ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥

0
4684

ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥

ਸੁਖਦੇਵ ਸਿੰਘ ਲੁਧਿਆਣਾ, ਫੋਨ: 83605-68209

ਹਥਲੀ ਤੁਕ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਜਪੁ ਜੀ ਸਾਹਿਬ ਵਿੱਚ ਅੰਕਿਤ ਕੀਤੀ ਹੈ, ਜਿਸ ਨੂੰ ਅਸੀਂ ਰੋਜ਼ਾਨਾ ਪੜ੍ਹਦੇ-ਸੁਣਦੇ ਹਾਂ। ਇਸ ਵਿੱਚ ਰੱਬੀ ਹੁਕਮ ਨੂੰ ਬੁੱਝਣ ਜਾਂ ਜਾਣਨ ਦੀ ਗੱਲ ਕੀਤੀ ਗਈ ਹੈ। ਜਪੁ ਬਾਣੀ ਦੀ ਦੂਸਰੀ ਪਉੜੀ ’ਚ ਰੱਬੀ ਹੁਕਮ ਦੀ ਵਿਆਖਿਆ ਦਰਜ ਹੈ ਅਤੇ ਇਨ੍ਹਾਂ ਸ਼ਬਦਾਂ ਨਾਲ ਸਮਾਪਤ ਹੁੰਦੀ ਹੈ, ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥  ਨਾਨਕ  ! ਹੁਕਮੈ ਜੇ ਬੁਝੈ; ਤ ਹਉਮੈ ਕਹੈ ਨ ਕੋਇ ॥੨॥’’ (ਜਪੁ)

ਇਨ੍ਹਾਂ ਤੁਕਾਂ ਦਾ ਭਾਵਾਰਥ ਇਹ ਹੈ ਕਿ ਜੋ ਵੀ ਵਰਤਾਰਾ ਕੁਦਰਤ ਵਿੱਚ ਵਰਤ ਰਿਹਾ ਹੈ, ਉਹ ਰੱਬ ਦੇ ਹੁਕਮ ਵਿੱਚ ਵਰਤ ਰਿਹਾ ਹੈ, ਉਸ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ; ਜਿਵੇਂ ਅਸੀਂ ਕਈ ਵਾਰ ਸੁਣਦੇ ਹਾਂ ਕਿ ਰੱਬ ਦੇ ਹੁਕਮ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲਦਾ ਭਾਵ ਉਸ ਦੀ ਮਰਜ਼ੀ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਇਹ ਵੀ ਕਿਹਾ ਜਾਂਦਾ ਹੈ ਕਿ ਰੱਬ ਕਿਸੇ ਦਾ ਬੁਰਾ ਨਹੀਂ ਲੋਚਦਾ ਅਤੇ ਮਿੱਠਾ ਬੋਲਦਾ ਹੈ। ਫਿਰ ਵੀ ਅਸੀਂ ਦੇਖਦੇ ਹਾਂ ਕਿ ਸਮੁੰਦਰ ਵਿੱਚ ਤੂਫਾਨ ਆਉਂਦੇ ਹਨ, ਹਜ਼ਾਰਾਂ ਲੋਕ ਤੂਫਾਨ ਵਿੱਚ ਮਰ ਜਾਂਦੇ ਹਨ। ਕਿਤੇ ਹੜ੍ਹ ਆ ਜਾਂਦਾ ਹੈ, ਕਿਤੇ ਕੋਈ ਬੱਸ ਖੱਡ ਵਿੱਚ ਡਿੱਗ ਜਾਂਦੀ ਹੈ, ਕਿਤੇ ਕੋਈ ਐਕਸੀਡੈਂਟ ਹੋ ਜਾਂਦਾ ਹੈ। ਆਮ ਬੰਦੇ ਦੇ ਮਨ ਵਿੱਚ ਇਹ ਸਵਾਲ ਖੜ੍ਹਾ ਹੋ ਜਾਂਦਾ ਹੈ ਕਿ ਕੀ ਇਹ ਸਭ ਕੁਝ ਕਰਨ ਦਾ ਹੁਕਮ ਰੱਬ ਨੇ ਦਿੱਤਾ ਹੈ ? ਆਮ ਬੰਦਾ ਇਹ ਸਮਝਦਾ ਹੈ ਕਿ ਰੱਬ, ਉੱਪਰ ਬੈਠਾ ਹੁਕਮ ਕਰੀ ਜਾਂਦਾ ਹੈ ਕਿ ਫਲਾਣੇ ਨੂੰ ਮਾਰ ਦਿਓ, ਫਲਾਣੇ ਨੂੰ ਬਿਮਾਰ ਕਰ ਦਿਓ, ਹੁਣ ਇਹ ਕਰ ਦਿਓ, ਹੁਣ ਉਹ ਕਰ ਦਿਓ। ਜੇ ਇਸ ਤਰ੍ਹਾਂ ਮੰਨ ਲਈਏ ਤਾਂ ਫਿਰ ਸੰਸਾਰ ਵਿੱਚ ਅਰਬਾਂ ਮਨੁੱਖ ਤੇ ਜਾਨਵਰ ਹਨ ਅਤੇ ਅਰਬਾਂ ਦੀ ਗਿਣਤੀ ਵਿੱਚ ਸਮੁੰਦਰੀ ਜੀਵ ਅਤੇ ਕੀੜੇ-ਮਕੌੜੇ ਹਨ, ਕਿੰਨੀ ਬਨਸਪਤੀ ਹੈ। ਕਿਹੜੇ ਦਰਖ਼ਤ ਦਾ ਪੱਤਾ ਕਦੋਂ ਹਿੱਲੇ, ਰੱਬ ਇਹੀ ਦੇਖਦਾ ਰਹੇ ਤਾਂ ਉਸ ਨੂੰ ਕਦੇ ਵਿਹਲ ਹੀ ਨਹੀਂ ਮਿਲ ਸਕਦੀ ? ਇਸੇ ਤਰ੍ਹਾਂ ਰੱਬ ਦੇ ਹੋਰ ਹਜ਼ਾਰਾਂ ਕੰਮ ਕਿਸ ਤਰ੍ਹਾਂ ਹੋਣਗੇ ?

ਦਰਅਸਲ ਇੱਥੇ ਹੁਕਮ ਦਾ ਮਤਲਬ ਕਿਤੇ ਸੱਤਵੇਂ ਅਸਮਾਨ ’ਤੇ ਬੈਠ ਕੇ ਕੀਤੇ ਜਾਣ ਵਾਲਾ ਹੁਕਮ ਨਹੀਂ ਬਲਕਿ ਰੱਬੀ ਕਾਨੂੰਨ ਜਾਂ ਕੁਦਰਤ ਦੀ ਮਰਿਆਦਾ ਹੈ। ਕੁਦਰਤ ਵਿੱਚ ਵਿਚਰ ਰਹੇ ਸਾਰੇ ਜੀਅ-ਜੰਤ (ਮਨੁੱਖ ਸਮੇਤ) ਤੇ ਪੇੜ-ਪੌਦੇ ਉਸ ਦੇ ਕਿਸੇ ਨਿਯਮ ਅਧੀਨ ਹੀ ਕੰਮ ਕਰ ਰਹੇ ਹਨ। ਇਸੇ ਲਈ ਇਹ ਕਿਹਾ ਜਾਂਦਾ ਹੈ ਕਿ ਉਸ ਦੇ ਹੁਕਮ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ ਕਿਉਂਕਿ ਹਵਾ, ਪਾਣੀ, ਸੂਰਜ, ਧਰਤੀ ਆਦਿ ਸਾਰਾ ਵਰਤਾਰਾ ਹੀ ਉਸ ਦੇ ਹੁਕਮ ਵਿੱਚ ਚੱਲ ਰਿਹਾ ਹੈ। ਇਹ ਸਾਰੇ ਰੱਬ ਦੇ ਬਣਾਏ ਵਿਧੀ-ਵਿਧਾਨ ਮੁਤਾਬਕ ਹੀ ਕੰਮ ਕਰ ਰਹੇ ਹਨ। ਰੱਬ ਨੇ ਇਹ ਕਾਨੂੰਨ ਬਣਾ ਦਿੱਤਾ ਕਿ ਹਵਾ ਇਸ ਤਰ੍ਹਾਂ ਚੱਲੇਗੀ ਤੇ ਹਵਾ ਦੇ ਚੱਲਣ ਨਾਲ ਪੱਤੇ ਹਿੱਲਣਗੇ। ਜਿਸ ਪੱਤੇ ’ਤੇ ਹਵਾ ਦਾ ਦਬਾਅ ਵੱਧ ਪਵੇਗਾ, ਉਹ ਵੱਧ ਹਿੱਲੇਗਾ। ਜਿਸ ’ਤੇ ਘੱਟ ਪਏਗਾ ਉਹ ਘੱਟ ਹਿੱਲੇਗਾ ਅਤੇ ਜਿਸ ’ਤੇ ਨਹੀਂ ਪਏਗਾ ਉਹ ਨਹੀਂ ਹਿੱਲੇਗਾ। ਇਹ ਸਾਰਾ ਕੁਝ ਰੱਬ ਦੇ ਬਣਾਏ ਹੋਏ ਕਾਨੂੰਨ ਮੁਤਾਬਕ ਹੀ ਹੁੰਦਾ ਹੈ। ਰੱਬ ’ਕੱਲੇ-’ਕੱਲੇ ਪੱਤੇ ਨੂੰ ਹਿੱਲਣ ਲਈ ਹੁਕਮ ਜਾਰੀ ਨਹੀਂ ਕਰੇਗਾ। ਜਦੋਂ ਮਨੁੱਖ ਇਹ ਕਹਿੰਦਾ ਹੈ ਕਿ ‘ਮੈਂ ਆਹ ਕੀਤਾ, ਮੈਂ ਓਹ ਕੀਤਾ’ ਉਦੋਂ ਉਹ ਰੱਬ ਤੋਂ ਦੂਰ ਚਲਾ ਜਾਂਦਾ ਹੈ ਕਿਉਂਕਿ ਬੰਦੇ ਦਾ ਸਰੀਰ ਵੀ ਤਾਂ ਰੱਬ ਹੀ ਚਲਾ ਰਿਹਾ ਹੁੰਦਾ ਹੈ। ਇਸੇ ਹਉਮੈ ਕਰ ਕੇ ਹੀ ਮਨੁੱਖ ਰੱਬ ਤੋਂ ਦੂਰ ਹੁੰਦਾ ਜਾਂਦਾ ਹੈ; ਜਿਵੇਂ ਦੇਸ਼ ਦਾ ਕਾਨੂੰਨ ਹਰ ਨਾਗਰਿਕ ’ਤੇ ਲਾਗੂ ਹੁੰਦਾ ਹੈ ਤੇ ’ਕੱਲੇ-’ਕੱਲੇ ਨੂੰ ਹੁਕਮ ਜਾਰੀ ਨਹੀਂ ਹੁੰਦਾ, ਉਸੇ ਤਰ੍ਹਾਂ ਰੱਬ ਦਾ ਹੁਕਮ ਹੈ।

‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ ਤੁਕ ਦਾ ਭਾਵ ਇਹੀ ਹੈ ਕਿ ਹਰ ਚੀਜ਼ ਰੱਬ ਦੇ ਹੁਕਮ ਵਿੱਚ ਵਿਚਰਦੀ ਹੈ। ਮਿਸਾਲ ਵਜੋਂ ਰੱਬ ਨੇ ਇੱਕ ਨਿਯਮ ਬਣਾ ਦਿੱਤਾ ਕਿ ਧਰਤੀ ਹਰ ਚੀਜ਼ ਨੂੰ ਆਪਣੇ ਵੱਲ ਖਿੱਚੇਗੀ; ਜਿਵੇਂ ਅਸੀਂ ਕੋਈ ਪੱਥਰ ਉੱਪਰ ਵੱਲ ਸੁੱਟੀਏ ਤਾਂ ਉਹ ਧਰਤੀ ਦੀ ਖਿੱਚ ਕਾਰਨ ਥੱਲੇ ਆ ਡਿੱਗਦਾ ਹੈ ਪਰ ਦੂਜੇ ਪਾਸੇ ਇੱਕ ਗੁਬਾਰੇ ਵਿੱਚ ਗੈਸ ਭਰ ਕੇ ਥੱਲੇ ਵੱਲ ਸੁਟੀਏ ਤਾਂ ਵੀ ਉਹ ਉੱਪਰ ਵੱਲ ਜਾਣਾ ਸ਼ੁਰੂ ਕਰ ਦਿੰਦਾ ਹੈ। ਇਹ ਰੱਬੀ ਹੁਕਮ ਹੈ। ਪੱਥਰ ਠੋਸ ਚੀਜ਼ ਹੈ ਤੇ ਗੈਸ ਹਵਾ ਦਾ ਇੱਕ ਰੂਪ। ਪੱਥਰ ਹਮੇਸ਼ਾਂ ਧਰਤੀ ਵੱਲ ਖਿੱਚਿਆ ਜਾਵੇਗਾ ਤੇ ਗੁਬਾਰਾ ਉੱਪਰ ਨੂੰ ਉੱਡੇਗਾ। ਰੱਬ ਦਾ ਇਹ ਹੁਕਮ ਹਰ ਥਾਂ ਇੱਕੋ ਜਿਹਾ ਲਾਗੂ ਹੈ। ਹੁਣ ਸੁਆਲ ਪੈਦਾ ਹੁੰਦਾ ਹੈ ਕਿ ਹੁਕਮ ਦਾ ਹਉਮੈ ਨਾਲ ਕੀ ਸੰਬੰਧ ਹੈ ? ਇਸ ਦਾ ਬੜਾ ਗਹਿਰਾ ਸੰਬੰਧ ਹੈ। ਮਨੁੱਖ ਕੋਈ ਚੀਜ਼ ਬਣਾ ਕੇ ਇਹ ਸਮਝਦਾ ਹੈ ਕਿ ਮੈਂ ਇਹ ਬਣਾਈ ਹੈ ਜਦਕਿ ਹੁੰਦਾ ਇਹ ਹੈ ਕਿ ਰੱਬ ਦੀ ਦਿੱਤੀ ਬਲ-ਬੁੱਧੀ ਕਰ ਕੇ ਹੀ ਮਨੁੱਖ ਕੁਝ ਕਰ ਪਾਉਂਦਾ ਹੈ। ਮਨੁੱਖ ਦਾ ਸਰੀਰ ਵੀ ਰੱਬ ਦੇ ਹੁਕਮ ਵਿੱਚ ਚੱਲ ਰਿਹਾ ਹੈ। ਰੱਬ ਦੇ ਹੁਕਮ ਵਿੱਚ ਹੀ ਸਰੀਰ ਬੁੱਢਾ ਹੁੰਦਾ ਹੈ ਤੇ ਅੰਤ ਖ਼ਤਮ ਹੋ ਜਾਂਦਾ ਹੈ, ਪਰ ਅਗਿਆਨੀ ਮਨੁੱਖ ਇਸ ਨੂੰ ਆਪਣਾ ਸਮਝਣ ਦੀ ਵੱਡੀ ਭੁੱਲ ਕਰ ਬੈਠਦਾ ਹੈ। ਜੇਕਰ ਮਨੁੱਖ ਇਹ ਚੰਗੀ ਤਰ੍ਹਾਂ ਸਮਝ ਲਵੇ ਕਿ ਇਹ ਸਰੀਰ ਰੱਬ ਦਾ ਦਿੱਤਾ ਹੋਇਆ ਹੈ ਤੇ ਉਹੀ ਸਾਰੇ ਕੰਮ ਉਸ ਕੋਲੋਂ ਕਰਵਾ ਰਿਹਾ ਹੈ ਤਾਂ ਉਹ ਸੁਖੀ ਜੀਵਨ ਬਤੀਤ ਕਰੇਗਾ ਜਦਕਿ ਮਨੁੱਖ ਹੁਕਮ ’ਚ ਚੱਲਣ ਨੂੰ ਭੁਲਾ ਕੇ ਆਪਣੀ ਝੂਠੀ ਹਉਮੈ ਵਿੱਚ ਫਸ ਕੇ ਦੁਖੀ ਹੁੰਦਾ ਰਹਿੰਦਾ ਹੈ। ਗੁਰਬਾਣੀ ਦਾ ਇਸ ਬਾਰੇ ਸਪਸ਼ਟ ਫ਼ੁਰਮਾਨ ਹੈ: ‘‘ਮਨ ਕੀ ਮਤਿ ਤਿਆਗਹੁ ਹਰਿ ਜਨ ! ਹੁਕਮੁ ਬੂਝਿ ਸੁਖੁ ਪਾਈਐ ਰੇ ॥ (ਮ: ੫/੨੦੯), ਹੁਕਮੁ ਬੂਝਿ; ਪਰਮ ਪਦੁ ਪਾਈ ॥ (ਮ: ੫/੨੯), ਹੁਕਮੁ ਬੂਝਿ; ਰੰਗ ਰਸ ਮਾਣੇ ॥ (ਮ: ੫/੩੮੫) ਆਦਿਕ।

ਇੱਥੇ ਅਸੀਂ ਇਸ ਗੱਲ ਨੂੰ ਇੱਕ ਉਦਾਹਰਨ ਨਾਲ ਵੀ ਸਮਝ ਸਕਦੇ ਹਾਂ ਕਿ ਜੇਕਰ ਮਨੁੱਖ ਨੇ ਇਹ ਹੁਕਮ ਬੁੱਝ ਲਿਆ ਕਿ ਸ਼ਰਾਬ ਪੀਣ ਦਾ ਬੁਰਾ ਅਸਰ ਮੇਰੇ ਲੀਵਰ ’ਤੇ ਹੋਣਾ ਹੈ ਤਾਂ ਉਹ ਕਦੇ ਵੀ ਸ਼ਰਾਬ ਨਹੀਂ ਪੀਏਗਾ। ਇਸੇ ਤਰ੍ਹਾਂ ਸਿਗਰਟ ਪੀਣ ਦਾ ਅਸਰ ਮੇਰੇ ਫੇਫੜਿਆਂ ਸਮੇਤ ਹੋਰ ਹਿੱਸਿਆਂ ’ਤੇ ਪਵੇਗਾ ਤਾਂ ਉਹ ਇਸ ਦਾ ਸੇਵਨ ਨਹੀਂ ਕਰੇਗਾ। ਜੇਕਰ ਅਸੀਂ ਕੋਈ ਸਰੀਰ ਦੇ ਸਿਸਟਮ ਤੋਂ ਉਲਟ ਚੀਜ਼ ਦਾ ਸੇਵਨ ਕਰਾਂਗੇ ਤਾਂ ਉਹ ਸਰੀਰ ਨੂੰ ਜ਼ਰੂਰ ਨੁਕਸਾਨ ਪਹੁੰਚਾਵੇਗੀ। ਇਹ ਰੱਬੀ ਹੁਕਮ ਹੈ। ਇਸ ਰੱਬੀ ਹੁਕਮ ਨੂੰ ਮੰਨ ਕੇ ਅਸੀਂ ਸੁਖੀ ਰਹਿ ਸਕਦੇ ਹਾਂ ਤੇ ਜੇ ਨਹੀਂ ਮੰਨਾਂਗੇ ਤਾਂ ਦੁਖੀ ਹੋਵਾਂਗੇ। ਅਸੀਂ ਰਾਤ ਨੂੰ ਰੋਟੀ ਖਾ ਕੇ ਸੌਂ ਜਾਂਦੇ ਹਾਂ ਤੇ ਰਾਤ ਨੂੰ ਉਹ ਹਜ਼ਮ ਵੀ ਹੋ ਜਾਂਦੀ ਹੈ ਕਿਉਂਕਿ ਸਰੀਰ ਦਾ ਸਿਸਟਮ ਰੱਬ ਦੇ ਨਿਯਮ ਅਨੁਸਾਰ ਕੰਮ ਕਰ ਰਿਹਾ ਹੈ। ਜਿਹੜਾ ਬੰਦਾ ਰੱਬੀ ਹੁਕਮ ਨੂੰ ਸਮਝ ਲੈਂਦਾ ਹੈ, ਉਹ ਫਿਰ ਹਉਮੈਂ ਵਾਲੀ ਗੱਲ ਨਹੀਂ ਕਰਦਾ ਭਾਵ ਹਰ ਕੰਮ ਦਾ ਮਹੱਤਵ ਆਪਣੇ ਉੱਪਰ ਨਹੀਂ ਲੈਂਦਾ। ਆਓ, ਰੱਬ ਦੇ ਇਸ ਹੁਕਮ ਨੂੰ ਸਮਝੀਏ ਤੇ ਵਿਅਰਥ ਹਉਮੈ ਛੱਡ ਕੇ ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਸਿੱਖੀਏ !