ਹੋਲਾ ਮਹੱਲਾ ਦੀਆਂ ਇਤਿਹਾਸਕ ਤਾਰੀਖ਼ਾਂ ’ਚ ਰੋਲ਼ ਘਚੋਲ਼ਾ

0
224

ਹੋਲਾ ਮਹੱਲਾ ਦੀਆਂ ਇਤਿਹਾਸਕ ਤਾਰੀਖ਼ਾਂ ਰੋਲ਼ ਘਚੋਲ਼ਾ

ਕਿਰਪਾਲ ਸਿੰਘ ਬਠਿੰਡਾ

ਹੋਲਾ ਮਹੱਲਾ ਸਿੱਖਾਂ ਦਾ ਇੱਕ ਮਹੱਤਵ ਪੂਰਨ ਮੌਸਮੀ ਤਿਉਹਾਰ ਹੈ। ਇਸ ’ਚ ਕੋਈ ਦੋ ਰਾਵਾਂ ਨਹੀਂ ਕਿ ਇਹ ਨਵਾਂ ਤਿਉਹਾਰ ਮਨਾਉਣ ਦੀ ਰੀਤ ਗੁਰੂ ਗੋਬਿੰਦ ਸਿੰਘ ਜੀ ਨੇ ਚਲਾਈ ਸੀ। ਇਸ ਦੇ ਬਾਵਜੂਦ ਇਹ ਨਵਾਂ ਤਿਉਹਾਰ ਹੋਲਾ ਮਹੱਲਾ ਸ਼ੁਰੂ ਕਰਨ ਦੀ ਸਾਡੇ ਕੋਲ਼ ਕੋਈ ਵੀ ਪ੍ਰਮਾਣਿਕ ਤਾਰੀਖ਼ ਨਹੀਂ ਹੈ। ਵੱਖ ਵੱਖ ਵਿਦਵਾਨਾਂ ਨੇ ਵੱਖ ਵੱਖ ਤਾਰੀਖ਼ਾਂ ਦਿੱਤੀਆਂ ਹਨ; ਜਿਵੇਂ ਕਿ

