ਸਿੱਖ; ਮਨ ਦੀ ਮਲੀਨਤਾ ਕਿਵੇਂ ਦੂਰ ਕਰਦੇ ਹਨ ?

0
630

ਸਿੱਖ; ਮਨ ਦੀ ਮਲੀਨਤਾ ਕਿਵੇਂ ਦੂਰ ਕਰਦੇ ਹਨ ?

– ਗੁਰਪ੍ਰੀਤ ਸਿੰਘ, USA

ਗੁਰਬਾਣੀ ਅਨੁਸਾਰ ਆਤਮਾ; ਪ੍ਰਮਾਤਮਾ ਦਾ ਹੀ ਅੰਸ਼ ਹੈ ‘‘ਕਹੁ ਕਬੀਰ, ਇਹੁ ਰਾਮ ਕੀ ਅੰਸੁ   ਜਸ, ਕਾਗਦ ਪਰ ਮਿਟੈ ਮੰਸੁ ’’ (ਗੌਂਡ/ਭਗਤ ਕਬੀਰ ਜੀ/੮੭੧) ਜਿਵੇਂ ਕਿ ਸਮੁੰਦਰ ’ਚੋਂ ਪਾਣੀ ਦੀ ਬੂੰਦ ਨੂੰ ਵੱਖ ਕੀਤਿਆਂ ਵੀ ਉਸ ਵਿੱਚ ਸਾਗਰ ਦਾ ਅੰਸ਼ ਰਹਿੰਦਾ ਹੈ; ਤਿਵੇਂ ਹੀ ਪਾਰਬ੍ਰਹਮ, ਆਤਮਾ ਵਿੱਚ ਵਿਆਪਕ ਹੈ ਅਤੇ ਆਤਮਾ, ਪਾਰਬ੍ਰਹਮ ਦਾ ਅੰਸ਼ ਹੈ। ਇਸ ਪਰਥਾਏ ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ ‘‘ਸਾਗਰ ਮਹਿ ਬੂੰਦ, ਬੂੰਦ ਮਹਿ ਸਾਗਰੁ; ਕਵਣੁ ਬੁਝੈ ? ਬਿਧਿ ਜਾਣੈ  ?॥’’ (ਰਾਮਕਲੀ/ਮਹਲਾ ੧/੮੭੮) ਆਤਮਾ ਤੇ ਪ੍ਰਮਾਤਮਾ ਦੀ ਅਭਿੰਨਤਾ ਦੇ ਭੇਤ ਨੂੰ ਬੁੱਝਣ ਦੀ ਬਜਾਏ ਮਾਇਆ (ਭਾਵ ਅਗਿਆਨ) ਕਾਰਨ ਉਪਜੇ ਵਿਕਾਰਾਂ ਕਰਕੇ ਆਤਮਾ ਆਪਣੇ ਆਪ ਨੂੰ ਪ੍ਰਮਾਤਮਾ ਤੋਂ ਭਿੰਨ ਤੇ ਆਜ਼ਾਦ ਸਮਝਣ ਲੱਗ ਪੈਂਦੀ ਹੈ। ਗੁਰੂ ਰਾਮਦਾਸ ਜੀ ਦੇ ਬਚਨ ਹਨ ‘‘ਧਨ ਪਿਰ ਕਾ, ਇਕ ਹੀ ਸੰਗਿ ਵਾਸਾ; ਵਿਚਿ ਹਉਮੈ ਭੀਤਿ ਕਰਾਰੀ ’’  (ਮਲਾਰ/ਮਹਲਾ /੧੨੬੩) ਭਾਵ ਕਿ ਇੱਕੋ ਹੀ ਹਿਰਦੇ ’ਚ ਵਾਸਾ ਹੋਣ ਦੇ ਬਾਵਜੂਦ ਵੀ ਜੀਵ-ਇਸਤ੍ਰੀ ਤੇ ਪਰਮੇਸ਼ਰ ਪਤੀ ਵਿਚਕਾਰ ਹਉਮੈਂ ਦੀ ਸਖ਼ਤ ਕੰਧ (ਦੀਵਾਰ) ਬਣੀ ਪਈ ਹੈ। ਭਾਵੇਂ ਕਿ ਮਨ ਨੂੰ ਸ਼ਕਤੀ ਆਪਣੇ ਸੋਮੇ ਆਤਮਾ ਤੋਂ ਹੀ ਮਿਲਦੀ ਹੈ ਪਰ ਵਿਕਾਰੀ ਕਰਮਾਂ ਸਦਕਾ ਮਨ ਦੀ ਆਪਣੀ ਇੱਕ ਸੁਤੰਤਰ ਹੋਂਦ ਦਾ ਭਰਮ ਨਿਰੰਤਰ ਕਾਇਮ ਰਹਿੰਦਾ ਹੈ। ਹਾਂ, ਜੇ ਪੂਰਨ ਗੁਰੂ; ਸਿਰ ਉੱਤੇ ਹੱਥ ਰੱਖ ਦੇਵੇ ਤਾਂ ਮਨ ਹੀ ਮਨ ਨੂੰ ਮਾਰ ਲੈਂਦਾ ਹੈ ਭਾਵ ਕਿ ਮਨ ਆਪਣੀ ਮੈਲ਼ ਆਪ ਹੀ ਲਾਉਣ ਦੇ ਸਮਰੱਥ ਬਣ ਜਾਂਦਾ ਹੈ; ਜਿਵੇਂ ਕਿ ਗੁਰ-ਵਾਕ ਹੈ ‘‘ਏਹੁ ਮਨੁ ਮਾਰਿਆ ਨਾ ਮਰੈ; ਜੇ ਲੋਚੈ ਸਭੁ ਕੋਇ   ਨਾਨਕਮਨ ਹੀ ਕਉ ਮਨੁ ਮਾਰਸੀ; ਜੇ ਸਤਿਗੁਰੁ ਭੇਟੈ ਸੋਇ ’’  (ਮਾਰੂ/ਮਹਲਾ /੧੦੮੯)

