ਕੀ ਸੋਨੇ ਦੀਆਂ ਵਸਤਾਂ ਭੇਟ ਕਰਨ ਨਾਲ ਕੌਮ ਦਾ ਭਲਾ ਹੈ ?
ਸੋਨਾ ਭੇਟ ਕਰਨ ਨਾਲ ਗੁਰੂ ਦੀਆਂ ਖ਼ੁਸ਼ੀਆਂ ਵੱਧ ਮਿਲਦੀਆਂ ਹਨ ਜਾਂ ਘੱਟ, ਇਸ ’ਤੇ ਵੀਚਾਰ ਕਰਨ ਤੋਂ ਪਹਿਲਾਂ ਆਓ ਗੁਰੂ ਗ੍ਰੰਥ ਸਾਹਿਬ ਜੀ ’ਚ ਸੋਨੇ ਬਾਰੇ ਦਰਜ ਗੁਰੂ ਸਾਹਿਬ ਜੀ ਦੇ ਵੀਚਾਰਾਂ ਨੂੰ ਸਮਝਣ ਦਾ ਯਤਨ ਕਰੀਏ।
ਗੁਰੂ ਗ੍ਰੰਥ ਸਾਹਿਬ ਜੀ ’ਚ ਸੋਇਨਾ 18 ਵਾਰ, ਸੋਇਨੇ 8 ਵਾਰ, ਸੋਇਨ 5 ਵਾਰ, ਸੋਇੰਨ 1 ਵਾਰ, ਸੋੁਇਨ 2 ਵਾਰ ਕੁੱਲ 34 ਵਾਰ ਅਤੇ ਸੋਨੇ ਦੇ ਅਰਥਾਂ ’ਚ ਸ਼ਬਦ ਕੰਚਨ ਵਿਆਕਰਨਿਕ ਨਿਯਮਾਂ ਮੁਤਾਬਕ ਵੱਖ ਵੱਖ ਰੂਪਾਂ ’ਚ 79 ਵਾਰੀ ਵਰਤਿਆ ਗਿਆ ਹੈ, ਜਿਨ੍ਹਾਂ ’ਚੋਂ ‘ਕੰਚਨੁ’ ਸ਼ਬਦ 39 ਵਾਰ, ‘ਕੰਚਨ’ 38 ਵਾਰ ਤੇ ‘ਕੰਚਨਾ’ 2 ਵਾਰ ਆਉਂਦਾ ਹੈ। ਇਨ੍ਹਾਂ ’ਚੋਂ ਕੁਝ ਉਦਾਹਰਨਾਂ ਹੇਠਾਂ ਦਿੱਤੀ ਜਾ ਰਹੀਆਂ ਹਨ :
ਜਿਸ ਮਨੁੱਖਾ ਸਰੀਰ ਨੂੰ ਸੋਨਾ ਚਾਂਦੀ (ਇਕੱਠਾ ਕਰਨ) ਦਾ ਚਸਕਾ, ਇਸਤ੍ਰੀ (ਭਾਵ ਕਾਮ) ਦਾ ਚਸਕਾ, ਸੁਗੰਧੀਆਂ ਦੀ ਲਗਨ, ਘੋੜਿਆਂ (ਦੀ ਸਵਾਰੀ) ਦਾ ਸ਼ੌਂਕ, (ਨਰਮ ਨਰਮ) ਸੇਜਾਂ ਅਤੇ (ਸੋਹਣੇ) ਮਹਲ-ਮਾੜੀਆਂ ਦੀ ਲਾਲਸਾ, (ਸੁਆਦਲੇ) ਮਿੱਠੇ ਪਦਾਰਥ ਤੇ ਮਾਸ (ਖਾਣ) ਦਾ ਚਸਕਾ ਆਦਿਕ ਇੰਨੇ ਚਸਕੇ ਲੱਗੇ ਹੋਏ ਹੋਣ ਤਾਂ ਪਰਮਾਤਮਾ ਦੇ ਨਾਮ ਦਾ ਟਿਕਾਣਾ ਕਿਸ ਹਿਰਦੇ ਵਿੱਚ ਹੋ ਸਕਦਾ ਹੈ ? ‘‘ਰਸੁ ਸੁਇਨਾ, ਰਸੁ ਰੁਪਾ ਕਾਮਣਿ; ਰਸੁ ਪਰਮਲ ਕੀ ਵਾਸੁ ॥ ਰਸੁ ਘੋੜੇ, ਰਸੁ ਸੇਜਾ ਮੰਦਰ; ਰਸੁ ਮੀਠਾ, ਰਸੁ ਮਾਸੁ ॥ ਏਤੇ ਰਸ ਸਰੀਰ ਕੇ; ਕੈ ਘਟਿ ਨਾਮ ਨਿਵਾਸੁ ॥2॥’’ (ਮਹਲਾ ੧/੧੫)
ਗੁਰੂ ਗ੍ਰੰਥ ਸਾਹਬਿ ਜੀ ਦੇ ਪਾਵਨ ਅੰਕ 328 ’ਤੇ ਭਗਤ ਕਬੀਰ ਸਾਹਬਿ ਜੀ ਨੇ ਬਹੁਤ ਹੀ ਸਪਸ਼ਟ ਸ਼ਬਦਾਂ ਚ ਸਮਝਾਇਆ ਹੈ ਕਿ ਪ੍ਰੀਤ ਤੋਂ ਬਿਨਾ (ਪ੍ਰਭੂ-ਪਤੀ ਨਾਲ) ਪਿਆਰ ਨਹੀਂ ਬਣ ਸਕਦਾ ਅਤੇ ਜਦ ਤਾਈਂ (ਮਨ ’ਚ) ਮਾਇਆ ਦਾ ਚਸਕਾ ਹੈ, ਤਦ ਤਾਈਂ (ਪਤੀ ਪਰਮਾਤਮਾ ਨਾਲ) ਪਿਆਰ ਨਹੀਂ ਹੋ ਸਕਦਾ ‘‘ਪ੍ਰੀਤਿ ਬਿਨਾ ਕੈਸੇ ਬਧੈ ਸਨੇਹੁ ? ॥ ਜਬ ਲਗੁ ਰਸੁ, ਤਬ ਲਗੁ ਨਹੀ ਨੇਹੁ ॥1॥ ਰਹਾਉ ॥’’ (ਗਉੜੀ ਭਗਤ ਕਬੀਰ ਜੀ/੩੨੮) ਉਪਰੋਕਤ ਸ਼ਬਦ ਵਿਚ ਵਰਣਨ ਕੀਤੇ ਵੱਖ ਵੱਖ ਰਸਾਂ ’ਚੋਂ ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲੇ ਨੰਬਰ ਦਾ ਰਸ ਸੋਨਾ ਲਿਖਿਆ ਹੈ। ਇਸ ਦਾ ਭਾਵ ਹੈ ਕਿ ਗੁਰੂ ਮਹਾਰਜ ਜੀ ਦੇ ਸਥਾਨਾਂ ’ਤੇ ਸੋਨੇ ਦੀਆਂ ਵਸਤਾਂ ਭੇਟ ਕਰਨ ਨਾਲ, ਨਾ ਹੀ ਗੁਰੂ ਦੀ ਪ੍ਰਸੰਨਤਾ ਹਾਸਲ ਹੋ ਸਕਦੀ ਅਤੇ ਨਾ ਹੀ ਪ੍ਰਭੂ ਨਾਲ ਪ੍ਰੀਤ ਬਣ ਸਕਦੀ ਹੈ। ਸੋਨੇ ਦੀਆਂ ਵਸਤਾਂ ਭੇਟ ਕਰਨ ਲਈ ਸੰਗਤਾਂ ਨੂੰ ਉਕਸਾਉਣ ਅਤੇ ਭੇਟਾ ਕਰਨ ਵਾਲੀਆਂ ਸੰਗਤਾਂ ਦੋਵੇਂ ਹੀ ਹਉਮੈ ਦਾ ਸ਼ਿਕਾਰ ਜ਼ਰੂਰ ਹੁੰਦੀਆ ਹਨ। ਇਸ ਤੋਂ ਅੱਗੇ ਗੁਰਬਾਣੀ ’ਚੋਂ ਬਹੁਤ ਸਾਰੇ ਸ਼ਬਦਾਂ ਦੀਆਂ ਉਦਾਹਰਨਾਂ ਦਿੱਤੀਆਂ ਜਾ ਰਹੀਆਂ ਹਨ ਜੋ ਦਰਸਾਉਂਦੀਆਂ ਹਨ ਕਿ ਸੋਨੇ ਚਾਂਦੀ ਦੀਆਂ ਵਸਤਾਂ ਨਾਲ ਗੁਰੂ ਦੀ ਪ੍ਰਸੰਨਤਾ ਹਾਸਲ ਨਹੀਂ ਕੀਤੀ ਜਾ ਸਕਦੀ।
(ਹੇ ਮੂਰਖ !) ਤੂੰ ਖਾਣ, ਹੰਢਾਉਣ ਵਿਚ ਮਸਤ ਹੋ ਰਿਹਾ ਹੈਂ, ਤੂੰ ਸੋਨਾ, ਚਾਂਦੀ, ਧਰਤੀ ਇਕੱਠੀ ਕਰ ਰਿਹਾ ਹੈਂ। ਤੂੰ ਕਈ ਕਿਸਮਾਂ ਦੇ ਵਧੀਆ ਘੋੜੇ, ਵਧੀਆ ਹਾਥੀ ਤੇ ਕਦੇ ਨਾ ਥੱਕਣ ਵਾਲੇ ਰਥ ਇਕੱਠੇ ਕਰ ਲਏ ਹਨ। (ਮਾਇਆ ਦੀ ਮਸਤੀ ਵਿਚ) ਤੂੰ ਆਪਣੇ ਸਾਕ ਸੰਬੰਧੀਆਂ ਨੂੰ (ਭੀ) ਭੁਲਾ ਬੈਠਾ ਹੈਂ, ਕਿਸੇ ਨੂੰ ਭੀ ਯਾਦ ’ਚ ਨਹੀਂ ਲਿਆਉਂਦਾ। ਪਰਮਾਤਮਾ ਦੇ ਨਾਮ ਤੋਂ ਬਿਨਾਂ ਤੂੰ (ਆਤਮਕ ਜੀਵਨ ਪੱਖੋਂ) ਗੰਦਾ ਹੈਂ, ਸਿਰਜਨਹਾਰ ਪ੍ਰਭੂ ਨੇ (ਤੈਨੂੰ) ਆਪਣੇ ਮਨੋਂ ਲਾਹ ਦਿੱਤਾ ਹੈ ‘‘ਕਪੜਿ ਭੋਗਿ ਲਪਟਾਇਆ; ਸੁਇਨਾ ਰੁਪਾ ਖਾਕੁ ॥ ਹੈਵਰ ਗੈਵਰ ਬਹੁ ਰੰਗੇ; ਕੀਏ ਰਥ ਅਥਾਕ ॥ ਕਿਸ ਹੀ ਚਿਤਿ ਨ ਪਾਵਹੀ; ਬਿਸਰਿਆ ਸਭ ਸਾਕ ॥ ਸਿਰਜਣਹਾਰਿ ਭੁਲਾਇਆ; ਵਿਣੁ ਨਾਵੈ ਨਾਪਾਕ ॥’’ (ਮਹਲਾ ੫/੪੨)
ਗੁਰੂ ਨਾਨਕ ਸਾਹਿਬ ਜੀ ਆਪਣੀ ਉਦਾਹਰਣ ਦੇ ਕੇ ਸਾਨੂੰ ਉਪਦੇਸ਼ ਕਰਦੇ ਹਨ ਕਿ ਮੈਂ (ਚਾਹੇ) ਸੋਨੇ ਦੇ (ਸੁਮੇਰ) ਪਰਬਤ ਉੱਤੇ ਗੁਫ਼ਾ ਬਣਾ ਲਵਾਂ, ਭਾਵੇਂ ਹੇਠਾਂ ਪਾਣੀ ਵਿਚ (ਜਾ ਕੇ ਬੈਠਾ ਰਹਾਂ); ਚਾਹੇ ਧਰਤੀ ਵਿਚ ਰਹਾਂ, ਚਾਹੇ ਆਕਾਸ਼ ਵਿਚ ਪੁੱਠਾ ਸਿਰ ਭਾਰ ਖਲੋਤਾ ਰਹਾਂ, ਭਾਵੇਂ ਸਰੀਰ ਨੂੰ ਪੂਰਨ ਤੌਰ ’ਤੇ ਕੱਪੜਾ ਪਹਿਨਾ ਲਵਾਂ (ਭਾਵ ਕਾਪੜੀਆਂ ਵਾਂਗ ਸਰੀਰ ਨੂੰ ਮੁਕੰਮਲ ਤੌਰ ’ਤੇ ਕੱਪੜਿਆਂ ਨਾਲ ਢੱਕ ਲਵਾਂ) ਚਾਹੇ ਸਰੀਰ ਨੂੰ ਸਦਾ ਹੀ ਧੋਂਦਾ ਰਹਾਂ, ਭਾਵੇਂ ਮੈਂ ਚਿੱਟੇ ਲਾਲ ਪੀਲੇ ਜਾਂ ਕਾਲੇ ਕੱੱਪੜੇ ਪਾ ਕੇ (ਚਾਰ) ਵੇਦਾਂ ਦਾ ਉਚਾਰਨ ਕਰਾਂ, ਚਾਹੇ (ਸਰੇਵੜਿਆਂ ਵਾਂਗ) ਗੰਦਾ ਤੇ ਮੈਲਾ ਰਹਾਂ-ਇਹ ਸਾਰੇ ਭੈੜੀ ਮਤ ਦੇ ਮੰਦੇ ਕਰਮ ਹੀ ਹਨ। ਹੇ ਨਾਨਕ ! (ਮੈਂ ਤਾਂ ਇਹ ਚਾਹੁੰਦਾ ਹਾਂ ਕਿ ਸਤਿਗੁਰੂ ਦੇ) ਸ਼ਬਦ ਨੂੰ ਵਿਚਾਰ ਕੇ (ਮੇਰੀ) ਹਉਮੈ ਨਾ ਰਹੇ ‘‘ਸੁਇਨੇ ਕੈ ਪਰਬਤਿ ਗੁਫਾ ਕਰੀ; ਕੈ ਪਾਣੀ ਪਇਆਲਿ ॥ ਕੈ ਵਿਚਿ ਧਰਤੀ, ਕੈ ਆਕਾਸੀ; ਉਰਧਿ ਰਹਾ ਸਿਰਿ ਭਾਰਿ ॥ ਪੁਰੁ ਕਰਿ ਕਾਇਆ ਕਪੜੁ ਪਹਿਰਾ; ਧੋਵਾ ਸਦਾ ਕਾਰਿ ॥ ਬਗਾ, ਰਤਾ, ਪੀਅਲਾ, ਕਾਲਾ; ਬੇਦਾ ਕਰੀ ਪੁਕਾਰ ॥ ਹੋਇ ਕੁਚੀਲੁ, ਰਹਾ ਮਲੁ ਧਾਰੀ; ਦੁਰਮਤਿ ਮਤਿ ਵਿਕਾਰ ॥ ਨਾ ਹਉ, ਨਾ ਮੈ, ਨਾ ਹਉ ਹੋਵਾ; ਨਾਨਕ ! ਸਬਦੁ ਵੀਚਾਰਿ ॥’’ (ਮਹਲਾ ੧/੧੩੯)
ਜੇ ਸਾਰੀਆਂ ਨਦੀਆਂ (ਮੇਰੇ ਵਾਸਤੇ ਦੁੱਧ ਦੇਣ ਵਾਲੀਆਂ) ਗਾਈਆਂ ਬਣ ਜਾਣ (ਪਾਣੀ ਦੇ) ਚਸ਼ਮੇ ਦੁੱਧ ਤੇ ਘਿਉ ਬਣ ਜਾਣ, ਸਾਰੀ ਜ਼ਮੀਨ ਸ਼ੱਕਰ ਬਣ ਜਾਏ, (ਇਹਨਾਂ ਪਦਾਰਥਾਂ ਨੂੰ ਵੇਖ ਕੇ) ਮੇਰੀ ਜਿੰਦ ਨਿੱਤ ਖ਼ੁਸ਼ ਹੋਵੇ, ਜੇ ਹੀਰੇ ਤੇ ਲਾਲਾਂ ਨਾਲ ਜੜਿਆ ਹੋਇਆ ਸੋਨੇ ਤੇ ਚਾਂਦੀ ਦਾ ਪਹਾੜ ਬਣ ਜਾਏ, ਤਾਂ ਭੀ (ਹੇ ਪ੍ਰਭੂ ! ਮੈਂ ਇਹਨਾਂ ਪਦਾਰਥਾਂ ਵਿਚ ਨਾ ਫਸਾਂ ਤੇ) ਤੇਰੀ ਹੀ ਸਿਫ਼ਤ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਮੁੱਕ ਨਾ ਜਾਏ ‘‘ਨਦੀਆ ਹੋਵਹਿ ਧੇਣਵਾ; ਸੁੰਮ ਹੋਵਹਿ ਦੁਧੁ ਘੀਉ ॥ ਸਗਲੀ ਧਰਤੀ ਸਕਰ ਹੋਵੈ; ਖੁਸੀ ਕਰੇ ਨਿਤ ਜੀਉ ॥ ਪਰਬਤੁ ਸੁਇਨਾ ਰੁਪਾ ਹੋਵੈ; ਹੀਰੇ ਲਾਲ ਜੜਾਉ ॥ ਭੀ ਤੂੰਹੈ ਸਾਲਾਹਣਾ; ਆਖਣ ਲਹੈ ਨ ਚਾਉ ॥’’ (ਮਹਲਾ ੧/੧੪੨)
ਜੇ ਸੋਹਣੀ ਸੇਜ ਮਿਲੀ ਹੋਵੇ, ਅਨੇਕਾਂ ਸੁਖ ਹੋਣ, ਸਭ ਕਿਸਮ ਦੇ ਸੁਆਦਲੇ ਭੋਗ ਭੋਗਣ ਨੂੰ ਹੋਣ। ਜੇ ਮੋਤੀ ਹੀਰਿਆਂ ਨਾਲ ਜੜੇ ਹੋਏ ਸੋਨੇ ਦੇ ਘਰ ਹੋਣ, ਜਿਨ੍ਹਾਂ ਵਿਚ ਚੰਦਨ ਦੀ ਸੁਗੰਧੀ ਹੋਵੇ। ਜੇ ਮਨੁੱਖ ਮਨ-ਮੰਨੀਆਂ ਮੌਜਾਂ ਮਾਣਦਾ ਹੋਵੇ ਤੇ ਕੋਈ ਚਿੰਤਾ ਝੋਰਾ ਨਾ ਹੋਵੇ, (ਪਰ ਇਹ ਸਭ ਕੁਝ ਹੁੰਦਿਆਂ) ਜੇ (ਇਹ ਦਾਤਾਂ ਦੇਣ ਵਾਲਾ) ਉਹ ਪ੍ਰਭੂ ਮਨ ’ਚ ਯਾਦ ਨਹੀਂ ਹੈ ਤਾਂ (ਇਹ ਭੋਗ ਭੋਗਣ ਵਾਲਿਆਂ ਨੂੰ) ਗੰਦ ਦੇ ਕੀੜੇ ਜਾਣੋ, (ਕਿਉਂਕਿ) ਪ੍ਰਭੂ ਦੇ ਨਾਮ ਤੋਂ ਬਿਨਾਂ ਸ਼ਾਂਤੀ ਨਹੀਂ ਮਿਲਦੀ, ਹੋਰ ਕਿਸੇ ਤਰ੍ਹਾਂ ਭੀ ਮਨ ਧੀਰਜ ਨਹੀਂ ਫੜਦਾ ‘‘ਸੁੰਦਰ ਸੇਜ, ਅਨੇਕ ਸੁਖ, ਰਸ ਭੋਗਣ ਪੂਰੇ ॥ ਗ੍ਰਿਹ ਸੋਇਨ, ਚੰਦਨ ਸੁਗੰਧ, ਲਾਇ ਮੋਤੀ ਹੀਰੇ ॥ ਮਨ ਇਛੇ ਸੁਖ ਮਾਣਦਾ; ਕਿਛੁ ਨਾਹਿ ਵਿਸੂਰੇ ॥ ਸੋ ਪ੍ਰਭੁ ਚਿਤਿ ਨ ਆਵਈ; ਵਿਸਟਾ ਕੇ ਕੀਰੇ ॥ ਬਿਨੁ ਹਰਿ ਨਾਮ, ਨ ਸਾਂਤਿ ਹੋਇ; ਕਿਤੁ ਬਿਧਿ ਮਨੁ ਧੀਰੇ ॥’’ (ਮਹਲਾ ੫/੭੦੭)
