ਹੋਲਾ ਮਹੱਲਾ ਬਨਾਮ ਹੋਲੀ
ਗਿਆਨੀ ਅਵਤਾਰ ਸਿੰਘ
ਹਿੰਦੂ ਵੈਦਿਕ ਸ਼ਾਸਤਰਾਂ ਅਨੁਸਾਰ ਹੋਲੀ ਦਾ ਪਿਛੋਕੜ ਇਤਿਹਾਸ; ‘ਹੋਲਿਕਾ ਦਹਿਨ’ (ਹੋਲਿਕਾ ਨੂੰ ਚਿਖ਼ਾ ’ਚ ਜਲਾਉਣ) ਨਾਲ਼ ਜੁੜਿਆ ਹੋਇਆ ਹੈ, ਜੋ ਪ੍ਰਹਿਲਾਦ ਦੀ ਭੂਆ ਅਤੇ ਹਰਨਾਖ਼ਸ਼ (ਦਰਾਵੜ ਆਗੂ/ਦੱਖਣ ਭਾਰਤ ਦੇ ਮੂਲ ਨਿਵਾਸੀ) ਦੀ ਭੈਣ ਸੀ। ਪੌਰਾਣਿਕ ਕਥਾ ਅਨੁਸਾਰ ਪ੍ਰਹਿਲਾਦ; ਵਿਸ਼ਨੂੰ (ਉੱਤਰ ਭਾਰਤ ’ਚ ਆਰੀਅਨ ਰਾਜੇ ਇੰਦਰ ਦਾ ਛੋਟਾ ਭਰਾ) ਦੀ ਭਗਤੀ ਕਰਦਾ ਸੀ (ਜੈਸਾ ਕਿ ਦਰਾਵੜ ਰਾਜੇ ਰਾਵਣ ਦਾ ਭਰਾ ਵਿਭੀਸਣ/ਭਭੀਖਣ ਭੀ ਆਰੀਅਨ ਰਾਜੇ ਰਾਮ ਚੰਦਰ ਜੀ ਦਾ ਸੇਵਕ ਸੀ)। ਹਰਨਾਖ਼ਸ਼ ਨੂੰ ਇਹ ਪਸੰਦ ਨਹੀਂ ਸੀ। ਪ੍ਰਹਿਲਾਦ ਨੂੰ ਮਾਰਨ ਲਈ ਉਸ ਨੇ ਆਪਣੀ ਭੈਣ (ਹੋਲਿਕਾ) ਦੀ ਮਦਦ ਲਈ, ਜੋ ਪ੍ਰਹਿਲਾਦ ਨੂੰ ਗੋਦੀ ’ਚ ਬੈਠਾ ਕੇ ਚਿਖ਼ਾ ’ਤੇ ਬੈਠ ਗਈ ਕਿਉਂਕਿ ਉਸ ਨੂੰ ਵਰ ਪ੍ਰਾਪਤ ਸੀ ਕਿ ਉਹ ਅੱਗ ’ਚ ਨਹੀਂ ਸੜੇਗੀ, ਪਰ ਹੋਇਆ ਉਲ਼ਟ; ਪ੍ਰਹਿਲਾਦ ਬਚ ਗਿਆ ਅਤੇ ਹੋਲਿਕਾ ਚਿਖ਼ਾ ’ਚ ਜਲ਼ ਗਈ।
‘ਹੋਲਿਕਾ’ ਨੂੰ ਪੂਤਨਾ ਰਾਖਸ਼ਣੀ ਭੀ ਕਿਹਾ ਜਾਂਦਾ ਹੈ। ਕੰਸ ਨੇ ਇਸ ਦੇ ਥਣਾਂ ’ਤੇ ਜ਼ਹਰ ਲਗਾ ਕੇ ਕ੍ਰਿਸ਼ਨ ਜੀ ਨੂੰ ਦੁੱਧ ਚੁੰਘਾਉਣ ਲਈ ਭੇਜਿਆ ਸੀ, ਪਰ ਹੋਇਆ ਉਲ਼ਟ; ਕ੍ਰਿਸ਼ਨ ਜੀ ਨੇ ਦੁੱਧ ਨੂੰ ਚੁੰਘਦਿਆਂ ਇਸ ਦੇ ਅੰਦਰੋਂ ਖ਼ੂਨ ਭੀ ਚੂਸ ਲਿਆ ਅਤੇ ਇਸ ਨੂੰ ਸ਼ੈਤਾਨ ਰੂਪ ’ਚ ਬਦਲ ਦਿੱਤਾ। ਇਹ ਬਾਹਰ ਭੱਜੀ ਤੇ ਅੱਗ ਦੀਆਂ ਲਪਟਾਂ ’ਚ ਸੜਦੀ ਹੋਈ ਜਲ਼ ਗਈ।
ਸ਼ਿਵ ਜੀ ਦੇ ਉਪਾਸ਼ਕਾਂ ਅਨੁਸਾਰ ਹੋਲੀ ਵਾਲ਼ੇ ਦਿਨ ਸ਼ਿਵ ਨੇ ਕ੍ਰੋਧਿਤ ਹੋ ਕੇ ਕਾਮਦੇਵ ਨੂੰ ਜਲ਼ਾ ਦਿੱਤਾ। ਇਸ ਖ਼ੁਸ਼ੀ ’ਚ ਉਹ ਭੰਗ ਦੇ ਪਕੌੜੇ ਅਤੇ ਭੰਗ ਵਾਲ਼ੀ ਸਰਦਾਈ (ਠੰਢਿਆਈ) ਦਾ ਸੇਵਨ ਕਰਦੇ ਹਨ। ਸ਼ਾਹਜਹਾਂ ਦੇ ਸਮੇਂ ਹੋਲੀ ਨੂੰ ‘ਈਦ ਏ ਗੁਲਾਬੀ’ ਜਾਂ ‘ਆਬ ਏ ਪਾਸ਼ੀ’ (ਰੰਗਾਂ ਦੀ ਬੌਛਾਰ) ਕਿਹਾ ਜਾਂਦਾ ਸੀ। ਅਕਬਰ ਦੇ ਜੋਧਾਬਾਈ ਨਾਲ਼ ਅਤੇ ਜਹਾਂਗੀਰ ਦੇ ਨੂਰਜਹਾਂ ਨਾਲ਼ ਹੋਲੀ ਖੇਡਣ ਦੇ ਚਿੱਤਰ ਕਈ ਅਜਾਇਬ ਘਰਾਂ ਮਿਲਦੇ ਹਨ।
ਇਹ ਤਿਉਹਾਰ ਬਸੰਤ ਰੁੱਤ ’ਚ ਫ਼ੱਗਣ ਮਹੀਨੇ ਦੇ ਅੰਤਮ ਦਿਨ (ਪੂਰਨਮਾਸ਼ੀ) ਨੂੰ ਹੁੰਦਾ ਹੈ, ਜੋ ਕਿ ਦੋ ਦਿਨ ਰਹਿੰਦਾ ਹੈ। ਦੂਜੇ ਦਿਨ ਯਾਨੀ ਚੇਤ ਵਦੀ ੧ ਨੂੰ ਇੱਕ ਦੂਜੇ ਉੱਤੇ ਰੰਗ ਪਾ ਕੇ, ਢੋਲ ਵਜਾ ਕੇ ‘ਹੋਲਿਕਾ ਦਹਿਨ’ ਦੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਜਾਂਦਾ ਹੈ। ਇਸ ਦਿਨ ਨੂੰ ‘ਧੁਰੱਡੀ, ਧੁਲੇਂਡੀ, ਧੁਰਖੇਲ, ਧੂਲਿਵੰਦਨ, ਬਸੰਤ ਉਤਸਵ, ਕਾਮ-ਮਹੋਤਸਵ’ ਆਦਿ ਭੀ ਕਹਿਦੇ ਹਨ। ਚੰਦ੍ਰਮਾ ਸਾਲ ਦਾ ਇਹ ਪਹਿਲਾ ਦਿਨ ਹੈ।
