ਲੋਕਤੰਤਰ ਦਾ ਪਹਿਲਾ ਘੱਲੂਘਾਰਾ (ਜੂਨ 1984)

0
621

ਲੋਕਤੰਤਰ ਦਾ ਪਹਿਲਾ ਘੱਲੂਘਾਰਾ (ਜੂਨ 1984)

 ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਐਜੂਕੇਸ਼ਨ)

ਭਾਈ ਕਾਨ੍ਹ ਸਿੰਘ ਨਾਭਾ ਦੀ ਲਿਖਤ ਅਨੁਸਾਰ ਘੱਲੂਘਾਰੇ ਦਾ ਅਰਥ ਹੈ ਤਬਾਹੀ, ਗਾਰਤੀ, ਸਰਵਨਾਸ਼। 2 ਜੇਠ ਸੰਮਤ 1803 (1746 ਈ.) ਵਿਚ ਦੀਵਾਨ ਲਖਪਤ ਰਾਇ ਨਾਲ ਖ਼ਾਲਸੇ ਦੀ ਜੋ ਲੜਾਈ (ਜੰਗ) ਕਾਹਨੂੰਵਾਨ ਦੇ ਛੰਭ ਪਾਸ ਹੋਈ, ਉਸ ਨੂੰ ਸਿੱਖ ਇਤਿਹਾਸ ਵਿਚ ਛੋਟਾ ਘੱਲੂਘਾਰਾ ਕਹਿ ਕੇ ਯਾਦ ਕੀਤਾ ਜਾਂਦਾ ਹੈ। ਰਸਦ ਪਾਣੀ ਮੁੱਕਣ ਕਰਕੇ ਸਿੰਘ ਲੜਨੋਂ ਵੀ ਅਸਮਰੱਥ ਹੋ ਰਹੇ ਸਨ, ਇਨ੍ਹਾਂ ਹਾਲਾਤਾਂ ਦਾ ਵੇਰਵਾ ਰਤਨ ਸਿੰਘ ਭੰਗੂ ਜੀ ਇਉਂ ਦਿੰਦੇ ਹਨ: ‘ਅੱਧੀ ਮੌਤ ਮੁਸਾਫਰੀ, ਅੱਧੀ ਮੌਤ ਸੁ ਭੁਖ॥ ਊਹਾਂ ਆਇ ਦੋਊ ਮਿਲੀ, ਯਹ ਭਯੋ ਖਾਲਸੇ ਦੁਖ॥’ (ਪ੍ਰਾਚੀਨ ਪੰਥ ਪ੍ਰਕਾਸ਼, ਸ: ਰਤਨ ਸਿੰਘ ਭੰਗੂ)

ਇਸੇ ਤਰ੍ਹਾਂ 28 ਮਾਘ ਸੰਮਤ 1818 (ਪੰਜ ਫਰਵਰੀ 1762 ਈ.) ਨੂੰ ਅਹਿਮਦ ਸ਼ਾਹ ਦੁਰਾਨੀ ਨਾਲ ਰਾਇਪੁਰ ਗੁੱਜਰਵਾਲ ਪਾਸ ਕੁੱਪਰਹੀੜੇ ਦੇ ਮੁਕਾਮ ’ਤੇ ਜੋ ਭਿਆਨਕ ਯੁੱਧ ਹੋਇਆ ਉਹ ਵੱਡਾ ਘੱਲੂਘਾਰਾ ਨਾਮ ਨਾਲ ਸਿੱਖ ਇਤਿਹਾਸ ਵਿਚ ਪ੍ਰਸਿੱਧ ਹੈ। ਇਸ ਘੱਲੂਘਾਰੇ ਵਿਚ 15 ਤੋਂ 20 ਹਜ਼ਾਰ ਜਾਂ ਕਈਆਂ ਦੀ ਵਿਚਾਰ ਅਨੁਸਾਰ 30,000 ਤੱਕ ਸਿੰਘ ਸ਼ਹੀਦ ਹੋਏ। ਤਕਰੀਬਨ ਇਸ ਦੇ ਬਰਾਬਰ ਹੀ ਦੁਰਾਨੀ ਫ਼ੌਜ ਸਿੰਘਾਂ ਹਥੋਂ ਮਾਰੀ ਗਈ। ਉਸ ਸਮੇਂ ਸਿੱਖ ਕੌਮ ਕੁੱਲ ਗਿਣਤੀ ਤਕਰੀਬਨ 60,000 (ਸੱਠ ਹਜ਼ਾਰ) ਦੇ ਕਰੀਬ ਦੱਸੀ ਜਾਂਦੀ ਹੈ। ਇਸ ਦਾ ਮਤਲਬ ਕਿ ਇਸ ਵੱਡੇ ਘੱਲੂਘਾਰੇ ਵਿਚ ਅੱਧੀ ਸਿੱਖ ਕੌਮ ਨੂੰ ਖ਼ਤਮ ਕਰ ਦਿੱਤਾ ਗਿਆ। ਲੇਕਿਨ ਸਿੱਖ ਕੌਮ ਕੁਠਾਲੀ ਵਿਚ ਪਏ ਸੋਨੇ ਦੀ ਤਰ੍ਹਾਂ ਨਿੱਖਰ ਕੇ ਸਾਹਮਣੇ ਆਈ। ਗੁਰਬਾਣੀ ਨੇ ਇਹ ਸੱਚਾਈ ਹਮੇਸ਼ਾ ਲੋਕਾਈ ਸਾਹਮਣੇ ਰੱਖੀ ਹੈ: ‘‘ਜਿਨਾ ਅੰਦਰਿ ਕੂੜੁ ਵਰਤੈ; ਸਚੁ ਨ ਭਾਵਈ॥ ਜੇ ਕੋ ਬੋਲੈ ਸਚੁ; ਕੂੜਾ ਜਲਿ ਜਾਵਈ॥ ਕੂੜਿਆਰੀ ਰਜੈ ਕੂੜਿ; ਜਿਉ ਵਿਸਟਾ ਕਾਗੁ ਖਾਵਈ॥’’ (ਮ: ੪/੬੪੬)