(ਜੇਠ ਹਾੜ ਦੀਆਂ ਲੋਆਂ ਪਿੱਛੋਂ ਵਰਖਾ ਰੁੱਤੇ) ਟੋਏ-ਟਿੱਬੇ (ਮੀਂਹ ਦੇ) ਪਾਣੀ ਨਾਲ ਭਰੇ ਹੋਏ ਹੋਣ, ਠੰਢੀਆਂ ਹਵਾਵਾਂ ਵਗਦੀਆਂ ਹੋਣ, ਸੋਨੇ ਦਾ ਪਲੰਘ ਹੋਵੇ, ਜਿਸ ਵਿਚ ਹੀਰੇ ਲਾਲ ਜੜੇ ਹੋਏ ਹੋਣ, ਸਗਨਾਂ ਦੇ ਸਾਲੂ ਪਹਿਨਣ ਨੂੰ ਹੋਣ, (ਪਰ ਜੇ ਇਸਤ੍ਰੀ ਨੂੰ ਆਪਣੇ) ਪਤੀ ਤੋਂ ਵਿਛੋੜਾ ਹੈ ਤਾਂ (ਇਹ ਸਾਰੇ ਸੁਹਾਵਣੇ ਪਦਾਰਥ ਹਿਰਦੇ ਨੂੰ ਸੁਖ ਪਹੁੰਚਾਣ ਦੇ ਥਾਂ) ਸੜਨ ਪੈਦਾ ਕਰਦੇ ਹਨ ‘‘ਜਲ ਥਲ ਨੀਰਿ ਭਰੇ; ਸੀਤਲ ਪਵਣ ਝੁਲਾਰਦੇ ॥ ਸੇਜੜੀਆ ਸੋਇੰਨ ਹੀਰੇ ਲਾਲ ਜੜੰਦੀਆ ॥ ਸੁਭਰ ਕਪੜ ਭੋਗ; ਨਾਨਕ ! ਪਿਰੀ ਵਿਹੂਣੀ ਤਤੀਆ ॥’’ (ਮਹਲਾ ੫/੧੧੦੨)
ਰਾਵਣ ਵਰਗੇ ਵੱਡੇ ਬਲੀ ਰਾਜੇ ਦੀ ਲੰਕਾ ਸਾਰੀ ਦੀ ਸਾਰੀ ਸੋਨੇ ਦੀ ਸੀ, (ਉਸ ਦੇ ਮਹਿਲਾਂ ਦੇ) ਦਰਵਾਜ਼ੇ ’ਤੇ ਹਾਥੀ ਬੱਝੇ ਖਲੋਤੇ ਸਨ, ਪਰ ਆਖ਼ਰ ਕੀ ਬਣਿਆ ? ਇਕ ਪਲ ਵਿਚ ਸਭ ਕੁਝ ਪਰਾਇਆ ਹੋ ਗਿਆ ‘‘ਸਰਬ ਸੁੋਇਨ ਕੀ ਲੰਕਾ ਹੋਤੀ; ਰਾਵਨ ਸੇ ਅਧਿਕਾਈ ॥ ਕਹਾ ਭਇਓ ਦਰਿ ਬਾਂਧੇ ਹਾਥੀ; ਖਿਨ ਮਹਿ ਭਈ ਪਰਾਈ ॥’’ (ਭਗਤ ਨਾਮਦੇਵ/੬੯੩)
(ਕਿਸੇ ਦਰਿਆ ਤੋਂ) ਜੁਆਨਾਂ ਨੂੰ ਪਾਰ ਲੰਘਦਿਆਂ ਵੇਖ ਕੇ (ਕਮਜ਼ੋਰ) ਇਸਤ੍ਰੀ ਦਾ ਮਨ ਭੀ (ਹੌਸਲਾ ਫੜ ਲੈਂਦਾ ਹੈ (ਤੇ ਲੰਘਣ ਦਾ ਹੀਆ ਕਰਦੀ ਹੈ; ਇਸੇ ਤਰ੍ਹਾਂ ਸੰਤ ਜਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਦਿਆਂ ਵੇਖ ਕੇ ਕਮਜ਼ੋਰ-ਦਿਲ ਮਨੁੱਖ ਨੂੰ ਭੀ ਹੌਸਲਾ ਪੈ ਜਾਂਦਾ ਹੈ, ਤਾਂ ਤੇ ਹੇ ਮਨ ! ਤੂੰ ਸੰਤ ਜਨਾਂ ਦੀ ਸੰਗਤ ਕਰ ! ਵੇਖ) ਜੋ ਮਨੁੱਖ ਨਿਰੇ ਸੋਨੇ ਵਾਲੇ ਪਾਸੇ (ਭਾਵ ਮਾਇਆ ਜੋੜਨ ਵੱਲ ਲੱਗ) ਪੈਂਦੇ ਹਨ ਉਹ ਆਰੇ ਨਾਲ ਚੀਰੇ ਜਾਂਦੇ ਹਨ (ਭਾਵ ਦੁੱਖੀ ਜੀਵਨ ਬਿਤੀਤ ਕਰਦੇ ਹਨ) ‘‘ਛੈਲ ਲੰਘੰਦੇ ਪਾਰਿ; ਗੋਰੀ (ਗੋਰੀਂ/ਇਸਤਰੀਆਂ ਦਾ) ਮਨੁ ਧੀਰਿਆ ॥ ਕੰਚਨ ਵੰਨੇ (ਸੋਨੇ ਵਾਲੇ) ਪਾਸੇ ਕਲਵਤਿ (ਆਰੇ ਨਾਲ) ਚੀਰਿਆ ॥’’ (ਬਾਬਾ ਫਰੀਦ ਜੀ/488)
