ਮੈਂ ਮੱਤੇਵਾੜਾ ਜੰਗਲ ਕੂਕਦਾਂ  !

0
33

ਮੈਂ ਮੱਤੇਵਾੜਾ ਜੰਗਲ ਕੂਕਦਾਂ  !

ਡਾ. ਹਰਸ਼ਿੰਦਰ ਕੌਰ, ਐੱਮ.ਡੀ., 28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ 0175-2216783

‘‘ਸਟੇਟ ਔਫ਼ ਇੰਡੀਆ ਐਨਵਾਇਰੌਨਮੈਂਟ 2021’’ ਰਿਪੋਰਟ ਨੂੰ ਸੈਂਟਰ ਫੌਰ ਸਾਇੰਸ, ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਗਿਆ। ਇਸ ਰਿਪੋਰਟ ਵਿਚ ਸਪਸ਼ਟ ਕੀਤਾ ਗਿਆ ਕਿ ਪੰਜਾਬ ਵਿਚਲੇ ਹਵਾ ਪ੍ਰਦੂਸ਼ਣ ਨਾਲ ਸੰਨ 2019 ਵਿਚ 41,090 ਮੌਤਾਂ ਹੋਈਆਂ। ਇਸ ਦਾ ਮਤਲਬ ਇਹ ਹੋਇਆ ਕਿ ਹੋਰ ਕਾਰਨਾਂ ਨਾਲ ਹੋਈਆਂ ਕੁੱਲ ਮੌਤਾਂ ਦਾ ਹਿਸਾਬ ਲਾਈਏ ਤਾਂ ਪੰਜਾਬ ਵਿਚਲੀਆਂ 18.8 ਫੀਸਦੀ ਮੌਤਾਂ ਸਿਰਫ਼ ਹਵਾ ਦੇ ਪ੍ਰਦੂਸ਼ਣ ਨਾਲ ਹੋਈਆਂ। ਜੇ ਪੂਰੇ ਭਾਰਤ ਦੀ ਗੱਲ ਕਰੀਏ ਤਾਂ ਸੰਨ 2019 ਵਿਚ 16 ਲੱਖ 70 ਹਜ਼ਾਰ ਭਾਰਤੀ ਹਵਾ ਵਿਚਲੇ ਪ੍ਰਦੂਸ਼ਣ ਨਾਲ ਕੂਚ ਕਰ ਗਏ। ਇਨ੍ਹਾਂ ਵਿੱਚੋਂ ਅੱਧੀਆਂ ਮੌਤਾਂ ਸਿਰਫ਼ ਉੱਤਰ ਪ੍ਰਦੇਸ, ਬਿਹਾਰ, ਮਹਾਰਾਸ਼ਟਰ, ਵੈਸਟ ਬੰਗਾਲ ਅਤੇ ਰਾਜਸਥਾਨ ਦੇ ਲੋਕਾਂ ਦੀਆਂ ਸਨ।

ਅਮਰੀਕਾ ਵੱਲੋਂ ਕੀਤੇ ਸਰਵੇਖਣ ਅਨੁਸਾਰ ਜੇ ਪੰਜਾਬ ਅੰਦਰਲੀਆਂ ਹਵਾ ਪ੍ਰਦੂਸ਼ਣ ਨਾਲ ਹੋਈਆਂ ਮੌਤਾਂ ਤੋਂ ਪਹਿਲਾਂ ਕੀਤੇ ਇਲਾਜ ਦਾ ਹਿਸਾਬ ਲਾਈਏ ਤਾਂ ਅੰਦਾਜ਼ਨ 1,148 ਮਿਲੀਅਨ ਅਮਰੀਕਨ ਡਾਲਰ ਬਣ ਜਾਂਦੇ ਹਨ। ਇਹ ਪੈਸਿਆਂ ਵਿਚ ਵੱਖੋ-ਵੱਖ ਟੱਬਰਾਂ ਵੱਲੋਂ ਆਪਣੇ ਕੰਮ ਕਾਰ ਵਿਚ ਘਾਟਾ, ਹਸਪਤਾਲਾਂ ਦੇ ਗੇੜੇ, ਇਲਾਜ ਅਤੇ ਟੈਸਟਾਂ ਉੱਤੇ ਕੀਤੇ ਖ਼ਰਚੇ ਅਤੇ ਘਰ ਬਾਰ ਛੱਡ ਕੇ ਬਾਹਰ ਰਹਿਣਾ ਵੀ ਸ਼ਾਮਲ ਸੀ। ਗੁਆਂਢੀ ਰਾਜ ਹਰਿਆਣੇ ਵਿਚ ਇਹੋ ਖ਼ਰਚਾ 1,566 ਮਿਲੀਅਨ ਡਾਲਰ ਤੱਕ ਪਹੁੰਚਿਆ, ਜਿੱਥੇ 34,119 ਮੌਤਾਂ (19 ਫੀਸਦੀ) ਸੰਨ 2019 ਵਿਚ ਹਵਾ ਪ੍ਰਦੂਸ਼ਣ ਨਾਲ ਹੋਈਆਂ।

