ਗੁਰਮਤਿ ਦੀ ਉੱਚੀ ਅਵਸਥਾ ’ਚੋਂ ਪ੍ਰਗਟਾਏ ਸਿਧਾਂਤ ਨੂੰ ਨੀਂਵੇਂ ਦ੍ਰਿਸ਼ਟੀਕੋਣ ਤੋਂ ਵੇਖਣ ਕਾਰਨ ਸੰਗਤਾਂ ’ਚ ਪੈਂਦਾ ਹੁੰਦੇ ਵਿਵਾਦ ਚਿੰਤਾਜਨਕ
ਗਿਆਨੀ ਅਵਤਾਰ ਸਿੰਘ
ਕਈ ਵਾਰ ਸ਼ਬਦ ਵਿਚਾਰ ਕਰਦਿਆਂ ਇੱਕ ਰਚਨਾ ’ਚ ਕਿਸੇ ਇੱਕ ਸ਼ਬਦ ਦੀ ਵਰਤੋਂ ਨੂੰ ਸਮੁੱਚੀ ਰਚਨਾ ਦੇ ਕੇਂਦਰੀ ਭਾਵ ’ਚ ਰੱਖ ਕੇ ਨਾ ਵੇਖਣਾ, ਦੁਬਿਧਾ ਪੈਦਾ ਕਰਦਾ ਹੈ; ਜਿਵੇਂ ‘ਜਪੁ’ ਬਾਣੀ ’ਚ ਮੌਨ (ਸ਼ਬਦ) ਨੂੰ ਤਿੰਨ ਵਾਰ ਇਉਂ ਜਗ੍ਹਾ ਮਿਲੀ ਹੈ :
(1). ਚੁਪੈ ਚੁਪ ਨ ਹੋਵਈ..॥ ੧॥ ਭਾਵ ਬਾਹਰੋਂ ਮੌਨ ਧਾਰਿਆਂ ਮਨ ਚੁੱਪ (ਮੌਨ) ਨਹੀਂ ਹੁੰਦਾ (ਮਨ ’ਚੋਂ ਫੁਰਨੇ ਉੱਠਣੇ ਬੰਦ ਨਹੀਂ ਹੁੰਦੇ)।
(2). ਅਸੰਖ ਮੋਨਿ ਲਿਵ ਲਾਇ ਤਾਰ॥੧੭॥ ਭਾਵ ਹੇ ਪ੍ਰਭੂ ! ਤੇਰੀ ਰਚਨਾ ’ਚ ਅਣਗਿਣਤ ਮੌਨਧਾਰੀ ਹਨ (ਕੋਈ ਇੱਕ ਨਹੀਂ ਜਿਸ ਨੂੰ ਮਾੜਾ ਕਹੀਏ)।
(3). ਆਖਣਿ ਜੋਰੁ, ਚੁਪੈ ਨਹ ਜੋਰੁ॥੩੩॥ ਭਾਵ ਵੱਧ ਬੋਲਣ ’ਚ (ਮਨੁੱਖੀ) ਸਮਰੱਥਾ ਜਾਂ ਮੌਨ ਧਾਰਨ ’ਚ (ਮਨੁੱਖੀ) ਸਮਰੱਥਾ, ਕੰਮ ਨਹੀਂ ਕਰਦੀ ਭਾਵ ‘‘ਜਿਸੁ (ਰੱਬ) ਹਥਿ ਜੋਰੁ’’ ਹੈ ਉਹੀ ਬੰਦੇ ਨੂੰ ਮੋਨ ਧਾਰਨ ਲਈ ਪ੍ਰੇਰਦਾ ਹੈ।
ਉਕਤ ਤਿੰਨੇ ਪੰਕਤੀਆਂ ਨੂੰ ਸਾਹਮਣੇ ਰੱਖ ਕੇ ਜੇ ‘ਜਪੁ’ ਬਾਣੀ ’ਚ ਮੌਨ ਵਿਸ਼ੇ ਨੂੰ ਨਾ ਵਿਚਾਰਿਆ ਗਿਆ ਤਾਂ ਸਾਡੇ ਅੰਦਰ ਮੌਨੀ ਬਾਰੇ ਨਫ਼ਰਤ ਪੈਦਾ ਹੋਏਗੀ। ਇਸੇ ਤਰ੍ਹਾਂ ‘ਰਾਮਕਲੀ ਮਹਲਾ ੩ ਅਨੰਦੁ’ ਬਾਣੀ ’ਚ ਜੇ ‘ਅਨੰਦੁ’ ਸ਼ਬਦ ਨੂੰ ਕੇਂਦਰ ’ਚ ਰੱਖ ਕੇ ਨਾ ਵਿਚਾਰਿਆ ਜਾਏ ਤਾਂ 40ਵੀਂ (ਅੰਤਮ) ਪਉੜੀ ‘‘ਅਨਦੁ ਸੁਣਹੁ ਵਡਭਾਗੀਹੋ !’’ ਬਾਰੇ ਦੁਬਿਧਾ ਪੈਦਾ ਹੋਵੇਗੀ ਕਿ ‘ਅਨੰਦੁ’ ਨੂੰ ਕਿਵੇਂ ਸੁਣੀਏ ਕਿਉਂਕਿ ਇਹ ਤਾਂ ਗੂੰਗੇ ਦੁਆਰਾ ਖਾਧੀ ਮਿਠਿਆਈ ਵਾਙ ਮਾਣਿਆ ਹੀ ਜਾ ਸਕਦਾ ਹੈ, ਸੁਣਿਆ ਜਾਂ ਸੁਣਾਇਆ ਨਹੀਂ ਜਾ ਸਕਦਾ ਜਦਕਿ ਸਚਾਈ ਇਹ ਹੈ ਕਿ ਬਾਣੀ ਦੇ ਸਿਰਲੇਖ ਨੂੰ ਹੀ ਲੰਮੀ ਰਚਨਾ ਦੇ ਅੰਤ ’ਚ ਮੁੜ ਦੁਹਰਾਇਆ ਜਾਂਦਾ ਹੈ। ‘ਅਨੰਦੁ’ ਸਿਰਲੇਖ ਨੂੰ ਹੀ ‘ਅਨਦੁ ਸੁਣਹੁ ਵਡਭਾਗੀਹੋ’, ਨਾਲ ਮਿਲਾ ਕੇ ਵਿਚਾਰਿਆਂ (ਭਾਵ ਹੇ ਵਡਭਾਗੀਓ ! ‘ਅਨੰਦੁ’ ਸਿਰਲੇਖ ਅਧੀਨ ਰਚੀ ਬਾਣੀ ਨੂੰ ਸੁਣੋ, ਇਸ ਦੇ ਮਹੱਤਵ ਨੂੰ ਸਮਝੋ) ਕੋਈ ਦੁਬਿਧਾ ਨਹੀਂ ਰਹਿਣ ਦੇਵੇਗੀ, ਇਸੇ ਤਰ੍ਹਾਂ ‘‘ਗਉੜੀ ਸੁਖਮਨੀ ਮ: ੫ ॥’’ ਅਧੀਨ ਰਚੀ ਬਾਣੀ ’ਚ ਆਇਆ ‘ਸੁਖਮਨੀ’ ਸ਼ਬਦ (ਜੋ ਕਿ 4 ਵਾਰ ਦਰਜ ਹੈ); ਦੂਜੀ ਵਾਰ ਰਹਾਉ (ਜੋ ਰਚਨਾ ਦਾ ਸਾਰ ਹੈ) ‘‘ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥’’ ਤੁਕ ’ਚ ਆਇਆ ਹੈ, ਇਸ ਤੋਂ ਇਲਾਵਾ 24ਵੀਂ (ਅੰਤਮ) ਪਉੜੀ ’ਚ ਮੁੜ ਸਿਰਲੇਖ ਦੀ ਯਾਦ ਨੂੰ ਤਾਜ਼ਾ ਕਰਦਿਆਂ ਦੋ ਵਾਰ ‘‘ਸੁਖਮਨੀ ਸਹਜ ਗੋਬਿੰਦ ਗੁਨ ਨਾਮ ॥’’ ਅਤੇ ‘‘ਨਾਨਕ ! ਇਹ ਗੁਣਿ ਨਾਮੁ ਸੁਖਮਨੀ ॥੮॥੨੪॥’’ ਤੁਕਾਂ ’ਚ ‘ਸੁਖਮਨੀ’ ਸ਼ਬਦ ਨੂੰ ਮੁੜ ਦੁਹਰਾਏ ਕੇ ਬਾਣੀ ਮੁਕੰਮਲ ਕੀਤੀ ਗਈ ਹੈ; ਜਿਵੇਂ ਕਿ ‘ਅਨੰਦੁ’ ਸਿਰਲੇਖ ਨੂੰ ਵੀ 40ਵੀਂ ਪਉੜੀ ’ਚ ਮੁੜ ‘ਅਨਦੁ’ ਸ਼ਬਦ ਨਾਲ ਮੁਕੰਮਲ ਕੀਤਾ ਗਿਆ ਸੀ।