ਜੇ ਮੈਂ ਸੋਨੇ ਦੇ ਕਿਲ੍ਹੇ ਦਾਨ ਕਰਾਂ, ਬਹੁਤ ਸਾਰੇ ਘੋੜੇ ਤੇ ਹਾਥੀ ਦਾਨ ਕਰਾਂ, ਜ਼ਮੀਨ ਦਾਨ ਕਰਾਂ, ਬਹੁਤ ਸਾਰੀਆਂ ਗਾਈਆਂ ਦਾਨ ਕਰਾਂ, ਫਿਰ ਭੀ (ਸਗੋਂ ਇਸ ਦਾਨ ਦਾ ਹੀ) ਮਨ ਵਿਚ ਅਹੰਕਾਰ ਮਾਣ ਬਣ ਜਾਂਦਾ ਹੈ। ਜਿਸ ਮਨੁੱਖ ਨੂੰ ਸਤਿਗੁਰੂ ਨੇ ਸਦਾ-ਥਿਰ ਪ੍ਰਭੂ (ਦਾ ਨਾਮ ਜਪਣ ਦੀ) ਬਖ਼ਸ਼ਸ਼ ਕੀਤੀ ਹੈ, ਉਸ ਦਾ ਮਨ ਪਰਮਾਤਮਾ ਦੇ ਨਾਮ ਵਿਚ ਪਰੋਇਆ ਰਹਿੰਦਾ ਹੈ (ਤੇ ਇਹੀ ਹੈ ਸੱਚੀ ਕਰਣੀ) ‘‘ਕੰਚਨ ਕੇ ਕੋਟ ਦਤੁ ਕਰੀ, ਬਹੁ ਹੈਵਰ ਗੈਵਰ ਦਾਨੁ ॥ ਭੂਮਿ ਦਾਨੁ ਗਊਆ ਘਣੀ; ਭੀ ਅੰਤਰਿ ਗਰਬੁ ਗੁਮਾਨੁ ॥ ਰਾਮ ਨਾਮਿ ਮਨੁ ਬੇਧਿਆ; ਗੁਰਿ ਦੀਆ ਸਚੁ ਦਾਨੁ ॥’’ (ਮਹਲਾ ੧/੬੨)
ਮੇਰੀ ਜਿੰਦ ਸੋਨੇ (ਦੇ ਮੋਹ) ਵਿੱਚ, ਇਸਤ੍ਰੀ (ਦੇ ਮੋਹ) ਵਿੱਚ ਫਸੀ ਹੋਈ ਹੈ, ਮਾਇਆ ਦਾ ਮੋਹ ਮੈਨੂੰ ਮਿੱਠਾ ਲੱਗ ਰਿਹਾ ਹੈ। ਘਰ, ਪੱਕੇ ਮਹਿਲ ਘੋੜੇ (ਵੇਖ ਵੇਖ ਕੇ) ਮੈਨੂੰ ਚਾਉ ਚੜ੍ਹਦਾ ਹੈ, ਮੇਰਾ ਮਨ ਹੋਰ ਹੋਰ (ਪਦਾਰਥਾਂ ਦੇ) ਰਸ ਵਿੱਚ ਲੱਗਾ ਹੋਇਆ ਹੈ। ਹੇ ਮੇਰੇ ਹਰੀ ! ਹੇ ਮੇਰੇ ਰਾਜਨ ! ਤੂੰ ਕਦੇ ਮੇਰੇ ਚਿੱਤ ਵਿੱਚ ਨਹੀਂ ਆਉਂਦਾ। ਮੈਂ (ਇਨ੍ਹਾਂ ਰਸਾਂ ਦੇ ਮੋਹ ਵਿੱਚੋਂ) ਕਿਵੇਂ ਨਿਕਲਾਂ ? ‘‘ਕੰਚਨ ਨਾਰੀ ਮਹਿ ਜੀਉ ਲੁਭਤੁ ਹੈ; ਮੋਹੁ ਮੀਠਾ ਮਾਇਆ ॥ ਘਰ ਮੰਦਰ ਘੋੜੇ ਖੁਸੀ; ਮਨੁ ਅਨ ਰਸਿ ਲਾਇਆ ॥ ਹਰਿ ਪ੍ਰਭੁ ਚਿਤਿ (’ਚ) ਨ ਆਵਈ; ਕਿਉ ਛੂਟਾ ? ਮੇਰੇ ਹਰਿ ਰਾਇਆ ॥’’ (ਮਹਲਾ ੪/੧੬੭), ਪਰ ਸਰੀਰ ਤਦੋਂ ਸੋਨੇ ਵਾਂਗ ਪਵਿਤ੍ਰ ਹੋ ਜਾਂਦਾ ਹੈ, ਜਦੋਂ ਗੁਰੂ; ਮਨੁੱਖ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਜੋੜ ਦੇਂਦਾ ਹੈ ‘‘ਕਾਂਇਆ ਕੰਚਨੁ ਤਾਂ ਥੀਐ; ਜਾ ਸਤਿਗੁਰੁ ਲਏ ਮਿਲਾਏ ॥’’ (ਮਹਲਾ ੩/੫੮੫)
ਹੇ ਭਾਈ ! ਜੇਹੜਾ ਮਨੁੱਖ ਦੁੱਖਾਂ ’ਚ ਘਬਰਾਂਦਾ ਨਹੀਂ, ਜਿਸ ਦੇ ਹਿਰਦੇ ’ਚ ਸੁੱਖਾਂ ਨਾਲ ਮੋਹ ਨਹੀਂ ਅਤੇ (ਕਿਸੇ ਕਿਸਮ ਦਾ) ਡਰ ਨਹੀਂ, ਸੋਨੇ ਨੂੰ ਮਿੱਟੀ (ਸਮਾਨ) ਸਮਝਦਾ ਹੈ (ਉਸ ਦੇ ਅੰਦਰ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ) ॥੧॥ ਰਹਾਉ ॥ ਜਿਸ ਦੇ ਅੰਦਰ ਕਿਸੇ ਦੀ ਚੁਗ਼ਲੀ-ਬੁਰਾਈ ਨਹੀਂ, ਕਿਸੇ ਦੀ ਖ਼ੁਸ਼ਾਮਦ ਨਹੀਂ, ਜਿਸ ਦੇ ਅੰਦਰ ਨਾ ਲੋਭ ਹੈ, ਨਾ ਮੋਹ, ਨਾ ਅਹੰਕਾਰ; ਖ਼ੁਸ਼ੀ ਤੇ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ, ਜਿਸ ਨੂੰ ਨਾ ਕੋਈ ਸਤਿਕਾਰ ਪਸੰਦ ਹੈ, ਨਾ ਨਿਰਾਦਰ (ਉਸ ਅੰਦਰ ਪਰਮਾਤਮਾ ਦਾ ਨਿਵਾਸ ਹੈ) ॥੧॥ ਜੋ ਆਸਾ ਉਮੀਦਾਂ ਸਭ ਤਿਆਗ ਦੇਂਦਾ ਹੈ, ਜਗਤ ਤੋਂ ਨਿਰਮੋਹ ਰਹਿੰਦਾ ਹੈ, ਨਾ ਕਾਮ-ਵਾਸਨਾ ਪੋਹਦੀ ਹੈ, ਨਹ ਕ੍ਰੋਧ, ਉਸ ਅੰਦਰ ਰੱਬ ਦਾ ਨਿਵਾਸ ਹੈ ॥