਲੇ ਪਰਉਪਕਾਰੀ ਗੁਰਮੁਖ ਹੀ ਹੁੰਦੇ ਹਨ। ਧਰਮ ਦੀ ਅਸਲੀ ਸੇਵਾ ਸੱਚੇ ਧਰਮ ਦੇ ਗਿਆਨ ਦਾ ਪ੍ਰਸਾਰ ਹੈ ਜਿਸ ਸੇਵਾ ਨਾਲ ਧਰਮ ਦਾ ਗਿਆਨ ਪ੍ਰਚੰਡ ਹੋਵੇ, ਅੰਧੇਰਾ ਬਿਨਸੇ, ਸਦਗੁਣਾਂ ਦੀ ਸੁਗੰਧੀ ਭਰੇ ਮਹੌਲ ਦੀ ਸੁਤੇ ਸਿਧ ਰਚਨਾ ਹੋਵੇ, ਇਹ ਸੇਵਾ ਗਾਖੜੀ ਜਾਂ ਔਖੀ ਤਾਂ ਹੈ ਹੀ, ਉਸ ਸਮੇਂ ਹੋਰ ਵੀ ਕਠਨ ਹੋ ਜਾਂਦੀ ਹੈ ਜਦੋਂ ਸਮਾਜ ਵਿਚ ਗਲਤ ਧਾਰਨਾਵਾਂ ਤੇ ਅਧਾਰਤ ਕੱਚੀਆਂ-ਫੋਕੀਆਂ ਗੱਲਾਂ ਨੂੰ ਪ੍ਰਚਾਰਨਾ ਹੀ ਸਰਬੋਤਮ ਗਿਆਨ ਪ੍ਰਕਾਸ਼ ਮੰਨਿਆ ਜਾਣ ਲੱਗ ਪਿਆ ਹੋਵੇ। ਧਰਮ ਨੂੰ ਖਾਲਸ, ਸ਼ੁੱਧ ਸਰੂਪ ਵਿਚ ਰੱਖਣ ਅਤੇ ਸਮੇਂ ਦੇ ਮਾਹੌਲ ਵਿਚ ਜੀਉਂਦੇ ਧਰਮ ਦੇ ਪ੍ਰਮਾਣ ਪੇਸ਼ ਕਰਨ ਵਿਚ ਵੀ ਉਸ ਧਰਮ ਦੇ ਧਾਰਨੀਆਂ ਜਾਂ ਦਾਹਵੇਦਾਰਾਂ ਦਾ ਹੀ ਕਰਤੱਵ ਰਿਹਾ ਹੈ ਨਾ ਕਿ ਧਰਮ ਕੇਵਲ ਧਾਰਮਿਕ ਗ੍ਰੰਥਾਂ ਤੱਕ ਹੀ ਸੀਮਿਤ ਹੈ। ਜਿਸ ਧਰਮ ਜਾਂ ਪੰਥ ਨੇ ਧਰਮ ਦੇ ਮੂਲਕ ਤੱਤਾਂ ਨੂੰ ਵਧਾਉਣਾ ਜਾਂ ਪ੍ਰਫੁੱਲਤ ਕਰਨਾ ਹੋਵੇ, ਜੇ ਉਸ ਦੇ ਅਮਲੀ ਕਰਮ ਜੋ ਧਰਮ ਤੋਂ ਵਿਪਰੀਤ ਹੋ ਜਾਣ ਤਾਂ ਕੀ ਉਹ ਪੰਥ ਜਾਂ ਸਿਧਾਂਤ ਆਪਣੇ ਅਸਲੀ ਗੌਰਵ ਦਾ ਅਧਿਕਾਰੀ ਰਹਿ ਜਾਂਦਾ ਹੈ ? ਪਾਣੀ ਨੇ ਮੈਲ ਧੋਣੀ ਹੈ, ਸਵੱਛਤਾ ਨਿਰਮਲਤਾ ਦੇਣੀ ਹੈ ਪਰ ਜਿਹੜਾ ਪਾਣੀ ਗੰਧਲਾ ਹੋ ਕੇ ਖੁਦ ਹੀ ਚਿੱਕੜ ਬਣ ਜਾਏ ਤਾਂ ਉਹ ਦੂਜਿਆਂ ਦੀ ਮੈਲ ਕੱਟਣ ਦੇ ਗੁਣਾਂ ਤੋਂ ਸੱਖਣਾ ਹੋ ਜਾਂਦਾ ਹੈ, ਇਹੋ ਧਰਮ ਦੀ ਗਤੀ ਜਾਂ ਹਾਲਾਤ ਹੈ।