ਸਿੱਖ ਇਤਿਹਾਸ ’ਚ ਇਸ ਦਿਨ ਨੂੰ ਹੋਲਾ ਮਹੱਲਾ (ਨਕਲੀ ਯੁੱਧ ਅਭਿਆਸ) ਵਜੋਂ ਮਨਾਇਆ ਜਾਂਦਾ ਹੈ ਜਦਕਿ ਅੱਜ ਹੋਲੀ ਮਨਾਉਣ ਦਾ ਢੰਗ ਵੇਖੀਏ ਤਾਂ ਇਸ ਦਿਨ ਪਿਆਰ ਘੱਟ; ਨਸ਼ਾ, ਜੂਆ, ਨਫ਼ਰਤ, ਅਸ਼ਲੀਲ ਹਰਕਤਾਂ, ਆਦਿ ਵੱਧ ਵੇਖੀਆਂ ਹਨ। ਓਹੀ ਤਿਉਹਾਰ ਮਨੁੱਖ ਦੇ ਜੀਵਨ ’ਚ ਰੰਗ-ਪ੍ਰੇਮ ਭਰ ਸਕਦਾ ਹੈ, ਜਿਸ ਵਿੱਚ ਕੋਈ ਸਚਾਈ ਦਾ ਅੰਸ਼ ਹੋਵੇ ਜਦਕਿ ਪ੍ਰਾਚੀਨ ਹੋਲੀ ਵਾਲ਼ੀ ਮਿੱਥ; ਕੋਰੀ ਕਲਪਨਾ ਹੈ। ਜਿਸ ਦਾ ਸੱਚ ਨਾਲ਼ ਕੋਈ ਸੰਬੰਧ ਨਹੀਂ। ਇਸ ਲਈ ‘ਹੋਲੇ ਮਹੱਲੇ’ ਦਾ ਪਿਛੋਕੜ ਇਤਿਹਾਸ; ਹਰ ਸਿੱਖ ਨੂੰ ਜਾਣਨਾ ਬੜਾ ਜ਼ਰੂਰੀ ਹੈ।
ਧਰਮ; ਮਨੁੱਖ-ਜਾਤੀ ਨੂੰ ਮਾਨਸਿਕ ਅਤੇ ਸਰੀਰਕ ਅਨੰਦ ਦੇਣ ਵਾਲ਼ਾ ਮਾਰਗ (ਸਾਧਨ) ਹੈ, ਜੋ ਰੂਹ ਦੇ ਖਿੜਨ ਨਾਲ ਸ਼ੁਰੂ ਹੋ ਕੇ ਸਰੀਰਕ ਮੌਤ ਤੱਕ ਸਹਾਈ ਬਣਦਾ ਹੈ। ਧਰਮ ਦੇ ਅਸੂਲ; ਮਨ ਨਾਲ਼ ਹਨ, ਸਰੀਰ ਨਾਲ਼ ਨਹੀਂ, ਪਰ ਇਹ ਸੱਚ ਹੈ ਕਿ ਅੰਦਰੂਨੀ ਗੁਣ; ਸਰੀਰ ਰਾਹੀਂ ਹੀ ਪ੍ਰਗਟ ਹੋਣੇ ਹੁੰਦੇ ਹਨ; ਜਿਵੇਂ ਕਿ ਅਕਾਲ ਪੁਰਖ; ਭਾਵੇਂ ਅਦ੍ਰਿਸ਼ ਰੂਪ ’ਚ ਸਰਬ ਵਿਆਪਕ ਹੈ, ਪਰ ਆਪਣੇ ਆਪ ਨੂੰ ਪ੍ਰਗਟ ਕਰਨ ਲਈ ਗੁਰੂ-ਸਰੀਰ ਜਾਂ ਭਗਤ-ਸਰੀਰ ਧਾਰਨ ਕਰਦਾ ਹੈ; ਜਿਵੇਂ ਕਿ ਭਗਤ ਰਵਿਦਾਸ ਜੀ ਫ਼ੁਰਮਾ ਰਹੇ ਹਨ, ‘‘ਪ੍ਰਭ ਤੇ ਜਨੁ ਜਾਨੀਜੈ; ਜਨ ਤੇ ਸੁਆਮੀ ॥’’ (ਭਗਤ ਰਵਿਦਾਸ/੯੩) ਅਰਥ : ਹਰੀ ਦੇ ਪਿਆਰ ਕਾਰਨ ਸੇਵਕ ਦੀ ਪਹਿਚਾਣ ਹੁੰਦੀ ਹੈ ਤੇ ਸੇਵਕ ਵਿੱਚੋਂ ਹਰੀ ਦੇ ਦਰਸ਼ਨ ਹੁੰਦੇ ਹਨ।
ਅਸਲ ਧਰਮ ਭੀ ਓਹੀ ਹੈ, ਜੋ ਆਪਣੇ ਗੁਣਾਂ ਨੂੰ ਕਿਸੇ ਸਰੀਰ ਰਾਹੀਂ ਬਾਹਰ ਪ੍ਰਗਟ ਕਰੇ। ਇਹੀ ਸਮਾਜਿਕ ਸੇਵਾ ਹੈ। ਜੇਕਰ ਕੋਈ ਧਰਮੀ ਬੰਦਾ; ਦੁਨੀਆਦਾਰ ਵਾਙ ਬੁਰਾ ਸੋਚੇ, ਦੁਰਾਚਾਰ ਕਰੇ ਤੇ ਲੋੜਬੰਦਾਂ ਨਾਲ਼ ਨਾ ਖੜ੍ਹੇ ਤਾਂ ਉਸ ਨੂੰ ਧਰਮੀ ਕਹਿਣਾ ਭੀ ਧਰਮ ਦਾ ਅਪਮਾਨ ਹੈ, ਪਰ ਜ਼ਿਆਦਾਤਰ ਲੋਕ; ਧਰਮ ਦੀ ਇਸ ਦੂਸਰੀ ਸ਼੍ਰੇਣੀ ਦੇ ਹੁੰਦੇ ਹਨ ਕਿਉਂਕਿ ਮਨ ਦਾ ਬਦਲਾਅ; ਬੜਾ ਕਠਿਨ ਕਾਰਜ ਹੈ। ਐਸਾ ਕਰਨ ਲਈ ਆਪਣੀ ਅਕਲ ’ਤੇ ਸੰਦੇਹ ਕਰਨਾ ਪੈਣਾ ਹੈ, ਉਸ ਨੂੰ ਤਿਆਗਣਾ ਹੈ। ਐਸੇ ਲੋਕ ਹੀ ਅਕਸਰ ਧਾਰਮਿਕ ਅਦਾਰਿਆਂ ’ਚ ਮੋਹਰੀ ਬਣੇ ਹੁੰਦੇ ਹਨ। ਜਿਨ੍ਹਾਂ ਦੁਆਰਾ ਕੀਤੇ ਹਰ ਕਾਰਜ ਨੂੰ ਗੁਰਬਾਣੀ ਕਰਮਕਾਂਡ (ਵਿਖਾਵੇ ਮਾਤਰ ਕੀਤੇ ਕੰਮ) ਮੰਨਦੀ ਹੈ ਕਿਉਂਕਿ ਉਨ੍ਹਾਂ ਕਾਰਜਾਂ ਦਾ ਮਨ ਨਾਲ਼ ਸੰਬੰਧ ਨਹੀਂ ਹੁੰਦਾ। ਜਿਸ ਕਾਰਨ ਮਨ ’ਚ ਸ਼ਾਂਤ, ਦਿਮਾਗ਼ ’ਚ ਸਥਿਰ (ਦੁਬਿਧਾ ਰਹਿਤ) ਤੇ ਆਸ਼ਾਵਾਦੀ ਭਾਵਨਾ ਨਹੀਂ ਪਨਪਦੀ।
ਮਨੁੱਖ ਜਾਤੀ ਅੰਦਰ ਧਰਮ ਪ੍ਰਤੀ ਲਗਾਅ ਪੈਦਾ ਕਰਨ ਲਈ ਤਿਉਹਾਰ ਉਲੀਕੇ ਜਾਂਦੇ ਹਨ ਤਾਂ ਜੋ ਸਮਾਜਿਕ ਬੁਰਾਈ ਦਾ ਨਾਸ ਹੋਵੇ। ਮਾਨਵ ਜਾਤੀ ਆਪਸੀ ਏਕਤਾ ਤੇ ਸਦਭਾਵਨਾ ’ਚ ਜੀਵੇ। ਜੇਕਰ ਮਨੁੱਖ ਖ਼ੁਸ਼ਹਾਲ ਹੈ ਤਾਂ ਹੋਰ ਜੂਨਾਂ (ਪਸ਼ੂ-ਪੰਛੀ) ਭੀ ਖ਼ੁਸ਼ਹਾਲ ਰਹਿਣਗੇ। ਜੇਕਰ ਮਨੁੱਖ ਦੁਖੀ, ਬੇਚੈਨ ਤੇ ਈਰਖਾਲੂ ਹੈ ਤਾਂ ਸਾਰੀ ਸ੍ਰਿਸ਼ਟੀ ਇਸ ਦਾ ਨਤੀਜਾ ਭੁਗਤੇਗੀ। ਅੱਜ ਹਵਾ-ਪਾਣੀ ਦੂਸ਼ਿਤ ਕਿਸੇ ਪਸ਼ੂ-ਪੰਛੀ ਨੇ ਨਹੀਂ ਕੀਤਾ। ਬੰਬ-ਧਮਾਕਿਆਂ ਨਾਲ਼ ਬੇਜ਼ਬਾਨ ਜਾਨਵਰਾਂ ਨੂੰ ਕਸ਼ਟ; ਕੇਵਲ ਮਨੁੱਖ ਜਾਤੀ ਕਾਰਨ ਹੈ। ਗੁਰੂ ਸਾਹਿਬ ਦੇ ਬਚਨ ਹਨ, ‘‘ਅਵਰ ਜੋਨਿ ਤੇਰੀ ਪਨਿਹਾਰੀ ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ ॥ ਸੁਇਨਾ ਰੂਪਾ ਤੁਝ ਪਹਿ ਦਾਮ ॥ ਸੀਲੁ ਬਿਗਾਰਿਓ ਤੇਰਾ ਕਾਮ ॥’’ (ਮਹਲਾ ੫/੩੭੪) ਅਰਥ : (ਹੇ ਮਨੁੱਖ !) ਹੋਰ ਜੂਨਾਂ ਤੇਰੀ ਸੇਵਾ ਲਈ ਹਨ ਕਿਉਂਕਿ ਇਹ ਧਰਤੀ ਉੱਤੇ ਤੇਰੀ ਹੀ ਬਾਦਿਸ਼ਾਹੀ ਕਾਇਮ ਹੈ। ਵੇਖ, ਤੇਰੇ ਕੋਲ਼ ਸੋਨਾ, ਚਾਂਦੀ, ਧਨ-ਪਦਾਰਥ ਆਦਿਕ ਹਨ ਫਿਰ ਭੀ ਤੇਰਾ (ਸ਼ਾਂਤ) ਸੁਭਾਅ ਤੇਰੀਆਂ ਇਛਾਵਾਂ ਨੇ ਵਿਗਾੜ (ਮਾਰ) ਰੱਖਿਆ ਹੈ।
ਚਾਰੋਂ ਤਰਫ਼ ਧਰਮ ਦਾ ਬੋਲਬਾਲਾ ਹੋਣ ਦੇ ਬਾਵਜੂਦ ਭੀ ਜੇਕਰ ਮਨੁੱਖਤਾ ਅੱਜ ਰਸਾਤਲ ਵੱਲ ਵਧ ਰਹੀ ਹੈ ਤਾਂ ਇਸ ਦੇ ਭਾਵੇਂ ਸਰੀਰਕ, ਆਰਥਿਕ ਤੇ ਪਰਵਾਰਿਕ ਕਾਰਨ ਭੀ ਹੋਣ, ਪਰ ਮੂਲ ਕਾਰਨ ਧਰਮ ਦਾ ਗ਼ਲਤ ਹੱਥਾਂ ’ਚ ਹੋਣਾ ਹੈ। 16 ਫ਼ਰਵਰੀ 2024 ਦੇ ਕਈ ਪ੍ਰਮੁੱਖ ਅਖ਼ਬਾਰਾਂ ’ਚ ਛਪੀ ਖ਼ਬਰ ਮੁਤਾਬਕ ਅਮਰੀਕਾ ਵਰਗੇ ਵਿਕਸਿਤ ਦੇਸ਼ ’ਚ ਭੀ ਧਰਮ ਪ੍ਰਤੀ ਰੁਝਾਨ 19% ਘਟ ਗਿਆ। ਇਸ ਦੇ ਇਹ ਮੂਲ ਕਾਰਨ ਹਨ :
(1). ਅਸਲ ਧਰਮ ਦੀ ਸੋਝੀ ਨਾ ਹੋਣਾ : ਰੰਗਾਂ-ਨਸਲਾਂ, ਕਬੀਲਿਆਂ, ਜਾਤਾਂ ’ਚ ਵੰਡੀ ਪਈ ਮਨੁੱਖ ਜਾਤੀ ਨੂੰ ਧਰਮ ਬਾਰੇ ਸਹੀ ਜਾਣਕਾਰੀ ਨਹੀਂ ਹੈ। ਆਪੋ ਆਪਣੇ ਵਰਗ ਦੇ ਮੋਹਰੀ ਲੋਕ; ਆਪਣੀ ਬਰਾਦਰੀ ਨੂੰ ਪ੍ਰਚਲਿਤ ਰਹੁ-ਰੀਤਾਂ (ਰੂੜ੍ਹੀਵਾਦੀ ਪ੍ਰੰਪਰਾਵਾਂ) ਦੇ ਜਾਲ ’ਚੋਂ ਨਿਕਲਣ ਦਾ ਵਿਰੋਧ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੀ ਚੌਧਰ ਖੁੱਸਣ ਦਾ ਡਰ ਰਹਿੰਦਾ ਹੈ ਭਾਵੇਂ ਉਨ੍ਹਾਂ ਲਈ ਸਾਰੀ ਬਰਾਦਰੀ ਨਰਕ ਭਰੀ ਜ਼ਿੰਦਗੀ ਭੋਗਦੀ-ਭੋਗਦੀ ਮਰਦੀ ਰਹੇ।
(2). ਧਰਮ ਅੰਦਰ ਰਾਜਨੀਤੀ ਦਾ ਦਖ਼ਲ : ਮਨੁੱਖ ਜਾਤੀ ਦੀ ਉਕਤ ਅਗਿਆਨਤਾ ਕਾਰਨ ਰਾਜਸੀ ਲੋਕ (ਜੋ ਆਪ ਭੀ ਧਰਮ ਤੋਂ ਸੱਖਣੇ ਹੁੰਦੇ ਹਨ) ਧਰਮ ਨੂੰ ਆਪਣੀ ਰਾਜਨੀਤੀ ਲਈ ਵਰਤਦੇ ਹਨ; ਸ਼ਾਮ, ਦਾਮ, ਦੰਡ, ਭੇਦ ਨੀਤੀ ਨਾਲ਼ ਆਮ ਜਨਤਾ ਦਾ ਸ਼ੋਸ਼ਣ ਕਰਦੇ ਹਨ। ਧਰਮ ਦੇ ਨਾਂ ’ਤੇ ਚੱਲਦੇ ਇਸ ਗੋਰਖ ਧੰਦੇ ਨੂੰ ਵੇਖ ਕੇ ਨਵੀਂ ਪੀੜੀ ਧਰਮ ਤੋਂ ਦੂਰੀ ਬਣਾਉਣਾ ਪਸੰਦ ਕਰਦੀ ਹੈ।
(3). ਉੱਚੇ ਸੁੱਚੇ ਅਸੂਲਾਂ ਵਾਲ਼ੇ ਧਰਮ ਦੇ ਪ੍ਰਚਾਰ–ਪ੍ਰਸਾਰ ਲਈ ਉੱਚੇ ਸੁੱਚੇ ਪ੍ਰਚਾਰਕਾਂ ਦੀ ਘਾਟ : ਧਰਮ (ਭਾਵ ਗੁਰਮਤਿ) ਦਾ ਪ੍ਰਚਾਰ-ਪ੍ਰਸਾਰ ਕਰਨ ਲਈ ਗੁਰਬਾਣੀ ਅੰਦਰ ਖ਼ਾਸ ਹਿਦਾਇਤਾਂ ਦਰਜ ਹਨ; ਜਿਵੇਂ ਕਿ ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ॥’’ (ਮਹਲਾ ੫/੩੮੧) ਅਰਥ : ਪਹਿਲਾਂ ਆਪਣੇ ਮਨ ਨੂੰ ਸਮਝਾ, ਕਾਬੂ ਕਰ; ਫਿਰ ਹੋਰਾਂ ਲਈ ਪ੍ਰੇਰਨਾ ਸ੍ਰੋਤ ਬਣ ਭਾਵ ਆਪਣੇ ਅਨੁਭਵ ’ਚ ਹੋਈ ਤਸੱਲੀ ਉਪਰੰਤ ਬਾਕੀ ਮਨੁੱਖ ਜਾਤੀ ਦੇ ਰੋਗ ਨੂੰ ਪਕੜਦਿਆਂ ਢੁਕਵੀਂ ਧਰਮ-ਦਵਾ ਦੇਹ। ਇਹ ਹੈ ਭੀ ਸੱਚ ਕਿ ਜੇਕਰ ਕੋਈ ਵਸਤੂ ਖਰੀਦਣੀ ਹੋਵੇ ਤਾਂ ਪਹਿਲਾਂ ਖ਼ੁਦ ਘੋਖ-ਪੜਤਾਲ ਕਰਨੀ ਬਣਦੀ ਹੈ, ਤਾਂ ਕਿ ਉਸ ਦਾ ਵਾਪਾਰ ਕਰਦਿਆਂ ਵਧੇਰੇ ਮੁਨਾਫ਼ਾ ਮਿਲੇ, ‘‘ਪਹਿਲਾ ਵਸਤੁ ਸਿਞਾਣਿ ਕੈ; ਤਾਂ ਕੀਚੈ ਵਾਪਾਰੁ ॥’’ (ਮਹਲਾ ੧/੧੪੧੦)
