ਮਾਨਵਤਾ, ਧਰਮ ਤੇ ਗੁਰੂ ਸਾਹਿਬਾਨ

0
306

ਮਾਨਵਤਾ, ਧਰਮ ਤੇ ਗੁਰੂ ਸਾਹਿਬਾਨ

ਗਿਆਨੀ ਅਵਤਾਰ ਸਿੰਘਅਵਤਾਰ ਸਿੰਘ, Avtar Singh

‘ਧਰਮ’ ਦਾ ਸਬੰਧ ਕੇਵਲ ਮਨੁੱਖ ਜਾਤੀ ਨਾਲ਼ ਹੈ। ਪਸ਼ੂ, ਪੰਛੀ ਆਦਿਕ ਜੀਵ-ਜੰਤ; ਧਰਮ ਦਾ ਲਾਭ ਨਹੀਂ ਉੱਠਾ ਸਕਦੇ। ਉਨ੍ਹਾਂ ਦਾ ਟੀਚਾ ਕੇਵਲ ਭੋਜਨ ਪ੍ਰਾਪਤੀ, ਸਰੀਰਕ ਸਬੰਧ ਬਣਾਉਣਾ ਤੇ ਬੱਚੇ ਪੈਦਾ ਕਰਨਾ ਹੀ ਹੁੰਦਾ ਹੈ। ਕਮਜ਼ੋਰ ਜਾਨਵਰ ਅਕਸਰ ਜਲਦੀ ਮਰਦੇ ਹਨ ਕਿਉਂਕਿ ਉਹ ਆਪਣੀਆਂ ਇਹੀ ਬੁਨਿਆਦੀ ਲੋੜਾਂ ਪ੍ਰਾਪਤ ਕਰਨ ’ਚ ਅਸਮਰੱਥ ਰਹਿੰਦੇ ਹਨ। ਮਨੁੱਖੀ ਸੋਚ ’ਚ ਜਿੱਥੇ ਇਸ ਤੋਂ ਅਗਾਂਹ ਸੋਚਣ, ਸਮਝਣ ਤੇ ਵਧਣ ਦੀ ਸਮਰੱਥਾ ਪਾਈ ਹੁੰਦੀ ਹੈ; ਓਥੇ ਇਸ ਦੀ ਰਹਿਨੁਮਾਈ ਲਈ ਗੁਰੂ, ਪੀਰ, ਭਗਤ ਆਦਿਕ ਮਾਨਵ ਜਾਤੀ ’ਚ ਜਨਮ ਲੈਂਦੇ ਰਹਿੰਦੇ ਹਨ, ਜੋ ਜੀਵਨ ਸਫਲ ਕਰਨ ਦੇ ਆਮ ਬੋਲੀ ’ਚ ਸਰਲ ਨਿਯਮ ਚੇਤੇ ਕਰਾ ਦਿੰਦੇ ਹਨ। ਕੋਈ ਅਭਾਗਾ ਮਨੁੱਖ ਹੀ ਹੁੰਦਾ ਹੈ, ਜੋ ਇਨ੍ਹਾਂ ਪਾਸੋਂ ਸਿੱਖਿਆ ਗ੍ਰਹਿਣ ਕਰ ਆਪਣੀ ਜ਼ਿੰਦਗੀ ਨੂੰ ਸਫਲ ਕਰਨ ਬਾਰੇ ਨਹੀਂ ਸੋਚਦਾ।