ਜਦੋਂ ਪੂਰੇ ਭਾਰਤ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਹਿੱਸਿਆਂ ਦਾ ਅਨੁਮਾਨ ਲਾਇਆ ਗਿਆ ਤਾਂ ਇਸ ਵਿਚ ਕੁੱਝ ਸ਼ਹਿਰ ਅਜਿਹੇ ਸਨ ਜਿਨ੍ਹਾਂ ਵਿਚ ਸੰਨ 2018 ਤੋਂ ਸੰਨ 2019 ਤੱਕ ਹੀ ਇਕਦਮ ਹਵਾ ਵਿਚਲਾ ਪ੍ਰਦੂਸ਼ਣ ਦੁੱਗਣੇ ਤੋਂ ਵੱਧ ਲੰਘ ਗਿਆ। ਇਨ੍ਹਾਂ 33 ਥਾਵਾਂ ਵਿੱਚੋਂ ਪੰਜਾਬ ਦੇ ਜਲੰਧਰ ਅਤੇ ਬਟਾਲੇ ਇਲਾਕੇ ਦਾ ਖ਼ਾਸ ਜ਼ਿਕਰ ਹੋਇਆ। ਇਨ੍ਹਾਂ ਥਾਵਾਂ ਦੀਆਂ ਫੈਕਟਰੀਆਂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਗਿਆ। ਜਦੋਂ ਸਕੋਰ ਵੱਲ ਝਾਤ ਮਾਰੀ ਗਈ ਤਾਂ 100 ਵਿੱਚੋਂ ਜਲੰਧਰ ਨੂੰ 70 ਅੰਕ ਸੰਨ 2009 ਵਿਚ ਮਿਲੇ ਸਨ, ਜੋ ਵਧ ਕੇ 2018 ਵਿਚ 80 ਤੱਕ ਪਹੁੰਚ ਗਿਆ। ਇਹੀ ਹਾਲ ਬਟਾਲੇ ਦਾ ਰਿਹਾ, ਜੋ 60 (2009 ਵਿਚ) ਤੋਂ ਵਧ ਕੇ 70 (2018 ਵਿਚ) ਤੱਕ ਪਹੁੰਚ ਗਿਆ।

ਇਨ੍ਹਾਂ ਦੇ ਆਲੇ ਦੁਆਲੇ ਵਧਦੀਆਂ ਫੈਕਟਰੀਆਂ ਨੂੰ ਵੇਖ ਇੱਕ ਚੇਤਾਵਨੀ ਦਿੱਤੀ ਗਈ ਕਿ ਲੁਧਿਆਣੇ ਨੇੜੇ ਦਾ ਮੱਤੇਵਾੜਾ ਜੰਗਲ ਤੇ ਸਤਲੁਜ ਦੁਆਲੇ ਦਰਖ਼ਤ ਹਾਲੇ ਬਚਾਓ ਕਰ ਰਹੇ ਹਨ, ਪਰ ਜੇ ਮੱਤੇਵਾੜਾ ਵਿਚ ਕੋਈ ਇੰਡਸਟਰੀਅਲ ਪਾਰਕ ਖੋਲ੍ਹ ਦਿੱਤਾ ਗਿਆ ਤਾਂ ਲੁਧਿਆਣੇ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਮੌਤ ਦਾ ਤਾਂਡਵ ਹੋਵੇਗਾ। ਪਹਿਲਾਂ ਹੀ ਬੁੱਢਾ ਨਾਲਾ ਉਸ ਥਾਂ ਤਗੜਾ ਕਹਿਰ ਢਾਅ ਰਿਹਾ ਹੈ।

