ਮਨੁੱਖੀ ਸੁਭਾਅ ਹੀ ਉਸ ਦੀ ਸ਼ਖ਼ਸੀਅਤ ਦਾ ਅਸਲ ਸਿਰਜਕ ਹੁੰਦਾ ਹੈ।

0
328

ਮਨੁੱਖੀ ਸੁਭਾਅ ਹੀ ਉਸ ਦੀ ਸ਼ਖ਼ਸੀਅਤ ਦਾ ਅਸਲ ਸਿਰਜਕ ਹੁੰਦਾ ਹੈ।

            -ਡਾ. ਅਮਨਦੀਪ ਸਿੰਘ ਟੱਲੇਵਾਲੀਆ ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ (ਬਰਨਾਲਾ) 98146-99446

ਕਿਸੇ ਵੀ ਇਨਸਾਨ ਦਾ ਸੁਭਾਅ ਉਸ ਦੇ ਆਲੇ-ਦੁਆਲੇ ’ਤੇ ਨਿਰਭਰ ਕਰਦਾ ਹੈ। ਆਲੇ-ਦੁਆਲੇ ਤੋਂ ਭਾਵ ਕੇਵਲ ਬਾਹਰੀ ਵਾਤਾਵਰਣ ਜਾਂ ਸਾਡਾ ਆਸ-ਪਾਸ ਹੀ ਨਹੀਂ, ਸਗੋਂ ਇਸ ਤੋਂ ਵੀ ਪਹਿਲਾਂ ਮਾਂ ਦੀ ਕੁੱਖ ਹਰ ਇਨਸਾਨ ਦਾ ਆਲਾ-ਦੁਆਲਾ ਹੁੰਦੀ ਹੈ। ਕੁੱਖ ਵਿੱਚ ਪਲ਼ ਰਿਹਾ ਬੱਚਾ, ਆਪਣੀ ਮਾਂ ਦੇ ਹਰ ਪ੍ਰਭਾਵ ਨੂੰ ਕਬੂਲਦਾ ਹੈ। ਗਰਭ ਦੌਰਾਨ ਜੋ ਕੁੱਝ ਮਾਂ ਨਾਲ ਵਾਪਰਦਾ ਹੈ, ਉਸ ਦਾ ਸਿੱਧਾ ਪ੍ਰਭਾਵ ਬੱਚੇ ਦੇ ਸਰੀਰਕ ਅਤੇ ਮਾਨਸਿਕ ਵਿਕਾਸ ’ਤੇ ਜ਼ਰੂਰ ਪੈਂਦਾ ਹੈ।  ਸੁਭਾਅ ਨੂੰ ਅੰਗਰੇਜ਼ੀ ਵਿੱਚ ਨੇਚਰ ਕਹਿ ਦਿੰਦੇ ਹਨ।  ਨੇਚਰ ਭਾਵ ‘ਕੁਦਰਤ’।  ਸੋ, ਕੁਦਰਤ ਨੇ ਮਨੁੱਖ ਨੂੰ ਜਿਹੋ ਜਿਹੇ ਸੁਭਾਅ ਵਾਲਾ ਬਣਾ ਦਿੱਤਾ, ਉਹ ਉਸੇ ਅਨੁਸਾਰ ਹੀ ਆਪਣਾ ਸਾਰਾ ਜੀਵਨ ਬਸਰ ਕਰਦਾ ਰਹਿੰਦਾ ਹੈ। ਇਹ ਸੁਭਾਅ ਗਰਭ ਦੇ ਅੰਦਰੋਂ ਹੀ ਬਣ ਕੇ ਆਉਂਦਾ ਹੈ। ਬਾਹਰਲਾ ਵਾਤਾਵਰਣ ਤਾਂ ਉਸ ਸੁਭਾਅ ਵਿੱਚ ਸਮੇਂ-ਸਮੇਂ ਸਿਰ ਥੋੜ੍ਹਾ-ਮੋਟਾ ਰੰਗ ਭਰਦਾ ਰਹਿੰਦਾ ਹੈ ਪਰ ਬੰਦੇ ਦਾ ਅਸਲੀ ਸੁਭਾਅ ਨਹੀਂ ਬਦਲਦਾ, ਸਿਰਫ ਮੌਕਾਪ੍ਰਸਤ ਜ਼ਰੂਰ ਬਣ ਸਕਦਾ ਹੈ। ਇਹ ਇਕ ਅਟੱਲ ਸਚਾਈ ਹੈ, ਜਿਸ ਨੂੰ ਅਸੀਂ ‘ਮੌਕਾਪ੍ਰਸਤ’ ਕਹਿ ਦਿੰਦੇ ਹਾਂ, ਉਹ ਗ਼ਲਤ ਜਾਂ ਮਾੜੇ ਨਹੀਂ ਹੁੰਦੇ। ਸਿਰਫ ਉਨ੍ਹਾਂ ਨੂੰ ਪਛਾਨਣ ਵਾਲੇ ਹੀ ਮਾੜੇ ਹੁੰਦੇ ਹਨ, ਜੋ ਕਿਸੇ ’ਤੇ ਭਰੋਸਾ ਕਰ ਲੈਂਦੇ ਹਨ ਕਿਉਂਕਿ ਇਨਸਾਨ ਦੇ ਸੁਭਾਅ ’ਚ ਜਿਹੜੇ ਤੱਤ ਭਾਰੂ ਹੁੰਦੇ ਹਨ, ਉਹ ਕਦੇ ਨਹੀਂ ਮਰਦੇ।  ਸਾਇੰਸ ਨੇ ਤਾਂ ਇਹ ਵੀ ਸਿੱਧ ਕਰ ਦਿੱਤਾ ਹੈ ਕਿ ਹਰੇਕ ਬੰਦੇ ਦੇ ਸੁਭਾਅ ’ਤੇ ਸੱਤ ਪੀੜ੍ਹੀਆਂ ਦੇ ਸੁਭਾਅ ਦਾ ਪ੍ਰਭਾਵ ਪੈਂਦਾ ਹੈ।  ਕਈ ਬੱਚੇ ਆਪਣੇ ਮਾਂ-ਬਾਪ ਵਰਗੇ ਨਹੀਂ ਹੁੰਦੇ। ਦਾਦੇ ਜਾਂ ਦਾਦੀ ਵਰਗੇ ਹੁੰਦੇ ਹਨ। ਕਈਆਂ ’ਤੇ ਪੜਦਾਦੇ ਜਾਂ ਪੜਨਾਨੇ ਦਾ ਸੁਭਾਅ ਵੀ ਭਾਰੂ ਹੋ ਸਕਦਾ ਹੈ। ਬਾਹਰੀ ਪ੍ਰਸਥਿਤੀਆਂ ਤਾਂ ਸਮੇਂ-ਸਮੇਂ ਬਦਲਦੀਆਂ ਰਹਿੰਦੀਆਂ ਹਨ ਪਰ ਅੰਦਰੂਨੀ ਤੌਰ ’ਤੇ ਇਨਸਾਨ ਨਹੀਂ ਬਦਲਦਾ, ਜਿਵੇਂ ਵਾਰਿਸ ਸ਼ਾਹ ਕਹਿੰਦਾ ਹੈ :- ‘ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।’

ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਕ ਬੱਚਾ ਛੋਟਾ ਹੁੰਦਾ ਜੋ ਬਹੁਤ ਨਰਮ ਅਤੇ ਸ਼ਰੀਫ਼ ਹੈ, ਉਹ ਵੱਡਾ ਹੋਇਆ ਵੀ ਨਰਮ ਅਤੇ ਸ਼ਰੀਫ਼ ਹੀ ਰਹੇਗਾ।  ਹੋ ਸਕਦਾ ਹੈ ਕਿ ਕੁਝ ਬਾਹਰੀ ਪ੍ਰਸਥਿਤੀਆਂ ਕਰ ਕੇ ਉਸ ਨੂੰ ਕਠੋਰ ਬਣਨਾ ਪੈ ਜਾਵੇ ਪਰ ਕੁਝ ਸਮੇਂ ਬਾਅਦ ਜਦ ਉਸ ਦੀਆਂ ਬਾਹਰੀ ਪ੍ਰਸਥਿਤੀਆਂ ਠੀਕ ਹੋ ਜਾਣਗੀਆਂ ਤਾਂ ਉਹ ਫਿਰ ਆਪਣੇ ਸ਼ਰੀਫ਼ ਅਤੇ ਨਰਮ ਸੁਭਾਅ ਨੂੰ ਨਹੀਂ ਛੱਡਦਾ।  ਕਠੋਰ ਹੁੰਦਾ ਹੋਇਆ ਵੀ ਉਹ ਨਰਮਾਈ ਵਰਤੇਗਾ। ਇਸ ਦੇ ਉਲਟ ਜੇਕਰ ਛੋਟਾ ਬੱਚਾ ਬਹੁਤ ਜ਼ਿੱਦੀ ਜਾਂ ਲੜਾਕਾ ਹੋਵੇਗਾ ਤਾਂ ਹੋ ਸਕਦਾ ਹੈ ਕਿ ਉਹ ਵੱਡਾ ਹੋ ਕੇ ਮੌਕਾਪ੍ਰਸਤ ਬਣਨ ਲਈ ਨਰਮ ਜਾਂ ਸ਼ਰੀਫ ਬਣ ਜਾਵੇ ਪਰ ਉਸ ਦਾ ਅੰਦਰਲਾ ਜ਼ਿੱਦੀ ਮਨੁੱਖ, ਉਸ ਨੂੰ ਨਹੀਂ ਛੱਡਦਾ।