ਕਿਸੇ ਵੀ ਰਾਜਨੀਤਿਕ ਹਕੂਮਤ ਜਾਂ ਹਾਕਮ ਨੂੰ ਸੱਚ ਕਦੇ ਬਹੁਤਾ ਹਜ਼ਮ ਨਹੀਂ ਹੁੰਦਾ, ਚਾਹੇ ਉਹ ਮੁਗਲੀਆ ਹਕੂਮਤ, ਅੰਗਰੇਜ਼ ਸ਼ਾਸਕ ਜਾਂ ਫਿਰ ਧਰਮ ਨਿਰਪੱਖਤਾ ਦਾ ਫੋਕਾ ਢੰਡੋਰਾ ਪਿੱਟਣ ਵਾਲੀ ਭਾਰਤੀ ਸਰਕਾਰ ਹੋਵੇ, ਹਮੇਸ਼ਾ ਸਿੱਖੀ ਪ੍ਰਚਾਰ, ਸਿੱਖੀ ਸਿਧਾਂਤ ਨੂੰ ਰੋਕਣਾ ਹੀ ਇਨ੍ਹਾਂ ਦਾ ਕਾਰਜ ਖੇਤਰ ਰਿਹਾ ਹੈ। ਜੂਨ 1984 ਵਿਚ ਜੋ ਸਮੇਂ ਦੀ ਹਕੂਮਤ ਨੇ ਸਿੱਖ ਕੌਮ ’ਤੇ ਜ਼ਬਰ ਜ਼ੁਲਮ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੀ ਬੇਅਦਬੀ ਕੀਤੀ, ਅਨੇਕਾਂ ਬੇਦੋਸ਼ੇ ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ, ਜੇਲ੍ਹਾਂ ਵਿਚ ਰੋਲਿਆ, ਉਸ ਕਾਰੇ ਨੂੰ ਵੀ ਕੌਮ 1984 ਦਾ ਘੱਲੂਘਾਰਾ ਕਹਿ ਕੇ ਹੀ ਯਾਦ ਕਰਦੀ ਹੈ ਕਿਉਂਕਿ ਸਿੱਖ ਕੌਮ ਲਈ ਇਹ ਕਦੇ ਨਾ ਭੁੱਲਣ ਵਾਲਾ ਖ਼ੂਨੀ ਸਾਕਾ ਹੈ।

ਮੁੰਬਈ ਯੂਨੀਵਰਸਿਟੀ ਦੇ ਪ੍ਰੋ. ਗਿਲਬਰਟ ਅਨੁਸਾਰ ਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਜਾਨ ਵਾਰਨ ਵਾਲੇ 75 ਫੀਸਦੀ ਸਿੱਖ ਸਨ, ਉਮਰ ਕੈਦ ਕੱਟਣ ਵਾਲਿਆਂ ਵਿਚੋਂ ਵੀ 80 ਫੀਸਦੀ ਸਿੱਖ ਸਨ। ਕੁੱਲ 123 ਲੋਕਾਂ ਨੂੰ ਫਾਂਸੀ ਲੱਗੀ ਜਿਸ ਵਿਚੋਂ 93 ਸਿੱਖ ਸਨ। 2646 ਲੋਕਾਂ ਨੂੰ ਉਮਰ ਕੈਦ ਹੋਈ ਜਿਸ ਵਿਚੋਂ 2147 ਸਿੱਖ ਸਨ। ਸੰਨ 1919 ਨੂੰ ਜਲ੍ਹਿਆਂ ਵਾਲੇ ਬਾਗ ਦੇ ਸਾਕੇ ਵਿਚ ਹੋਏ ਕਤਲੇਆਮ ਵਿਚ 799 ਸਿੱਖ ਸਨ।, ਬਜ ਬਜ ਘਾਟ ਵਿਖੇ 67 ਸਿੱਖ ਸ਼ਹੀਦ ਹੋਏ।, ਕੂਕਾ ਲਹਿਰ ਦੇ ਸਾਰੇ 91 ਦੇ 91 ਸ਼ਹੀਦ ਸਿੱਖ ਸਨ।, ਇਸੇ ਤਰ੍ਹਾਂ ਅਕਾਲੀ ਲਹਿਰ ਸਮੇਂ 500 ਬੰਦੇ ਵੀ ਸਾਰੇ ਸਿੱਖ ਹੀ ਸ਼ਹੀਦ ਹੋਏ।