ਗੁਰੂ ਸਾਹਿਬਾਨ ਨੇ ਮਨੁੱਖ ਜਾਤੀ ਦੀਆਂ ਉਕਤ ਕਮਜ਼ੋਰੀਆਂ ਨੂੰ ਧਿਆਨ ’ਚ ਰੱਖਦਿਆਂ ਸਿੱਖਾਂ ਨੂੰ ਸੁਚੇਤ ਰਹਿ ਕੇ ਜਗਤ ’ਚ ਮੋਹਰੀ ਭੂਮਿਕਾ ਨਿਭਾਉਣ ਲਈ ਤਿਆਰ ਕੀਤਾ ਤਾਂ ਕਿ ਸਿੱਖਾਂ ਦੇ ਆਦਰਸ਼ਮਈ ਜੀਵਨ ਤੋਂ ਪ੍ਰਭਾਵਤ ਹੋ ਯਾਨੀ ਉਨ੍ਹਾਂ ਦੇ ਜੀਵਨ ਵਿੱਚੋਂ ਅਕਾਲ ਪੁਰਖ ਦੇ ਦਰਸ਼ਨ ਕਰ ਆਮ ਮਨੁੱਖ; ਧਰਮ ਪ੍ਰਤੀ ਆਕਰਸ਼ਿਤ ਹੋਵੇ। ਜਿਸ ਦਾ ਫ਼ਾਇਦਾ ਸਮੂਹ ਜੀਵ-ਜੰਤਾਂ ਤੱਕ ਪਹੁੰਚੇ।
ਇਤਿਹਾਸ ਗਵਾਹ ਹੈ ਕਿ ਮਾਨਵਤਾ ਲਈ ਸਰਬ ਸਾਂਝਾ ਤੇ ਸਵੈਮਾਨ ਪੈਦਾ ਕਰਨ ਵਾਲ਼ਾ ਸੁਨੇਹਾ ਦੇਣ ਕਾਰਨ ਭੀ ਮਤਲਬੀ ਤੇ ਤੰਗਦਿਲ ਮੋਹਰੀ ਲੋਕਾਂ ਨੇ ਨਿਰਸੁਆਰਥ ਰੱਬੀ ਆਸ਼ਕਾਂ ਨੂੰ ਅਸਹਿ ਸਰੀਰਕ ਕਸ਼ਟ ਦਿੱਤੇ। ਇਸ ਦਾ ਜਵਾਬ ਇਹੀ ਹੋਣਾ ਸੀ ਕਿ ਸਿੱਖ; ਖ਼ੁਦ ਮੋਹਰੀ ਬਣਨ। ਆਪਣੀ ਬਾਦਿਸ਼ਾਹੀ ਸਥਾਪਿਤ ਕਰਨ। ਸੱਚ ਦਾ ਵਿਰੋਧ ਕਰਨ ਵਾਲ਼ੀ ਤੇ ਆਮ ਜਨਤਾ ’ਚ ਵੰਡੀਆਂ ਪਾਉਣ ਵਾਲ਼ੀ ਸੋਚ ਦਾ ਲਾਮਬੰਦ/ਇੱਕਜੁੱਟ ਹੋ ਕੇ ਮੁਕਾਬਲ ਕਰਨ।
ਜ਼ਰਾ ਸੋਚਣਾ ਬਣਦਾ ਹੈ ਕਿ ਅੱਜ ਕਈ ਅਦਾਲਤਾਂ, ਅੰਤਰਰਾਸ਼ਟਰੀ ਮਾਨਵ ਅਧਿਕਾਰ ਸੰਗਠਨ ਅਤੇ ਲੋਕਾਂ ਦੀ ਆਵਾਜ਼ ਚੁੱਕਣ ਵਾਲ਼ਾ ਮੀਡੀਆ/ਸੋਸ਼ਲ ਮੀਡੀਆ ਆਦਿ ਹੋਣ ਦੇ ਬਾਵਜੂਦ ਭੀ ਆਮ ਮਨੁੱਖ ਤੇ ਔਰਤਾਂ ਉੱਤੇ ਅੱਤਿਆਚਾਰ ਦਿਨ ਬ ਦਿਨ ਵਧ ਰਹੇ ਹਨ ਤਾਂ ਅਤੀਤ ’ਚ ਜਨਤਾ ਦੀ ਦੁਰਦਸ਼ਾ ਅਤੇ ਔਰਤ ਦੀ ਇੱਜ਼ਤ ਦੀ ਕਿੰਨੀ ਕੁ ਰਾਖੀ ਹੁੰਦੀ ਹੋਏਗੀ; ਸਹਿਜੇ ਹੀ ਅੰਦਾਜ਼ਾ ਲੱਗ ਸਕਦਾ ਹੈ। ਭਾਰਤੀ ਨਾਰੀ ਨੂੰ ਜਿੱਥੇ ਆਪਣਿਆਂ ਨੇ ਜਿਊਂਦੀ ਚਿਖ਼ਾ ’ਚ ਬੈਠਾਇਆ, ਓਥੇ ਧਾੜਵੀਆਂ ਨੇ ਇਸ ਨੂੰ ਬੰਦੀ ਬਣਾ ਗ਼ਜ਼ਨੀ (ਅਫ਼ਗਾਨਿਸਤਾਨ) ਦੇ ਬਾਜ਼ਾਰਾਂ ’ਚ ਵੇਚਿਆ। ਅੱਜ ਭੀ ਐਸੀ ਮਾਨਸਿਕਤਾ ਅਤੇ ਗ੍ਰੰਥ ਮੌਜੂਦ ਹਨ, ਜੋ ਮੁੜ ਅਤੀਤ ਵਾਲ਼ੇ ਹਾਲਾਤ ਸਿਰਜਣ ਲਈ ਤਤਪਰ ਰਹਿੰਦੇ ਹਨ।
ਆਪਣੇ ਭਾਈਚਾਰੇ ’ਚ ਮੋਹਰੀ ਬਣੇ (ਗੁਰੂ, ਬ੍ਰਹਮਚਾਰੀ, ਬ੍ਰਹਮਗਿਆਨੀ, ਸੰਤ ਆਦਿ) ਭੀ ਭਾਵੇਂ ਅੱਜ; ਅਤੀਤ ਦੀਆਂ ਇਹ ਘਟਨਾਵਾਂ ਮੰਨਦੇ ਹਨ ਕਿ ਸਿੱਖਾਂ, ਗੁਰੂਆਂ, ਭਗਤਾਂ ਆਦਿ ’ਤੇ ਬੜੇ ਕਸ਼ਟ ਆਏ ਹਨ, ਪਰ ਆਪਣੀ ਰੂੜ੍ਹੀਵਾਦੀ ਸੋਚ ਨੂੰ ਜੀਵਤ ਰੱਖਣ ਲਈ ਅਤੇ ਅੰਦਰੂਨੀ ਨਿਰਬਲਤਾ ਛੁਪਾਉਣ ਲਈ ਇਹ ਸੁਨਹਿਰਾ ਇਤਿਹਾਸ ਬੱਚਿਆਂ ਨੂੰ ਪੜ੍ਹਾਏ ਜਾਣ ਦਾ ਵਿਰੋਧ ਭੀ ਕਰਦੇ ਹਨ ਵਰਨਾ ਅੱਜ ਆਧੁਨਿਕ ਸਾਧਨਾਂ ਰਾਹੀਂ ਜਨ ਜਨ ਨੂੰ ਅਸਲ ਧਰਮ ਦੀ ਸੋਝੀ ਹੋਣ ’ਤੇ ਸਾਰੀ ਮਨੁੱਖ ਜਾਤੀ; ਏਕਤਾ ਤੇ ਪਿਆਰ ਦੇ ਸੂਤਰ ’ਚ ਬੱਝੀ ਹੋਣੀ ਸੀ।