ਮਨ ਬਾਹਰ ਭਟਕਣੋਂ ਹਟ ਕੇ, ਨਿੱਜ ਘਰ ਆ ਜਾਵੇ; ਇਸ ਲਈ ਗੁਰੂ ਅਮਰਦਾਸ ਜੀ ਉਪਦੇਸ਼ ਕਰਦੇ ਹਨ ਕਿ ਮੇਰੇ ਮਨ! ਤੂੰ ਰੱਬੀ ਨੂਰ ਦਾ ਰੂਪ ਹੈ; ਇਸ ਲਈ ਆਪਣੇ ਮੁੱਢ ਨਾਲ ਸਾਂਝ ਬਣਾ ‘‘ਮਨ! ਤੂੰ ਜੋਤਿ ਸਰੂਪੁ ਹੈ; ਆਪਣਾ ਮੂਲੁ ਪਛਾਣੁ ’’ (ਆਸਾ/ਮਹਲਾ /੪੪੧) ਪਰ ਜਿਵੇਂ ਤੇਲੀ ਦੀ ਲੀਰ ਧੋਣ ਨਾਲ਼ ਚਿੱਟੀ ਨਹੀਂ ਹੁੰਦੀ; ਤਿਵੇਂ ਹੀ ਕਈ ਜਨਮਾਂ ਦੀ ਮੈਲ਼ ਕਾਰਨ ਕਾਲ਼ੇ ਹੋ ਚੁੱਕੇ ‘ਮਨ’ ਨੂੰ ਗੁਰੂ ਦੀ ਬਖ਼ਸ਼ਸ਼ ਤੋਂ ਬਿਨਾਂ ਜਗਾਇਆ (ਸਾਫ਼ ਕੀਤਾ) ਨਹੀਂ ਜਾ ਸਕਦਾ। ਜੀਵਾਤਮਾ ਨੂੰ ਸਮਝਾਉਂਦੇ ਹੋਏ, ਗੁਰੂ ਜੀ ਬਖ਼ਸ਼ਸ਼ ਕਰਦੇ ਹਨ ਕਿ ਆਪਣੇ ਅਸਲੇ ਨਾਲ਼ ਜੁੜ ਕੇ ਹੀ ਵਿਕਾਰਾਂ ਦੀ ਮੈਲ਼ ਤੋਂ ਬਚਿਆ ਜਾ ਸਕਦਾ ਹੈ ‘‘ਹਰਿ ਨਾਮਿ ਨਾਵੈ; ਸੋਈ ਜਨੁ ਨਿਰਮਲੁ; ਫਿਰਿ ਮੈਲਾ ਮੂਲਿ ਹੋਈ   ਨਾਮ ਬਿਨਾ, ਸਭੁ ਜਗੁ ਹੈ ਮੈਲਾ; ਦੂਜੈ ਭਰਮਿ ਪਤਿ ਖੋਈ ’’ (ਸਾਰੰਗ/ਮਹਲਾ /੧੨੩੪) ਭਗਤ ਕਬੀਰ ਜੀ ਦੇ ਬਚਨ ਵੀ ਮਨ ਨੂੰ ਧਰਵਾਸ ਦਿੰਦੇ ਹਨ ਕਿ ਮਨ! ਤੂੰ ਚਿੰਤਾ ਨਾ ਕਰ ਕਿਉਂਕਿ ਇਹ ਸਾਰਾ ਸੰਸਾਰ ਹੀ ਮੈਲ਼ਾ ਹੈ ‘‘ਮੈਲਾ ਬ੍ਰਹਮਾ, ਮੈਲਾ ਇੰਦੁ   ਰਵਿ ਮੈਲਾ, ਮੈਲਾ ਹੈ ਚੰਦੁ   ਮੈਲਾ ਮਲਤਾ, ਇਹੁ ਸੰਸਾਰੁ   ਇਕੁ ਹਰਿ ਨਿਰਮਲੁ; ਜਾ ਕਾ ਅੰਤੁ ਪਾਰੁ ’’ (ਭੈਰਉ/ਭਗਤ ਕਬੀਰ ਜੀ/੧੧੫੮) ਪਰ ਜਿਵੇਂ ਗੰਧਲ਼ਾ ਪਾਣੀ ਵੀ ਬੁਖ਼ਾਰਾਤ ਬਣ ਕੇ ਮੁੜ ਸਾਫ਼ ਹੋ ਜਾਂਦਾ ਹੈ; ਤਿਵੇਂ ਹੀ ਵਿਕਾਰਾਂ ਦੀ ਮੈਲ਼ ਨਾਲ਼ ਸਿਆਹ ਹੋਇਆ ‘ਮਨ’; ਗੁਰ-ਸ਼ਬਦ ਨਾਲ਼ ਜੁੜ ਕੇ, ਮੁੜ ਨਿਰਮਲ ਹੋ ਜਾਂਦਾ ਹੈ ‘‘ਗੁਰ ਕੈ ਸਬਦਿ, ਵਿਚਹੁ ਮੈਲੁ ਗਵਾਇ   ਨਿਰਮਲੁ ਨਾਮੁ, ਵਸੈ ਮਨਿ ਆਇ ’’ (ਵਡਹੰਸ/ਮਹਲਾ /੫੬੦)

ਤ੍ਰਿਸ਼ਨਾ, ਕਾਮ, ਕ੍ਰੋਧ, ਲੋਭ, ਮੋਹ, ਮਾੜੀ ਨੀਅਤ, ਮੇਰ-ਤੇਰ, ਮੰਦਾ ਚਿਤਵਨਾ, ਅਹੰਕਾਰ, ਅੰਨ੍ਹੀ ਸ਼ਰਧਾ, ਅੰਧ-ਵਿਸ਼ਵਾਸ, ਆਲਸ, ਅਗਿਆਨਤਾ, ਈਰਖਾ, ਝੂਠ, ਨਿੰਦਿਆ, ਦੁਬਿਧਾ, ਦਵੈਤ, ਸੱਤਾ ਦਾ ਨਸ਼ਾ, ਸੰਸਾਰੀ ਮਮਤਾ, ਹਰਖ, ਸੋਗ, ਡਰ, ਬੇਲੋੜਾ ਮਾਨਸਿਕ ਤਣਾਅ, ਧਨ-ਦੌਲਤ, ਜੁਆਨੀ, ਪਰਾਇਆ ਰੂਪ ਤੱਕਣਾ, ਗੰਦਾ ਆਚਰਨ, ਨਫ਼ਰਤ, ਨਾਸਤਿਕਤਾ, ਨਸ਼ਾਖੋਰੀ, ਧੋਖਾ, ਧੜੇਬੰਦੀ, ਚੋਰੀ, ਚਿੰਤਾ, ਛਲ਼-ਕਪਟ, ਠੱਗੀ, ਬੇਈਮਾਨੀ, ਰਿਸ਼ਵਤਖੋਰੀ, ਜਬਰ-ਜ਼ੁਲਮ, ਵੈਰ-ਵਿਰੋਧ, ਗਾਲ਼ੀ-ਗਲ਼ੋਚ, ਵਿਸ਼ਵਾਸ-ਘਾਤ, ਪਦਾਰਥਵਾਦ ਆਦਿ ਭਾਵ ਮਾਇਆ ਦੇ ਪਿਆਰ ਅਤੇ ਪ੍ਰਭਾਵ ਕਾਰਨ ਮਨਮੁਖ ਦੇ ਮਨ ਦੀ ਭਟਕਣਾ ਨਿਰੰਤਰ ਬਰਕਰਾਰ ਰਹਿੰਦੀ ਹੈ। ਸੰਖੇਪ ’ਚ ਕੁਝ ਹੋਰ ਕਾਰਨ ਵੀ ਵਿਚਾਰਦੇ ਹਾਂ, ਜਿਨ੍ਹਾਂ ਸਦਕਾ ਮਨ ’ਤੇ ਮੈਲ਼ ਦੀਆਂ ਨਿੱਤ ਨਵੀਆਂ ਪਰਤਾਂ ਚੜ੍ਹਦੀਆਂ ਰਹਿੰਦੀਆਂ ਹਨ। ਫੋਕਟ ਕਰਮਕਾਂਡਾਂ ਨਾਲ਼ ਹਮੇਸ਼ਾ ਮਨ ਦੀ ਮੈਲ਼ ਵਧਦੀ ਹੈ ਕਿਉਂਕਿ ਕਰਮਕਾਂਡ; ਮਨੁੱਖ ਦੇ ਅਹੰਕਾਰ ’ਚ ਵਾਧਾ ਕਰਦੇ ਹਨ। ਇਹ ਸੱਚ ਹੈ ਕਿ ਨਾਮ ਜਪਣ (ਮਾਲਕ ਦੀ ਰਜ਼ਾ ਨੂੰ ਦਿਲੋਂ ਸਵੀਕਾਰਨ) ਤੋਂ ਇਲਾਵਾ ਕਿਸੇ ਵੀ ਹੋਰ ਢੰਗ ਨਾਲ਼ ਕੀਤੀ ਹੋਈ, ਕੋਈ ਵੀ ਪੂਜਾ; ਪ੍ਰਵਾਨ ਨਹੀਂ ਹੋ ਸਕਦੀ ਪਰ ਦੁਨੀਆਂ ਹੋਰ ਹੀ ਭੁਲੇਖਿਆਂ ’ਚ ਪੈ ਕੇ ਕੁਰਾਹੇ ਪਈ ਰਹਿੰਦੀ ਹੈ ‘‘ਹਰਿ ਬਿਨੁ, ਸਭੁ ਕਿਛੁ ਮੈਲਾ ਸੰਤਹੁ! ਕਿਆ ਹਉ ਪੂਜ ਚੜਾਈ  ? ਹਰਿ ਸਾਚੇ ਭਾਵੈ, ਸਾ ਪੂਜਾ ਹੋਵੈ; ਭਾਣਾ ਮਨਿ ਵਸਾਈ …. ਸਬਦਿ ਮਰੈ, ਮਨੁ ਨਿਰਮਲੁ ਸੰਤਹੁਏਹ ਪੂਜਾ ਥਾਇ ਪਾਈ ’’ (ਰਾਮਕਲੀ/ਮਹਲਾ /੯੧੦)