ਕਿਸੇ ਜੀਵੰਤ ਧਰਮ ਦੀ ਨਿਸ਼ਾਨੀ ਹੈ ਉਸ ਵਿਚ ਸੁਧਾਰਵਾਦੀ ਤੱਤ, ਜੀਵਨ ਜਾਚ ਦਾ ਰਸ ਅਤੇ ਅਧਿਆਤਮਕ ਰਹੱਸ ਪ੍ਰਬਲ ਰਹੇ। ਗੁਣਾਂ ਦੇ ਨਿਖਾਰ ਤੇ ਵੀਚਾਰ ਦਾ ਕਾਰਜ ਚਲਦਾ ਰਹੇ। ਅਜਿਹਾ ਨਾ ਹੋਣ ਦੀ ਸੂਰਤ ਵਿਚ ਉਸ ਧਰਮ ਦੇ ਬੂਟੇ ਨੂੰ ਇਧਰੋਂ ਉਧਰੋਂ ਉੱਗੇ ਖੁਦਰੇ ਕੰਡਿਆਲੇ ਬ੍ਰਿਛ ਬੂਟੇ ਆਪਣੇ ਪਰਛਾਵੇਂ ਤੇ ਆਕਾਰ ਦੇ ਪ੍ਰਭਾਵ ਹੇਠਾਂ ਹੀ ਦਬਾ ਲੈਂਦੇ ਹਨ। ਸਿੱਖ ਧਰਮ ਇਕ ਨਵੀਨ ਯੁੱਗ ਦਾ ਧਰਮ ਹੈ। ਕੁਰਬਾਨੀ ਅਤੇ ਪਰਉਪਕਾਰ ਦਾ ਖਮੀਰ (ਪਾਹ) ਇਸ ਅੰਦਰ ਇਸ ਤਰ੍ਹਾਂ ਸਮੋਇਆ ਗਿਆ ਹੈ ਕਿ ਇਸ ਧਰਮ ਦੇ ਮੁਠੀ ਭਰ ਗਿਣਤੀ ਦੇ ਧਾਰਨੀਆਂ ਜਾਂ ਅਨੁਆਈਆਂ ਨੇ ਆਪਣੀਆਂ ਕੁੱਲਾਂ ਤੱਕ ਕੁਰਬਾਨ ਕਰਕੇ ਸਿੱਖੀ ਨੂੰ ਜੀਵੰਤ ਧਰਮ ਦੇ ਹੋਣ ਦੇ ਪ੍ਰਮਾਣ ਪੇਸ਼ ਕੀਤੇ ਹਨ। ਪਰ ਇਸ ਸਭ ਉੱਦਮ ਦੇ ਬਾਵਜੂਦ ਸਿੱਖੀ ਇਸ ਵੇਲੇ ਕਿਸੇ ਸੁਖਾਵੇਂ ਵਾਯੂਮੰਡਲ ਵਿਚ ਸਾਹ ਕਿਉਂ ਨਹੀਂ ਲੈ ਰਹੀ ? ਉਹ ਸਾਰੇ ਸੰਕਟ ਸਿੱਖੀ ’ਤੇ ਇਕ ਦਮ ਟੁੱਟ ਪਏ ਹਨ ਜੋ ਹੋਰਨਾਂ ਧਰਮਾਂ ਦੇ ਪਤਨ ਜਾਂ ਖਾਤਮੇ ਦਾ ਕਾਰਨ ਬਣਦੇ ਰਹੇ ਹਨ। ਬਹਿਰੂਨੀ ਸੰਕਟਾਂ ਹਮਲਿਆਂ ਨਾਲ ਟੱਕਰ ਲੈਣੀ ਆਸਾਨ ਹੈ ਪਰ ਜਦੋਂ ਅੰਦਰੋਂ ਹੀ ਘੁਣ ਖਾਣ ਲੱਗ ਪਏ ਤਾਂ ਨਰੋਏ ਬ੍ਰਿਛ ਦੀ ਗੇਲੀ (ਤਣਾ) ਵੀ ਢਹਿ-ਢੇਰੀ ਹੋ ਜਾਂਦੀ ਹੈ।