ਧਰਮ ਨੂੰ ਮਨ ਦੀ ਥਾਂ ਸਰੀਰਕ ਚਿੰਨ੍ਹਾਂ ਨਾਲ਼ ਜੋੜਨ ਵਾਲ਼ੇ ਲੋਕ; ਸਮਾਜ ਦੇ ਸੁਨਹਿਰੇ ਭਵਿਖ ਲਈ ਕੋਈ ਯੋਗਦਾਨ ਨਹੀਂ ਪਾ ਰਹੇ ਬਲਕਿ ਵਕਤੀ ਸਰਕਾਰਾਂ ਦੇ ਦਲਾਲ ਬਣ ਸਰੀਰਕ ਸੁਵਿਧਾਵਾਂ ਭੋਗਣ ਨੂੰ ਹੀ ਪਰਮ ਅਨੰਦ ਸਮਝ ਬੈਠੇ ਹਨ। ਉਨ੍ਹਾਂ ਬਾਰੇ ਗੁਰੂ ਅਮਰਦਾਸ ਜੀ ਦੇ ਬਚਨ ਹਨ, ‘‘ਆਨੰਦੁ ਆਨੰਦੁ ਸਭੁ ਕੋ ਕਹੈ; ਆਨੰਦੁ, ਗੁਰੂ ਤੇ ਜਾਣਿਆ ॥’’ (ਮਹਲਾ ੩/੯੧੭) ਭਾਵ ਰਸਾਂ-ਕਸਾਂ ਦੇ ਸੁਆਦ ਨੂੰ ਹੀ ਹਰ ਕੋਈ ਅਨੰਦ ਸਮਝਦਾ ਹੈ ਜਦਕਿ ਅਸਲ ਅਨੰਦ ਦੀ ਪ੍ਰਾਪਤੀ ਗੁਰੂ ਪਾਸੋਂ ਹੋਣੀ ਹੈ (ਜਿਨ੍ਹਾਂ ਦੇ ਬਚਨਾਂ ਦਾ; ਇਹ ਰਸ-ਕਸ ਭੋਗਣ ਵਾਲ਼ੇ ਵਿਰੋਧ ਕਰਦੇ ਹਨ)।
ਮਾਨਵਤਾ ਦੀ ਸੁਖਦਾਈ ਜੀਵਨਸ਼ੈਲੀ ’ਚ ਵੱਡੀ ਰੁਕਾਵਟ ਇਹੀ ਲੋਕ ਹਨ, ਜੋ ਧਾਰਮਿਕ ਆਗੂ ਹੁੰਦੇ ਹੋਏ ਤੁੱਛ ਸੁਆਰਥਾਂ ਕਾਰਨ ਵਕਤੀ ਤਾਨਾਸ਼ਾਹ ਹਾਕਮਾਂ ਦੀ ਨੇੜਤਾ ਹਾਸਲ ਕਰਦੇ ਕਰਦੇ ਆਪਣੀ ਭੋਲ਼ੀ-ਭਾਲ਼ੀ ਜਨਤਾ ਨੂੰ ਉਨ੍ਹਾਂ ਦੇ ਪੈਰਾਂ ’ਚ ਬੈਠਾ ਰਹੇ ਹਨ। ਸਿੱਖਾਂ ਅੰਦਰ ਭੀ ਐਸੇ ਆਗੂਆਂ ਦੀ ਘਾਟ ਨਹੀਂ, ਜੋ ਇਨ੍ਹਾਂ ਦੀ ਵੋਟ-ਸ਼ਕਤੀ ਨੂੰ ਧਰਮ ਵਿਰੋਧੀ ਸ਼ਕਤੀਆਂ ਕੋਲ਼ ਬੇਚ ਕੇ ਵਜ਼ੀਰੀਆਂ ਲੈ ਰਹੇ ਹਨ। ਐਸੇ ਆਗੂ ਭੀ ਐਸ਼ਪ੍ਰਸਤ ਰਹਿਣ ਕਾਰਨ ਗੁਰਮਤਿ ਸਿਧਾਂਤ ਅਤੇ ਕੁਰਬਾਨੀਆਂ ਭਰੇ ਵਿਰਸੇ ਦੇ ਪ੍ਰਚਾਰ-ਪ੍ਰਸਾਰ ’ਚ ਰੁਕਾਵਟ ਬਣਦੇ ਹਨ।
ਗੁਰਬਾਣੀ ਦੇ ਸਰਬ ਸਾਂਝੇ ਉਪਦੇਸ਼ ਕਾਰਨ ਗੁਰੂ ਨੀਤੀ ਦਾ ਸਦੀਆਂ ਤੋਂ ਦਬੀ-ਕੁਚਲੀ ਜਨਤਾ/ਪ੍ਰਜਾ ਨੇ ਡੱਟ ਕੇ ਸਮਰਥਨ ਕੀਤਾ। ਇਤਿਹਾਸ ਗਵਾਹ ਹੈ ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਮਾਨ ਹੇਠ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਮਾਂਡ ਹੇਠ ਆਪਣੇ ਫ਼ਰਜ਼ ਸਮਝ ਚੁੱਕੀ ਮਨੁੱਖ ਜਾਤੀ ਨੇ ਵਧ ਚੜ੍ਹ ਕੇ ਹਿਸਾ ਲਿਆ। 14ਵੀਂ ਸਦੀ ਤੋਂ 18ਵੀਂ ਸਦੀ ਤੱਕ ਤਕਰੀਬਨ 500 ਸਾਲ ’ਚ ਅੰਮ੍ਰਿਤਮਈ ਅਤੇ ਕਾਂਤੀਕਾਰੀ ਬਚਨਾਂ ਨਾਲ਼ ਗੁਰੂ ਸਾਹਿਬਾਨ ਤੇ ਭਗਤ ਸਾਹਿਬਾਨ ਨੇ ਪਹਿਲਾਂ ਹੀ ਐਸੀ ਜ਼ਮੀਨ ਤਿਆਰ ਕਰ ਰੱਖੀ ਸੀ; ਜਿਵੇਂ ਕਿ ਸੰਖੇਪ ਮਾਤਰ ਇਹ ਬਚਨ ਹਨ :
(1). ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ; ਕਬਹੂ ਨ ਛਾਡੈ ਖੇਤੁ ॥ (ਭਗਤ ਕਬੀਰ/੧੧੦੫)
ਅਰਥ : ਅਸਲ ’ਚ ਉਸੇ ਨੂੰ ਸੂਰਮਾ ਕਹਿਣਾ ਬਣਦਾ ਹੈ, ਜੋ ਸੱਚ-ਧਰਮ ਲਈ ਸੰਘਰਸ਼ ਕਰੇ। ਸਰੀਰ ਭਾਵੇਂ ਨਾਸ ਹੋ ਜਾਵੇ, ਪਰ ਹਕੀਕਤ ਦਾ ਸਾਥ ਨਾ ਛੱਡੇ।
(2). ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ; ਗਲੀ ਮੇਰੀ ਆਉ ॥ ਇਤੁ ਮਾਰਗਿ; ਪੈਰੁ ਧਰੀਜੈ ॥ ਸਿਰੁ ਦੀਜੈ; ਕਾਣਿ ਨ ਕੀਜੈ ॥ (ਮਹਲਾ ੧/੧੪੧੨)
