ਕੀ ‘ਜਾਪ’ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਣਸ਼ੈਲੀ (ਵਿਆਕਰਨ) ਰਾਹੀਂ ਅਖੌਤੀ ਸਾਬਤ ਕੀਤਾ ਜਾ ਸਕਦਾ ਹੈ? (ਭਾਗ-3)
ਹਥਲੇ ਸਿਰਲੇਖ ਵਾਲੇ ਲੇਖ ਅਧੀਨ ਪਿਛਲੇ ਦੋ ਭਾਗਾਂ ’ਚ ‘ਜਾਪ’ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਣਸ਼ੈਲੀ (ਵਿਆਕਰਨ), ਪਦ ਅਰਥ ਅਤੇ ਭਾਵ ਅਰਥਾਂ ਦੇ ਆਧਾਰ ’ਤੇ ਵੀਚਾਰਿਆ ਗਿਆ ਸੀ ਕਿਉਂਕਿ ਸ. ਦਲਬੀਰ ਸਿੰਘ ਜੀ (ਦਿੱਲੀ) ਵੱਲੋਂ ਆਪਣੀਆਂ ਲਿਖਤਾਂ (ਕਿਤਾਬਾਂ) ਰਾਹੀਂ ‘ਜਾਪ’ ਰਚਨਾ ਨੂੰ ਗੁਰਬਾਣੀ ਦੀ ਲਿਖਣਸ਼ੈਲੀ ਨਾਲ ਮੇਲ ਨਾ ਹੋਣ ਕਾਰਨ ਅਖੌਤੀ ਸਿੱਧ ਕੀਤਾ ਸੀ।
ਮੇਰੇ ਵੱਲੋਂ ਲਿਖੇ ਗਏ ਪਹਿਲੇ ਭਾਗ ’ਤੋਂ ਉਪਰੰਤ ਇਹਨਾਂ ਵੀਰਾਂ ਵੱਲੋਂ ਮੈਨੂੰ ਜਾਪ ਅਤੇ ਗੁਰਬਾਣੀ ਦੇ ਅਰਥਾਂ ਦੀ ਸਾਂਝ ਮਿਲਾਉਣ ਦਾ ਸੁਝਾਵ ਦਿੱਤਾ ਗਿਆ ਸੀ ਜਿਸ ਦੇ ਆਧਾਰ ’ਤੇ ਮੈਂ ਭਾਗ-2 ਲਿਖ ਕੇ ਜਵਾਬ ਦਿੱਤਾ ਸੀ। ਹੁਣ ਇਹਨਾਂ ਵੀਰਾਂ ਵੱਲੋਂ ਸਵਾਲ ਇਹ ਖੜ੍ਹਾ ਕੀਤਾ ਗਿਆ ਹੈ ਕਿ ਸਾਡੇ ਵੱਲੋਂ ਉਠਾਏ ਗਏ ਸਾਰੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਗਿਆ ਹੈ।
ਮੈਂ ਪਾਠਕਾਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ‘ਜਾਪ’ ਰਚਨਾ, ਜੋ ਕਿ ਨਿਤਨੇਮ ਅਤੇ ਅੰਮਿ੍ਰਤ ਸੰਚਾਰ ਦੀਆਂ ਬਾਣੀਆਂ ’ਚ ਸ਼ਾਮਲ ਰਚਨਾ ਹੈ, ਦੇ ਸਾਰੇ ਪੱਖਾਂ ਨੂੰ ਚੰਗੀ ਤਰ੍ਹਾਂ ਵੀਚਾਰਿਆ ਜਾਵੇ ਤਾਂ ਜੋ ਕੀਤੇ ਜਾ ਰਹੇ ਗ਼ਲਤ ਅਤੇ ਠੀਕ ਭਾਵਨਾ ਵਾਲੇ ਪ੍ਰਚਾਰ ’ਤੋਂ ਸਮੇ ਰਹਿੰਦੇ ਸੁਚੇਤ ਹੋ ਸਕੀਏ। ਇਸ ਵਿਸ਼ੇ ’ਤੇ ਪਾਠਕਾਂ ਨਾਲ ਵੀਚਾਰ ਸਾਂਝੇ ਕਰਵਾਉਣ ਲਈ ਮੈਂ ਸ. ਦਲਬੀਰ ਸਿੰਘ ਜੀ (ਦਿੱਲੀ) ਦਾ ਸ਼ੁਕਰ ਗੁਜਾਰ ਹਾਂ।
ਵੀਰ ਦਲਬੀਰ ਸਿੰਘ ਜੀ !