ਜਿਸ ਤਰ੍ਹਾਂ ਸਰੀਰਕ ਉੱਨਤੀ ਲਈ ਭਾਵ ਜੀਵ-ਜੰਤਾਂ ਵਾਙ ਜੀਵਨ ਬਸਰ ਕਰਨ ਲਈ ਰੋਟੀ, ਕੱਪੜਾ ਤੇ ਮਕਾਨ ਮਨੁੱਖ ਲਈ ਜ਼ਰੂਰੀ ਹੁੰਦੇ ਹਨ; ਉਸੇ ਤਰ੍ਹਾਂ ਇਨਸਾਨੀਅਤ (ਨੈਤਿਕਤਾ) ਕਮਾਉਣ ਲਈ ‘ਧਰਮ’ ਦੀ ਲੋੜ ਪੈਂਦੀ ਹੈ, ਜੋ ਇਨ੍ਹਾਂ ਗੁਰੂ, ਭਗਤਾਂ ਪਾਸੋਂ ਪ੍ਰਾਪਤ ਹੁੰਦੀ ਹੈ ਕਿਉਂਕਿ ਹਰ ਮਨੁੱਖ ਕੋਲ ਇਨ੍ਹਾਂ ਵਾਙ ਗਹਿਰੀ ਤੇ ਦੂਰ-ਅੰਦੇਸ਼ੀ ਵਾਲ਼ੀ ਸੋਝੀ ਨਹੀਂ ਹੁੰਦੀ। ਅਕਸਰ ਬੰਦੇ; ਪਸ਼ੂ-ਪੰਛੀਆਂ ਵਾਙ ਹੀ ਜੀਵਨ ਨਿਰਬਾਹ ਕਰਨ ’ਚ ਮਗਨ ਰਹਿੰਦੇ ਹਨ, ਜੋ ਕਿ ਬੜਾ ਹੋਛਾ/ਹੌਲ਼ਾ ਜੀਵਨ-ਰੁਤਬਾ ਅਖਵਾਉਂਦਾ ਹੈ। ਜੇਕਰ ਗੰਦਗੀ ਦੇ ਕੀੜੇ (ਕਾੱਕਰੇਜ) ਨੂੰ ਗੁਲਾਬ ਰਸ ’ਤੇ ਬੈਠਾ ਦੇਈਏ ਤਾਂ ਉਹ ਜਲਦੀ ਮਰ ਜਾਏਗਾ ਕਿਉਂਕਿ ਉਸ ਦੀ ਖ਼ੁਰਾਕ ਬਦਬੂ ਅੰਦਰ ਹੈ, ਸੁਗੰਧ ’ਚ ਨਹੀਂ ਹੁੰਦੀ।

ਅਜੋਕੇ ਆਧੁਨਿਕ (ਵਿਗਿਆਨਿਕ) ਯੁੱਗ ’ਚ ਵਿਦਿਆ ਪੱਖੋਂ ਮਨੁੱਖੀ ਸੋਚ ਦੇ ਵਿਕਾਸ ਲਈ ਸਭ ਤੋਂ ਵੱਡੀਆਂ ਡਿਗਰੀਆਂ ‘ਡਾਕਟਰ, ਵਿਗਿਆਨੀ, ਸ਼ਾਸਤਰੀ/ਪ੍ਰੋਫ਼ੈਸਰ, ਦਾਰਸ਼ਨਿਕ, ਇੰਜੀਨੀਅਰ ਆਦਿਕ ਹਨ, ਜੋ ਕਿਸੇ ਨਾ ਕਿਸੇ ਖੋਜ ’ਚੋਂ ਉਪਜਦੀਆਂ ਹਨ। ਡਾਕਟਰ; ਸਰੀਰ ਦੀ ਖੋਜ ਕਰਦਾ ਹੈ। ਪ੍ਰੋਫ਼ੈਸਰ; ਇਤਿਹਾਸ, ਭਗੋਲ, ਭਾਸ਼ਾ ਆਦਿ ਦੀ ਅਤੇ ਵਿਗਿਆਨੀ; ਖਗੋਲ-ਤਾਰੇ, ਭੌਤਿਕ ਤੱਤਾਂ ਆਦਿ ਦੀ ਖੋਜ ਕਰਦਾ ਹੈ। ਧਰਮ ਦੇ ਨਜ਼ਰੀਏ ਪੱਖੋਂ ਵੇਖੀਏ ਤਾਂ ਫਿਰ ਭੀ ਇਹ ਬਹੁਪੱਖੀ ਸੁਰਤਿ ਵਿਕਾਸ ਨਹੀਂ ਹੁੰਦਾ; ਜਿਵੇਂ ਕਿ ਮਨੁੱਖੀ ਸਿਰ ਨੂੰ ਜਾਣਨ ਲਈ ਹੀ ਕਈ ਡਿਗਰੀਆਂ (ਨੱਕ, ਕੰਨ, ਗਲਾ, ਅੱਖਾਂ, ਦੰਦ, ਚਮੜੀ, ਮਨੋਰੋਗ, ਆਦਿ) ਬਣਾਈਆਂ ਗਈਆਂ ਹਨ। ਚਮੜੀ ਦਾ ਡਾਕਟਰ; ਮਨੋਰਗ ਬਾਰੇ ਨਹੀਂ ਜਾਣਦਾ। ਅੱਖਾਂ ਦਾ ਡਾਕਟਰ ਦੰਦਾਂ ਦਾ ਇਲਾਜ ਨਹੀਂ ਕਰ ਸਕਦਾ ਜਦਕਿ ਧਰਮ ਭੀ ਖੋਜ ਆਧਾਰਿਤ ਵਿਸ਼ਾ ਹੈ, ਜਿਸ ਦੀ ਖੋਜ ਅੰਦਰ ਹੁੰਦੀ ਹੈ ਯਾਨੀ ਕਿ ਧਰਮ ਦੀ ਖੋਜ ਨਾਲ਼ ਰੂਹਾਨੀਅਤ ਬਲ, ਚਾਨਣ ਉਤਪੰਨ ਹੁੰਦਾ ਹੈ, ਜਿਸ ਨਾਲ਼ ਅਨੰਦਿਤ ਜੀਵਨ ਭੋਗਦਿਆਂ ਬਹੁਪੱਖੀ ਨਵੇਂ-ਨਵੇਂ ਵਿਚਾਰ ਉਪਜਦੇ ਹਨ; ਜਿਵੇਂ ਕਿ ਪਾਣੀ ਦੇ ਝਰਨੇ ’ਚੋਂ ਇੱਕ ਰਸ ਪਾਣੀ ਦਾ ਪ੍ਰਵਾਹ ਚੱਲਣਾ।