ਵਿਸ਼ਵ ਸਿਹਤ ਸੰਸਥਾ ਅਨੁਸਾਰ ਦੁਨੀਆ ਭਰ ਵਿਚ ਹਰ ਸਾਲ 70 ਲੱਖ ਲੋਕ ਸਿਰਫ਼ ਹਵਾ ਵਿਚਲੇ ਪ੍ਰਦੂਸ਼ਣ ਨਾਲ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਦਿਲ ਦੇ ਰੋਗ ਅਤੇ ਪਾਸਾ ਮਾਰੇ ਜਾਣ ਵਾਲੇ ਇੱਕ ਚੌਥਾਈ ਮਰੀਜ਼ ਮਾੜੀ ਹਵਾ ਅੰਦਰ ਲੰਘਾਈ ਜਾਣ ਨਾਲ ਮਰ ਰਹੇ ਹਨ। ਵਿਸ਼ਵ ਸਿਹਤ ਸੰਸਥਾ (7 ਸਤੰਬਰ 2021) ਨੇ ਰਿਪੋਰਟ ਜਾਰੀ ਕਰ ਕੇ ਦੱਸਿਆ ਹੈ ਕਿ 43% ਫੇਫੜਿਆਂ ਦੇ ਰੋਗ ਅਤੇ 29% ਫੇਫੜਿਆਂ ਦੇ ਕੈਂਸਰ ਵੀ ਹਵਾ ਪ੍ਰਦੂਸ਼ਣ ਸਦਕਾ ਹਨ।

ਹੋਰ ਮਾੜੇ ਅਸਰ ਕਿਹੜੇ ਹਨ ?

ਦੁਨੀਆ ਵਿਚਲਾ ਹਰ ਬੰਦਾ ਸਾਹ ਰਾਹੀਂ ਆਪਣੇ ਅੰਦਰ ਨਾਈਟਰੋਜਨ ਡਾਈਓਕਸਾਈਡ, ਓਜ਼ੋਨ ਜਾਂ ਸਲਫਰ ਡਾਈਓਕਸਾਈਡ ਦੇ ਨਾਲ ਹੋਰ ਬਥੇਰੀਆਂ ਮਹੀਨ ਚੀਜ਼ਾਂ ਫੇਫੜਿਆਂ ਅੰਦਰ ਲੰਘਾਈ ਜਾ ਰਿਹਾ ਹੈ। ਲਗਾਤਾਰ ਵਧਦੀਆਂ ਮੌਤਾਂ, ਜੋ ਹਵਾ ਪ੍ਰਦੂਸ਼ਣ ਨਾਲ ਦੁਨੀਆ ਭਰ ਵਿਚ ਦਿੱਸਣ ਲੱਗ ਪਈਆਂ ਹਨ, ਉਨ੍ਹਾਂ ਸਦਕਾ ਹੀ ਯੂਨਾਈਟਿਡ ਨੇਸ਼ਨਜ਼ ਨੇ 7 ਸਤੰਬਰ ਨੂੰ ਹਰ ਸਾਲ ‘‘ਸਾਫ਼ ਹਵਾ ਦਾ ਅੰਤਰਰਾਸ਼ਟਰੀ ਦਿਨ’’ ਮਨਾਉਣ ਲਈ ਕਿਹਾ ਹੈ।

  1. ਹਵਾ ਪ੍ਰਦੂਸ਼ਣ ਸਦਕਾ ਹਜ਼ਾਰਾਂ ਬੱਚੇ ਜਨਮ ਤੋਂ ਪਹਿਲਾਂ ਹੀ ਮੌਤ ਦੇ ਮੂੰਹ ਵਿਚ ਜਾ ਰਹੇ ਹਨ ਜਾਂ ਸਤਮਾਹੇ ਜੰਮ ਰਹੇ ਹਨ।
  2. ਹਰ ਸਾਲ ਇਕੱਲੇ ਅਮਰੀਕਾ ਵਿਚ ਚਾਰ ਲੱਖ ਮੌਤਾਂ ਸਿਰਫ਼ ਸੜਕੀ ਆਵਾਜਾਈ ਨਾਲ ਹੋ ਰਹੇ ਪ੍ਰਦੂਸ਼ਣ ਸਦਕਾ ਹੋ ਰਹੀਆਂ ਹਨ (ਯੂਨਾਈਟਿਡ ਨੇਸ਼ਨਜ਼ ਐਨਵਾਇਰੌਨਮੈਂਟ ਪ੍ਰੋਗਰਾਮ ਵੱਲੋਂ ਜਾਰੀ ਰਿਪੋਰਟ)।
  3. ਵਿਸ਼ਵ ਸਿਹਤ ਸੰਸਥਾ ਨੇ ਸਪਸ਼ਟ ਕੀਤਾ ਹੈ ਕਿ ਹਰ ਸਾਲ 10 ਖ਼ਰਬ ਅਮਰੀਕਨ ਡਾਲਰ ਸਿਰਫ਼ ਸੜਕਾਂ ਉੱਤੇ ਚੱਲਦੀ ਆਵਾਜਾਈ ਨਾਲ ਸਾਹ ਅਤੇ ਹੋਰ ਬੀਮਾਰੀਆਂ ਸਹੇੜ ਰਹੇ ਲੋਕਾਂ ਦੇ ਇਲਾਜ ਉੱਤੇ ਖ਼ਰਚ ਹੁੰਦੇ ਹਨ।
  4. ਫੈਕਟਰੀਆਂ ਵਿੱਚੋਂ ਨਿਕਲ ਰਹੇ ਮਾੜੇ ਧੂੰਏਂ ਸਦਕਾ ਹਰ ਦਸਾਂ ਵਿੱਚੋਂ 9 ਬੰਦਿਆਂ ਨੂੰ ਹਰ ਰੋਜ਼ ਲੋੜੋਂ ਵੱਧ ਗੰਦ ਸਾਹ ਰਾਹੀਂ ਅੰਦਰ ਲੰਘਾਉਣਾ ਪੈਂਦਾ ਹੈ। ਇਨ੍ਹਾਂ ਵਿੱਚੋਂ ਬਜ਼ੁਰਗ ਅਤੇ ਨਿਆਣੇ ਜ਼ਿਆਦਾ ਅਸਰ ਹੇਠ ਆਉਂਦੇ ਹਨ। ਜਿਨ੍ਹਾਂ ਨੂੰ ਪਹਿਲਾਂ ਹੀ ਦਿਲ ਜਾਂ ਫੇਫੜਿਆਂ ਦੇ ਰੋਗ ਹੋਣ ਕਾਰਨ ਉਨ੍ਹਾਂ ਦੀ ਮੌਤ ਦਰ ਬਹੁਤ ਜ਼ਿਆਦਾ ਵੱਧ ਜਾਂਦੀ ਹੈ।

ਜਿਹੜੇ ਫੈਕਟਰੀਆਂ ਦੇ ਆਸ-ਪਾਸ ਰਹਿੰਦੇ ਹੋਣ, ਉਨ੍ਹਾਂ ਵਿਚ ਵੀ ਮੌਤ ਦਰ ਜਾਂ ਰੋਗੀ ਹੋਣ ਦਾ ਖ਼ਤਰਾ ਵੱਧ ਹੁੰਦਾ ਹੈ। ਜਿਹੜੇ ਬੱਚੇ ਪਹਿਲਾਂ ਤੋਂ ਹੀ ਭੁੱਖਮਰੀ ਦੇ ਸ਼ਿਕਾਰ ਹੋਣ, ਉਨ੍ਹਾਂ ਵਿਚ ਸੀਰੀਅਸ ਬੀਮਾਰੀ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

