ਹੋਰ ਕਿੰਨੇ ਸਾਹਿਬ ਨੇ ?

0
421

ਹੋਰ ਕਿੰਨੇ ਸਾਹਿਬ ਨੇ ?

          – ਗੁਰਪ੍ਰੀਤ ਸਿੰਘ (U.S.A)

ਗਿਣਤੀ ਕਰਨ ਲਈ ਮੈਨੂੰ ਤੁਹਾਡੀ ਮੱਦਦ ਦੀ ਲੋੜ ਹੈ। ਕਰੋ ਕਿਰਪਾ:  ਚੰਦੋਆ ਸਾਹਿਬ, ਪਾਲਕੀ ਸਾਹਿਬ, ਚੌਰ ਸਾਹਿਬ, ਮੰਜੀ ਸਾਹਿਬ, ਪੀੜ੍ਹਾ ਸਾਹਿਬ, ਰੁਮਾਲਾ ਸਾਹਿਬ, ਦੁਮਾਲਾ ਸਾਹਿਬ, ਚੌਲ਼ਾ ਸਾਹਿਬ, ਖੰਡਾ ਸਾਹਿਬ, ਨਿਸ਼ਾਨ ਸਾਹਿਬ, ਥੜ੍ਹਾ ਸਾਹਿਬ, ਬੁੰਗਾ ਸਾਹਿਬ, ਸਰੋਵਰ ਸਾਹਿਬ, ਸ੍ਰੀ ਸਾਹਿਬ, ਗੁਰਦੁਆਰਾ ਸਾਹਿਬ, ਗੁਟਕਾ ਸਾਹਿਬ, ਜਪੁ ਜੀ ਸਾਹਿਬ, ਰਹਿਰਾਸ ਸਾਹਿਬ, ਸੁਖਮਨੀ ਸਾਹਿਬ, ਸੋਹਿਲਾ ਸਾਹਿਬ, ਅਨੰਦ ਸਾਹਿਬ, ਅਖੰਡ ਪਾਠ ਸਾਹਿਬ ਤੇ ਪਤਾ ਨਹੀਂ ਹੋਰ ਕਿੰਨੇ ਕੁ ਸਾਹਿਬ ਹਨ।  ਕੱਲ੍ਹ ਨੂੰ ਇਸ ਦੌੜ ਵਿੱਚ ਅਸੀਂ ਕਿਧਰੇ ਬਾਕੀ ਕਕਾਰ ਵੀ ਸ਼ਾਮਿਲ ਨਾ ਕਰ ਮਾਰੀਏ ਜਾਂ ਨੌਬਤ ਦਾੜ੍ਹਾ ਸਾਹਿਬ ਅਤੇ ਮੁੱਛਾਂ ਸਾਹਿਬ ਤੱਕ ਨਾ ਜਾ ਪੁੱਜੇ।

ਹੋਰ ਤੇ ਹੋਰ, ਬਹੁਤੀ ਵਾਰੀ ਕਿਸੇ ਗੁਰਸਿੱਖ ਨੂੰ ਇੱਜ਼ਤ ਦੇਣ ਲਈ ਅਸੀਂ ਅਗਿਆਨਤਾ ਵਿੱਚ ਸਿੰਘ ਸਾਹਿਬ ਕਹਿ ਜਾਂਦੇ ਹਾਂ ਜਦ ਕਿ ਇਸ ਪਦ ਦੀ ਵਰਤੋਂ ਕੇਵਲ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਕੀਤੀ ਜਾ ਸਕਦੀ ਹੈ। ਭਾਈ ਸਾਹਿਬ ਜਾਂ ਫਿਰ ਅਖੌਤੀ ਗੋਤਾਂ ਮਗਰ ਸਾਹਿਬ ਲਗਾਉਣਾ ਭਾਵ ਕਿ ਸਾਰੇ ਪਾਸੇ ਸਾਹਿਬ ਹੀ ਸਾਹਿਬ ਹੋਈ ਪਈ ਹੈ, ਪਰ ਹਰ ਚੀਜ਼ ਸਾਹਿਬ ਕਿਵੇਂ ਹੋ ਗਈ ?

ਗੁਰਮਤਿ ਵਿੱਚ ਸਾਹਿਬ ਤੋਂ ਭਾਵ ਕਰਤਾਰ (ਮਾਲਕ) ਹੈ, ਗੁਰਬਾਣੀ ਤਾਂ ਮੂਲ ਮੰਤਰ ਦੀ ਸ਼ੁਰੂਆਤ ਤੋਂ ਹੀ ਦ੍ਰਿੜ੍ਹ ਕਰਵਾਉਂਦੀ ਹੈ ਕਿ ਨਿਰੰਕਾਰ ਕੇਵਲ ਇੱਕ ਹੈ :

 ਸਾਹਿਬੁ ਮੇਰਾ ਏਕੁ ਹੈ, ਅਵਰੁ ਨਹੀ ਭਾਈ।।  ( ਮ: ੧/੪੨੦)

ਸਾਹਿਬੁ ਮੇਰਾ ਏਕੋ ਹੈ, ਏਕੋ ਹੈ ਭਾਈ  ! ਏਕੋ ਹੈ।। (ਮ: ੧/੩੫੦)

ਤਾਂ ਫਿਰ ਅਸੀਂ ਏਕ ਤੋਂ ਅਨੇਕਾਂ ਸਾਹਿਬ ਕਿਵੇਂ ਬਣਾ ਲਏ ? ਕੀ ਹਰ ਚੀਜ਼ ਮਗਰ ਸਾਹਿਬ ਲਾ ਕੇ ਅਸੀਂ ਜ਼ਿਆਦਾ ਮਿੱਠ ਬੋਲੜੇ ਜਾਂ ਸ਼ਰਧਾਵਾਨ ਹੋ ਨਿੱਬੜਦੇ ਹਾਂ ?

ਜੇ ਸਾਹਿਬ ਲਾਉਣਾ ਹੀ ਹੈ ਤਾਂ ਮੁਨਾਸਬ ਲੱਗਦਾ ਹੈ ਕਿ ਇਸ ਦੀ ਵਰਤੋਂ ਕੇਵਲ ਗੁਰੂ ਗ੍ਰੰਥ ਨਾਲ ਹੀ ਹੋ ਸਕਦੀ ਹੈ ਕਿਉਂਕਿ :

ਵਾਹੁ ਵਾਹੁ ਬਾਣੀ ਨਿਰੰਕਾਰ ਹੈ, ਤਿਸੁ ਜੇਵਡੁ ਅਵਰੁ ਨ ਕੋਇ।। (ਮ: ੩/੫੧੫)