ਧਰਮ ਦੇ ਵਿਆਖਿਆਕਾਰਾਂ (ਗੁਰੂ ਸਾਹਿਬਾਨ, ਭਗਤ ਸਾਹਿਬਾਨ ਆਦਿ) ਨੇ ਜਿੱਥੇ ਸਰੀਰ ਨੂੰ ਬੀਮਾਰ, ਕਮਜ਼ੋਰ ਕਰਨ ਵਾਲ਼ੇ ਰੋਗਾਂ (ਕਾਮ, ਕਰੋਧ ਆਦਿ) ਬਾਰੇ ਮਨੁੱਖ ਨੂੰ ਪਹਿਲਾਂ ਹੀ ਜਾਣਕਾਰੀ ਦੇ ਕੇ ਸੁਚੇਤ ਕੀਤਾ; ਓਥੇ ਕੁਦਰਤਿ (ਬ੍ਰਹਿਮੰਡ/ਖਗੋਲ) ਬਾਰੇ ਭੀ ਤੱਥਾਂ ਆਧਾਰਿਤ ਸਚਾਈ ਪ੍ਰਗਟਾਈ ਹੈ। ਮਿਸਾਲ ਵਜੋਂ ਹਾਈਡਰੋਜਨ ਗੈਸ ਦੀ ਖੋਜ ਤਕਰੀਬਨ 1766 ਈਸਵੀ ’ਚ ਹੈਨਰੀ ਕੈਵੈਂਡਿਸ਼ ਨੇ ਅਤੇ ਆਕਸੀਜਨ ਦੀ ਖੋਜ 1774 ਈਸਵੀ ’ਚ ਜੋਸੇਫ ਪ੍ਰਿਸਟਲੇ ਨੇ ਕੀਤੀ। ਇਨ੍ਹਾਂ ਦੋਵੇਂ ਗੈਸਾਂ ਦਾ ਸਰੋਤ (ਮੂਲ ਤੱਤ) ਹਵਾ (ਪਵਨ) ਹੈ। ਜਿਨ੍ਹਾਂ ਦੇ ਮੇਲ ਤੋਂ ਪਾਣੀ ਬਣਿਆ ਹੈ, ਪਰ ਇਹ ਸਚਾਈ ਤਾਂ ਬਹੁਤ ਹੀ ਪਹਿਲਾਂ ਯਾਨੀ ਕਿ 15ਵੀਂ ਸਦੀ ਦੇ ਆਰੰਭ ’ਚ ਹੀ ਗੁਰੂ ਨਾਨਕ ਸਾਹਿਬ ਜੀ ਨੇ ਬਿਆਨ ਕੀਤੀ ਹੈ ‘‘ਸਾਚੇ ਤੇ ਪਵਨਾ ਭਇਆ; ਪਵਨੈ ਤੇ ਜਲੁ ਹੋਇ   ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ਨਿਰਮਲੁ ਮੈਲਾ ਨਾ ਥੀਐ; ਸਬਦਿ ਰਤੇ ਪਤਿ ਹੋਇ ’’ (ਮਹਲਾ /੧੯) ਅਰਥ : (ਆਦਿ ਸਚੁ ਜੁਗਾਦਿ ਸਚੁ ਭਾਵ) ਸਦੀਵੀ ਸਥਿਰ ਮਾਲਕ ਤੋਂ ਹਵਾ (ਗੈਸ ਆਦਿ) ਬਣੀ ਹੈ। ਹਵਾ ਤੋਂ ਪਾਣੀ ਅਤੇ ਪਾਣੀ ਤੋਂ ਸਾਰੇ ਜੀਵ-ਜੰਤ ਪੈਦਾ ਹੋਏ ਹਨ, ਜਿਨ੍ਹਾਂ ਦੇ ਸਰੀਰ ਅੰਦਰ ਹੀ (ਉਹ ਆਦਿ ਸਚੁ) ਵੱਸਦਾ ਹੈ। ਜੋ ਗੁਰੂ ਸਿੱਖਿਆ ਅਨੁਸਾਰ (‘ਆਦਿ ਸਚੁ’ ਦੇ ਪ੍ਰੇਮ-ਰੰਗ ’ਚ) ਰੰਗਿਆ ਰਹਿੰਦਾ ਹੈ, ਉਹ ਮੈਲ਼ (ਕਾਮ, ਕਰੋਧ) ਰਹਿਤ ਹੋ ਕੇ ਲੋਕ-ਪ੍ਰਲੋਕ ’ਚ ਇੱਜ਼ਤ ਮਾਣਦਾ ਹੈ। ਸੋ ਅਫ਼ਸੋਸ ਕਿ ਐਸੀਆਂ ਗੈਸਾਂ (ਤੱਤਾਂ) ਦੀ ਕਾਢ ਕਰਨ ਵਾਲ਼ਾ ਪਹਿਲਾ ਬੰਦਾ ਕੋਈ ਸਿੱਖ ਨਾ ਬਣਿਆ !!

ਸੋ ਅਸਲ ਧਰਮੀ; ਸਰੀਰ ਤੇ ਕੁਦਰਤਿ ਦੀ ਖੋਜ ਕਰਦਾ ਹੋਇਆ ਉਸ ਨਿਰਾਕਾਰ-ਆਦਿ ਸਚੁ ਦੇ ਦਰਸ਼ਨ ਕਰ ਲੈਂਦਾ ਹੈ, ਜੋ ਸਰਬ ਵਿਆਪਕ ਹੋਣ ਕਾਰਨ ਸਮਾਜਿਕ ਪਿਆਰ, ਸੇਵਾ ਆਦਿ ਉਦਾਰਵਾਦੀ ਗੁਣਾਂ ਭਰਪੂਰ ਜੀਵਨ ਸਿਰਜ-ਸਿਰਜ ਕੇ ਭਗਤ ਦੇ ਜੀਵਨ ਨੂੰ ਸਫਲਾ ਬਣਾਉਂਦਾ ਹੈ। ਗੁਰੂ ਸਿੱਖਿਆ ਨਾਲ਼ ਸਰੀਰ ਅੰਦਰਲੀ ਸਚਾਈ/ਗੁਣਾਂ (ਸਤ, ਸੰਤੋਖ, ਦਇਆ, ਧੀਰਜ, ਪਿਆਰ, ਉਦਾਰਤਾ, ਹਿੰਮਤ ਆਦਿ) ਨੂੰ ਪ੍ਰਾਪਤ ਕਰ ਉਸ ਨੂੰ ਮਾਨਵਤਾ ਅੱਗੇ ਬਿਆਨ ਕਰਨ ਨੂੰ ਇਉਂ ਆਪਣਾ ਫ਼ਰਜ਼/ਧਰਮ ਸਮਝਦਾ ਹੈ; ਜਿਵੇਂ ਕਿ ਵਕੀਲ; ਅਦਾਲਤ ’ਚ ਸੰਵਿਧਾਨ ਦੀ ਹਿਫ਼ਾਜ਼ਤ ਕਰਦਾ ਹੈ।