2॥ ‘‘ਜੋ ਨਰੁ, ਦੁਖ ਮੈ ਦੁਖੁ ਨਹੀ ਮਾਨੈ ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ; ਕੰਚਨ ਮਾਟੀ ਮਾਨੈ ॥੧॥ ਰਹਾਉ ॥ ਨਹ ਨਿੰਦਿਆ, ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ॥ ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥੧॥ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥ ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ ॥੨॥’’ (ਮਹਲਾ ੯/੬੩੩)
ਗੁਰੂ ਸਾਹਿਬ ਜੀ ਦੇ ਐਸੇ ਅਨੇਕਾਂ ਸ਼ਬਦਾਂ ਨੂੰ ਵਾਚੀਏ ਤਾਂ ਸਿੱਟਾ ਇਹੀ ਨਿਕਲਦਾ ਹੈ ਕਿ ਗੁਰੂ ਸਾਹਿਬ ਜੀ ਨੇ ਸੋਨੇ ਨੂੰ ਰਸ ਮੰਨਿਆ ਹੈ, ਜੋ ਜੀਵਾਤਮਾ ਦੇ ਪ੍ਰਮਾਤਮਾ ਨਾਲ ਸੰਬੰਧ ਨਹੀਂ ਸਗੋਂ ਦੂਰੀ ਬਣਾਉਂਦਾ ਹੈ। ਸੋਨੇ ਦੀਆਂ ਵਸਤਾਂ ਗੁਰੂ ਨੂੰ ਭੇਟ ਕਰਨ ਨਾਲ, ਨਾ ਗੁਰੂ ਤੇ ਨਾ ਅਕਾਲ ਪੁਰਖ ਖ਼ੁਸ਼ ਹੁੰਦੇ ਹਨ, ਇਉਂ ਉਨ੍ਹਾਂ ਨਾਲ਼ ਨੇੜਤਾ ਨਹੀਂ ਬਣਦੀ। ਕਬੀਰ ਸਾਹਿਬ ਜੀ ਨੇ ਬਹੁਤ ਹੀ ਸਪਸ਼ਟ ਸ਼ਬਦਾਂ ’ਚ ਵਰਣਨ ਕੀਤਾ ਹੈ ਕਿ ਸੋਨਾ ਸਾਵਾਂ ਤੋਲ ਕੇ ਵੀ ਬਦਲੇ ’ਚ ਰੱਬ ਨਹੀਂ ਮਿਲਦਾ, ਇਸ ਲਈ ਮੈਂ ਤਾਂ ਮਨ ਹੀ ਅਰਪਣ ਕਰ ਉਸ ਨੂੰ ਮੁੱਲ ਖਰੀਦਿਆ ਹੈ ‘‘ਕੰਚਨ ਸਿਉ ਪਾਈਐ ਨਹੀ ਤੋਲਿ ॥ ਮਨੁ ਦੇ, ਰਾਮੁ ਲੀਆ ਹੈ ਮੋਲਿ ॥੧॥’’ (ਭਗਤ ਕਬੀਰ ਜੀ/੩੨੭)
ਗੁਰੂ ਸਾਹਿਬ ਜੀ ਦਾ ਉਪਦੇਸ਼ ਹੈ ਕਿ ਜੇ ਕੋਈ ਬਹੁਤ ਸੋਨਾ ਦਾਨ ਕਰਦਾ ਹੈ, ਭੂਮੀ ਅਰਪ ਕੇ ਦਾਨ ਕਰਦਾ ਹੈ। ਕਈ ਸੁੱਚਾਂ ਨਾਲ (ਸਰੀਰ) ਪਵਿੱਤਰ ਕਰਦਾ ਹੈ। (ਐਸੇ ਉੱਦਮ) ਪਰਮਾਤਮਾ ਦੇ ਨਾਮ ਦੇ ਬਰਾਬਰ ਨਹੀਂ, ਇਸ ਲਈ ਹੇ ਮਨ ! ਪਰਮਾਤਮਾ ਦੇ ਸੋਹਣੇ ਚਰਨਾਂ ’ਚ ਜੁੜਿਆ ਰਹਿ ‘‘ਕੰਚਨਾ ਬਹੁ ਦਤ ਕਰਾ ॥ ਭੂਮਿ ਦਾਨੁ ਅਰਪਿ ਧਰਾ ॥ ਮਨ ਅਨਿਕ ਸੋਚ ਪਵਿਤ੍ਰ ਕਰਤ ॥ ਨਾਹੀ ਰੇ ! ਨਾਮ ਤੁਲਿ, ਮਨ ! ਚਰਨ ਕਮਲ ਲਾਗੇ ॥੧॥ ਰਹਾਉ ॥’’ (ਮਹਲਾ ੫/੧੨੨੯)