ਤੁਸੀਂ ਆਪਣੇ ਲੇਖ ‘ਅਖੌਤੀ ਦਸਮ ਗ੍ਰੰਥ ਵਿਚ ਗਲਤੀਆਂ, ਸਿਧਾਂਤਕ ਅਤੇ ਵਿਆਕਰਣਕ’ ਰਾਹੀਂ 1 ’ਤੋਂ 17 ਤੱਕ ਗ਼ਲਤੀਆਂ ਦਾ ਜ਼ਿਕਰ ਕੀਤਾ ਹੈ। ਜਿਸ ਵਿੱਚੋਂ 12 ’ਤੋਂ 17 ਗ਼ਲਤੀਆਂ ‘ਅਕਾਲ ਉਸਤਤਿ’ ਰਚਨਾ ਨਾਲ ਸਬੰਧਤ ਹੈ ਪਰ ਮੈਂ ਆਪਣੇ ਪਹਿਲੇ ਲੇਖ ’ਤੋਂ ਹੀ ਕੇਵਲ ਜਾਪ ਰਚਨਾ ਨੂੰ ਵੀਚਾਰਦਾ ਆ ਰਿਹਾ ਹਾਂ। ਕਿਰਪਾ ਕਰਕੇ ‘ਅਕਾਲ ਉਸਤਤਿ’ ਰਚਨਾ ਵਾਲਾ ਵਿਸ਼ਾ ਵਿੱਚ ਨਾ ਲਿਆ ਜਾਵੇ ਪਰ ‘ਜਾਪ’ ਰਚਨਾ ਬਾਰੇ ਤੁਸੀਂ ਆਪਣੇ ਲੇਖ ’ਚ ਇਉਂ ਲਿਖਿਆ ਹੈ:-
(ਗਲਤੀ ਨੰ: ੭): ਨਮੋ ਲੋਕ ਮਾਤਾ ॥ ਅਰਥ ਸਮਝੋ, ਲੋਕ ਮਾਤਾ = ਜਗ ਮਾਤਾ = ਜਗਮਾਇ = ਜਗਦੰਬਾ = ਦੁਰਗਾ ਦੇਵੀ : ਕਿ੍ਰਪਾ ਕਰੀ ਹਮ ਪਰ ਜਗ ਮਾਤਾ ॥ (ਦਸਮ ਗ੍ਰੰਥ ਪੰਨਾ ੧੩੮੮) ; ਸੰਤ ਸਹਾਇ ਸਦਾ ‘‘ਜਗਮਾਇ” ਕਿ੍ਰਪਾ ਕਰਿ ਸਯਾਮ ਇਹੈ ਬਰ ਦੀਜੈ ॥
(ਅਖੌਤੀ ਦਸਮ ਗ੍ਰੰਥ, ਪੰਨਾ ੪੯੫) । (ਸ. ਦਲਬੀਰ ਸਿੰਘ)
ਉੱਤਰ:- ਵੀਰ ਜੀ ! ਸ਼ਾਇਦ ਤੁਸੀਂ ਗੁਰਬਾਣੀ ਦੇ ਹੇਠਲੇ ਵਾਕ ’ਤੋਂ ਪ੍ਰਭਾਵਤ ਹੋ ਕੇ ਪ੍ਰਮਾਤਮਾ ਨੂੰ ਇਸਤ੍ਰੀ ਲਿੰਗ ’ਚ ਸਵੀਕਾਰ ਕਰਨ ਨੂੰ ਤਿਆਰ ਨਹੀਂ :- ਇਸੁ ਜਗ ਮਹਿ ਪੁਰਖੁ ਏਕੁ ਹੈ, ਹੋਰ ਸਗਲੀ ਨਾਰਿ ਸਬਾਈ ॥ ਵਡਹੰਸ ਕੀ ਵਾਰ (ਮ:੩/ਅੰਗ ੫੯੨) ਪਰ ਇੱਕ ਅੱਖ ਬੰਦ ਕਰ ਕੇ ਵੇਖਣਾ ਵੀ ਗੁਰਸਿੱਖ ਦਾ ਕੰਮ ਨਹੀਂ ਕਿਉਂਕਿ ਗੁਰਬਾਣੀ ’ਚ ਰੱਬ ਨੂੰ ਮਾਤਾ ਵੀ ਕਿਹਾ ਗਿਆ ਹੈ, ਜਿਵੇਂ:-
1. ਤੂੰ ਮੇਰਾ ਪਿਤਾ, ਤੂੰਹੈ ਮੇਰਾ ਮਾਤਾ ॥ ਮਾਝ (ਮ:੫/ਅੰਗ ੧੦੩)
2. ਮੇਰਾ ਪਿਤਾ ਮਾਤਾ ਹਰਿ ਨਾਮੁ ਹੈ, ਹਰਿ ਬੰਧਪੁ ਬੀਰਾ ॥ ਗਉੜੀ (ਮ:੩/ਅੰਗ ੧੬੩)
3. ਤੂੰ ਗੁਰੁ ਪਿਤਾ, ਤੂੰਹੈ ਗੁਰੁ ਮਾਤਾ, ਤੂੰ ਗੁਰੁ ਬੰਧਪੁ, ਮੇਰਾ ਸਖਾ ਸਖਾਇ ॥ ਗਉੜੀ (ਮ:੪/ਅੰਗ ੧੬੭)
4. ਭਾਈ ਪੂਤੁ ਪਿਤਾ ਪ੍ਰਭੁ ਮਾਤਾ ॥ ਗਉੜੀ (ਮ:੫/ਅੰਗ ੨੪੦)
5. ਗੁਰਦੇਵ ਮਾਤਾ ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸੁਰਾ ॥ ਗਉੜੀ ਬ.ਅ. (ਮ:੫/ਅੰਗ ੨੫੦)
6. ਆਪੇ ਪਿਤਾ ਮਾਤਾ ਹੈ ਆਪੇ, ਆਪੇ ਬਾਲਕ ਕਰੇ ਸਿਆਣੇ ॥ ਬਿਹਾਗੜੇ ਕੀ ਵਾਰ (ਮ:੪/ਅੰਗ ੫੫੨)
7. ਹਰਿ ਨਾਮੁ ਪਿਤਾ, ਹਰਿ ਨਾਮੋ ਮਾਤਾ, ਹਰਿ ਨਾਮੁ ਸਖਾਈ ਮਿਤ੍ਰੁ ਹਮਾਰਾ ॥ ਵਡਹੰਸ ਕੀ ਵਾਰ (ਮ:੪/ਅੰਗ ੫੯੨)
8. ਸੋਈ ਮੁਕੰਦੁ ਹਮਰਾ ਪਿਤ ਮਾਤਾ ॥ ਗੋਂਡ (ਭਗਤ ਰਵਿਦਾਸ/੮੭੫)
9. ਮੈ ਹਰਿ ਬਿਨੁ ਅਵਰੁ ਨ ਕੋਈ ਬੇਲੀ, ਮੇਰਾ ਪਿਤਾ ਮਾਤਾ ਹਰਿ ਸਖਾਇਆ ॥ ਰਹਾਉ ॥ ਰਾਮਕਲੀ (ਮ:੪/ਅੰਗ ੮੮੨)
10. ਨਾਨਕ! ਪਿਤਾ ਮਾਤਾ ਹੈ ਹਰਿ ਪ੍ਰਭੁ, ਹਮ ਬਾਰਿਕ ਹਰਿ ਪ੍ਰਤਿਪਾਰੇ ॥ ਰਾਮਕਲੀ (ਮ:੪/ਅੰਗ ੮੮੨)
11. ਹਰਿ ਆਪੇ ਮਾਤਾ, ਆਪੇ ਪਿਤਾ, ਜਿਨਿ ਜੀਉ ਉਪਾਇ, ਜਗਤੁ ਦਿਖਾਇਆ ॥ ਰਾਮਕਲੀ ਅਨੰਦ (ਮ:੩/ਅੰਗ ੯੨੧)
12. ਹਰਿ ਜੀ ਮਾਤਾ, ਹਰਿ ਜੀ ਪਿਤਾ, ਹਰਿ ਜੀਉ ਪ੍ਰਤਿਪਾਲਕ ॥ ਮਾਰੂ ਵਾਰ:੨ (ਮ:੫/ਅੰਗ ੧੧੦੧)
13. ਤੂ ਮੇਰਾ ਪਿਤਾ, ਤੂਹੈ ਮੇਰਾ ਮਾਤਾ ॥ ਭੈਰਉ (ਮ:੫/ਅੰਗ ੧੧੪੪)
14. ਤੁਮਹਿ ਪਿਤਾ, ਤੁਮ ਹੀ ਫੁਨਿ ਮਾਤਾ, ਤੁਮਹਿ ਮੀਤ ਹਿਤ ਭ੍ਰਾਤਾ ॥ ਸਾਰੰਗ (ਮ:੫/ਅੰਗ ੧੨੧੫)
ਸ. ਦਲਬੀਰ ਸਿੰਘ! ਕੀ ਉਪਰੋਕਤ ਸਾਰੇ (ਨੰ. 1 ’ਤੋਂ 14 ਤੱਕ) ਗੁਰਬਾਣੀ ਸ਼ਬਦਾਂ ਬਾਰੇ ਵੀ ਇਹ ਭਾਵਨਾ ਪ੍ਰਗਟ ਕਰ ਸਕਦੇ ਹਾਂ? ਜੋ ਤੁਸੀਂ ਇਉਂ ਲਿਖੀ ਹੈ- ਲੋਕ ਮਾਤਾ = ਜਗ ਮਾਤਾ = ਜਗਮਾਇ = ਜਗਦੰਬਾ = ਦੁਰਗਾ ਦੇਵੀ : ਕਿ੍ਰਪਾ ਕਰੀ ਹਮ ਪਰ ਜਗ ਮਾਤਾ ॥
(ਨੋਟ:-ਯਾਦ ਰਹੇ, ਗੁਰਬਾਣੀ ਅਨੁਸਾਰ ਪ੍ਰਮਾਤਮਾ ਨੂੰ ਕਿੱਥੇ ਕੇਵਲ ਪੁਲਿੰਗ ਕਿਹਾ ਜਾ ਸਕਦਾ ਹੈ ਅਤੇ ਕਿੱਥੇ ਇਸਤ੍ਰੀ ਲਿੰਗ ਨਾਉਂ ਰਾਹੀਂ ਵੀ ਯਾਦ ਕੀਤਾ ਜਾ ਸਕਦਾ ਹੈ? ਉੱਤਰ:- ਸਿਖਿਆ ਵਾਚਕ ਸ਼ਬਦਾਂ ਭਾਵ ਅਨਯ ਪੁਰਖ+ਇਕ ਵਚਨ ਨਾਉਂ ਸ਼ਬਦਾਂ ਰਾਹੀਂ ਪ੍ਰਮਾਤਮਾ ਨੂੰ ਕੇਵਲ ਪੁਲਿੰਗ ਨਾਉਂ ਦੇ ਰੂਪ ’ਚ ਹੀ ਦਰਸਾਇਆ ਗਿਆ ਹੈ ਜਿਵੇਂ ਕਿ ‘‘ਇਸੁ ਜਗ ਮਹਿ ਪੁਰਖੁ ਏਕੁ ਹੈ, ਹੋਰ ਸਗਲੀ ਨਾਰਿ ਸਬਾਈ ॥’’ ਵਡਹੰਸ ਕੀ ਵਾਰ (ਮ:੩/ਅੰਗ ੫੯੨) ਜਦਕਿ ਬੇਨਤੀ ਰੂਪ ਭਾਵ ਮਧਮ ਪੁਰਖ+ਇੱਕ ਵਚਨ ਨਾਉਂ ਸ਼ਬਦਾਂ ਰਾਹੀਂ ਮਾਤਾ, ਪਿਤਾ, ਭੈਣ, ਭਰਾ, ਰਿਸਤੇਦਾਰ ਆਦਿ ਭਾਵਨਾ ’ਚ ਇਸਤ੍ਰੀ ਲਿੰਗ ਨਾਉਂ ਸ਼ਬਦ ਰਾਹੀਂ ਵੀ ਯਾਦ ਕੀਤਾ ਗਿਆ ਹੈ। ਜਿਵੇਂ ਕਿ ਉਕਤ ਦਿੱਤੇ ਨੰ. 1 ’ਤੋਂ 14 ਤੱਕ ਸ਼ਬਦ ਸੰਕੇਤ ਦਿੰਦੇ ਹਨ। ‘ਜਾਪ’ ਰਚਨਾ ’ਚ ਦੂਸਰਾ ਪੱਖ ਬਿਆਨ ਕੀਤਾ ਗਿਆ ਹੈ, ਜੋ ਕਿ ਗੁਰਬਾਣੀ ਦੀ ਲਿਖਣਸ਼ੈਲੀ ਨਾਲ ਸਮਾਨੰਤਰ ਭਾਵਨਾ ਹੋਣ ਦਾ ਪ੍ਰਤੱਖ ਸਬੂਤ ਹੈ ਪਰ ਅਜੋਕੇ ਬਹੁਤੇ ਸਿੱਖ ਪ੍ਰਚਾਰਕਾਂ ਨੂੰ ਇਸ ਦੀ ਸਮਝ ਨਾ ਹੋਣ ਕਾਰਨ ਹੀ ਕੌਮੀ ਏਕਤਾ ਅਤੇ ਗੁਰਬਾਣੀ ਸਿਧਾਂਤ ਨੂੰ ਨੁਕਸਾਨ ਹੋ ਰਿਹਾ ਹੈ।)
ਵੀਰ ਦਲਬੀਰ ਸਿੰਘ ਜੀ! ਤੁਸੀਂ ਆਪਣੇ ਲੇਖ ’ਚ ਅੱਗੇ ਇਉਂ ਲਿਖਿਆ ਹੈ:-
(ਗਲਤੀ ਨੰ: ੯)..ਅਵਿਧੂਤ ਰੂਪ ਰਿਸਾਲ ॥੭੯॥ ਵਿਚ ਅਵਿਧੂਤ ਦੀ ਥਾਂ ਅਵਧੂਤ ॥੧੦੪॥ ‘‘ਕਿ ਅਵਧੂਤ ਬਰਨੈ ॥” ਲਿਖਾਰੀ ਨੂੰ ਬਣਤਰ (spellings) ਅਤੇ ਵਿਆਕਰਨ (Grammar) ਪੱਖੋਂ ਨਾ-ਸਮਝ ਲਗਦਾ ਹੈ, ਅਰਥਾਤ ਗੁਰੂ-ਲਿਖਤ ਨਹੀਂ । (ਸ. ਦਲਬੀਰ ਸਿੰਘ)
ਉੱਤਰ:- ਵੀਰ ਜੀ! ਪਹਿਲਾਂ ਤਾਂ ਮੈਂ ਤੁਹਾਡੀ ਗ਼ਲਤੀ ਦਰੁਸਤ ਕਰ ਦੇਵਾਂ ਜੋ ਕਿ ਦੋਨੋ ਪੰਕਤੀਆਂ ਇਉਂ ਹਨ:-
ਜਤ੍ਰ ਤਤ੍ਰ ਬਿਰਾਜਹੀ, ਅਵਧੂਤ ਰੂਪ ਰਿਸਾਲ ॥੭੯॥ (ਅਤੇ) ਕਿ ਅਵਧੂਤ ਬਰਨੈ ॥ ਕਿ ਬਿਭੂਤ ਕਰਨੈ॥ ੧੦੪॥
ਖ਼ੈਰ, ਤੁਹਾਨੂੰ ਅਵਧੂਤ ਸ਼ਬਦ ਗ਼ਲਤ ਅਤੇ ਅਵਿਧੂਤ ਸ਼ਬਦ ਠੀਕ ਲਗਦਾ ਹੈ ਜਦ ਕਿ ਗੁਰਬਾਣੀ ’ਚ ਇਹ ਸ਼ਬਦ ਇਉਂ ਦਰਜ ਹੈ:-ਇਕ ਸਬਦੀ ਬਹੁ ਰੂਪਿਅਵਧੂਤਾ ॥ ਸਿਰੀਰਾਗੁ (ਮ:੫/ਅੰਗ ੭੧)
ਨਾ ਇਹੁ ਜੋਗੀ, ਨਾ ਅਵਧੂਤਾ ॥ ਗੋਂਡ (ਭਗਤ ਕਬੀਰ/ਅੰਗ ੮੭੧)
ਤੁਹਾਡੇ ਵਾਲਾ ਠੀਕ ਸ਼ਬਦ ਅਵਿਧੂਤ ਗੁਰਬਾਣੀ ’ਚ ਮੌਜ਼ੂਦ ਹੀ ਨਹੀਂ। ਜਦ ਤੁਹਾਡੀਆਂ ਨਜ਼ਰਾਂ ’ਚ ਗੁਰੂ ਗ੍ਰੰਥ ਸਾਹਿਬ ਜੀ ’ਚੋਂ ਬਾਹਰ ਵਾਲੀ ਤਮਾਮ ਰਚਨਾ ਅਖੌਤੀ ਹੈ ਤਾਂ ਤੁਸੀਂ ਅਖੌਤੀ ਰਚਨਾ ਦੀ ਟੇਕ ਲੈ ਕੇ ‘ਜਾਪ’ ਰਚਨਾ ਬਾਰੇ ਨਿਰਣਾ ਕਰਦੇ ਕਿਵੇਂ ਇਹ ਲਿਖ ਸਕਦੇ ਹੋ? ਲਿਖਾਰੀ ਨੂੰ ਬਣਤਰ (spellings) ਅਤੇ ਵਿਆਕਰਣ (Grammar) ਪੱਖੋਂ ਨਾ-ਸਮਝ ਲਗਦਾ ਹੈ, ਅਰਥਾਤ ਗੁਰੂ-ਲਿਖਤ ਨਹੀਂ । (ਦਲਬੀਰ ਸਿੰਘ)