ਸਮਾਜ ਅੰਦਰ ਤਿੰਨ ਤਰ੍ਹਾਂ ਦੇ ਲੋਕ ਸਨ/ਹਨ (1). ਧਰਮ ਦੀ ਸਚਾਈ ਨੂੰ ਮੰਨਣ ਵਾਲ਼ੇ/ਆਸਤਿਕ (2). ਧਰਮ ਦੀ ਸਚਾਈ ਤੋਂ ਮੁਨਕਰ/ਨਾਸਤਿਕ (3). ਅੰਧ-ਭਗਤ ਜਾਂ ਕਰਮਕਾਂਡੀ, ਜਿਨ੍ਹਾਂ ਅੰਦਰ ਧਰਮ ਪ੍ਰਤੀ ਸ਼ਰਧਾ ਤਾਂ ਹੈ, ਪਰ ਧਰਮ ਦੀ ਕੋਈ ਸੋਝੀ ਨਹੀਂ। ਹਰ ਮਨੁੱਖ ਨੂੰ ਆਪਣੀ ਸੋਚ ਉੱਤੇ ਮਾਣ ਹੁੰਦਾ ਹੈ ਭਾਵੇਂ ਉਹ ਆਸਤਿਕ ਹੋਵੇ, ਨਾਸਤਿਕ ਹੋਵੇ ਜਾਂ ਕਰਮਕਾਂਡੀ। ਗੁਰੂ ਨਾਨਕ ਸਾਹਿਬ ਜੀ ਅਨੁਸਾਰ ਖੋਜੀ ਬੰਦਾ; ਜੀਵਨ ਪੱਖੋਂ ਸਦਾ ਸਾਰਥਕ ਹੁੰਦਾ ਹੈ ਤੇ ਅਖੋਜੀ (ਕਰਮਕਾਂਡੀ); ਸਦਾ ਵਾਦ-ਵਿਵਾਦ ਸਹੇੜਦਾ ਹੀ ਮਰਦਾ ਹੈ, ‘‘ਖੋਜੀ ਉਪਜੈ, ਬਾਦੀ ਬਿਨਸੈ.. ’’ (ਮਹਲਾ /੧੨੫੫), ਇਸ ਲਈ ਧਰਮ ਦੇ ਵਿਕਾਸ ’ਚ ਵੱਧ ਰੁਕਾਵਟਾਂ ਕਰਮਕਾਂਡੀ ਪੈਦਾ ਕਰਦੇ ਹਨ ਕਿਉਂਕਿ ਧਰਮ ਦੇ ਪ੍ਰਚਾਰ ਨਾਲ਼ ਉਨ੍ਹਾਂ ਦੀ ਅਰਥਹੀਣ ਸੋਚ ਵਾਲ਼ਾ ਕੂੜ-ਕਿਲ੍ਹਾ ਢਹਿੰਦਾ ਹੈ। ਖੋਜੀ-ਸਾਇੰਸਦਾਨ (ਨਾਸਤਿਕ) ਭੀ ਅਸਲ ਧਰਮ ਦੇ ਮਾਰਗ ’ਚ ਰੁਕਾਵਟ ਨਹੀਂ ਬਣਦੇ ਸਗੋਂ ਇਹ ਲੋਕ ਤਾਂ ਖ਼ੁਦ ਭੀ ਕਰਮਕਾਂਡੀ-ਜਮਾਤ ਹੱਥੋਂ ਪੀੜਤ ਰਹੇ ਹਨ; ਜੈਸਾ ਕਿ ਈਸਾਈ (ਕਰਮਕਾਂਡੀ) ਪਾਧਰੀਆਂ ਨੇ ਵੱਡੇ ਵੱਡੇ ਸਾਇੰਸਦਾਨਾਂ ਨੂੰ ਸਦੀਆਂ ਤੱਕ ਕਤਲ ਕਰਵਾਇਆ ਹੈ।