ਅਰਥ : ਜੇ ਅਨੰਦਮਈ ਖੇਡ ਖੇਡਣੀ ਹੈ ਤਾਂ ਸੀਸ ਨੂੰ ਹਥੇਲੀ ਉੱਤੇ ਰੱਖ ਕੇ ਮੇਰੇ ਮਾਰਗ ’ਤੇ ਚੱਲੋ। ਇਸ ਰਾਹ ’ਤੇ ਪੈਰ ਰੱਖਦੇ ਜਾਣਾ ਹੈ, ਆਪਣਾ ਅਹੰਕਾਰ ਮਾਰਨਾ ਹੈ ਤੇ ਕਿਸੇ ਦੀ ਖ਼ੁਸ਼ਾਮਦ/ਝੂਠੀ ਵਡਿਆਈ ਨਹੀਂ ਕਰਨੀ ਭਾਵ ਜ਼ਮੀਰ ਮਾਰ ਕੇ ਨਹੀਂ ਜਿਊਣਾ।
(3). ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ॥ ਕਹੁ ਨਾਨਕ ਸੁਨਿ ਰੇ ਮਨਾ ! ਗਿਆਨੀ ਤਾਹਿ ਬਖਾਨਿ ॥ (ਮਹਲਾ ੯/੧੪੨੭)
ਅਰਥ : ਹੇ ਮਨ ! ਧਿਆਨ ਕਰ ਕਿ ਸਾਡਾ ਟੀਚਾ ਕਿਸੇ ਨੂੰ ਡਰਾਉਣਾ ਜਾਂ ਆਪ ਡਰਨਾ ਨਹੀਂ। ਜੋ ਨਿਡਰ ਰਹਿ ਕੇ ਜੀਵਨ ਬਸਰ ਕਰਦਾ ਹੈ; ਅਸਲ ’ਚ ਉਸੇ ਨੂੰ ਗਿਆਨੀ/ਧਰਮੀ ਕਹਿਣਾ ਬਣਦਾ ਹੈ।
ਧਰਮ ਦੀ ਉਕਤ ਕੀਤੀ ਗਈ ਵਿਆਖਿਆ; ਪ੍ਰਾਚੀਨ ਧਰਮਾਂ ਦੀ ਵਿਆਖਿਆ ਨਾਲ਼ੋਂ ਭਿੰਨ, ਨਿਵੇਕਲੀ, ਨਰੋਈ ਤੇ ਸਮੂਹ ਮਾਨਵ ਜਾਤੀ ਨਾਲ਼ ਸੰਬੰਧਿਤ ਹੈ। ਕਮਜ਼ੋਰਾਂ, ਬੇਸਹਾਰਾ ਅਤੇ ਔਰਤਾਂ ਦੀ ਰਖਵਾਲੀ ਕਰਦੀ ਹੈ। ਮਨ ਨੂੰ ਸ਼ਾਂਤ, ਸਥਿਰ ਤੇ ਆਸ਼ਾਵਾਦੀ ਸਿਰਜ ਕੇ ਭਗਤ-ਸਰੀਰ ਵਿੱਚੋਂ ਇਲਾਹੀ ਗੁਣ (ਨਿਰਭਉ ਨਿਰਵੈਰ ਰੱਬੀ ਦਰਸ਼ਨ) ਕਰਾਉਂਦੀ ਹੈ; ਜਿਵੇਂ ਕਿ ਭਗਤ ਰਵਿਦਾਸ ਜੀ ਦੇ ਉਕਤ ਬਚਨ ਹਨ ਕਿ ਪ੍ਰਭੂ ਤੋਂ ਸੇਵਕ ਜਾਣਿਆ ਜਾਂਦਾ ਹੈ ਤੇ ਸੇਵਕ ਤੋਂ ਪ੍ਰਭੂ।
ਫੋਕੀ ਪ੍ਰਸਿੱਧੀ ਹਾਸਲ ਕਰਨ ’ਚ ਕਮਲ਼ਾ ਹੋਇਆ ਸਮਾਜ; ਜ਼ਰੂਰ ਇਸ ਲਹਿਰ ਦਾ ਵਿਰੋਧ ਕਰੇਗਾ ਅਤੇ ਕੀਤਾ ਭੀ। ਗੁਰੂ ਸਾਹਿਬਾਨ ਨੇ ਐਸੇ ਧਾੜਵੀਆਂ ਤੋਂ ਬਚਾ ਲਈ ਤਖ਼ਤ ਸਥਾਪਿਤ ਕੀਤੇ, ਕਿਲ੍ਹੇ ਬਣਵਾਏ ਅਤੇ ਭਗਤ-ਯੋਧੇ ਤਿਆਰ ਕੀਤੇ। ਸ਼ਾਸਤਰਾਂ ਨੂੰ ਧਰਮ ਦਾ ਅਹਿਮ ਅੰਗ ਕਿਹਾ; ਜਿਵੇਂ ਕਿ ਗੁਰੂ ਗੋਬਿੰਦ ਸਾਹਿਬ ਦੇ ਬਚਨ ਹਨ, ‘‘ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥ ਹਲਾਲ ਅਸਤੁ ਬੁਰਦਨ ਬ ਸ਼ਮਸ਼ੀਰ ਦਸਤ ॥੨੨॥’’ (ਜ਼ਫ਼ਰਨਾਮਾ) ਭਾਵ ਜਦ ਸੁਲ੍ਹਾ-ਸਫ਼ਾਈ ਦੇ ਸਾਰੇ ਰਾਹ ਬੰਦ ਹੋ ਜਾਣ ਤਾਂ ਹੱਥ ’ਚ ਤਲਵਾਰ ਫੜਨੀ ਧਰਮ ਅਨੁਕੂਲ ਜਾਇਜ਼ ਹੈ। ਧਿਆਨ ਰਹੇ ਕਿ ਹੁਣ ਅਸਲਾ ਲਾਈਸੰਸ ਦੇਣ ਵੇਲ਼ੇ ਭੀ ਕਾੱਪੀ ਉੱਤੇ ਇਹ ਲਿਖਿਆ ਹੁੰਦਾ ਹੈ ‘ਇਹ ਅਸਲਾ ਆਤਮ ਰੱਖਿਆ/ਅਦਾਰਿਆਂ ਦੀ ਸਰੱਖਿਆ ਆਦਿ ਲਈ ਹੈ, ਨਾ ਕਿ ਵਿਆਹਾਂ, ਪ੍ਰੋਗਰਾਮਾਂ ’ਚ ਵਰਤਣ ਲਈ’ ਯਾਨੀ ਜੋ ਗੱਲ ਗੁਰੂ ਸਾਹਿਬਾਨ ਨੇ 16ਵੀਂ ਤੋਂ 18ਵੀਂ ਸਦੀ ’ਚ ਕਹੇ ਉਸ ਨੂੰ ਆਧੁਨਿਕ ਸਮਾਜ ਸਹੀ ਮੰਨਦਾ ਹੈ।
ਆਪਣੇ ਬਚਨਾਂ ਮੁਤਾਬਕ ਗੁਰੂ ਸਾਹਿਬ ਨੇ ਸਿੱਖ-ਜ਼ਮੀਨ ਤਿਆਰ ਕੀਤੀ, ‘‘ਸਵਾ ਲਾਖ ਸੇ ਏਕ ਲੜਾਊਂ, ਚੜ੍ਹੇ ਸਿੰਘ ਤਿਸ ਮੁਕਤ ਕਰਾਊਂ॥੫੯॥’’ (ਤਨਖ਼ਾਹ ਨਾਮਾ, ਭਾਈ ਨੰਦ ਲਾਲ ਸਿੰਘ), ਇਸ ਦਾ ਨਤੀਜਾ ਇਹ ਹੋਇਆ ਕਿ ਗੁਰੂ ਸਾਹਿਬਾਨ ਨੇ ਕਈ ਯੁੱਧ ਜਿੱਤ ਲਏ ਅਤੇ ਤਾਨਾਸ਼ਾਹੀ ਤੇ ਅਹੰਕਾਰੀ ਹਾਕਮਾਂ ਨੂੰ ਯਾਦ ਕਰਾ ਦਿੱਤਾ ਕਿ ਭਗਤੀ ਕਰਨ ਵਾਲ਼ੇ ਅੰਦਰ ਕੇਵਲ ਸ਼ਾਂਤੀ (ਪੀਰੀ) ਹੀ ਨਹੀਂ ਬਲਕਿ ਵੀਰਤਾ (ਮੀਰੀ/ਬਾਦਿਸ਼ਾਹੀ) ਗੁਣ ਭੀ ਹੁੰਦਾ ਹੈ। ਸਿੱਖਾਂ ਦਾ ਉਤਸ਼ਾਹ ਵਧਾਉਣ ਲਈ ਆਪ ਨੇ ਬਚਨ ਉਚਾਰੇ, ‘‘ਜੁੱਧ ਜਿਤੇ ਇਨਹੀ ਕੇ ਪ੍ਰਸਾਦਿ; ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ ॥’’ (ਖਾਲਸਾ ਮਹਿਮਾ) ਭਾਵ (ਜਿਨ੍ਹਾਂ ਨੂੰ ਸਮਾਜ ਦਬੇ-ਕੁਚਲੇ, ਲਾਚਾਰ ਮੰਨਦਾ ਰਿਹਾ) ਉਨ੍ਹਾਂ ਦੀ ਮਦਦ ਨਾਲ਼ ਮੈ ਕਈ ਯੁੱਧ ਜਿੱਤ ਲਏ ਅਤੇ ਉਨ੍ਹਾਂ ਦੀ ਮਦਦ ਨਾਲ਼ ਹੀ ਮਾਨਵਤਾ ਦੀ ਸੇਵਾ ਕਰਨ ਵਾਲ਼ਾ ਫ਼ਰਜ਼ ਅਦਾ ਕੀਤਾ ਹੈ।
ਗੁਰੂ ਨਾਨਕ ਸਾਹਿਬ ਨੇ ਆਪਣੀ ਤੀਜੀ ਉਦਾਸੀ (ਸੰਨ 1514-16) ਸਮੇਂ ਜੋਗੀਆਂ ਨਾਲ਼ ਚਰਚਾ ਦੌਰਾਨ ਜਦ ‘ਸਬਦੁ’ (ਰੱਬ ਦੀ ਮਹਿਮਾ/ਨਾਮ) ਨੂੰ ‘ਗੁਰੂ’ (ਸਿੱਖ ਕੌਮ ਦਾ ਰਹਿਬਰ/ਅਗਵਾਈ ਕਰਤਾ) ਬਿਆਨ ਕੀਤਾ ਤਾਂ ਸਾਫ਼ ਹੋ ਗਿਆ ਸੀ ਕਿ ਸਿੱਖ ਜਗਤ ਦੀ ਸਦੀਵੀ ਅਗਵਾਈ ਕੋਈ ਸਰੀਰ-ਗੁਰੂ ਨਹੀਂ ਕਰੇਗਾ; ਜਿਵੇਂ ਕਿ ਅੱਜ ਕੱਲ੍ਹ ਪੀੜ੍ਹੀ ਦਰ ਪੀੜ੍ਹੀ ਗੱਦੀ ਕਾਇਮ ਰੱਖਣ ਲਈ ‘ਸਰੀਰ-ਗੁਰੂ ਦੀ ਮਨੁੱਖਤਾ ਨੂੰ ਲੋੜ’ ਵਿਸ਼ੇ ਉੱਤੇ ਆਪਣੀ ਨਿਰਬਲਤਾ ਨੂੰ ਛੁਪਾਉਂਦਿਆਂ ਬੜੇ ਭਾਸ਼ਣ ਦਿੱਤੇ ਜਾਂਦੇ ਹਨ ਤਾਂ ਕਿ ਅਗਾਂਹ ਸੰਤਾਨ ਭੀ ਸਦੀਆਂ ਤੱਕ ਇਨ੍ਹਾਂ ਵਾਙ ਗੁਰੂ, ਬ੍ਰਹਮਗਿਆਨੀ, ਸੰਤ ਬਣ ਸਰਕਾਰੀ ਸਰਪ੍ਰਸਤੀ ਹੇਠ ਅਰਾਮ ਦਾਇਕ ਜ਼ਿੰਦਗੀ ਭੋਗਦੀ ਰਹੇ। ਧਿਆਨ ਰਹੇ ਕਿ ਜਿਨ੍ਹਾਂ ਨੇ ਅਤੀਤ ’ਚ ਹੁੰਦੀ ਵਾਰ-ਵਾਰ ਨਸਲਕੁਸ਼ੀ ਵਿਰੁਧ ਕਦੇ ਜ਼ਬਾਨ ਨਹੀਂ ਖੋਲ੍ਹੀ, ਉਹ ਹੁਣ ਤੇ ਅਗਾਂਹ ਭੀ ਮੂੰਹ ਨਹੀਂ ਖੋਲ੍ਹਣਗੇ। ਉਨ੍ਹਾਂ ਦਾ ਆਸਰਾ ਤੱਕਣਾ; ਆਪਣੇ ਆਪ ਨੂੰ ਗ਼ਲਤ-ਫ਼ਹਿਮੀ ’ਚ ਰੱਖਣਾ ਹੈ।
ਦੂਜੇ ਪਾਸੇ ‘ਸਰੀਰ-ਗੁਰੂ’ ਪਰੰਪਰਾ ਨੂੰ ਹਮੇਸ਼ਾਂ ਲਈ ਸਮਾਪਤ ਕਰਨ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੋਥੀ ਸਾਹਿਬ (ਜੋ ਕਿ ਸੰਨ 1604 ਤੋਂ ਸੁਭਾਇਮਾਨ ਸੀ) ਅੰਦਰ ਸੰਨ 1678-80 ’ਚ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕਰ ਅਤੇ ਸੰਨ 1699 ’ਚ ਪੰਜ ਪਿਆਰੇ ਪ੍ਰਣਾਲੀ ਚੁਣ ਗੁਰੂ-ਸਰੀਰ ਪਦਵੀ ਬਖ਼ਸ਼ ਕੇ ਯਾਨੀ ਗੁਰੂ-ਸਰੀਰ ਵਾਲ਼ੇ ਸਾਰੇ ਅਧਿਕਾਰ; ਜਿਵੇਂ ਕਿ ਅੰਮ੍ਰਿਤਪਾਣ ਕਰਨਾ, ਕੌਮੀ ਹਿਤ ਲਈ ਮਿਲ ਬੈਠ ਕੇ ਵੱਡੇ ਫ਼ੈਸਲੇ ਲੈਣੇ, ਆਦਿ ਅਧਿਕਾਰ ਦੇ ਕੇ ਸਿੱਖ ਕੌਮ ਨੂੰ ਸਦੀਵੀ ਜਗਤ ਗੁਰੂ (ਸਬਦੁ ਗੁਰੂ) ਦੇ ਲੜ ਲਗਾ ਦਿੱਤਾ, ਜਿਸ ਨੂੰ ਪਹਿਲਾਂ ਹੀ ਗੁਰੂ ਨਾਨਕ ਸਾਹਿਬ ਨੇ ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ॥’’ (ਗੋਸਟਿ/ਮਹਲਾ ੧/੯੪੩) ਐਲਾਨਿਆ ਸੀ।