ਅਸੀਂ ਆਪਣੇ ਆਲੇ-ਦੁਆਲੇ, ਨਰਮ, ਗਰਮ, ਠੰਢੇ, ਮਿੱਠੇ, ਰੁੱਖੇ, ਚੁੱਪ ਕੀਤੇ, ਬੜਬੋਲੇ, ਮਜ਼ਾਕੀਏ, ਟਿੱਚਰੀ, ਲਾਲਚੀ, ਖੁੱਲ੍ਹੇ-ਡੁੱਲ੍ਹੇ, ਮਿਸਕ ਮਿੰਨ੍ਹੇ, ਖ਼ੁਸ਼ਦਿਲ, ਭੌਂਦੂ, ਰੋਣ ਸੂਰਤੇ, ਜ਼ਿੱਦੀ, ਰੋਅਬ ਵਾਲੇ, ਡਰਪੋਕ, ਨਿਡਰ, ਕਾਮੇ, ਕੰਮਚੋਰ, ਕੰਜੂਸ, ਸਾਧ, ਠੱਗ, ਬਦਮਾਸ਼ ਜਾਂ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਸੁਭਾਅ ਵਾਲੇ ਲੋਕਾਂ ਨੂੰ ਜਾਣਦੇ ਹਾਂ, ਜੋ ਸਾਰੀ ਉਮਰ ਉਸੇ ਤਰ੍ਹਾਂ ਹੀ ਵਿਚਰਦੇ ਹਨ।  ਹੋ ਸਕਦਾ ਹੈ ਕਿ ਕੁੱਝ ਸਮਾਂ ਉਹ ਆਪਣਾ ਮਤਲਬ ਕੱਢਣ ਲਈ ਆਪਣੇ ਆਪ ਨੂੰ ਤਬਦੀਲ ਕਰਨ ਦੀ ਕੋਸ਼ਿਸ਼ ਵੀ ਕਰਦੇ ਹੋਣ ਪਰ ਉਹਨਾਂ ਦਾ ਅੰਦਰੂਨੀ ਸੁਭਾਅ, ਜੋ ਉਹਨਾਂ ਨੂੰ ਉਹੀ ਕਰਨ ਲਈ ਮਜਬੂਰ ਕਰ ਦਿੰਦਾ ਹੈ, ਨਹੀਂ ਬਦਲਦਾ।  ਸੁਭਾਅ ਜਿਸ ’ਤੇ ਪਰਿਵਾਰਕ ਸੰਸਕਾਰਾਂ ਦਾ ਵੀ ਪ੍ਰਭਾਵ ਪੈਂਦਾ ਹੈ, ਆਲੇ-ਦੁਆਲੇ ਦਾ ਵੀ, ਪਰ ਕੋਈ ਵੀ ਇਨਸਾਨ ਆਪਣੇ ਆਪ ਨੂੰ ਬਦਲਣ ਨੂੰ ਤਿਆਰ ਨਹੀਂ ਹੁੰਦਾ ਜਾਂ ਇਹ ਕਹਿ ਲਵੋ ਕਿ ਜੇਕਰ ਕਿਸੇ ਦੇ ਸੁਭਾਅ ਨੂੰ ਬਦਲਣ ਦੀ ਕਿਸੇ ਵਿੱਚ ਤਾਕਤ ਹੁੰਦੀ ਤਾਂ ਦੁਨੀਆਂ ’ਤੇ ਸਭ ਝਗੜੇ-ਝੇੜੇ ਨਿੱਬੜ ਜਾਣੇ ਸਨ।  ਉਦਾਹਰਨ ਦੇ ਤੌਰ ’ਤੇ ਅਸੀਂ ਆਪਣੇ ਆਲੇ-ਦੁਆਲੇ ਬਹੁਤ ਸਾਰੇ ਲੋਕਾਂ ਨੂੰ ਜਾਣਦੇ ਹਾਂ, ਜਿਨ੍ਹਾਂ ਦਾ ਸੁਭਾਅ ਬਹੁਤ ਅੜਬ ਹੁੰਦਾ ਹੈ ਪਰ ਬਹੁਤ ਲੋਕ ਹੋਣਗੇ, ਜਿਨ੍ਹਾਂ ਨੇ ਅੜਬ ਸੁਭਾਅ ਵਾਲਿਆਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੋਵੇਗੀ ਪਰ ਸਫਲ ਨਹੀਂ ਹੋਏ ਕਿਉਂਕਿ ਹਰ ਇਨਸਾਨ ਆਪਣੇ ਸੁਭਾਅ ਦਾ ਗੁਲਾਮ ਹੁੰਦਾ ਹੈ, ਜਿਵੇਂ ਕਹਿੰਦੇ ਨੇ ‘ਭਾਅ ਬਦਲ ਜਾਂਦੇ ਨੇ, ਸੁਭਾਅ ਨਹੀਂ ਬਦਲਦੇ।’