ਸਿੰਘ ਸਭਾ ਲਹਿਰ ਸਿੱਖ ਧਰਮ ਅੰਦਰ ਪੁਨਰ ਜਾਗ੍ਰਿਤੀ ਲਹਿਰ ਜਾਂ ਉੱਦਮ ਸੀ ਇਸ ਲਹਿਰ ਨੇ ਸਿੱਖੀ ਦੇ ਅੰਦਰਲੇ ਮਾਰੂ ਰੋਗਾਂ ਨੂੰ ਜਾਣਿਆ ਤੇ ਸੋਧਿਆ। ਗੁਰੂਧਾਮ ਪੁਜਾਰੀਆਂ ਦੀ ਨਿਜੀ ਮਾਲਕੀ ਸਮਝੇ ਜਾਂਦੇ ਸਨ। ਕੁਰੀਤੀਆਂ ਦੇ ਸੁਧਾਰ ਦੀ ਗੱਲ ਕਰਨ ਵਾਲੇ ਪੰਥ ਦਰਦੀਆਂ ਨੂੰ ਪੰਥ ਵਿਚੋਂ ਛੇਕ ਦਿੱਤਾ ਜਾਂਦਾ ਸੀ ਉਨ੍ਹਾਂ ਤੇ ਮੁਕੱਦਮੇ ਚਲਾਏ ਜਾਂਦੇ ਸਨ, ਪਰ ਉਨ੍ਹਾਂ ਸਿਰੜੀ ਸਿੰਘਾਂ-ਸਿੰਘਣੀਆਂ ਨੇ ਵਰ੍ਹਿਆਂ ਬੱਧੀ ਘਾਲਣਾ ਘਾਲ ਕੇ ਗੁਰਮਤਿ ਦੇ ਖਾਲਸ ਅਸਲ ਸਰੂਪ ਨੂੰ ਨਿਖਾਰਿਆ ਤੇ ਪ੍ਰਚਾਰਿਆ। ਹੁਣ ਵੀ ਇਹੋ ਜਿਹੀ ਸਥਿਤੀ ਹੈ। ਕਈ ਨਵੇਂ ਮਸਲੇ, ਨਵੀਂ ਕਿਸਮ ਦੀਆਂ ਸਮੱਸਿਆਵਾਂ ਜੋ ਪਹਿਲਾਂ ਤੋਂ ਵੱਧ ਗੁੰਝਲਦਾਰ ਹੋ ਕੇ ਦ੍ਰਿਸ਼ਟਮਾਨ ਹੋ ਰਹੀਆਂ ਹਨ। ਇਨ੍ਹਾਂ ਦੇ ਸੁਧਾਰ ਲਈ ਸਿਧਾਂਤਕ ਨਿਰਣੇ ਪਹਿਲਾਂ ਹੋਣੇ ਜ਼ਰੂਰੀ ਹਨ, ਜਿਨ੍ਹਾਂ ਲਈ ਕੌਮ ਨੂੰ ਗੁਰੂ ਦੀ ਛਤ੍ਰ ਛਾਇਆ ਹੇਠ ਕੇਂਦਰਤ ਹੋਣ ਦੀ ਲੋੜ ਹੈ।