  1. ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਰਚਿਤ ਮਹਾਨ ਕੋਸ਼ ਵਿੱਚ (ਹੋਲਗੜ੍ਹ ਸਿਰਲੇਖ ਹੇਠ) ਦਰਜ ਹੈ : ‘ਅਨੰਦਪੁਰ ਦਾ ਇੱਕ ਕਿਲਾ। ਇਸੇ ਥਾਂ ਗੁਰੂ ਗੋਬਿੰਦ ਸਿੰਘ ਜੀ ਨੇ ਦੀਵਾਨ ਲਾ ਕੇ ਸੰਮਤ ੧੭੫੭, ਚੇਤ ਬਦੀ ੧ [ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕੀਤਿਆਂ – ਸ਼ੁੱਕਰਵਾਰ, ੧੭ ਚੇਤ ਸੰਮਤ ੧੭੫੭; 14 ਮਾਰਚ 1701 ਜੂਲੀਅਨ] ਨੂੰ ਹੋਲਾ ਮਹੱਲਾ ਖੇਡਣ ਦੀ ਰੀਤ ਚਲਾਈ’। ਬਹੁਤੇ ਲੇਖਕ ਆਪਣੀਆਂ ਲਿਖਤਾਂ ਵਿੱਚ ਇਹੀ ਤਰੀਖ਼ਾਂ ਲਿਖਦੇ ਹਨ, ਪਰ ਇਨ੍ਹਾਂ ’ਤੇ ਸੰਦੇਹ ਕੀਤਾ ਜਾ ਸਕਦਾ ਹੈ ਕਿਉਂਕਿ ਮਹਾਨ ਕੋਸ਼ ਵਿੱਚ ਹੀ ਦਰਜ ਹੈ ਕਿ ‘ਸੰਮਤ ੧੭੪੬ ਵਿੱਚ ਕਲਗੀਧਰ ਨੇ ਇਸ ਨਗਰ (ਅਨੰਦਪੁਰ) ਦੀ ਰੱਖਯਾ ਲਈ ਪੰਜ ਕਿਲੇ (ੳ) ਅਨੰਦਗੜ੍ਹ (ਅ) ਲੋਹਗੜ੍ਹ (ੲ) ਫ਼ਤਹਿਗੜ੍ਹ (ਸ) ਕੇਸਗੜ੍ਹ (ਹ) ਹੋਲਗੜ੍ਹ ਦੀ ਉਸਾਰੀ ਕੀਤੀ ਸੀ। ਕਿਲੇ ਦਾ ਨਾਮ ਹੋਲਗੜ੍ਹ ਰੱਖੇ ਜਾਣਾ ਹੀ ਇਸ ਗੱਲ ਦਾ ਪ੍ਰਤੀਕ ਹੈ ਕਿ ਉਸ ਸਥਾਨ ’ਤੇ ਹੋਲਾ ਮਹੱਲਾ ਪਹਿਲਾਂ ਹੀ ਖੇਡਿਆ ਜਾਂਦਾ ਸੀ’। ਇਸ ਦਾ ਭਾਵ ਹੈ ਕਿ ਹੋਲਾ ਮਹੱਲਾ ਖੇਡਣ ਦੀ ਰੀਤ ਸੰਮਤ ੧੭੪੬/1689 ਈ: ਤੋਂ ਵੀ ਪਹਿਲਾਂ ਸ਼ੁਰੂ ਹੋ ਚੁੱਕੀ ਸੀ।
  2. ਡਾ: ਸੋਹਿੰਦਰ ਸਿੰਘ ਵਣਜਾਰਾ ਬੇਦੀ ਅਨੁਸਾਰ ਹੋਲੇ ਮਹੱਲੇ ਦਾ ਤਿਉਹਾਰ ਚੇਤ ਵਦੀ ੧, ਸੰਮਤ ੧੭੪੨ [੩ ਚੇਤ/1 ਮਾਰਚ 1686] ਤੋਂ ਪਉਂਟਾ ਸਾਹਿਬ ਵਿਖੇ ਮਨਾਉਣਾ ਸ਼ੁਰੂ ਕਰ ਦਿੱਤਾ ਸੀ।
  3. ਸਿੱਖ ਤਵਾਰੀਖ਼ ਭਾਗ ਪਹਿਲਾ ਦੇ ਪੰਨਾ ਨੰ: 326 ’ਤੇ ਡਾ: ਹਰਜਿੰਦਰ ਸਿੰਘ ਦਿਲਗੀਰ ਲਿਖਦੇ ਹਨ ‘3 ਮਾਰਚ 1683 ਦੇ ਦਿਨ ਗੁਰੂ ਸਾਹਿਬ ਨੇ ਚੱਕ ਨਾਨਕੀ ਵਿਚ ਹੋਲਾ ਮਹੱਲਾ ਮਨਾਇਆ’।
  4. ਇਸੇ ਪੁਸਤਕ ਦੇ ਪੰਨਾਂ ਨੰ: 301 ’ਤੇ ਲਿਖਦੇ ਹਨ: ‘ਗੁਰੂ ਸਾਹਿਬ ਨੇ 3 ਮਾਰਚ ਸੰਨ 1702 ਦੇ ਦਿਨ ਇੱਕ ਨਵਾਂ ਤਿਉਹਾਰ ਹੋਲਾ ਮਹੱਲਾ ਮਨਾਇਆ’। ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਇਹ ਇਤਿਹਾਸਕਾਰ ਪਹਿਲਾਂ ਲਿਖ ਆਇਆ ਹੈ ਕਿ 3 ਮਾਰਚ 1683 ਦੇ ਦਿਨ ਗੁਰੂ ਸਾਹਿਬ ਨੇ ਚੱਕ ਨਾਨਕੀ ਵਿਚ ਹੋਲਾ ਮਹੱਲਾ ਮਨਾਇਆ ਤਾਂ 19 ਸਾਲ ਬਾਅਦ ਉਹੀ ਤਿਉਹਾਰ ਨਵਾਂ ਕਿਵੇਂ ਹੋਇਆ ? ਇਸ ਤੋਂ ਸਿੱਧ ਹੁੰਦਾ ਹੈ ਕਿ ਡਾ: ਦਿਲਗੀਰ ਕੋਲ਼ ਕੋਈ ਭੀ ਪ੍ਰਮਾਣਿਕ ਤਾਰੀਖ਼ ਨਹੀਂ ਹੈ।
  5. ਗੁਰੂ ਕੀਆਂ ਸਾਖੀਆਂ ਸੰਪਾਦਨਾ ਪ੍ਰੋ: ਪਿਆਰਾ ਸਿੰਘ ਪਦਮ, ਸਾਖੀ ਨੰ: 37 (ਪੰਨਾ ਨੰ: 92) ਵਿੱਚ ਕੇਵਲ ਚੇਤ ਵਦੀ ੧ ਲਿਖਿਆ ਹੈ, ਕੋਈ ਸੰਮਤ ਨਹੀਂ ਲਿਖਿਆ। ਇਸ ਦੀਆਂ ਅਗਲੀਆਂ ਪਿਛਲੀਆਂ ਸਾਖੀਆਂ ਦੇ ਹਿਸਾਬ ਸੰਮਤ ੧੭੩੯ ਬਣਦਾ ਹੈ [ਜਿਸ ਨੂੰ ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕੀਤਿਆਂ ੫ ਚੇਤ ਸੰਮਤ ੧੭੩੯/3 ਮਾਰਚ 1683 ਬਣਦਾ ਹੈ।] ਇਸ ਸਾਖੀ ਵਿੱਚ ਲਿਖਿਆ ਹੈ ਕਿ ਹੋਲੀਆਂ ਤੋਂ ਅਗਲੇ ਦਿਨ ਚੇਤਰ ਵਦੀ ਏਕਮ ਕੇ ਦਿਹੁੰ ਪਿਛਲੇ ਪਹਰ ਸ਼ਸਤਰ ਵਿਦਿਆ ਦੇ ਕਰਤੱਵ ਅਤੇ ਘੋੜ-ਦੌੜ ਹੋਈ। ਸਿੱਖਾਂ ਕੇ ਪੂਛਨੇ ਸੇ ਇਸ ਦਿਹੁੰ ਕਾ ਨਾਮ ‘ਹੋਲਾ ਮਹੱਲਾ’ ਰੱਖਾ। ਇਹ ਦਿਹੁੰ ਹਰ ਸਾਲ ਚੱਕ ਨਾਨਕੀ ਮੇਂ ਮਨਾਇਆ ਜਾਨਾ ਲਾਗਾ।37। [ਚੇਤੇ ਰਹੇ ਕਿ ਸੰਮਤ ੧੭੩੯ ’ਚ ਫ਼ੱਗਣ ਸੁਦੀ ੧੪; 2 ਮਾਰਚ 1683 ਨੂੰ ਸੀ, ਫ਼ੱਗਣ ਸੁਦੀ ੧੫ (ਪੂਰਨਮਾਸ਼ੀ) ਕਸ਼ਯ ਹੋ ਗਈ ਸੀ ਅਤੇ ਚੇਤ ਵਦੀ ੧; 3 ਮਾਰਚ 1683 ਨੂੰ ਸੀ।]
  6. ਗੁਰੂ ਕੀਆਂ ਸਾਖੀਆਂ ਦੀ ਹੀ ਪੁਸਤਕ ਦੇ ਪੰਨਾ ਨੰ: 143, ਸਾਖੀ ਨੰ: 93 ‘ਸਾਖੀ ਕਿਲਾ ਅਨੰਦਗੜ੍ਹ ਸੇ ਹੋਲਾ ਮਹੱਲਾ ਚਢਨੇ ਕੀ ਚਾਲੀ’ ਸਿਰਲੇਖ ਹੇਠ ਬਹੁਤ ਲੰਬਾ ਚੌੜਾ ਪ੍ਰਸੰਗ ਲਿਖਿਆ ਹੈ। ਜਿਸ ਵਿੱਚੋਂ ਕੇਵਲ ਟੂਕ ਮਾਤਰ ਕੁਝ ਸਤਰਾਂ ਇਸ ਤਰ੍ਹਾਂ ਹਨ: ‘ਇਸੀ ਵਰਖ [ਇਸ ਸਾਖੀ ਤੋਂ ਪਹਿਲੀ ਸਾਖੀ ਨੰ: 92 ਵਿੱਚ ਸੰਮਤ ਸਤਰਾਂ ਸੈ ਅਠਾਵਨ ਲਿਖਿਆ ਹੈ, ਇਸ ਲਈ ਇਸੀ ਵਰਖ ਦਾ ਭਾਵ ਸੰਮਤ ੧੭੫੮ ਹੈ] ਪਿਛਲੇ ਸਾਲ ਕੀ ਤਰਹ ਹੋਲੀਆਂ ਕੇ ਦਿਹੁੰ ਮੇਂ ਕਿਲਾ ਹੋਲਗੜ੍ਹ ਕੇ ਨਜ਼ਦੀਕ ਬੜੀ ਚਹਿਲ ਪਹਿਲ ਹੋਈ। ਖ਼ਾਲਸਾ ਆਪਸ ਮੇਂ ਟੋਲੀਆਂ ਬਨਾਏ ਫਲਗੁਨ ਸੁਦੀ ਅਸ਼ਟਮੀ ਸੇ ਪੂਰਨਮਾ ਤੱਕ ਹੋਲੀ ਖੇਲਨੇ ਲਾਗਾ। ……. ਅਗਲੇ ਦਿਵਸ ਚੇਤ ਵਦੀ ਏਕਮ ਕੇ ਦਿਹੁੰ ਤੀਜੇ ਪਹਰ ਗੁਰੂ ਜੀ ਕਾ ਬਚਨ ਪਾਇ ਸਾਰੇ ਸਿੱਖ ਕਿਲਾ ਅਨੰਦਗੜ ਕੇ ਸਾਮ੍ਹਣੇ ਆਏ। [ਸੰਮਤ ੧੭੫੮ ਵਿੱਚ ਫ਼ੱਗਣ ਸੁਦੀ ਪੂਰਨਮਾਸ਼ੀ, 3 ਮਾਰਚ 1702 ਨੂੰ ਹੋਲੀ ਸੀ। ਚੇਤ ਵਦੀ ੧ ਕਸ਼ਯ ਹੋ ਗਈ। ਅਗਲੇ ਦਿਨ 4 ਮਾਰਚ ਨੂੰ ਚੇਤ ਵਦੀ ੧ ਨਹੀਂ ਬਲਕਿ ਚੇਤ ਵਦੀ ੨ ਸੀ। ਇਸ ਲਈ ‘ਅਗਲੇ ਦਿਵਸ’ ਲਿਖਿਆ ਜਾਣਾ ਸਹੀ ਨਹੀਂ।

ਨੋਟ : 1. ਡਾ: ਦਿਲਗੀਰ ਨੇ ਹਵਾਲਾ ਤਾਂ ਕੋਈ ਨਹੀਂ ਦਿੱਤਾ, ਪਰ ਉਨ੍ਹਾਂ ਵੱਲੋਂ ਹੋਲੇ ਮਹੱਲੇ ਦੀਆਂ ਲਿਖੀਆਂ ਦੋਵੇਂ ਤਾਰੀਖ਼ਾਂ 3 ਮਾਰਚ 1683 ਅਤੇ 3 ਮਾਰਚ 1702; ਗੁਰੂ ਕੀਆਂ ਸਾਖੀਆਂ ਦੀਆਂ ਤਾਰੀਖ਼ਾਂ ਨਾਲ ਮਿਲਦੀਆਂ ਹਨ। ਗੁਰੂ ਕੀਆਂ ਸਾਖੀਆਂ ਅਤੇ ਡਾ: ਦਿਲਗੀਰ ਵੱਲੋਂ ਇੱਕ ਹੀ ਤਿਉਹਾਰ ਸ਼ੁਰੂ ਹੋਣ ਦੀਆਂ ਦੋ ਵੱਖ ਵੱਖ ਤਾਰੀਖ਼ਾਂ ਲਿਖੇ ਜਾਣਾ ਸਿੱਧ ਕਰਦਾ ਹੈ ਕਿ ਹੋਲਾ ਮਹੱਲਾ ਸ਼ੁਰੂ ਹੋਣ ਦੀਆਂ ਤਾਰੀਖ਼ਾਂ ਸੰਬੰਧੀ, ਉਨ੍ਹਾਂ ਨੂੰ ਪੂਰਨ ਜਾਣਕਾਰੀ ਨਹੀਂ ਸੀ।

  1. ਗੁਰੂ ਕੀਆਂ ਸਾਖੀਆਂ ਦੀ ਸਾਖੀ ਨੰ: 93 ’ਚ ਲਿਖਿਆ ਹੈ ‘ਪਿਛਲੇ ਸਾਲ ਕੀ ਤਰਹ’। ਸੰਮਤ ੧੭੫੮ ਤੋਂ ਪਿਛਲਾ ਸਾਲ ਬਣਦਾ ਹੈ ਸੰਮਤ ੧੭੫੭; ਜਿਸ ’ਚ ਚੇਤ ਵਦੀ ੧, 14 ਮਾਰਚ 1701 ਈਸਵੀ ਨੂੰ ਸੀ। ਜਾਪਦਾ ਹੈ ਕਿ ਡਾ: ਹਰਜਿੰਦਰ ਸਿੰਘ ਦਿਲਗੀਰ ਦਾ ਇਨ੍ਹਾਂ ਸ਼ਬਦਾਂ ਵੱਲ ਧਿਆਨ ਹੀ ਨਹੀਂ ਗਿਆ, ਇਸੇ ਕਾਰਨ ਉਸ ਨੇ 3 ਮਾਰਚ 1702 ਈ: ਲਿਖ ਦਿੱਤਾ; ਸ਼ਾਇਦ ਇਸ ਕਾਰਨ ਵੀ ਇੱਕ ਸਾਲ ਦਾ ਫ਼ਰਕ ਪਾਇਆ ਹੋਵੇ ਤਾਂ ਕਿ ਉਸ ਵੱਲੋਂ ਲਿਖੀ ਤਾਰੀਖ਼ 3 ਮਾਰਚ 1683 ਨਾਲ ਮੇਲ ਖਾਂਦੀ ਸੀ।
  2. ਸੂਰਜ ਪ੍ਰਕਾਸ਼ ਦੀ ਰੁੱਤ ੩ ਅੰਸੂ ੨ ਵਿੱਚ ਹੋਲੇ ਮਹੱਲੇ ਦਾ ਜ਼ਿਕਰ ਇੰਝ ਕੀਤਾ ਹੈ : ‘ਆਯੋ ਫਾਗੁਣ ਮਾਸ ਸੁਹਾਵਤਿ। ਗਾਵਤਿ ਰਿਦੈ ਪ੍ਰਮੋਦ ਬਧਾਵਤਿ। ਸਭ ਮਹਿਂ ਕਰਿ ਬਸੰਤ ਪਰਧਾਨ। ਅਪਰ ਰਾਗ ਸਭਿ ਗਾਇਂ ਸੁਜਾਨ ॥੨॥ ਪੁਰਿ ਅਨੰਦ ਆਨੰਦ ਬਿਲੰਦ੍ਯੋ । ਜਹਿਂ ਕਹਿਂ ਗਾਵਹਿਂ ਗੁਰ ਪਦ ਬੰਦ੍ਯੋ । ਚਲਿ ਆਯਹੁ ਹੋਲੇ ਕਾ ਮੇਲਾ । ਚਹੁਂ ਦਿਸ਼ਿ ਤੇ ਨਰ ਭਏ ਸਕੇਲਾ ॥੩॥’