ਜੇਕਰ ਵਿੱਚ ਨੂੰਹ, ਆਪਣੀ ਸੱਸ ਦੇ ਸੁਭਾਅ ਨੂੰ ਸਮਝ ਲਵੇ ਕਿ ਇਹਦਾ ਤਾਂ ਸੁਭਾਅ ਹੀ ਇਹ ਹੈ ਕਿ ਇਹਨੇ ਕਿੜ-ਕਿੜ ਕਰੀ ਜਾਣੈ ਤਾਂ ਨੂੰਹ ਬਹੁਤ ਸੌਖੀ ਰਹਿ ਸਕਦੀ ਹੈ। ਅਗਰ ਸੱਸ ਦੀ ਕਿੜ-ਕਿੜ ਤੋਂ ਨੂੰਹ ਕੋਈ ਜਵਾਬ ਦਿੰਦੀ ਹੈ ਤਾਂ ਲੜਾਈ ਵਧ ਜਾਂਦੀ ਹੈ। ਇਸੇ ਪ੍ਰਕਾਰ ਘਰ ਦੇ ਵੱਖ-ਵੱਖ ਜੀਆਂ ਦਾ ਸੁਭਾਅ ਵੱਖਰਾ ਹੁੰਦਾ ਹੈ।  ਜੇਕਰ ਸਾਰੇ ਜੀਅ ਇਕ-ਦੂਜੇ ਦੇ ਸੁਭਾਅ ਨੂੰ ਸਮਝ ਕੇ ਵਿਚਰਦੇ ਰਹਿਣ ਤਾਂ ਲੜਾਈ ਝਗੜੇ ਦਾ ਮਤਲਬ ਹੀ ਨਹੀਂ ਰਹਿ ਜਾਂਦਾ।