ਕੋਈ ਤੀਰਥ ਨਹਾ ਕੇ ਜਾਂ ਦਾਨ-ਪੁੰਨ ਆਦਿ ਕਰਮ ਕਰ ਕੇ ਹੀ ਆਪਣੇ ਆਪ ਨੂੰ ਧਰਮੀ ਸਮਝ ਲੈਂਦਾ ਹੈ ਤੇ ਇੰਞ ਮਨ ਦਾ ਭਰਮ-ਭੁਲਾਵਾ ਹੋਰ ਵੀ ਪੇਚੀਦਾ ਹੁੰਦਾ ਜਾਂਦਾ ਹੈ ‘‘ਜਗਿ (ਨੇ) ਹਉਮੈ ਮੈਲੁ ਦੁਖੁ ਪਾਇਆ; ਮਲੁ ਲਾਗੀ ਦੂਜੈ ਭਾਇ (ਕਾਰਨ)  ਮਲੁ ਹਉਮੈ ਧੋਤੀ ਕਿਵੈ ਉਤਰੈ; ਜੇ ਸਉ ਤੀਰਥ ਨਾਇ   ਬਹੁ ਬਿਧਿ ਕਰਮ ਕਮਾਵਦੇ; ਦੂਣੀ ਮਲੁ ਲਾਗੀ ਆਇ (ਕੇ) (ਸਿਰੀਰਾਗੁ/ਮਹਲਾ /੩੯), ਮਨਿ ਮੈਲੈ, ਸਭੁ ਕਿਛੁ ਮੈਲਾ; ਤਨਿ ਧੋਤੈ (ਨਾਲ਼), ਮਨੁ ਹਛਾ ਹੋਇ   ਇਹ ਜਗਤੁ ਭਰਮਿ ਭੁਲਾਇਆ; ਵਿਰਲਾ ਬੂਝੈ ਕੋਇ ’’ (ਵਡਹੰਸੁ/ਮਹਲਾ /੫੫੮)

 ਬਾਹਰੀ ਭੇਖ ਭਾਵ ਕਿ ਧਾਰਮਕ ਲਿਬਾਸ ਪਹਿਨ ਕੇ ਦੁਨੀਆਂ ਦੀ ਨਜ਼ਰਾਂ ’ਚ ਵਿਖਾਵੇ ਮਾਤਰ ਧਾਰਮਕ ਕਰਮ ਕਰਨ ਨਾਲ਼ ਮਨ; ਮੈਂ-ਮੇਰਾ ਦੇ ਵਿਕਾਰੀ ਜਾਲ ’ਚ ਫਸ ਜਾਂਦਾ ਹੈ ‘‘ਜੀਅਹੁ ਮੈਲੇ, ਬਾਹਰਹੁ ਨਿਰਮਲ   ਬਾਹਰਹੁ ਨਿਰਮਲ, ਜੀਅਹੁ ਮੈਲੇ; ਤਿਨੀ ਜਨਮੁ ਜੂਐ ਹਾਰਿਆ (ਰਾਮਕਲੀ/ਮਹਲਾ /੯੧੯) ਤਾਂ ਤੇ ‘‘ਸਾਧ ਭਲੇ ਅਣਨਾਤਿਆ; ਚੋਰ ਸਿ ਚੋਰਾ ਚੋਰ ’’  (ਸੂਹੀ/ਮਹਲਾ /੭੮੯) ਇਹ ਸਾਡੇ ਦੁਆਰਾ ਕੀਤੇ ਹੋਏ ਕਰਮ ਹੀ ਹਨ, ਜੋ ਮਨ ’ਤੇ (ਲੇਖ ਦੇ ਰੂਪ ’ਚ) ਛਪਦੇ ਚਲੇ ਜਾਂਦੇ ਹਨ ਭਾਵ ਕਿ ਅੰਤਹਕਰਣ ਵਿੱਚ ਚਿਤ੍ਰੇ ਜਾਂਦੇ ਹਨ। ਅਸੀਂ ਜਿਸ ਤਰ੍ਹਾਂ ਦੇ ਵੀ ਕਰਮ ਕਰਾਂਗੇ, ਸਾਡੇ ਭਾਗਾਂ ’ਚ ਓਹੋ ਜਿਹਾ ਹੀ ਲਿਖਿਆ ਜਾਵੇਗਾ ਅਸਲ ਭਾਵ ਕਿ ਨਸੀਬ ਅਸੀਂ ਆਪ ਹੀ ਬੀਜਣੇ ਹਨ ਤੇ ਉੁਨ੍ਹਾਂ ਦਾ ਫਲ਼ ਵੀ ਆਪ ਹੀ ਖਾਣਾ ਹੈ (ਆਪੇ ਬੀਜਿ, ਆਪੇ ਹੀ ਖਾਹੁ)। ਬਹੁਤ ਅਚੰਭੇ ਵਾਲੀ ਗੱਲ ਹੈ ਕਿ ਮਨੁੱਖ; ਵਿਕਾਰੀ ਬਿਰਤੀ ਨਾਲ਼ ਬੀਜਦਾ ਤਾਂ ਜ਼ਹਿਰ ਹੈ ਪਰ ਉਸ ਵਿੱਚੋਂ ਫਲ਼; ਅੰਮ੍ਰਿਤ ਭਾਲਦਾ ਹੈ। ਇੱਥੋਂ ਤੱਕ ਕਿ ਮੰਗ ਪੂਰੀ ਨਾ ਹੋਣ ’ਤੇ ਰੱਬ ਪ੍ਰਤੀ ਰੋਸ ਵੀ ਪ੍ਰਗਟਾਅ ਦਿੰਦਾ ਹੈ। ਇਹ ਵੀ ਭੁੱਲ ਜਾਂਦਾ ਹੈ ਕਿ ਜੋ ਕੁਝ ਵੀ ਮਨੁੱਖ ਦੇ ਦਿਲ (ਅੰਤਹਕਰਣ) ’ਚ ਹੁੰਦਾ ਹੈ, ਉਹੀ ਕੁਝ ਉਜਾਗਰ (ਸਾਕਾਰ) ਹੁੰਦਾ ਹੈ ‘‘ਜੋ ਜੀਇ ਹੋਇ, ਸੁ ਉਗਵੈ; ਮੁਹ ਕਾ ਕਹਿਆ ਵਾਉ   ਬੀਜੇ ਬਿਖੁ, ਮੰਗੈ ਅੰਮ੍ਰਿਤੁ; ਵੇਖਹੁ ਏਹੁ ਨਿਆਉ ’’ ( ਮਹਲਾ /੪੭੪) ਖਾਣ, ਪੀਣ, ਪਹਿਨਣ ਆਦਿ ਦੇ ਰਸ ਭਾਵ ਖਾਣ-ਹੰਢਾਣ ਦੇ ਚਸਕੇ ’ਚ ਫਸਣ ਨਾਲ਼ ਵੀ ਮਨ ਦੀ ਮੈਲ਼ ’ਚ ਵਾਧਾ ਹੁੰਦਾ ਹੈ ‘‘ਖਾਇਆ, ਮੈਲੁ ਵਧਾਇਆ; ਪੈਧੈ, ਘਰ ਕੀ ਹਾਣਿ   ਬਕਿ ਬਕਿ ਵਾਦੁ ਚਲਾਇਆ; ਬਿਨੁ ਨਾਵੈ, ਬਿਖੁ ਜਾਣਿ (ਪ੍ਰਭਾਤੀ/ਮਹਲਾ /੧੩੩੧), ਛਤੀਹ ਅੰਮ੍ਰਿਤ ਪਰਕਾਰ ਕਰਹਿ; ਬਹੁ ਮੈਲੁ ਵਧਾਈ ਨਾਨਕ! ਜੋ ਦੇਵੈ ਤਿਸਹਿ ਜਾਣਨ੍ਹੀ; ਮਨਮੁਖਿ ਦੁਖੁ ਪਾਈ (ਸਾਰੰਗ/ਮਹਲਾ /੧੨੪੬)