ਨੋਟ : ‘ਚਲਿ ਆਯਹੁ ਹੋਲੇ ਕਾ ਮੇਲਾ।’ (ਇਸ ਤੁਕ ਦਾ ਭਾਵ ਹੈ ਕਿ ਹੋਲੇ ਦੇ ਜਿਸ ਮੇਲੇ ’ਤੇ ਸਿੱਖ ਚਹੁੰ ਦਿਸ਼ਾਵਾਂ ਤੋਂ ਆ ਕੇ ਇਕੱਠੇ ਹੋਏ ਸਨ, ਉਹ ਪਹਿਲਾਂ ਹੀ ਪ੍ਰਚਲਿਤ ਸੀ। ਭਾਵੇਂ ਇੱਥੇ ਸੰਮਤ ਦਾ ਜ਼ਿਕਰ ਨਹੀਂ ਕੀਤਾ, ਪਰ ਇਸ ਤੋਂ ਪਿਛਲੀ ਰੁੱਤ ੨, ਦਾ (ਆਖਰੀ) ਅੰਸੂ ੫੦ ਵਿੱਚ ਸਭ ਤੋਂ ਛੋਟੇ ਸਾਹਿਬਜ਼ਾਦੇ ਦਾ ਜਨਮ ਸੰਮਤ ੧੭੫੫, ਲਿਖਿਆ ਹੈ। ਅੰਮ੍ਰਿਤ ਛਕਾਉਣ ਦਾ ਜ਼ਿਕਰ ਇਸ ਤੋਂ ਪਿੱਛੋਂ ਰੁੱਤ ੩, ਅੰਸੂ ੧੯ ਵਿੱਚ ਦਰਜ ਹੈ। ਇਸ ਲਈ ਇਨ੍ਹਾਂ ਦੋਵਾਂ ਤਾਰੀਖ਼ਾਂ ਦੇ ਵਿਚਕਾਰ ਚੇਤ ਵਦੀ ੧, ਸੰਮਤ ੧੭੫੫ ਹੀ ਹੋ ਸਕਦਾ ਹੈ। ਇਸ ਨੂੰ ਜੂਲੀਅਨ ਤਾਰੀਖ਼ਾਂ ਵਿੱਚ ਬਦਲਣ ’ਤੇ ਇਹ 6 ਮਾਰਚ 1699 ਬਣਦਾ ਹੈ। ਜਿਸ ਤੋਂ ਸਾਫ਼ ਹੁੰਦਾ ਹੈ ਕਿ ਹੋਲਾ ਮਹੱਲਾ 1699 ਦੀ ਵੈਸਾਖੀ ਤੋਂ 23 ਦਿਨ ਪਹਿਲਾਂ ਸ਼ੁਰੂ ਹੋਇਆ।)

  1. ਪ੍ਰੋ: ਸਾਹਿਬ ਸਿੰਘ ਨੇ ‘ਜੀਵਨ- ਬ੍ਰਿਤਾਂਤ ਸ੍ਰੀ ਗੁਰੂ ਗੋਬਿੰਦ ਸਿੰਘ’ ’ਚ ਸਭ ਤੋਂ ਪਹਿਲਾਂ ਹੋਲਾ ਮਹੱਲਾ ਮਨਾਏ ਜਾਣ ਦਾ ਭਾਵੇਂ ਕੋਈ ਸੰਮਤ ਨਹੀਂ ਲਿਖਿਆ, ਪਰ ਚੱਲ ਰਹੇ ਪ੍ਰਸੰਗਾਂ ਦੀ ਲੜੀ ’ਚ ਉਨ੍ਹਾਂ ਨੇ ਵੀ ਹੋਲੇ ਦਾ ਪ੍ਰਸੰਗ 1699 ਦੀ ਵੈਸਾਖੀ ਤੋਂ ਪਹਿਲਾਂ ਹੀ ਦਰਜ ਕੀਤਾ ਹੈ।