ਗੁਰੂ ਸਾਹਿਬ ਜੀ ਦੇ ਐਨੇ ਸਪਸ਼ਟ ਹੁਕਮਾਂ ਨੂੰ ਅੱਖੋਂ ਪਰੋਖੇ ਕਰ ਪਤਾ ਨਹੀਂ ਕਿਉਂ ਸਿੱਖਾਂ ’ਚ ਸੋਨੇ ਦੀ ਪਾਲਕੀ, ਸੋਨੇ ਦਾ ਪੀੜ੍ਹਾ, ਸੋਨੇ ਦੀ ਕਲਗੀ, ਸੋਨੇ ਦੇ ਹਾਰ, ਸੋਨੇ ਦੇ ਕਲਸ, ਸੋਨੇ ਦੀ ਡੰਡੀ ਵਾਲੇ ਚੌਰ ਭੇਟ ਕਰਨ ਵਾਲਿਆਂ ਅਤੇ ਸੋਨੇ ਦੀਆਂ ਵਸਤਾਂ ਭੇਟ ਕਰਨ ਲਈ ਉਤਸ਼ਾਹਿਤ ਕਰਨ ਵਾਲਿਆਂ ਦੀ ਗਿਣਤੀ ਦਿਨੋ ਦਿਨ ਵਧਦੀ ਜਾ ਰਹੀ ਹੈ। ਸਿਆਣਿਆਂ ਦਾ ਮੰਨਣਾ ਕਿ ਸ਼ਾਇਦ ਇਸ ਵਿੱਚ ਘਾਲ਼ਾ ਮਾਲ਼ਾ ਵੱਧ ਹੁੰਦਾ ਹੈ ਤੇ ਸੋਨੇ ਦੀਆਂ ਵਸਤਾਂ ਭੇਟ ਕਰਨ ਵਾਲੇ ਦੀ ਹਉਮੈਂ ਨੂੰ ਪੱਠੇ ਪੈਂਦੇ ਹਨ। ਇਸ ਦੀ ਤਾਜ਼ਾ ਮਿਸਾਲ ਇੱਕ ਪੜ੍ਹੇ ਲਿਖੇ ਡਾਕਟਰ ਪਰਵਾਰ ਵੱਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸੋਨੇ ਦੀ ਕਲਗੀ, ਸੋਨੇ ਦਾ ਹਾਰ, ਸ੍ਰੀ ਸਾਹਿਬ ਅਤੇ ਪੀੜ੍ਹਾ ਸਾਹਿਬ ਭੇਟ ਕਰਨ ਉਪਰੰਤ ਪੈਦਾ ਹੋਏ ਵਿਵਾਦ ’ਚ ਵੇਖੀ ਜਾ ਸਕਦੀ ਹੈ। ਇਸ ਵਿਵਾਦ ਦਾ ਅਸਲ ਦੋਸ਼ੀ ਕੌਣ ਹੈ, ਇਸ ਦਾ ਪਤਾ ਤਾਂ ਪੜਤਾਲ ਕਰਨ ’ਤੇ ਲੱਗੇਗਾ ਪਰ ਇੱਥੇ ਇੱਕ ਦੀ ਲਾਲਸਾ ਅਤੇ ਦੂਸਰੇ ਦੀ ਹਉਮੈ; ਸਾਫ਼ ਵਿਖਾਈ ਦੇ ਰਹੀ ਹੈ। ਇਸ ਕੇਸ ’ਚ ਬਹੁਤੀਆਂ ਉਂਗਲਾਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ’ਤੇ ਹੀ ਉਠਦੀਆਂ ਹਨ, ਜੋ ਸੁਭਾਵਕ ਵੀ ਹਨ। ਦਾਨੀ ਸੱਜਣ ਖ਼ੁਦ ਕਹਿ ਰਹੇ ਹਨ ਕਿ ਉਨ੍ਹਾਂ ਨੇ ਆਪਣੀ ਸਾਰੀ ਜ਼ਮੀਨ ਬਾਬਾ ਸੇਵਾ ਸਿੰਘ ਨੂੰ ਸਰਬੱਤ ਦੇ ਭਲੇ ਟਰੱਸਟ ਲਈ ਦਾਨ ਦੇ ਦਿੱਤੀ ਹੈ ਅਤੇ ਕਮਾਈ ਦਾ ਸਾਧਨ ਕੇਵਲ ਹਸਪਤਾਲ ਹੈ, ਜਿੱਥੇ 14 ਡਾਕਟਰ ਅਤੇ ਨਰਸਿੰਗ ਸਟਾਫ ਸੇਵਾ ਨਿਭਾ ਰਹੇ ਹਨ। ਉਨ੍ਹਾਂ ਮੁਤਾਬਕ ਹਸਪਤਾਲ ਆਉਣ ਵਾਲੇ ਕਿਸੇ ਵੀ ਮਰੀਜ਼ ਤੋਂ ਨਾਂ ਫ਼ੀਸ, ਨਾ ਕਮਰਿਆਂ ਦਾ ਕਿਰਾਇਆ ਲਿਆ ਜਾਂਦਾ ਹੈ। ਕੇਵਲ ਅਪ੍ਰੇਸ਼ਨਾਂ ਦਾ ਖ਼ਰਚਾ ਅਤੇ ਦਵਾਈਆਂ ਦੀ ਕੀਮਤ ਲਈਦੀ ਹੈ। ਜੇ ਵਾਕਿਆ ਈ ਐਸਾ ਕਰ ਰਹੇ ਹਨ ਤਾਂ ਸੱਚ ਮੁੱਚ ਮਨੁੱਖਤਾ ਦੀ ਸੇਵਾ ਹੈ, ਜੋ ਗੁਰੂ ਦੇ ਦਰ ’ਤੇ ਪ੍ਰਵਾਨ ਤੇ ਸ਼ਾਲਾਘਾਯੋਗ ਹੈ, ਪਰ ਜੇਕਰ ਮਨਸ਼ਾ ਕੁੱਝ ਹੋਰ ਹੈ ਤਾਂ ਜ਼ਰੂਰ ਵਿਚਾਰਨਾ ਬਣਦਾ ਹੈ ਕਿਉਂਕਿ ਬਿਜਲੀ ਦੇ ਬਿੱਲ, ਸਟਾਫ/ਡਾਕਟਰਾਂ ਦੀਆਂ ਤਨਖਾਹਾਂ, ਨਿੱਜੀ ਲੋੜਾਂ ਪੂਰੀਆਂ ਕਰਨ ਤੋਂ ਬਾਅਦ ਪਟਨਾ ਸਾਹਿਬ ਅਤੇ ਹਜੂਰ ਸਾਹਿਬ ਲਈ ਤਕਰੀਬਨ 10-12 ਕਿਲੋ ਸੋਨਾ ਅਤੇ ਹੀਰੇ ਭੇਟ ਕਰਨਾ, ਅਸੰਭਵ ਕਾਰਜ ਹੈ।