ਅਸਲ ਧਰਮ; ਮਾਨਵਤਾ ਨੂੰ ਏਕਤਾ ’ਚ ਪ੍ਰੋਂਦਾ ਹੈ; ਜਿਵੇਂ ਕਿ ਬਚਨ ਹਨ, ‘‘ਏਕੁ ਪਿਤਾ, ਏਕਸ ਕੇ ਹਮ ਬਾਰਿਕ.. (ਮਹਲਾ /੬੧੧), ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਦਿਸਹਿ ਬਾਹਰਾ ਜੀਉ (ਮਹਲਾ /੯੭), ਫਰੀਦਾ  !  ਖਾਲਕੁ ਖਲਕ ਮਹਿ; ਖਲਕ ਵਸੈ ਰਬ ਮਾਹਿ   ਮੰਦਾ ਕਿਸ ਨੋ ਆਖੀਐ  ? ਜਾਂ ਤਿਸੁ ਬਿਨੁ ਕੋਈ ਨਾਹਿ ’’ (ਮਹਲਾ /੧੩੮੧) ਆਮ ਕਹਾਵਤ ਹੈ ਕਿ ਧਰਮ; ਜੋੜਦਾ ਹੈ, ਤੋੜਦਾ ਨਹੀਂ, ਪਰ ਚੇਤੇ ਰਹੇ ਕਿ ਧਰਮ ਜੋੜਦਾ ਹੈ, ਕਰਮਕਾਂਡ ਨਹੀਂ। ਕਰਮਕਾਂਡੀ ਬੰਦਾ; ਸਮਾਜ ਨੂੰ ਤੋੜਦਾ ਹੈ, ਜੋੜਦਾ ਨਹੀਂ। ਇਹੀ ਕਾਰਨ ਹੈ ਕਿ ਐਸੇ ਸਰਬ ਸਾਂਝੇ ਬਚਨ ਕਰਨ ਵਾਲ਼ੇ ਗੁਰੂ ਅਰਜਨ ਸਾਹਿਬ ਨੂੰ ਭੀ ਕਰਮਕਾਂਡੀਆਂ ਨੇ ਤਸੀਹੇ ਦੇ ਕੇ ਸ਼ਹੀਦ ਕੀਤਾ ਹੈ। ਜਿਨ੍ਹਾਂ ਦਾ ਐਸੇ ਅਣਮਨੁੱਖੀ ਤਸੀਹੇ ਦੇਣ ’ਚ ਹੱਥ ਰਿਹਾ, ਉਨ੍ਹਾਂ ਨੇ ਹੀ ਧਰਮ ਦੇ ਨਾਂ ’ਤੇ ਮਨੁੱਖਤਾ ਨੂੰ ਜਾਤਾਂ, ਵਰਣਾਂ, ਕਬੀਲਿਆਂ ’ਚ ਵੰਡਿਆ ਹੈ।

ਅਸਲ ਧਰਮ ਅਨੁਸਾਰ ਹਰ ਕੋਈ ਆਪਣੇ ਚੰਗੇ-ਮੰਦੇ ਨਸੀਬ ਭੋਗਦਾ ਪਿਆ ਹੈ; ਤਾਂ ਤੇ ਹਰ ਇੱਕ ਨੂੰ ਆਪਣਾ ਜੀਵਨ ਜਿਊਣ ਦਾ ਪੂਰਾ ਅਧਿਕਾਰ ਹੈ। ਇਹੀ ਕਾਰਨ ਰਿਹਾ ਹੈ ਕਿ ਗੁਰੂ ਸਾਹਿਬਾਨ ਅਤੇ ਸਿੰਘਾਂ ਨੇ ਆਪਣੀ ਅਤੇ ਬੇਸਹਾਰਾ ਲੋਕਾਂ ਦੀ ਸੁਰੱਖਿਆ ਲਈ ਹਥਿਆਰ ਚੁੱਕੇ ਸਨ/ਹਨ, ਨਾ ਕਿ ਕਿਸੇ ਦੇ ਅਸਹਿਮਤ ਧਾਰਮਿਕ ਵਿਚਾਰਾਂ ਨੂੰ ਮਾਰਨ ਲਈ। ਭੱਜਦੇ ਹੋਏ ਦੁਸ਼ਮਣ ਦਾ ਸਿੱਖਾਂ ਨੇ ਕਦੇ ਪਿੱਛਾ ਨਹੀਂ ਕੀਤਾ। ਮਿਸਾਲ ਵਜੋਂ ਗੁਰੂ ਤੇਗ਼ ਬਹਾਦਰ ਸਾਹਿਬ ਪੰਡਿਤਾਂ ਦੇ ਉਨ੍ਹਾਂ ਧਾਰਮਿਕ ਚਿੰਨ੍ਹਾਂ ਨੂੰ ਬਚਾਉਣ ਲਈ ਆਪਣਾ ਸਰੀਰਕ ਬਲਿਦਾਨ ਦੇ ਗਏ, ਜੋ ਕਿ ਗੁਰਮਤਿ ਨਜ਼ਰੀਏ ਪੱਖੋਂ ਨਿਰੇ ਅਰਥਹੀਣ ਸਨ। ਗੁਰਮਤਿ ਦੇ ਅਸੂਲਾਂ ਮੁਤਾਬਕ ਹੀ ਅੱਜ ਹਰ ਦੇਸ; ਆਪਣੇ ਨਾਗਰਿਕਾਂ ਨੂੰ ਆਪਣੀ ਸੁਰੱਖਿਆ ਖ਼ੁਦ ਕਰਨ ਲਈ ਉਨ੍ਹਾਂ ਨੂੰ ਨਿਜੀ ਹਥਿਆਰ ਰੱਖਣ ਦੀ ਅਨੁਮਤੀ ਦਿੰਦਾ ਹੈ। ਸੋ ਗੁਰੂ ਸਾਹਿਬਾਨ ਨੇ ਹਥਿਆਰ ਚੁੱਕ ਕੇ ਕਿਸੇ ਦਾ ਜਬਰਨ ਧਰਮ ਪਰਿਵਰਤਨ ਨਹੀਂ ਕੀਤਾ ਅਤੇ ਨਾ ਹੀ ਕਿਸੇ ਦੇ ਧਾਰਮਿਕ ਅਦਾਰੇ ਢਾਹੇ ਹਨ।