ਨੋਟ : ਦੂਸਰਾ ਨੁਕਤਾ ਇਹ ਹੈ ਕਿ ਉਨ੍ਹਾਂ ਮੁਤਾਬਕ ਅਨੰਦਪੁਰ ਦੀ ਪਹਿਲੀ ਲੜਾਈ 1701 ਦੇ ਸ਼ੁਰੂ ਵਿੱਚ, ਦੂਸਰੀ ਲੜਾਈ ਨਵੰਬਰ 1701 ਵਿੱਚ ਹੋਈ। ਸੰਨ 1704 ਤੱਕ ਤਿੰਨ ਹੋਰ ਵੱਡੀਆਂ ਲੜਾਈਆਂ ਹੋਣ ਤੋਂ ਇਲਾਵਾ ਇਸ ਸਮੇਂ ਦੌਰਾਨ ਹੋਰ ਛੋਟੀਆਂ ਮੋਟੀਆਂ ਝੜਪਾਂ ਵੀ ਹੁੰਦੀਆਂ ਰਹੀਆਂ। ਲੜਾਈਆਂ ਦਾ ਇਹ ਸਮਾਂ ਸਿੱਧ ਕਰਦਾ ਹੈ ਕਿ ਜਦੋਂ ਇਸ ਸਮੇਂ ਅਸਲੀ ਲੜਾਈਆਂ ਚੱਲ ਰਹੀਆਂ ਸਨ ਤਾਂ ਉਸ ਸਮੇਂ ਮਨਸੂਹੀ ਲੜਾਈਆਂ ਦੇ ਅਭਿਆਸ ਲਈ ਕਿਸੇ ਵੱਡੇ ਮੇਲੇ ਦਾ ਆਜੋਯਨ ਕਰਨਾ ਫ਼ਬਦਾ ਨਹੀਂ। ਸੋ ਲਾਜ਼ਮੀ ਤੌਰ ’ਤੇ ਮਨਸੂਈ ਯੁੱਧਾਂ ਦੇ ਅਭਿਆਸ ਲਈ ਹੋਲੇ ਮਹੱਲੇ ਦਾ ਤਿਉਹਾਰ 1699 ਦੀ ਵੈਸਾਖੀ ਤੋਂ ਪਹਿਲਾਂ ਹੀ ਸ਼ੁਰੂ ਕੀਤਾ ਹੋਵੇਗਾ, ਜੋ ਪ੍ਰਵਿਸ਼ਟਾ ੧ ਚੇਤ, ਚੇਤ ਵਦੀ ੧ ਸੰਮਤ ੧੭੫੩; 26 ਫ਼ਰਵਰੀ 1697 ਵੀ ਹੋ ਸਕਦਾ ਹੈ।

ਉੁਪਰੋਕਤ ਸਾਰਿਆਂ ਹਵਾਲਿਆਂ ਨੂੰ ਵੇਖ ਕੇ ਸਾਡੇ ਕੋਲ਼, ਜੋ ਸੰਨ ਅਤੇ ਸੰਮਤ ਮਿਲਦੇ ਹਨ; ਉਹ ਇਸ ਤਰ੍ਹਾਂ ਹਨ :

(ੳ) ਸੰਮਤ ੧੭੩੯ ਬਿਕ੍ਰਮੀ/ਸੰਨ 1683 ਜੂਲੀਅਨ (ਅ) ਸੰਮਤ ੧੭੪੨ ਬਿਕ੍ਰਮੀ/ਸੰਨ 1686 (ੲ) ਸੰਮਤ ੧੭੫੫/ਸੰਨ 1699 (ਸ) ਸੰਮਤ ੧੭੫੭ ਬਿਕ੍ਰਮੀ/ਸੰਨ 1701 ਜੂਲੀਅਨ (ਹ) ਸੰਮਤ ੧੭੫੮ ਬਿਕ੍ਰਮੀ/ਸੰਨ 1702 ਜੂਲੀਅਨ।

ਉੁਪਰੋਕਤ ਸਾਰੀਆਂ ਤਾਰੀਖ਼ਾਂ ਵਿੱਚੋਂ ਕਿਹੜੀ ਠੀਕ ਹੈ ਅਤੇ ਕਿਹੜੀ ਗਲਤ; ਇਸ ਦਾ ਨਿਤਾਰਾ ਕੀਤੇ ਜਾਣਾ ਅਸੰਭਵ ਹੈ। ਇਸ ਲਈ ਠੀਕ ਗ਼ਲਤ ਦੇ ਚੱਕਰ ਵਿੱਚ ਨਾ ਪੈਂਦੇ ਹੋਏ ਆਓ ਇਹ ਵੀਚਾਰ ਕਰੀਏ ਕਿ ਭਾਰਤੀ ਸਭਿਆਚਾਰ ਵਿੱਚ ਕਿਹੜੇ ਕਿਹੜੇ ਤਿਉਹਾਰ ਕਿਹੜੀਆਂ ਕਿਹੜੀਆਂ ਕਿਹੜੀਆਂ ਰੁੱਤਾਂ ਵਿੱਚ ਮਨਾਏ ਜਾਂਦੇ ਹਨ। ਵਿਕੀਪੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਹੋਲੀ ਦਾ ਤਿਉਹਾਰ ਬਸੰਤ ਦੀ ਆਮਦ, ਸਰਦੀਆਂ ਦਾ ਅੰਤ, ਪਿਆਰ ਦਾ ਖਿੜਾਓ ਅਤੇ ਬਹੁਤ ਸਾਰੇ ਤਿਉਹਾਰਾਂ ਲਈ ਦੂਜਿਆਂ ਨੂੰ ਮਿਲਣ, ਖੇਡਣ, ਹੱਸਣ, ਭੁੱਲਣ ਤੇ ਮਾਫ਼ ਕਰਨ ਅਤੇ ਟੁੱਟੇ ਸੰਬੰਧਾਂ ਨੂੰ ਸੁਧਾਰਨ ਦਾ ਸੰਕੇਤ ਦਿੰਦਾ ਹੈ।

ਦੂਸਰਾ ਇਹ ਕਿ ਪੁਰਾਤਨ ਉੱਤਰੀ ਭਾਰਤ ਵਿੱਚ, ਮਹੀਨੇ ਪੂਰਨਮੰਤੇ (ਪੂਰਨਮਾਸ਼ੀ ’ਤੇ ਖ਼ਤਮ ਹੋਣ ਵਾਲ਼ਾ ਮਹੀਨਾ ਕਿਉਂਕਿ ਦੱਖਣ ਭਾਰਤ ’ਚ ਮੱਸਿਆ ’ਤੇ ਭੀ ਮਹੀਨਾ ਖ਼ਤਮ ਹੁੰਦਾ ਹੈ) ਸਨ, ਪਰ ਚੇਤ ਦਾ ਮਹੀਨਾ ਵੰਡਿਆ ਨਹੀਂ ਸੀ ਜਾਂਦਾ; ਚੰਦਰ ਸਾਲ ਫ਼ੱਗਣ ਸੁਦੀ ੧੫ ਯਾਨੀ ਪੂਰਨਮਾਸ਼ੀ ਨੂੰ ਖਤਮ ਹੋਇਆ ਕਰਦਾ ਸੀ। ਇਸ ਹਿਸਾਬ ਨਾਲ ਹੋਲੀ ਦਾ ਤਿਉਹਾਰ ਸਾਲ ਦੇ ਆਖਰੀ ਦਿਨ ਫ਼ੱਗਣ ਸੁਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਸੀ। ਅਗਲੇ ਦਿਨ ਚੇਤ ਵਦੀ ੧ ਤੋਂ ਨਵਾਂ ਸਾਲ ਸ਼ੁਰੂ ਹੋ ਜਾਵੇਗਾ, ਜਿਸ ਦਿਨ ਤੋਂ ਹੋਲਾ ਮਹੱਲਾ ਮਨਾਇਆ ਜਾਣ ਲੱਗਾ।