  1. ਹੱਦ ਤਾਂ ਇਹ ਹੈ ਕਿ ਹਵਾ ਪ੍ਰਦੂਸ਼ਣ ਨਾਲ ਹੁੰਦੀਆਂ ਮੌਤਾਂ ਦੀ ਦਰ ਵਿਚ ਪਿਛਲੇ 30 ਸਾਲਾਂ ਵਿਚ 153 ਪ੍ਰਤੀਸ਼ਤ ਵਾਧਾ ਰਿਕਾਰਡ ਕੀਤਾ ਗਿਆ ਹੈ ਜਦਕਿ ਹਵਾ ਪ੍ਰਦੂਸ਼ਣ ਰੋਕਣ ਲਈ ਕੀਤੇ ਯਤਨਾਂ ਵਿਚ ਸਿਰਫ਼ 0.8 ਫੀਸਦੀ ਵਾਧਾ ਹੋਇਆ ਹੈ।
  2. ਹਵਾ ਵਿਚ ਤੈਰਦੇ ਰਹਿੰਦੇ ਨਿੱਕੇ ਨਿੱਕੇ ਕਣ ਜ਼ਿਆਦਾਤਰ ਸੜਕੀ ਆਵਾਜਾਈ, ਜੈਨੇਰੇਟਰ, ਵਾਰ-ਵਾਰ ਤਲਿਆ ਜਾਂਦਾ ਤੇਲ ਆਦਿ ਦੇ ਹਨ, ਜੋ ਲਗਾਤਾਰ ਫੇਫੜਿਆਂ ਅੰਦਰ ਜਾ ਕੇ ਅਤੇ ਸਰੀਰ ਅੰਦਰ ਲਹੂ ਵਿਚ ਰਲ ਕੇ ਦਿਮਾਗ਼ ਅਤੇ ਦਿਲ ਉੱਤੇ ਮਾੜਾ ਅਸਰ ਪਾਉਂਦੇ ਹਨ। ਇਨ੍ਹਾਂ ਵਿੱਚੋਂ ਕੁੱਝ ਤਾਂ ਬੱਚੇ ਪੈਦਾ ਕਰਨ ਦੀ ਤਾਕਤ ਵੀ ਖ਼ਤਮ ਕਰ ਦਿੰਦੇ ਹਨ।
  3. ਸਲਫਰ ਵਾਲੇ ਤੇਲ ਦੀ ਵਰਤੋਂ ਨਾਲ, ਜੋ ਹਵਾ ਵਿਚ ਸਲਫਰ ਡਾਇਆਕਸਾਈਡ ਰਲ ਜਾਂਦੀ ਹੈ, ਇਹ ਸਿਰ ਪੀੜ, ਘਬਰਾਹਟ ਤੇ ਦਿਲ ਦੇ ਰੋਗਾਂ ਦੀ ਸ਼ੁਰੂਆਤ ਕਰ ਦਿੰਦੀ ਹੈ। ਜਵਾਲਾਮੁਖੀ ਫਟਣ ਨਾਲ ਵੀ ਇਸੇ ਗੈਸ ਦਾ ਭੰਡਾਰ ਚੁਫ਼ੇਰੇ ਫੈਲਦਾ ਹੈ।
  4. ਨਾਈਟਰੋਜਨ ਡਾਈਆਕਸਾਈਡ ਕਾਰ ਇੰਜਨਾਂ ਅਤੇ ਪਾਵਰ ਪਲਾਂਟਾਂ ਵਿੱਚੋਂ ਨਿਕਲਦੀ ਹੈ। ਇਸ ਨਾਲ ਦਮੇ ਦਾ ਰੋਗ ਹੋ ਜਾਂਦਾ ਹੈ। ਜਿਗਰ, ਤਿਲੀ ਅਤੇ ਲਹੂ ਵਿਚਲੇ ਨੁਕਸ ਵੀ ਇਸੇ ਨਾਲ ਬਣਦੇ ਹਨ।
  5. ਸੜਕੀ ਆਵਾਜਾਈ ਵਿਚਲੀ ਓਜ਼ੋਨ ਵੀ ਸਾਹ ਦੀ ਤਕਲੀਫ਼ ਅਤੇ ਦਿਲ ਦੇ ਰੋਗਾਂ ਦਾ ਕਾਰਨ ਬਣ ਜਾਂਦੀ ਹੈ।
  6. ਯੂਨਾਈਟਿਡ ਨੇਸਨਜ਼ ਵੱਲੋਂ ਦੱਸੇ ਅੰਕੜਿਆਂ ਅਨੁਸਾਰ ਹੁਣ ਤਾਂ ਖੇਤੀ ਲਈ ਵਰਤੀ ਜਾਂਦੀ ਮਸ਼ੀਨਰੀ ਅਤੇ ਨਵੀਆਂ ਉਸਾਰੀਆਂ ਲਈ ਵਰਤੇ ਜਾਂਦੇ ਸੰਦ ਜਦੋਂ ਸੜਕੀ ਆਵਾਜਾਈ ਨਾਲ ਰਲ ਜਾਣ ਤਾਂ ਹਰ ਸਾਲ ਦੁਨੀਆ ਭਰ ਵਿਚ ਸਿਹਤ ਸਹੂਲਤਾਂ ਉੱਤੇ 10 ਖ਼ਰਬ ਤੱਕ ਦਾ ਖ਼ਰਚਾ ਪਹੁੰਚ ਜਾਣ ਵਾਲਾ ਹੈ।