ਜਦ ਹਰ ਕੋਈ ਆਪਣੇ ਨਸੀਬ ਭੋਗਣ ਲਈ ਜਨਮ ਲੈਂਦਾ ਹੈ। ਕਿਸੇ ਨੂੰ ਇਹ ਨਸੀਬ ਭੋਗਣ ਤੋਂ ਪਹਿਲਾਂ ਮਾਰਿਆ ਨਹੀਂ ਜਾ ਸਕਦਾ; ਜਿਵੇਂ ਕਿ ਬਚਨ ਹਨ, ‘‘ਹਰਿ ਬਿਨੁ ਕੋਈ ਮਾਰਿ ਜੀਵਾਲਿ ਸਕੈ; ਮਨ  ! ਹੋਇ ਨਿਚਿੰਦ ਨਿਸਲੁ ਹੋਇ ਰਹੀਐ ’’ (ਮਹਲ /੫੯੪) ਤਾਹੀਓਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ; ਪਿੱਛੇ ਆ ਰਹੀ ਅਣਗਿਣਤ ਪਹਾੜੀ ਫ਼ੌਜ ਦੀ ਪ੍ਰਵਾਹ ਨਾ ਕਰਦੇ ਹੋਏ ਸਰਸਾ ਨਦੀ ’ਤੇ ਆਸਾ ਦੀ ਵਾਰ ਦਾ ਕੀਰਤਨ ਕਰਨ ਨੂੰ ਤਰਜੀਹ ਦਿੰਦੇ ਹਨ।

ਗੁਰੂ ਨਾਨਕ ਸਾਹਿਬ ਜੀ ਅਨੁਸਾਰ ਮਨੁੱਖ ਜਿਸ ਤਰ੍ਹਾਂ ਦੇ ਈਸ਼ਟ ਦੀ ਬੰਦਗੀ ਕਰਦਾ ਹੈ, ਉਹ ਖ਼ੁਦ ਭੀ ਵੈਸਾ ਹੋ ਜਾਂਦਾ ਹੈ, ‘‘ਸਤਿਗੁਰੁ ਸੇਵੇ; ਸੋ ਜੋਗੀ ਹੋਇ ਭੈ ਰਚਿ ਰਹੈ; ਸੁ ਨਿਰਭਉ ਹੋਇ ਜੈਸਾ ਸੇਵੈ; ਤੈਸੋ ਹੋਇ ’’ (ਮਹਲਾ /੨੨੩) ਯਾਨੀ ਪੱਥਰ ਨੂੰ ਪੂਜਣ ਵਾਲ਼ਾ ਪੱਥਰ-ਦਿਲ ਹੋਏਗਾ ਅਤੇ ਨਿਰਭਉ ਆਦਿ ਸਚੁ ਨੂੰ ਸਿਮਰਨ ਵਾਲ਼ਾ ਸਦਾ ਨਿਡਰ ਰਹੇਗਾ। ਸਵਾ ਲੱਖ ਨਾਲ਼ ਇਕੱਲਾ ਲੜੇਗਾ।