ਭਾਰਤ ਸਰਕਾਰ ਵੱਲੋਂ 1952 ’ਚ ਸੰਗਠਿਤ ਕੀਤੀ ਕਲੰਡਰ ਸੁਧਾਰ ਕਮੇਟੀ ਨੇ 1955 ’ਚ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੀ, ਜਿਸ ਦੇ ਪੰ: 161 ’ਤੇ ਵੀ ਇਹੋ ਤੱਥ ਇਸ ਤਰ੍ਹਾਂ ਸਪਸ਼ਟ ਕੀਤਾ ਗਿਆ ਹੈ : ‘ਹਿੰਦੀ ਕਲੰਡਰ ਵਿੱਚ ਨਾਗਰਕ ਮਨੋਰਥਾਂ ਲਈ ਪੁੰਨਿਆਂ ਨੂੰ ਖ਼ਤਮ ਹੋਣ ਵਾਲੇ ਮਹੀਨੇ ਵਰਤੇ ਜਾਂਦੇ ਹਨ – ਕਿਉਂਕਿ ਇਹ ਮਹੀਨੇ ਗੌਣਮਾਨ ਹਨ ਇਸ ਲਈ ਮਹੀਨੇ ਦਾ ‘ਵਦੀ’ ਵਾਲਾ ਅੱਧਾ ਭਾਗ ਪਹਿਲੋਂ ਆਉਂਦਾ ਹੈ ਇਸ ਪਿੱਛੋਂ ਸੁਦੀ ਵਾਲਾ ਅੱਧ ਆਉਂਦਾ ਹੈ। ਇਸ ਲਈ ਸਾਲ ਦਾ ਆਖ਼ਰੀ ਦਿਨ ਪੁੰਨਿਆਂ ਦਾ ਹੁੰਦਾ ਹੈ ਅਤੇ ਪ੍ਰਾਚੀਨ ਭਾਰਤੀ ਰਵਾਇਤ ਅਨੁਸਾਰ ਇਹ ਫਾਲਗੁਨੀ ਪੂਰਣਿਮਾਂ (ਜਾਂ ਹੋਲੀ ) ਹੁੰਦੀ ਹੈ।’

ਤੁਜ਼ਕ-ਏ-ਜਹਾਂਗੀਰੀ ਵਿੱਚ ਅੰਕਿਤ ਹੈ ਕਿ ਸਾਲ ਦੇ ਆਖਰੀ ਦਿਨ ਹੋਲੀ ਹੁੰਦੀ ਹੈ: Thursday is the Holi, which in their belief is the last day of the year.” – Tuuzk-I-Jahangiri or Memoirs of Jahangir, Translated by Alexander Rogers and Henry Beveridge, first published 1909-1914, reprint 1989 Low Price Publications, Delhi.

ਹੋਲੇ ਮਹੱਲੇ ਦੀ ਕੋਈ ਵੀ ਪ੍ਰਮਾਣਿਕ ਤਾਰੀਖ਼ ਨਾ ਮਿਲਣ ਦੀ ਸੂਰਤ ਵਿੱਚ ਹੇਠ ਲਿਖੇ ਕਾਰਨਾ ਕਰਕੇ ਨਾਨਕਸ਼ਾਹੀ ਕੈਲੰਡਰ ਦੇ ਨਵੇਂ ਸਾਲ ਦੀ ਪਹਿਲੀ ਤਾਰੀਖ਼ ਪ੍ਰਵਿਸ਼ਟਾ ੧ ਚੇਤ/14 ਮਾਰਚ ਨਿਸ਼ਚਿਤ ਕੀਤੀ ਹੈ।

(1) ਚੰਦਰ ਸਾਲ ਦੇ ਅਖੀਰਲੇ ਦਿਨ ਫ਼ੱਗਣ ਸੁਦੀ ਪੁੰਨਿਆਂ ਨੂੰ ਹਿੰਦੂ ਹੋਲੀ ਮਨਾਉਂਦੇ ਹਨ। ਹੋਲੀ ਤੋਂ ਇਕ ਦਿਨ ਬਾਅਦ ਹੋਲਾ ਮਹੱਲਾ ਮਨਾਇਆ ਜਾਂਦਾ ਹੈ, ਇਸ ਲਈ ਕੁਦਰਤੀ ਹੈ ਕਿ ਹੋਲਾ ਮਹੱਲਾ ਚੇਤ ਦੇ ਪਹਿਲੇ ਦਿਨ ਚੇਤ ਵਦੀ ੧ ਭਾਵ ਨਵੇਂ ਚੰਦਰਮਾਂ ਸਾਲ ਦੇ ਸ਼ੁਰੂ ਵਿੱਚ ਮਨਾਇਆ ਜਾਂਦਾ ਸੀ। ਨਾਨਕਸ਼ਾਹੀ ਕੈਲੰਡਰ ਦਾ ਨਵਾਂ ਸਾਲ ਪ੍ਰਵਿਸ਼ਟਾ ੧ ਚੇਤ ਤੋਂ ਸ਼ੁਰੂ ਹੋਣ ਕਾਰਨ ਹੋਲਾ ਮਹੱਲਾ ਨਵੇਂ ਸਾਲ ਦੇ ਪਹਿਲੇ ਦਿਨ ੧ ਚੇਤ/14 ਮਾਰਚ ਨੂੰ ਹੀ ਮਨਾਇਆ ਜਾਣਾ ਢੁਕਦਾ ਹੈ।