ਪ੍ਰੋ. ਗਿਲਬਰਟ ਇਹ ਵੀ ਕਹਿੰਦਾ ਹੈ ਕਿ 1984 ਵਿਚ ਭਾਰਤ ਦੇਸ਼ ਕੋਲ ਜੋ ਅੰਨ ਭੰਡਾਰ ਇਕੱਤਰ ਹੋਇਆ, ਉਸ ਵਿਚ 86% ਭਾਗ ਪੰਜਾਬ ਨੇ ਦਿੱਤਾ। ਇਸ ਦਾ ਅਰਥ ਇਹ ਹੋਇਆ ਕਿ ਸਿੱਖ ਕੌਮ ਸੰਗਰਾਮ ਯੁੱਧ ਸਮੇਂ ਆਪਣੀ ਜਾਨ ਭਾਰਤ ਵਰਸ਼ ਤੋਂ ਕੁਰਬਾਨ ਕਰਦੀ ਹੈ ਤੇ ਸ਼ਾਂਤੀ ਦੇ ਦਿਨਾਂ ਵਿਚ ਅੰਨ ਦਾਨ ਕਰਦੀ ਹੈ। ਇਸ ਕਰਕੇ ਇਹ ਗੱਲ ਸੋਲ੍ਹਾਂ ਆਨੇ ਸੱਚ ਹੀ ਹੈ।

ਹੇ ਭਾਰਤ  ! ਅਗਰ ਸ਼ਾਮਿਲ ਨਾ ਹੋ ਕਿੱਸਾ ਹਮਾਰਾ।

ਤੁਮਾਰੀ ਦਾਸਤਾਂ ਕੁਛ ਭੀ ਨਹੀਂ।

ਦੇਸ਼ ਦੀ ਵੰਡ ਜੋ 1947 ਵਿਚ ਹੋਈ ਲੋਕ ਭਾਸ਼ਾ ਵਿਚ ਇਹ ਗੱਲ ਸਪਸ਼ਟ ਰੂਪ ਵਿਚ ਲੋਕਾਂ ਦੀ ਜ਼ੁਬਾਨ ’ਤੇ ਚੜ੍ਹ ਗਈ ਕਿ ਹਿੰਦੂਆਂ ਨੂੰ ਮਿਲਿਆ ਹਿੰਦੁਸਤਾਨ, ਮੁਸਲਮਾਨਾਂ ਨੂੰ ਪਾਕਿਸਤਾਨ ਤੇ ਸਿੱਖਾਂ ਹੱਥ ਰਹਿ ਗਈ ਕਿਰਪਾਨ। ਇਹ ਕੌੜਾ ਸੱਚ ਸਾਬਤ ਹੋ ਗਿਆ।

ਜਿਨ ਕੋ ਹਾਰ ਸਮਝਾ ਥਾ ਗਲਾ ਅਪਨਾ ਸਜਾਨੇ ਕੇ ਲੀਏ,

ਵਹੁ ਨਾਗ ਬਨ ਬੈਠੇ ਮੇਰੇ ਹੀ ਕਾਟ ਖਾਨੇ ਕੇ ਲੀਏ।

ਬਾਣੀਆ ਬਿਰਤੀ ਸਮਾਜ ਹਮੇਸ਼ਾ ਲੋਭੀ ਸਵਾਰਥੀ ਹੀ ਹੁੰਦਾ ਹੈ ‘‘ਨਾਲਿ ਕਿਰਾੜਾ ਦੋਸਤੀ, ਕੂੜੈ ਕੂੜੀ ਪਾਇ॥’’ ਇਸ ਸਮਾਜ ਦੀ ਅਟੱਲ ਸੱਚਾਈ ਹੈ। ਡਾ. ਇਕਬਾਲ ਨੇ ਕਦੇ ਕਿਹਾ ਸੀ ਕਿ ਫਿਰ ਭੀ ਹਮ ਸੇ ਗਿਲਾ ਹੈ ਹਮ ਵਫਾਦਾਰ ਨਹੀਂ, ਹਮ ਵਫਾਦਾਰ ਨਹੀ ਤੋ ਤੂੰ ਭੀ ਦਿਲਦਾਰ ਨਹੀਂ।’

1975-76_77 ਵਿਚ ਸਮੇਂ ਦੀ ਹਾਕਮ ਬੀਬੀ ਇੰਦਰਾ ਗਾਂਧੀ ਵਲੋਂ ਐਮਰਜੈਂਸੀ ਲਗਾਈ ਗਈ। ਇਕੱਲੇ ਸ਼੍ਰੋਮਣੀ ਅਕਾਲੀ ਦਲ ਨੇ 42,000 ਸਿੱਖ ਕੈਦੀਆਂ ਦੇ ਰੂਪ ਵਿਚ ਜੇਲ੍ਹਾਂ ਭਰੀਆਂ ਇਸ ਲਈ ਇਹ ਸੱਚਾਈ ਹੈ ਕਿ ਨੀਲੀ ਪਗੜੀਧਾਰੀ ਅਕਾਲੀਆਂ ਨੂੰ ਸਬਕ ਸਿਖਾਉਣ ਲਈ ਜਾਂ ਮਾਰ ਮੁਕਾਉਣ ਲਈ ਹੀ ਨੀਲਾ ਤਾਰਾ ਆਪ੍ਰੇਸ਼ਨ ਬਦਨੀਤੀ ਭਰਿਆ ਕਾਰਾ ਸੀ 