ਬਾਦ-ਵਿਵਾਦ ਨਾਲ਼ ਵੀ ਮਨ ਦੀ ਮਲੀਨਤਾ ਪ੍ਰਫੁਲਿਤ ਹੁੰਦੀ ਹੈ ਕਿਉਂਕਿ ਬਾਦ-ਵਿਵਾਦ, ਸਿੱਧੇ ਜਾਂ ਅਸਿੱਧੇ ਰੂਪ ’ਚ ਵੈਰ-ਵਿਰੋਧ ਅਤੇ ਦੁਬਿਧਾ ਨੂੰ ਉਤੇਜਿਤ ਕਰਦੇ ਹਨ (ਧਿਆਨ ’ਚ ਰੱਖਣਾ ਬਣਦਾ ਹੈ ਕਿ ਜ਼ੁਲਮ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨਾ ਵੈਰ ਨਹੀਂ ਹੁੰਦਾ) ਅਤੇ ਮਨੁੱਖ ਅੰਦਰਲੇ ਨਿਰਵੈਰਤਾ ਦੇ ਗੁਣਾਂ ਨੂੰ ਨਿਗਲ਼ ਜਾਂਦੇ ਹਨ। ਮਸਲਨ ਕੋਈ ਵਿਦਵਾਨ ਆਪਣੀ ਅਕਲ ਨੂੰ ਹੀ ਸਰਬੋਤਮ ਸਮਝ ਲਵੇ ਪਰ ਕਿਸੇ ਨੁਕਤੇ ’ਤੇ ਦੂਸਰੇ ਦੇ ਸਹੀ ਨਜ਼ਰੀਏ ਨੂੰ ਵੀ ਤਵੱਜੋ ਨਾ ਦੇਵੇ ਤਾਂ ਨਿਰਸੰਦੇਹ ਮਨ; ਅਹੰਕਾਰ ਕਾਰਨ ਦੁਬਿਧਾ ਦੀ ਮਲੀਨਤਾ ਨਾਲ਼ ਭਾਰੀ ਹੋ ਜਾਵੇਗਾ। ਦੁਬਿਧਾ ਨੂੰ ਮਿਟਾਏ ਬਿਨਾਂ ਮਨੁੱਖ ਦਾ ਹਰ ਕਰਮ ਇੱਕ ਬੰਧਨ ਹੈ; ਜਿਵੇਂ ਕਿ ਗੁਰ-ਵਾਕ ਹੈ ‘‘ਇਸੁ (ਦੁਬਿਧਾ) ਮਾਰੀ ਬਿਨੁ, ਸਭੁ ਕਿਛੁ ਮੈਲਾ   ਇਸੁ ਮਾਰੀ ਬਿਨੁ, ਸਭੁ ਕਿਛੁ ਜਉਲਾ (ਬੰਧਨ)’’ (ਗਉੜੀ/ਮਹਲਾ /੨੩੮) It is worth remembering that truth can never be realized merely with intellect (ਪੜਿਐ; ਮੈਲੁ ਉਤਰੈ, ਪੂਛਹੁ ਗਿਆਨੀਆ ਜਾਇ (ਕੇ) ਮਹਲਾ /੩੯) instead it is letting go of all inhibitions, including fear and ego. We must surrender fully and completely in order to penetrate the veil of illusion, cleanse our minds and bring forth a state of bliss.

ਆਮ ਤੌਰ ’ਤੇ ਅਸੀਂ ਇਹ ਭਰਮ ਪਾਲ਼ ਬੈਠਦੇ ਹਾਂ ਕਿ ਰਸਨਾ ਨਾਲ਼ ਵਾਹਿਗੁਰੂ-ਵਾਹਿਗੁਰੂ; ਵਾਰ-ਵਾਰ ਦੁਹਰਾਉਣਾ ਹੀ ਨਾਮ ਜਪਣਾ ਹੈ। ਉਮਰ ਦਾ ਬਹੁਤ ਹਿੱਸਾ ਗੁਜ਼ਰ ਜਾਣ ਉਪਰੰਤ ਵੀ ਜਦ ਹਿਰਦੇ ’ਚ ਸ਼ਾਂਤੀ (ਆਤਮਕ ਠੰਢ) ਨਾ ਆਵੇ ਤਾਂ ਮਨ ’ਚ ਰੋਸ ਦੀ ਨਵੀਂ ਮੈਲ਼ ਪੈਦਾ ਹੋਏਗੀ। ਇੱਥੋਂ ਤੱਕ ਕਿ ਨਾਸਤਿਕ ਬਿਰਤੀ ਵੀ ਆਪਣੇ ਪੈਰ ਪਸਾਰਨਾ ਸ਼ੁਰੂ ਕਰੇਗੀ ਜਾਂ ਫਿਰ ਗੁਰਦੁਆਰੇ ਜਾਣ ਵਾਲੇ ਕਦਮ, ਅਖੌਤੀ ਬਾਬਿਆਂ ਦੇ ਡੇਰਿਆਂ ਵੱਲ ਮੁੜਨਗੇ ਜਿੱਥੇ ਪਖੰਡੀ ਡੇਰੇਦਾਰ; ਗੁਰਮਤਿ ਤੋਂ ਸੱਖਣੀ ਮਾਨਸਿਕਤਾ ਦਾ ਹਰ ਪੱਖੋਂ ਸ਼ੋਸ਼ਣ ਕਰਦੇ ਹਨ। ਗੁਰੂ ਅਮਰਦਾਸ ਜੀ ਦੇ ਬਚਨ ਹਨ; ‘‘ਮਨਮੁਖ ਹਰਿ ਹਰਿ ਕਰਿ ਥਕੇ; ਮੈਲੁ ਸਕੀ ਧੋਇ ’’ (ਸਿਰੀਰਾਗੁ/ਮਹਲਾ /੩੯) ਇਨ੍ਹਾਂ ਤੋਂ ਸੇਧ ਲੈਂਦਿਆਂ, ਗੁਰੂ ਦੇ ਸਨਮੁਖ ਰਹਿਣ (ਗੁਰੂ ਸ਼ਬਦ ਨਾਲ਼ ਜੁੜਨਾ) ਅਤੇ ਪ੍ਰਮਾਤਮਾ ਦੇ ਸੱਚੇ ਪਿਆਰ ’ਚ ਭਿੱਜਣ ਦੀ ਜਾਚ ਸਿੱਖਣੀ; ਹਰ ਇੱਕ ਸਿੱਖ ਲਈ ਬਹੁਤ ਜ਼ਰੂਰੀ ਹੈ ਤਾਂ ਹੀ ਅਸੀ ਸਚਿਆਰ ਸਿੱਖ ਬਣ ਸਕਾਂਗੇ ‘‘ਗੁਰਮੁਖਿ ਹਛੇ ਨਿਰਮਲੇ; ਗੁਰ ਕੈ ਸਬਦਿ ਸੁਭਾਇ   ਓਨਾ ਮੈਲੁ ਪਤੰਗੁ ਲਗਈ; ਜਿ ਚਲਨਿ ਸਤਿਗੁਰ ਭਾਇ ’’ (ਮਹਲਾ /੧੪੧੮)