(2) ਦਿਲਚਸਪ ਇਤਫ਼ਾਕ ਹੈ ਕਿ 1697 ਜੂਲੀਅਨ ਵਿੱਚ ਚੇਤ ਵਦੀ ੧ ਅਤੇ ਪ੍ਰਵਿਸ਼ਟਾ ਚੇਤ ੧, ਸੰਮਤ ੧੭੫੩ ਬਿਕ੍ਰਮੀ ਨੂੰ ਇੱਕ ਹੀ ਤਾਰੀਖ਼ ਭਾਵ 26 ਫ਼ਰਵਰੀ ਨੂੰ ਆਏ ਸਨ ਅਤੇ 1998 ਈਸਵੀ ਵਿਚ ਬਿਕ੍ਰਮੀ ਕੈਲੰਡਰ ਨੂੰ ਨਾਨਕਸ਼ਾਹੀ ਕੈਲੰਡਰ ’ਚ ਤਬਦੀਲ ਕਰਨ ਉਪਰੰਤ ਪ੍ਰਕਾਸ਼ਿਤ ਕੀਤਾ ਗਿਆ, ਉਸ ਸਾਲ ਭਾਵ ਸੰਮਤ ੨੦੫੪ (ਸੰਨ 1998) ’ਚ ਵੀ ਹੋਲਾ ਮਹੱਲਾ ਚੇਤ ਵਦੀ ੧ ਅਤੇ ਚੇਤ ੧; ਇੱਕੋ ਹੀ ਦਿਨ 14 ਮਾਰਚ ਨੂੰ ਆਏ ਸਨ।

(3) ਇਹ ਇਕ ਹੋਰ ਇਤਫ਼ਾਕ ਹੈ ਕਿ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਚੇਤ ਵਦੀ ੧, ੧੭੫੭ ਬਿਕ੍ਰਮੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹੋਲਾ ਮਹੱਲਾ ਖੇਡਣ ਦੀ ਰੀਤ ਚਲਾਈ; ਉਸ ਦਿਨ 14 ਮਾਰਚ, 1701 ਜੂਲੀਅਨ ਹੀ ਸੀ।

(4) ਹੋਲੀ ਇੱਕ ਮੌਸਮੀ ਤਿਉਹਾਰ ਹੈ ਜੋ ਬਸੰਤ ਰੁੱਤ ਦੀ ਆਮਦ ਦਾ ਇੱਕ ਸੁਨੇਹਾ ਦਿੰਦਾ ਹੈ। ਗੁਰਬਾਣੀ ’ਚ ਦਰਜ ਰੁੱਤੀ ਸਲੋਕ ਅਨੁਸਾਰ ਚੇਤ ਅਤੇ ਵੈਸਾਖ ਦੋ ਮਹੀਨੇ ਬਸੰਤ ਰੁੱਤ ਦੇ ਹੁੰਦੇ ਹਨ, ‘‘ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ ’’ (ਰੁਤੀ ਸਲੋਕ ਮਹਲਾ /੯੨੭) ਨਾਨਕਸ਼ਾਹੀ ਕੈਲੰਡਰ ਵਿੱਚ ਹੋਲਾ ਮਹੱਲਾ; ੧ ਚੇਤ ਨੂੰ ਮਨਾਏ ਜਾਣ ਦਾ ਭਾਵ ਹੈ ਕਿ ਇਹ ਹਮੇਸ਼ਾਂ ਹੀ ਬਸੰਤ ਰੁੱਤ ਦੀ ਆਮਦ ਵਾਲੇ ਦਿਨ ਭਾਵ ੧ ਚੇਤ ਨੂੰ ਮਨਾਇਆ ਜਾਇਆ ਕਰੇਗਾ।