‘ਬਾਣੀਆ ਤੇਰੀ ਬਾਣ ਦੇਖੀ, ਸੁਣੀ ਨ ਕਰੂੰ ਕਭੀ। ਪਾਣੀ ਪੀਵਹਿ ਛਾਣ, ਅਣਛਾਣੋ ਲਹੂ ਪੀਵਹਿ।

ਤਾਰੀਖ ਕੀ ਗਹਿਰਾਈ ਨੇ, ਵਹੁ ਸਫ਼ਾ ਭੀ ਦੇਖਾ ਹੈ। ਲਮਹੋਂ ਨੇ ਖ਼ਤਾ ਕੀ, ਸਦੀਓਂ ਨੇ ਸਜ਼ਾ ਪਾਈ।’

ਬਿਪਰਨ ਸੋਚ ਸਿੱਖ ਵੀਚਾਰਧਾਰਾ ਤੋਂ ਬਿਲਕੁਲ ਅਲੱਗ (ਵੱਖਰੀ) ਹੈ। ਇੱਥੇ ‘‘ਪੰਡਿਤ ਮੁਲਾ ਛਾਡੇ ਦੋਊ’’ ਦਾ ਪ੍ਰਤੱਖ ਸਿਧਾਂਤ ਹੈ। ਬਿਪਰਨ ਸੋਚ ਨੇ ਹਮੇਸ਼ਾ ਦੂਜਿਆਂ ਨੂੰ ਆਪਣੀ ਬ੍ਰਾਹਮਣੀ ਸੋਚ ਦੀ ਮੁੱਖ ਧਾਰਾ ਵਿਚ ਲਿਆ ਕੇ ਆਪਣੇ ਵਿਚ ਜਜ਼ਬ ਕਰਨਾ ਚਾਹਿਆ ਹੈ। ਇਸਲਾਮ ਜੋ ਹਮੇਸ਼ਾ ਆਪਣੇ ਆਪ ਨੂੰ ਇਸ ਤੋਂ ਨਿਆਰਾ ਮੰਨਦਾ ਹੈ, ਉਸ ਉੱਤੇ ਵੀ ਬਿਪਰਨ ਸੋਚ ਨੇ ਪ੍ਰਭਾਵ ਪਾਉਣ ਦਾ ਯਤਨ ਕੀਤਾ। ਏਹੀ ਕਾਰਨ ਸੀ ਕਿ ਪਾਣੀਪਤ ਦੇ ਮੌਲਾਨਾ ਅਲਤਾਫ਼ ਹੁਸੈਨ ਹਾਲੀ ਨੂੰ ਇਹ ਲਿਖਣ ਲਈ ਮਜਬੂਰ ਹੋਣਾ ਪਿਆ।

‘ਵੋ ਦੀਨੇ ਹਜਾਜੀ ਕਾ ਬੇਬਾਕ ਬੇੜਾ,

ਜੋ ਸੀਹੂੰ ਪੇ ਅਟਕਾ ਨ ਜੀਹੂੰ ਪੇ ਠਹਿਰਾ,

ਕੀਏ ਪਾਰ ਥੇ ਜਿਸ ਨੇ ਸਾਤੋਂ ਸਮੁੰਦਰ,

ਵੋ ਡੂਬਾ ਦਹਾਨੇ ਮੇਂ ਗੰਗਾ ਪੇ ਆਕਰ।’

ਸਿੱਖੀ ਵੀਚਾਰਧਾਰਾ ਦੀ ਆਪਣੀ ਮੁੱਖਧਾਰਾ ਹੈ ਜਿਵੇਂ :

(1) ਪੂਜਾ ਅਕਾਲ ਕੀ (ਇਸ ਲਈ ਕਿਰਤਮ ਪੂਜਾ ਪ੍ਰਵਾਨ ਨਹੀਂ)।

(2) ‘‘ਸਭੇ ਸਾਝੀਵਾਲ ਸਦਾਇਨਿ..॥’’ (ਮ: ੫/੯੭) ਜਾਂ ਮਾਨਸ ਕੀ ਜਾਤਿ, ਸਬੈ ਏਕੈ ਪਹਚਾਨਬੋ ॥’’ (ਅਕਾਲ ਉਸਤਤਿ), ਇਸ ਲਈ ਸਿੱਖੀ ਵਿਚ ਵਰਨ ਆਸ਼ਰਮ ਦੀ ਕੋਈ ਥਾਂ ਨਹੀਂ।

(3) ਵਹਿਮਾਂ ਭਰਮਾਂ ਜੰਤ੍ਰ, ਮੰਤ੍ਰ, ਤੰਤ੍ਰ ਵਿਚ ਸਾਡਾ ਵਿਸ਼ਵਾਸ ਉੱਕਾ ਹੀ ਨਹੀਂ ਹੈ।

(4) ਅਸੀਂ ਵੇਦ ਤੇ ਬ੍ਰਾਹਮਣ ਦੀ ਅਗਵਾਈ, ਸਰਬਉੱਚਤਾ ਨੂੰ ਨਹੀਂ ਮੰਨਦੇ। ਇੱਥੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਅਗਵਾਈ ਹੈ।

(5) ਅਸੀਂ ਸਮਾਜਿਕ ਕਰਮਯੋਗ ਦੇ ਹਾਮੀ ਹਾਂ, ਕਿਰਤੀ ਹਾਂ ਸਮਾਜਿਕ ਜ਼ਿੰਮੇਵਾਰੀ ਤੋਂ ਭਗੌੜੇ ਨਹੀਂ ਬਲਕਿ ‘‘ਘਾਲਿ ਖਾਇ ਕਿਛੁ ਹਥਹੁ ਦੇਇ..॥’’ ਅਨੁਸਾਰ ਸਰਬੱਤ ਦਾ ਭਲਾ ਸਾਡੇ ਸਮਾਜਿਕ ਸੱਭਿਆਚਾਰ ਦਾ ਪਹਿਲੂ ਹੈ।

(6) ‘‘ਕਿਰਤ ਵਿਰਤ ਕਰਿ ਧਰਮ ਦੀ, ਲੈ ਪਰਸਾਦ ਆਣਿ ਵਰਤੰਦਾ।’’ (ਭਾਈ ਗੁਰਦਾਸ ਜੀ /ਵਾਰ ੪੦ ਪਉੜੀ ੧੧) ਅਨੁਸਾਰ ਸੰਗਤ ਤੇ ਪੰਗਤ ਸਿੱਖ ਧਰਮ ਦਾ ਮੁੱਖ ਅੰਗ ਹੈ, ਜਿੱਥੇ ਨਸਲ ਭੇਦ, ਰੰਗ ਰੂਪ ਦੇ ਵਿਤਕਰੇ ਅੰਮ੍ਰਿਤ ਦੇ ਬਾਟੇ ਵਿਚ ਸ਼ਬਦ ਦੁਆਰਾ ਨਾਸ ਹੋ ਜਾਂਦੇ ਹਨ।

(7) ਦੁਨੀਆਦਾਰ ਦੇ ਨਾਲ ਦੀਨਦਾਰ ਵੀ ਹਾਂ, ਨਾਸਤਕ ਨਹੀਂ ਬਲਕਿ ‘‘ਹਾਥ ਪਾਉ ਕਰਿ ਕਾਮੁ ਸਭੁ, ਚੀਤੁ ਨਿਰੰਜਨ ਨਾਲਿ॥’’ (ਪੰਨਾ 13੭6) ਦੇ ਅਮੋਲਕ ਸਿਧਾਂਤ ਵਿਚ ਵਿਸ਼ਵਾਸ ਕਰਦੇ ਹਾਂ।

(8) ਸਿੱਖੀ ਸਰੂਪ ਦੀ ਸੰਭਾਲ਼ ਸਾਡੇ ਸੱਭਿਆਚਾਰ ਦਾ ਅੰਗ ਹੈ_‘ਕੰਘਾ ਦੋਨੋਂ ਵਕਤ ਕਰਿ॥’

(9) ਅਸੀਂ ‘ਪਾਗ ਚੁਨੈ ਕਰਿ ਬਾਂਧਈ’ ਦੇ ਹੁਕਮ ਨੂੰ ਮੰਨਦੇ ਹੋਏ ਦਸਤਾਰਧਾਰੀ ਹਾਂ, ਟੋਪੀਧਾਰੀ ਨਹੀਂ।

(10) ਅਸੀਂ ਜਗਤ ਜੂਠ ਤੰਮਾਕੂ, ਸਿਗਰਟਨੋਸ਼ੀ ਜਾਂ ਹੋਰ ਨਸ਼ੇ ਕਰਨ ਵਿਚ ਵਿਸ਼ਵਾਸ ਨਹੀਂ ਕਰਦੇ ਜਦੋਂ ਕਿ ਅਜੋਕਾ ਸਮਾਜ ਜਾਂ ਜਗਤ ਇਸ ਨੂੰ ਫੈਸ਼ਨ ਮੰਨ ਕੇ ਇਸ ਦਾ ਸ਼ਿਕਾਰ ਹੋਇਆ ਪਿਆ ਹੈ।

ਇਸ ਲਈ ਸਿੱਖਾਂ ਨੂੰ ਕਿਸੇ ਵੀ ਮੁੱਖ ਧਾਰਾ ਵਿਚ ਲਿਆਉਣ ਤੋਂ ਪਹਿਲਾਂ ਉਪਰੋਕਤ ਸਿਧਾਂਤਾਂ ਦਾ ਖਿਆਲ ਰੱਖਣਾ ਜਾਂ ਸਮਝਣਾ ਜ਼ਰੂਰੀ ਹੈ। ਭਾਰਤੀ ਸੰਵਿਧਾਨ ਇਥੋਂ ਦੇ ਹਰ ਭਾਰਤੀ ਨਾਗਰਿਕ ਨੂੰ ਹਰ ਤਰ੍ਹਾਂ ਦੇ ਮਨੁੱਖੀ ਅਧਿਕਾਰ ਦੀ ਰਾਖੀ ਕਰਨ ਦਾ ਪਾਬੰਦ ਹੈ ਪਰ

(1). ਕੀ ਸਿੱਖਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰਨਾ ਸੰਵਿਧਾਨਿਕ ਹੈ  ?

(2). ਕੀ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ, ਜੋ ਸਰਬ ਸਾਂਝੀਵਾਲਤਾ, ਸੰਗਤ, ਪੰਗਤ ਦਾ ਪਹਿਰੇਦਾਰ ਹੈ ਜਿੱਥੋਂ ਪੂਰੀ ਮਾਨਵਤਾ ਨੂੰ ‘‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥’’ ਜਾਂ ‘‘ਸਭੁ ਕੋ ਮੀਤੁ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ॥’’ ਦਾ ਪਿਆਰਾ ਸਰਬ ਸਾਂਝਾ, ਮਨੁੱਖੀ ਭਾਈਚਾਰੇ ਦਾ ਸੁਨੇਹਾ ਮਿਲਦਾ ਹੈ ਤੇ ਹੋਰ ਚਾਲੀ ਪਵਿੱਤਰ ਗੁਰੂ ਘਰਾਂ ਨੂੰ ਗਜ਼ਨਵੀ ਤਰੀਕੇ ਨਾਲ ਬੇਅਦਬ ਕਰਨ ਤੇ ਢਾਹੁਣ ਲਈ ਫ਼ੌਜ ਚਾੜ੍ਹਨੀ ਸੰਵਿਧਾਨਕ ਹੈ ?

(3). ਸਿੱਖ ਰੈਫਰੈਂਸ ਲਾਇਬ੍ਰੇਰੀ ਵਰਗੇ ਕਲਾ ਤੇ ਗਿਆਨ ਭੰਡਾਰ ਨੂੰ ਚੁੱਕ ਲੈਣਾ, ਚੁਰਾ ਲੈਣਾ ਜਾਂ ਸਾੜ ਦੇਣਾ ਸੰਵਿਧਾਨ ਹੈ ? ਜਿੱਥੇ ਕਿ 25,000 (ਪੱਚੀ ਹਜ਼ਾਰ) ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ (ਬੀੜਾਂ) ਸਨ, ਪੰਜ ਸੌ ਹੋਰ ਹੱਥ ਲਿਖਤ ਗ੍ਰੰਥ, ਅਠਾਰਾਂ (18) ਜਿਲਦਾਂ ਇਤਿਹਾਸਕ ਦਸਤਾਵੇਜ਼ ਸਨ ਜਿਵੇਂ 65 ਹੁਕਮਨਾਮਿਆਂ ਦੀਆਂ ਨਕਲਾਂ ਸਨ, ਕਈ ਕਿਸਮ ਦੇ ਇਤਿਹਾਸਕ ਚਿਤ੍ਰ ਤੇ 29 ਗੁਰੂ ਸਾਹਿਬਾਨ ਦੇ ਲਿਖਤੀ ਨੀਸ਼ਾਣ (ਦਸਤਖ਼ਤ) ਦੇ ਫੋਟੋ ਸਨ, ਨੂੰ ਨੇਸਤੋ ਨਬੂਦ ਕਰਨਾ ਸੰਵਿਧਾਨਿਕ ਹੈ ?

(4). ਸ੍ਰੀ ਹਰਿਮੰਦਰ ਸਾਹਿਬ ਜਾਂ ਅਕਾਲ ਤਖ਼ਤ ਸਾਹਿਬ ਵਿਖੇ ਹਥਿਆਰ ਚੋਰੀ ਛਿਪੇ ਪੁੱਜਣੇ ਕਾਲੀ ਗਰਜ (Black Thunder) ਸੰਵਿਧਾਨਿਕ ਹੈ। ਗੁਰਬਾਣੀ ਦੀ ਇਹ ਅਟੱਲ ਸੱਚਾਈ ਅੱਜ ਵੀ ਸਾਬਤ ਹੋਈ ਹੈ ਕਿ ਜਿਹੜਾ ਹਾਕਮ, ਚੌਧਰੀ, ਆਗੂ ਹੰਕਾਰੀ ਹੋ ਜਾਏ, ਉਸ ਦੀ ਖੁਆਰੀ ਹੋਣਾ ਨਿਸ਼ਚਿਤ ਹੈ, ਅਜਿਹਾ ਹਾਕਮ ਆਪਣੇ ਕੀਤੇ ਪਾਪ ਕਰਮਾਂ ਦੀ ਜ਼ੰਜੀਰ ਵਿਚ ਜਦੋਂ ਜਕੜਿਆ ਜਾਂਦਾ ਹੈ ਤਦ ਉਹ ਆਪਣੇ ਚਾਕਰਾਂ ਹੱਥੋਂ ਹੀ ਮਾਰਿਆ ਜਾਂਦਾ ਹੈ। ਫ਼ੁਰਮਾਨ ਹੈ : ‘‘ਜਿਸੁ ਸਿਕਦਾਰੀ, ਤਿਸਹਿ ਖੁਆਰੀ; ਚਾਕਰ ਕੇਹੇ ਡਰਣਾ ॥ ਜਾ ਸਿਕਦਾਰੈ ਪਵੈ ਜੰਜੀਰੀ; ਤਾ ਚਾਕਰ ਹਥਹੁ ਮਰਣਾ ॥’’ (ਮ: ੧/੯੦੨)