ਮਿੱਠ-ਬੋਲੜੇ ਇਨਸਾਨ ਭਾਵੇਂ ਸਭ ਨੂੰ ਵਧੀਆ ਲੱਗਦੇ ਹਨ ਪਰ ਇਹ ਜ਼ਰੂਰੀ ਨਹੀਂ ਕਿ ਮਿੱਠਾ ਬੋਲਣਾ, ਉਹਨਾਂ ਦਾ ਸੁਭਾਅ ਹੀ ਹੋਵੇ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅੱਜ ਕੱਲ੍ਹ ਹਰ ਸ਼ੋਅ ਰੂਮ ਜਾਂ ਕਿਸੇ ਪ੍ਰਾਈਵੇਟ ਫਰਮ ’ਤੇ ਰਿਸ਼ੈਪਸ਼ਨ ’ਤੇ ਬੈਠੀ ਲੜਕੀ ਬਹੁਤ ਮਿੱਠਾ ਬੋਲਦੀ ਹੈ। ਜੇਕਰ ਉਹ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਮਿੱਠਾ ਬੋਲਦੀ ਹੈ ਤਾਂ ਉਸ ਦਾ ਸੁਭਾਅ ਮਿੱਠ-ਬੋਲੜਾ ਹੈ।  ਨਹੀਂ ਤਾਂ ਸਿਰਫ ਪ੍ਰੋਫੈਸ਼ਨਲ ਤੌਰ ’ਤੇ ਉਸ ਨੇ ਮਿੱਠੇ ਸੁਭਾਅ ਦਾ ਮਖੌਟਾ ਪਾਇਆ ਹੋਇਆ ਹੈ।  ਇਹੀ ਕਾਰਨ ਹੈ ਕਿ ਅਸੀਂ ਕਿਸੇ ਵੀ ਇਨਸਾਨ ਦੇ ਬਾਹਰੀ ਜਾਂ ਪ੍ਰੋਫੈਸ਼ਨਲ ਸੁਭਾਅ ਨੂੰ ਹੀ ਜਾਣਦੇ ਹਾਂ ਪਰ ਸਿਆਣੇ ਕਹਿੰਦੇ ਹਨ ਕਿ ‘ਵਾਹ ਪਏ ਜਾਣੀਏ ਜਾਂ ਰਾਹ ਪਏ ਜਾਣੀਏ’। ਇਹੀ ਕਾਰਨ ਹੈ ਕਿ ਸਾਡੇ ਲੋਕ ਧੋਖੇ ਦਾ ਸ਼ਿਕਾਰ ਹੋ ਜਾਂਦੇ ਹਨ।  ਖ਼ਾਸ ਕਰ ਕੇ ਅੱਲ੍ਹੜ ਉਮਰ ਦੇ ਨੌਜਵਾਨ ਮੁੰਡੇ-ਕੁੜੀਆਂ ਸਿਰਫ਼ ਬਾਹਰੀ ਦਿਖਾਵੇ ਜਾਂ ਉਤਲੇ ਮਨ ’ਤੇ ਹੀ ਇਕ-ਦੂਜੇ ’ਤੇ ਮਰ ਜਾਂਦੇ ਹਨ ਪਰ ਜਦੋਂ ਵਾਹ ਪੈਂਦਾ ਹੈ ਤਾਂ ਪਤਾ ਲੱਗਦਾ ਹੈ।

ਸੋ ਕਿਸੇ ਨੂੰ ਧੋਖੇਬਾਜ ਜਾਂ ਮਾੜਾ ਕਹਿਣ ਤੋਂ ਪਹਿਲਾਂ ਆਪਣੇ ਆਪ ਨੂੰ ਜ਼ਰੂਰ ਪੁੱਛੋ ਕਿ ਜਿਹੜਾ ਇਨਸਾਨ ਤੁਹਾਡੇ ਨਾਲ ਧੋਖਾ ਕਰਦਾ ਹੈ, ਉਹ ਤਾਂ ਸ਼ੁਰੂ ਤੋਂ ਹੀ ਧੋਖੇਬਾਜ ਸੀ ਪਰ ਤੁਸੀਂ ਉਸ ਨੂੰ ਪਹਿਚਾਣ ਨਹੀਂ ਸਕੇ। ਨਾਲੇ ਬਾਅਦ ਵਿੱਚ ਜਦੋਂ ਅਸੀਂ ਹੋਰਨਾਂ ਲੋਕਾਂ ਦੀ ਰਾਏ ਲੈਂਦੇ ਹਾਂ ਤਾਂ ਸਿੱਟਾ ਇਹੀ ਨਿਕਲਦਾ ਹੈ ਕਿ ਫਲਾਣਾ ਤਾਂ ਹੈ ਹੀ ਇਹੋ ਜਿਹਾ ਸੀ। ਇਹ ਤਾਂ ਭਾਈ ਸਾਹਿਬ ਤੁਹਾਡੀ ਗ਼ਲਤੀ ਹੈ, ਜਿਹੜਾ ਅਜਿਹੇ ਆਦਮੀ ਨਾਲ….।