(5) ਬੀਤੇ ਸਮੇਂ ਦੇ ਰਿਸ਼ੀ ਅਤੇ ਪੁਰਾਤਨ ਵਿਦਵਾਨ, ਜਿਨ੍ਹਾਂ ਨੇ ਬਿਕ੍ਰਮੀ ਕੈਲੰਡਰ ਵਿੱਚ ਰੁੱਤਾਂ ਮੁਤਾਬਕ ਤਿਉਹਾਰ ਨਿਸ਼ਚਿਤ ਕੀਤੇ, ਉਨ੍ਹਾਂ ਅਨੁਸਾਰ ਇਹ ਤਿਉਹਾਰ ਕਦੇ ਵੀ ਦੂਜੀਆਂ ਰੁੱਤਾਂ ਵਿੱਚ ਨਹੀਂ ਜਾ ਸਕਦੇ; ਜਿਵੇਂ ਕਿ ਲੋਹੜੀ ਇੱਕ ਅਜਿਹਾ ਤਿਉਹਾਰ ਹੈ, ਜੋ ਮਾਘੀ – ਮਕਰ ਸੰਕਰਾਂਤੀ ਤੋਂ ਇਕ ਦਿਨ ਪਹਿਲਾਂ, ਮਾਘੀ ਦੀ ਪੂਰਵ ਸੰਧਿਆ ’ਤੇ ਮਨਾਈ ਜਾਂਦੀ ਹੈ। ਵਿਦਵਾਨਾਂ ਨੇ ਮਕਰ ਸੰਕ੍ਰਾਂਤੀ ਨੂੰ ਉਸ ਦਿਨ ਹੋਣ ਲਈ ਨਿਸ਼ਚਿਤ ਕੀਤਾ ਜਦੋਂ ਸੂਰਜ ਆਪਣੀ (ਉੱਤਰਾਯਣ) ਉੱਤਰ ਵੱਲ ਯਾਤਰਾ ਦੀ ਸ਼ੁਰੂਆਤ ਕਰਦਾ ਹੈ, ਜਿਸ ਤੋਂ ਬਾਅਦ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਹਨ। ਇਹ ਦਿਨ ਸੰਸਾਰ ਭਰ ਵਿੱਚ ਅਲੱਗ ਅਲੱਗ ਰੂਪਾਂ ’ਚ ਮਨਾਇਆ ਜਾਂਦਾ ਹੈ। ਲੋਕ ਸੂਰਜ ਦੀ ਦੱਖਣ ਵੱਲ ਯਾਤਰਾ ਤੋਂ ਵਾਪਸੀ ਅਤੇ ਉੱਤਰਾਯਣ ਦੀ ਅਰੰਭਤਾ ਦਾ ਜਸ਼ਨ ਮਨਾਉਣ ਲਈ ਅੱਗ ਦੇ ਨੇੜੇ ਬੈਠ ਜਾਂਦੇ ਹਨ।  532 ਈ: ਜੂਲੀਅਨ ਵਿਚ ਜਦੋਂ 18 ਦਸੰਬਰ ਨੂੰ ਲੋਹੜੀ ਅਤੇ 19 ਦਸੰਬਰ ਨੂੰ ਮਾਘੀ ਸੀ, ਉਸ ਸਮੇਂ ‘ਉਤਰਾਇਣ’ ਵੀ 19 ਦਸੰਬਰ ਨੂੰ ਸ਼ੁਰੂ ਹੋਇਆ ਸੀ। ਬਿਕ੍ਰਮੀ ਕੈਲੰਡਰ ਦਾ ਰੁੱਤੀ ਸਾਲ ਨਾਲੋਂ ਅੰਤਰ ਹੋਣ ਕਰਕੇ, ਅੱਜ ਕੱਲ੍ਹ ਲੋਹੜੀ 12 ਜਾਂ 13 ਜਨਵਰੀ ਅਤੇ ਮਾਘੀ 13/14 ਜਨਵਰੀ ਨੂੰ ਆ ਰਹੀ ਹੈ ਜਦੋਂ ਕਿ ‘ਉੱਤਰਾਇਣ’ ਅਜੇ ਵੀ 21/22 ਦਸੰਬਰ ਦੇ ਆਸ ਪਾਸ ਵਾਪਰਦਾ ਹੈ ਭਾਵ ਲਗਭਗ 23-24 ਦਿਨਾਂ ਦਾ ਅੰਤਰ ਪੈ ਗਿਆੈ। ਸੰਨ 3000 ਈ: ਵਿੱਚ ਲੋਹੜੀ 27 ਜਨਵਰੀ ਨੂੰ ਅਤੇ ਮਾਘੀ 28 ਜਨਵਰੀ ਨੂੰ ਹੋਵੇਗੀ। ਇਸ ਹਿਸਾਬ ਨਾਲ਼ ਜਦੋਂ ਭਵਿੱਖ ਵਿੱਚ ਲੋਹੜੀ ਮਈ ਵਿੱਚ ਆਏਗੀ ਤਾਂ ਕੀ ਉਸ ਸਮੇਂ ਲੋਕ; ਲੋਹੜੀ ਮਨਾਉਣ ਲਈ ਅੱਗ ਦੇ ਨੇੜੇ ਬੈਠਣਗੇ ਜਾਂ ਏਅਰ-ਕੰਡੀਸ਼ਨਡ ਛੱਤਾਂ ਦੇ ਹੇਠਾਂ ?

(6). ਨਾਨਕਸ਼ਾਹੀ ਕੈਲੰਡਰ ਵਿਚ ਲੋਹੜੀ ਹਮੇਸ਼ਾਂ ਲਈ ੩੦ ਪੋਹ/12 ਜਨਵਰੀ ਅਤੇ ਮਾਘੀ (੧ ਮਾਘ) 13 ਜਨਵਰੀ ਨੂੰ ਪੱਕੇ ਤੌਰ ’ਤੇ ਆਵੇਗੀ।

(7). ਪੋਪ ਗ੍ਰੈਗਰੀ ਅਨੁਸਾਰ ਰੁੱਤਾਂ ਮੁਤਾਬਕ ਮਨਾਏ ਜਾਣ ਵਾਲੇ ਤਿਉਹਾਰਾਂ ਨੂੰ ਹੋਰ ਬਦਲਣਾ ਨਹੀਂ ਚਾਹੀਦਾ ਸਗੋਂ ਰੁੱਤਾਂ ਦੇ ਨਾਲ ਉਨ੍ਹਾਂ ਦੇ ਮੌਜੂਦਾ ਸੰਗਠਨਾਂ ’ਚ ਰਿਹਾ ਜਾਣਾ ਚਾਹੀਦਾ ਹੈ। ਇਸੇ ਕਾਰਨ ਉਨ੍ਹਾਂ ਨੇ 1582 ਵਿੱਚ ਜੂਲੀਅਨ ਕੈਲੰਡਰ ਵਿੱਚ ਸੋਧ ਕਰਕੇ 5 ਅਕਤੂਬਰ ਤੋਂ 14 ਅਕਤੂਬਰ ਤੱਕ ਦੀਆਂ 10 ਤਾਰੀਖ਼ਾਂ ਖਤਮ ਕਰ 4 ਅਕਤੂਬਰ ਦਿਨ ਵੀਰਵਾਰ ਤੋਂ ਅਗਲੇ ਦਿਨ ਸ਼ੁੱਕਰਵਾਰ ਨੂੰ ਸਿੱਧਾ 15 ਅਕਤੂਬਰ ਕਰ ਲਿਆ। ਅੱਗੇ ਤੋਂ ਕੈਲੰਡਰ ਦਾ ਰੁੱਤਾਂ ਨਾਲ ਸੰਬੰਧ ਬਣਾਈ ਰੱਖਣ ਲਈ ਲੀਪ ਸਾਲ ਦੇ ਨਿਯਮਾਂ ਵਿੱਚ ਇਸ ਤਰ੍ਹਾਂ ਤਬਦੀਲੀ ਕੀਤੀ ਕਿ 400 ਸਾਲਾਂ ਵਿੱਚ 100 ਲੀਪ ਦੇ ਸਾਲ ਆਉਣ ਦੀ ਬਜਾਏ ਹੁਣ 97 ਲੀਪ ਸਾਲ ਹੀ ਆਇਆ ਕਰਨਗੇ। ਇਸ ਸੋਧ ਨਾਲ ਤਿਉਹਾਰ ਹਮੇਸ਼ਾਂ ਲਈ ਉਨ੍ਹਾਂ ਹੀ ਰੁੱਤਾਂ ’ਚ ਆਉਣਗੇ, ਜਿਨ੍ਹਾਂ ’ਚ ਅੱਜ ਕੱਲ੍ਹ ਆ ਰਹੇ ਹਨ।