31 ਅਕਤੂਬਰ 1984 ਦੇ ਦਿਨ ਉਪਰੋਕਤ ਫ਼ੁਰਮਾਨ ਫਿਰ ਸੱਚ ਹੋਇਆ ਜਦੋਂ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਉਸ ਦੇ ਸੁਰੱਖਿਆ ਗਾਰਡਾਂ ਨੇ ਹੀ ਮਾਰ ਮੁਕਾਇਆ। ਉਸ ਤੋਂ ਬਾਅਦ ਦਿੱਲੀ, ਕਾਨਪੁਰ, ਬਕਾਰੋ ਵਿਚ ਹਜ਼ਾਰਾਂ ਬੇਗੁਨਾਹ ਸਿੱਖਾਂ ਦਾ ਕਤਲੇਆਮ ਕਰਨਾ, ਸਿੱਖ ਬੀਬੀਆਂ ਨੂੰ ਬੇਪੱਤ ਕੀਤਾ ਜਾਣਾ ਸੰਵਿਧਾਨਿਕ ਹੈ ? ਸਿੱਖਾਂ ਦੇ ਕਾਤਲ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਵਰਗੇ ਹਤਿਆਰਿਆਂ ਨੂੰ ਸਾਫ਼ ਬਰੀ ਕਰ ਕੇ ਉੱਚ ਮੰਤਰੀ ਪਦਾਂ ’ਤੇ ਬਿਠਾਉਣਾ ਸੰਵਿਧਾਨ ਅਨੁਸਾਰ ਹੈ ? ਕੀ ਇਹ ਸਿੱਖਾਂ ਨਾਲ ਵੱਡਾ ਧ੍ਰੋਹ ਤੇ ਧੱਕਾ ਨਹੀਂ  ?

ਸਿੱਖਾਂ ਨੂੰ ਹਮੇਸ਼ਾ ਖ਼ਤਮ ਕਰਨ ਲਈ ਬਿਪ੍ਰਨ ਸੋਚ ਸਾਮ, ਦਾਮ, ਦੰਡ, ਭੇਦ (ਚਾਰੇ) ਤਰੀਕੇ ਅਪਣਾਉਂਦੀ ਰਹੀ ਹੈ। ਸਰਕਾਰੀ ਅੰਕੜੇ ਦੱਸਦੇ ਹਨ ਕਿ ਅਕਾਲ ਤਖ਼ਤ ਸਾਹਿਬ ਅਤੇ ਹਰਿਮੰਦਰ ਸਾਹਿਬ ਵਿਖੇ ਕੇਵਲ 43 ਖਾੜਕੂ ਛਿਪੇ ਹੋਏ ਸਨ ਪਰ ਵੀਹ ਗੁਣਾਂ ਤੋਂ ਜ਼ਿਆਦਾ ਮੌਤਾਂ (ਸ਼ਹੀਦੀਆਂ) ਹੋਣੀਆਂ ਦਸ ਗੁਣਾ ਕੈਦੀ ਵੀ ਬਣਾਏ ਗਏ। ਦਿੱਲੀ ਦਾ ਕਤਲੇਆਮ ਇਸ ਦਾ ਜ਼ਾਹਰ ਸਬੂਤ ਹੈ ਜਿੱਥੇ 5000 ਸਿੱਖ ਨੌਜਵਾਨ ਮਾਰ ਕੇ ਸਮੇਂ ਦੇ ਹਾਕਮਾਂ ਨੇ ਨਾਦਰੀ ਹੁਕਮਾਂ ਨੂੰ ਵੀ ਮਾਤ ਪਾ ਦਿੱਤੀ।

ਬੰਗਲਾ ਦੇਸ਼ ਵਿਚ 1971 ਵਿੱਚ ਅਤੇ ਲੰਕਾ ਵਿਚ ਸਿੱਖ ਆਰਮੀ (ਫ਼ੌਜ) ਇਸ ਕਰਕੇ ਭੇਜੀ ਗਈ ਕਿ ਬੰਗਾਲੀਆਂ ਤੇ ਤਾਮਿਲਾਂ ਨੂੰ ਆਜ਼ਾਦੀ ਮਿਲ ਸਕੇ, ਉਨ੍ਹਾਂ ਨੂੰ ਵੱਖਰਾ ਰਾਜ ਪ੍ਰਾਪਤ ਹੋ ਸਕੇ ਪਰ ਇਧਰ ਹਜ਼ਾਰਾਂ ਯੋਧੇ ਸ਼ਹੀਦ ਕੀਤੇ ਗਏ ਕਿਉਂਕਿ ਉਹ ਆਪਣਾ ਹੱਕ ਮੰਗਦੇ ਸਨ ਕੀ ਇਹ ਦੋਗਲੀ ਨੀਤੀ ਸੰਵਿਧਾਨਿਕ ਨੀਤੀ ਹੈ ? ਜਾਂ ਫਿਰ ਧਨੀ ਰਾਮ ਚਾਤ੍ਰਿਕ ਦੇ ਕਥਨ ਅਨੁਸਾਰ, ‘ਨਵੀਂ ਕਿਸਮ ਦੀ ਅਮਨ ਪਸੰਦੀ। ਜੀਭ ਕਲਮ ਤੇ ਨਾਕਾਬੰਦੀ। ਸਿਰ ਤੇ ਲਟਕ ਰਹੀ ਜ਼ਾਲਮ ਦੀ ਤਲਵਾਰ। ਸਮੇਂ ਦੀ ਨਵੀਓਂ ਨਵੀਂ ਬਹਾਰ।’