ਮੌਸਮ ਪਰਿਵਰਤਨ ਨਾਲ਼ ਹੁੰਦੇ ਵੱਡੇ ਕੁਦਰਤੀ ਵਿਕਾਸ ਨੂੰ ਵਾਚਣ ਨਾਲ਼ ਸਪਸ਼ਟ ਹੁੰਦਾ ਹੈ ਕਿ ਪਤਝੜ ਤੋਂ ਬਾਅਦ ਆਈ ਬਸੰਤ ਰੁੱਤ ’ਚ ਸਾਰੀ ਬਨਸਪਤੀ ਨਵੇਂ ਰੂਪ ’ਚ ਖਿੜਦੀ ਹੈ। ਜੀਵ-ਜੰਤਾਂ ਦੀ ਪ੍ਰਜਣਨ ਦਰ ਭੀ ਇਸ ਰੁੱਤ ’ਚ ਵਧੇਰੇ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਭੀ ਇਸੇ ਰੁੱਤ ਭਾਵ ਚੇਤ ਸੁਦੀ ੧੫ (ਪੂਰਨਮਾਸ਼ੀ), ੧ ਵੈਸਾਖ ਬਿਕ੍ਰਮੀ ਸੰਮਤ ੧੫੨੬/27 ਮਾਰਚ 1469 ਈ: ਨੂੰ ਹੋਇਆ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭੀ ਖ਼ਾਲਸੇ ਦੀ ਸਾਜਣਾ ਇਸੇ ਰੁੱਤ ੧ ਵੈਸਾਖ (29 ਮਾਰਚ 1699) ਨੂੰ ਕੀਤੀ। ਗੁਰਬਾਣੀ ਰਾਹੀਂ ਭਗਤੀ ਗੁਣ (ਪੀਰੀ) ਦੇ ਨਾਲ਼-ਨਾਲ਼ ਭਰੇ ਗਏ ਵੀਰ-ਰਸ ਦੇ ਅਭਿਆਸ ਲਈ ਹੋਲਾ ਮਹੱਲਾ (ਯੁੱਧ ਅਭਿਆਸ) ਭੀ ਇਸੇ ਰੁੱਤ ’ਚ ਭਾਵ ਚੇਤ ਵਦੀ ੧,੧ ਚੇਤ ਸੰਮਤ ੧੭੫੩/26 ਫ਼ਰਵਰੀ 1697 ਈ: ਨਿਸ਼ਚਿਤ ਕੀਤਾ ਗਿਆ (ਧਿਆਨ ਰਹੇ ਕਿ ਸਰੀਰਕ ਯੋਧੇ ਪੈਦਾ ਕਰਨ ਗੁਰੂ ਅੰਗਦ ਸਾਹਿਬ ਜੀ ਨੇ ਭੀ ਖਡੂਰ ਸਾਹਿਬ ਵਿਖੇ ਮੱਲ ਅਖਾੜਿਆਂ ਦੀ ਸ਼ੁਰੂਆਤ ਕੀਤੀ ਸੀ)। ਇਹ ਸਭ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਕਰਤਾਰ ਅਤੇ ਗੁਰੂ; ਮਨੁੱਖੀ ਸੋਚ ਵਾਲ਼ਾ ਯੁੱਗ ਬਦਲਣ ਲਈ ਇਹੋ ਸਮਾਂ ਚੁਣਦੇ ਹਨ, ਪਰ ਰਸਾਂ-ਕਸਾਂ ਵਾਲ਼ੇ ਅਨੰਦ ’ਚ ਮਸਤ ਲੋਕ ਕੱਚੇ ਰੰਗਾਂ ਨਾਲ਼ ਹੋਲੀ ਖੇਡਦੇ ਹਨ, ਜੋ ਕਿ ਗੁਰੂ ਨਾਨਕ ਸਾਹਿਬ ਅਨੁਸਾਰ ਕੇਵਲ ਮਨ ਪਰਚਾਵਾ ਹੈ, ‘‘ਨਚਣੁ ਕੁਦਣੁ ਮਨ ਕਾ ਚਾਉ ॥’’ (ਆਸਾ ਕੀ ਵਾਰ/ਮਹਲਾ ੧/੪੬੫), ਪਰ ਅਸਲ ਅਨੰਦ ਦੀ ਝਲਕ ਲੈਣ ਤੋਂ ਭਟਕੀ ਅੰਨ੍ਹੀ ਲੁਕਾਈ ਭੀ ਕੀ ਕਰੇ, ਜੇ ਅਗਵਾਈ ਕਰਤਾ ਗੁਰੂ ਆਪ ਹੀ ਅੱਗੇ ਹੋ ਕੇ ਨੱਚ ਰਿਹਾ ਹੋਵੇ, ‘‘ਵਾਇਨਿ ਚੇਲੇ; ਨਚਨਿ ਗੁਰ ॥ ਪੈਰ ਹਲਾਇਨਿ; ਫੇਰਨਿ੍ ਸਿਰ ॥ ਉਡਿ ਉਡਿ ਰਾਵਾ; ਝਾਟੈ ਪਾਇ ॥ ਵੇਖੈ ਲੋਕੁ; ਹਸੈ ਘਰਿ ਜਾਇ ॥’’ (ਆਸਾ ਕੀ ਵਾਰ/ਮਹਲਾ ੧/੪੬੫) ਅਰਥ : ਚੇਲੇ ਸਾਜ ਵਜਾਉਂਦੇ ਹਨ ਤੇ ਉਸ ਧੁਨੀ ’ਤੇ ਹੱਥ-ਪੈਰ ਹਿਲਾ-ਹਿਲਾ, ਸਿਰ ਘੁਮਾ-ਘੁਮਾ ਗੁਰੂ ਨੱਚਦੇ ਹਨ। ਧਰਤੀ ਤੋਂ ਉੱਡਦੀ ਖੇਹ ਸਿਰ ’ਚ ਪੈਂਦੀ ਹੈ, ਜਿਸ ਨੂੰ ਲੋਕ ਵੇਖਦੇ ਹਨ ਤੇ ਘਰੋਂ ਘਰੀ ਜਾ ਕੇ ਹੱਸਦੇ ਭੀ ਹਨ ਭਾਵ ਇਸ ਖੇਡ ਦੀ ਪ੍ਰਾਪਤੀ; ਹੱਸਣ ਤੋਂ ਬਿਨਾਂ ਕੁੱਝ ਨਾ ਹੋਈ। ਐਸਾ ਜਾਪਦਾ ਹੈ ਕਿ ਗੁਰੂ ਸਾਹਿਬ ਉਨ੍ਹਾਂ ਅਜੋਕੇ ਮੋਹਰੀਆਂ ਦੀ ਗੱਲ ਸਦੀਆਂ ਪਹਿਲਾਂ ਕਰ ਗਏ, ਜੋ ਅੱਜ ਬਲਾਤਕਾਰ ਦੀ ਸਜ਼ਾ ਜੇਲ੍ਹਾਂ ’ਚ ਬੈਠੇ ਕੱਟ ਰਹੇ ਹਨ ਕਿਉਂਕਿ ਮਨ ਪਰਚਾਵੇ ਵਿੱਚੋਂ ਐਸਾ ਹੀ ਜੀਵਨ ਪਨਪਦਾ ਹੈ। ਹੈਰਾਨੀ ਹੁੰਦੀ ਹੈ ਜਦ ਕੋਈ ਸਿੱਖ ਭੀ ਐਸੀ ਖੇਡ ਖੇਲ੍ਹ ਰਿਹਾ ਹੋਵੇ। ਆਪਣਾ ਮੂੰਹ-ਸਿਰ ਰੰਗਾਂ ਨਾਲ਼ ਰੰਗ ਕੇ ਜਾਗਰੂਕ ਲੋਕਾਂ ਦੀਆਂ ਨਜ਼ਰਾਂ ’ਚ ਹੋਰ ਡਿੱਗ ਰਿਹਾ ਹੋਵੇ। ਐਸਾ ਜਾਪਦਾ ਹੈ ਕਿ ਇਨ੍ਹਾਂ ਨੇ ਗੁਰੂ ਸਾਹਿਬਾਨ, ਭਗਤ ਸਾਹਿਬਾਨ ਦੇ ਜੀਵਨ ਸੰਘਰਸ਼ ਵਿੱਚੋਂ ਕੋਈ ਰੌਸ਼ਨੀ ਦੀ ਕਿਰਨ ਪ੍ਰਾਪਤ ਨਾ ਕੀਤੀ ! ! !