ਇਸੇ ਤਰ੍ਹਾਂ ਗੁਰਬਾਣੀ ’ਚ ਅਨੇਕਾਂ ਸ਼ਬਦ (ਵਿਸ਼ੇ) ਹਨ, ਜਿਨ੍ਹਾਂ ਦੇ ਨਕਾਰਾਤਮਕ ਪੱਖ ਨੂੰ ਹੀ ਸੰਗਤਾਂ ਸਾਹਮਣੇ ਰੱਖ ਕੇ ਕਈ ਵਾਰ ਦੁਬਿਧਾ ਪੈਦਾ ਕਰ ਦਿੱਤੀ ਜਾਂਦੀ ਹੈ; ਜਿਵੇਂ ਕਿ ‘ਪੂਜਾਰੀ’ ਸ਼ਬਦ ਬਾਰੇ ਨਕਾਰਾਤਮਕ ਦ੍ਰਿਸ਼ਟੀਕੋਣ ਪੇਸ਼ ਕੀਤਾ ਜਾਂਦਾ ਹੈ ਭਾਵੇਂ ਕਿ ਗੁਰਬਾਣੀ ਵਿੱਚ ਇਸ ਨੂੰ ਕੇਵਲ ਸਕਾਰਾਤਮਕ ਪੱਖੋਂ ਹੀ ਜਗ੍ਹਾ ਮਿਲੀ ਹੈ; ਜਿਵੇਂ ਕਿ ਗੁਰੂ ਅਰਜਨ ਸਾਹਿਬ ਜੀ ਹੀ ਆਪਣੀ ਬਾਣੀ ’ਚ ਇਸ (ਪੂਜਾਰੀ) ਸ਼ਬਦ ਦੀ ਸਕਾਰਾਤਮਕ ਵਰਤੋਂ ਭਿੰਨ ਭਿੰਨ ਪੱਖੋਂ ਇਉਂ ਕਰਦੇ ਹਨ :
ਠਾਕੁਰ ਕਾ ਸੇਵਕੁ; ਸਦਾ ਪੂਜਾਰੀ ॥ (ਗਉੜੀ ਸੁਖਮਨੀ, ਗੁਰੂ ਅਰਜਨ ਸਾਹਿਬ, ਪੰਨਾ ੨੮੫) ਭਾਵ ਮਾਲਕ ਦਾ ਸੇਵਕ ਸਦਾ (ਰੱਬ ਦਾ) ਪੂਜਾਰੀ ਬਣ ਕੇ ਰਹਿੰਦਾ ਹੈ।
ਆਪ ਹੀ ਪੂਜਾਰੀ; ਆਪ ਹੀ ਦੇਵਾ ॥ (ਬਿਲਾਵਲੁ, ਗੁਰੂ ਅਰਜਨ ਸਾਹਿਬ, ਪੰਨਾ ੮੦੩) ਭਾਵ ਰੱਬ ਆਪ ਹੀ ਪੂਜਾਰੀ ਬਣ ਕੇ ਪੂਜਾ ਕਰਾ ਰਿਹਾ ਹੁੰਦਾ ਹੈ ਅਤੇ ਆਪ ਹੀ ਦੇਵਤਾ (ਰੱਬ; ਪੂਜਾ ਕਰਵਾਉਣ ਵਾਲ਼ਾ) ਹੁੰਦਾ ਹੈ।
ਕੋਟਿ ਪੂਜਾਰੀ; ਕਰਤੇ ਪੂਜਾ ॥’’ (ਭੈਰਉ, ਗੁਰੂ ਅਰਜਨ ਸਾਹਿਬ, ਪੰਨਾ ੧੧੫੬) ਭਾਵ ਰੱਬ ਦੀ ਪੂਜਾ ਕਰਨ ਵਾਲ਼ੇ ਕ੍ਰੋੜਾਂ ਹੀ ਸੇਵਕ ਹਨ, ਜਿਨ੍ਹਾਂ ਦੀ ਗਿਣਤੀ ਕਰਨੀ ਅਸੰਭਵ ਹੈ, ਆਦਿ।
ਉਕਤ ਸਾਰੇ ਸ਼ਬਦ ਸਮਝਣ ਤੇ ਸਮਝਾਉਣ ਲਈ ਗੁਰਸਿੱਖ ਦੀ ਅਵਸਥਾ ਬੜੀ ਉੱਚੀ ਹੋਣੀ ਚਾਹੀਦੀ ਹੈ, ਜਿੱਥੇ ਚਾਰੋਂ ਤਰਫ਼ ਰੱਬ ਹੀ ਸਰਬ ਵਿਆਪਕ ਕਾਰਜਸ਼ੀਲ ਵਿਖਾਈ ਦਿੰਦਾ ਹੋਵੇ, ਪਰ ਅਜਿਹੀ ਅਸਵਥਾ ਸਾਡੀ ਨਾ ਹੋਣ ਕਾਰਨ ਹੀ ਅਸੀਂ ਗੁਰਮਤਿ ਨੂੰ ਆਪਣੇ ਨੀਂਵੇਂ ਦ੍ਰਿਸ਼ਟੀਕੋਣ ਤੋਂ ਵੇਖ ਕੇ ਸਰਲ ਵਿਸ਼ੇ ਨੂੰ ਵੀ ਵਿਵਾਦਿਤ ਬਣਾ ਲੈਂਦੇ ਹਾਂ।