ਸੁਭਾਅ ਹੀ ਸਾਡੀ ਸ਼ਖ਼ਸੀਅਤ ਦਾ ਮੁੱਢ ਹੁੰਦਾ ਹੈ। ਜਦੋਂ ਅਸੀਂ ਕਿਸੇ ਬਾਰੇ, ਕਿਸੇ ਦੂਸਰੇ ਤੋਂ ਪੁੱਛਦੇ ਹਾਂ ਕਿ ਫਲਾਣਾ ਬੰਦਾ ਕਿਹੋ ਜਿਹਾ ਹੈ ਤਾਂ ਉਥੇ ਕਿਸੇ ਇਨਸਾਨ ਦੇ ਕੱਦ-ਕਾਠ, ਗੋਰੇ-ਕਾਲੇ ਰੰਗ ਦੀ ਨਹੀਂ, ਸਭ ਤੋਂ ਪਹਿਲਾਂ ਸੁਭਾਅ ਦੀ ਗੱਲ ਚਲਦੀ ਹੈ ਕਿ ਫਲਾਣਾ ਤਾਂ ਬੜਾ ਚੰਗਾ ਬੰਦਾ, ਸਾਊ ਸੁਭਾਅ ਦਾ ਮਾਲਕ ਜਾਂ ਫਲਾਣਾ ਬੜਾ ਮਾੜਾ ਬੰਦਾ ਹੈ।  ਸੋ ਕਹਿਣ ਤੋਂ ਭਾਵ ਸੁਭਾਅ ਇਨਸਾਨ ਦਾ ਮੁੱਢਲਾ ਪਛਾਣ ਚਿੰਨ੍ਹ ਹੈ। ਆਦਮੀ ਆਪਣੇ ਸੁਭਾਅ ਦਾ ਖੱਟਿਆ ਹੀ ਖਾਂਦਾ ਹੈ। ਆਪਣੇ ਸੁਭਾਅ ਨੂੰ ਮਖੌਟੇ ਵਿੱਚ ਪਾ ਕੇ ਰੱਖਣਾ ਵੀ ਇੱਕ ਕਲਾ ਹੈ ਪਰ ਕਿਸੇ ਦੇ ਅਸਲ ਸੁਭਾਅ ਨੂੰ ਜਾਣ ਲੈਣਾ, ਉਸ ਤੋਂ ਵੀ ਵੱਡੀ ਕਲਾ ਹੈ। 

ਸੋ ਇਕ-ਦੂਜੇ ਦੇ ਸੁਭਾਅ ਨੂੰ ਪਛਾਣੋ।  ਜੇਕਰ ਕੋਈ ਚੰਗਾ ਹੈ ਤਾਂ ਇਹ ਜਾਣੋ ਕਿ ਉਹ ਚੰਗਾ ਕਿਉਂ ਹੈ ?  ਜੇਕਰ ਕੋਈ ਮਾੜਾ ਹੈ ਤਾਂ ਇਹ ਜਾਣੋ ਕਿ ਕੀ ਉਹ ਸੱਚ ਮੁੱਚ ਮਾਂ ਦੀ ਕੁੱਖ ’ਚੋਂ ਹੀ ਅਜਿਹਾ ਸੁਭਾਅ ਲੈ ਕੇ ਪੈਦਾ ਹੋਇਆ ਸੀ ਜਾਂ ਉਸ ਦੇ ਹਾਲਾਤ ਹੀ ਅਜਿਹੇ ਰਹੇ ਸਨ।  ਜਦੋਂ ਅਸੀਂ ਇਕ-ਦੂਜੇ ਦੇ ਸੁਭਾਅ ਨੂੰ ਸਮਝਣ ਵਿੱਚ ਪਰਪੱਕ ਹੋ ਜਾਵਾਂਗੇ ਤਾਂ ਬਹੁਤੇ ਝਗੜੇ, ਸ਼ੰਕੇ ਦੂਰ ਹੋ ਜਾਣਗੇ।