ਭਾਰਤੀ ਸੰਵਿਧਾਨ ਵਿਚ ਅਨੇਕਾਂ ਤਰਮੀਮਾਂ ਕੀਤੀਆਂ ਗਈਆਂ ਤੇ ਕੀਤੀਆਂ ਜਾਣਗੀਆਂ। ਜੇ ਸਿੱਖਾਂ ਦੇ ਹੱਕਾਂ ਦੀ ਰਾਖੀ ਲਈ ਵੀ ਹੋਰ ਸੰਵਿਧਾਨਿਕ ਤਰਮੀਮ ਕਰ ਲਈ ਜਾਵੇ ਤਾਂ ਘਰ ਦਾ ਮਾਮਲਾ ਘਰ ਵਿਚ ਹੀ ਨਿੱਬੜ ਸਕਦਾ ਹੈ।

ਦੂਜੇ ਪਾਸੇ ਸਾਨੂੰ ਚਾਹੀਦਾ ਹੈ ਕਿ ਸਿੱਖ ਜਥੇਬੰਦਕ ਏਕਤਾ ਦਾ ਸਬੂਤ ਦੇਣ, ਸਾਡੀ ਰਾਜਸੀ, ਧਾਰਮਿਕ ਸਮਾਜਿਕ ਤੇ ਆਰਥਿਕ ਨਿਸ਼ਾਨੇ ਪ੍ਰਤੀ ਏਕਤਾ ਹੋਵੇ, ਉਨ੍ਹਾਂ ਦੀ ਪੂਰਤੀ ਜਾਂ ਪ੍ਰਾਪਤੀ ਦੇ ਸਾਧਨ ਵੀ ਇੱਕੋ ਹੋਣੇ ਚਾਹੀਦੇ ਹਨ। ਅੱਜ ਅਸੀਂ ਜਾਂ ਸਾਡੀ ਰਾਜਨੀਤੀ ਤੇ ਰਣਨੀਤੀ ਦੋਵੇਂ ਰਾਹੋਂ ਭਟਕੀਆਂ ਹੋਈਆਂ ਹਨ। ਬੇਗੁਨਾਹਾਂ ਦਾ ਕਤਲ ਕਿਸੇ ਧੀ-ਭੈਣ ਦੀ ਬੇਇੱਜ਼ਤੀ ਸਿੱਖਾਂ ਦੀ ਰਾਜਨੀਤੀ ਤੇ ਰਣਨੀਤੀ ਨਹੀਂ ਹੋ ਸਕਦੀ। ਫਿਰ ਭਰਾ-ਮਾਰੂ ਜੰਗ ਵੀ ਸਿੱਖੀ ਦਾ ਸਿਧਾਂਤ ਨਹੀਂ।

ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਮਾਨਵਵਾਦੀ ਸਰਬ ਵਿਆਪੀ ਸਰਬ ਕਾਲੀ ਸ੍ਰੇਸ਼ਟ ਰਵਾਇਤਾਂ ਹਨ, ਸਾਡੀ ਪਰੰਪਰਾ ਕੱਟੜਵਾਦੀ, ਹਿੰਸਾਵਾਦੀ, ਲੁੱਟਮਾਰ ਜਾਂ ਕਤਲੋਗਾਰਤ ਨਹੀਂ, ਇਹ ਕੁਝ ਸਿੱਖ ਧਰਮ ਦਾ ਅੰਗ ਜਾਂ ਹਿੱਸਾ ਨਹੀਂ ਹੋ ਸਕਦਾ। ਹਥਿਆਰ ਤੇ ਹੰਕਾਰ ਦਾ ਮੇਲ਼ ਹਮੇਸ਼ਾ ਦਿਮਾਗੀ ਸੰਤੁਲਨ ਨੂੰ ਵਿਗਾੜ ਦਿੰਦਾ ਹੈ।

ਸੋ, ਬੜੇ ਠਰੰਮੇ ਨਾਲ ਸੋਚ-ਵਿਚਾਰ ਉਪਰੰਤ ਹੀ ਅਗਲਾ ਕਦਮ ਚੁੱਕਣ ਦੀ ਲੋੜ ਹੈ ਕਿਉਂਕਿ ਸਾਡਾ ਸਿਧਾਂਤ ਹੈ ‘‘ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀ; ਭਾਈ ਮੀਤ ! ॥’’ (ਮ: ੫/੩੮੬)

ਇਸ ਲਈ ਸਾਨੂੰ ਮਾਨਵਤਾ ਵਾਦੀ ਸੋਚ ਅਪਣਾ ਕੇ ਸਰਬੱਤ ਦੇ ਭਲੇ ਹਿਤ ਗੁਰਮਤਿ ਰੌਸ਼ਨੀ ਵਿਚ ਕਾਰਜਸ਼ੀਲ ਹੋਣ ਦੀ ਲੋੜ ਹੈ ਤਾਂ ਜੋ ਮੁੜ ਸਾਡੀ ਆਪਣੀ ਆਉਣ ਵਾਲੀ ਪੀੜ੍ਹੀ (ਕੌਮ) ਨੂੰ ਇਹ ਦੁਖਾਂਤ ਨਾ ਦੇਖਣੇ ਪੈਣ।