ਅਮਰੀਕਾ, ਯੂਰਪ ਅਤੇ ਜਪਾਨ ਨੇ ਇਸ ਚੇਤਾਵਨੀ ਤੋਂ ਬਾਅਦ ਬਿਜਲੀ ਨਾਲ ਚੱਲਣ ਵਾਲੀ ਆਵਾਜਾਈ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਹਾਲੇ ਵੀ ਚੀਨ ਅਤੇ ਭਾਰਤ ਵਿੱਚੋਂ ਇਹ ਪ੍ਰਦੂਸ਼ਣ ਲਗਾਤਾਰ ਜਾਰੀ ਹੈ। ਜੇ ਪੂਰੀ ਦੁਨੀਆ ਹਵਾ ਪ੍ਰਦੂਸ਼ਣ ਵੱਲ ਧਿਆਨ ਦੇਵੇ ਤਾਂ ਹਰ ਸਾਲ ਇੱਕ ਲੱਖ 20 ਹਜ਼ਾਰ ਲੋਕ ਅਜਾਈਂ ਮੌਤ ਤੋਂ ਬਚ ਜਾਣਗੇ।

  1. ਮੀਥੇਨ, ਕਾਰਬਨ, ਓਜ਼ੋਨ ਆਦਿ ਦੀ ਮਿਕਦਾਰ ਸਹੀ ਹੁੰਦੇ ਸਾਰ ਅਗਲੇ ਦਸ ਸਾਲਾਂ ਵਿਚ ਹਵਾ ਵਿਚਲੇ ਪ੍ਰਦੂਸ਼ਣ ਨੂੰ ਰੋਕ ਕੇ ਧਰਤੀ ਵਿਚਲੇ ਤਾਪਮਾਨ ਵਿਚ 0.6 ਡਿਗਰੀ ਸੈਂਟੀਗਰੇਡ ਘਾਟਾ ਕੀਤਾ ਜਾ ਸਕਦਾ ਹੈ, ਜਿਸ ਨਾਲ ਗਲੇਸ਼ੀਅਰਾਂ ਦਾ ਖੁਰਨਾ ਘਟ ਜਾਵੇਗਾ। ਏਨਾ ਕੁ ਤਾਪਮਾਨ ਘੱਟ ਹੋ ਜਾਣ ਨਾਲ ਅਨੇਕ ਵਾਇਰਲ ਕੀਟਾਣੂਆਂ, ਮੱਛਰ, ਮੱਖੀਆਂ ਰਾਹੀਂ ਅਤੇ ਪਾਣੀ ਰਾਹੀਂ ਹੋਣ ਵਾਲੀਆਂ ਬੀਮਾਰੀਆਂ ਨੂੰ ਕਾਫ਼ੀ ਹੱਦ ਤੱਕ ਕਾਬੂ ਕੀਤਾ ਜਾ ਸਕਦਾ ਹੈ।

ਿਮਾਗ਼ ਉੱਤੇ ਹਵਾ ਪ੍ਰਦੂਸ਼ਣ ਕਿਵੇਂ ਅਸਰ ਪਾਉਂਦਾ ਹੈ ?