ਤੁਹਾਡੇ ਵੱਲੋਂ ਲਿਖਿਆ ਕਿ ਮੈ ਹੇਠਾਂ ਲਿਖੀ ਨੰ. 11 ਗ਼ਲਤੀ ਦਾ ਜਵਾਬ ਨਹੀਂ ਦਿੱਤਾ, ਠੀਕ ਨਹੀਂ ਕਿਉਂਕਿ ਮੈਂ ਪਿਛਲੇ ਦੋਵੇਂ ਲੇਖਾਂ ’ਚ ਇਸ ਬਾਰੇ ਵਿਸਥਾਰ ’ਚ ਜਵਾਬ ਦੇ ਚੁੱਕਿਆ ਹਾਂ। ਦੁਬਾਰਾ ਚੈਕ ਕਰ ਲੈਣਾ।
(ਪੰਨਾ ੭ ::(ਗਲਤੀ ਨੰ:੧੧): ਚਾਚਰੀ ਛੰਦ ॥ ਅਭੰਗ ਹੈਂ ॥ ਅਨੰਗ ਹੈਂ ॥ ਅਭੇਖ ਹੈਂ ॥ ਅਲੇਖ ਹੈਂ ॥੩ ਵਿਚ ਸਾਰੇ ਗੁਣ-ਵਾਚਕ ਨਾਂ ਇਕ-ਵਚਨ ਲਿਖਤ ( ੁ) ਨਾਲ ਲਿਖੇ ਹੋਣੇ ਚਾਹੀਦੇ ਸਨ । (ਦਲਬੀਰ ਸਿੰਘ)
ਵੀਰ ਦਲਬੀਰ ਸਿੰਘ ਜੀ! ਤੁਸੀਂ ਆਪਣੇ ਲੇਖ ’ਚ ਇਉਂ ਲਿਖਿਆ ਹੈ:-
(ਗਲਤੀ ਨੰ: ੩): .. ਕਰਮ ਨਾਮ ਬਰਣਤ ‘‘ਸੁਮਤ” ॥ ਪੰਕਤੀ ਵਿਚ ‘‘ਸੁਮਤ” ਦੀ ਥਾਂ ‘‘ਸੁਮਤਿ” ਲਿਖਿਆ ਹੋਣਾ ਚਾਹੀਦਾ ਸੀ ; (ਮਤਿ = ਅਕਲ, ਇਸਤ੍ਰੀ ਲਿੰਗ ਵਾਚਕ), ਜਿਵੇਂ ‘‘ਮਨ ਕੀ ਮਤਿ ਤਿਆਗਹੁ ਹਰਿ ਜਨ, ਏਹਾ ਬਾਤ ਕਠੈਨੀ ॥੩ ਮਤਿ ਸੁਮਤਿ ਤੇਰੈ ਵਸਿ ਸੁਆਮੀ! ਹਮ ਜੰਤ ਤੂ ਪੁਰਖੁ ਜੰਤੈਨੀ ॥ (ਗੁਰੂ ਗ੍ਰੰਥ ਸਾਹਿਬ, ਅੰ: ੮੦੦)” (ਸ. ਦਲਬੀਰ ਸਿੰਘ)
ਉੱਤਰ:- ਇਸ ਵਿਸ਼ੇ ’ਤੇ ਵੀਚਾਰ ਕਰਨ ’ਤੋਂ ਪਹਿਲਾਂ ਇੱਥੇ ਬਿਆਨ ਕੀਤੀ ਗਈ ਭਾਵਨਾ ਨੂੰ ਸਮਝਣਾ ਜ਼ਰੂਰੀ ਹੈ:- ‘ਜਾਪ’ ਰਚਨਾ ਵਾਂਗ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਪ੍ਰਮਾਤਮਾ ਬਾਰੇ ਬਿਆਨ ਕੀਤੇ ਗਏ ਅਨੇਕਾਂ ਨਾਵਾਂ ’ਤੋਂ ਉਪਰੰਤ ਸ਼ਬਦ ਦੇ ਅੰਤ ’ਚ ਲਾਲ ਰੰਗ ਨਾਲ ਦਰਸਾਈ ਭਾਵਨਾ ਨੂੰ ਸਮਝਣ ’ਤੋਂ ਬਾਅਦ ਉਪਰ ਕੀਤੇ ਪ੍ਰਸ਼ਨ ਦਾ ਉੱਤਰ ਸਮਝਣਾ ਆਸਾਨ ਹੋ ਜਾਵੇਗਾ, ਜੋ ਇਸ ਪ੍ਰਕਾਰ ਹੈ:- ਮਾਰੂ ਮਹਲਾ ੫ ॥ ਅਚੁਤ ਪਾਰਬ੍ਰਹਮ ! ਪਰਮੇਸੁਰ ਅੰਤਰਜਾਮੀ ॥ ਮਧੁਸੂਦਨ ਦਾਮੋਦਰ ਸੁਆਮੀ॥ ਰਿਖੀਕੇਸ ਗੋਵਰਧਨ ਧਾਰੀ! ਮੁਰਲੀ ਮਨੋਹਰ ਹਰਿ ਰੰਗਾ ॥੧॥ ਮੋਹਨ ਮਾਧਵ ਕਿ੍ਰਸਨ ਮੁਰਾਰੇ ॥ ਜਗਦੀਸੁਰ ਹਰਿ ਜੀਉ ਅਸੁਰ ਸੰਘਾਰੇ ॥ ਜਗਜੀਵਨ ਅਬਿਨਾਸੀ ਠਾਕੁਰ! ਘਟ ਘਟ ਵਾਸੀ ਹੈ ਸੰਗਾ ॥੨॥ ਧਰਣੀਧਰ ਈਸ ਨਰਸਿੰਘ ਨਾਰਾਇਣ ॥ ਦਾੜਾ ਅਗ੍ਰੇ ਪਿ੍ਰਥਮਿ ਧਰਾਇਣ ॥ ਬਾਵਨ ਰੂਪੁ ਕੀਆ ਤੁਧੁ ਕਰਤੇ! ਸਭ ਹੀ ਸੇਤੀ ਹੈ ਚੰਗਾ ॥੩॥ ਸ੍ਰੀ ਰਾਮਚੰਦ! ਜਿਸੁ ਰੂਪੁ ਨ ਰੇਖਿਆ ॥ ਬਨਵਾਲੀ ਚਕ੍ਰਪਾਣਿ ਦਰਸਿ ਅਨੂਪਿਆ ॥ ਸਹਸ ਨੇਤ੍ਰ ਮੂਰਤਿ ਹੈ ਸਹਸਾ, ਇਕੁ ਦਾਤਾ ਸਭ ਹੈ ਮੰਗਾ ॥੪॥ ਭਗਤਿ ਵਛਲੁ ਅਨਾਥਹ ਨਾਥੇ ॥ ਗੋਪੀ ਨਾਥੁ ਸਗਲ ਹੈ ਸਾਥੇ ॥ ਬਾਸੁਦੇਵ ਨਿਰੰਜਨ ਦਾਤੇ! ਬਰਨਿ ਨ ਸਾਕਉ ਗੁਣ ਅੰਗਾ ॥੫॥ ਮੁਕੰਦ ਮਨੋਹਰ ਲਖਮੀ ਨਾਰਾਇਣ ॥ ਦ੍ਰੋਪਤੀ ਲਜਾ ਨਿਵਾਰਿ ਉਧਾਰਣ ॥ ਕਮਲਾਕੰਤ ਕਰਹਿ ਕੰਤੂਹਲ, ਅਨਦ ਬਿਨੋਦੀ ਨਿਹਸੰਗਾ ॥੬॥ ਅਮੋਘ ਦਰਸਨ ਆਜੂਨੀ ਸੰਭਉ ॥ ਅਕਾਲ ਮੂਰਤਿ! ਜਿਸੁ ਕਦੇ ਨਾਹੀ ਖਉ ॥ ਅਬਿਨਾਸੀ ਅਬਿਗਤ ਅਗੋਚਰ! ਸਭੁ ਕਿਛੁ ਤੁਝ ਹੀ ਹੈ ਲਗਾ ॥੭॥ ਸ੍ਰੀ ਰੰਗ ਬੈਕੁੰਠ ਕੇ ਵਾਸੀ ॥ ਮਛੁ ਕਛੁ ਕੂਰਮੁ ਆਗਿਆ ਅਉਤਰਾਸੀ ॥ ਕੇਸਵ ਚਲਤ ਕਰਹਿ ਨਿਰਾਲੇ, ਕੀਤਾ ਲੋੜਹਿ ਸੋ ਹੋਇਗਾ ॥੮॥ ਨਿਰਾਹਾਰੀ ਨਿਰਵੈਰੁ ਸਮਾਇਆ ॥ ਧਾਰਿ ਖੇਲੁ ਚਤੁਰਭੁਜੁ ਕਹਾਇਆ ॥ ਸਾਵਲ ਸੁੰਦਰ ਰੂਪ ਬਣਾਵਹਿ, ਬੇਣੁ ਸੁਨਤ ਸਭ ਮੋਹੈਗਾ ॥੯॥ ਬਨਮਾਲਾ ਬਿਭੂਖਨ ਕਮਲ ਨੈਨ ॥ ਸੁੰਦਰ ਕੁੰਡਲ ਮੁਕਟ ਬੈਨ ॥ ਸੰਖ ਚਕ੍ਰ ਗਦਾ ਹੈ ਧਾਰੀ, ਮਹਾ ਸਾਰਥੀ ਸਤਸੰਗਾ ॥੧੦॥ ਪੀਤ ਪੀਤੰਬਰ, ਤਿ੍ਰਭਵਣ ਧਣੀ ॥ ਜਗੰਨਾਥੁ ਗੋਪਾਲੁ ਮੁਖਿ ਭਣੀ ॥ ਸਾਰਿੰਗਧਰ ਭਗਵਾਨ ਬੀਠੁਲਾ! ਮੈ ਗਣਤ ਨ ਆਵੈ ਸਰਬੰਗਾ ॥੧੧॥ ਨਿਹਕੰਟਕੁ ਨਿਹਕੇਵਲੁ ਕਹੀਐ ॥ ਧਨੰਜੈ ਜਲਿ ਥਲਿ ਹੈ ਮਹੀਐ ॥ ਮਿਰਤ ਲੋਕ ਪਇਆਲ ਸਮੀਪਤ ! ਅਸਥਿਰ ਥਾਨੁ ਜਿਸੁ ਹੈ ਅਭਗਾ ॥੧੨॥ ਪਤਿਤ ਪਾਵਨ ਦੁਖ ਭੈ ਭੰਜਨੁ ॥ ਅਹੰਕਾਰ ਨਿਵਾਰਣੁ ਹੈ, ਭਵ ਖੰਡਨੁ ॥ ਭਗਤੀ ਤੋਖਿਤ ਦੀਨ ਕਿ੍ਰਪਾਲਾ! ਗੁਣੇ ਨ ਕਿਤ ਹੀ ਹੈ ਭਿਗਾ ॥੧੩॥ ਨਿਰੰਕਾਰੁ ਅਛਲ ਅਡੋਲੋ ॥ ਜੋਤਿ ਸਰੂਪੀ ਸਭੁ ਜਗੁ ਮਉਲੋ ॥ ਸੋ ਮਿਲੈ ਜਿਸੁ ਆਪਿ ਮਿਲਾਏ, ਆਪਹੁ ਕੋਇ ਨ ਪਾਵੈਗਾ ॥੧੪॥ ਆਪੇ ਗੋਪੀ ਆਪੇ ਕਾਨਾ ॥ ਆਪੇ ਗਊ ਚਰਾਵੈ ਬਾਨਾ ॥ ਆਪਿ ਉਪਾਵਹਿ ਆਪਿ ਖਪਾਵਹਿ, ਤੁਧੁ ਲੇਪੁ ਨਹੀ ਇਕੁ ਤਿਲੁ ਰੰਗਾ ॥੧੫॥ ਏਕ ਜੀਹ, ਗੁਣ ਕਵਨ ਬਖਾਨੈ ॥ ਸਹਸ ਫਨੀ ਸੇਖ, ਅੰਤੁ ਨ ਜਾਨੈ ॥ ਨਵਤਨ ਨਾਮ ਜਪੈ ਦਿਨੁ ਰਾਤੀ, ਇਕੁ ਗੁਣੁ ਨਾਹੀ ਪ੍ਰਭ ਕਹਿ ਸੰਗਾ ॥੧੬॥ ਓਟ ਗਹੀ ਜਗਤ ਪਿਤ ਸਰਣਾਇਆ ॥ ਭੈ ਭਇਆਨਕ ਜਮਦੂਤ, ਦੁਤਰ ਹੈ ਮਾਇਆ ॥ ਹੋਹੁ ਕਿ੍ਰਪਾਲ ਇਛਾ ਕਰਿ ਰਾਖਹੁ, ਸਾਧ ਸੰਤਨ ਕੈ ਸੰਗਿ ਸੰਗਾ ॥੧੭॥ ਦਿ੍ਰਸਟਿਮਾਨ ਹੈ, ਸਗਲ ਮਿਥੇਨਾ ॥ ਇਕੁ ਮਾਗਉ ਦਾਨੁ ਗੋਬਿਦ ਸੰਤ ਰੇਨਾ ॥ ਮਸਤਕਿ ਲਾਇ ਪਰਮ ਪਦੁ ਪਾਵਉ, ਜਿਸੁ ਪ੍ਰਾਪਤਿ ਸੋ ਪਾਵੈਗਾ ॥੧੮॥ ਜਿਨ ਕਉ ਕਿ੍ਰਪਾ ਕਰੀ ਸੁਖਦਾਤੇ ॥ ਤਿਨ ਸਾਧੂ ਚਰਣ ਲੈ ਰਿਦੈ ਪਰਾਤੇ ॥ ਸਗਲ ਨਾਮ ਨਿਧਾਨੁ ਤਿਨ ਪਾਇਆ, ਅਨਹਦ ਸਬਦ ਮਨਿ ਵਾਜੰਗਾ ॥੧੯॥ ਕਿਰਤਮ ਨਾਮ, ਕਥੇ ਤੇਰੇ, ਜਿਹਬਾ ॥ ਸਤਿ ਨਾਮੁ ਤੇਰਾ, ਪਰਾ ਪੂਰਬਲਾ ॥ (ਭਾਵ ਹੇ ਪ੍ਰਭੂ ਜੀ! ਸਾਡੀ ਜੀਭ ਤੇਰੇ ਉਹੀ ਨਾਮ ਬਿਆਨ ਕਰ ਸਕਦੀ ਹੈ ਜੋ ਰੋਜ਼ਾਨਾ ਕਿਰਤ ਕਾਰ ਕਰਦਿਆਂ ਸਾਡੇ ਕੰਮ ਵੇਖ ਕੇ ਯਾਦ ਆਉਂਦੇ ਹਨ ਕੇਵਲ ਤੇਰਾ ਸਤਿ ਨਾਮ ਹੀ ਆਕਾਰ ਰਚਨਾ ’ਤੋਂ ਪਹਿਲਾਂ ਦਾ ਹੈ।) ਕਹੁ ਨਾਨਕ! ਭਗਤ ਪਏ ਸਰਣਾਈ, ਦੇਹੁ ਦਰਸੁ ਮਨਿ ਰੰਗੁ ਲਗਾ ॥੨੦॥ ਤੇਰੀ ਗਤਿ ਮਿਤਿ, ਤੂਹੈ ਜਾਣਹਿ ॥ ਤੂ ਆਪੇ ਕਥਹਿ, ਤੈ ਆਪਿ ਵਖਾਣਹਿ ॥ ਨਾਨਕ ਦਾਸੁ ਦਾਸਨ ਕੋ ਕਰੀਅਹੁ, ਹਰਿ ਭਾਵੈ ਦਾਸਾ ਰਾਖੁ ਸੰਗਾ ॥ ਮਾਰੂ ਸੋਲਹੇ (ਮ:੫/ਅੰਗ ੧੦੮੩)
ਇਸ ਸ਼ਬਦ ਦੀ ਭਾਵਨਾ ਸਮਝਣ ’ਤੋਂ ਉਪਰੰਤ ‘ਜਾਪ’ ਰਚਨਾ ਦੀ ਆਰੰਭਕ ਭਾਵਨਾ ਵੀਚਾਰਨ ਯੋਗ ਹੈ ਜੋ ਇਉਂ ਦਰਜ ਹੈ:- ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ॥ ਰੂਪ ਰੰਗ ਅਰੁ ਰੇਖ ਭੇਖ, ਕੋਊ ਕਹਿ ਨ ਸਕਤਿ ਕਿਹ ॥ ਅਚਲ ਮੂਰਤਿ ਅਨਭਵ ਪ੍ਰਕਾਸ, ਅਮਿਤੋਜ ਕਹਿਜੈ ॥ ਕੋਟਿ ਇੰਦ੍ਰ ਇੰਦ੍ਰਾਣਿ, ਸਾਹੁ ਸਾਹਾਣਿ ਗਣਿਜੈ ॥ ਤਿ੍ਰਭਵਣ ਮਹੀਪ, ਸੁਰ ਨਰ ਅਸੁਰ, ਨੇਤਿ ਨੇਤਿ ਬਨ ਤਿ੍ਰਣ ਕਹਤ ॥ ਤ੍ਵ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਣਤ ਸੁਮਤਿ ॥੧॥ ਜਾਪੁ (ਭਾਵ ਹੇ ਪ੍ਰਭੂ ਜੀ! ਬੁਧੀਵਾਨ ਵਿਅਕਤੀ ਤੇਰੇ ਕੇਵਲ ਉਹੀ ਨਾਮ ਬਿਆਨ ਕਰ ਸਕਦੇ ਹਨ ਜੋ ਰੋਜ਼ਾਨਾ ਕਿਰਤ ਕਾਰ ਕਰਦਿਆਂ ਸਾਡੇ ਕੰਮ ਵੇਖ ਕੇ ਯਾਦ ਆਉਂਦੇ ਹਨ। ਫਿਰ ਵੀ ਤੇਰੇ ਸਾਰੇ ਨਾਮ ਕੌਣ ਬਿਆਨ ਕਰ ਸਕਦਾ ਹੈ?) ਹੁਣ ਇੱਥੇ ਦਲਬੀਰ ਸਿੰਘ ਜੀ ਨੂੰ ਉਕਤ ਸ਼ਬਦਾਂ ਦਾ ਪਰਸਪਰ ਸੁਮੇਲ ਵੇਖਣ ਦੀ ਬਜਾਏ ਅਪੱਤੀ ਕੇਵਲ ਸੁਮਤ ਸ਼ਬਦ ਦੀ ਜਗ੍ਹਾ ਸੁਮਤਿ ਸ਼ਬਦ ਹੋਣ ’ਤੇ ਹੈ ਜਦਕਿ ਉਪਰ ਡਾ. ਰਤਨ ਸਿੰਘ ਜੱਗੀ ਜੀ ਨੇ ਇਹ ਸ਼ਬਦ ਸੁਮਤਿ ਹੀ ਲਿਖਿਆ ਹੈ।
ਖ਼ੈਰ, ਇਸ ਸ਼ਬਦ ਦਾ ਸੁਮਤਿ ਰੂਪ ’ਚ ਨਾ ਹੋਣਾ ਦੋ ਸੰਕੇਤ ਦਿੰਦਾ ਹੈ:-
1. ਛਾਪੇ ਖ਼ਾਨੇ ਦੀ ਤਰੁਟੀ, ਜੋ ਕਈ ਸਰੂਪਾਂ ’ਚ ਸੁਮਤਿ ਸ਼ਬਦ ਵੇਖਣ ਨੂੰ ਅੱਜ ਵੀ ਮਿਲਦਾ ਹੈ।
2. ਇਹ ਵੀ ਹੋ ਸਕਦਾ ਹੈ ਕਿ ਗੁਰੂ ਕਾਲ ਦੌਰਾਨ ਵਰਤਿਆ ਜਾਂਦਾ ਸ਼ਬਦ ਮਤਿ ਜਾਂ ਸੁਮਤਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇ ਤੱਕ ਮਤਿ ਜਾਂ ਮਤ ਦੋਵੇਂ ਲਿਖੇ ਜਾਣੇ ਆਰੰਭ ਹੋ ਗਏ ਹੋਣ ਜੋ ਅੱਜ ਤੱਕ ਜਾਰੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਚਨਾ ’ਤੋਂ ਇਸ ਦੀ ਪੁਸ਼ਟੀ ਵੀ ਹੁੰਦੀ ਹੈ ਜਿਵੇਂ ਕਿ :- ਬੇਦ ਪੁਰਾਨ ਸਿਮਿ੍ਰਤਿ ਕੇ ਮਤਸੁਨਿ, ਨਿਮਖ ਨ ਹੀਏ ਬਸਾਵੈ ॥ ਸੋਰਠਿ (ਮ:੯/ਅੰਗ ੬੩੨)
ਵੀਚਾਰਨ ਯੋਗ ਵਿਸ਼ਾ ਇਹ ਹੈ ਕਿ ਇਸ ਛੋਟੇ ਜਿਹੇ ਵਿਸ਼ੇ ਨੂੰ ਆਧਾਰ ਬਣਾ ਕੇ ਇਤਨੇ ਸ਼ਬਦਾਂ ਦੀ ਗੁਰਬਾਣੀ ਨਾਲ ਸਾਂਝ ਰੱਖਣ ਵਾਲੀ ‘ਜਾਪ’ ਰਚਨਾ ਨੂੰ ਆਪ ਸ. ਦਲਬੀਰ ਸਿੰਘ ਜੀ ਵਾਂਗ ਅਖੌਤੀ ਵੀ ਕਹਿ ਸਕਦੇ ਹੋ ?
ਗਿਆਨੀ ਅਵਤਾਰ ਸਿੰਘ, ਸੰਪਾਦਕ ‘ਮਿਸ਼ਨਰੀ ਸੇਧਾਂ’ ਜਲੰਧਰ 98140-35202 (9-6-14)