ਧਰਮ ਅਨੁਸਾਰ ਸਰੀਰਕ ਮੌਤ; ਜ਼ਿੰਦਗੀ ਦਾ ਅੰਤ ਨਹੀਂ ਕਿਉਂਕਿ ਮਨ ’ਚ ਪਈ ਵਿਕਾਰ ਵਾਸ਼ਨਾ ਨਵਾਂ ਜਨਮ ਕਰਾ ਦਿੰਦੀ ਹੈ; ਜਿਵੇਂ ਕਿ ਭਾਈ ਗੁਰਦਾਸ ਜੀ ਦੇ ਬੋਲ ਹਨ, ‘‘ਜੁਗਿ ਜੁਗਿ ਮੇਰੁ ਸਰੀਰ ਕਾ; ਬਾਸਨਾ ਬਧਾ ਆਵੈ ਜਾਵੈ ਫਿਰਿ ਫਿਰਿ ਫੇਰਿ ਵਟਾਈਐ; ਗਿਆਨੀ ਹੋਇ ਮਰਮੁ ਕਉ ਪਾਵੈ..ਫਿਰਿ ਕਲਿਜੁਗ ਅੰਦਰਿ ਦੇਹਿ ਧਰਿ; ਕਰਮਾਂ ਅੰਦਰਿ ਫੇਰ ਫਸਾਵੈ ਅਉਸਰੁ ਚੁਕਾ; ਹਥ ਆਵੈ ੧੫ (ਭਾਈ ਗੁਰਦਾਸ ਜੀ/ਵਾਰ ਪਉੜੀ ੧੫) ਅਰਥ : ਸਿਰੋਮਣੀ ਮਨੁੱਖੀ ਸਰੀਰ ਭੀ ਸਦਾ ਤੋਂ ਵਿਕਾਰ-ਵਾਸ਼ਨਾ ’ਚ ਬੱਝਿਆ ਜਨਮ-ਮਰਨ ਧਾਰਦਾ ਹੈ। ਕਲਿਜੁਗ ’ਚ ਭੀ ਸਰੀਰ ਧਾਰਨ ਕਰ ਵਿਕਾਰ-ਨਸੀਬ ’ਚ ਪਈ ਮੈਲ਼ ਅਨੁਸਾਰ ਕਰਮ ਕਰਦਾ ਹੈ। ਜਿਸ ਨੇ ਇਹ ਵਿਕਾਰ-ਵਾਸ਼ਨਾ ਨਾ ਖ਼ਤਮ ਕੀਤੀ, ਉਹ ਫਿਰ ਅਗਲੇ ਜਨਮਾਂ ’ਚ ਖ਼ਤਮ ਨਹੀਂ ਕਰ ਸਕਦਾ ਕਿਉਂਕਿ ਇਸ ਨੂੰ ਮਾਰਨ ਦੀ ਸੋਝੀ ਦੇਣ ਵਾਲ਼ਾ ਓਥੇ ਗੁਰੂ, ਭਗਤ ਅਗਵਾਈ ਨਹੀਂ ਕਰਦਾ, ਪਰ ਇਹ ਰਾਜ਼ ਕੋਈ ਖੋਜੀ-ਗੁਰਮੁਖ ਹੀ ਸਮਝਦਾ ਹੈ (ਬਾਕੀ ਸਭ ਤਾਂ ਪਸ਼ੂ, ਪੰਛੀਆਂ ਵਾਙ ਟੀਚਾ ਰਹਿਤ ਜੂਨ ਹੀ ਭੋਗ ਰਹੇ ਹਨ)।

ਸੋ ਸਫਲ ਜ਼ਿੰਦਗੀ ਲਈ ਲੰਬੀ ਉਮਰ ਦਾ ਹੋਣਾ ਜ਼ਰੂਰੀ ਨਹੀਂ।  5-7 ਸਾਲਾਂ ਦੇ ਸਾਹਿਬਜ਼ਾਦੇ (ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫ਼ਤਿਹ ਸਿੰਘ ਜੀ) ਭੀ ਸਫਲ ਜੀਵਨ ਭੋਗ ਗਏ। ਐਸੇ ਮਰਜੀਵੜਿਆਂ ਦੀ ਸਰੀਰ ਮੌਤ ਭੀ ਮਾਨਵਤਾ ’ਚ ਧਰਮ ਪ੍ਰਤੀ ਚੇਤਨਾ ਜਗਾ ਜਾਂਦੀ ਹੈ ਤਾਹੀਓਂ ਦਸਮੇਸ਼ ਪਿਤਾ ਨੇ ਉਨ੍ਹਾਂ ਦੀ ਸਰੀਰਕ ਮੌਤ ’ਤੇ ਰਾਜਾ ਦਸ਼ਰਥ ਵਾਙ ਸੋਗ ਨਹੀਂ ਮਨਾਇਆ। ਚੇਤੇ ਰਹੇ ਕਿ ਰਾਮ ਚੰਦਰ ਜੀ ਦੇ ਵਣਵਾਸ ਜਾਣ ’ਤੇ ਪਿਤਾ ਦਸ਼ਰਥ ਨੇ ਕੋਠੇ ਤੋਂ ਛਾਲ਼ ਮਾਰ ਕੇ ਆਤਮ ਹੱਤਿਆ ਕਰ ਲਈ ਸੀ ਭਾਵੇਂ ਕਿ ਜੇਠਾ ਪੁੱਤਰ ਅਜੇ ਜੀਵਤ ਹੀ ਸੀ।