ਅੱਜ ਸਿੱਖੀ ਦਾ ਨਾਤਾ ਗੁਰਮਤਿ ਗਿਆਨ ਤੋਂ ਟੁੱਟ ਕੇ ਵਿਅਕਤੀਆਂ ਨਾਲ ਜੁੜ ਗਿਆ ਹੈ। ਵਿਅਕਤੀਗਤ ਅਗਵਾਈ ਹਮੇਸ਼ਾ ‘‘ਅਨੇਕ ਮਤੀ ਕੇ’’ ਰੂਪ ਵਿਚ ਬਿਚਰਦੀ ਰਹੀ ਹੈ। ‘‘ਗਿਆਨ ਹੀਣੰ ਅਗਿਆਨ ਪੂਜਾ॥ ਅੰਧ ਵਰਤਾਵਾ ਭਾਉ ਦੂਜਾ॥’’ ਕਾਰਨ ਅਜਿਹੀ ਸੰਸਥਾ ਜਾਂ ਜਨ ਸਮੁਦਾਇ ਦਾ ਵਜੂਦ ਕਿਸੇ ਆਧਾਰ ਤੋਂ ਬਿਨਾਂ ਬਹੁਤੀ ਦੇਰ ਟਿਕਿਆ ਨਹੀਂ ਰਹਿ ਸਕਦਾ, ਜੇ ਰਹਿੰਦਾ ਹੈ ਤਾਂ ਜੰਗਲ ਦਾ ਰੂਪ ਧਾਰ ਲੈਂਦਾ ਹੈ। ਧਰਮ ਦੇ ਨਿਯਮਾਂ ਨੂੰ ਸਥਿਰ ਰੱਖਣ ਲਈ ਚੇਤੰਨ ਸਹਾਰੇ ਦੀ ਲੋੜ ਹੈ। ਜਾਗਦੇ ਸਮੁਦਾਇ ਦੀ ਜ਼ਰੂਰਤ ਹੈ। ਉਹ ਗੱਲਾਂ ਧਰਮ ਦਾ ਆਧਾਰ ਨਹੀਂ ਹੋ ਸਕਦੀਆਂ ਜੋ ਲੀਡਰੀ ਡੇਰੇਦਾਰੀ ਜਾਂ ਸੰਪ੍ਰਦਾਈ ਲਾਭਾਂ ਲਈ ਸਿੱਖੀ ਦੇ ਨਾਂ ਤੇ ਵਰਤੋਂ ਕਰ ਰਹੀਆਂ ਹਨ। ਇਹ ਸਿੱਖੀ ਦੀ ਸੇਵਾ ਨਹੀਂ ਬਲਕਿ ਸਿੱਖੀ ਤੋਂ ਸੇਵਾ ਲੈਣ ਦਾ ਮਾਪਦੰਡ ਜਾਂ ਕਾਰਜ ਹੈ। ਧਰਮ ਕੀ ਹੈ ? ਮਨੁੱਖਤਾ ਲਈ ਇਕ ਜੀਵਨ-ਜਾਚ, ਮਨੁੱਖੀ ਜ਼ਿੰਦਗੀ ਗੁਣਾਂ ਨਾਲ ਕਿਵੇਂ ਭਰਪੂਰ ਹੋਵੇ। ਕਈ ਅਖੌਤੀ ਮਹਾਂਪੁਰਸ਼ ਆਪਣੀ ਨਿਜੀ ਸਿੱਖੀ ਸੇਵਕੀ ਵਧਾਈ ਜਾਣੀ ਹੀ ਧਰਮ ਦੀ ਸੇਵਾ ਸਮਝ ਰਹੇ ਹਨ। ਕੌਮ ਦੀ ਵਧੇਰੇ ਸ਼ਰਧਾ ਦੇਹਧਾਰੀ ਗੁਰੂ ਡੰਮ ਨਾਲ ਨੱਥੀ ਪਈ ਹੈ। ਅਜਿਹੀ ਸਿੱਖੀ ਸੇਵਕੀ ਅੰਧ-ਵਿਸ਼ਵਾਸ ’ਤੇ ਨਿਰਭਰ ਹੁੰਦੀ ਹੈ। ਅਜਿਹੇ ਪਖੰਡੀ ਤੇ ਭੇਖਧਾਰੀ ਲੋਕ ਮਨਘੜਤ ਕੌਤਕੀ ਵਾਰਤਾਵਾਂ ਸੁਣਾ ਕੇ ਮਨ ਪ੍ਰਚਾਵਾ ਕਰਨ ਨੂੰ ਹੀ ਧਰਮ ਪ੍ਰਚਾਰ ਸਮਝ ਰਹੇ ਹਨ, ਨਿੱਤ ਨਵੀਆਂ ਮਰਯਾਦਾਵਾਂ ਪ੍ਰਗਟ ਹੋ ਰਹੀਆਂ ਹਨ। ਸਿੱਖਾਂ ਵਿਚ ‘ਜਿੰਨੇ ਸੰਤ ਓਨੇ ਪੰਥ’ ਵਾਲੀ ਦਸ਼ਾ ਬਣ ਗਈ ਹੈ। ਅਜਿਹੀ ਦਸ਼ਾ ਨੂੰ ਗੁਰਮਤਿ ਦੇ ਦਾਰਸ਼ਨਿਕ ਵਿਆਖਿਆਕਾਰ ਭਾਈ ਗੁਰਦਾਸ ਜੀ ਇੰਜ ਅੰਕਤ ਕਰਦੇ ਹਨ :

ਨਾਥਾਂ ਨਾਥੁ ਨ ਸੇਵਨੀ, ਹੋਇ ਅਨਾਥ ਗੁਰੂ ਬਹੁ ਚੇਲੇ॥ ਕੰਨ ਪੜਾਇ ਬਿਭੂਤਿ ਲਾਇ, ਖਿੰਥਾ ਪਖਰੁ ਡੰਡਾ ਹੇਲੇ॥ ਭੁਗਤ ਪਿਆਲਾ ਵੰਡੀਐ, ਸਿਧਿ ਸਾਧਿਕ ਸਿਵਰਾਤੀ ਮੇਲੇ॥ ਬਾਰਾਂ ਪੰਥ ਚਲਾਇਦੇ, ਬਾਹਰ ਵਾਟੀ ਖਰੇ ਦੁਹੇਲੇ॥ ਵਿਣ ਗੁਰ ਸਬਦ ਨ ਸਿਝਨੀ, ਬਾਜੀਗਰ ਕਰ ਬਾਜੀ ਖੇਲੇ॥ ਅੰਨੈ ਅੰਨਾ ਖੂਹੀ ਠੇਲੇ॥ ੫। ੧੫।

ਇਹ ਅਟੱਲ ਸੱਚ ਹੈ ਕਿ ਅਜਿਹੇ ਅੰਧ-ਵਿਸ਼ਵਾਸੀ ਗੁਰੂ ਦੂਜਿਆਂ ਨੂੰ ਵੀ ਅਗਿਆਨਤਾ, ਭਰਮਾਂ ਦੇ ਖੂਹ ਵਿਚ ਹੀ ਡੇਗਦੇ ਹਨ। ਅਜਿਹੀ ਵਿਨਾਸ਼ ਵਾਲੀ ਦਸ਼ਾ ਵਿਚ ਕੇਵਲ ਇਕੋ-ਇਕ ਵਸੀਲਾ ਉਭਰਦਾ ਹੈ ਕਿ ਗੁਰਮਤਿ ਦੇ ਸੱਚੇ-ਸੁੱਚੇ ਗਿਆਨ ਦਾ ਪ੍ਰਚਾਰ ਹੋਵੇ, ਲੋਕਾਂ ਨੂੰ ਧਰਮ ਦੇ ਸ਼ੁੱਧ ਸਰੂਪ ਦੇ ਮੂਲ ਤੱਤਾਂ ਦੀ ਜਾਣਕਾਰੀ ਸਰਲ ਤੇ ਸੌਖੇ ਢੰਗ ਨਾਲ ਵਧ ਤੋਂ ਵੱਧ ਦਿੱਤੀ ਜਾਵੇ।

ਗੁਰੂ ਗ੍ਰੰਥ ਤੇ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਨੂੰ ਸਮਰਪਤ ਹੋ ਕੇ ਗੁਰਮਤਿ ਪ੍ਰਚਾਰ ਕੇਂਦਰ ਹਰ ਇਲਾਕੇ ਵਿਚ ਸਥਾਪਿਤ ਕੀਤੇ ਜਾਣ। ਮਿਸ਼ਨਰੀ ਕਾਲਜਾਂ ਰਾਹੀਂ ਜਿੱਥੇ ਪ੍ਰਚਾਰਕਾਂ ਨੂੰ ਕਈ ਸਾਲ ਦੇ ਕੋਰਸ ਕਰਵਾ ਕੇ ਧਰਮ ਪ੍ਰਚਾਰ ਲਈ ਯਤਨ ਕੀਤੇ ਜਾ ਰਹੇ ਹਨ, ਉੱਥੇ ਪਹਿਲਾਂ ਤੋਂ ਸੇਵਾ ਕਰ ਰਹੇ ਗ੍ਰੰਥੀ ਤੇ ਕੀਰਤਨੀ ਸਿੰਘਾਂ ਦੀ ਟ੍ਰੇਨਿੰਗ ਦਾ ਪ੍ਰਬੰਧ ਗੁਰਮਤਿ ਕੈਂਪਾਂ ਤੇ ਕੋਰਸਾਂ ਰਾਹੀਂ ਹੋਣਾ ਚਾਹੀਦਾ ਹੈ, ਤਾਂ ਜੋ ਉਹ ਥੋੜ੍ਹੇ ਖਰਚੇ ਤੇ ਘੱਟ ਸਮੇਂ ਵਿਚ ਘਰ ਬੈਠਿਆਂ ਗੁਰਮਤਿ ਗਿਆਨ ਲੈ ਕੇ ਅਗੋਂ ਪ੍ਰਚਾਰ ਸਕਣ।

ਪੰਜਾਬ ਵਿਚ ਕੇਵਲ 12673 ਪਿੰਡ ਹਨ, ਜਿਨ੍ਹਾਂ ਵਿਚ ਛੋਟੇ-ਵੱਡੇ ਪਿੰਡ ਰਲਾ ਕੇ ਜਾਂ ਗੁਰੂ ਘਰਾਂ ਦੀ ਗਿਣਤੀ ਅਨੁਸਾਰ ਪੰਦਰਾਂ ਕੁ ਹਜ਼ਾਰ ਗ੍ਰੰਥੀ ਤੇ ਗੁਰਮਤਿ ਤੋਂ ਜਾਣੂੰ ਸਿੰਘਾਂ ਦੀ ਲੋੜ ਹੈ, ਵਿਸ਼ਵ ਵਿਆਪੀ ਸਿੱਖੀ ਪ੍ਰਚਾਰ ਲਈ ਆਪੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਹਰ ਪਿੰਡ ਵਿਚ ਘੱਟੋ-ਘੱਟ ਇਕ ਪ੍ਰਚਾਰਕ ਸਿੰਘ ਗੁਰਮਤਿ ਤੋਂ ਜਾਣੂੰ ਜ਼ਰੂਰ ਹੋਵੇ ਜੋ ਸਾਰੀਆਂ ਗੁਰਮਤਿ ਜਾਂ ਸਿੱਖੀ ਰਹੁਰੀਤਾਂ ਜਾਣਦਾ ਹੋਵੇ, ਧਰਮ ਦੇ ਅਸਲੀ ਮੁਹਾਂਦਰੇ ਨੂੰ ਪਛਾਣਦਾ ਹੋਵੇ, ਤੇ ਦੂਜਿਆਂ ਨੂੰ ਸਮਝਾ ਸਕਦਾ ਹੋਵੇ।

ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾਂ ਦਾ ਅੱਗੋਂ ਇਹ ਵੀ ਯਤਨ ਹੋਵੇਗਾ ਕਿ ਅਜਿਹੇ ਸੱਜਣਾਂ ਦੇ ਵੱਖੋ-ਵੱਖ ਥਾਵਾਂ ਤੇ ਗੁਰਮਤਿ ਟਰੇਨਿੰਗ ਕੈਂਪ ਤੇ ਵੀਚਾਰ ਸੰਮੇਲਨ ਕੀਤੇ ਜਾਇਆ ਕਰਨਗੇ ਤਾਂ ਕਿ ਪਰਸਪਰ ਵੀਚਾਰ ਰਾਹੀਂ ਉੱਚ ਵਿਦਵਾਨਾਂ ਦੀ ਕਲਾ ਕੌਸ਼ਲਤਾ ਦਾ ਲਾਭ ਤੇ ਅਨੰਦ ਵੀ ਮਾਣਿਆ ਜਾ ਸਕੇ। ਇਹ ਕਾਰਜ ਮਹਾਨ ਵੀ ਹੈ ਤੇ ਕਠਨ ਵੀ, ਲਗਨ ਤੇ ਮਿਹਨਤ ਦਾ ਮੁਥਾਜ ਵੀ। ਇਸ ਲਈ ਮਹਾਨ ਗੁਰਮਤਿ ਸਾਧਕਾਂ, ਖੋਜੀਆਂ, ਲਾਇਬ੍ਰੇਰੀਆਂ, ਸਹਾਇਕ ਸੱਜਣਾਂ ਦੇ ਸਹਿਯੋਗ ਅਤੇ ਮਾਇਆ ਦੀ ਕਿੰਨੀ ਲੋੜ ਹੈ। ਇਸ ਦਾ ਅੰਦਾਜ਼ਾ ਲਗਾਉਣਾ ਔਖਾ ਹੀ ਹੈ। ਇਹ ਸੱਚ ਹੈ ਕਿ ਧਰਮ ਪੰਥ ਪ੍ਰੇਮੀ ਜਿੰਨੇ ਸਹਾਇਕ ਹੋਣਗੇ, ਉਤਨੀ ਹੀ ਸੰਸਥਾ ਸਾਰਥਕ ਤਰੀਕੇ ਨਾਲ ਧਰਮ ਪ੍ਰਚਾਰ ਜਾਂ ਗੁਰਮਤਿ ਗਿਆਨ ਦੇ ਪ੍ਰਚਾਰ-ਪ੍ਰਸਾਰ ਨੂੰ ਅੱਗੇ ਵਧਾ ਸਕੇਗੀ। ਜੇ ਇੰਜ ਹੋ ਜਾਵੇ ਤਾਂ ਗੁਰਮਤਿ ਵਿੱਦਿਆ ਦਾ ਕਾਰਜ ਭਰਪੂਰ ਢੰਗ ਨਾਲ ਹਰ ਪਿੰਡ, ਨਗਰ, ਸ਼ਹਿਰ ਵਿਚ ਨਿਰੰਤਰ ਚੱਲ ਸਕਦਾ ਹੈ।

ਇਹ ਐਸਾ ਮਹਾਨ ਕਾਰਜ ਹੈ ਕਿ ਜਿਸ ਨਾਲ ਸਿੱਖੀ ਦੇ ਬੁੱਧੀਜੀਵੀ ਤੇ ਵੀਚਾਰਵਾਨ ਵਰਗ ਵਿਚ ਗੁਰੂ ਸ਼ਬਦ ਦੀ ਰੋਸ਼ਨੀ ਆ ਜਾਣੀ ਹੈ, ਨਾਲ ਹੀ ਭਵਿੱਖ ਦੇ ਸਮਾਜ, ਨੌਜਵਾਨ ਵਰਗ ਲਈ ਸਹੀ ਸੇਧ ਮਿਲੇਗੀ, ਸਾਡਾ ਭਵਿੱਖ ਹੋਰ ਉੱਜਲਾ ਹੋਵੇਗਾ। ਇਹ ਬਹੁਮੁੱਲਾ ਕਾਰਜ ਕਰਨ ਨਾਲ ਨਿੱਤ-ਨਵੀਆਂ ਉੱਗ ਰਹੀਆਂ ਮਰਯਾਦਾਵਾਂ ਤੇ ਮਨਘੜਤ ਮਨੌਤਾਂ ਆਪੇ ਬੇਅਰਥ ਹੋ ਜਾਣਗੀਆਂ। ਖਾਲਸਾ ਪੰਥ ਦੇ ਵੱਧ ਤੋਂ ਵੱਧ ਹਿਤੈਸ਼ੀ ਜਨ, ਸੰਸਥਾਵਾਂ, ਪ੍ਰਸਿੱਧ ਹਸਤੀਆਂ ਜੇ ਇਸ ਕਾਰਜ ਵਿਚ ਮਿਲਵਰਤਨ ਦੇਣ ਤਾਂ ਸਦੀਆਂ ਦਾ ਕੰਮ ਕੁਝ ਵਰ੍ਹਿਆਂ ਵਿਚ ਨੇਪਰੇ ਚੜ੍ਹ ਸਕਦਾ ਹੈ ਜਿਸ ਦੇ ਹਰ ਪਹਿਲੂ ਤੋਂ ਦੇਖਿਆਂ ਖਾਲਸਾ ਪੰਥ ਲਈ ਇਹ ਪ੍ਰੋਗਰਾਮ ਲਾਹੇਵੰਦ ਸਾਬਤ ਹੋਵੇਗਾ।

ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਇਹ ਲਾਹੇਵੰਦੀ ਸਿੱਖੀ ਪ੍ਰਚਾਰ ਦਾ ਕਾਰਜ 10 ਜੁਲਾਈ 1983 ਤੋਂ ਨਿਭਾਉਂਦਾ ਆ ਰਿਹਾ ਹੈ। ਸੈਂਕੜੇ ਗ੍ਰੰਥੀ, ਪ੍ਰਚਾਰਕ, ਕੀਰਤਨੀਏ ਇਥੋਂ ਗੁਰਮਤਿ ਵਿੱਦਿਆ ਪ੍ਰਾਪਤ ਕਰਕੇ ਪਿੰਡਾਂ-ਸ਼ਹਿਰਾਂ ਦੇਸ਼-ਵਿਦੇਸ਼ ਵਿਚ ਧਰਮ ਪ੍ਰਚਾਰ ਦੀ ਸੇਵਾ ਬੜੀ ਲਗਨ ਨਾਲ ਕਰ ਰਹੇ ਹਨ। ਇਸ ਕਾਲਜ ਨੇ ਸੰਗਤ ਤੇ ਗੁਰੂ ਸਾਹਿਬ ਜੀ ਦੇ ਅਸੀਸ ਸਦਕਾ ਆਪਣਾ 30 ਸਾਲਾਂ ਦਾ ਸਫ਼ਰ ਤੈਅ ਕੀਤਾ ਹੈ, ਜਿਸ ਦੀ ਦਾਸ ਸਮੂਹ ਸਹਿਯੋਗੀਆਂ, ਪੰਥ ਦਰਦੀਆਂ ਨੂੰ ਵਧਾਈ ਦਿੰਦਾ ਹੈ ਤੇ ਆਸ ਕਰਦਾ ਹੈ ਕਿ ਆਪਣਾ ਮੇਹਰ ਭਰਿਆ ਹੱਥ ਹਮੇਸ਼ਾ ਸਾਡੇ ਸਿਰ ਤੇ ਰੱਖੋਗੇ ਤਾਂ ਕਿ ਭਵਿੱਖ ਵਿਚ ਵੀ ਸਰਬੱਤ ਦੇ ਭਲੇ ਲਈ ਸਰਬ ਸਾਂਝਾ ਉਪਦੇਸ਼ ‘‘ਸਤਿਗੁਰ ਸਬਦਿ ਉਜਾਰੋ ਦੀਪਾ’’ ਨੂੰ ਮਨੁੱਖੀ ਹਿਰਦੇ ਅੰਦਰ ਪ੍ਰਕਾਸ਼ਮਾਨ ਕਰਦੇ ਰਹੀਏ।