ਮਨ ਦੀ ਮੈਲ਼ ਕਿਉਂ ਦੂਰ ਕਰੀਏ ? : ਅਕਾਲ-ਪੁਰਖ ਨੂੰ ਮਨੁੱਖ ਦੇ ਮਨ ਦੀ ਮਲੀਨਤਾ ਪਸੰਦ ਨਹੀਂ (ਸਾਚੇ ਸੂਚੇ, ਮੈਲੁ ਭਾਵੈ ਮਹਲਾ /੨੨੨) ਸਿਰਫ਼ ਨਿਰਮਲ ਹਿਰਦੇ ’ਚ ਹੀ ਅਕਾਲ-ਪੁਰਖ ਦਾ ਨਿਵਾਸ ਸੰਭਵ ਹੈ; ਜਿਵੇਂ ਕਿ ਗੁਰ-ਵਾਕ ਹੈ ‘‘ਸੂਚੈ ਭਾਡੈ, ਸਾਚੁ ਸਮਾਵੈ; ਵਿਰਲੇ ਸੂਚਾਚਾਰੀ   ਤੰਤੈ ਕਉ ਪਰਮ ਤੰਤੁ ਮਿਲਾਇਆ; ਨਾਨਕ ! ਸਰਣਿ ਤੁਮਾਰੀ ’’ (ਸੋਰਠਿ/ਮਹਲਾ /੫੯੭) ਇਸ ਲਈ ਗੁਰਮੁਖ ਆਪਾ ਭਾਵ ਮਿਟਾ ਕੇ ਅੰਤਹਕਰਣ ਸ਼ੁੱਧ ਕਰਦੇ ਹਨ। ਸੱਤ ਤੇ ਸੰਤੋਖ ਧਾਰ ਕੇ ਰੱਖਦੇ ਹਨ। ਕਾਮ, ਕ੍ਰੋਧ ਜਿਹੇ ਵਿਸ਼ੇ-ਵਿਕਾਰ ਉੁਨ੍ਹਾਂ ’ਤੇ ਕੋਈ ਪ੍ਰਭਾਵ ਨਹੀਂ ਪਾ ਸਕਦੇ ‘‘ਗੁਰਮੁਖਿ ਆਪੁ ਗਵਾਇ (ਕੇ), ਅੰਦਰੁ ਸੋਧੀਐ ਗੁਰਮੁਖਿ ਸਤੁ ਸੰਤੋਖੁ, ਕਾਮੁ ਕਰੋਧੀਐ’’ (ਭਾਈ ਗੁਰਦਾਸ ਜੀ ਵਾਰ/੧੯ ਪਉੜੀ ੧੮)  ਜੇ ਸਾਡਾ ਅੰਦਰਲਾਪਣ ਪ੍ਰਮਾਤਮਾ ਵਰਗਾ ਨਿਰਮਲ ਹੋ ਗਿਆ ਤਾਂ ਸਾਨੂੰ ਮੁੜ ਕੋਈ ਮੈਲ਼ ਨਹੀਂ ਲੱਗੇਗੀ ‘‘ਨਾ ਉਸੁ ਮੈਲੁ, ਹਮ ਕਉ ਮੈਲਾ   ਓਸੁ ਅਨੰਦੁ, ਹਮ ਸਦ ਕੇਲਾ ’’ (ਆਸਾ/ਮਹਲਾ /੩੯੧)

ਮਨ ਦੀ ਸ਼ੁੱਧਤਾ ਬਾਰੇ ਕੁਝ ਗੁਰਮਤਿ ਸੇਧਾਂ : (1). ਗੁਰੂ ਦੀ ਅਮੋਲਕ ਸੰਗਤ ਕਰਨ ਨਾਲ਼ ਮਨ ਪਵਿੱਤਰ ਹੁੰਦਾ ਹੈ ‘‘ਮਹਿਮਾ ਸਾਧੂ (ਗੁਰੂ) ਸੰਗ ਕੀ; ਸੁਨਹੁ ਮੇਰੇ ਮੀਤਾ   ਮੈਲੁ ਖੋਈ, ਕੋਟਿ ਅਘ ਹਰੇ; ਨਿਰਮਲ ਭਏ ਚੀਤਾ ’’ (ਬਿਲਾਵਲ/ਮਹਲਾ /੮੦੯) ਗੁਰੂ ਦੀ ਸੰਗਤ ਕਰਨ ਤੋਂ ਭਾਵ ਗੁਰੂ ਦੀ ਮੱਤ ਨਾਲ਼ ਗੁਰੂ ਅਨੁਸਾਰੀ ਕਾਰ-ਵਿਹਾਰ ਕਰਨਾ ਹੈ। ਗੁਰੂ ਉਪਦੇਸ਼ ਸਦਕਾ ਮਨੁੱਖ ਨੂੰ ਮਨ ਦੇ ਸੁਭਾਅ ਦੀ ਸਮਝ ਆ ਜਾਂਦੀ ਹੈ ਕਿ ਮਨ ਹਉਮੈ ’ਚ ਹੀ ਮਸਤ ਰਹਿੰਦਾ ਹੈ; ਜਿਵੇਂ ਕੋਈ ਹਾਥੀ; ਸ਼ਰਾਬ ਨਾਲ਼ ਮਤਵਾਲਾ ਹੋਵੇ ਪਰ ਸਮਰੱਥ ਗੁਰੂ, ਮਨ ਨੂੰ ਆਪਣੇ ਸ਼ਬਦ ਦੇ ਕੁੰਡੇ ਨਾਲ਼ ਹੋਸ਼ ’ਚ ਲਿਆਉਣ ਵਾਲਾ ਹੈ ‘‘ਗੁਰਮੁਖਿ, ਕਰਣੀ ਕਾਰ ਕਮਾਵੈ   ਤਾ, ਇਸੁ ਮਨ ਕੀ ਸੋਝੀ ਪਾਵੈ   ਮਨੁ, ਮੈ ਮਤੁ ਮੈਗਲ ਮਿਕਦਾਰਾ   ਗੁਰੁ ਅੰਕਸੁ ਮਾਰਿ (ਕੇ) ਜੀਵਾਲਣਹਾਰਾ ’’ (ਗਉੜੀ/ਮਹਲਾ /੧੫੯) ਗੁਰੂ ਦਾ ਉਪਦੇਸ਼ ਧਾਰਨ ਕਰਨ ਨਾਲ਼ ਮਨ ਮੁੜ ਕਦੀ ਮੈਲ਼ਾ  ਨਹੀਂ ਹੁੰਦਾ ‘‘ਗਿਆਨ ਰਤਨਿ (ਨਾਲ਼) ਮਨੁ ਮਾਜੀਐ; ਬਹੁੜਿ ਮੈਲਾ ਹੋਇ ’’ (ਮਾਰੂ/ਮਹਲਾ /੯੯੨)  ਸੋ, ਸਤਿਗੁਰੂ ਦੀ ਸ਼ਰਨ ਆਉਣ ਤੋਂ ਇਲਾਵਾ ਹੋਰ ਕੋਈ ਉਪਾਅ ਸਾਰਥਿਕ ਨਹੀਂ ਹੋ ਸਕਦਾ ਕਿਉਂਕਿ ਸਿਮਰਨ ਆਦਿ ਦੀ ਸੂਝ ਵੀ ਸਤਿਗੁਰੂ ਦੀ ਸੰਗਤ ਨਾਲ਼ ਪੈਦਾ ਹੁੰਦੀ ਹੈ; ਜਿਵੇਂ ਕਿ ਗੁਰ-ਬਚਨ ਹਨ ‘‘ਇਸੁ ਮਨ ਕਉ, ਹੋਰ ਸੰਜਮੁ ਕੋ ਨਾਹੀ; ਵਿਣੁ ਸਤਿਗੁਰ ਕੀ ਸਰਣਾਇ   ਸਤਗੁਰਿ ਮਿਲਿਐ ਉਲਟੀ ਭਈ; ਕਹਣਾ ਕਿਛੂ ਜਾਇ (ਵਡਹੰਸੁ/ਮਹਲਾ /੫੫੮) ਮਨ ਮੇਰੇ! ਗੁਰ ਸਰਣਿ ਆਵੈ; ਤਾ ਨਿਰਮਲੁ ਹੋਇ ’’ (ਸਿਰੀਰਾਗੁ/ਮਹਲਾ /੩੯)

(2). ਗੁਰਬਾਣੀ ਅਨੁਸਾਰ ਮਨੁੱਖ ਦੇ ਜਗਤ ’ਚ ਆਉਣ ਦਾ ਅਸਲ ਮਨੋਰਥ ਪ੍ਰਮਾਤਮਾ ਦੀ ਸਿਫ਼ਤ-ਸਲਾਹ ਰਾਹੀਂ ਉਸ ਨਾਲ਼ ਨੇੜਤਾ ਬਣਾਉਣੀ ਹੈ, ਉਸ ਨੂੰ ਪਾਉਣਾ ਹੈ। ਆਪਣੇ ਹਿਰਦੇ ’ਚ ਬੇਅੰਤ ਪ੍ਰਭੂ ਦੇ ਪਿਆਰ ਦੀ ਜੋਤ ਜਗਾ ਕੇ, ਉਸ ਦੇ ਪਵਿੱਤਰ ਪ੍ਰਕਾਸ਼ ਨਾਲ਼ ਅਭੇਦ ਹੋਣਾ ਹੈ ਪਰ ਮੋਹ-ਮਾਇਆ ਦੇ ਬੰਧਨਾਂ ਤੋਂ ਉੱਪਰ ਉੱਠਣ ਦੀ ਬਜਾਇ ਨਾਮ ਭੁਲਾ ਕੇ, ਹੋਰ ਹੀ ਝੂਠੇ ਲੋਭ ਵਿੱਚ ਲੱਗੇ ਰਹਿਣ ਕਰਕੇ ਮਨੁੱਖਾ ਜਨਮ ਵਿਅਰਥ ਚਲਾ ਜਾਂਦਾ ਹੈ; ਜਿਵੇਂ ਕਿ ਗੁਰ-ਵਾਕ ਹੈ ‘‘ਆਇਓ, ਸੁਨਨ ਪੜਨ ਕਉ ਬਾਣੀ   ਨਾਮੁ ਵਿਸਾਰਿ (ਕੇ) ਲਗਹਿ ਅਨ ਲਾਲਚਿ (’); ਬਿਰਥਾ ਜਨਮੁ ਪਰਾਣੀ! (ਸਾਰੰਗ/ਮਹਲਾ /੧੨੧੮) ਗੁਰੂ ਦੀ ਬਾਣੀ ਮਨ ’ਚੋਂ ਵਿਕਾਰਾਂ ਦੀ ਮੈਲ਼ ਦੂਰ ਕਰਦੀ ਹੈ ਅਤੇ ਉਸ ਦੀ ਥਾਂ ਰੱਬ ਦਾ ਨਾਮ (ਯਾਦ) ਹਿਰਦੇ ’ਚ ਵਸਾ ਦਿੰਦੀ ਹੈ ‘‘ਗੁਰਬਾਣੀ ਸੁਣਿ, ਮੈਲੁ ਗਵਾਏ   ਸਹਜੇ ਹਰਿ ਨਾਮੁ, ਮੰਨਿ ਵਸਾਏ ’’ (ਧਨਾਸਰੀ/ਮਹਲਾ /੬੬੫) ਗੁਰੂ ਦੇ ਸ਼ਬਦ ਦੁਆਰਾ ਮਨੁੱਖ ਨੂੰ ਆਪਣੇ ਅੰਦਰੋਂ ਹੀ ਮਨ ਨੂੰ ਸਮਝਣ ਭਾਵ ਵੱਸ ’ਚ ਕਰਨ ਦੀ ਯੁਕਤ ਆ ਜਾਂਦੀ ਹੈ ‘‘ਇਸੁ ਮਨ ਕੀ ਬਿਧਿ, ਮਨ ਹੂ ਜਾਣੈ; ਬੂਝੈ ਸਬਦਿ ਵੀਚਾਰਿ (ਕੇ)’’ (ਮਲਾਰ/ਮਹਲਾ /੧੨੬੦) ਸੋ, ਸਾਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਮਨ ਦੇ ਅਧੀਨ ਹੋ ਕੇ ਵਿਚਰਨ ਵਾਲਾ ਮਨੁੱਖ ਜਦ ਤੱਕ ਗੁਰੂ ਦੇ ਸ਼ਬਦ ਨਾਲ਼ ਨਹੀਂ ਜੁੜਦਾ, ਉਸ ਦੀ ਵਿਕਾਰ ਬਿਰਤੀ ਨਹੀਂ ਮਰੇਗੀ ‘‘ਮਨਮੁਖ ਮੈਲੁ ਉਤਰੈ; ਜਿਚਰੁ ਗੁਰ ਸਬਦਿ ਕਰੇ ਪਿਆਰੁ’’ (ਸਿਰੀਰਾਗੁ/ਮਹਲਾ /੩੭) ਜਦਕਿ ਗੁਰੂ ਦੀ ਬਾਣੀ ਨਾਲ਼ ਚਿੱਤ ਜੋੜਨ ਵਾਲੇ ਮਨੁੱਖ; ਸ਼ੁੱਧ ਜੀਵਨ ਵਾਲੇ ਹੋ ਜਾਂਦੇ ਹਨ ‘‘ਜਿਨ ਬਾਣੀ ਸਿਉ ਚਿਤੁ ਲਾਇਆ; ਸੇ ਜਨ ਨਿਰਮਲ ਪਰਵਾਣੁ ’’ (ਆਸਾ/ਮਹਲਾ /੪੨੯)

(3). ਨਿਰੰਕਾਰ ਦਾ ਸਿਮਰਨ ਕਰਨ ਨਾਲ਼ ਹਰ ਪ੍ਰਕਾਰ ਦੀ ਮੈਲ਼ ਦੂਰ ਹੋ ਜਾਂਦੀ ਹੈ ਤੇ ਮਨ; ਮੁੜ ਨਿਰਮਲ ਹੋ ਜਾਂਦਾ ਹੈ ‘‘ਅਬਿਨਾਸੀ ਜੀਅਨ ਕੋ ਦਾਤਾ, ਸਿਮਰਤ ਸਭ ਮਲੁ ਖੋਈ (ਸੋਰਠਿ/ਮਹਲਾ /੬੧੭) ਪ੍ਰਭ ਕੈ ਸਿਮਰਨਿ, ਮਨ ਕੀ ਮਲੁ ਜਾਇ   ਅੰਮ੍ਰਿਤ ਨਾਮੁ, ਰਿਦ ਮਾਹਿ ਸਮਾਇ ’’ (ਗਉੜੀ/ਮਹਲਾ /੨੬੩) ਵਾਹ! ਵੇਖੋ!! ਗੁਰਬਾਣੀ ਕਿਵੇਂ ਸੁਚੱਜੀ ਜੀਵਨ ਜਾਚ ਪ੍ਰਦਾਨ ਕਰਦੀ ਹੈ; ਜੇ ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ’’ (ਸੋਰਠਿ/ਮਹਲਾ /੬੫੧) ਰਾਹੀਂ ਮਨ ਦੀ ਦੁਬਿਧਾ ਦਾ ਵਰਣਨ ਕਰਦੀ ਹੈ ਤਾਂ ਰੱਬ ਦੇ ਨਾਮ ਨੂੰ ਸਾਰੇ ਰੋਗਾਂ ਦੀ ਔਸ਼ਧੀ (ਦਵਾਈ) ਵਜੋਂ ਮਹਾਨਤਾ ਦੇ ਕੇ ਸਮੱਸਿਆ ਦਾ ਨਿਵਾਰਨ ਵੀ ਕਰਦੀ ਹੈ ‘‘ਗੁਰਿ ਪੂਰੈ, ਮੇਰੀ ਰਾਖਿ ਲਈ   ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ; ਜਨਮ ਜਨਮ ਕੀ ਮੈਲੁ ਗਈ (ਬਿਲਾਵਲ/ਮਹਲਾ /੮੨੩), ਮਨ ਕੇ ਬਿਕਾਰ ਮਿਟਹਿ ਪ੍ਰਭ ਸਿਮਰਤ; ਜਨਮ ਜਨਮ ਕੀ ਮੈਲੁ ਹਰੀ (ਦੂਰ ਹੋਈ) ’’ (ਭੈਰਉ/ਮਹਲਾ /੧੧੫੨)

(4). ਗੁਰੂ ਦੇ ਦੱਸੇ ਰਾਹ ’ਤੇ ਤੁਰਦਿਆਂ (ਗੁਣਵਾਨ ਬਣਿਆਂ) ਹੰਕਾਰ ਦੀ ਮੈਲ਼ ਧੋਤੀ ਜਾਂਦੀ ਹੈ ਤੇ ਮਨ ਨੂੰ ਮੁੜ ਨਿਰਮਲ ਕੀਤਾ ਜਾ ਸਕਦਾ ਹੈ ‘‘ਅਉਗਣੀ ਭਰਿਆ ਸਰੀਰੁ ਹੈ; ਕਿਉ ਸੰਤਹੁ! ਨਿਰਮਲੁ ਹੋਇ  ? ਗੁਰਮੁਖਿ ਗੁਣ ਵੇਹਾਝੀਅਹਿ; ਮਲੁ ਹਉਮੈ ਕਢੈ ਧੋਇ ’’ (ਗਉੜੀ ਮਹਲਾ /੩੧੧)

ਰੱਬੀ ਗੁਣ ਖਰੀਦਣ ਵਾਲਾ ਵੀ ਕੋਈ ਵਿਰਲਾ ਹੀ ਹੁੰਦਾ ਹੈ; ਬਹੁਤਾਤ ਲੋਕਾਈ ਤਾਂ ਔਗੁਣਾਂ ਦੀ ਗੰਠੜੀ ਹੀ ਬੰਨ੍ਹੀ ਜਾ ਰਹੀ ਹੈ; ਜਿਵੇਂ ਕਿ ਗੁਰ-ਵਾਕ ਹੈ ‘‘ਲੋਕੁ ਅਵਗਣਾ ਕੀ ਬੰਨੈ੍ ਗੰਠੜੀ; ਗੁਣ ਵਿਹਾਝੈ ਕੋਇ   ਗੁਣ ਕਾ ਗਾਹਕੁ ਨਾਨਕਾ! ਵਿਰਲਾ ਕੋਈ ਹੋਇ   ਗੁਰ ਪਰਸਾਦੀ, ਗੁਣ ਪਾਈਅਨਿ; ਜਿਸ ਨੋ ਨਦਰਿ ਕਰੇਇ ’’ (ਮਾਰੂ/ਮਹਲਾ /੧੦੯੨) ਗੁਰਮੁਖ; ਗੁਰੂ ਦੀ ਬਾਣੀ ਨਾਲ਼ ਜੁੜ ਕੇ ਗੁਣਾਂ ਦਾ ਗਾਹਕ ਬਣਦਾ ਹੈ ਤੇ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ‘‘ਸਾਚੀ ਬਾਣੀ, ਸੂਚਾ ਹੋਇ ਗੁਣ ਤੇ ਨਾਮੁ, ਪਰਾਪਤਿ ਹੋਇ ’’ (ਆਸਾ/ਮਹਲਾ /੩੬੧) ਦਰਅਸਲ ਅਜਿਹੇ ਗੁਰਮੁਖ ਨੂੰ ਹੀ ਗੁਰ-ਉਪਦੇਸ਼ ਰਾਹੀ ਇਹ ਸੋਝੀ ਨਸੀਬ ਹੁੰਦੀ ਹੈ ਕਿ ਆਪਣੇ ਚਿੱਤ ਅੰਦਰ ਰੱਬੀ ਗੁਣਾਂ ਦਾ ਹਾਰ ਬੁਣਨ ਨਾਲ਼ ਮਨ ਦੀ ਸਾਰੀ ਮਲੀਨਤਾ ਦੂਰ ਹੋ ਜਾਂਦੀ ਹੈ ‘‘ਹਰਿ ਗੁਣ ਗੁੰਫਹੁ ਮਨਿ ਮਾਲ; ਹਰਿ ਸਭ ਮਲੁ ਪਰਹਰੀਐ (ਗਉੜੀ/ਮਹਲਾ /੩੨੦), ਗੁਨ ਗਾਵਤ ਤੇਰੀ, ਉਤਰਸਿ ਮੈਲੁ   ਬਿਨਸਿ ਜਾਇ, ਹਉਮੈ ਬਿਖੁ ਫੈਲੁ (ਗਉੜੀ/ਮਹਲਾ /੨੮੯) ਅਜਿਹੀ ਸੁਚੱਜੀ ਜੀਵਨ ਜਾਚ ਸਦਕਾ ਮਨ ਹੁਣ ਆਪਣੇ ਅਸਲ ਜੀਵਨ ਮਨੋਰਥ ਨੂੰ ਪਾਉਣ ਦੇ ਆਹਰ (ਲਗਨ) ’ਚ ਲੱਗ ਜਾਂਦਾ ਹੈ ਤੇ ਅਰਦਾਸ ਭਾਵਨਾ ’ਚ ਪੁਕਾਰ ਉੱਠਦਾ ਹੈ ‘‘ਗੁਣ ਵੀਚਾਰੀ ਗੁਣ ਸੰਗ੍ਰਹਾ; ਅਵਗੁਣ ਕਢਾ ਧੋਇ (ਕੇ)   ਆਪੇ ਮੇਲਿ ਮਿਲਾਇਦਾ; ਫਿਰਿ ਵੇਛੋੜਾ ਹੋਇ ਨਾਨਕ ! ਗੁਰੁ ਸਾਲਾਹੀ ਆਪਣਾ; ਜਿਦੂ ਪਾਈ ਪ੍ਰਭੁ ਸੋਇ ’’  (ਸਿਰੀਰਾਗੁ/ਮਹਲਾ /੩੭)