ਖੋਜਾਂ ਸਾਬਤ ਕਰ ਚੁੱਕੀਆਂ ਹਨ ਕਿ ਹਵਾ ਪ੍ਰਦੂਸ਼ਣ ਨਾਲ ਦਿਮਾਗ਼ ਦੇ ਸੈੱਲਾਂ ਵਿਚ ਸੋਜ਼ਿਸ਼ ਹੋ ਸਕਦੀ ਹੈ। ਪਿਛਲੇ 10 ਸਾਲਾਂ ਦੀਆਂ ਖੋਜਾਂ ਦੇ ਨਤੀਜਿਆਂ ਅਨੁਸਾਰ ਜੇ ਹਵਾ ਵਿਚ ਪ੍ਰਦੂਸ਼ਣ ਵਧ ਜਾਵੇ ਤਾਂ ਉਹ ਬੱਚਿਆਂ ਦੇ ਵਧਦੇ ਦਿਮਾਗ਼ ਉੱਤੇ ਡੂੰਘਾ ਅਸਰ ਪਾਉਂਦਾ ਹੈ, ਜਿਸ ਵਿਚ ਉਨ੍ਹਾਂ ਦੇ ਸੋਚਣ ਸਮਝਣ ਦੀ ਸ਼ਕਤੀ ਘਟਦੀ ਹੈ ਅਤੇ ਬੌਧਿਕ ਵਿਕਾਸ ਵੀ ਘਟ ਜਾਂਦਾ ਹੈ। ਅਨੇਕ ਬੱਚੇ ਢਹਿੰਦੀ ਕਲਾ ਵਿਚ ਵੀ ਚਲੇ ਜਾਂਦੇ ਹਨ।

ਹਵਾ ਪ੍ਰਦੂਸ਼ਣ ਦਾ ਗੁਰਦੇ ਉੱਤੇ ਅਸਰ :

ਜੇ ਥੋੜ੍ਹੇ ਸਮੇਂ ਲਈ ਹਵਾ ਪ੍ਰਦੂਸ਼ਣ ਦਾ ਅਸਰ ਰਹੇ ਤਾਂ ਗੁਰਦੇ ਵੱਲੋਂ ਸਰੀਰ ਵਿੱਚੋਂ ਗੰਦਗੀ ਬਾਹਰ ਕੱਢਣ ਦੀ ਸਪੀਡ ਘਟ ਜਾਂਦੀ ਹੈ। ਜੇ ਲੰਮੇ ਸਮੇਂ ਤੱਕ ਹਵਾ ਪ੍ਰਦੂਸ਼ਣ ਝੱਲਣਾ ਪਵੇ, ਖ਼ਾਸ ਕਰ ਮਾੜੇ ਕਣ ਅਤੇ ਨਾਈਟਰੋਜਨ ਡਾਈਆਕਸਾਈਡ ਤਾਂ ਗੁਰਦੇ ਫੇਲ੍ਹ ਤੱਕ ਹੋ ਸਕਦੇ ਹਨ। ਗੁਰਦੇ ਅਤੇ ਬਲੈਡਰ (ਪਿਸ਼ਾਬ ਦੀ ਥੈਲੀ) ਦਾ ਕੈਂਸਰ ਹੋਣ ਦਾ ਖ਼ਤਰਾ ਵੀ ਵਧ ਸਕਦਾ ਹੈ।