ਡਾਕਟਰ ਸਾਹਿਬ ਨੂੰ ਭਾਈ ਗੁਰਦਾਸ ਜੀ ਦੇ ਇਸ ਕਬਿੱਤ ਤੋਂ ਸੇਧ ਲੈਣੀ ਚਾਹੀਦੀ ਸੀ ‘‘ਜੈਸੇ, ਸਤ (100) ਮੰਦਰ ਕੰਚਨ ਕੇ ਉਸਾਰ ਦੀਨੇ; ਤੈਸਾ ਪੁੰਨ, ਸਿਖ ਕਉ ਇਕ ਸਬਦ ਸਿਖਾਏ ਕਾ॥’’ (ਕਬਿੱਤ 673) ਤਾਂ ਤੇ ਇਹ ਮਾਇਆ ਨਾਲ਼ ਗੁਰਮਤਿ ਮਿਸ਼ਨਰੀ ਕਾਲਜਾਂ ਦੀ ਸਹਾਇਤਾ ਕਰਦੇ ਤਾਂ ਚੰਗਾ ਹੁੰਦਾ ਕਿਉਂਕਿ ਇਨ੍ਹਾਂ ਅੰਦਰ ਵਿਦਿਆਰਥੀਆਂ ਨੂੰ ਮੁਫ਼ਤ ਲੰਗਰ, ਮੁਫ਼ਤ ਰਿਹਾਇਸ਼, ਮੁਫ਼ਤ ਵਰਦੀ, ਮੁਫ਼ਤ ਪੜ੍ਹਾਈ ਆਦਿ ਦੇ ਕੇ ਹਰ ਸਾਲ ਸੈਂਕੜੇ ਪ੍ਰਚਾਰਕ ਤਿਆਰ ਕੀਤੇ ਜਾ ਰਹੇ ਹਨ ਜੋ ਗੁਰਬਾਣੀ ਦੇ ਪਾਵਨ ਬਚਨਾਂ ‘‘ਗੁਰ ਕਾ ਸਬਦੁ ਰਤੰਨੁ ਹੈ; ਹੀਰੇ ਜਿਤੁ ਜੜਾਉ ॥ (ਅਨੰਦ ਮਹਲਾ ੩/੯੨੦), ਗੁਰ ਕਾ ਸਬਦੁ ਰਤੰਨੁ ਹੈ; ਕਰਿ ਚਾਨਣੁ ਆਪਿ ਦਿਖਾਇਆ ॥’’ (ਮਹਲਾ ੧/੧੨੯੦) ਆਦਿ ਦਾ ਪ੍ਰਚਾਰ ਪਾਸਾਰ ਕਰਕੇ ਕੌਮ ਨੂੰ ਸੋਨੇ ਵਰਗਾ ਬਣਾ ਸਕਦੇ ਹਨ ਜਾਂ ਉਨ੍ਹਾਂ ਗੁਰਸਿੱਖ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਚੁੱਕਦੇ ਜਿਨ੍ਹਾਂ ਦੇ ਮਾਤਾ ਪਿਤਾ ਆਰਥਿਕ ਕਮਜ਼ੋਰੀ ਕਾਰਨ ਆਪਣੇ ਬੱਚਿਆਂ ਨੂੰ ਉੱਚ ਪਾਂਏ ਦੀ ਵਿਦਿਆ ਦਿਵਾਉਣ ’ਚ ਅਸਮਰਥ ਹਨ।
ਹੁਣੇ ਹੀ ਇਕ ਖ਼ਬਰ ਸੁਣਨ ਨੂੰ ਮਿਲੀ ਹੈ ਕਿ ਪੜ੍ਹਾਈ ’ਚ ਹੁਸ਼ਿਆਰ ਗ਼ਰੀਬ ਪਰਵਾਰ ਦੇ ਬਾਰ੍ਹਵੀਂ ਪਾਸ ਵਿਦਿਆਰਥੀ ਨੇ ਉਚੇਰੀ ਪੜ੍ਹਾਈ ਲਈ ਪੈਸੇ ਨਾ ਹੋਣ ਕਾਰਨ ਫਾਹਾ ਲੈ ਲਿਆ। ਸੋਨੇ ਦੀਆਂ ਵਸਤਾਂ ਭੇਟ ਕਰਨ ਅਤੇ ਕਰਵਾਉਣ ਵਾਲਿਆਂ ਦਾ ਖਿਆਲ ਅਜਿਹੇ ਬੱਚਿਆਂ ਦੀ ਜ਼ਿੰਦਗੀ ਬਚਾਉਣ ਅਤੇ ਉਨ੍ਹਾਂ ਨੂੰ ਕੌਮ ਲਈ ਹੀਰੇ ਬਣਾਉਣ ਵੱਲ ਹੋਣਾ ਚਾਹੀਦਾ ਹੈ। ਯਹੂਦੀਆਂ ਦੀ ਤਰੱਕੀ ਦਾ ਸਭ ਤੋਂ ਵੱਡਾ ਰਾਜ਼ ਇਹੋ ਸੀ ਕਿ ਉਨ੍ਹਾਂ ਨੇ ਸਭ ਤੋਂ ਵੱਧ ਤਰਜੀਹ ਆਪਣੇ ਬੱਚਿਆਂ ਨੂੰ ਧਾਰਮਿਕ ਤੇ ਉੱਚ ਪਾਂਏ ਦੀ ਦੁਨਿਆਵੀ ਵਿਦਿਆ ’ਚ ਨਿਪੁੰਨਤਾ ਹਾਸਲ ਕਰਵਾਉਣ ਨੂੰ ਦਿੱਤੀ ਜਦੋਂ ਕਿ ਸਿੱਖ ਇਸ ਪੱਖੋਂ ਦੂਰ ਹਨ ਤੇ ਸਾਰਾ ਜੋਰ ਕਾਰ ਸੇਵਾ ਵਾਲੇ ਬਾਬਿਆਂ ਰਾਹੀਂ ਗੁਰਦੁਆਰਿਆਂ ’ਚ ਸੰਗਮਰਮਰ ਪੱਥਰ ਲਾਉਣ, ਸੋਨੇ ਦੀਆਂ ਕਲਸਾਂ, ਸੋਨੇ ਦੀਆਂ ਪਾਲਕੀਆਂ, ਸੋਨੇ ਦੇ ਪੀੜ੍ਹੇ, ਸੋਨੇ ਦੀਆਂ ਕਲਗੀਆਂ ਅਤੇ ਮਹਿੰਗੇ ਹਾਰ ਭੇਟ ਕਰਕੇ ਆਪਣੀ ਹਉਮੈ ਨੂੰ ਪੱਠੇ ਪਾ ਰਹੇ ਹਨ। ਉਨ੍ਹਾਂ ਇਤਿਹਾਸਕ ਘਟਨਾਵਾਂ ਤੋਂ ਵੀ ਕੁਝ ਸਿੱਖਣਾ ਬਣਦਾ, ਜਿੱਥੇ ਜ਼ਿਕਰ ਆਉਂਦਾ ਹੈ ਕਿ ਹਿੰਦੂ ਮੰਦਿਰਾਂ ’ਚ ਸੋਨੇ ਦੀਆਂ ਵਸਤਾਂ ਦੇ ਅੰਬਾਰ ਲਾ ਰੱਖੇ ਸਨ; ਅਹਿਮਦ ਸ਼ਾਹ ਅਬਦਾਲੀ ਵਰਗੇ ਧਾੜਵੀ ਆਉਂਦੇ ਤੇ ਮੰਦਿਰਾਂ ਦਾ ਸੋਨਾ, ਦੇਸ਼ ਦੀ ਧਨ ਦੌਲਤ ਅਤੇ ਇੱਜ਼ਤ ਆਬਰੂ ਲੁੱਟ ਕੇ ਬੜੇ ਅਰਾਮ ਨਾਲ ਇੱਥੋਂ ਚਲੇ ਜਾਂਦੇ।