(5). ਇਸ ਸਭ ਤੋਂ ਉੱਪਰ, ਮਾਲਕ ਦੇ ਦਰ ਤੋਂ ਰੱਬੀ ਬਖ਼ਸ਼ਸ਼ ਲਈ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਸਿਰਜਣਹਾਰੇ! ਅਸੀਂ ਮੰਦ-ਕਰਮੀ  ਸੰਸਾਰੀ ਮਮਤਾ ਦੀ ਮਲੀਨਤਾ ਨਾਲ਼ ਭਰੇ ਹੋਏ ਹਾਂ। ਹੇ ਸਹਾਇਤਾ ਕਰਨ ਵਾਲੇ ਹਰੀ! ਕ੍ਰਿਪਾ ਕਰਕੇ ਸਾਡੀ ਇੱਜ਼ਤ ਰੱਖ ਤੇ ਸਾਡਾ ਪੱਥਰ ਜਿਹੇ ਸਖ਼ਤ ਦਿਲ ਵਾਲ਼ਿਆਂ ਦਾ ਵੀ ਪਾਰ ਉਤਾਰਾ ਕਰ ਦੇਹ ‘‘ਹਮ ਮੈਲੁ ਭਰੇ ਦੁਹਚਾਰੀਆ; ਹਰਿ ਰਾਖਹੁ ਅੰਗੀ ਅੰਙੁ (ਸੂਹੀ/ਮਹਲਾ /੭੩੨), ਹਰਿ ਦਇਆ ਪ੍ਰਭ! ਧਾਰਹੁ, ਪਾਖਣ ਹਮ ਤਾਰਹੁ; ਕਢਿ ਲੇਵਹੁ ਸਬਦਿ ਸੁਭਾਇ ਜੀਉ   ਮੋਹ ਚੀਕੜਿ (’) ਫਾਥੇ, ਨਿਘਰਤ ਹਮ ਜਾਤੇ; ਹਰਿ ਬਾਂਹ ਪ੍ਰਭੂ! ਪਕਰਾਇ ਜੀਉ ’’ (ਆਸਾ/ਮਹਲਾ /੪੪੭) ਸੋ ਇਹ ਕਦੀ ਵੀ ਨਾ ਭੁੱਲੀਏ ਕਿ ਰੱਬੀ ਮਿਹਰ ਸਦਕਾ ਹੀ ਮਨ ਕਾਬੂ ਵਿੱਚ ਆਉਂਦਾ ਹੈ ਤੇ ਉਸ ਦੀ ਮਿਹਰ ਸਦਕਾ ਹੀ ਨਿਰਮਲ ਹੁੰਦਾ ਹੈ ‘‘ਨਦਰੀ ਸਤਗੁਰੁ ਸੇਵੀਐ; ਨਦਰੀ ਸੇਵਾ ਹੋਇ   ਨਦਰੀ ਇਹੁ ਮਨੁ ਵਸਿ ਆਵੈ; ਨਦਰੀ ਮਨੁ ਨਿਰਮਲੁ ਹੋਇ ’’ (ਵਡਹੰਸ ਮਹਲਾ /੫੫੮)

ਤੱਤ-ਸਾਰ ਵਜੋਂ ਇਹ ਹੈ ਕਿ ਨਿਰੰਕਾਰ ਦੀ ਨਿਰੰਤਰ ਯਾਦ, ਉਸ ਦੇ ਨੂਰ ਨੂੰ ਹਾਜ਼ਰ-ਨਾਜ਼ਰ (ਅੰਗ-ਸੰਗ) ਮਹਿਸੂਸ ਕੀਤਿਆਂ ਭਾਵ ਕਿ ਰੱਬੀ ਪ੍ਰਭਾਵ ਅਧੀਨ ਵਿਚਰਨ ਨਾਲ਼ ਮਨੁੱਖ ਅੰਦਰ ਵਿਕਾਰ ਬਿਰਤੀ ਪ੍ਰਚੰਡ ਨਹੀਂ ਹੁੰਦੀ। ਰੱਬੀ ਯਾਦ ਦੇ ਨਿਰੰਤਰ ਅਭਿਆਸ ਨਾਲ਼ ਸਾਡੇ ਅੰਦਰ ਜੀਵਨ ’ਚ ਵਾਪਰਦੇ ਦੁੱਖ ਤੇ ਸੁੱਖ ਨੂੰ ਇੱਕੋ ਜਿਹਾ ਜਾਣਨ ਦੀ ਸਮਰੱਥਾ ਆ ਜਾਂਦੀ ਹੈ ਤੇ ਮਨ ਸੰਤੋਖੀ ਬਣ ਜਾਂਦਾ ਹੈ। ਆਓ! ਆਪਣੇ ਮਨ ਨੂੰ‘‘ਸੋ ਕਿਛੁ ਕਰਿ, ਜਿਤੁ ਮੈਲੁ ਲਾਗੈ ’’ (ਗਉੜੀ/ਮਹਲਾ /੧੯੯) ਗੁਰੂ ਬਚਨਾਂ ਨਾਲ਼ ਸਮਝਾਈਏ ਤੇ ਅਰਦਾਸ ਕਰੀਏ ‘‘ਹਮ ਮੈਲੇ, ਤੁਮ ਊਜਲ ਕਰਤੇ; ਹਮ ਨਿਰਗੁਨ, ਤੂ ਦਾਤਾ   ਹਮ ਮੂਰਖ, ਤੁਮ ਚਤੁਰ ਸਿਆਣੇ; ਤੂ! ਸਰਬ ਕਲਾ ਕਾ ਗਿਆਤਾ ਮਾਧੋ ! ਹਮ ਐਸੇ ਤੂ ਐਸਾ   ਹਮ ਪਾਪੀ ਤੁਮ ਪਾਪ ਖੰਡਨ; ਨੀਕੋ ਠਾਕੁਰ ਦੇਸਾ ਰਹਾਉ ’’ (ਰਾਗ ਸੋਰਠਿ/ਮਹਲਾ /੬੧੩)