ਹਵਾ ਵਿਚਲਾ ਪ੍ਰਦੂਸ਼ਣ ਕਿਵੇਂ ਘਟਾਇਆ ਜਾਵੇ: –

  1. ਕਾਰਾਂ ਦੀ ਵਰਤੋਂ ਅਤੇ ਬੇਲੋੜੀ ਆਵਾਜਾਈ ਘਟਾਈ ਜਾਵੇ।
  2. ਵਾਧੂ ਲਾਈਟਾਂ ਨਾ ਜਗਾਈਆਂ ਜਾਣ। ਲੋੜ ਪੈਣ ਉੱਤੇ ਫਲੋਰੋਸੈਂਟ ਬਲਬ ਵਰਤੇ ਜਾਣ।
  3. ਰੀਸਾਈਕਲ ਕੀਤੀਆਂ ਜਾ ਸਕਣ ਵਾਲੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਏ।
  4. ਪਲਾਸਟਿਕ ਦੀ ਵਰਤੋਂ ਨਾ ਬਰਾਬਰ ਹੋਵੇ।
  5. ਸਿਗਰਟ ਬੀੜੀ ਨਾ ਵਰਤੀ ਜਾਏ।
  6. ਜੰਗਲਾਂ ਦੀ ਕੱਟ ਵੱਢ ਸਖ਼ਤੀ ਨਾਲ ਰੋਕੀ ਜਾਏ।
  7. ਹੋਰ ਦਰਖ਼ਤ ਬੀਜੇ ਜਾਣ।
  8. ਏ. ਸੀ. ਦੀ ਵਰਤੋਂ ਸਿਰਫ਼ ਲੋੜ ਪੈਣ ਉੱਤੇ ਹੀ ਕੀਤੀ ਜਾਵੇ ਕਿਉਂਕਿ ਇਹ ਵਾਤਾਵਰਨ ਵਿਚ ਲੋੜੋਂ ਵੱਧ ਗਰਮੀ ਜਮਾਂ ਕਰ ਦਿੰਦਾ ਹੈ।
  9. ਫੈਕਟਰੀਆਂ ਵਿੱਚੋਂ ਮਾੜੀ ਹਵਾ ਬਾਹਰ ਨਿਕਲਣ ਵਾਲੀਆਂ ਚਿਮਨੀਆਂ ਵਿਚ ਫਿਲਟਰ ਜ਼ਰੂਰੀ ਕੀਤੇ ਜਾਣ।
  10. ਪਟਾਕੇ ਚਲਾਉਣੇ ਘਟਾਏ ਜਾਣ।
  11. ਪੇਂਟ ਅਤੇ ਪਰਫਿਊਮ ਵਿਚਲੇ ਹਾਨੀਕਾਰਕ ਕੈਮੀਕਲਾਂ ਦੀ ਵਰਤੋਂ ਘਟਾਈ ਜਾਵੇ।

ਸਾਰ : ਵਧਦਾ ਹਵਾ ਪ੍ਰਦੂਸ਼ਣ ਮਨੁੱਖੀ ਹੋਂਦ ਲਈ ਖ਼ਤਰਨਾਕ ਸਾਬਤ ਹੋ ਰਿਹਾ ਹੈ। ਜੇ ਭੈੜੀ ਮੌਤ ਨਹੀਂ ਮਰਨਾ ਤਾਂ ਹਰ ਹਾਲ ਜੰਗਲ ਬਚਾਉਣੇ ਪੈਣੇ ਹਨ। ਵੱਧ ਦਰਖ਼ਤ ਲਾ ਕੇ ਹੀ ਹਵਾ ਸਾਫ਼ ਕੀਤੀ ਜਾ ਸਕਦੀ ਹੈ। ਕੁਦਰਤੀ ਜੰਗਲ ਬਚਾਉਣੇ ਹੀ ਸਮੇਂ ਦੀ ਮੁੱਖ ਲੋੜ ਹੈ। ਪਲਾਸਟਿਕ ਤੋਂ ਤੌਬਾ ਕਰਨੀ ਹੀ ਪੈਣੀ ਹੈ। ਜੇ ਸਾਡੇ ਵੱਡੇ ਵਡੇਰੇ ਏਨੀ ਸੋਹਣੀ ਦੁਨੀਆ ਸਾਡੇ ਲਈ ਛੱਡ ਕੇ ਗਏ ਸਨ ਤਾਂ ਸਾਨੂੰ ਕੀ ਹੱਕ ਹੈ ਕਿ ਅਸੀਂ ਆਪਣੇ ਬੱਚਿਆਂ ਕੋਲੋਂ ਉਨ੍ਹਾਂ ਦੇ ਸਾਹ ਖੋਹ ਲਈਏ ? ਬਸ ਏਨਾ ਯਾਦ ਰੱਖਣ ਦੀ ਲੋੜ ਹੈ- ਜੰਗਲ ਖ਼ਤਮ ਕਰਨ ਦਾ ਮਤਲਬ ਹੈ- ਆਪਣੀਆਂ ਪੁਸ਼ਤਾਂ ਦਾ ਨਾਸ਼ ਮਾਰਨਾ !